

(ੲ)
ਗੁਰੂ ਕੇ ਚਰਨ ਕੀ ਹਨ ?
ਇਹ ਲੇਖ ਸ: ਇਕਬਾਲ ਸਿੰਘ ਜੀ ਹੈਡਮਾਸਟਰ ਪਿੰਡ ਬੋਪਾਰਾਇ, ਜ਼ਿਲਾ ਲੁਧਿਆਣਾ ਦੀ ਲੇਖਣੀ ਅੰਕਿਤ ਹੈ, ਜੋ ੧੭ ਫ਼ਰਵਰੀ ੧੯੩੭ ਦੇ ਅਖ਼ਬਾਰ 'ਗੁਰਸੇਵਕ' ਅੰਮ੍ਰਿਤਸਰ ਵਿਚ ਪ੍ਰਕਾਸ਼ਤ ਹੋਇਆ ਸੀ । 'ਚਰਨ ਕਮਲ' ਦੇ ਮਜ਼ਮੂਨ ਨਾਲ ਸੰਬੰਧਤ ਹੋਣ ਕਰਕੇ ਏਥੇ ਦਰਜ ਕੀਤਾ ਗਿਆ ਹੈ । ਏਸ ਬਾਰੇ ਵਧੇਰੇ ਵਾਕਫ਼ੀ ਲਈ ਪੁਸਤਕ ਦੇ ਮੁਢ ਵਿਚ ਉਥਾਨਕਾ ਪੜ੍ਹੋ ।
ਦਾਸ ਦੇ ਇਕ ਪਰਮ ਸਨੇਹੀ ਸੰਬੰਧੀ ਭਾਈ ਕਿਰਪਾਲ ਸਿੰਘ ਜੀ ਬਠਿੰਡੇ ਤੋਂ ਹੇਠ ਲਿਖਿਆ ਸ਼ੰਕਾ ਪ੍ਰਗਟ ਕਰਦੇ ਹਨ ਕਿ-
"ਜਦ ਗੁਰਬਾਣੀ ਦਾ ਪਾਠ ਕਰੀਦਾ ਹੈ ਤਾਂ ਕਈ ਥਾਵੀਂ ਏਸ ਤਰੀਕੇ ਦੇ ਵਾਕ ਆਉਂਦੇ ਹਨ-'ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ।' 'ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ', 'ਚਰਨ ਪਖਾਰਿ ਕਰਉ ਗੁਰ ਸੇਵਾ’, ਇਨ੍ਹਾਂ ਵਾਕਾਂ ਵਿਚ ਆਏ ਸ਼ਬਦ 'ਚਰਨ ਕਮਲ' ਤੋਂ ਕੀ ਭਾਵ ਹੈ ? ਉਹ ਚਰਨ ਕਿਹੜੇ ਹਨ, ਜਿਨ੍ਹਾਂ ਦਾ ਅੰਤਰ ਆਤਮੇ ਆਸਰਾ ਰਖਣਾ ਹੈ। ਉਹ ਚਰਨ ਕਿਹੜੇ ਹਨ, ਜਿਨ੍ਹਾਂ ਨਾਲ ਲਿਵ ਜੋੜਨੀ ਹੈ ? ਜਾਪ ਸਾਹਿਬ ਵਿਚ ਅਕਾਲ ਪੁਰਖ ਦਾ ਕੋਈ ਰੂਪ ਨਹੀਂ ਲਿਖਿਆ ਅਤੇ ਗੁਰਬਾਣੀ ਵਿਚ ਭੀ ਕਈ ਥਾਵੀਂ ਵਾਹਿਗੁਰੂ ਨੂੰ ਰੂਪ ਰੰਗ ਤੋਂ ਰਹਿਤ ਹੀ ਕਥਨ ਕੀਤਾ ਹੈ। ਜੇ ਕਿਤੇ ਵਾਹਿਗੁਰੂ ਨੂੰ ਸਰਗੁਣ ਲਿਖਿਆ ਭੀ ਹੈ ਤਾਂ ਸ੍ਰਿਸ਼ਟੀ ਦੀ ਟੂਕ ਦੇ ਕੇ ਲਿਖਿਆ ਹੈ, ਕਿਉਂਕਿ ਵਾਹਿਗੁਰੂ ਹਰ ਥਾਂ ਹਰ ਜੀਵ ਵਿਚ ਵਿਆਪਕ ਹੈ । 'ਸਹਸ ਪਦ ਬਿਮਲ ਨਨ ਏਕ ਪਦ' ਆਦਿਕ ਸ਼ਬਦ ਭੀ ਸ੍ਰਿਸ਼ਟੀ ਨਾਲ ਹੀ ਸੰਬੰਧਤ ਹਨ। ਕਈਆਂ ਤੋਂ ਪੁਛਣ ਤੋਂ ਉਤਰ ਮਿਲਿਆ ਕਿ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਲ ਇਸ਼ਾਰਾ ਕੀਤਾ ਹੈ, ਪ੍ਰੰਤੂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਭੀ 'ਚਰਨ ਕਮਲ' ਸ਼ਬਦ ਆਉਂਦਾ ਹੈ, ਉਥੇ ਚਰਨ ਕੰਵਲਾਂ ਤੋਂ ਕੀ ਮੁਰਾਦ ਹੈ ? ਉਹ ਆਪਣੇ ਚਰਨਾਂ ਸੰਬੰਧੀ ਤਾਂ ਨਹੀਂ ਕਹਿ ਸਕਦੇ ਸਨ । ਕਈਆਂ ਸਜਣਾਂ ਪਾਸੋਂ ਪੁਛਿਆ, ਪਰ ਸ਼ੰਕਾ-ਨਵਿਰਤੀ ਨਹੀਂ ਹੋਈ । ਸੋ ਆਪ ਨੇ ਖ਼ੁਦ ਯਾ ਕਿਸੇ ਸਜਣ ਦੀ ਰਾਇ ਲੈ ਕੇ ਚੰਗਾ ਉਤਰ ਬਖਸ਼ਣਾ ।"