ਡਾਕੂਆਂ ਦਾ ਮੁੰਡਾ
(ਸਵੈ-ਜੀਵਨੀ)
ਮਿੰਟੂ ਗੁਰੂਸਰੀਆ
ਸਮਰਪਣ
ਮੰਜ਼ਿਲ ਤੋਂ ਭਟਕੇ ਰਾਹੀਆਂ ਨੂੰ ...
ਜੋ
ਵਾਪਸ ਪਰਤਣ ਦੀ ਤਾਂਘ ਰੱਖਦੇ ਨੇ...
ਤੇ
ਜਿਨ੍ਹਾਂ ਦੀਆਂ ਉਡੀਕਾਂ ਉਨ੍ਹਾਂ ਦੇ ਜਨਮਦਾਤੇ ਕਰਦੇ ਨੇ...
ਇਸ ਜੀਵਨੀ ਨਾਲ ਜੁੜੇ ਕੁਝ ਵਿਅਕਤੀਆਂ ਦੇ ਨਾਵਾਂ ਵਿੱਚ
ਉਨ੍ਹਾਂ ਦੇ ਸਾਮਾਜਿਕ ਰੁਤਬੇ ਜਾਂ ਆਹੁਦੇ ਨੂੰ ਵੇਖਦਿਆਂ
ਮਾਮੂਲੀ ਤਬਦੀਲੀ ਕੀਤੀ ਗਈ ਹੈ ਪਰ ਵਾਸਤਵਿਕਤਾ ਜਿਉਂ
ਦੀ ਤਿਉਂ ਹੈ- ਮਿੰਟੂ ਗੁਰੂਸਰੀਆ
ਮੰਨਿਆਂ ਕਿ ਬੁਲਬੁਲੇ ਹਾਂ
ਪਰ ਜਿੰਨ੍ਹਾਂ ਚਿਰ ਹਾਂ
ਪਾਣੀ ਦੀ ਹਿੱਕ ਤੇ ਨੱਚਾਂਗੇ
-ਮਿੰਟੂ ਗੁਰੂਸਰੀਆ
ਦਰਵੇਸ਼ਾਂ ਵਰਗਾ ਨਿੱਕਾ ਵੀਰ: ਮਿੰਟੂ ਗੁਰੂਸਰੀਆ
ਜ਼ਰੂਰੀ ਨਹੀਂ ਕਿ ਸਮਾਜਿਕ ਜਾਂ ਦੁਨਿਆਵੀ ਰਿਸ਼ਤੇ ਹੀ ਨਿਭਣ। ਮੇਰੀ ਨਜ਼ਰ ਵਿਚ ਦੁਨਿਆਵੀ ਰਿਸ਼ਤਿਆਂ ਨਾਲੋਂ ਰੂਹ ਦੇ ਰਿਸ਼ਤੇ ਨਹੁੰ-ਮਾਸ ਦਾ ਰਿਸ਼ਤਾ ਹੋ ਨਿੱਬੜਦੇ ਹਨ ਅਤੇ ਜ਼ਿਆਦਾ ਤੋੜ ਚੜ੍ਹਦੇ ਹਨ। ਕਈ ਸਮਾਜਿਕ ਜਾਂ ਦੁਨਿਆਵੀ ਰਿਸ਼ਤੇ ਤਾਂ ਮਗਰਮੱਛਾਂ ਵਰਗੇ ਅਤੇ ਕਈ ਗਿੱਦੜਮਾਰਾਂ ਵਾਲੇ ਹੁੰਦੇ ਹਨ। ਕਈ ਯਾਰੀ ਲੱਗੀ ਤੋਂ ਲੁਆ ਦਿੱਤੇ ਤਖਤੇ ਤੇ ਟੁੱਟੀ ਤੋਂ ਚੁਗਾਠ ਪੱਟ ਲਈ ਵਾਲੇ ਸੁਆਰਥੀ ਵੀ ਹੁੰਦੇ ਹਨ। ਕਈਆਂ ਨਾਲ ਵਰਤਣਾ ਤਾਂ ਸ਼ੇਰ ਦੀ ਅਸਵਾਰੀ ਕਰਨ ਵਾਲੀ ਗੱਲ ਵੀ ਹੋ ਜਾਂਦੀ ਹੈ। ਮਿੰਟੂ ਗੁਰੂਸਰੀਏ ਨਾਲ ਮੇਰੀ ਨਿੱਕੇ ਭਰਾਵਾਂ ਵਾਲੀ ਗੂੜ੍ਹੀ ਯਾਰੀ ਹੈ। ਪਤਾ ਨਹੀਂ ਕਿਸ ਅਧਿਕਾਰ ਨਾਲ ਉਸ ਨੂੰ ਕਦੇ ਘੂਰ ਅਤੇ ਕਦੇ ਵਿਰਾਅ ਵੀ ਲਈਦਾ ਹੈ। ਪਰ ਇੱਕ ਸੱਚ ਜ਼ਰੂਰ ਹੈ ਕਿ ਉਹ ਮੈਨੂੰ ਇੱਕ ਲੇਖਕ ਨਾਲੋਂ ਵਿਅਕਤੀਤਵ ਤੌਰ 'ਤੇ ਜ਼ਿਆਦਾ ਚੰਗਾ ਲੱਗਦਾ ਹੈ। ਮੈਂ ਇਹ ਨਹੀਂ ਆਖਦਾ ਕਿ ਉਸ ਦੀ ਲੇਖਣੀ ਮਾੜੀ ਹੈ, ਮੈਂ ਉਸ ਦੀ ਲਿਖਤ ਦਾ ਕਾਇਲ ਰਿਹਾ ਹਾਂ, ਅਤੇ ਅੱਜ ਵੀ ਹਾਂ। ਉਸ ਦੇ ਰੈਂਗੜੇ ਵਰਗੇ ਸ਼ਬਦ ਮੈਂ ਜੁਗਾੜੂ ਲੋਕਾਂ ਦੇ ਚਿੱਬ ਪਾਉਂਦੇ ਵੇਖੇ ਹਨ। ਪਰ ਉਸ ਦੀ ਲਿਖਤ ਨਾਲੋਂ ਵੱਧ ਮੈਨੂੰ ਹਮੇਸ਼ਾ ਉਸ ਦੀ ਜੀਵਨ-ਸ਼ੈਲੀ ਨੇ ਪ੍ਰਭਾਵਿਤ ਕੀਤਾ ਹੈ। ਉਹ ਕਲਮ ਦੀ ਤੂਤੀ ਜਿਹੀ ਨਹੀਂ ਵਜਾਉਂਦਾ, ਸਗੋਂ ਡੰਕੇ ਦੀ ਚੋਟ ਨਾਲ ਨਗਾਰਾ ਖੜਕਾਉਂਦਾ ਹੈ। ਪਰ ਮੇਰੇ ਨਾਲ ਕਦੇ-ਕਦੇ ਉਹ ਬੱਚਿਆਂ ਵਾਲੀ 'ਰਿਹਾੜ' ਵੀ ਕਰ ਜਾਂਦਾ ਹੈ ਕੁੱਜੇ 'ਚ ਹਾਥੀ ਪਾਉਣ ਵਾਂਗ। ਬੱਚਿਆਂ ਵਰਗਾ ਹੋਣ ਕਾਰਨ ਮੈਂ ਵੀ ਉਸ ਦੀ ਜਿੱਦ ਅੱਗੇ ਹਥਿਆਰ ਸੁੱਟੇ ਹਨ ਅਤੇ ਜ਼ਿੱਦ ਪੁੱਗਣ ਦਿੱਤੀ ਹੈ। ਇਹ ਇੱਕ ਕੁਦਰਤੀ ਵਰਤਾਰਾ ਹੀ ਹੈ ਕਿ ਹਰ ਬੰਦੇ ਅੰਦਰ ਸੰਤ ਅਤੇ ਸਾਨ੍ਹ ਬਿਰਤੀ, ਦੋਨੋਂ ਹਮੇਸ਼ਾ ਮੌਜੂਦ ਰਹਿੰਦੀਆਂ ਹਨ। ਪ੍ਰਮਾਰਥ ਅਤੇ ਪਦਾਰਥ ਵੀ ਕਈ ਵਾਰ ਇੱਕ ਜਗ੍ਹਾ ਇਕੱਤਰ ਹੋ ਜਾਂਦੇ ਹਨ। ਪਰ ਚੰਗੀ-ਬੁਰੀ ਸੰਗਤ ਜਾਂ ਹਾਲਾਤ ਬੰਦੇ ਨੂੰ ਜਾਂ ਤਾਂ ਸਾਨ੍ਹ ਤੇ ਜਾਂ ਸੰਤ ਬਣਾ ਦਿੰਦੇ ਹਨ। ਹਾਸੇ ਅਤੇ ਹਾਦਸੇ ਦਾ ਨਾਮ ਹੈ; ਜ਼ਿੰਦਗੀ...! ਕਿਰਿਆਸ਼ੀਲ ਵਿਅਕਤੀ ਹਮੇਸ਼ਾ ਜੱਦੋ-ਜਹਿਦ ਵਿਚ ਲੀਨ ਰਹਿੰਦੇ ਹਨ, ਕਦੇ ਢੇਰੀ ਢਾਹ ਕੇ ਨਹੀਂ ਬੈਠਦੇ। ਮਿੰਟੂ ਗੁਰੂਸਰੀਆ ਓਸੇ ਜੱਦੋ-ਜਹਿਦ ਦਾ ਹੀ ਤਾਂ ਇੱਕ ਅੰਗ ਹੈ, ਜੋ ਕਦੇ ਵੀ ਟਿਕ ਕੇ ਨਹੀਂ ਬੈਠਿਆ। ਕ੍ਰਿਪਾ ਅਤੇ ਕਿਸਮਤ ਹੀ ਤਾਂ ਮਿਹਨਤ ਦਾ ਕਾਰਨ ਬਣਦੇ ਹਨ, ਮਿਹਨਤ ਕਦੇ ਬਿਰਥੀ ਨਹੀਂ ਜਾਂਦੀ ਅਤੇ ਫ਼ਲ ਜ਼ਰੂਰ ਮਿਲਦਾ
ਹੈ। ਤਰਕ ਦਾ ਮਾਰਿਆ ਬੰਦਾ ਸਾਧ ਜਾਂ ਅੱਤਵਾਦੀ ਬਣਦਾ ਹੈ। ਹਨ੍ਹੇਰਾ ਕਦੇ ਡਾਂਗਾਂ ਨਾਲ ਕਮਰੇ ਵਿੱਚੋਂ ਨਹੀਂ ਭਜਾਇਆ ਜਾ ਸਕਦਾ, ਉਸ ਨੂੰ ਤਾਂ ਚਾਨਣ ਹੀ ਖ਼ਤਮ ਕਰ ਸਕਦਾ ਹੈ। ਕੀ ਸਾਡਾ ਮਿੰਟੂ ਗੁਰੂਸਰੀਆ 'ਤਰਕ' ਦਾ ਮਾਰਿਆ 'ਡਾਕੂ' ਤੋਂ 'ਸਾਧ' ਬਣਿਆ...? ਇਹ ਤਾਂ ਉਸ ਦੀ ਹੱਥਲੀ ਕਿਤਾਬ ਹੀ ਦੱਸੇਗੀ, ਪਰ ਇੱਕ ਵਾਅਦਾ ਜ਼ਰੂਰ ਹੈ ਕਿ ਉਸ ਦੀ ਕਿਤਾਬ ਪੜ੍ਹਨ ਤੋਂ ਬਾਅਦ ਆਪਣੀ ਇੱਕ ਵਾਰ ਫਿਰ ਮੁਲਾਕਾਤ ਹੋਵੇਗੀ। ਜਿਉਂਦੇ ਵੱਸਦੇ ਰਹੋ!!
-ਸ਼ਿਵਚਰਨ ਜੱਗੀ ਕੁੱਸਾ
ਦੋ ਹਰਫ਼
ਇਹ ਕਿਤਾਬ ਦਾਸਤਾਂ ਹੈ ਉਸ ਰੁੱਖੜੇ ਦੀ ਜੀਹਦੇ ਪਿੰਡੇ 'ਤੇ ਤੱਤੀਆਂ- ਠੰਢੀਆਂ ਹਵਾਵਾਂ ਤੇ ਅਨੇਕਾਂ ਵੇਗ ਵਗੇ। ਕਦੇ ਇਹਦੀਆਂ ਕਰੂੰਬਲਾਂ ਦੀ ਰੱਤ ਚੂਸੀ ਗਈ ਤੇ ਕਦੇ ਇਹਦੇ ਪੱਤੇ ਖ਼ਿਜ਼ਾਵਾਂ ਦਾ ਸ਼ਿਕਾਰ ਹੋ ਕੇ ਮਿੱਟੀ 'ਚ ਮਿੱਟੀ ਹੋ ਗਏ ਪਰ ਇਹ ਰੁੱਖ ਸਮੇਂ ਦੇ ਮੈਦਾਨ 'ਚ ਅੜਿਆ ਰਿਹਾ। ਉਸ ਸ਼ੇਰ ਵਾਂਗ ਜੋ ਸ਼ਿਕਾਰੀਆਂ ਦਾ ਸ਼ਿਕਾਰ ਹੋਣ ਲੱਗਿਆਂ ਵੀ ਸ਼ਿਕਾਰ ਕਰਨ ਦੀ ਜ਼ੁਅੱਰਤ ਰੱਖ ਕੇ ਘਬਰਾਉਂਦਾ ਨਹੀਂ ਅਡੋਲ ਰਹਿੰਦਾ ਹੈ। ਅਨੇਕਾਂ ਕਹਿਰਵਾਨ ਰੁੱਤਾਂ ਦੀ ਛੁਰੀ ਪਿੰਡੇ 'ਤੇ ਝੱਲ ਕੇ ਅੰਤ ਨੂੰ ਇਸ ਰੁੱਖੜੇ ਨੇ ਆਪਣੇ-ਆਪ ਤੋਂ ਖ਼ੁਰਾਕ ਹਾਸਲ ਕਰਕੇ ਬਦਹਾਲੀਆਂ ਨੂੰ ਖੁਸ਼ਹਾਲੀਆਂ 'ਚ ਬਦਲ ਲਿਆ। ਇਹ ਸਫ਼ਰ ਸੀ ਸਿਵੇ ਤੋਂ ਸਿਖ਼ਰ ਤੱਕ ਦਾ ਪਰ ਇਸ ਦਾ ਹਰ ਪੜਾਅ ਸੂਲ ਤੋਂ ਸ਼ੁਰੂ ਹੋ ਸਲੀਬ 'ਤੇ ਮੁੱਕਦਾ ਸੀ। ਮੰਜ਼ਿਲ ਮਿਲੀ ਵੀ ਗੁਆਚੀ ਵੀ, ਹਿੰਮਤ ਬੱਝੀ ਵੀ ਹਿੰਮਤ ਟੁੱਟੀ ਵੀ, ਪਰ ਜਿਵੇਂ ਸਿਆਹ 'ਨੇਰਿਆਂ ਦਾ ਅੰਤ ਸੂਰਜ ਦੀ ਸੋਹਲ ਕਿਰਨ ਕਰ ਦਿੰਦੀ ਹੈ ਓਵੇਂ ਹੀ ਤਾਹ ਮੁਸ਼ਕਲਾਂ-ਅਲਾਮਤਾਂ ਦੀਆਂ ਕਰੋੜਾਂ ਟਨ ਲੱਕੜੀਆਂ ਨੂੰ ਸਿਦਕ ਦੀ ਮਾਚਿਸ ਨਾਲ ਜਗਾਈ ਜਾਗ੍ਰਿਤੀ ਦੀ ਇੱਕ ਚੰਗਿਆੜੀ ਰਾਖ਼ ਕਰ ਗਈ। ਇਮਤਿਹਾਨਾਂ ਦੀ ਭੱਠੀ 'ਚ ਤੱਪ ਕੇ ਇਨਸਾਨ ਕੁੰਦਨ ਨਹੀਂ ਪਾਰਸ ਬਣ ਜਾਂਦਾ ਹੈ ਜੋ ਲੋਹੇ ਨੂੰ ਵੀ ਸੋਨਾ ਬਣ ਦਿੰਦੈ। ਵੈਸੇ ਇਸ ਕਹਾਣੀ ਦਾ ਇੱਕ ਤੱਥਸਾਰ ਇਹ ਵੀ ਹੈ ਕਿ ਸਮਾਂ ਇਮਤਿਹਾਨ ਉਨ੍ਹਾਂ ਦੇ ਹੀ ਲੈਂਦਾ ਹੈ ਜੋ ਇਮਤਿਹਾਨ ਦੇਣ ਦੀ ਕਾਬਲੀਅਤ ਰੱਖਦੇ ਹਨ ਕਮਜ਼ੋਰਾਂ ਨੂੰ ਪਈਆਂ ਮੁਸੀਬਤਾਂ ਦਾ ਹੱਲ ਤਾਂ ਮੌਤ ਲੱਗਦਾ ਹੈ ਪਰ ਜ਼ਿੰਦਾਦਿਲ ਰੂਹਾਂ ਇਮਤਿਹਾਨਾਂ ਦਾ ਸਾਗਰ ਤਰ ਕੇ ਕਿਨਾਰੇ 'ਤੇ ਖੜ੍ਹ ਕੇ ਆਸਮਾਨ ਨੂੰ ਵੰਗਾਰਕੇ ਆਖਦੀਆਂ ਹਨ ਕਿ "ਆਹ! ਵੇਖ ਸਾਡੇ ਹੌਂਸਲੇ ਸਾਹਮਣੇ ਤੇਰੀ ਹਸਤੀ ਬੌਣੀ ਹੈ"। ਇਹੋ ਜਿਹੇ ਜੁਝਾਰੂ ਹੌਂਸਲੇ ਦੀ ਇਹ ਕਹਾਣੀ ਹੈ 'ਡਾਕੂਆਂ ਦਾ ਮੁੰਡਾ' ਜੋ ਸਿਆਹੀ ਨਾਲ ਨਹੀਂ ਲਹੂ ਨਾਲ ਲਿਖੀ ਗਈ ਤੇ ਜਿਸ ਨੂੰ ਲਿਖਣ ਵਾਲੀ ਕਲਮ ਫ਼ੌਲਾਦ ਦੇ ਸਾਂਚੇ ਵਿੱਚ ਢਲੀ ਹੈ।
ਮਕਸਦ
ਇਸ ਸਵੈ-ਜੀਵਨੀ ਦਾ ਮੰਤਵ ਨਾ ਕਮਾਈ ਕਰਨਾ ਹੈ ਨਾ ਮਸ਼ਹੂਰ ਹੋਣਾ ਹੈ ਕਿਉਂਕਿ ਬਦਨਾਮ ਨੂੰ ਮਸ਼ਹੂਰੀ ਦੀ ਅਤੇ ਸਿਦਕ ਨੂੰ ਬਹੁਤੇ ਦੀ ਲੋਚਾ ਨਹੀਂ ਹੁੰਦੀ। ਮੈਨੂੰ ਆਪਣੀ ਜ਼ਿੰਦਗੀ ਨੂੰ ਕਾਗਜ਼ ਦੀ ਹਿੱਕ 'ਤੇ ਝਰੀਟਣ ਦੀ ਲੋੜ ਇਸ ਲਈ ਪਈ ਤਾਂ ਜੋ ਇਸ ਜੀਵਨੀ ਨੂੰ ਚੱਪੂ ਬਣਾ ਕੇ ਨਸ਼ੇ-ਗੁਨਾਹ ਦੇ ਭੰਵਰ 'ਚ ਫਸੇ ਲੋਕ ਬਾਹਰ ਆਉਣ ਦੀ ਕੋਸ਼ਿਸ਼ ਕਰ ਸਕਣ। ਜੇ ਕੋਈ ਇੱਕ ਵੀ ਇਸ ਸੰਤਾਪੀ- ਜੀਵਨੀ ਨੂੰ ਪੜ੍ਹ ਕੇ ਨਸ਼ੇ ਜਾਂ ਜ਼ੁਰਮ ਦੀ ਦੁਨੀਆਂ 'ਚੋਂ ਬਾਹਰ ਆ ਗਿਆ ਤਾਂ ਨਾ ਸਿਰਫ਼ ਕਿਤਾਬ ਦਾ ਮੰਤਵ ਪੂਰਾ ਹੋ ਜਾਏਗਾ ਬਲਕਿ ਮੇਰੇ ਵੱਲੋਂ ਜਾਣੇ-ਅਨਜਾਣੇ 'ਚ ਕੀਤੇ ਹਜ਼ਾਰਾਂ ਗੁਨਾਹਾਂ ਦੇ ਦਾਗ ਧੋਤੇ ਜਾਣਗੇ।
