

ਸ਼ਹੀਦਾਂ ਦਾ ਧਿਆਨ, ਸਾਰੇ ਪੰਥ ਦੇ ਚਰਨ ਕੰਵਲਾਂ ਦਾ ਧਿਆਨ ਹੈ । ਅੰਤ ਵਿਚ ਨਾਮ ਦੀ ਚੜ੍ਹਦੀ ਕਲਾ ਦੀ ਅਰਦਾਸ ਇਹ ਸਭ ਚਰਨ ਕੰਵਲਾਂ ਦੀਆਂ ਮੌਜਾਂ ਹਨ।
ਚਰਨ ਕੰਵਲਾਂ ਦਾ ਧਿਆਨ ਮੇਰੇ ਖ਼ਿਆਲ ਵਿਚ 'ਨਾਮ 'ਸਿਮਰਨ' ਦਾ ਦੂਜਾ ਨਾਮ ਹੈ । ਇਹ ਨਾਮ ਸਤਿਗੁਰੂ ਤੋਂ ਪ੍ਰਾਪਤ ਹੁੰਦਾ ਹੈ, ਇਸੇ ਕਰਕੇ ਤਾਂ ਹੁਕਮ ਹੈ ਕਿ “ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ"* ਅਤੇ "ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ" । ਭਾਵੇਂ ਮਾਇਆ ਵਿਚ ਲੱਥ ਪੱਥ ਹੋਏ ਕਿਤਨਾ ਰਵਾਂ ਪਏ ਬੋਲਣ, ਉਨ੍ਹਾਂ ਦਾ ਜ਼ਰਾ ਭਰ ਭੀ ਅਸਰ ਨਹੀਂ ਹੋ ਸਕਦਾ ।
ਸ਼ੰਕਾ ਕਰਨ ਵਾਲੇ ਸਜਣ ਦੀ ਲਿਖਤ ਤੋਂ ਇਹ ਜਾਪਦਾ ਹੈ ਕਿ ਉਹਨਾਂ ਨੂੰ ਇਕ ਹੋਰ ਭੁਲੇਖਾ ਲਗਿਆ ਹੋਇਆ ਹੈ ਕਿ ਜਾਪ ਸਾਹਿਬ ਵਿਚ ਵਾਹਿਗੁਰੂ ਦਾ ਕੋਈ ਰੂਪ ਨਹੀਂ ਲਿਖਿਆ । ਮੇਰੇ ਖ਼ਿਆਲ ਵਿਚ ਵਾਹਿਗੁਰੂ ਦਾ ਪੂਰਨ ਸਰੂਪ ਹੀ ਜਾਪ ਸਾਹਿਬ ਵਿਚ ਵਰਨਣ ਹੈ । ਅਕਾਲ ਪੁਰਖ ਦਾ ਅਸਲੀ ਸਰੂਪ ਹੀ ਵਿਸਮਾਦ ਸਰੂਪ ਹੈ । ਜਾਪ ਸਾਹਿਬ ਦੀ ਤੁਕ ਤੁਕ ਅੰਦਰ ਇਸ ਅਸਚਰਜ ਸਰੂਪ ਦਾ ਜ਼ਿਕਰ ਦਰਸਾਇਆ ਅਤੇ ਦ੍ਰਿੜ੍ਹਾਇਆ ਗਿਆ ਹੈ । ਜਾਪ ਸਾਹਿਬ ਭੀ ਦਰ-ਅਸਲ ਅਕਾਲ ਪੁਰਖ ਦਾ ਗੁਣਾਨਵਾਦ ਹੈ। "ਨਮਸਤ੍ਰ ਅਕਾਲੇ ॥ ਨਮਸਤ੍ਰ ਕ੍ਰਿਪਾਲੇ ਇਹ ਦ੍ਰਿੜਾਉਂਦਾ ਹੈ ਕਿ ਕ੍ਰਿਪਾਲੂ ਅਕਾਲ ਪੁਰਖ ਨੂੰ ਮੇਰੀ ਨਮਸਕਾਰ ਹੈ । ਨਮਸਕਾਰ ਚਰਨ ਕੰਵਲਾਂ ਦੇ ਧਿਆਨ ਤੋਂ ਬਿਨਾਂ ਹੋ ਹੀ ਨਹੀਂ ਸਕਦੀ । ਇਸ ਪ੍ਰਕਾਰ ਸਾਰਾ ਜਾਪ ਸਾਹਿਬ ਚਰਨ ਕੰਵਲਾਂ ਦਾ ਧਿਆਨ ਅਤੇ ਬੇਨਤੀ-ਸਰੂਪ ਗੁਣਾਂ ਦਾ ਸਿਮਰਨ ਹੈ । ਜਾਪ ਸਾਹਿਬ ਸਾਰਾ ਸਨਮੁਖ ਬੇਨਤੀ ਅਤੇ ਸਿਮਰਨ ਹੈ, ਜੋ ਪ੍ਰਭ ਕੇ ਚਰਨ ਕੰਵਲਾਂ ਦੇ ਧਿਆਨ ਤੋਂ ਬਿਨਾਂ ਕੁਛ ਅਰਥ ਹੀ ਨਹੀਂ ਰਖ ਸਕਦਾ ।
॥ਇਤਿ ॥
ਵਡਹੰਸੁ ਮਹਲਾ ੩, ੮॥੨, ਪੰਨਾ ੫੬੫
ਰਾਮਕਲੀ ਮਹਲਾ ੩ ਅਨੰਦੁ, ਅੰਕ ੨੪, ਪੰਨਾ ੯੨੦