

(ਅ)
੧. ਨਾਮ ਸਿਮਰਨ ਤੇ ਚਰਨ ਕੰਵਲ
ਗੁਰਮਤਿ ਨਾਮ ਦੇ ਸਿਮਰਨ ਦੁਆਰਾ ਸਾਰੇ ਹੀ ਕਲੇਸ਼ ਮਿਟ ਜਾਂਦੇ ਹਨ ਅਤੇ ਸਾਰਿਆਂ ਨਾਲੋਂ ਵਡੀ ਗੱਲ ਇਹ ਕਿ ਏਸ ਸਿਮਰਨ ਦੁਆਰਾ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਮਨ ਵਿਖੇ ਪਰਵੇਸ਼ ਹੋ ਜਾਂਦਾ ਹੈ । ਨਾਮ ਸਿਮਰਨ ਦੁਆਰਾ ਘਟ ਅੰਤਰ ਰਸ-ਜੋਤਿ-ਕਿਰਣ ਦਾ ਭੋਅਤ ਹੋ ਜਾਣਾ (ਸੰਚਰ ਜਾਣਾ), ਇਹ ਰਿਦੰਤਰ ਚਰਨ ਕੰਵਲਾਂ ਦਾ ਪਰਵੇਸ਼ ਹੋਣਾ ਹੈ ਅਤੇ ਰਸ-ਜੋਤਿ-ਕਿਰਣ ਪਰਜੁਅਲਤ ਹੋਣ ਪਸਚਾਤ ਸਿਮਰਨ ਕਲਾ ਦਹਿ ਦੂਣੀ ਰਸ-ਰਵਸ਼ ਵਿਚ ਜਾਰੀ ਹੋ ਜਾਂਦੀ ਹੈ, ਅਤੇ ਸੁਤੇ ਸੁਭਾਵ ਨਿਰਯਤਨ ਹੀ ਜਾਰੀ ਰਹਿੰਦੀ ਹੈ । ਜਿਉਂ ਜਿਉਂ ਇਸ ਸਿਮਰਨ-ਰਸ ਵਿਚ ਗੁਰਮਤਿ ਨਾਮ ਦਾ ਉਚਾਰਨ ਹੁੰਦਾ ਹੈ, ਤਿਉਂ ਤਿਉਂ ਅੰਮ੍ਰਿਤ-ਰਸ-ਦੇ ਗਟਾਕ ਅੰਤਰਿ ਆਤਮੇ ਭੁੰਚੀਦੇ ਹਨ ਅਤੇ ਚਰਨ ਕੰਵਲਾਂ ਦੀ ਮਉਜ ਦਾ ਆਨੰਦ-ਰਸ ਮਾਣੀਦਾ ਹੈ, ਲਖ ਲਖ ਬਾਰ ਗੁਰਮਤਿ ਨਾਮ ਦਾ ਉਚਾਰਨ ਕਰਿ ਕਰਿ ਲਖ ਲਖ ਗੁਣਾ ਅੰਮ੍ਰਿਤ ਰਸ ਗਟਾਕਾਂ ਦਾ ਸੁਆਦ ਬਿਸਮਾਦ ਅਹਿਲਾਦੀਦਾ (ਅਨੰਦ ਲਈਦਾ) ਹੈ ਅਤੇ ਸੂਖ ਸਹਿਜ ਰਸ ਮਹਾਂ ਆਨੰਦ ਵਿਚ ਸਮਾਈ ਹੋ ਜਾਂਦੀ ਹੈ । ਐਸੀ ਹੈ ਚਰਨ ਕੰਵਲਾਂ ਦੀ ਮਹਿਮਾ ਮਹਾਣੀ ਮਉਜ । ਅਜਿਹੀ ਮਹਾਂ ਅਨੰਦੀ ਬਿਸਮਾਦ ਰਸ ਰਸਾਣੀ ਚਰਨ ਕਮਲਾਣੀ ਮਉਜ ਵਿਖੇ ਸਮਾਈ ਹੋ ਜਾਣ ਪਰ ਭੀ ਮਹਾਂ ਆਨੰਦੀ ਜਨ ਪਰਮਾਨੰਦ ਨੂੰ ਜਪ ਜਪ ਕੇ ਹੀ ਜੀਵੰਦੇ ਹਨ । ਯਥਾ ਗੁਰਵਾਕ :-
ਹਰਿ ਸਿਮਰਤ ਸਭਿ ਮਿਟਹਿ ਕਲੇਸ ॥
ਚਰਣ ਕਮਲ ਮਨ ਮਹਿ ਪਰਵੇਸ ॥੧॥
ਉਚਰਹੁ ਰਾਮ ਨਾਮੁ ਲਖ ਬਾਰੀ ॥
ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ਰਹਾਉ॥
ਸਹਜ ਰਸ ਮਹਾ ਅਨੰਦਾ ॥