ਮੇਰੀਆਂ ਸੈਂਕੜੇ ਸਾਹਿਤਕ ਰਚਨਾਵਾਂ ਦੇਸ਼-ਵਿਦੇਸ਼ ਦੇ ਵੱਖ-ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਕਵਿਤਾਵਾਂ, ਕਹਾਣੀਆਂ ਅਤੇ ਗੀਤ ਅਣ-ਛਪੇ ਪਏ ਹਨ। ਜੇ ਮੈਂ ਚਾਹੁੰਦਾ ਤਾਂ ਇਨ੍ਹਾਂ ਨੂੰ ਕਿਤਾਬ ਦਾ ਰੂਪ ਦੇ ਕੇ ਲੇਖਕਾਂ ਦੀ ਕਤਾਰ ਦੀ ਪੂਛ ਆ ਫੜ੍ਹਦਾ ਪਰ ਇੰਝ ਕਰਨਾ ਮੇਰੇ ਲਈ ਹਰਾਮ ਦੇ ਤੁਲ ਸੀ ਕਿਉਂਕਿ ਮੇਰੀਆਂ ਸਾਹਿਤਕ ਰਚਨਾਵਾਂ ਤੇ ਕਾਲਮਾਂ ਨਾਲੋਂ ਪਹਿਲਾਂ ਮੇਰੀ ਜੀਵਨੀ ਉਨ੍ਹਾਂ ਲੋਕਾਂ ਤੱਕ ਅੱਪੜਨੀ ਜ਼ਰੂਰੀ ਸੀ ਜਿੰਨ੍ਹਾਂ ਦੇ ਮਾਪਿਆਂ ਨੇ ਜਿਊਂਦੇ ਪੁੱਤਾਂ ਤੋਂ ਇਹ ਆਸ ਲਾਹ ਲਈ ਹੈ ਕਿ ਉਹ ਉਨ੍ਹਾਂ ਦੀ ਅਰਥੀ ਨੂੰ ਮੋਢਾ ਵੀ ਦੇ ਸਕਣਗੇ। ਇਹ ਜੀਵਨੀ ਉਨ੍ਹਾਂ ਤੱਕ ਜਾਣੀ ਜ਼ਿਆਦਾ ਲਾਜ਼ਮੀ ਹੈ ਜੋ ਨਸ਼ੇ ਅਤੇ ਗੁਨਾਹ ਦੀਆਂ ਕਾਲੀਆਂ ਗਲੀਆਂ 'ਚ ਬਹੁਤ ਅੱਗੇ ਨਿਕਲ ਕੇ ਪਿੱਛੇ ਪਰਤਣ ਦੀ ਗੁੰਜਾਇਸ਼ ਖ਼ਤਮ ਕਰ ਆਏ ਹਨ। ਅਜਿਹੇ ਰਾਹਾਂ ਦੇ ਪਾਂਧੀਆਂ ਲਈ ਇਹ ਜੀਵਨੀ ਹੋਕਾ ਹੈ ਕਿ ਇਨਸਾਨ ਅੰਦਰ ਬਦਲਣ ਦੀ ਸੰਭਾਵਨਾ ਉਸ ਦੇ ਅੰਤਲੇ ਸਾਹ ਤੱਕ ਚੱਲਦੀ ਰਹਿੰਦੀ ਹੈ। ਲੋੜ ਹੈ ਉਸ ਸੰਭਾਵਨਾ ਨੂੰ ਜਾਗ ਲਾ ਕੇ ਖੁਦ ਨੂੰ ਪਹਿਚਾਨਣ ਦੀ। ਜਾਗਣ ਦਾ ਅਰਥ ਸਿਰਫ਼ ਅੱਖਾਂ ਖੋਲ੍ਹਣਾ ਨਹੀਂ ਹੁੰਦਾ ਅਸਲ ਜਾਗਣਾ ਜ਼ਮੀਰ ਦਾ ਜਾਗਣਾ ਹੈ ਪਰ ਅਫ਼ਸੋਸ ਅੱਜ ਬਹੁਤੀ ਪੰਜਾਬੀ ਪੀੜੀ ਸੁੱਤੀ ਹੀ ਜੀਅ ਰਹੀ ਹੈ। ਨਸ਼ੀਲੇ ਪਲੰਘ 'ਤੇ ਸੁੱਤੀ ਇਸ ਫੌਜ਼ ਨੂੰ ਜਗਾਉਂਣਾ ਤੇ ਜਗਾ ਕੇ ਜ਼ਿੰਦਗੀ ਦੇ ਰਣ ਦੇ ਲੜਾਕੇ ਬਨਾਉਣਾ ਇਸ ਜੀਵਨੀ ਦਾ ਮਕਸਦ ਹੈ। ਜੇ ਇਸ ਵਿੱਚ ਮੈਂ ਸਫ਼ਲ ਰਿਹਾ ਤਾਂ ਮੇਰਾ ਜੀਵਨ ਸਫਲ। ਜੇ ਨਾ ਵੀ ਹੋਇਆ ਤਾਂ ਮੈਂ ਹਾਰਾਂਗਾ ਨਹੀਂ ਕਿਉਂਕਿ ਹਾਰਨਾ ਤਾਂ ਮੈਂ ਸਿੱਖਿਆ ਹੀ ਨਹੀਂ। ਮੈਂ ਆਖ਼ਰੀ ਸਾਹ ਤੱਕ ਪੰਜਾਬ 'ਚ ਲੱਗੀ ਅੱਗ 'ਤੇ ਚੁੰਝਾਂ ਭਰ ਕੇ ਪਾਣੀ ਪਾਉਂਦਾ ਰਹਾਂਗਾ ਤਾਂ ਕਿ ਮੇਰਾ ਨਾਂ ਲਾਉਂਣ ਵਾਲਿਆਂ 'ਚੋਂ ਕੱਟ ਕੇ ਬੁਝਾਉਂਣ ਵਾਲਿਆਂ 'ਚ ਲਿਖਿਆ ਜਾ ਸਕੇ। ਇਹ ਜੀਵਨੀ ਉਨ੍ਹਾਂ ਦੀ ਸੋਚ ਨੂੰ ਵੀ ਚੋਟ ਕਰੇਗੀ ਜੋ ਇਹ ਆਖ ਕੇ ਪੈੱਗ ਲਾ ਲੈਂਦੇ ਹਨ ਕਿ ਪੰਜਾਬ ਦਾ ਕੁਝ ਨਹੀਂ ਹੋ ਸਕਦਾ। ਨਤੀਜੇ ਦੀ ਆਸ ਰੱਖ ਕੇ ਨਹੀਂ ਮੈਂ ਫਰਜ਼ਾਂ ਦੀ ਤੱਕ, ਤੱਕ ਕੇ ਇਹ ਜੀਵਨੀ ਲਿਖਣ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਇਸ ਛੋਟੇ ਜਿਹੇ ਇਨਸਾਨ ਦੀ ਛੋਟੀ ਜਿਹੀ ਕਹਾਣੀ ਖੁਦ ਜਾਣ ਕੇ ਕਿਸੇ ਹੋਰ ਨੂੰ ਵੀ ਦੱਸੋਗੇ ਤਾਂ ਜੋ ਉਹ ਕਿਸੇ ਹੋਰ ਨੂੰ ਵੀ ਦੱਸੇ ਤੇ ਅੰਤ ਵਿੱਚ ਇਹ ਕਹਾਣੀ ਕਿਸੇ ਹੋਰ ਦੀ ਵਿਗੜੀ ਕਹਾਣੀ ਸੰਵਾਰ ਦੇਵੇ।
ਕਿਲਕਾਰੀ, ਕੁਨਬਾ ਤੇ ਕੈਦਾ
ਮੇਰਾ ਜਨਮ ਗਿਆਰਾਂ ਸਾਉਣ (26 ਜੁਲਾਈ) ਵੀਰਵਾਰ 1979 ਨੂੰ ਸਵੇਰ ਇੱਕ ਕੱਚੇ ਕੋਠੇ ਵਿਚ ਹੋਇਆ। ਦਰਅਸਲ ਅਸੀਂ ਵੰਡ ਵੇਲੇ ਪਾਕਿਸਤਾਨ 'ਚੋਂ ਉਜੜ ਕੇ ਆਏ ਸਾਂ। ਸਾਡਾ ਪਾਕਿਸਤਾਨ 'ਚ ਪਿੰਡ ਰਾਜਾ ਜੰਗ ਤੇ ਪੱਤੀ ਢੋਲੇ ਕੇ ਸੀ। ਵੰਡ ਤੋਂ ਬਾਅਦ ਸਾਨੂੰ ਫਾਜ਼ਿਲਕਾ ਤਹਿਸੀਲ ਦੇ ਪਿੰਡ ਗੁਰੂਸਰ ਯੋਧਾ ਵਿੱਚ ਜ਼ਮੀਨ ਅਲਾਟ ਹੋਈ ਜੋ ਅੱਜ ਸ੍ਰੀ ਮੁਕਤਸਰ ਸਾਹਿਬ ਦੇ 'ਸ਼ਾਹੀ' ਹਲਕੇ ਲੰਬੀ (ਮੁਕਤਸਰ) ਵਿੱਚ ਪੈਂਦਾ ਹੈ।
ਪਾਕਿਸਤਾਨ ਵਿੱਚ ਸਾਡੇ ਪੜਦਾਦੇ ਭਗਵਾਨ ਸਿੰਘ ਕੋਲ 200 ਘੁਮਾਂ ਪੈਲੀ ਸੀ ਜੋ ਕਾਟ ਲੱਗ ਕੇ ਇੱਧਰ 50 ਏਕੜ ਰਹਿ ਗਈ। ਮੇਰੇ ਦਾਦੇ ਹੋਰੀਂ ਚਾਰ ਭਰਾ ਸੀ। ਸਭ ਤੋਂ ਵੱਡਾ ਮੇਰਾ ਦਾਦਾ ਅਜੀਤ ਸਿੰਘ ਸੀ ਤੇ ਬਾਕੀ ਅਮਰ ਸਿੰਘ, ਹਰਨਾਮ ਸਿੰਘ ਅਤੇ ਗੁਰਨਾਮ ਸਿੰਘ ਕ੍ਰਮਵਾਰ ਛੋਟੇ ਸਨ। ਸਭ ਤੋਂ ਛੋਟੇ ਗੁਰਨਾਮ ਸਿੰਘ ਦੀ ਪਿੰਡ 'ਚ ਹੋਈ ਇੱਕ ਲੜਾਈ ਦੌਰਾਨ ਲੱਤ ਕੱਟੀ ਗਈ ਸੀ ਜਿਸ ਦਾ ਬਾਅਦ ਵਿੱਚ ਵਿਆਹ ਨਾ ਹੋਇਆ। ਬਾਕੀ ਤਿੰਨੋਂ ਵਿਆਹੇ ਹੋਏ ਸਨ। ਜਦਕਿ ਮੇਰਾ ਦਾਦਾ ਅਜੀਤ ਸਿੰਘ, ਜੋ ਦਸ ਨੰਬਰੀਆ ਤੇ ਮਸ਼ਹੂਰ ਬਲੈਕੀਆ ਸੀ, ਦੇ ਦੋ ਵਿਆਹ ਹੋਏ ਸਨ। ਪਹਿਲੇ ਵਿਆਹ 'ਚੋਂ ਮੇਰੇ ਦੋ ਤਾਏ ਅਵਤਾਰ ਸਿੰਘ ਤੇ ਗੁਰਦੇਵ ਸਿੰਘ ਅਤੇ ਭੂਆ ਬਿੰਦਰ ਕੌਰ ਸਨ, ਦੂਜੇ ਵਿਆਹ 'ਚੋਂ ਮੇਰਾ ਬਾਪੂ ਬਲਦੇਵ ਸਿੰਘ ਅਤੇ ਭੂਆ ਰਾਜਵਿੰਦਰ ਕੌਰ ਸਨ। ਮੇਰੀ ਦਾਦੀ ਵੀਰ ਕੌਰ ਨੂੰ ਪਿੰਡ ਵਾਲਾ ਘਰ ਹਿੱਸੇ ਆਇਆ ਸੀ ਤੇ ਵੱਡੀ ਦਾਦੀ ਹਰਦੀਪ ਕੌਰ ਨੂੰ ਖੇਤ ਵਾਲਾ ਘਰ । ਇਹ ਖੇਤ ਵਾਲਾ ਘਰ ਅਸਲ 'ਚ ਮੇਰੇ ਦਾਦੇ ਅਤੇ ਤਾਇਆਂ ਦੀ ਤਸਕਰੀ ਅਤੇ ਮਾਰਧਾੜ ਦਾ ਮਾਲ ਸਾਂਭਣ ਲਈ ਹੀ ਸੀ।
ਮੇਰਾ ਜਨਮ ਖੇਤ ਵਾਲੇ ਘਰ ਹੋਇਆ। ਯਾਅਨੀ ਪਹਿਲੀ ਕਲਕਾਰੀ ਉੱਥੇ ਵੱਜੀ ਜਿੱਥੇ ਘੜੇ ਪਾਣੀ ਨਾਲ ਨਹੀਂ ਅਫੀਮ ਨਾਲ ਭਰੇ ਪਏ ਹੁੰਦੇ ਸੀ। ਇੱਥੇ 1976 'ਚ ਇੱਕ ਪੁਲਸ ਮੁਕਾਬਲਾ ਵੀ ਹੋ ਚੁੱਕਾ ਸੀ ਜਿਸ ਵਿੱਚ ਦਬਿਸ਼ ਦੇਣ ਆਈ ਪੁਲਸ ਦੀ ਪੈਦਲ ਟੀਮ ਨੂੰ ਸਾਡੇ ਟੱਬਰ ਨੇ ਸੱਟਾਂ ਮਾਰ ਦਿੱਤੀਆਂ ਸੀ। ਇਸ ਕੇਸ ਵਿੱਚ ਮੇਰੇ ਬਾਪੂ ਨੂੰ ਪਿੰਡ ਵਾਲਿਆਂ ਬਚਾ ਲਿਆ ਸੀ ਕਿਉਂਕਿ ਉਹ ਕਬੱਡੀ ਦਾ ਧਾਕੜ ਖਿਡਾਰੀ ਸੀ ਤੇ ਜਿਸ ਰਾਤ ਇਹ ਕਾਂਡ ਵਾਪਰਿਆ ਮੇਰਾ ਬਾਪੂ ਪਿੰਡ 'ਚ ਹੀ ਚੱਲ ਰਹੇ ਕਬੱਡੀ ਟੂਰਨਾਮੈਂਟ ਦਾ ਹਿੱਸਾ ਸੀ। ਦੂਜੇ ਜੀਆਂ ਨੂੰ ਧਾਰਾ 307 ਅਧੀਨ ਸੱਤ-ਸੱਤ ਸਾਲ ਕੈਦ ਕੱਟਣੀ ਪਈ ਸੀ।
ਮੇਰੇ ਜਨਮ ਤੋਂ ਦੋ ਸਾਲ ਬਾਅਦ ਮੇਰੇ ਛੋਟੇ ਭਰਾ ਭੁਪਿੰਦਰ ਸਿੰਘ ਦਾ ਜਨਮ ਹੋਇਆ। ਉਸ ਤੋਂ ਬਾਅਦ ਇੱਕ ਭੈਣ ਦਾ ਵੀ ਜਨਮ ਹੋਇਆ ਜਿਸ ਦੀ ਜਨਮ ਦੇ ਕੁਝ ਪਲਾਂ ਬਾਅਦ ਹੀ ਮੌਤ ਹੋ ਗਈ। ਮੇਰੇ ਬਾਪੂ ਨੂੰ ਮੇਰੀ ਦਾਦੀ ਨੇ ਬੜੀ ਰੀਝ ਨਾਲ ਪਾਲਿਆ ਸੀ। ਦੱਸਦੇ ਆ ਕਿ ਸਾਡੇ ਘਰ ਦੀ ਜਾਲ੍ਹੀ (ਸਮਾਨ ਰੱਖਣ ਲਈ ਲੱਕੜ ਦੀ ਅਲਮਾਰੀ) ਖੋਏ ਨਾਲ ਭਰੀ ਰਹਿੰਦੀ ਸੀ ਤੇ ਦਿਨ-ਰਾਤ ਦੁੱਧ ਕਾੜ੍ਹਨੀ ਚੜ੍ਹਿਆ ਰਹਿੰਦਾ। ਜੁਆਨ ਹੋਏ ਤੋਂ ਮੇਰਾ ਬਾਪੂ ਕਬੱਡੀ ਖੇਡਣ ਲੱਗ ਪਿਆ ਤੇ ਜਲਦੀ ਹੀ ਉਸ ਦੀ ਜਾਫ਼ ਦੀ ਧਾਕ ਪੂਰੇ ਇਲਾਕੇ 'ਚ ਬਣ ਗਈ। ਇੱਕ ਪਾਸੇ
ਬਚਪਨ ਵਿਚ ਲੇਖਕ (ਵਿਚਕਾਰ) ਆਪਣੀ ਮਾਤਾ ਜਸਵੀਰ ਕੌਰ ਅਤੇ ਭਰਾ ਭੁਪਿੰਦਰ ਸਿੰਘ ਨਾਲ ।
ਮੇਰਾ ਦਾਦਾ ਅਤੇ ਤਾਏ ਕਿਲੋਆਂ ਨਾਲ ਅਫੀਮ ਵੇਚਦੇ ਤੇ ਦੂਜੇ ਪਾਸੇ ਮੇਰਾ ਬਾਪੂ ਦੁੱਧ-ਮੱਖਣਾ ਨਾਲ ਪਲੇ ਜੁਆਨਾਂ ਨੂੰ ਗੁੱਟੋਂ ਫੜ ਕੇ ਨਿੱਸਲ ਕਰ ਦਿੰਦਾ ਪਰ ਇਹ ਸਿਲਸਿਲਾ ਬਹੁਤੀ ਦੇਰ ਨਾ ਚੱਲਿਆ ਤੇ ਮੇਰੇ ਬਾਪੂ ਦਾ ਨਾਤਾ ਅਫੀਮ ਨਾਲ ਜੁੜ ਗਿਆ। ਕਬੱਡੀ ਕੈਰੀਅਰ ਦੇ ਆਖ਼ਰੀ ਦਿਨਾਂ 'ਚ ਉਸ ਦਾ ਵਿਆਹ ਮੇਰੀ ਮਾਂ ਜਸਬੀਰ ਕੌਰ ਨਾਲ 1977 ਨੂੰ ਪਟਿਆਲਾ ਜ਼ਿਲ੍ਹੇ ਦੀ ਦੁਧਨ ਤਹਿਸੀਲ ਦੇ ਪਿੰਡ ਪਠਾਣ ਮਾਜਰਾ ਵਿਖੇ ਹੋਇਆ।
ਮੇਰੇ ਜਨਮ ਤੋਂ ਕੁਝ ਸਾਲਾਂ ਬਾਅਦ ਮੇਰੇ ਬਾਪੂ ਨੇ ਮੇਰੀਆਂ ਅੱਖਾਂ ਸਾਹਮਣੇ ਮੇਰੀ ਮਤਰੇਈ ਭੂਆ ਦਾ ਕਤਲ ਮੇਰੇ ਤਾਏ ਗੁਰਦੇਵ ਸਿੰਘ ਨਾਲ ਰਲ ਕੇ ਕਰ ਦਿੱਤਾ। ਦੋਵਾਂ ਨੂੰ ਭੂਆ ਦੇ ਦੁਸ਼ਮਣ ਪਰਿਵਾਰ ਨਾਲ ਵਰਤ-ਵਰਤਾਅ ਤੋਂ ਇਤਰਾਜ਼ ਸੀ ਜੋ ਵਿਆਹੀ ਤਾਂ ਰਾਜਸਥਾਨ ਸੀ ਪਰ ਜ਼ਮੀਨ ਵਿਕਣ ਤੋਂ ਬਾਅਦ ਪਰਿਵਾਰ ਸਮੇਤ ਸਾਡੇ ਪਿੰਡ ਹੀ ਆ ਕੇ ਰਹਿ ਰਹੀ ਸੀ। ਮੇਰੇ ਬਾਪੂ ਦੇ ਅੰਦਰ ਚਲੇ ਜਾਣ ਤੋਂ ਬਾਅਦ ਮੇਰੀ ਮਾਂ ਨੇ ਕਰੜਾ ਇਮਤਿਹਾਨ ਦਿੱਤਾ। ਉਸ ਨੇ ਆਪਣੀ ਪੱਤ ਵੀ ਬਚਾਈ ਤੇ ਸਾਨੂੰ ਵੀ ਪਾਲਿਆ। ਲੋਕਾਂ ਦਾ ਨਰਮਾ ਚੁਗਣ ਤੋਂ ਇਲਾਵਾ ਮਾਂ ਦੋ-ਦੋ ਮੀਲ ਤੋਂ ਪੱਠੇ ਲੈ ਕੇ ਆਉਂਦੀ ਤੇ ਨਾਲ ਹੀ ਮੇਰੇ ਬਾਪੂ ਦੇ ਕੇਸ ਦੀ ਪੈਰਵੀ ਵੀ ਕਰਦੀ ਰਹੀ। ਆਖ਼ਰ ਦੋ ਸਾਲ ਬਾਅਦ ਮੇਰਾ ਬਾਪੂ ਅਤੇ ਤਾਇਆ ਬਰੀ ਹੋ ਗਏ। ਉਦੋਂ ਤੱਕ ਅਸੀਂ ਵੀ ਸੁਰਤ ਸੰਭਾਲ ਚੁੱਕੇ ਸੀ। ਖਾਸ ਤੌਰ 'ਤੇ ਮੈਂ ਪੰਜ ਸਾਲ ਦੀ ਉਮਰ 'ਚ ਦੇਖੇ ਕਤਲ ਦੇ ਸਦਮੇ ਤੋਂ ਜ਼ਿਆਦਾ ਨਹੀਂ ਤਾਂ ਥੋੜ੍ਹਾ ਬਾਹਰ ਆ ਚੁੱਕਾ ਸੀ। ਬਾਪੂ ਦੀ ਬੁੱਕਲ ਮੁੜ ਹਾਸਲ ਕਰਕੇ ਮੈਂ ਬਾਪੂ ਵੱਲੋਂ ਕਤਲ ਵੇਲੇ ਕੀਤੇ ਗੰਡਾਸਿਆਂ ਦੇ ਵਾਰ ਥੋੜ੍ਹੇ-ਬਹੁਤ ਵਿਸਾਰ ਗਿਆ ਪਰ ਥਾਣਾ ਮੈਂ ਵੀ 9-10 ਸਾਲ ਦੀ ਉਮਰ 'ਚ ਹੀ ਵੇਖ ਲਿਆ।
