ਅਤੇ ਅਫ਼ਸਰਾਂ ਦੇ ਅਯਾਸ਼ੀ ਅਤੇ ਵਜੂਲਖਰਚੀ ਦੇ ਕਿੱਸੇ ਪੁਰਾਣੇ ਰਾਜਿਆਂ-ਮਹਾਰਾਜਿਆਂ- ਨਵਾਬਾਂ ਨੂੰ ਵੀ ਮਾਤ ਪਾਉਂਦੇ ਹਨ। ਹੈਰਾਨੀ ਨਹੀਂ ਕਿ ਸਰਕਾਰਾਂ ਬਣਾਉਣ-ਢਾਹੁਣ ਦੀ ਖੇਡ ਵਿੱਚ ਕਰੋੜਾਂ ਅਤੇ ਅਰਬਾਂ ਦੇ ਲੈਣ-ਦੇਣ ਦੀ ਚਰਚਾ ਅਕਸਰ ਸੁਣਨ ਵਿੱਚ ਆਉਂਦੀ ਰਹਿੰਦੀ ਹੈ।
ਅਖ਼ਬਾਰ ਦੇ ਪੰਨਿਆਂ 'ਤੇ ਭ੍ਰਿਸ਼ਟਾਚਾਰ ਵਿਰੁੱਧ ਗਾਂਧੀਵਾਦੀ ਕਿਸਮ ਦਾ ਰੋਣਾ ਪਿੱਟਣਾ ਤੇ ਰੰਡੀ-ਸਿਆਪਾ ਜਾਰੀ ਰਹਿੰਦਾ ਹੈ। ਫਿਰ ਜੋ ਬੁੱਧੀਜੀਵੀ ਸੱਤਾ ਦੀ ਮਲਾਈ ਜੂਠ ਦੇ ਤੌਰ 'ਤੇ ਵੀ ਪਾ ਜਾਂਦਾ ਹੈ ਉਹ ਚੁੱਪ ਹੋ ਜਾਂਦਾ ਹੈ। ਪੂੰਜੀਵਾਦੀ ਢਾਂਚੇ ਦੇ ਚੇਤੰਨ ਪਹਿਰੇਦਾਰ ਜਦੋਂ ਦੇਖਦੇ ਹਨ ਕਿ ਪੂੰਜੀਵਾਦੀ ਲੋਕਤੰਤਰ ਦੀ ਨੌਟੰਕੀ ਸ਼ਰੇਆਮ ਭ੍ਰਿਸ਼ਟਾਚਾਰ ਦੇ ਗੰਦ ਦੀ ਤੌੜੀ ਫੁੱਟਦੇ ਰਹਿਣ ਨਾਲ ਕੁੱਝ ਜਿਆਦਾ ਹੀ ਗੰਦੀ ਹੋ ਗਈ ਹੈ, ਤਦ ਉਹ ਭ੍ਰਿਸ਼ਟਾਚਾਰ 'ਤੇ ਕੰਟਰੋਲ ਲਈ ਕੁੱਝ ਕਦਮ ਚੁੱਕਦੇ ਹਨ। ਭ੍ਰਿਸ਼ਟਾਚਾਰ ਨਿਰੋਧਕ ਵਿਭਾਗ ਕੁੱਝ ਛਾਪੇ ਮਾਰਦਾ ਹੈ, ਕੁੱਝ ਆਦਰਸ਼ਵਾਦੀ ਅਫ਼ਸਰਾਂ ਨੂੰ ਮੀਡੀਆ ਨਾਇਕ ਦੇ ਰੂਪ ਵਿੱਚ ਪੇਸ਼ ਕਰਦਾ ਹੈ, ਕਦੇ ਲੋਕਪਾਲ ਬਿਲ ਲਿਆਦਾ ਜਾਂਦਾ ਹੈ ਤਾਂ ਕਦੇ ਭ੍ਰਿਸ਼ਟਾਚਾਰ ਵਿਰੋਧੀ ਸਖ਼ਤ ਕਾਨੂੰਨ ਦੀਆਂ ਗੱਲਾਂ ਹੁੰਦੀਆਂ ਹਨ ਅਤੇ ਫਿਰ ਕੁੱਝ ਦਿਨਾਂ ਬਾਅਦ ਹੀ ਸਭ ਕੁੱਝ ਉਵੇਂ ਹੀ ਚੱਲਣ ਲਗਦਾ ਹੈ।
ਭ੍ਰਿਸ਼ਟਾਚਾਰ ਪੂੰਜੀਵਾਦੀ ਸਮਾਜ ਦਾ ਸਰਵਵਿਆਪਕ ਵਰਤਾਰਾ ਹੈ। ਜਿੱਥੇ ਲੋਭ-ਲਾਭ ਦਾ ਸੱਭਿਆਚਾਰ ਹੋਵੇਗਾ, ਉੱਥੇ ਮੁਨਾਫਾ ਨਿਚੋੜਨ ਦੀ ਹਵਸ ਕਾਨੂੰਨੀ ਹੱਦਾਂ ਪਾਰ ਕਰਕੇ ਦੋਨੋਂ ਹੱਥੀਂ ਲੁੱਟਣ ਦੇ ਤਰਕਸ਼ੀਲ ਸਿੱਟੇ 'ਤੇ ਪਹੁੰਚ ਹੀ ਜਾਵੇਗੀ। ਭ੍ਰਿਸ਼ਟਾਚਾਰ ਪੱਛਮੀ ਦੇਸ਼ਾਂ ਵਿੱਚ ਵੀ ਹੈ, ਜਾਪਾਨ, ਰੂਸ ਅਤੇ "ਬਜ਼ਾਰ ਸਮਾਜਵਾਦੀ" ਚੀਨ ਵਿੱਚ ਵੀ ਹੈ। ਫਰਕ ਇਹ ਹੈ ਕਿ ਅਮੀਰ ਦੇਸ਼ਾਂ ਦੇ ਮੁਕਾਬਲੇ ਭਾਰਤ ਅਤੇ ਏਸ਼ੀਆ-ਅਫ਼ਰੀਕਾ-ਲਤੀਨੀ ਅਮਰੀਕਾ ਦੇ ਪਿਛੜੇ ਪੂੰਜੀਵਾਦੀ ਦੇਸ਼ਾਂ ਵਿੱਚ ਇਸਦਾ ਚਰਿੱਤਰ ਜਿਆਦਾ ਨੰਗਾ, ਗੰਦਾ ਅਤੇ ਬਰਬਰ ਲੋਕ ਵਿਰੋਧੀ ਹੈ। ਇਸਦਾ ਇੱਕ ਕਾਰਨ ਤਾਂ ਇਹ ਹੈ ਕਿ ਇਨਾਂ ਪਿਛੜੇ ਦੇਸ਼ਾਂ ਵਿੱਚ ਖੁਦ ਲੋਕਾਂ ਦੀ ਜਮਹੂਰੀ ਚੇਤਨਾ ਪੱਛੜੀ ਹੋਈ ਹੈ ਅਤੇ ਸਮਾਜ ਵਿੱਚ ਪੂੰਜੀਵਾਦੀ ਜਮਹੂਰੀ ਕਦਰਾਂ ਦਾ ਵੀ ਕਮਜ਼ੋਰ ਅਧਾਰ ਹੈ। ਦੂਜਾ, ਪੱਛਮੀ ਦੇਸ਼ਾਂ ਦੇ ਰਾਜਨੇਤਾਵਾਂ-ਨੌਕਰਸ਼ਾਹਾਂ ਨੂੰ ਕਾਨੂੰਨੀ ਕਮਾਈ ਨਾਲ ਹੀ, ਯਾਣੀ ਪੂੰਜੀਪਤੀਆਂ ਦੀ ਸੇਵਾ ਕਰਨ ਦੇ ਇਵਜ਼ ਵਜੋਂ ਕਾਨੂੰਨੀ ਤੌਰ 'ਤੇ ਪ੍ਰਾਪਤ ਧਨ ਨਾਲ ਹੀ ਕਾਫੀ ਉੱਚਾ ਜੀਵਨ ਪੱਧਰ ਮਿਲ ਜਾਂਦਾ ਹੈ। ਭਾਰਤ ਦੇ ਬੁੱਧੀਜੀਵੀ ਵਰਗ ਦਾ ਜੋ ਹਿੱਸਾ ਰਾਜਨੀਤੀ ਜਾਂ ਪ੍ਰਸ਼ਾਸ਼ਨਿਕ ਸੇਵਾ ਵਿੱਚ ਆਉਂਦਾ ਹੈ, ਉਨਾਂ ਵਿੱਚ ਜ਼ਿਆਦਾਤਰ ਸਾਬਕਾ ਜਗੀਰਦਾਰਾਂ ਅਤੇ ਜਗੀਰੂ ਕੁਲੀਨਾਂ ਦੇ ਵਾਰਿਸ ਹਨ, ਜੋ ਲੋਕਾਂ ਦੀਆਂ ਹੱਡੀਆਂ ਨਿਚੋੜਕੇ ਅੱਯਾਸ਼ ਜੀਵਨ ਜਿਉਣਾ ਚਾਹੁੰਦੇ ਹਨ ਅਤੇ ਪੀੜ੍ਹੀਆਂ ਲਈ ਸੁਖ-ਸੁਵਿਧਾ ਦੀ ਗਰੰਟੀ ਕਰ ਲੈਣਾ ਚਾਹੁੰਦੇ ਹਨ। ਆਮ ਘਰਾਂ ਦੇ ਜੋ ਲੋਕ ਇਨ੍ਹਾਂ ਦੀਆਂ ਕਤਾਰਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ, ਉਹ ਵੀ ਆਪਣੇ ਜਿਹੀਆਂ ਦਾ ਪੱਖ ਛੱਡ ਕੇ ਧਨ-ਜਾਇਦਾਦ ਜੋੜਨ ਵਿੱਚ ਲੱਗ ਜਾਂਦੇ ਹਨ। ਕਦੇ ਕਦੇ ਤਾਂ ਪੁਰਾਣੇ ਕੁਲੀਨਾਂ ਦੇ ਵਾਰਿਸਾਂ ਨੂੰ ਵੀ ਇਸ ਮਾਇਨੇ ਵਿੱਚ ਪਿੱਛੇ