ਚਰਣ ਕਮਲ ਹਿਰਦੇ ਮਹਿ ਜਾਪੁ ॥
ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥
ਚਰਨ-ਕਮਲ-ਮਉਜਾਰੀ ਗੁਰਮੁਖ ਸੰਤ ਜਨ, ਚਰਨ ਕੰਵਲਾਂ ਦੇ ਮਉਜ-ਰੰਗਾਂ ਵਿਚ ਰੰਗੀਜ ਕੇ, ਚਰਨ ਕੰਵਲਾਂ ਦੀ ਜਪ-ਉਪਾਸ਼ਨਾ ਸਗੋਂ ਹੋਰ ਵਧੇਰੇ ਤੱਤਪਰ ਹੋ ਕੇ ਕਰਦੇ ਹਨ, ਕਾਜ ਕਾਮ ਵਿਖੇ, ਵਾਟਿ ਘਾਟਿ ਬਾਹਰ ਵਿਚਰਦੇ ਹੋਏ ਭੀ ਗੋਬਿੰਦ ਨਾਮ ਰੂਪੀ ਰਸ-ਜੋਤਿ-ਕਿਰਨੀ-ਗੋਬਿੰਦ-ਚਰਨਾਂ ਨੂੰ ਆਪਣੇ ਅੰਦਰਿ ਸਮ੍ਹਾਲ ਕੇ ਰਖਦੇ ਹਨ । ਬਾਹਰੋਂ ਧੰਦਿਆਂ ਤੋਂ ਫ਼ਾਰਗ ਹੋ ਕੇ ਜਦੋਂ ਘਰ ਆਉਂਦੇ ਹਨ, ਓਦੋਂ ਭੀ ਗੋਬਿੰਦ ਨਾਮ ਪ੍ਰਤਿਬਿੰਬਤੀ ਚਰਨਾਂ ਨੂੰ ਹਿਰਦੇ ਵਿਚ ਸੰਭਾਲੀ ਹੀ ਨਾਲ ਲੈ ਕੇ ਆਉਂਦੇ ਹਨ, ਕਿਉਂਕਿ ਵਾਹਿਗੁਰੂ ਨਾਮ ਦਾ ਜਾਪ ਹਰ ਦੰਮ ਸੰਤ ਜਨਾਂ ਦੇ ਸੁਆਸ ਸੁਆਸ ਅਤੇ ਰੋਮ ਰੋਮ ਵਿਚ ਰਚਿਆ ਰਹਿੰਦਾ ਹੈ ਅਤੇ ਉਹਨਾਂ ਦਾ ਮਨ ਤਨ ਖਿਨ ਖਿਨ ਰਾਮ-ਰੰਗਾਂ ਵਿਚ ਹੀ ਰੱਤਿਆ ਰਹਿੰਦਾ ਹੈ । ਇਹ ਉਹਨਾਂ ਉਤੇ ਗੁਰੂ ਦੀ ਅਪਾਰ ਕਿਰਪਾ ਹੈ ਕਿ ਖਿਨ ਮਾਤਰ ਭੀ ਨਾਮ ਓਹਨਾਂ ਨੂੰ ਨਹੀਂ ਵਿਸਰਦਾ, ਸੋ ਗੁਰੂ ਦੇ ਪ੍ਰਸਾਦ ਕਰਕੇ ਓਹ ਭਵ-ਸਾਗਰ ਤੋਂ ਸੁਖੈਨ ਹੀ ਪਾਰ ਉਤਰ ਜਾਂਦੇ ਹਨ ਅਤੇ ਓਹਨਾਂ ਦੇ ਜਨਮ-ਜਨਮਾਂਤਰਾਂ ਦੇ ਕਿਲਵਿਖ ਪਾਪ ਰੋਗ ਸਭਿ ਦੂਰ ਹੋ ਜਾਂਦੇ ਹਨ । ਭਗਵੰਤ ਦੇ ਨਾਮ ਦੀ (ਸੁਰਤਿ-ਸਬਦ ਦੀ) ਸੋਭਾ ਅਤਿ ਨੀਕੀ ਹੈ ਅਤੇ ਪੂਰੇ ਸਤਿਗੁਰੂ ਦੁਆਰਿਓਂ ਪ੍ਰਾਪਤ ਹੋਏ ਗੁਰਮੰਤਰ ਦੀ ਅਮਿਤ ਵਡਿਆਈ ਹੈ । ਚਰਨ ਕੰਵਲ- ਮਉਜਾਰੀ ਸੰਤ ਜਨਾਂ ਦਾ ਚਰਨ ਕੰਵਲਾਂ ਦੇ ਰੰਗਾਂ ਵਾਲਾ ਵਿਰਦ-ਜਾਪ, ਇਸ ਬਿਧਿ ਸਦਾ ਸਦਾ ਹੀ ਬਣਿਆ ਰਹਿੰਦਾ ਹੈ। ਓਹ ਹਿਰਦੇ ਵਿਖੇ ਚਰਨ ਕੰਵਲਾਂ ਦੇ ਰੰਗਾਂ ਨੂੰ ਗਾਂਵਦੇ ਹੋਏ, ਚਰਨ ਕੰਵਲਾਂ ਦੀ ਸੋਭਾ ਨੂੰ ਪੇਖਿ ਪੇਖਿ ਵਿਗਸਾਉਂਦੇ ਬਿਸਮਾਉਂਦੇ ਹਨ ਅਤੇ ਵਿਗਾਸ ਵਿਗਾਸਨੀ, ਆਤਮ ਰਹੱਸਨੀ, ਬਿਸਮ ਸਰਸਨੀ ਅਵਸਥਾ ਵਿਚ ਅਨੰਦ, ਬਿਨੋਦ, ਕੇਲ ਕਰਦੇ ਹੋਏ ਭੀ, ਰਿਦ-ਰਮਨੜੇ-ਸਦ-ਜੀਵਨ-ਜੁਗਤ-ਪਰਤਾਪੀ- ਚਰਨ-ਕੰਵਲਾਂ ਦਾ ਵਿਰਦ-ਜਾਪ ਕਰਦੇ ਹੀ ਰਹਿੰਦੇ ਹਨ, ਰੁਕਦੇ ਥੰਮਦੇ ਨਹੀਂ । ਇਹ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਹਿਰਦੇ ਵਿਚ ਧਾਰਨਾ ਹੈ । ਸੋ ਚਰਨ ਕੰਵਲਾਂ ਦੀ ਮਉਜ ਮਾਨਣਹਾਰੇ ਗੁਰਮੁਖਿ ਪਿਆਰੇ ਇਸ ਬਿਧਿ ਸਦਾ ਹੀ ਪ੍ਰਭੂ ਦੇ ਚਰਨ ਕੰਵਲਾਂ ਨੂੰ ਹਿਰਦੇ ਵਿਖੇ ਧਾਰੀ ਰਖਦੇ ਹਨ । ਇਹ ਪੂਰਨ ਬਿਧੀ ਪੂਰੇ ਸਤਿਗੁਰੂ ਦੇ ਦੁਆਰਿਓਂ ਪ੍ਰਾਪਤ ਹੁੰਦੀ ਹੈ, ਜੋ ਧਾਰਨ ਕਰਨ ਵਾਲਿਆਂ ਦਾ ਪੂਰਨ ਨਿਸਤਾਰਾ ਕਰ ਦਿੰਦੀ ਹੈ । ਯਥਾ ਗੁਰਵਾਕ :-
ਹਿਰਦੈ ਚਰਨ ਕਮਲ ਪ੍ਰਭ ਧਾਰੇ ॥
ਪੂਰੇ ਸਤਿਗੁਰ ਮਿਲਿ ਨਿਸਤਾਰੇ ॥੧॥੬੯॥੧੩੮॥