ਮੇਰੇ ਬਾਪੂ ਦੀ ਭੂਆ ਦਾ ਮੁੰਡਾ ਬੱਗੀ ਟਰੱਕ ਕਲੀਨਰ ਸੀ ਤੇ ਉਨ੍ਹਾਂ ਦੇ ਟਰੱਕ 'ਚ ਕਿਤੇ ਰਸਤੇ 'ਚੋਂ ਅੱਤਵਾਦੀ ਚੜ੍ਹੇ ਸਨ। ਉਹ ਸਾਡੇ ਕੋਲ ਹੀ ਰਹਿੰਦਾ ਸੀ। ਜਿਵੇਂ ਹੀ ਪੁਲਸ ਦੇ ਕੰਨਾਂ ਤੱਕ ਗੱਲ ਪਹੁੰਚੀ ਪੁਲਸ ਨੇ ਸਾਡੇ ਘਰ ਨੂੰ ਘੇਰ ਲਿਆ। ਥਾਣੇਦਾਰ ਕਹਿੰਦਾ ਜਾਂ ਤਾਂ ਕੋਈ ਬੰਦਾ ਦਿਉ ਜਾਂ ਮੈਂ ਜਨਾਨੀਆਂ ਲੈ ਕੇ ਜਾਂਦਾ ਹਾਂ। ਮੈਂ ਥਾਣੇਦਾਰ ਨੂੰ ਆਪ ਈ ਕਹਿ ਦਿੱਤਾ ਕਿ ਮੈਂ ਚੱਲਦਾ ਹਾਂ ਤੁਹਾਡੇ ਨਾਲ। ਮੈਂ ਤਿੰਨ ਦਿਨ ਮਲੋਟ ਦੇ ਸਦਰ ਥਾਣੇ ਰਿਹਾ। ਉਸ ਵੇਲੇ ਥਾਣੇਦਾਰ ਸਵਰਨ ਸਿੰਘ ਸੀ ਜਿਸ ਨੇ ਬੜੇ ਪਿਆਰ ਨਾਲ ਵਿਹਾਰ ਕੀਤਾ। ਤਿੰਨ ਦਿਨ ਬਾਅਦ ਮੇਰੇ ਪਿੰਡ ਵਾਲਾ ਸੁੱਖਾ ਸੁਨਿਆਰਾ ਸਾਰਾ ਮਸਲਾ ਨਿਬੇੜ ਕੇ ਮੈਨੂੰ ਲੈ ਆਇਆ।
ਮੇਰੀ ਪੂਰੀ ਤਰ੍ਹਾਂ ਸੁਰਤ ਸੰਭਲਦਿਆਂ ਤੱਕ ਮੇਰਾ ਬਾਪੂ ਜੋ ਕੱਲ੍ਹ ਤੱਕ ਭਲਵਾਨ ਸੀ ਅੱਜ ਪੱਕਾ ਅਮਲੀ ਬਣ ਚੁੱਕਾ ਸੀ। ਉਹ ਆਵਦੇ ਹਿੱਸੇ 'ਚ ਆਈ ਜ਼ਮੀਨ ਤੋਂ ਇਲਾਵਾ ਮੇਰੇ ਦਾਦੇ ਦੇ ਛੋਟੇ ਭਰਾ ਗੁਰਨਾਮ ਸਿੰਘ ਜਿਸ ਦੀ ਲੱਤ ਕੱਟੀ ਹੋਈ ਸੀ ਦਾ ਵੀ ਹਿੱਸਾ ਵਾਹੁੰਦਾ ਸੀ ਪਰ 10 ਕਿੱਲ੍ਹਿਆਂ ਦੀ ਖੇਤੀ ਕਰਨ ਤੋਂ ਇਲਾਵਾ ਉਹ ਵੀ ਮੇਰੇ ਦਾਦੇ ਅਤੇ ਤਾਏ ਹੋਰਾਂ ਦੀ ਪੈੜ ਤੁਰ ਪਿਆ। ਉਸ ਨੇ ਵੀ ਅਫੀਮ ਅਤੇ ਭੁੱਕੀ ਦੀ ਤਸਕਰੀ ਸ਼ੁਰੂ ਕਰ ਦਿੱਤੀ। ਵੈਸੇ ਉਨ੍ਹਾਂ ਦਿਨਾਂ 'ਚ ਸਾਡੇ ਪਿੰਡ ਦੇ ਬਹੁਤੇ ਘਰ ਤਸਕਰੀ ਹੀ ਕਰਦੇ ਸਨ ਕਿਉਂਕਿ ਫਸਲਾਂ ਨਹੀਂ ਸਨ ਹੁੰਦੀਆਂ। ਇਹ ਗੱਲ ਵੱਖਰੀ ਸੀ ਕਿ ਉਨ੍ਹਾਂ ਦੀ ਤਸਕਰੀ ਦੇਸੀ ਸ਼ਰਾਬ ਤੱਕ ਹੁੰਦੀ ਸੀ ਜਦਕਿ ਮੇਰਾ
ਬਾਪੂ, ਦਾਦਾ ਅਤੇ ਤਾਏ ਪਾਕਿਸਤਾਨ 'ਚੋਂ ਲਿਆ ਕੇ ਅਫੀਮ ਅਤੇ ਕੱਪੜਾ ਵੀ ਵੇਚਦੇ ਹੁੰਦੇ ਸਨ। ਸਾਰਾ ਪਿੰਡ ਕੀ ਪੁਲਸ ਥਾਣੇ ਵੀ ਸਾਡੇ ਇਸ ਅੱਥਰੇ ਖਾਨਦਾਨ ਤੋਂ ਡਰਦੇ ਸੀ ਜਿਸ ਦੀ ਅੱਲ ਹੀ ਲੋਕਾਂ 'ਡਾਕੂ' ਪਾਈ ਹੋਈ ਸੀ। ਬਲੈਕ ਦੇ ਪੈਸੇ ਨਾਲ ਮੇਰੀ ਅਤੇ ਮੇਰੇ ਭਰਾ ਦੀ ਪਰਵਰਿਸ਼ ਸ਼ੁਰੂ ਹੋਈ। ਦਾਦੀ ਮੈਨੂੰ ਬਹੁਤ ਪਿਆਰ ਕਰਦੀ ਹੁੰਦੀ ਸੀ। ਜਦ ਮੈਂ ਪਹਿਲਾਂ ਕਦਮ ਪੁੱਟਿਆ ਤਾਂ ਮੇਰੀ ਦਾਦੀ ਉਨ੍ਹਾਂ ਦਿਨਾਂ 'ਚ ਸਾਈਕਲ ਲੈ ਕੇ ਆਈ ਜਦੋਂ ਇਹ ਕਿਸੇ ਅਮੀਰ ਸ਼ਹਿਰੀ ਬੱਚਿਆਂ ਨੂੰ ਹੀ ਮੁਯੱਸਰ ਹੁੰਦਾ ਸੀ। ਸਾਈਕਲ ਲੈ ਕੇ ਦੇਣ ਤੋਂ ਕੁਝ ਦਿਨ ਬਾਅਦ ਮੇਰੀ ਦਾਦੀ ਨੂੰ ਗੁਰਦੁਆਰੇ ਜਾਂਦਿਆਂ ਹਲਕੇ ਕੁੱਤੇ ਨੇ ਕੱਟ ਲਿਆ ਤੇ ਉਹ ਹਲਕਾਅ ਨਾਲ ਚੱਲ ਵਸੀ।
ਮੇਰੀ ਦਾਦੀ ਦੀ ਮੌਤ ਤੋਂ ਬਾਅਦ ਮੇਰਾ ਬਾਪੂ ਬੁਰੀ ਤਰ੍ਹਾਂ ਟੁੱਟ ਗਿਆ। ਉਹ ਨਸ਼ਾ ਤਾਂ ਕਰਦਾ ਸੀ ਪਰ ਦਾਦੀ ਦੀ ਮੌਤ ਤੋਂ ਬਾਅਦ ਉਹਦਾ ਕੜ੍ਹ ਈ ਟੁੱਟ ਗਿਆ। ਕਬੱਡੀ ਹੁਣ ਉਹਦੇ ਲਈ ਬੀਤ ਗਏ ਦੀ ਗੱਲ ਸੀ ਹੁਣ ਉਸ ਦੀ ਮੰਜ਼ਿਲ ਨਸ਼ਾ ਸੀ, ਨਸ਼ਾ ਖਾਣਾ ਨਸ਼ਾ ਵੇਚਣਾ। ਪਿੰਡ 'ਚੋਂ ਹੀ ਉਸ ਦੇ ਕੁਝ ਦੋਸਤ ਉਸ ਨਾਲ ਰਲ ਗਏ ਤੇ ਸਾਰੇ ਨੌਰਫਿਨ ਦੇ ਟੀਕੇ ਲਾਉਂਣ ਲੱਗ ਪਏ ਪਰ ਬਾਵਜੂਦ ਇਸ ਦੇ ਮੇਰੇ ਬਾਪੂ ਨੇ ਸਾਡੇ ਪਾਲਣ-ਪੋਸ਼ਣ ਵੱਲ ਖ਼ਾਸ ਧਿਆਨ ਦਿੱਤਾ। ਮੈਨੂੰ ਨਰਸਰੀ 'ਚ ਉਸ ਨੇ ਅਬੋਹਰ ਦੇ ਇੱਕ ਮਸ਼ਹੂਰ ਸਕੂਲ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ 'ਚ ਦਾਖਲ ਕਰਵਾ ਦਿੱਤਾ। ਮੈਂ ਸ਼ੁਰੂ ਤੋਂ ਹੀ ਬਾਹਰੋਂ ਸ਼ਾਂਤ ਪਰ ਅੰਦਰੋਂ ਬੜਾ ਚੰਚਲ ਹੁੰਦਾ ਸੀ। ਹਰ ਗੱਲ ਗਹੁ ਨਾਲ ਸੁਣੋ, ਕਿਸੇ ਤੋਂ ਕੁਝ ਲੈ ਕੇ ਨਹੀਂ ਖਾਣਾ, ਲੋੜ ਪੈਂਣ 'ਤੇ ਕੁੱਟ ਖਾਣੀ ਨਹੀਂ ਕੁੱਟਣੈ, ਕਿਸੇ ਅਨਜਾਣ ਕੋਲ ਖੜ੍ਹਨਾ ਨਹੀਂ, ਇਹੋ ਜਿਹੇ ਆਦੇਸ਼ ਮੈਨੂੰ ਅਤੇ ਮੇਰੇ ਵੱਡੇ ਤਾਏ ਦੇ ਮੁੰਡੇ ਹਰਜਿੰਦਰ ਸਿੰਘ ਬੱਬੀ ਨੂੰ ਘਰੋਂ ਹੁੰਦੇ ਸਨ। ਸਾਡੇ ਪਿੰਡੋਂ ਅਬੋਹਰ 22 ਕੁ ਕਿਲੋਮੀਟਰ ਦੂਰ ਸੀ ਤੇ ਸਾਨੂੰ ਇੱਕ ਸਕੂਲ ਵੈਨ ਸਕੂਲ ਲੈ ਕੇ ਜਾਂਦੀ ਜੋ ਸ਼ਾਮ ਨੂੰ ਸਾਡੇ ਪਿੰਡ ਹੀ ਆ ਖੜ੍ਹਦੀ। ਡਰਾਇਵਰ, ਜੋ ਬਜ਼ੁਰਗ ਸੀ ਪਰ ਅਫੀਮ ਦਾ ਬੜਾ ਸ਼ੌਂਕੀ ਸੀ ਸਾਡੇ ਘਰਦਿਆਂ ਕੋਲੋਂ ਮਾਵਾ ਛੱਕ ਲੈਂਦਾ ਤੇ ਸਾਡੀ ਦੂਜੇ ਬੱਚਿਆਂ ਨਾਲੋਂ ਵੱਖਰੀ ਦੇਖ-ਭਾਲ ਕਰਦਾ। 'ਰਾਜਿਆਂ ਘਰ ਕਿਹੜਾ ਮੋਤੀਆਂ ਦਾ ਕਾਲ ਹੁੰਦੈ" ਸਾਡੇ ਵਢੇਰਿਆਂ ਨੂੰ ਮਾਸਾ-ਤੋਲੇ ਅਫੀਮ ਨਾਲ ਕੀ ਫ਼ਰਕ ਪੈਂਦਾ ਜਿੱਥੇ ਅਫੀਮ ਕਿਲੋਆਂ ਨਾਲ ਨਹੀਂ ਪੰਸੇਰੀਆਂ ਨਾਲ ਪਈ ਰਹਿੰਦੀ। ਇੱਕ ਵਾਰ ਸਕੂਲ ਜਾਂਦਿਆਂ ਮੈਨੂੰ ਰਸਤੇ 'ਚ ਭੁੱਖ ਲੱਗ ਗਈ। ਜਦੋਂ ਰੋਟੀ ਵਾਲਾ ਡੱਬਾ ਖੋਲਿਆ ਤਾਂ ਉਹ ਅਫੀਮ ਨਾਲ ਭਰਿਆ ਪਿਆ ਸੀ। ਮੇਰੀਆਂ ਚੀਕਾਂ ਨਿਕਲ ਗਈਆਂ। ਮੇਰੇ ਤਾਏ ਦੇ ਮੁੰਡੇ ਨੇ ਮੌਕਾ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਕੁਵੇਲਾ ਹੋ ਚੁੱਕਾ ਸੀ। ਵੈਨ ਦਾ ਡਰਾਇਵਰ ਜੋ ਬਾਬੇ ਦੀ ਛੁੱਟੀ ਕਟਾਉਣ ਆਇਆ ਸੀ ਆ ਕੇ ਡੱਬੇ 'ਤੇ ਝਪਟ ਪਿਆ ਤੇ ਉਸ ਨੇ ਡੱਬਾ ਕਬਜ਼ੇ 'ਚ ਲੈ ਲਿਆ। ਘਰ ਆਇਆ ਤਾਂ ਡੱਬੇ ਬਾਰੇ ਪੁੱਛਗਿੱਛ ਹੋਈ। ਅਗਲੇ ਦਿਨ ਮੇਰੇ ਬਾਪੂ ਨੇ ਉਹ ਵੈਨ ਵਾਲਾ ਡਰਾਇਵਰ ਜਾ ਘੇਰਿਆ। ਉਹ ਪਤੰਦਰ ਵੀ ਕਮਾਲ ਨਿਕਲਿਆ। ਉਸ ਨੇ ਬੜੀ ਇਮਾਨਦਾਰੀ ਨਾਲ ਦੱਸਿਆ ਕਿ ਡੱਬੇ 'ਚੋਂ ਕੁਝ ਮੈਂ ਛੱਕ ਲਈ, ਕੁਝ ਵੰਡ ਦਿੱਤੀ ਤੇ ਕੁਝ ਰੱਖ ਲਈ ਹੈ। ਉਸ ਨੇ ਅੱਧੀ-ਪਚੱਧੀ ਅਫੀਮ ਵਾਪਸ ਕਰ ਦਿੱਤੀ।
ਦੋ ਸਾਲ ਅਬੋਹਰ ਜਾਣ ਤੋਂ ਬਾਅਦ ਮੈਨੂੰ ਹਟਾ ਕੇ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਦਾਖਲ ਕਰਵਾ ਦਿੱਤਾ ਗਿਆ। ਇੱਥੇ ਸ਼ਹਿਰੀ ਸਕੂਲ ਨਾਲੋਂ ਮਾਹੌਲ ਵੱਖਰਾ ਸੀ। ਇੱਥੇ ਮੇਰੀ ਕੱਛ 'ਚ ਇੱਕ ਬੋਰੀ ਹੁੰਦੀ ਜਿਸ ਨੂੰ ਵਿਛਾ ਕੇ ਭੁੰਜੇ ਬੈਠਣਾ ਹੁੰਦਾ। ਹੱਥ 'ਚ ਫੱਟੀ ਤੇ ਮੋਢੇ ਬੋਰੀ ਦਾ ਬਸਤਾ। ਅਸੀਂ ਰੁੱਖਾਂ ਥੱਲੇ ਭੁੰਜੇ ਬੈਠਿਆ ਕਰਦੇ। “ਇੱਕ ਦੂਣੀ ਦੂਣੀ ਦੋ ਦੂਣੀ ਚਾਰ", "ਕਲਾਸ ਸਟੈਂਡ ਜੈ ਹਿੰਦ" ਜਿਹੀਆਂ ਸੁਰੀਲੀਆਂ ਧੁਨੀਆਂ ਨੇ ਦਿਹਾਤੀ ਸਕੂਲ 'ਚ ਵੀ ਦਿਲ ਲੁਆ ਦਿੱਤਾ। ਯਾਦਾ, ਦਰਸ਼ਨ, ਦਵਿੰਦਰ, ਘੈਂਟੀ, ਸ਼ਾਨ੍ਹੀ ਆਦਿ ਮੇਰੇ ਦੋਸਤ ਬਣ ਗਏ। ਕਈ ਵਾਰ ਸਕੂਲੋਂ ਆਉਂਦਿਆਂ ਸਿੰਙ ਵੀ ਫਸ ਜਾਂਦੇ। ਇਸ ਮਹਾਂਭਾਰਤ ਵਿੱਚ ਕਿਨਾਰੇ ਲਾਹ ਕੇ ਸਲੇਟਾਂ ਅਤੇ ਫੱਟੀਆਂ ਨੂੰ ਖੁੱਲ੍ਹ ਕੇ ਵਰਤਿਆ ਜਾਂਦਾ।
ਲੜਾਈ ਦੇ ਗੁਣ ਤਾਂ ਜਮਾਂਦਰੂ ਹੀ ਸਨ ਉੱਤੋਂ ਤਾਏ ਦਾ ਮੁੰਡਾ ਬੱਬੀ ਨਾਲ ਪੜ੍ਹਦਾ ਸੀ ਜੀਹਦੇ ਤੋਂ ਸਾਰਾ ਹੀ ਸਕੂਲ ਡਰਦਾ ਸੀ ਪਰ ਜਲਦੀ ਹੀ ਉਹ ਸਕੂਲੋਂ ਹੱਟ ਗਿਆ। ਹੱਟਣ ਦਾ ਕਾਰਨ ਇਹ ਸੀ ਕਿ ਪਿੰਡ ਦੇ ਇੱਕ ਵਿਗੜੇ ਸ਼ਰਾਬੀ ਕੁਲਵੰਤ ਕੱਤੂ ਨੇ ਉਸ ਨੂੰ ਗਾਲ੍ਹ ਕੱਢ ਦਿੱਤੀ ਤੇ ਉਸ ਨੇ ਅੱਗਿਓਂ ਉਸ ਦੀਆਂ ਵਰਾਸ਼ਾਂ ਛਿੱਲ ਘੱਤੀਆਂ। ਸਕੂਲੋਂ ਉਹ ਪਹਿਲਾਂ ਈ ਜਾਨ ਛੁਡਾਉਂਦਾ ਸੀ ਹੁਣ ਉਸ ਨੂੰ ਬਹਾਨਾ ਮਿਲ ਗਿਆ ਕਿ ਛੁਰੀਬਾਜ਼ ਕੱਤੂ ਉਸ ’ਤੇ ਕਿਸੇ ਵੇਲੇ ਵੀ ਗੁਰੀਲਾ ਹਮਲਾ ਕਰ ਸਕਦਾ ਹੈ ਮੈਂ ਸਕੂਲ ਨਹੀਂ ਜਾਵਾਂਗਾ। ਉਸ ਦੇ ਹੱਟਣ ਪਿੱਛੋਂ ਆਪਾਂ ਥੋੜ੍ਹਾ ਸੰਭਲ ਗਏ ਤੇ ਜਲਦੀ ਹੀ ਪੰਜਵੀਂ ਪਾਸ ਕਰ ਗਏ। ਪਿੰਡ ਦੇ ਹੀ ਮਿਡਲ ਸਕੂਲ 'ਚ ਮੇਰਾ ਮੁੜ ਦਾਖਲਾ ਹੋ ਗਿਆ।
ਸ਼ਾਹੀ ਰੁੱਤ ਦੀਆਂ ਮੌਜਾਂ
ਜਦੋਂ ਬੱਚਾ ਮਿਡਲ ਸਕੂਲ 'ਚ ਪੁੱਜਦਾ ਹੈ ਤਾਂ ਭੋਲੇ ਬਚਪਨ ਦੀਆਂ ਬੇਪ੍ਰਵਾਹੀਆਂ ਪਿੱਛੇ ਛੁੱਟ ਜਾਂਦੀਆਂ ਹਨ। ਫਿਰ ਸੁਫ਼ਨੇ ਵੀ ਥੋੜ੍ਹੇ ਅੰਗੜਾਈਆਂ ਲੈਣ ਲੱਗ ਪੈਂਦੇ ਹਨ। ਅਸੀਂ ਪ੍ਰਾਇਮਰੀ ਸਕੂਲ 'ਚ ਖੋ-ਖੋ ਖੇਡਦੇ ਹੁੰਦੇ ਸੀ। ਖੋ-ਖੋ 'ਚ ਪ੍ਰਾਇਮਰੀ ਸਕੂਲ ਖੇਡਾਂ 'ਚ ਭਾਗ ਲੈ ਕੇ ਅਸੀਂ ਇੱਕ ਕਾਪੀ-ਪੈਨਸਲ ਦਾ ਇਨਾਮ ਵੀ ਜਿੱਤਿਆ। ਕਦੇ-ਕਦੇ ਸਕੂਲ 'ਚ ਪਿੱਠੂ ਗਰਮ ਕਰਨਾ ਵੀ ਖੇਡਦੇ। ਵਾਂਝੀ ਵਿੱਚ ਵੀ ਸਾਡੀ ਚੰਗੀ ਫੜੋ-ਫੜਾਈ ਹੁੰਦੀ। ਕਦੇ-ਕਦੇ ਅਸੀਂ ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਕਿਰਲ-ਕਾਂਘਾ ਵੀ ਖੇਡਦੇ। ਰੁੱਖਾਂ 'ਤੇ ਚੜ੍ਹ ਕੇ ਖੇਡੀ ਜਾਣ ਵਾਲੀ ਇਸ ਖੇਡ ਲਈ ਛੁੱਟੀ ਦਾ ਇੰਤਜ਼ਾਰ ਇਸ ਲਈ ਕਰਨਾ ਪੈਂਦਾ ਕਿਉਂਕਿ ਮਾਸਟਰ ਸਕੂਲ ਲੱਗੇ 'ਚ ਅਜਿਹਾ ਕਰਨ 'ਤੇ ਫੈਂਟਾ ਚਾੜ੍ਹਦੇ।
ਸਕੂਲੋਂ ਆ ਕੇ ਮੈਂ ਤੇ ਸਾਡਾ ਗੁਆਂਢੀ ਤੇ ਮੇਰਾ ਜਿਗਰੀ ਯਾਰ ਸਰਵਨ ਸਕੂਟਰ ਜਾਂ ਸਾਈਕਲ ਦੇ ਟਾਇਰ ਗਲੀਆਂ 'ਚ ਭਜਾਉਂਦੇ। ਹੱਥ ਜਾਂ ਛੋਟੇ ਜਿਹੇ ਡੰਡੇ ਨਾਲ ਰੇੜ੍ਹੇ ਸਾਡੇ ਟਾਇਰ ਇਸ ਤਰ੍ਹਾਂ ਛੂਕਦੇ ਜਾਂਦੇ ਜਿਵੇਂ ਸੜਕ 'ਤੇ ਕੋਈ ਟਰੱਕ ਪੈਲ੍ਹਾਂ ਪਾਉਂਦਾ ਹੈ। ਪਿੱਛੇ ਅਸੀਂ ਵੀ ਮਿਲਖਾ ਸਿੰਘ ਵਾਂਗ ਫੁੱਲ ਸਪੀਡਾਂ 'ਤੇ ਟਾਹਰਾਂ ਲਾਉਂਦੇ ਜਾਂਦੇ। ਕਈ ਵਾਰ ਚੋਰ-ਸਿਪਾਹੀ ਖੇਡਦਿਆਂ ਅਸੀਂ ਕਈ-ਕਈ ਮੀਲ ਸਫ਼ਰ ਤੈਅ ਕਰ ਆਉਂਦੇ। ਇੱਕ ਵਾਰ ਸ਼ਰਾਰਤ ਨਾਲ ਅਸੀਂ ਭੂੰਡ (ਟੈਂਪੂ) ਪਿੱਛੇ ਚੜ੍ਹ ਗਏ। ਅਗਲੇ ਪਿੰਡ ਤੋਂ ਪਹਿਲਾਂ ਮੇਰਾ ਸਾਥੀ ਦਵਿੰਦਰ ਤਾਂ ਛਾਲ ਮਾਰ ਕੇ ਉਤਰ ਗਿਆ ਪਰ ਜਦੋਂ ਮੈਂ ਉਤਰਨ ਲੱਗਿਆ ਤਾਂ ਆਲੂ ਵਾਂਗ ਛਿੱਲਿਆ ਗਿਆ। ਰਹਿੰਦੀ ਕਸਰ ਬਾਪੂ ਨੇ ਘਰ ਆਏ ਨੂੰ ਛਿੱਲ ਕੇ ਪੂਰੀ ਕਰ ਦਿੱਤੀ। ਬਾਪੂ ਦੀ ਕੁੱਟ ਦਾ ਆਪਣੇ ਨਾਲ ਕੁਝ ਖ਼ਾਸ ਹੀ ਪਿਆਰ ਸੀ ਤੇ ਸ਼ਰਾਰਤਾਂ ਵੀ ਭੋਲਪੁਣੇ 'ਚ ਅਕਸਰ ਹੋ ਜਾਂਦੀਆਂ।
ਇੱਕ ਵਾਰੀਂ ਮੇਰਾ ਦੋਸਤ ਸਰਵਨ ਚੁੰਬਕ ਨਾਲ ਖੇਡ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਆਹ ਕੀ ਬਲਾ ਹੈ? ਉਸ ਨੇ ਦੱਸਿਆ ਕਿ ਇਹ ਚੁੰਬਕ ਹੈ। ਮੈਂ ਪੁੱਛਿਆ ਕਿ ਇਹ ਕਿੱਥੋਂ ਮਿਲਦੈ? ਉਸ ਨੇ ਦੱਸ ਦਿੱਤਾ ਕਿ ਇਹ ਟੇਪ ਰਿਕਾਰਡ ਜਾਂ ਰੇਡੀਉ ਦੇ ਸਪਕੀਰ 'ਚ ਹੁੰਦਾ ਹੈ। ਬੱਸ ਫੇਰ ਕੀ ਸੀ ਮੈਂ ਘਰ ਆ ਕੇ ਬਾਪੂ ਵਾਲੀ ਟੇਪ ਰਿਕਾਰਡ ਨੂੰ ਕੁੱਟ-ਕੁੱਟ ਚਿੱਬਾ ਕਰਕੇ ਚੁੰਬਕ ਕੱਢ ਲਿਆ। ਸਾਡਾ ਬਾਪੂ ਘਰ ਆਇਆ ਤਾਂ ਉਸ ਨੇ ਛੋਟੇ (ਭਰਾ) ਨੂੰ ਕਿਹਾ ਕਿ ਟੇਪ ਰਿਕਾਰਡ ਲਿਆ। ਜਦੋਂ ਉਸ ਨੇ ਟੇਪ ਰਿਕਾਰਡ ਦੀ ਥਾਂ ਉਹਦਾ ਮਲਬਾ ਬਾਪੂ ਦੀ ਤਲੀਏ ਲਿਆ ਧਰਿਆ ਤਾਂ ਬਾਪੂ ਦੀਆਂ ਅੱਖਾਂ 'ਚ ਲਹੂ ਉਤਰ ਆਇਆ। ਰੂੜ੍ਹੀ ’ਤੇ ਪਾ ਕੇ ਮੇਰੀ 'ਸੇਵਾ' ਕੀਤੀ ਗਈ । ਇੱਕ ਹੋਰ ਘਟਨਾ ਮੈਨੂੰ ਯਾਦ ਹੈ। ਇੱਕ ਵਾਰ ਸਕੂਲੋਂ ਛੁੱਟੀ ਸੀ। ਅਸੀਂ ਦੋਵੇਂ ਭਰਾ ਅਤੇ ਸਰਵਨ ਹੋਰੀਂ ਦੋਵੇਂ ਭਰਾ ਸਕੂਲ ਖੇਡਣ ਚਲੇ ਗਏ। ਐਸਾ ਮੈਚ ਫਸਿਆ ਕਿ ਤਿੰਨ ਵੱਜ ਗਏ। ਬਾਪੂ ਸਾਡੇ ਨੇ ਟਿਫ਼ਨ 'ਚ ਰੋਟੀ
ਦਸਵੀਂ 'ਚ ਪੜ੍ਹਦਿਆਂ ਆਪਣੇ ਮਿੱਤਰਾਂ ਨਾਲ ਲੇਖਕ (ਸੱਜਿਓਂ ਪਹਿਲਾ)
ਪਾਈ ਤੇ ਲਿਆ ਰੱਖੀ ਸਾਡੇ ਮੈਦਾਨ ਅੰਦਰ। ਮੈਂ ਜਖ਼ਦੇ ਜਿਹੇ ਨੇ ਪੁੱਛਿਆ "ਭਾਪਾ! ਆਹ ਕੀ ਐ?" ਬਾਪੂ ਕਹਿੰਦਾ "ਮਖਿਆ ਮੇਰੇ ਪੁੱਤ ਕਮਾਈ ਕਰਨ ਗਏ ਆ ਚੱਲ ਮੈਂ ਰੋਟੀ ਦੇ ਆਵਾਂ। ਐਵੇਂ ਕੰਮ ਛੱਡਕੇ ਘਰ ਨੂੰ ਭੱਜਣਗੇ।" ਸਰਵਨ ਦੇ ਡੈਡੀ ਤੇ ਸਾਡੇ ਚਾਚੇ ਗੁਰਦੀਪ ਸਿੰਘ ਭੁੱਲਰ ਤੋਂ ਸਾਨੂੰ 1987-88 ਵਿੱਚ ਕ੍ਰਿਕਟ ਦਾ ਚਸਕਾ ਲੱਗ ਗਿਆ। ਚਾਚਾ ਭੁੱਲਰ ਓਨ੍ਹਾ ਦਿਨਾਂ 'ਚ ਹੱਲ ਵਾਹੁੰਦਾ ਵੀ ਰੇਡੀਉ ਕੰਨ ਨਾਲ ਲਾਈ ਰੱਖਦਾ ਹੁੰਦਾ ਸੀ। ਸਾਡੇ ਘਰ ਦਾ ਵਿਹੜਾ ਕਾਫ਼ੀ ਖੁੱਲ੍ਹਾ ਸੀ। ਅਸੀਂ ਇਸ ਨੂੰ ਕ੍ਰਿਕਟ ਸਟੇਡੀਅਮ ਵੱਜੋਂ ਵਰਤਦੇ ਜਿੱਥੇ ਕੱਪੜੇ ਧੋਣ ਵਾਲੇ ਥਾਪਿਆਂ ਨਾਲ ਚੌਕੇ-ਛੱਕੇ ਖੂਬ ਵਰਸਦੇ। ਕਈ ਵਾਰ ਮੈਂ ਤੇ ਸਰਵਨ ਵਿਚਾਲੇ ਮੰਜੀ ਖੜ੍ਹੀ ਕਰਕੇ ਪੇਪਰ ਦੇਣ ਵਾਲੇ ਫੱਟਿਆਂ ਨਾਲ ਟੈਨਿਸ ਖੇਡਣ ਲੱਗ ਪੈਂਦੇ। ਪਲਾਸਟਿਕ ਦੀਆਂ ਬੋਤਲਾਂ 'ਚ ਪਾਣੀ ਭਰਕੇ ਰੱਖ ਲੈਂਦੇ ਤੇ ਫੇਰ ਘੁੱਟਾਂ-ਬਾਟੀ ਪੀ ਕੇ ਖੁਦ ਨੂੰ ਰਮੇਸ਼ ਕ੍ਰਿਸ਼ਨਨ ਤੇ ਜਾਨ ਮਕੈਨਰੋ (ਤੱਤਕਾਲੀਨ ਟੈਨਿਸ ਸਟਾਰ) ਸਮਝਿਆ ਕਰਦੇ। ਸਚਿਨ ਤੇਂਦੁਲਕਰ ਦਾ ਪਹਿਲਾ ਕ੍ਰਿਕਟ ਮੈਚ ਅਸੀਂ ਸਾਡੇ ਘਰ ਖੇਡਦਿਆਂ ਹੀ ਟੈਲੀਵਿਜ਼ਨ 'ਤੇ ਦੇਖਿਆ ਸੀ। ਇਸ ਤਰ੍ਹਾਂ ਖੇਡਾਂ 'ਚ ਰੁਚੀ ਪੈਦਾ ਹੋ ਗਈ ਜਾਂ ਇੰਝ ਆਖ ਲਈਏ ਤਾਂ ਕੁਥਾਂ ਨਹੀਂ ਹੋਵੇਗਾ ਕਿ ਖੇਡਾਂ ਰੱਤ 'ਚ ਰੱਚ ਗਈਆਂ।
ਰਣ ਜੂਝਣ ਦਾ ਚਾਉ
ਜਦੋਂ ਮੈਂ ਅਬੋਹਰ ਪੜ੍ਹਦਾ ਹੁੰਦਾ ਸੀ ਤਾਂ ਉਸ ਸਕੂਲ ਦੀ ਇੱਕ ਕਬੱਡੀ ਟੀਮ ਹੁੰਦੀ ਸੀ। ਜਿਸ ਵਿੱਚ ਉਸ ਵੇਲੇ ਦੇ ਨਾਮਵਰ ਕਬੱਡੀ ਖਿਡਾਰੀ ਖੇਡਦੇ ਸਨ। ਇਹ ਜਦੋਂ ਪ੍ਰੈਕਟਿਸ ਕਰਦੇ ਤਾਂ ਇੰਨ੍ਹਾਂ ਦੇ ਲਿਸ਼ਕਦੇ ਪਿੰਡੇ ਮੈਨੂੰ ਬੜੀ ਖਿੱਚ ਪਾਉਂਦੇ। ਪਿੰਡ ਆਇਆ ਤਾਂ ਮਿਡਲ ਸਕੂਲ ਦੇ ਗਰਾਊਂਡ 'ਚ ਸ਼ਾਮ ਨੂੰ ਖਿਡਾਰੀ ਖੇਡਣ ਆ ਜਾਂਦੇ। ਮੈਂ ਉਨ੍ਹਾਂ ਨੂੰ ਨੀਝ ਨਾਲ ਵੇਖਦਾ। ਉਨ੍ਹਾਂ ਦੇ ਪੱਟਾਂ 'ਚ ਪੈਂਦੀਆਂ ਘੁੱਗੀਆਂ ਵੇਖ ਕੇ ਮੇਰੀਆਂ ਨਾੜਾਂ 'ਚ ਰੱਤ ਬੋਲੀਆਂ ਪਾਉਂਣ ਲੱਗਦੀ। ਮੈਨੂੰ ਅਜੀਬ ਜਿਹੇ ਨਸ਼ੇ ਦਾ ਅਹਿਸਾਸ ਹੁੰਦਾ। ਉੱਤੋਂ ਲੋਕਾਂ ਨੇ ਭਲਵਾਨ ਦਾ ਮੁੰਡਾ ਕਹਿਕੇ ਸੰਬੋਧਨ ਕਰਨਾ ਤਾਂ ਸੀਨਾ ਫੁੱਲ ਕੇ ਤੂੜੀ ਦਾ ਕੁੱਪ ਹੋ ਜਾਂਦਾ। ਨਾਲੇ ਕਹਿੰਦੇ ਆ ਭਲਵਾਨ ਦਾ ਖੂਨ ਸੱਤ ਪੀੜ੍ਹੀਆਂ ਬਾਅਦ ਵੀ ਉੱਬਲ ਪੈਂਦਾ ਹੈ, ਮੇਰੇ ਕੰਨ੍ਹਾਂ ਚ ਤਾਂ ਮੇਰੇ ਬਾਪ ਦੀਆਂ ਕੁਝ ਸਾਲ ਪਹਿਲਾਂ ਮਾਰੀਆਂ ਕੈਚੀਆਂ ਦੇ ਕਿੱਸੇ ਪੈਂਦੇ ਸਨ। ਪਰ ਮੇਰਾ ਕੋਮਲ ਹਿਰਦਾ ਉਦੋਂ ਏ ਕੇ-47 ਦੇ ਵੱਜੇ ਬਰਸ਼ਟ ਵਾਂਗੂ ਛਨਣੀ ਹੋ ਜਾਂਦਾ ਜਦੋਂ ਕੋਈ ਆਖਦਾ "ਜੱਲੂ (ਮੇਰੇ ਬਾਪੂ ਦਾ ਛੋਟਾ ਨਾਂਅ) ਜੇ ਨਸ਼ੇ ’ਤੇ ਨਾ ਲੱਗਦਾ ਤਾਂ ਕਬੱਡੀ 'ਚ ਪਿੰਡ ਦੀ ਅੱਜ ਵੀ ਝੰਡੀ ਹੁੰਦੀ।" ਮੈਂ ਉਦੋਂ ਮੁੱਠੀਆਂ ਮੀਚ ਲੈਂਦਾ। ਮੇਰੇ ਸੀਨੇ 'ਚੋਂ ਲਾਟ ਨਿਕਲਦੀ ਕਿ ਮੇਰੇ ਬਾਪੂ ਨੇ ਆਖ਼ਰ ਅਜਿਹਾ ਕਿਉਂ ਕੀਤਾ? ਇਹ ਦੂਜਾ ਮੌਕਾ ਸੀ ਜਦੋਂ ਮੈਨੂੰ ਆਪਣੇ ਬਾਪੂ ਤੋਂ ਘ੍ਰਿਣਾ ਜਿਹੀ ਹੋਣ ਲੱਗੀ। ਪਹਿਲਾ ਮੌਕਾ ਉਹ ਸੀ ਜਦੋਂ ਸੁਰਤ ਸੰਭਲਦਿਆਂ ਦਿਨੇ ਦੇਵਤਾ ਲੱਗਣ ਵਾਲੇ ਬਾਪ ਨੂੰ ਰਾਤ ਰਾਖਸ਼ਸ ਬਣਕੇ ਮਾਂ ਨੂੰ ਕੁੱਟਦਾ ਵੇਖਿਆ ਸੀ। ਇਸੇ ਨਫ਼ਰਤ ਦੇ ਚੱਲਦਿਆਂ ਤੇ ਲੋਕਾਂ ਕੋਲੋਂ ਸੂਲਾਂ ਜਿਹੀਆਂ ਗੱਲਾਂ ਸੁਣਦਿਆਂ ਮੈਂ ਛੇਵੀਂ ਦੇ ਆਖ਼ਰ 'ਚ ਆਉਂਦਿਆਂ ਫ਼ੈਸਲਾ ਕਰ ਲਿਆ ਕਿ ਜੋ ਲੰਗੋਟਾ ਮੇਰੇ ਬਾਪੂ ਨੇ ਕਿੱਲ੍ਹੀ ਟੰਗ ਦਿੱਤੈ ਮੈਂ ਉਸ ਨੂੰ ਪਾ ਕੇ ਰਣ 'ਚ ਨਿੱਤਰਾਂਗਾ।
ਜਦੋਂ ਮਾਂ ਨੂੰ ਦੱਸਿਆ ਕਿ ਮੈਂ ਕਬੱਡੀ ਖੇਡਣੀ ਹੈ ਤਾਂ ਉਹ ਪਿੱਟ ਉਠੀ ਕਿ ਅੱਗੇ ਤੇਰੇ ਪਿਉ ਨੇ ਕਬੱਡੀ 'ਚੋਂ ਹੀ ਭੱਤਾ ਭੰਨਾਇਆ ਹੈ। ਮਾਂ ਕਬੱਡੀ ਦੇ ਹੱਕ ਚ ਨਹੀਂ ਸੀ ਪਰ ਇੱਕ ਖੁੰਝੇ ਖਿਡਾਰੀ ਲਈ ਇਸ ਤੋਂ ਵਧੀਆ ਗੱਲ ਕੀ ਹੋਵੇਗੀ ਕਿ ਉਸ ਦੀ ਔਲਾਦ ਉਸ ਦੇ ਬੇਜ਼ਾਰ ਸੁਫ਼ਨਿਆਂ ਨੂੰ ਪ੍ਰਵਾਜ਼ ਦੇਣ ਲਈ ਨਿੱਤਰ ਪਵੇ। ਬਾਪੂ ਦੇ ਜੋਰ ਪਾਉਣ 'ਤੇ ਮਾਂ ਨੇ ਆਖਿਆ ਕਿ ਪੇਪਰ ਦੇ ਕੇ ਖੇਡਣਾ ਸ਼ੁਰੂ ਕਰੀ ਪਰ ਬਾਪੂ ਨੇ ਕਿਹਾ ਕਿ ਮਿਹਨਤ (ਕਸਰਤ) ਸ਼ੁਰੂ ਕਰਦੇ। ਜਦੋਂ ਕਿਤੇ ਮੈਂ ਤੇ ਬਾਪੂ ਖੇਤ ਜਾਂਦੇ ਜਾਂ ਘਰ 'ਚ ਦਾਅ ਲੱਗਦਾ ਤਾਂ ਜਿਵੇਂ-ਜਿਵੇਂ ਮੇਰਾ ਬਾਪੂ ਮੈਨੂੰ ਕਬੱਡੀ ਦੇ ਦਾਅ-ਪੇਚ ਸਿਖਾ ਰਿਹਾ ਸੀ ਓਵੇਂ ਓਵੇਂ 'ਅਸੀਂ ਗੁੱਥਮ-ਗੁੱਥਾ ਹੋ ਜਾਂਦੇ। ਮੈਂ ਦਿਲ 'ਚ ਪਲੀ ਨਫ਼ਰਤ ਦੀ ਖੇਤੀ ਨੂੰ ਉਜਾੜਦਾ ਜਾ ਰਿਹਾ ਸਾਂ । ਬਾਪੂ ਨੇ ਗੁੱਟ
ਗਿਆਰਵੀਂ 'ਚ ਪੜ੍ਹਦਿਆਂ ਪਿੰਡ ਜੋਧਪੁਰ ਵਿਖੇ ਕਬੱਡੀ ਟੂਰਨਾਂਮੈਂਟ (1996) ਦੌਰਾਨ ਰੇਡ ਪਾਉਂਦਾ ਹੋਇਆ ਲੇਖਕ।
ਫੜ ਕੇ ਕੈਂਚੀ ਮਾਰਨੀ ਸਿਖਾ ਦਿੱਤੀ। ਮੈਂ ਰੇਡ ਕਰਨ (ਕਬੱਡੀ ਪਾਉਣ) ਦੀ ਮੁੱਢਲੀ ਟ੍ਰੇਨਿੰਗ ਵੀ ਲੈ ਲਈ। ਸਵੇਰੇ ਤਿੰਨ ਵਜੇ ਮੈਂ ਉੱਠਦਾ ਤੇ ਤੇਲ ਮਲ ਕੇ ਭੱਜਣ ਨਿਕਲ ਜਾਂਦਾ। ਮੇਰੇ ਹਾਣੀਆਂ ਨੂੰ ਕੋਈ ਖ਼ਬਰ ਨਹੀਂ ਸੀ ਕਿ ਮੈਂ ਕੀ ਕਰ ਰਿਹਾ ਹਾਂ। ਮੈਂ 5-5 ਕਿਲੋਮੀਟਰ ਦੌੜ ਤੋਂ ਇਲਾਵਾ ਨਿੱਤਨੇਮ ਨਾਲ ਸਪਰਿੰਟਾਂ (ਪੂਰੇ ਜ਼ੋਰ ਨਾਲ ਥੋੜ੍ਹੀ ਵਾਟ ਦੀ ਦੌੜ) ਲਾਉਂਦਾ।
