

ਮਾਣਿ ਮਾਣਿ,
ਇਸ ਰਸ-ਮਗੰਨੀ-ਲਿਵਤਾਰ ਵਿਚ ਚਰਨ ਕੰਵਲਾਂ ਦੀ ਮਹਿਮਾ ਦੇ ਗੁਣ ਗਾਉਣੇ,
ਇਹ ਪਾਰਸ ਰਸਾਇਣੀ ਫਲ ਅੰਕੁਰ ਲਿਆਉਂਦੇ ਹਨ ਕਿ ਦਿਬ- ਜੋਤਿ-ਲਤੀਫ਼ੀ-ਚਰਨ ਕੰਵਲਾਂ ਵਾਲਾ ਪ੍ਰੀਤਮ,
ਚਰਨ ਕੰਵਲਾਂ ਦੇ ਪ੍ਰਗਾਸ ਵਿਚ ਹੀ ਅਭੇਦ ਹੋ ਜਾਂਦਾ ਹੈ । ਪ੍ਰੀਤਮ ਦੇ ਗੁਣ ਗਾਉਣਾ ਅਤੇ ਪ੍ਰੀਤਮ ਪ੍ਰਭੂ ਦੇ ਚਰਨ ਕੰਵਲਾਂ ਦੇ ਰਿਦੰਤਰੀ ਵਿਗਾਸ ਨੂੰ ਮਹਿਮਾਉਣਾ ਇਕ-ਰੂਪ ਹੀ ਹੋ ਜਾਂਦਾ ਹੈ ਅਤੇ ਇਕੋ ਪਾਰਸ ਕਲਾ ਵਾਲੀ ਪ੍ਰਬੀਨਤਾ ਰਖਦਾ ਹੈ । ਪ੍ਰੀਤਮ ਤੇ ਪ੍ਰੀਤਮ ਦੇ ਚਰਨ ਕੰਵਲ ਸਮਸਰ ਹੀ ਸੀਤਲਤਾ ਦਾ ਪਾਰਸ-ਪਰਭਾਉ ਪਰਵੇਸ਼ ਕਰਨਹਾਰੇ ਹਨ,
ਅਤੇ ਸਮਸਰ ਹੀ ਸੁਖ ਸ਼ਾਂਤਿ ਮੂਰਤਿ ਹਨ । ਚਰਨਾਰਬਿੰਦ ਦੀ ਇਸ ਸੁਖ-ਸ਼ਾਤਿ ਮੂਰਤਿ ਨੂੰ ਪੇਖ ਪੇਖ ਕੇ ਅਤੇ ਸਿਮਰ ਸਿਮਰ ਕੇ ਚਰਨ ਕੰਵਲ-ਮਉਜਾਰੀ-ਜਨ ਨਿਤ ਧਿਆਉਂਦੇ ਹਨ ਅਤੇ ਧਿਆਇ ਧਿਆਇ ਕੈ ਵਿਗਸਾਉਂਦੇ ਹਨ,
ਅਤੇ ਵਿਗਸ ਵਿਗਸ ਕੇ ਬਿਸਮਾਉਂਦੇ ਹਨ ਤੇ ਬਿਸਮ ਹੋਇ ਹੋਇ ਮੁਸਕਾਉਂਦੇ ਹਨ। "ਹਰਿ ਜਨੁ ਗੁਨ ਗਾਵਤ ਹਸਿਆ"* ਗੁਰਵਾਕ ਦਾ ਇਹ ਤਤ ਪਰਮਾਰਥ ਹੈ । ਇਸ ਬਿਸਮ ਲਿਵਤਾਰ ਅਵਸਥਾ ਦਾ ਸੁਤੇ ਅਮਰ ਫਲ,
ਪਾਰਸ-ਪ੍ਰਭਾਵੀ ਅਮਰ ਫਲ ਇਹ ਹੁੰਦਾ ਹੈ ਕਿ ਇਸ ਪਦ ਪ੍ਰਾਪਤ ਹੋਏ ਚਰਨ ਕੰਵਲਾਂ ਦੀ ਮਉਜ ਵਾਲੇ ਗੁਰਮੁਖ ਜਨ ਦੀਆਂ ਸਗਲ ਆਸਾਂ ਸੁਤੇ ਸੁਭਾਵ ਅਤੇ ਸਹਿਲੇ ਹੀ ਪੂਰਨ ਹੋ ਜਾਂਦੀਆਂ ਹਨ ਅਤੇ ਉਸ ਦਾ ਕੋਟ ਜਨਮਾਂ ਦਾ ਦੁਖ ਦਲਿਆ ਜਾਂਦਾ (ਦੂਰ ਹੋ ਜਾਂਦਾ) ਹੈ । ਅਜਿਹੇ ਗੁਰਮੁਖ ਸਿਖ ਸਾਧੂ ਜਨ ਦਾ ਸੰਗ ਕੀਤਿਆਂ ਅਨੇਕ ਪੁੰਨ ਦਾਨਾਂ ਦਾ ਕਿਰਤ-ਕਰੰਮੀ-ਫਲ ਪ੍ਰਾਪਤ ਹੋ ਜਾਂਦਾ ਹੈ ਅਤੇ ਤਾਪ ਸੰਤਾਪ ਉਸ ਦੇ ਸਭ ਮਿਟ ਜਾਂਦੇ ਹਨ । ਬਹੁੜਿ ਉਸ ਨੂੰ ਜਮਕਾਲ ਨਹੀਂ ਖਾ ਸਕਦਾ। ਉਸ ਦੀ ਕਾਲ-ਫਾਸ ਦਾ ਨਾਸ ਹੋ ਜਾਂਦਾ ਹੈ । ਇਉਂ ਗੁਰੂ ਨਾਨਕ ਸਾਹਿਬ ਉਪਰਲੇ ਵਾਕ ਵਿਚ ਸਚੀ ਸਾਖਾ ਭਰਦੇ ਉਚਰਦੇ ਹਨ।
71 / 80