ਸਾਲ, ਪਿਛਲੀ 8-9 ਮਈ ਨੂੰ ਸੀਐਨਐਨ-ਆਈ ਬੀਐਨ ਨਿਉਜ਼ ਚੈਨਲ ਨੇ ਸਵਿਸ ਬੈਂਕਿੰਗ ਐਸੋਸੀਏਸ਼ਨ ਦੀ 2006 ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੀ ਜਮਾਂ ਰਾਸ਼ੀ 1,456 ਅਰਬ ਡਾਲਰ ਹੈ। ਜੇ ਡਾਲਰ ਦਾ ਔਸਤ ਮੁੱਲ 40 ਰੁਪਏ ਵੀ ਮੰਨ ਲਿਆ ਜਾਵੇ ਤਾਂ ਇਹ ਧਨਰਾਸ਼ੀ 582 ਖਰਬ 40 ਅਰਬ ਰੁਪਏ ਹੋਵੇਗੀ। ਯਾਣੀ ਇਹ ਧਨਰਾਸ਼ੀ ਭਾਰਤ ਦੇ ਕੁੱਲ ਘਰੇਲੂ ਉਤਪਾਦ ਨਾਲੋਂ ਵੀ ਵੱਧ ਹੈ ਅਤੇ ਨਾਲ ਹੀ, ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਤੋਂ ਲਗਭਗ ਪੰਜ ਗੁਣਾ ਜਿਆਦਾ ਹੈ (ਸਾਲ 2006-07 ਦੇ ਮੰਡੀ ਮੁੱਲਾਂ 'ਤੇ ਭਾਰਤ ਦਾ ਕੁੱਲ ਘਰੇਲੂ ਉਤਪਾਦ 414 ਖਰਬ 60 ਅਰਬ ਰੁਪਏ ਸੀ ਅਤੇ ਇਸ ਸਮੇਂ ਵਿਦੇਸ਼ੀ ਮੁਦਰਾ ਭੰਡਾਰ ਲਗਭਗ 300 ਅਰਬ ਡਾਲਰ ਹੈ । ਵਰਨਣਯੋਗ ਹੈ ਕਿ ਸਵਿਸ ਬੈਂਕਾਂ ਵਿੱਚ ਹੋਰ ਕਈ ਦੇਸ਼ਾਂ ਦੇ ਲੋਕਾਂ ਦੁਆਰਾ ਕੁੱਲ ਜਮਾਂ ਰਾਸ਼ੀ ਤੋਂ ਵੀ ਵੱਧ ਇਕੱਲੇ ਭਾਰਤੀਆਂ ਨੇ ਜਮਾਂ ਕਰ ਰੱਖੀ ਹੈ। ਕਾਲਾ ਧਨ ਲੁਕਾਉਣ ਲਈ ਸਵਿਸ ਬੈਂਕਾਂ ਤੋਂ ਬਿਨਾਂ ਸੇਂਟ ਕਿਟਸ ਜਿਹੇ ਕਈ ਸਥਾਨ ਹਨ ਜਿੱਥੋਂ ਦੀਆਂ ਬੈਂਕਾਂ ਵਿੱਚ ਭਾਰਤੀਆਂ ਨੇ ਕਾਲੀ ਕਮਾਈ ਲੁਕੋ ਰੱਖੀ ਹੈ। ਕਾਲੇ ਧਨ ਅਤੇ 'ਅਨਅਕਾਉਂਟੇਂਡ ਮਨੀ' ਦੀ ਸਮਾਨੰਤਰ ਅਰਥਵਿਵਸਥਾ ਦੀ ਤਾਕਤ ਅਤੇ ਵਿਸਤਾਰ ਦਾ ਅਨੁਮਾਨ ਇਸ ਤੱਥ ਨਾਲ ਲਾਇਆ ਜਾ ਸਕਦਾ ਹੈ ਕਿ ਵਿਦੇਸ਼ੀ ਬੈਂਕਾਂ ਵਿੱਚ ਜਮਾਂ ਪੈਸਾ ਅਸਲ ਵਿੱਚ ਇਸਦਾ ਇੱਕ ਛੋਟਾ ਜਿਹਾ ਹਿੱਸਾ ਹੀ ਹੈ। ਭਾਰਤ ਵਿੱਚ ਗੈਰ ਰਜਿਸਟਰਡ ਉਦਯੋਗਾਂ, ਨਕਲੀ ਸਮਾਨ ਬਣਾਉਣ ਵਾਲੇ ਉਦਯੋਗਾਂ, ਗੈਰ ਕਾਨੂੰਨੀ ਵਪਾਰ, ਤਸਕਰੀ ਆਦਿ ਵਿੱਚ ਲੱਗਿਆ ਧਨ ਜੋ ਲਗਾਤਾਰ ਕਾਲਾ ਧਨ ਪੈਦਾ ਕਰਦਾ ਰਹਿੰਦਾ ਹੈ, ਉਸ ਵਿੱਚ ਲੀਡਰਾਂ-ਨੌਕਰਸ਼ਾਹਾਂ ਦਾ ਵੀ ਧਨ ਲੱਗਿਆ ਰਹਿੰਦਾ ਹੈ। ਲੀਡਰਾਂ-ਨੌਕਰਸ਼ਾਹਾਂ ਦੀ ਅਰਬਾਂ-ਖਰਬਾਂ ਦੀ ਕਾਲੀ ਕਮਾਈ ਜ਼ਮੀਨ-ਜਾਇਦਾਦ ਵਿੱਚ ਬੇਨਾਮੀ ਸੰਪਤੀ ਦੇ ਰੂਪ ਵਿੱਚ ਲੱਗੀ ਹੈ। ਕਿਸੇ ਹੋਰ ਦੇ ਨਾਮ 'ਤੇ ਠੇਕੇਦਾਰੀ ਜਾਂ ਹੋਰ ਵਿੱਚ, ਇਲੈਕਟ੍ਰਾਨਿਕ ਮੀਡੀਆ ਅਤੇ ਸਿਨੇਮਾ ਵਿੱਚ ਵੀ ਲੀਡਰਾਂ-ਅਫ਼ਸਰਾਂ ਨੇ ਅਰਬਾਂ-ਖਰਬਾਂ ਦੀ ਪੂੰਜੀ ਲਾ ਰੱਖੀ ਹੈ।
ਉਦਾਰੀਕਰਨ - ਨਿੱਜੀਕਰਨ ਦੇ ਦੌਰ ਵਿੱਚ ਲੀਡਰਾਂ-ਅਫ਼ਸਰਾਂ ਦੀ ਕਾਲੀ ਕਮਾਈ ਵਿੱਚ ਬੇਸ਼ੁਮਾਰ ਵਾਧੇ ਦੇ ਕਾਰਨਾਂ ਨੂੰ ਸੌਖੇ ਹੀ ਸਮਝਿਆ ਜਾ ਸਕਦਾ ਹੈ। ਨਵਉਦਾਰਵਾਦੀ ਨੀਤੀਆਂ ਨੇ ਦੇਸ਼ੀ-ਵਿਦੇਸ਼ੀ ਪੂੰਜੀਪਤੀਆਂ ਦੇ ਮੁਨਾਫੇ ਅਤੇ ਪੂੰਜੀ ਸੰਗ੍ਰਿਹ ਦੇ ਸਾਰੇ ਕਾਨੂੰਨੀ ਰਾਹਾਂ ਤੋਂ ਬਿਨਾਂ ਗੈਰ-ਕਾਨੂੰਨੀ ਰਾਹ ਵੀ ਖੋਲ੍ਹ ਦਿੱਤੇ ਹਨ। ਮਨਮੋਹਨ ਸਰਕਾਰ ਨੇ 2004-05 ਦੇ ਸਲਾਨਾਂ ਬਜ਼ਟ ਵਿੱਚ ਪੂੰਜੀਪਤੀਆਂ ਨੂੰ 20 ਖਰਬ 67 ਅਰਬ ਰੁਪਏ, 2005-06 ਦੇ ਬਜ਼ਟ ਵਿੱਚ 23 ਖਰਬ 52 ਅਰਬ, 2006-07 ਦੇ ਬਜ਼ਟ ਵਿੱਚ 25 ਖਰਬ 60 ਅਰਬ ਅਤੇ 2007-08 ਦੇ ਬਜਟ ਵਿੱਚ 27 ਖਰਬ 90 ਅਰਬ ਰੁਪਏ ਦੀ ਛੋਟ ਦਿੱਤੀ । ਸਲਾਨਾਂ ਬਜ਼ਟ ਤੋਂ ਬਿਨਾਂ ਦੇਸ਼ ਦੀਆਂ ਸਾਢੇ ਤਿੰਨ ਲੱਖ ਕੰਪਨੀਆਂ 'ਤੇ ਲੱਗਣ ਵਾਲੇ ਟੈਕਸਾਂ ਵਿੱਚ ਛੋਟ ਦੀਆਂ ਗੁੰਜਾਇਸ਼ਾਂ ਇਸ ਹੱਦ ਤੱਕ ਵਧਾ ਦਿੱਤੀਆਂ ਗਈਆਂ ਕਿ ਮੁਨਾਫੇ 'ਤੇ ਟੈਕਸਾਂ ਦੀ ਦਰ 33.99 ਫੀਸਦੀ ਹੋਣ ਦੇ ਬਾਵਜੂਦ ਅਸਲ ਵਿੱਚ ਉਹ 20 ਫੀਸਦੀ ਤੋਂ ਵੀ ਘੱਟ ਕਰ ਦਿੱਤੀਆਂ ਹਨ।