ਇਸੇ ਦੌਰਾਨ ਮੇਰੇ ਬਾਪੂ ਨੇ ਕਿਹਾ ਕਿ ਵੇਟ (ਕਸਰਤ ਲਈ ਲੋਹੇ ਦੀਆਂ ਚੱਕਰੀਆਂ) ਲੈ ਆ। ਮੈਂ ਮਲੋਟ 'ਚੋਂ ਪਤਾ ਕੀਤਾ ਪਰ ਕਿਸੇ ਦੁਕਾਨ ਤੋਂ ਮੈਨੂੰ ਵੇਟ ਨਾ ਮਿਲਿਆ। ਆਖ਼ਰ ਮੈਂ ਸਾਡੇ ਗੁਆਂਢ 'ਚ ਰਹਿਣ ਵਾਲੇ ਰਾਮਦਾਸੀਆ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੂੰ ਨਾਲ ਲਿਆ ਤੇ ਮੁਕਤਸਰ ਜਾ ਵੱਜਾ। ਤਿਲਕੀ ਨਾਂਅ ਦਾ ਇਹ ਸੁਮੱਧਰ ਜਿਹਾ ਅੱਤ ਦਾ ਤੇਜ ਸੀ ਤੇ ਉਸ ਸਮੇਂ ਮਲੋਟ ਦੀ ਮਸ਼ਹੂਰ ਕਿਤਾਬਾਂ ਵਾਲੀ ਦੁਕਾਨ "ਮਾ: ਉਜਾਗਰ ਸਿੰਘ ਐਂਡ ਸੰਨਜ਼" 'ਤੇ ਲੱਗਾ ਹੁੰਦਾ ਸੀ। ਮੁਕਤਸਰ ਤੋਂ ਅਸੀਂ 40 ਕਿੱਲੋ ਵੇਟ ਦੀਆਂ ਚੱਕਰੀਆਂ ਲਈਆਂ ਤੇ ਘਰ ਆ ਗਏ। ਇਹ ਉਦੋਂ 650 ਰੂਪੈ ਦਾ ਆਇਆ। ਉਸ ਵੇਲੇ ਐਨੇ ਕੁ ਪੈਸੇ ਨੂੰ ਮੋਟੀ ਰਕਮ ਕਿਹਾ ਜਾਂਦਾ ਸੀ। ਵੇਟ ਤਾਂ ਲੈ ਆਂਦਾ ਪਰ ਹੁਣ ਸਮੱਸਿਆ ਚੱਕਰੀਆਂ ਵਿੱਚ ਪਾਉਂਣ ਵਾਲੀ ਰਾਡ ਦੀ ਪੈਦਾ ਹੋ ਗਈ। ਮੈਂ ਕਿਸੇ ਘਰੋਂ ਜਾ ਕੇ ਟਰੈਕਟਰ 'ਤੇ ਚੱਲਣ ਵਾਲੀ ਟੋਕੇ ਦੀ ਲੱਠ ਲੈ ਆਂਦੀ। ਜਿਸ ਦਾ ਇੱਕ ਸਿਰਾ ਪਹਿਲਾਂ ਹੀ ਫਿੱਟ ਸੀ ਤੇ ਦੂਜਾ ਮੈਂ ਮਿਸਤਰੀ ਕੋਲੋਂ ਸਾਨ 'ਤੇ ਛਿਲਵਾ ਲਿਆਇਆ। ਮੈਂ ਵੀਹ-ਵੀਹ ਇੱਟਾਂ ਜੋੜ ਕੇ ਦੇ ਬੁਰਜੀਆਂ ਖੜ੍ਹੀਆਂ ਕਰ ਲਈਆਂ ਜੋ ਧਰਤੀ ਤੋਂ ਢਾਈ ਕੁ ਫੁੱਟ ਉੱਚੀਆਂ ਸਨ ਤੇ ਜਿੰਨ੍ਹਾਂ ਦੀ ਦੂਰੀ ਆਪਸ ਵਿੱਚ ਪੰਜ ਕੁ ਫੁੱਟ ਸੀ। ਦੋਵਾਂ ਬੁਰਜੀਆਂ ਦੇ ਵਿਚਾਲੇ ਘਰ 'ਚ ਪਿਆ ਪੁਰਾਣਾ ਦਰਵਾਜਾ (ਤਖ਼ਤਾ) ਰੱਖ ਲਿਆ। ਇਸ ਦਰਵਾਜੇ ਨੂੰ ਬੈਂਚ ਦਾ ਰੂਪ ਦੇ ਕੇ ਮੈਂ ਲੰਮਾ ਪੈ ਕੇ ਬੈਂਚ ਪ੍ਰੈੱਸ ਸ਼ੁਰੂ ਕਰ ਦਿੱਤੀ। ਤਿੰਨ ਮਹੀਨੇ ਮੈਂ ਬੈਂਚ ਪ੍ਰੈੱਸ ਤੇ ਡੰਡ ਬੈਠਕਾਂ ਨਾਲ ਸਰੀਰ ਪਿੰਜ ਦਿੱਤਾ। ਪੋਹ- ਮਾਘ ਦੀਆਂ ਰਾਤਾਂ 'ਚ ਵੀ ਮੈਂ ਦੋ ਵਜੇ ਉੱਠ ਕੇ ਭੱਜਣ ਚਲਾ ਜਾਂਦਾ। ਮੇਰਾ ਸਰੀਰ ਸੁਡੌਲ ਹੋ ਗਿਆ। ਘਿਉ-ਬਦਾਮਾਂ ਦੀ ਤਾਕਤ ਹੁਣ ਸਿਰ ਚੜ੍ਹਕੇ ਬੋਲ ਰਹੀ ਸੀ। ਮੇਰਾ ਦਿਲ ਕਰਦਾ ਕਿ ਮੈਂ ਰੁੱਖ ਪੱਟ ਕੇ ਮੂਧਾ ਮਾਰ ਦਿਆਂ। ਕਦੇ ਦਿਲ ਕਰਦਾ ਪੱਕੀ ਕੰਧ 'ਚ ਸਿਰ ਮਾਰ ਕੇ ਵੇਖਾਂ ਕਿ ਗੱਲ ਬਣੀ ਕਿ ਨਹੀਂ।
ਇੱਕ ਦਿਨ ਸ਼ਾਮ ਨੂੰ ਮੈਂ ਸਕੂਲ 'ਚ ਚਲਾ ਗਿਆ। ਖਿਡਾਰੀ ਖੇਡਣ ਲੱਗੇ ਤਾਂ ਮੈਥੋਂ ਰਿਹਾ ਨਾ ਗਿਆ। ਮੈਂ ਆਪਣੇ ਲੀੜੇ ਲਾਹ ਕੇ ਪਰ੍ਹਾਂ ਮਾਰੇ। ਕੰਧ ਨਾਲ ਜਾ ਕੇ ਲੰਗੋਟਾ ਬੰਨ੍ਹ ਲਿਆ। ਅਗਲੇ ਪਲ ਮੱਥਾ ਟੇਕ ਕੇ ਮੈਂ ਮੈਦਾਨ ਅੰਦਰ ਵੜ੍ਹ ਗਿਆ। ਲੋਕ ਦੰਗ ਰਹਿ ਗਏ ਕਿ ਭਲਵਾਨ ਦਾ ਸੋਹਲ ਜਿਹਾ ਮੁੰਡਾ ਕਿੱਧਰ ਸਾਨ੍ਹਾਂ ਦੇ ਭੇੜ 'ਚ ਆ ਵੜਿਆ? ਪਰ ਭਲਵਾਨ ਦਾ ਮੁੰਡਾ ਤਾਂ ਅੱਜ ਕੁਝ ਹੋਰ ਹੀ ਸੋਚੀ ਬੈਠਾ ਸੀ। ਦਰਅਸਲ ਮੈਂ ਖੇਡਣ ਵਾਲੇ ਸਾਰੇ ਖਿਡਾਰੀਆਂ ਨੂੰ ਪਹਿਲਾਂ ਹੀ ਤਾੜ ਰੱਖਿਆ ਸੀ। ਦੋ ਭਰਾਵਾਂ 'ਤੇ ਮੇਰੀ ਖ਼ਾਸ ਅੱਖ ਸੀ ਕਿ ਡੱਕਣੇ ਇਹੋ ਹੀ ਆ ਭਾਵੇਂ ਮਰ ਜਾਵਾਂ ਪੂਛ ਤੁੜਾ ਕੇ। ਮੈਨੂੰ ਮੈਦਾਨ ਅੰਦਰ ਗਏ ਨੂੰ ਇੱਕ ਟੀਮ 'ਚ ਵੰਡ ਲਿਆ ਗਿਆ। ਉਹ ਦੋਵੇਂ ਭਰਾ ਇੱਕ ਪਾਸੇ ਸਨ । ਸ਼ਾਇਦ ਉਨ੍ਹਾਂ ਸੀਟੀ ਰਲਾਈ ਹੋਈ ਸੀ ਕਿ 'ਜੋੜੀ ਘਰਦੀ ਰਹੇ ਵਿਰੋਧੀਆਂ ਦੇ ਸੀਨੇ ਲੜਦੀ ਰਹੇ। ਮੈਨੂੰ ਮਾੜੀ ਟੀਮ ਵੱਲ ਧੱਕ ਦਿੱਤਾ ਗਿਆ ਤੇ ਉਸ ਟੀਮ ਨੇ ਮੈਨੂੰ ਜਾਫ਼ੀਆਂ 'ਚ ਖਲ੍ਹਾਰ ਦਿੱਤਾ। ਮੈਂ
ਜਾਫ਼ੀਆਂ ਦੀ ਚੇਨ ਦੇ ਵਿਚਾਲੇ ਲੱਗ ਗਿਆ। ਮੈਂ ਜਾਣਦਾ ਸੀ ਕਿ ਦੋਵਾਂ ਭਰਾਵਾਂ 'ਚੋਂ ਛੋਟਾ ਛੁਰਲੀ ਮੈਨੂੰ ਹੀ ਟਾਰਗੇਟ ਕਰੇਗਾ। ਉਸ ਨੇ ਪੱਟਾਂ 'ਤੇ ਹੱਥ ਮਾਰ ਕੇ ਸੱਜੇ ਝਾਕਾ ਦੇ ਕੇ ਖੱਬੇ ਨੂੰ ਦਬਾਇਆ ਤੇ ਅੰਤ ਵਿੱਚ ਮੇਰੇ ਵੱਲ ਨੂੰ ਟੁੱਟ ਪਿਆ। ਇਸ ਤੋਂ ਪਹਿਲਾਂ ਕਿ ਮੈਂ ਲੱਤਾਂ 'ਚ ਬਹਿੰਦਾ ਤੇ ਉਹ ਆਪਣਾ ਪਸੰਦੀਦਾ ਦਾਅ ਜੰਪ ਮਾਰਦਾ ਮੈਂ ਉਸ ਨੂੰ ਮੋਢਿਆਂ 'ਤੇ ਤੋਰੀ ਵਾਂਗ ਲਮਕਾ ਲਿਆ। ਦੂਜਾ ਆਇਆ ਤਾਂ ਮੈਂ ਗੁੱਟੋਂ ਠੱਲ ਲਿਆ। ਮੇਰੇ ਭੋਲੇ ਜਿਹੇ ਚਿਹਰੇ ਤੋਂ ਹੁਣ ਕੋਈ ਨਜ਼ਰ ਹਟ ਨਹੀਂ ਸੀ ਰਹੀ। ਮੈਂ ਜੋ ਕਰਨ ਆਇਆ ਸੀ ਉਹ ਕਰ ਚੁੱਕਾ ਸੀ।
ਇਸ ਤੋਂ ਬਾਅਦ ਮੈਨੂੰ ਸੀਨੀਅਰ ਖਿਡਾਰੀ ਕਲਾਸ 'ਚੋਂ ਖੇਡਣ ਲਈ ਲੈ ਜਾਂਦੇ। ਕੁਝ ਖਿਡਾਰੀ ਖੇਡ ਦੌਰਾਨ ਖ਼ਾਰ ਖਾਂਦਿਆਂ ਮੈਨੂੰ ਬੜਾ ਕੁੱਟਦੇ ਤੇ ਮੇਰੀ ਛਾਤੀ ਲਾਲ ਹੋ ਜਾਂਦੀ ਕਿਉਂਕਿ ਮੇਰਾ ਰੰਗ ਬਹੁਤ ਜ਼ਿਆਦਾ ਗੋਰਾ ਸੀ। ਹੌਲੀ-ਹੌਲੀ ਮੇਰੀ ਗੇਮ ਨਿੱਖਰਦੀ ਜਾ ਰਹੀ ਸੀ। ਮੈਂ ਆਪਣਾ ਜੂੜਾ ਕਟਵਾ ਦਿੱਤਾ। ਹੁਣ ਪਿੰਡ ਦੀ ਟੀਮ ਦੇ ਖਿਡਾਰੀ ਮੈਨੂੰ ਬਾਹਰ ਟੂਰਨਾਮੈਂਟਾਂ 'ਤੇ ਵੀ ਲੈ ਜਾਂਦੇ।
ਮੈਨੂੰ ਪਹਿਲੀ ਵਾਰ ਮੈਦਾਨ 'ਚ ਉਤਰਣ ਦਾ ਮੌਕਾ ਮਿਲਿਆ ਪਿੰਡ ਫੱਕਰਸਰ ਵਿੱਚ ਜਿੱਥੇ ਸ਼ੋਅ ਮੈਚ ਵਿੱਚ ਮੈਨੂੰ ਜਗ੍ਹਾ ਦਿੱਤੀ ਗਈ। ਸਪੀਕਰ 'ਚੋਂ ਦੋ ਹੀ ਨਾਂਅ ਬੋਲੇ ਜਾ ਰਹੇ ਸਨ। ਇਹ ਨਾਂਅ ਸਨ 'ਗੁਰੂਸਰ' (ਮੇਰਾ ਪਿੰਡ ਨਹੀਂ ਗਿੱਦੜਬਾਹਾ ਨੇੜਲਾ ਗੁਰੂਸਰ) ਵਾਲਾ 'ਦੋਧੀ' ਤੇ 'ਫੁੱਲ ਖੇੜੇ' ਵਾਲਾ 'ਜੱਸਾ'। ਦੁਨੀਆਂ ਮੈਦਾਨ ਨੂੰ ਭੱਜ ਤੁਰੀ ਕਿਉਂਕਿ ਇਹ ਦੋਵੇਂ 57 ਅਤੇ 62 ਕਿਲੋ ਦੇ ਸਟਾਰ ਰੇਡਰ ਸਨ ਤੇ ਖ਼ਾਸ ਤੌਰ 'ਤੇ 55-57 ਕਿਲੋ ਵੇਟ ਵਿੱਚ ਤਾਂ ਇਨ੍ਹਾਂ ਦਾ ਪੂਰੇ ਪੰਜਾਬ 'ਚ ਕੋਈ ਸਾਨੀ ਨਹੀਂ ਸੀ। ਦੋਵੇਂ ਘੋੜੀ ਨਾਲੋਂ ਜ਼ਿਆਦਾ ਭੱਜਦੇ ਸਨ । ਮੈਂ ਦੋਧੀ' ਦੀ ਟੀਮ ਵੱਲ ਵੰਡਿਆ ਗਿਆ। 'ਜੱਸਾ' ਆਉਂਦਾ ਤੇ ਜਾਫ਼ੀ ਨੂੰ ਹੱਥ ਲਾ ਕੇ ਕਲੋਲ ਕਰਦਾ ਓਹ ਜਾਂਦਾ। ਉਧਰੋਂ 'ਦੋਧੀ' ਵੀ ਕਿਸੇ ਦੇ ਹੱਥ ਨਾ ਲੱਗਾ। ਅੰਤ ਮੈਚ ਦੇ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਮੈਨੂੰ ਜਾਫ਼ 'ਚ ਭੇਜਿਆ ਗਿਆ। ਕਬੱਡੀ ਜ਼ੋਰ ਦੀ ਹੀ ਨਹੀਂ 'ਮਾਈਂਡ ਗੇਮ' (ਦਿਮਾਗੀ ਖੇਡ) ਵੀ ਹੈ। ਮੈਂ ਪਹਿਲਾਂ ਹੀ ਸੋਚ ਲਿਆ ਸੀ ਕਿ 'ਜੱਸਾ' ਹੱਥ ਲਾ ਕੇ ਭੱਜ ਗਿਆ ਤਾਂ ਫੇਰ ਡਾਹ ਨਹੀਂ ਦੇਵੇਗਾ ਇਸ ਲਈ ਖੇਡ ਤੱਤ-ਫੱਟ ਦੀ ਹੈ। ਮੈਂ ਜੱਸੇ ਨੂੰ ਆਉਦਿਆਂ ਹੀ ਥੰਮ ਲਿਆ। ਗੁੱਟ ਮੇਰੇ ਹੱਥ ਲੱਗ ਗਿਆ। ਜੱਸਾ ਉਸ ਮੈਚ ਵਿੱਚ ਇੱਕ ਵਾਰ ਹੀ ਰੁਕਿਆ ਤੇ ਉਹ ਹੱਥ ਮੇਰਾ ਸੀ। ਇਸ ਤੋਂ ਬਾਅਦ ਤਾਂ ਆਪਾਂ ਖੁੱਲ੍ਹ ਗਏ। ਰੇਡ ਦੇ ਨਾਲ-ਨਾਲ ਜਾਫ 'ਚ ਨਿਪੁੰਨਤਾ ਮੇਰੀ ਸਫ਼ਲਤਾ ਦੇ ਰਾਹ ਖੋਲ੍ਹਦੀ ਜਾ ਰਹੀ ਸੀ। ਅੱਠਵੀਂ ਤੱਕ ਜਾਂਦਿਆਂ- ਜਾਂਦਿਆਂ ਮੈਂ ਚਰਚਿਤ ਹੋ ਗਿਆ। ਸਾਰਾ ਇਲਾਕਾ ਮੇਰਾ ਮੁਰੀਦ ਹੋ ਗਿਆ। ਲੋਕ ਅਕਸਰ ਗੱਲਾਂ ਕਰਦੇ "ਬੜੀ ਲੰਮੀ ਰੇਸ ਦਾ ਘੋੜਾ ਹੈ 'ਡਾਕੂਆਂ ਦਾ ਮੁੰਡਾ"।
ਦਹਿਕਦੇ ਸਾਹ ਬਹਿਕਦੇ ਕਦਮ
ਅੱਠਵੀਂ ਪਾਸ ਕਰਕੇ ਮੈਨੂੰ ਨਾਲ ਦੇ ਪਿੰਡ ਸ਼ਾਮ ਖੇੜਾ ਦੇ ਸਰਕਾਰੀ ਹਾਈ ਸਕੂਲ 'ਚ ਦਾਖ਼ਲਾ ਲੈਣਾ ਪਿਆ ਕਿਉਂਕਿ ਸਾਡੇ ਪਿੰਡ ਸਿਰਫ਼ ਅੱਠਵੀਂ ਤੱਕ ਸਕੂਲ ਸੀ। ਮੈਂ ਨੌਂਵੀਂ 'ਚ ਦਾਖ਼ਲ ਹੁੰਦਿਆਂ ਹੀਰੋ ਸਾਈਕਲ ਲੈ ਲਿਆ ਪਰ ਪੰਗਾ ਇਹ ਸੀ ਕਿ ਸਕੂਲ ਨੂੰ ਜਾਂਦਾ ਪੰਜ ਕਿਲੋਮੀਟਰ ਰਸਤਾ ਕੱਚਾ ਸੀ ਬਸ ਥੋੜ੍ਹੇ ਜਿਹੇ ਨੂੰ ਛੱਡਕੇ। ਭੁੱਬਲ 'ਚ ਸਾਈਕਲ ਘੜੀਸ-ਘੜੀਸ ਕੇ ਮੇਰੇ ਗਿੱਟੇ ਰਹਿ ਜਾਂਦੇ। ਉੱਧਰੋਂ ਹੈੱਡ ਮਾਸਟਰ ਅੰਗਰੇਜ ਸਿੰਘ ਸੰਧੂ ਸਾਰਾ ਦਿਨ ਤੂਤ ਵਾਂਗੂੰ ਛਾਂਗੀ ਰੱਖਦਾ। ਮੈਂ ਪੜ੍ਹਦਾ ਵੀ ਬਹੁਤ ਪਰ ਕੁੱਟ ਫੇਰ ਵੀ ਪੈ ਜਾਂਦੀ। ਮੈਂ ਕੁੱਟ ਤੋਂ ਦੁਖੀ ਹੋ ਗਿਆ। ਕੁਝ ਦੁਖੀ ਹਿਰਦੇ ਹੋਰ ਵੀ ਸਨ। ਇਨ੍ਹਾਂ 'ਚ ਸ਼ਾਮ ਖੇੜੇ ਪਿੰਡ ਦਾ ਨਛੱਤਰ, ਸ਼ੱਬੂ, ਸੰਗੂ ਤੇ ਸੁੱਖਾ। ਇੰਨ੍ਹਾਂ ਦੇ ਨਾਲ ਮੈਂ ਰਲ ਗਿਆ ਤੇ ਹੋ ਗਏ ਪੂਰੇ 'ਪੰਜ ਪੀਰ'। ਅਸੀਂ ਇੱਕ ਬਣਤ ਬਣਾਈ। ਅਸੀਂ ਪਹਿਲੇ ਪੀਰੀਅਡ 'ਚ ਹਾਜ਼ਰੀ ਲੱਗਦੇ ਸਾਰ ਬਸਤੇ ਚੁੱਕ ਕੇ ਸਾਈਕਲਾਂ ਨੂੰ ਲੱਤ ਦਿੰਦੇ ਤੇ ਮਾਹਣੀ ਖੇੜਾ (ਮਸ਼ਹੂਰ ਫਿਲਮ ਸਟਾਰ ਤੇ ਮੇਰੇ ਦੋਸਤ ਜੋਤ ਗਿੱਲ ਦੇ ਪਿਤਾ ਗੁੱਗੂ ਗਿੱਲ ਦਾ ਪਿੰਡ), ਬਹਾਦਰ ਖੇੜਾ, ਸਰਦਾਰਪੁਰਾ ਆਦਿ ਪਿੰਡਾਂ ਵੱਲ ਨੂੰ ਨਿਕਲ ਜਾਂਦੇ। ਛੁੱਟੀ ਦੇ ਸਮੇਂ ਅਸੀਂ ਸਕੂਲ ਵਾਪਸ ਆ ਜਾਂਦੇ।