ਜਪਿ ਜਪਿ ਜੀਵੇ ਪਰਮਾਨੰਦਾ ॥੨॥੭੫॥੧੪੪॥
ਚਰਨ ਕੰਵਲ ਦੇ ਰਿਦੰਤਰੀ ਆਧਾਰ ਆਸਰੇ ਪ੍ਰਥਾਇ ਅਨੇਕਾਂ ਗੁਰਵਾਕ ਹਨ। ਕੁਛ ਕੁ ਅਗੇ ਲਿਖੇ ਜਾਂਦੇ ਹਨ :-
ਚਰਨ ਕਮਲ ਹਿਰਦੈ ਉਰਧਾਰੀ ॥
ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥੨॥੭੦॥੧੩੯॥
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥੩॥੮੨॥
ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥੨॥
ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥
ਚਰਨ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥੧॥੧੮॥੮੮॥
ਇਸ ਗੁਰਵਾਕ ਵਿਖੇ ਨਾਮ-ਰੂਪ ਧਨ ਅਤੇ ਚਰਨ ਕੰਵਲ-ਰੂਪੀ ਧਨ ਸਮਾਨ ਅਰਥਾਂ ਵਿਚ ਹੀ ਦ੍ਰਿਸ਼ਟਾਇਆ ਗਿਆ ਹੈ। ਹੈ ਭੀ ਸਮਾਨ ਹੀ । ਯਥਾ ਗੁਰਵਾਕ-
ਚਰਣ ਕਮਲ ਜਨ ਕਾ ਆਧਾਰੋ ॥
ਆਠ ਪਹਰ ਰਾਮ ਨਾਮੁ ਵਾਪਾਰੋ ॥੪॥੨੬॥੪੩॥
ਗੁਰਮਤਿ ਨਾਮ ਦੇ ਸਿਮਰਨ ਦੁਆਰਾ ਰਿਦ-ਜੋਤਿ-ਪ੍ਰਕਾਸ਼ੀ-ਰਸ-ਤਾਰ ਜੋ ਅੰਦਰ ਬਝਦੀ ਹੈ ਓਹ ਚਰਨ ਕੰਵਲਾਂ ਦਾ ਰਿਦੰਤਰ ਉਦੇ ਹੋਣਾ ਹੈ । ਇਹ ਰਸਕ ਰੀਸਾਲੂ ਚਰਨ ਕੰਵਲ ਅਭਿਆਸੀ ਜਨ ਦਾ ਆਧਾਰ, ਅਤਸੈ ਕਰਕੇ ਆਧਾਰ ਰੂਪ ਹੋ ਜਾਂਦੇ ਹਨ ਅਤੇ ਇਸ ਅਗਾਧ ਰਸ ਪ੍ਰਾਇਣ ਹੋ ਕੇ ਰਸ-ਪ੍ਰਾਇਣੀ ਜਨ ਅੱਠੇ ਪਹਿਰ ਗੁਰਮਤਿ ਨਾਮ-ਜਾਪ ਦਾ ਵਾਪਾਰ (ਅਭਿਆਸ ਕਮਾਈ) ਹੀ ਕਰਦੇ ਰਹਿੰਦੇ ਹਨ। ਜਿਉਂ ਜਿਉਂ ਕਰਦੇ ਹਨ ਤਿਉਂ ਤਿਉਂ ਹੋਰ ਤੋਂ ਹੋਰ ਰਸ ਓਹਨਾਂ ਨੂੰ ਆਉਂਦਾ ਹੈ ਅਤੇ ਹੋਰ ਵਧੇਰੇ ਮਉਜ ਚਰਨ ਕੰਵਲਾਂ ਵਿਚ ਸਮਾਉਣ ਦੀ ਬੱਝਦੀ ਹੈ ਅਤੇ ਸਦਾ ਬੱਝੀ ਰਹਿੰਦੀ ਹੈ-
ਚਰਣ ਕਮਲ ਠਾਕੁਰ ਉਰਿ ਧਾਰਿ ॥
ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