

ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥
ਅਪਨੇ ਜਨ ਸੰਗਿ ਰਾਤੇ ॥
ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖੁ ਮਨਹੁ ਨ ਵੀਸਰੈ ॥
ਗੋਪਾਲ ਗੁਣਨਿਧਿ ਸਦਾ ਸੰਗੇ ਸਰਬ ਗੁਣ ਜਗਦੀਸਰੈ ॥
ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥
ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥੧॥
ਚਰਨ ਕੰਵਲਾਂ ਸੰਗਿ ਮੋਹ ਲਏ ਹੋਏ ਨਾਮ-ਰਸ-ਮਤੜੇ ਜਨ ਹਰ ਛਿਨ ਚਰਨ ਕੰਵਲ ਸੰਗਿ ਐਉਂ ਲੀਨ ਰਹਿੰਦੇ ਹਨ ਜਿਉਂ ਜਲ ਸੰਗ ਮਛਲੀ ਲੀਨ ਰਹਿੰਦੀ ਹੈ, ਪ੍ਰਭ-ਜਲ ਸੰਗਿ ਲੀਨ ਮੀਨ ਵਾਲੀ ਸਦਾ ਅਭਿੰਨ ਦਸ਼ਾ ਨੂੰ ਪ੍ਰਾਪਤ ਹੋਏ ਜਨ, ਇਸ ਇਕ-ਰਸ ਆਤਮ ਰੰਗ ਨੂੰ ਮਾਨਣ ਅਤੇ ਮਾਣਦੇ ਰਹਿਣ ਲਈ ਚਰਨ ਕੰਵਲ ਮਈ ਅੰਚਲ ਹਰ ਛਿਨ ਗਹੀ ਹੀ ਰਖਦੇ ਹਨ ਅਤੇ ਬਿਨੈ ਅਲਾਉਂਦੇ ਰਹਿੰਦੇ ਹਨ :- ਹੇ ਪ੍ਰੀਤਮ ਪ੍ਰਭੋ ! ਇਹ ਅੰਚਲਾ ਸਦਾ ਗਹਾਈ ਹੀ ਰਖੋ । ਅਤੇ ਵਾਹਿਗੁਰੂ ਕ੍ਰਿਪਾਲ ਦਇਆਲ ਹੋ ਕੇ ਆਪਣੇ ਜਨਾਂ, ਦਾਸਾਂ ਦੀਨਾਂ ਨੂੰ ਸਦਾ ਹੀ ਸਤਿਸੰਗ ਦੇ ਰੰਗਾਂ ਵਿਚ ਰੁਮਾਈ ਰਖਦੇ ਹਨ ਅਤੇ ਆਪਣੇ ਸਦਾ ਸਰਨਾਗਤੀ ਅਧੀਨ ਅਨਾਥ ਦੀਨ ਭਗਤਾਂ ਨੂੰ ਆਪਣੀ ਅਪਾਰ ਮਇਆ ਧਾਰ ਕੇ ਸਦਾ ਅਪਣਾਈ ਹੀ ਰਖਦੇ ਹਨ। ਯਥਾ ਗੁਰਵਾਕ:-
ਹਰਿ ਚਰਨ ਕਮਲ ਮਨੁ ਲੀਨਾ ॥
ਪ੍ਰਭ ਜਲ ਜਨ ਤੇਰੇ ਮੀਨਾ ॥
ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥
ਗਹਿ ਭੁਜਾ ਲੇਵਹੁ ਨਾਮ ਦੇਵਹੁ ਤਉ ਪ੍ਰਸਾਦੀ ਮਾਨੀਐ ॥