ਸਾਡੇ ਪੰਜਾਂ 'ਚੋਂ ਮੈਂ ਤੇ ਸ਼ੱਬੂ ਫਿਲਮਾਂ ਦੇ ਬੜੇ ਸ਼ੌਕੀਨ ਸੀ। ਮੈਂ ਪਹਿਲੀ ਫਿਲਮ ਆਪਣੇ ਮਾਮੇ ਨਾਲ 1986 'ਚ 'ਹਮਾਰਾ ਖ਼ਾਨਦਾਨ' ਵੇਖੀ ਸੀ। ਇਸ ਤੋਂ ਬਾਅਦ 'ਸ਼ਤਰੂਘਨ ਸਿਨਹਾ' ਦੀ 'ਵਿਦਰੋਹ' ਤੇ 'ਆਮਿਰ ਖ਼ਾਨ' ਦੀ 'ਲਵ ਲਵ ਲਵ' ਵੇਖ ਚੁੱਕਾ ਸੀ । ਮੈਂ ਤੇ ਬੱਬੂ ਸਕੂਲੋਂ ਭੱਜ ਕੇ ਮਲੋਟ ਜਾਣ ਲੱਗ ਪਏ। ਅਸੀਂ ਸਕੂਲ 'ਚੋਂ 9 ਵਜੇ ਭੱਜਦੇ ਤੇ ਸਹੀ ਦਸ ਵਜੇ ਸਿਨੇਮੇ ਜਾ ਅੱਪੜਦੇ। ਸਾਢੇ ਦਸ ਤੋਂ ਡੇਢ ਵਜੇ ਤੱਕ ਦਾ ਸ਼ੋਅ ਵੇਖ ਕੇ ਫਿਰ ਸਕੂਲ ਆ ਪੁੱਜਦੇ। ਸਿਨੇਮੇ 'ਚ ਅਸੀਂ ਕਦੇ- ਕਦੇ ਸਿਗਰਟਾਂ ਦੀ ਡੱਬੀ ਨਾਲ ਲੈ ਜਾਂਦੇ। ਦਰਅਸਲ ਬੀੜੀ ਦਾ ਸੂਟਾ ਮੈਂ ਸੱਤ ਸਾਲ ਦੀ ਉਮਰ 'ਚ ਹੀ ਲਾ ਲਿਆ ਸੀ। ਇੱਕ ਦਿਨ ਖੋਤੋਂ ਰੋਟੀ ਦੇ ਕੇ ਆ ਰਿਹਾ ਸੀ ਤਾਂ ਰਸਤੇ 'ਚ ਸਾਡਾ ਗੁਆਂਢੀ ਬਜ਼ੁਰਗ ਮਿਲ ਗਿਆ। ਉਸ ਨੇ ਕੱਠੇ ਚੱਲਣ ਦਾ ਕਹਿ ਕੇ ਮੈਨੂੰ ਬਿਠਾ ਲਿਆ ਤੇ ਬੀੜੀ ਸੁਲਗਾ ਲਈ। ਉਸ ਨੇ ਮੈਨੂੰ ਸੂਟਾ ਖਿੱਚਣ ਲਈ ਕਿਹਾ। ਮੈਂ ਪਹਿਲਾਂ ਤਾਂ ਨਾਂਹ-ਨੁੱਕਰ ਕੀਤੀ ਪਰ ਜ਼ਿਆਦਾ ਮਜਬੂਰ ਕਰਨ 'ਤੇ ਮੈਂ ਸੂਟਾ ਖਿੱਚ ਲਿਆ। ਪਹਿਲੀ ਵਾਰ ਧੂੰਆਂ ਖਿੱਚਣ 'ਤੇ ਮੈਨੂੰ ਇੰਝ ਲੱਗਾ ਜਿਵੇਂ ਮੈਂ ਕਿਸੇ ਘਣੇ ਜੰਗਲ ਦੀ ਅੱਗ 'ਚ ਫੱਸ ਗਿਆ ਹੋਵਾਂ। ਇਸ ਤਰ੍ਹਾਂ ਇੱਕ ਸੱਤਰ ਸਾਲ ਦੇ ਬਾਬੇ ਨੇ ਮੈਨੂੰ ਪਹਿਲੀ ਵਾਰ ਕਿਸੇ ਨਸ਼ੇ ਦਾ ਸੁਆਦ ਚਖਾ ਦਿੱਤਾ।
ਫਿਲਮਾਂ ਵੇਖਣ ਜਾਂ ਸਕੂਲੋਂ ਭੱਜਣ ਦੌਰਾਨ ਅਸੀਂ ਕਈ ਵਾਰ ਸਿਰਗਟਾਂ ਲੈ ਲੈਂਦੇ ਤੇ ਧੂਏ ਦੇ ਛੱਲੇ ਬਣਾ-ਬਣਾ ਛੱਡਦੇ। ਨੌਵੀਂ 'ਚੋਂ ਅਸੀਂ ਕਿਸੇ ਤਰੀਕੇ ਪਾਸ ਹੋ ਗਏ ਪਰ ਇਸ ਸਾਲ ਮੈਂ ਕਬੱਡੀ ਉੱਕਾ ਨਾ ਖੇਡੀ। ਇੱਕ ਵਾਰ ਸਕੂਲ ਪੱਧਰ 'ਤੇ ਡੱਬਵਾਲੀ ਮਲਕੋ ਕੀ ਵਿੱਚ ਬੋਦੀਵਾਲਾ ਦੀ ਟੀਮ ਨਾਲ ਮੈਚ ਪਿਆ ਤਾਂ ਦਿਉ
ਕੱਦ ਦੇ ਬਿੱਲੇ ਨੇ ਚਪੇੜ ਮਾਰ ਕੇ ਮੇਰੇ ਕੰਨ ਦਾ ਪੜਦਾ ਪਾੜ ਘੱਤਿਆ। ਮੈਂ ਮਨ 'ਚ ਧਾਰ ਲਿਆ ਕਿ ਪੁੱਤ ਸਮਾਂ ਆਉਂਣ ਦੇ ਇਹ ਭਾਜੀ ਜ਼ਰੂਰ ਮੁੜੇਗੀ।
ਇਸ ਦੌਰਾਨ ਸ਼ਾਮ ਖੇੜੇ ਸਕੂਲ 'ਚ ਪੜ੍ਹਦਿਆਂ ਦੋ ਵਾਰ ਮੈਂ ਹਾਕੀ ਦੀ ਟੀਮ ਨਾਲ ਜ਼ਿਲ੍ਹਾ ਪੱਧਰ (ਉਸ ਸਮੇਂ ਫਰੀਦਕੋਟ) ਵੀ ਖੇਡ ਆਇਆ ਸੀ ਪਰ ਦੋਵੇਂ ਵਾਰ ਐਨੇ ਗੋਲ ਖਾ ਕੇ ਪਰਤੇ ਕਿ ਗੋਲਾਂ ਨਾਲੋਂ ਵੀਹ ਜਣਿਆਂ ਵੱਲੋਂ ਖਾਧੇ ਕੇਲੇ ਵੀ ਥੋੜ੍ਹੇ ਪੈ ਗਏ। ਦਸਵੀਂ 'ਚ ਆ ਕੇ ਪੜ੍ਹਾਈ ਦਾ ਬੋਝ ਸਿਰ ਪੈ ਗਿਆ ਪਰ ਸਕੂਲੋਂ ਭੱਜ ਕੇ ਫਿਲਮਾਂ ਵੇਖਣੀਆਂ ਤੇ ਚਿਲਮਾਂ ਪੀਣੀਆਂ ਬੰਦ ਨਾ ਹੋਈਆਂ। ਨਾਲ ਹੀ ਮੈਂ ਪੜ੍ਹਾਈ ਵੀ ਦੱਬ ਕੇ ਕੀਤੀ। ਮੈਂ ਪਿੰਡ ਦੇ ਹੀ ਇਕ ਮਾਸਟਰ ਜੰਗ ਸਿੰਘ ਕੋਲ ਟਿਊਸ਼ਨ ਰੱਖ ਲਈ। ਮਾਸਟਰ ਜੰਗ ਬੇਸ਼ੱਕ ਪੈੱਗ ਦਾ ਡਾਹਢਾ ਠਰਕੀ ਸੀ ਪਰ ਹਿਸਾਬ ਵਿਸ਼ੇ ਦਾ ਉਹ ਮਾਹਰ ਸੀ । ਸਾਡੀ ਜੁੰਡਲੀ 'ਚੋਂ ਦਸਵੀਂ ਮੈਂ ਹੀ ਪਾਸ ਕੀਤੀ ਬਾਕੀ ਮੇਰੇ ਨਾਲ ਦੇ 'ਭਗੌੜੇ' ਸਾਥੀ ਰਿੜ੍ਹ ਗਏ। ਇਹ ਮੇਰੇ ਲਈ ਜੰਗ ਜਿੱਤਣ ਦੇ ਸਮਾਨ ਸੀ। ਮੈਂ ਹੁਣ ਪੜ੍ਹਨ ਲਈ ਸ਼ਹਿਰ ਜਾ ਸਕਦਾ ਸੀ। ਉਹ ਸ਼ਹਿਰ ਜੋ ਮੈਨੂੰ ਇੰਝ ਖਿੱਚ ਪਾ ਰਿਹਾ ਸੀ ਜਿਵੇਂ ਕਿਸੇ ਅਦਾਕਾਰੀ ਦੇ ਕੀੜੇ ਦੇ ਕੱਟੇ ਐਕਟਰ ਨੂੰ ਬੰਬੇ ਸ਼ਹਿਰ ਪਾਉਂਦਾ ਹੈ।
ਬਹਾਰ ਤੋਂ ਉਜਾੜ
ਕੈਦੀ ਭਾਵੇਂ ਪੰਜ ਦਿਨ ਜੇਲ੍ਹ ਰਹਿ ਆਵੇ ਪਰ ਜਦੋਂ ਉਸ ਦੀ ਰਿਹਾਈ ਹੁੰਦੀ ਐ ਤਾਂ ਦੁਨੀਆਂ ਉਸ ਨੂੰ ਸੋਹਣੀ-ਸੋਹਣੀ ਲੱਗਦੀ ਹੈ। 1991-92 'ਚ ਮੈਂ ਦਸਵੀਂ ਕਰਕੇ ਮਲੋਟ ਦੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੇ) 'ਚ ਦਾਖ਼ਲਾ ਲੈ ਲਿਆ। ਮਨ 'ਚ ਖੁਸ਼ੀਆਂ ਲੁੱਡੀਆਂ ਪਾ ਰਹੀਆਂ ਸਨ। ਅੱਖਾਂ 'ਚ ਅਜੀਬ ਜਿਹੀ ਖ਼ੁਮਾਰੀ ਸੀ। ਸ਼ਾਇਦ ਇਹ ਘਰ ਦੀ ਦਹਿਲੀਜ਼ ਤੋਂ ਸ਼ਹਿਰ ਦੀ ਆਜ਼ਾਦ ਸਰਦਲ 'ਤੇ ਕਦਮ ਰੱਖਣ ਦਾ ਸੁਖਦ ਅਹਿਸਾਸ ਸੀ। ਇਸ ਤੋਂ ਪਹਿਲਾਂ ਪੇਪਰ ਦੇ ਕੇ ਮਾਰਚ ਤੋਂ ਜੁਲਾਈ ਤੱਕ ਮੈਂ ਦੋ ਕੰਮ ਕੀਤੇ। ਇੱਕ ਤਾਂ ਮੇਲਿਆਂ 'ਚ ਰੱਜ ਕੇ ਕਬੱਡੀ ਖੇਡੀ ਤੇ ਦੂਜਾ ਆਪਣੇ ਪਿੰਡ ਵਾਲੇ ਬਾਬਿਆਂ (ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਗੁਰੂਸਰ ਯੋਧਾ ਵਾਲੇ) ਨਾਲ ਕਾਰ ਸੇਵਾ ਕੀਤੀ। ਮਾਝੇ ਦੇ ਮੈਂ ਬਹੁਤ ਸਾਰੇ ਗੁਰਦੁਆਰੇ ਦੇਖ ਆਇਆ ਸਾਂ ਜਿੰਨ੍ਹਾਂ 'ਚ ਇੰਦਰਾਂ ਗਾਂਧੀ ਨੂੰ ਮਾਰਨ ਵਾਲੇ ਸਤਵੰਤ ਸਿੰਘ ਦੇ ਪਿੰਡ ਦਾ ਗੁਰਦੁਆਰਾ ਵੀ ਸ਼ਾਮਲ ਸੀ। ਇੱਥੇ ਅਸੀਂ ਕੁਝ ਦਿਨ ਸੇਵਾ ਕਰਕੇ ਆਏ। ਤਿੰਨ ਮਹੀਨੇ ਮੈਂ ਗੁਰਦੁਆਰੇ ਹੀ ਰਿਹਾ ਘਰ ਨਾ ਆਇਆ। ਸ਼ਾਮ ਨੂੰ ਪ੍ਰੈਕਟਿਸ ਕਰਨ ਲਈ ਕੁਝ ਪਲ ਗਰਾਊਂਡ ਜਾਂਦਾ ਨਹੀਂ ਤਾਂ ਗੁਰਦੁਆਰੇ ਸੇਵਾ ਕਰਦਾ ਰਹਿੰਦਾ। ਜਿੱਦਣ ਕੋਈ ਮੇਲਾ ਹੁੰਦਾ ਮੈਂ ਬਾਬਾ ਕਰਤਾਰ ਸਿੰਘ ਤੋਂ ਅੱਖ ਬਚਾ ਕੇ ਨਿਕਲ ਜਾਂਦਾ।
ਗਿਆਰਵੀਂ 'ਚ ਮਲੋਟ ਦਾਖ਼ਲਾ ਲੈ ਕੇ ਮੇਰੀ ਸੇਵਾ ਛੁੱਟ ਗਈ ਤੇ ਨਾਲ ਹੀ ਛੁੱਟ ਗਈ ਕਾਰ ਸੇਵਾ ਵਾਲੀ ਕੁੜਤੀ (ਸੇਵਾਦਾਰਾਂ ਦਾ ਚੋਲ੍ਹਾ ਜੋ ਕਾਰ ਸੇਵਾ ਡੇਰਿਆਂ 'ਚ ਸਿਰਫ਼ ਪੱਕੇ ਸੇਵਾਦਾਰਾਂ ਨੂੰ ਮਿਲਦੀ ਹੈ)। ਡੇਰੇ 'ਚ ਬਣੇ ਕੁਝ ਯਾਰ ਵੀ ਛੁੱਟ ਗਏ ਪਰ ਵਿਛੜੇ ਯਾਰਾਂ ਦੀ ਬਹੁਤੀ ਯਾਦ ਨਾ ਆਈ ਕਿਉਂਕਿ ਦਿਲ 'ਚ ਨਵੀਆਂ ਉਮੰਗਾਂ ਛੱਲਾਂ ਮਾਰ ਰਹੀਆਂ ਸਨ। ਨਾਲੇ ਮੇਰਾ ਬਚਪਨ ਤੋਂ ਹੀ ਸੁਭਾਅ ਹੈ ਕਿ ਮੈਂ ਗਏ 'ਤੇ ਝੁਰਦਾ ਨਹੀਂ ਤੇ ਆਏ ਤੋਂ ਖੁਸ਼ ਨਹੀਂ ਹੁੰਦਾ। ਪਹਿਲੇ ਦਿਨ ਮਾਂ ਨੇ ਦਹੀਂ ਨਾਲ ਮਿੱਠੇ ਚੌਲ ਖੁਆ ਕੇ ਸ਼ਹਿਰ ਪੜ੍ਹਨ ਭੇਜਿਆ। ਮੇਰੇ ਬਾਪੂ ਨੇ ਕਰਜ਼ਾ ਚੁੱਕ ਕੇ ਫੀਸ ਭਰੀ ਤੇ ਕਿਤਾਬਾਂ ਅਤੇ ਵਰਦੀ ਖ਼ਰੀਦ ਕੇ ਦਿੱਤੀ। ਮਲੋਟ ਸ਼ਹਿਰ ਦੇ ਇਸ ਸਕੂਲ 'ਚ ਸੈਂਕੜੇ ਮੁੰਡੇ ਪੜ੍ਹਦੇ ਸਨ। ਵੱਡੇ ਘਰਾਂ ਦੇ ਕਾਕੇ ਸਕੂਟਰਾਂ 'ਤੇ ਆਉਂਦੇ ਤੇ ਸਾਡੇ ਵਰਗੇ ਬਹੁਤੇ ਪੈਦਲ ਰਾਹੀਂ ਹੁੰਦੇ। ਮੇਰੇ ਮਨ 'ਚ ਰਹਿ-ਰਹਿ ਕੇ ਵੱਡਿਆਂ ਨਾਲ ਯਾਰੀ ਪਾਉਣ ਦੀ ਲਲਕ ਉੱਠਦੀ। ਉੱਥੇ ਹੀ ਬਿੱਲਾ ਬੋਦੀਵਾਲਾ ਆ ਗਿਆ ਜਿਸ ਨੇ ਕੁਝ ਮਹੀਨੇ ਪਹਿਲਾਂ ਮੇਰੇ ਕੰਨਾਂ 'ਚ ਬੀਂਡੇ ਬੁਲਾਏ ਸਨ। ਬਿੱਲਾ ਨੈਸ਼ਨਲ ਸਟਾਈਲ ਕਬੱਡੀ 'ਚ ਪੰਜਾਬ ਖੇਡਿਆ ਹੋਣ ਕਰਕੇ ਸਟਾਰ ਦਾ ਰੁਤਬਾ ਹਾਸਲ ਕਰ ਚੁੱਕਾ ਸੀ । ਮੈਂ ਸਮਝ ਗਿਆ ਕਿ ਇੱਥੇ ਬਿੱਲਾ ਬਿੱਲਾ ਹੋਈ ਪਈ ਐ ਸਾਡੇ ਵਰਗੇ 'ਕਾਵਾਂ' ਨੂੰ ਕੀਹਨੇ ਖੀਰ ਦੇਣੀ ਆਂ ? ਮੈਂ ਦੋ ਮਹੀਨੇ ਤੁਰਦੇ-
ਫਿਰਦਿਆਂ ਹੀ ਲੰਘਾ ਦਿੱਤੇ। ਘਰੋਂ ਸਵੇਰੇ ਚਾਰ ਕਿਲੋਮੀਟਰ ਤੁਰ ਕੇ ਸ਼ਾਮ ਖੇੜੇ ਆ ਜਾਂਦਾ ਤੇ ਫੇਰ ਉੱਥੋਂ ਅੜ੍ਹਬੀਏ ਡਰਾਇਵਰ ਦਰਬਾਰੇ ਦੀ ਰੋਡਵੇਜ਼ ਦੀ ਲਾਰੀ 'ਤੇ ਲਮਕ ਕੇ ਮਲੋਟ ਆ ਅੱਪੜਦਾ। ਇੱਕ ਕਾਪੀ ਮਰੋੜ ਕੇ ਜੋਬ 'ਚ ਪਾ ਲੈਂਦਾ ਤੇ ਫੇਰ ਨਵਾਬਾਂ ਦਾ ਜੁਆਈ ਬਣਕੇ ਸਾਰੇ ਸ਼ਹਿਰ 'ਚ ਗੇੜੀਆਂ ਦਿੰਦਾ ਫਿਰਦਾ। ਸਤੰਬਰ 'ਚ ਜੋਨਲ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਆ ਗਿਆ। ਲਿਸਟ 'ਚ ਮੈਂ ਵੀ ਨਾਂ ਲਿਖਾ ਦਿੱਤਾ। 50 ਮੁੰਡਿਆਂ 'ਚੋਂ 15 ਨਿੱਤਰਣੇ ਸੀ। ਟਰਾਇਲ ਦੀ ਜੁੰਮੇਵਾਰੀ ਸਵ. ਡੀ. ਪੀ. ਅਵਤਾਰ ਸਿੰਘ ਜੀ ਨੇ ਬਿੱਲੇ ਸਿਰ ਪਾ ਦਿੱਤੀ। ਬਿੱਲਾ ਰੇਡਾਂ 'ਤੇ ਹੋ ਗਿਆ ਤੇ ਸੱਤ-ਸੱਤ ਜਣਿਆਂ ਦੀ ਚੇਨ ਬਣਾ ਕੇ ਧਾਵੇ ਬੋਲੀ ਗਿਆ। ਨਾ ਬਿੱਲਾ ਰੁਕਿਆ ਤੇ ਨਾ ਕੋਈ ਸਲੈਕਟ ਹੋਇਆ। ਅਸਲ 'ਚ ਬਿੱਲਾ ਆਪਣੇ ਸਾਥੀ ਚੁਣ ਚੁੱਕਾ ਸੀ। ਮੇਰੀ ਵਾਰੀ ਆਈ ਤਾਂ ਮੈਂ ਟੇਕ ਕੇ ਮੱਥਾ ਅੰਦਰ ਆ ਗਿਆ। ਮੇਰੀ ਬਿੱਲੇ 'ਤੇ ਪਹਿਲਾਂ ਹੀ ਅੱਖ ਸੀ ਉਸ ਨੇ ਬੜੀ ਪੀੜ ਦਿੱਤੀ ਸੀ ਮੈਨੂੰ। ਮੇਰੇ ਪਿਉ ਨੇ ਵੀ ਕੰਨ 'ਚ ਦਾਰੂ ਪਾਉਂਦਿਆਂ ਕਈ ਵਾਰ ਆਖਿਆ ਸੀ "ਮਾਂ ਯਾਵ੍ਹਿਆ! ਜੇ ਬਿੱਲਾ ਨਾ ਰਗੜਿਆ ਤਾਂ ਬੰਦਾ ਨਹੀਂ ਤੂੰ।" ਮੈਨੂੰ ਇਹ ਵੀ ਪਤਾ ਸੀ ਕਿ ਬਿੱਲਾ ਕੋਈ ਆਮ ਬਿੱਲਾ ਨਹੀਂ ਜੰਗਲੀ ਹੈ, ਕੁੜਿੱਕਾ ਖ਼ਾਸ ਹੀ ਲਾਉਣਾ ਪਊ। ਮੈਂ ਕਬੱਡੀ ਨੈਸ਼ਨਲ ਸਟਾਈਲ ਕਈ ਮੌਕਿਆਂ 'ਤੇ ਖੇਡ ਚੁੱਕਾ ਸੀ। ਮੈਂ ਚੇਨ 'ਚ ਤੀਜੇ ਨੰਬਰ 'ਤੇ ਲੱਗ ਗਿਆ ਤਾਂ ਜੋ ਬਿੱਲੇ ਦੀਆਂ ਬਿੱਲੀਆਂ ਅੱਖਾਂ ਮੈਨੂੰ ਤਾੜ ਨਾ ਸਕਣ। ਬਿੱਲਾ ਖੱਬਿਉਂ ਸੱਜੇ ਚੜ੍ਹਿਆ ਤਾਂ ਮੈਂ ਧੁਸ ਦੇ ਕੇ ਪਿੱਛੇ ਈ ਖੁੱਚ ਨੂੰ ਜਾ ਲੱਗਾ। ਬਿੱਲਾ ਬੌਂਦਲ ਗਿਆ। ਇਸ 'ਤੇ ਕਿਸੇ ਨੇ ਖ਼ਾਸ ਤਵੱਜੋ ਨਾ ਦਿੱਤੀ। ਸ਼ਾਇਦ ਕਿਸੇ ਨੂੰ ਇਸ 'ਭਾਣੇ' ਦੀ ਉਮੀਦ ਹੀ ਨਹੀਂ ਸੀ। ਪਰ ਡੀ.ਪੀ. ਦੀ ਗਿੱਧ ਵਰਗੀ ਅੱਖ ਭਾਂਪ ਗਈ ਕਿ ਪੱਠਾ ਕੰਮ ਦਾ ਹੈ। ਡੀ.ਪੀ. ਨੇ ਆਪਣੇ ਮਿੱਠੇ ਅੰਦਾਜ਼ 'ਚ ਕਿਹਾ "ਏਧਰ ਆ ਓਏ ਗੋਰੂ! ਨਾਂਅ ਲਿਖਾ ਆਵਦਾ ਕੱਲ੍ਹ ਤੋਂ ਕੈਂਪ ਹੈ।" ਮੇਰੇ ਮਨ 'ਚ ਰੰਗੀਨ ਛੁਹਾਰੇ ਫੁੱਟ ਪਏ। ਇਹ ਮੇਰੀ ਸ਼ਹਿਰ ਦੀ ਪਹਿਲੀ ਪ੍ਰਾਪਤੀ ਸੀ। ਹੁਣ ਅਸੀਂ ਪ੍ਰੈਕਟਿਸ ਕਰਨ ਲੱਗ ਪਏ। ਪੜ੍ਹਾਈ ਵੱਲੋਂ ਤਾਂ ਪਹਿਲਾਂ ਹੀ ਕੰਮ ਫਾਰਗ ਸੀ । ਖਾਣ ਨੂੰ ਕੇਲੇ ਆ ਜਾਂਦੇ ਤੇ ਅਸੀਂ ਕੇਲਿਆਂ ਦੀ ਕਿੱਲੀ ਨੱਪੀ ਆਉਦੇ।
ਇਸੇ ਦੌਰਾਨ ਮੇਰੀ ਦੋਸਤੀ ਬਿੱਲੇ ਅਤੇ ਉਸ ਦੇ ਪਿੰਡ ਦੇ ਜਸਪਾਲ 'ਸ਼ਾਹ' ਨਾਲ ਹੋ ਗਈ। 'ਸ਼ਾਹ' ਸੀ ਤਾਂ ਸ਼ਰਮੀਲਾ ਪਰ ਜਾਫ਼ੀ ਡਾਹਢਾ ਚੰਦਰਾ ਸੀ। ਉਹ ਬਿੱਲੇ ਦੀ ਟੀਮ ਦਾ ਤਿੱਖਾ ਹਥਿਆਰ ਸੀ ਜੋ ਉਸ ਸਮੇਂ ਦੇ ਗਾਡਰ ਧਾਵੀ ਰੌਂਤੇ ਵਾਲੇ ਮੀਤੇ ਨੂੰ ਵੀ ਜੱਫ਼ੇ ਲਾ ਚੁੱਕਾ ਸੀ । ਜਲਦੀ ਹੀ ਮੇਰੀ ਵੀ ਬਿੱਲੇ ਹੋਰਾਂ ਵਾਂਗੂ ਸਕੂਲ 'ਚ ਬਹਿਜਾ-ਬਹਿਜਾ ਹੋ ਗਈ। ਮੈਂ ਆਪਣੇ ਪੜ੍ਹਾਈ ਅਤੇ ਫੁੱਟਬਾਲ ਵਾਲੇ ਯਾਰ ਬਾਜਾ, ਲੱਖਾ ਪੰਡਤ, ਲੱਕੀ, ਲਖਵਿੰਦਰ ਰੱਤਾ ਖੇੜਾ ਆਦਿ ਨੂੰ ਛੱਡਕੇ ਬਿੱਲੇ ਹੋਰਾਂ ਨਾਲ ਹੀ ਰਹਿਣ ਲੱਗ ਪਿਆ। ਇਨ੍ਹਾਂ 'ਚੋਂ ਬਹੁਤੇ ਸਿਗਰਟਾਂ ਪੀਂਦੇ ਹੁੰਦੇ ਸੀ ਤੇ ਜਰਦਾ (ਤੰਬਾਕੂ) ਵੀ ਪੱਕਾ ਲਾਇਆ ਕਰਦੇ ਸਨ। ਮੈਂ ਫਿਰ ਸੂਟੇ ਲਾਉਣ ਲੱਗ ਪਿਆ। ਪਹਿਲਾਂ ਤਾਂ ਮੈਨੂੰ ਸਿਗਰਟ ਪੀਣੀ ਨਹੀਂ ਸੀ ਆਉਂਦੀ। ਦਰਅਸਲ ਮੈਂ ਧੁੰਆਂ ਅੰਦਰ ਨਹੀਂ ਸੀ ਲਿਜਾਂਦਾ ਬਲਕਿ ਮੂੰਹ 'ਚੋਂ ਹੀ ਬਾਹਰ ਕੱਢ ਦਿੰਦਾ ਸੀ। ਫਿਰ ਇੱਕ ਦਿਨ ਲਾਗੇ ਦੇ ਪਾਰਕ 'ਚ ਅਸੀਂ ਗਏ ਤਾਂ ਸਾਥੀਆਂ ਨੇ ਮੈਨੂੰ ਇਸ ਕੰਮ 'ਚ ਵੀ ਨਿਪੁੰਨ ਕਰ ਦਿੱਤਾ। ਕਰਦੇ ਵੀ ਕਿਉਂ ਨਾ ਉਸਤਾਦ ਜੁ ਟੱਕਰੇ ਸਨ।
ਉਨ੍ਹੀ ਦਿਨੀਂ ਸਕੂਲ 'ਚ ਲੜਾਈਆਂ ਵੀ ਬਹੁਤ ਹੁੰਦੀਆਂ ਸਨ। ਦਰਅਸਲ ਇੱਥੇ ਸ਼ਹਿਰ ਤੋਂ ਇਲਾਵਾ 60-70 ਪਿੰਡਾਂ ਦੇ ਮੁੰਡੇ ਪੜ੍ਹਦੇ ਸਨ ਜਿਨ੍ਹਾਂ 'ਚੋਂ ਕਈ ਟੋਲੀਆਂ ਦੇ ਸਿੰਙ ਫਸੇ ਰਹਿੰਦੇ ਸੀ। ਉਧਰ ਸ਼ਹਿਰ ਦੇ ਡੀ.ਏ.ਵੀ. ਕਾਲਜ ਵਿੱਚ ਮਲਵਈਆਂ ਅਤੇ ਭਾਊਆਂ ਦੇ ਦੋ ਧੜੇ ਸਨ, ਜਿੰਨ੍ਹਾਂ ਦੇ ਚੇਲੇ ਇਸ ਸਕੂਲ ਵਿੱਚ ਪੜ੍ਹਦੇ ਸਨ। ਉਨ੍ਹਾਂ 'ਚੋਂ ਇੱਕ ਸੀ ਬਾਗਾ ਜੋ ਹੈਂਡਬਾਲ ਦਾ ਚੈਂਪੀਅਨ ਖਿਡਾਰੀ ਸੀ ਪਰ ਹੁਣ ਨਸ਼ੇ-ਪੱਤੇ ਕਰਕੇ ਮੁੰਡਿਆਂ ਦੇ ਹੱਡ 'ਗੋਲ' ਕਰਿਆ ਕਰਦਾ ਸੀ। ਇੱਕ ਦਿਨ ਉਸ ਨੇ ਲੱਗੇ ਸਕੂਲ 'ਚ ਇੱਕ ਮੁੰਡੇ ਨੂੰ ਬੇਰਹਿਮੀ ਨਾਲ ਕੁੱਟਿਆ। ਮੇਰਾ ਦਿਲ ਕੀਤਾ ਕਿ ਚੱਕ ਦਿਆਂ ਕੰਮ ਪਰ ਫਿਰ ਮੈਂ ਡਰ ਗਿਆ ਕਿ ਆਪਾਂ ਖਿਡਾਰੀ ਲੋਕ ਹਾਂ ਕਿੱਥੇ ਪੂਰੇ ਲਹਾਂਗੇ ਇਨ੍ਹਾਂ 'ਯਮਦੂਤਾਂ' ਨਾਲ ? ਪਰ ਉਸ ਦਿਨ ਦਾ ਮੈਂ ਬਾਗੇ ਦਾ ਫ਼ੈਨ ਹੋ ਗਿਆ ਕਿ ਵਾਕਿਆ ਸ਼ਹਿਰ 'ਚ ਇਸ ਨੂੰ ਸਲੂਟ ਐਵੇਂ ਨਹੀਂ ਵੱਜਦੇ। ਮੇਰੇ ਵੀ ਦਿਲ 'ਚ ਚਾਹਤ ਜਾਗ ਪਈ ਕਿ ਸ਼ਹਿਰ ਆਏ ਆਂ ਸਲੂਟ ਤਾਂ ਵੱਜਣੇ ਹੀ ਚਾਹੀਦੇ ਨੇ। ਮੈਂ ਬਾਗੇ ਨਾਲ ਹੱਥ ਮਿਲਾਉਂਣ ਲੱਗ ਪਿਆ। ਫਿਰ ਅਸੀਂ ਸਾਰੇ ਹੀ ਇਕੱਠੇ ਹੋ ਕੇ ਖਾਣ-ਪੀਣ ਲੱਗ ਪਏ। ਕਦੇ-ਕਦੇ ਲੜਾਈ-ਭੜਾਈ 'ਚ ਵੀ ਗੇੜਾ ਕੱਢ ਆਉਂਦੇ ਪਰ ਜ਼ਿਆਦਾਤਰ ਕਬੱਡੀ ਅਤੇ ਕਬੱਡੀ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ।
ਨੈਸ਼ਨਲ ਸਟਾਇਲ ਕਬੱਡੀ ਮੁਕਾਬਲਿਆਂ 'ਚ ਜ਼ਿਲ੍ਹੇ 'ਚ ਜਾ ਕੇ ਅਸੀਂ ਸੈਮੀ ਫਾਈਨਲ 'ਚ ਹਾਰ ਗਏ ਪਰ ਪੰਜਾਬ ਸਟਾਈਲ 'ਚ ਅਸੀਂ ਮੋਰਚਾ ਮਾਰ ਲਿਆ। ਬਿੱਲਾ ਤੇ ਮੈਂ ਸਟੇਟ ਖੇਡਾਂ ਲਈ ਸਲੈਕਟ ਹੋ ਗਏ। ਬਿੱਲਾ ਖੇਡ ਆਇਆ ਪਰ ਮੇਰੀ ਮਾੜੀ ਕਿਸਮਤ ਮੈਨੂੰ ਕਛਰਾਲੀਆਂ ਨਿਕਲ ਆਈਆਂ। ਬਿੱਲਾ ਜਦੋਂ ਸਟੇਟ (ਰਾਜ ਪੱਧਰ) ਖੇਡ ਕੇ ਆਇਆ ਤਾਂ 26 ਜਨਵਰੀ 'ਤੇ ਉਸ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਪਿੱਛੋਂ ਸਾਰਿਆਂ ਜਰਦਾ (ਤੰਬਾਕੂ ਬੀੜਾ) ਮਸਲਿਆ ਤੇ ਮੈਨੂੰ ਵੀ ਲਾਉਣ ਲਈ ਪੇਸ਼ ਕੀਤਾ। ਮੈਂ ਕਦੇ ਲਾਇਆ ਨਹੀਂ ਸੀ ਪਰ ਸਾਥੀ ਖਹਿੜੇ ਪੈ ਗਏ ਕਿ ਲਾ ਕੇ ਵੇਖ ਦੁਨੀਆਂ ਘੁੰਮੇਗੀ। ਦੁਨੀਆਂ ਤਾਂ ਨਹੀਂ ਘੁੰਮੀ ਪਰ ਮੈਂ ਘੁੰਮ ਗਿਆ ਸਾਰਾ ਦਿਨ ਉਲਟੀਆਂ ਕਰਦਾ ਰਿਹਾ। ਡਰਦਾ ਪਿੰਡ ਵੀ ਨਾ ਗਿਆ ਰਾਤ ਨੂੰ ਬਿੱਲੇ ਕੇ ਪਿੰਡ ਰਿਹਾ।
ਵੈਸੇ ਇਹ ਸਰਦੀਆਂ ਮੈਂ ਇੱਕ ਹੋਰ ਗੱਲ ਲਈ ਵੀ ਨਹੀਂ ਭੁੱਲ ਸਕਦਾ ਕਿਉਂਕਿ ਸਾਰਾ ਸਿਆਲ੍ਹ ਮੈਂ ਕੱਲੀ ਕਮੀਜ਼ ਵਿੱਚ ਸਕੂਲ ਆਉਂਦਾ ਰਿਹਾ। ਘਰਦਿਆਂ ਨੇ ਇਕ ਜੈਕੇਟ ਲੈ ਕੇ ਦਿੱਤੀ ਸੀ ਪਰ ਮੈਂ ਕਿਸੇ ਦੋਸਤ ਦੇ ਦਸ ਰੂਪੇ ਦੇਣੇ ਸੀ ਜੋ ਮੈਂ ਮੋੜ ਨਾ ਸਕਿਆ ਤੇ ਉਸ ਜ਼ੋਰਾਵਰ ਨੇ ਪੰਜ-ਸੱਤ ਹੋਰ ਲੰਗਾੜੇ ਨਾਲ ਲਿਆ ਕੇ ਧੱਕੇ ਨਾਲ ਮੇਰੇ ਗਲੋਂ ਜੈਕੇਟ ਲਾਹ ਲਈ। ਘਰੋਂ ਦੂਜੀ ਜੈਕੇਟ ਨਹੀਂ ਸੀ ਜੁੜ ਸਕਦੀ ਕਿਉਂਕਿ ਤੰਗੀਆਂ ਦੇ ਦਿਨ ਸੀ। ਇਸ ਲਈ ਜੇ ਬੇਬੇ ਪੁੱਛਦੀ ਜੈਕੇਟ ਕਿੱਥੇ ਆ? ਤਾਂ ਮੈਂ ਆਖ ਦਿੰਦਾ ਸ਼ਹਿਰ ਪਈ ਆ ਤੇ ਮੈਂ ਆਪਣੇ ਕਿਸੇ ਦੋਸਤ ਨਾਲ ਸ਼ਰਤ ਰੱਖੀ ਹੈ ਕਿ ਮੈਂ ਸਾਰਾ ਸਿਆਲ੍ਹ ਇੱਕਲੀ ਕਮੀਜ਼ ਵਿੱਚ ਸਕੂਲ ਆਵਾਂਗਾ। ਇਹੀ ਗੱਲ ਮੈਂ ਆਪਣੇ ਦੋਸਤਾਂ ਨੂੰ ਵੀ ਆਖ ਦਿੰਦਾ ਕਿ ਮੇਰੀ ਸ਼ਰਤ ਲੱਗੀ ਹੋਈ ਹੈ। ਸੈਂਕੜੇ ਜਣਿਆਂ 'ਚ ਮੈਂ ਇਕਲੋਤਾ ਸੀ ਜੀਹਦੇ ਦਸੰਬਰ-ਜਨਵਰੀ 'ਚ ਵੀ ਕੱਲ੍ਹੀ ਕਮੀਜ਼ ਪਾਈ ਹੁੰਦੀ।
ਦੂਜੇ ਪਾਸੇ ਕਬੱਡੀ 'ਚ ਨਿੱਤ ਦੀਆਂ ਪ੍ਰਾਪਤੀਆਂ ਸਦਕਾ ਸਾਡੀ ਮਸ਼ਹੂਰੀ ਸਕੂਲ ਅਤੇ ਇਲਾਕੇ 'ਚ ਚਰਮ 'ਤੇ ਹੋ ਗਈ। ਅਸੀਂ ਆਪਣਾ ਸਕੂਲ ਦਾ ਸੈਂਟ (ਟੀਮ) ਪੇਂਡੂ ਟੂਰਨਾਮੈਟਾਂ ਅਤੇ ਮੇਲਿਆਂ 'ਚ ਲਿਜਾਣ ਲੱਗ ਪਏ। ਸਾਡੇ ਨਾਲ ਮੇਰੇ ਤਾਏ ਦਾ ਪੁੱਤ ਬੱਬੀ ਰਲ ਗਿਆ ਜੀਹਦੀ ਜਟਕੀ ਜਾਫ਼ ਦਾ ਕਿਸੇ ਕੋਲ ਤੋੜ ਹੀ ਨਹੀਂ ਸੀ। ਅਸਲ 'ਚ ਬੱਬੀ ਸਕੂਲ ਹੱਟ ਕੇ ਖੇਤਾਂ 'ਚ ਰੁਲਦਾ ਫਿਰਦਾ ਸੀ। ਮੈਂ ਤੇ ਮੇਰੇ ਪਿਤਾ ਨੇ ਉਸ ਨੂੰ ਪ੍ਰੇਰਕੇ ਗਰਾਊਂਡ 'ਚ ਲੈ ਆਂਦਾ। ਉਹ ਹੋਰ ਤਾਂ ਕੁਝ ਨਾ ਸਿੱਖ ਸਕਿਆ ਪਰ ਗਜ਼ ਲੰਮੀਆਂ ਬਾਹਾਂ ਦੀ ਵਰਤੋਂ ਕਰਨੀ ਸਿੱਖ ਗਿਆ। ਉਹ ਗੁੱਟ ਝਾੜ ਕੇ ਡਾਈਵ ਮਾਰਦਾ (ਲੱਤਾਂ ਫੜਦਾ) ਤੇ ਬੰਦੇ ਦਾ ਮੋਰ ਬਣਾ ਦਿੰਦਾ। ਹੁਣ ਅਸੀਂ ਜਿੱਧਰ ਵੀ ਜਾਂਦੇ ਧੂੜਾਂ ਪੱਟ ਦਿੰਦੇ। ਹਾਂ ਸਾਡੇ ਇਲਾਕੇ ਦੇ ਮਿੱਡੇ ਵਾਲੇ ਭਿੰਦੂ ਭਲਵਾਨ ਹੋਰੀਂ ਸਾਨੂੰ ਹਰਾ ਦਿੰਦੇ ਕਿਉਂਕਿ ਉਸ ਸਮੇਂ ਉਹ ਅੰਤਰ-ਰਾਸ਼ਟਰੀ ਖਿਡਾਰੀ ਹਰਜੀਤ ਬਾਜਾਖਾਨਾ ਦੇ ਬਰਾਬਰ ਸਨ ਬਾਕੀਆਂ ਨੂੰ ਅਸੀਂ ਖੰਘਣ ਨਾ ਦਿੰਦੇ। ਤੀਆਂ ਵਾਂਗੂ ਸਾਲ ਗੁਜ਼ਰ ਗਿਆ ਪਰ ਇਸ ਸਾਲ ਵਿੱਚ ਬਹੁਤ ਕੁਝ ਬਦਲ ਗਿਆ ਸੀ। ਮੇਰੀਆਂ ਅੱਖਾਂ ਭਾਰੀਆਂ ਰਹਿਣ ਲੱਗ ਪਈਆਂ। ਮੈਨੂੰ ਕਦੇ- ਕਦੇ ਉਲਟੀਆਂ ਵੀ ਆਉਂਦੀਆਂ।
ਇੱਕ ਦਿਨ ਮੈਂ ਤੇ ਮੇਰਾ ਜਿਗਰੀ ਯਾਰ ਸਵ ਹਰਮੀਤ ਕੰਗ ਪੈੱਗ ਲਾਉਣ ਲੱਗ ਪਏ। ਮੈਂ ਪਹਿਲਾਂ ਵੀ ਕਦੇ-ਕਦੇ ਲਾ ਲੈਂਦਾ ਸੀ। ਸਾਡੇ ਘਰੇ ਸ਼ਰਾਬ ਅਤੇ ਅਫੀਮ ਨੂੰ ਨਸ਼ਾ ਨਹੀਂ ਸੀ ਗਿਣਿਆ ਜਾਂਦਾ। ਮੈਨੂੰ ਹਰਮੀਤ ਨੇ ਸ਼ਰਾਬੀ ਹੋ ਕੇ ਦੱਸਿਆ ਕਿ ਤੈਨੂੰ ਤਿੰਨ ਮਹੀਨੇ ਤੋਂ ਕੋਲਡ ਡਰਿਕ 'ਚ ਕੋਰੈਕਸ ਦਿੱਤੀ ਜਾ ਰਹੀ ਹੈ। ਮੇਰੀ ਸਾਰੀ ਉਤਰ ਗਈ। ਮੈਂ ਕੋਰੈਕਸ ਬਾਰੇ ਸੁਣਿਆ ਸੀ ਕਿ ਇਹ ਖੰਘ ਵਾਲੀ ਦਵਾਈ ਹੈ ਤੇ ਇਸ ਨੂੰ ਨਸ਼ੇ ਲਈ ਪੀਤਾ ਜਾਂਦਾ ਹੈ। ਮੈਂ ਹਰਮੀਤ ਕੰਗ ਨੂੰ ਬਹੁਤ ਪੁੱਛਿਆ ਕਿ ' ਇਸ ਤਰ੍ਹਾਂ ਕਰਨ ਵਾਲੇ ਦਾ ਨਾਂ ਦੱਸ ਪਰ ਉਹ ਸਹੁੰ ਪਾ ਕੇ ਮੌਨ ਧਾਰ ਗਿਆ। ਕੁਝ ਦਿਨਾਂ ਬਾਅਦ ਇੱਕ ਦੁਪਿਹਰ ਅਸੀਂ ਸਾਰੇ ਜਣੇ ਗੱਲਾਂ ਮਾਰਦੇ-ਮਾਰਦੇ ਖੇਸਾਂ ਵਾਲੀ ਗਲੀ 'ਚ ਆ ਗਏ। ਮੇਰੇ ਅਤੇ ਕੰਗ ਤੋਂ ਇਲਾਵਾ ਦੋ ਕਬੱਡੀ ਖਿਡਾਰੀ ਤੇ ਦੋ ਅਨਜਾਣ ਇਸ ਟੋਲੀ 'ਚ ਸ਼ਾਮਲ ਸਨ। ਅਨਜਾਣਾ 'ਚੋਂ ਇੱਕ ਨੇ ਕਰੈਕਸ ਦੀ ਸ਼ੀਸ਼ੀ ਕੱਢੀ 'ਤੇ ਗਲਾਸ 'ਚ ਉਲੱਧ ਦਿੱਤੀ। ਚਾਰ ਗਲਾਸਾਂ 'ਚ ਪੈਂਗ ਬਣਾ ਕੇ ਅੱਗੇ ਕਰ ਦਿੱਤੇ ਗਏ। ਮੈਂ ਨਾਂਹ-ਨੁੱਕਰ ਕੀਤੀ ਕਿਉਂਕਿ ਮੈਂ ਹਰਮੀਤ ਦੇ ਦੱਸਣ ਤੋਂ ਬਾਅਦ ਚੌਕੰਨਾ ਹੋ ਗਿਆ ਸੀ ਪਰ ਮਨ ਬੇਈਮਾਨ ਹੋਣ 'ਤੇ ਗਲਾਸ ਚੁੱਕ ਲਿਆ। ਹਰਮੀਤ ਦੇ ਉਪਰੰਤ ਮੈਂ ਕੋਲਡ ਡਰਿਕ ਅਤੇ ਕੌਫੀ ਛੱਡ ਦਿੱਤੀ ਸੀ ਤਾਂ ਓਦੋਂ ਮੈਨੂੰ ਨਸ਼ੇ ਵਾਲੀ ਕੋਈ ਤੋੜ ਮਹਿਸੂਸ ਨਹੀਂ ਹੋਈ। ਇਸ ਲਈ ਮੈਂ ਸੋਚਿਆ ਕਿ ਇੱਕ ਦਿਨ 'ਚ ਕੀ ਹੋਣ ਲੱਗਾ ਹੈ ਅੱਜ ਖੁੱਲ੍ਹੇ ਰੂਪ 'ਚ ਨਸ਼ਾ ਪੀ ਕੇ ਵੇਖਦੇ ਹਾਂ। ਮੈਂ ਆਪਣੇ ਹੱਥੀਂ ਜ਼ਿੰਦਗੀ 'ਚ ਪਹਿਲੀ ਵਾਰ ਕੋਰੈਕਸ ਪੀ ਲਈ। ਹਰਮੀਤ ਕੰਗ ਕਬੱਡੀ ਦਾ ਸ਼ੌਂਕੀ ਸੀ ਪਰ ਉਹਦੇ ਤੋਂ ਏਨਾਂ ਖੇਡਿਆ ਨਹੀਂ ਸੀ ਜਾਂਦਾ। ਬਿੱਲੇ ਦਾ ਰਿਸ਼ਤੇਦਾਰ ਤੇ ਸਾਡਾ ਜਿਗਰੀ ਯਾਰ ਹੋਣ ਕਰਕੇ ਅਸੀਂ ਉਹਨੂੰ ਕੈਂਪਾਂ ਅਤੇ ਖੇਡ ਮੇਲਿਆਂ 'ਚ ਨਾਲ ਲੈ ਜਾਂਦੇ। ਹਰਮੀਤ ਕੰਗ ਜੀਹਦੀ 2013 ਵਿੱਚ ਮੌਤ ਹੋ ਗਈ ਮਰਹੂਮ ਕਾਂਗਰਸੀ ਆਗੂ ਜਗਤਰਨ ਸਿੰਘ ਕੰਗ (ਵਿਰਕ ਵਾਲਾ) ਦਾ ਵੱਡਾ ਪੁੱਤਰ ਸੀ। ਹੁਣ ਮੈਨੂੰ ਕੋਰੈਕਸ ਪੀਣ 'ਚ ਕੋਈ ਬੁਰਾਈ ਨਜ਼ਰ ਨਾ ਆਉਂਦੀ ਸਗੋਂ ਦੁਨੀਆਂ ਰੰਗੀਨ ਜਿਹੀ ਲੱਗਦੀ। ਮੈਨੂੰ ਲੱਗਦਾ ਸੀ ਕਿ ਨਸ਼ਾ ਮੇਰਾ ਕੁਝ ਨਹੀਂ।
ਲੜਾਈ ਹੋਈ ਸੀ ਤੇ ਜੱਸਾ ਬਾਗੇ ਹੋਰਾਂ ਨੂੰ ਵੰਗਾਰ ਕੇ ਲਿਆਇਆ ਸੀ। ਅਸੀਂ ਸਾਰੇ ਜੱਸੇ ਕੇ ਸ਼ਹਿਰ ਵਾਲੇ ਘਰ ਆ ਗਏ। ਉੱਥੇ ਸਾਰਿਆਂ ਨੇ ਰੱਜ ਕੇ ਦਾਰੂ ਪੀਤੀ। ਮੇਰੀ ਮੁਲਾਕਾਤ ਉੱਥੇ ਹੀ ਪੁਲਸ 'ਚੋਂ ਸਸਪੈਂਡ ਹੋਏ ਰਾਜੂ, ਰੰਮੀ ਮਾਨ ਆਧਨੀਆਂ ਅਤੇ ਛਾਪਿਆਂਵਾਲੀ ਕਾਲਜ 'ਚ ਪੜ੍ਹਦੇ ਖਰੜ ਨੇੜਲੇ ਇੱਕ ਪਿੰਡ ਦੇ ਰਹਿਣ ਵਾਲੇ ਸਾਵੀ ਨਾਲ ਹੋਈ। ਪਹਿਲੀ ਮੁਲਾਕਾਤ ਸਾਨੂੰ ਯਾਰ ਬਣਾ ਗਈ। ਸਾਵੀ ਮੈਨੂੰ ਆਪਣੀ ਕੋਠੀ ਲੈ ਗਿਆ ਜਿੱਥੇ ਉਹ ਤੇ ਉਹਦੇ ਨਾਲ ਪੜ੍ਹਦੇ ਕੁਝ ਹੋਰ ਮੁੰਡੇ ਰਹਿੰਦੇ ਸਨ। ਇਹ ਕੋਠੀ ਗੁਰੂ ਨਾਨਕ ਨਗਰ ਗਲੀ ਨੰਬਰ 10 ਵਿੱਚ ਸੀ। ਵੈਸੇ ਵੀ 10 ਮੇਰਾ ਮਨਪਸੰਦ ਅੰਕ ਹੈ। ਕੋਠੀ 'ਚ ਸ਼ੀਸ਼ੀਆਂ ਦਾ ਦੌਰ ਚੱਲ ਪਿਆ। ਸਿਗਰਟਾਂ ਦੇ ਧੂਏਂ 'ਚੋਂ ਮਸਤੀਆਂ ਫੁੱਟ ਰਹੀਆਂ ਸਨ। ਸਾਰਾ ਦਿਨ ਨਸ਼ਾ ਕਰਨਾ ਤੇ ਫੇਰ ਸ਼ਾਮ ਨੂੰ ਨੇਪਾਲੀ ਦੇ ਹੱਥ ਦੀਆਂ ਰੋਟੀਆਂ ਖਾ ਕੇ ਸੌਂ ਜਾਣਾ। ਉੱਥੇ ਕਈ ਹੋਰ ਵੀ ਲੋਕਲ ਬਦਮਾਸ਼ ਆਉਂਦੇ ਸਨ ਪਰ ਕੋਠੀ ਦਾ 'ਲੰਬੜਦਾਰ' ਸਾਵੀ ਮੈਨੂੰ ਹਰ ਗੱਲ 'ਚ ਪਹਿਲ ਦਿੰਦਾ। ਮੈਨੂੰ ਕੱਪੜੇ ਵੀ ਧੋਤੇ ਮਿਲ ਜਾਂਦੇ। ਮੈਂ ਜਿਹੜੀਆਂ ਜੀਨ ਦੀਆਂ ਪੈਂਟਾਂ ਦੇ ਖ਼ਾਬ ਵੇਖੇ ਸੀ ਉਹ ਹੁਣ ਪੂਰੇ ਹੋ ਰਹੇ ਸਨ। ਕੁਝ ਦਿਨਾਂ ਬਾਅਦ ਸਾਵੀ ਕਹਿੰਦਾ ਤੂੰ ਇੱਥੋਂ ਹੀ ਸਕੂਲੇ ਚਲਾ ਜਾਇਆ ਕਰ ਤੇਰੇ ਬਿਨਾਂ ਮੇਰਾ ਦਿਲ ਜਿਹਾ ਨਹੀਂ ਲੱਗਦਾ। 'ਅੰਨ੍ਹਾ ਕੀ ਭਾਲੇ ਦੋ ਅੱਖਾਂ' ਮੈਂ ਸਹਿਮਤੀ ਦੇ ਦਿੱਤੀ ਤੇ ਦੋ ਕਿਤਾਬਾਂ ਅਤੇ ਦੋ ਪੈਂਟਾਂ ਕੋਠੀ ਲਿਆ ਮਾਰੀਆਂ। ਸਾਡੇ ਨਾਲ ਹੀ ਚੰਨਾ ਫੌਜੀ ਸਮਰਾਲੇ ਵਾਲਾ ਅਤੇ ਲੱਖਾ ਭਾਊ ਸਰਾਵਾਂ ਵਾਲਾ ਵੀ ਰਹਿੰਦੇ ਸਨ। ਚੰਨੇ ਫੌਜੀ ਨੂੰ ਛੱਡਕੇ ਬਾਕੀ ਸਾਰੇ ਹੀ ਨਸ਼ਾ ਕਰਦੇ ਸਨ । ਹੁਣ ਮੈਂ ਇੱਥੋਂ ਹੀ ਸਕੂਲ ਜਾਣ ਲੱਗਾ ਪਰ ਮੈਨੂੰ ਸਕੂਲ ਚੰਗਾ ਨਾ ਲੱਗਦਾ ਕਿਉਂਕਿ ਸਾਵੀ ਨਾਲ ਜਾ ਕੇ ਮੈਂ ਦੋ-ਤਿੰਨ ਵਾਰ ਛਾਪਿਆਂਵਾਲੀ ਦਾ ਮਸ਼ਹੂਰ ਪੋਲਟੈਕਨੀਕਲ ਕਾਲਜ ਵੇਖ ਆਇਆ ਸੀ । ਕਈ ਹਫ਼ਤਿਆਂ ਬਾਅਦ ਮੈਂ ਸਕੂਲ ਗਿਆ ਤਾਂ ਮੇਰੇ ਪੁਰਾਣੇ ਸਾਥੀਆਂ ਨੇ ਮੈਨੂੰ ਬੜਾ ਸਮਝਾਇਆ ਕਿ ਛਾਪਿਆਂਵਾਲੀ ਵਾਲਿਆਂ ਨਾਲ ਨਾ ਰਲ ਪਰ ਮੈਂ ਸਾਰਿਆਂ ਨੂੰ ਗਾਲ੍ਹਾਂ ਕੱਢ ਕੇ ਦਵੱਲ ਦਿੱਤਾ। ਸਕੂਲ 'ਚ ਹੀ ਮੈਨੂੰ ਰੋਮੀ ਮਿਲ ਗਿਆ, ਉਹ ਭਾਵੇਂ ਇੱਥੇ ਛੇਵੀਂ ਕਲਾਸ ਵਿੱਚ ਹੀ ਪੜ੍ਹਦਾ ਸੀ ਪਰ ਸ਼ਰਾਰਤਾਂ ਅਤੇ ਪੰਗਿਆ ਦੇ ਮਾਮਲੇ 'ਚ ਉਹ ਲੁੱਚਿਆਂ ਦਾ ਪੀਰ ਸੀ। ਮੈਨੂੰ ਰੋਮੀ ਦਾ ਸਾਥ ਚੰਗਾ ਲੱਗਣ ਲੱਗ ਪਿਆ। ਉਹ ਜੁਆਕ ਜਿਹਾ ਮੈਨੂੰ ਆਪਣਾ ਪੁੱਤ ਲੱਗਦਾ। ਰੋਮੀ ਤਕੜੇ ਘਰ ਦਾ ਜਾਇਆ ਮਾਨਾਂ ਦਾ ਪੁੱਤ ਸੀ । ਵੈਸਪਾ ਸਕੂਟਰ ਅਤੇ ਜਿਪਸੀ ਉਸ ਦੀ ਸ਼ਾਨ ਨੂੰ ਹੋਰ ਵੀ ਸ਼ਿੰਗਾਰਦੀ ਸੀ । ਜਲਦੀ ਹੀ ਅਸੀਂ ਭਰਾ ਬਣ ਗਏ। ਸਾਰਾ ਦਿਨ ਅਸੀਂ ਕੱਠੇ ਰਹਿੰਦੇ। ਬਿੱਲੇ ਹੋਰਾਂ ਨੂੰ ਮੈਂ ਘੱਟ ਹੀ ਮਿਲਦਾ ਕਿਉਂਕਿ ਉਹ ਲੜਾਈ ਤੋਂ ਬਹੁਤ ਚਾਲੂ ਸਨ। ਹਾਂ ਕਦੇ-ਕਦੇ ਅਸੀਂ 'ਕੱਠੇ ਮੈਚ ਜ਼ਰੂਰ ਲਾ ਆਉਂਦੇ। ਹੁਣ ਮੈਂ ਪ੍ਰੈਕਟਿਸ ਤਾਂ ਉੱਕਾ ਹੀ ਛੱਡ ਚੁੱਕਾ ਸੀ ਪਰ ਫਿਰ ਵੀ ਮੈਂ ਹਰਜੀਤ ਬਾਜਾਖਾਨਾ ਜਿਹੇ ਸੈਟਾਂ ਦੇ ਬਰਾਬਰ ਖੇਡ ਆਉਂਦਾ ਸੀ। ਹਰਜੀਤ ਬਾਜਾਖਾਨਾ ਦੇ ਵਿਰੁੱਧ ਮੈਂ ਇੱਕੋ ਵਾਰ ਸਿੱਧਵਾਂ ਬੇਟ ਵਿਖੇ ਖੇਡਿਆ ਜਿੱਥੇ ਮੈਂ ਰੇਡਾਂ ਮਾਰੀਆਂ। ਅਸੀਂ ਉਹ ਮੈਚ ਸ਼ਾਇਦ 16 ਪੁਆਇੰਟਾਂ ਨਾਲ ਹਾਰੇ ਸੀ। ਉਂਝ ਹਰਜੀਤ ਬਾਜਾਖਾਨਾ ਮੈਨੂੰ ਨਿੱਜੀ ਤੌਰ 'ਤੇ ਜਾਣਦਾ ਸੀ ਤੇ ਜਦੋਂ ਵੀ ਕਿਤੇ ਸਾਡੇ ਇਲਾਕੇ 'ਚ ਉਹ ਖੇਡਣ ਆਉਂਦਾ ਮੈਂ ਉਸ ਦੀ ਸੰਗਤ 'ਚ ਹਾਜ਼ਰ ਹੋ ਜਾਂਦਾ।
ਗੁਨਾਹ ਦੇ ਵਪਾਰ
ਓਨ੍ਹੀ ਦਿਨੀਂ ਛਾਪਿਆਂਵਾਲੀ ਕਾਲਜ ਦੀ ਗਰੁੱਪਬਾਜ਼ੀ ਪੂਰੇ ਪੰਜਾਬ ਵਿੱਚ ਮਸ਼ਹੂਰ ਸੀ। ਉੱਥੇ ਲੁਧਿਆਣਾ ਅਤੇ ਬਠਿੰਡਾ ਗਰੁੱਪ ਆਪਸ 'ਚ ਖੂਨੀ ਖੇਡਾਂ ਖੇਡਦੇ ਰਹਿੰਦੇ ਸਨ। ਸਾਵੀ ਲੁਧਿਆਣਾ ਗਰੁੱਪ ਦਾ ਸਰਗਰਮ ਮੈਂਬਰ ਸੀ ਤੇ ਅਕਸਰ ਮੈਨੂੰ ਲੜਾਈਆਂ ਦੀਆਂ ਗੱਲਾਂ ਦੱਸਿਆ ਕਰਦਾ। ਦਰਅਸਲ ਲੋਕਲ ਗਰੁੱਪ ਹੋਣ ਕਰਕੇ ਬਠਿੰਡਾ ਗਰੁੱਪ ਲੁਧਿਆਣਾ ਗਰੁੱਪ 'ਤੇ ਹਾਵੀ ਸੀ। ਮੈਂ ਸਾਵੀ ਦੀਆਂ ਗੱਲਾਂ ਸੁਣ ਕੇ ਜੋਸ਼ ਵਿੱਚ ਆ ਜਾਂਦਾ ਕਿ ਕਿਤੇ ਮੇਰੇ ਹੱਥ ਜੁੜਨ ਤੁਹਾਡੇ ਵਿਰੋਧੀਆਂ ਨਾਲ ਫੇਰ ਮੈਂ ਪੱਟਾਂ ਫੱਟੀਆਂ 'ਚੋਂ ਕਿੱਲ। ਪ੍ਰੰਤੂ ਇੱਕ ਸੱਚ ਇਹ ਸੀ ਕਿ ਮੈਂ ਅੰਦਰੋਂ ਲੜਾਈਆਂ ਤੋਂ ਡਰਦਾ ਸੀ ਪਰ ਹਾਂ ਹੱਥ ਅਜ਼ਮਾਉਣ ਦੀ ਤਮੰਨਾ ਜ਼ਰੂਰ ਰੱਖਦਾ ਸੀ। ਤਿੰਨ ਕੁ ਮਹੀਨੇ ਲੰਘੇ ਕਿ ਛਾਪਿਆਂਵਾਲੀ ਕਾਲਜ ਦੇ ਸਾਹਮਣੇ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ 'ਤੇ ਲੱਗਣ ਵਾਲਾ ਮੇਲਾ ਆ ਗਿਆ। ਸਾਵੀ ਮੇਰੇ ਬਾਰੇ ਜਾਣਦਾ ਸੀ ਕਿ ਮੈਂ ਕਬੱਡੀ 'ਚ ਡਾਹ ਨਹੀਂ ਦਿੰਦਾ। ਸਾਵੀ ਤੇ ਉਸ ਦੇ ਸਾਥੀ ਆਖਣ ਲੱਗੇ ਕਿ ਮੇਲਾ ਜਿੱਤਣਾ ਹੈ ਚਾਹੇ ਧਰਤੀਏ ਸੁਰਾਖ਼ ਕਿਉਂ ਨਾ ਕਰਨਾ ਪਵੇ। ਮੈਂ ਵੀ ਕੱਛਾਂ ਥਾਣੀਂ ਖੁਸ਼ ਸੀ ਕਿ ਹੁਣ ਜਲਵਾ ਬਿਖ਼ੇਰਕੇ ਲੁਧਿਆਣੇ ਵਾਲਿਆਂ ਨੂੰ ਦੱਸਾਂਗਾ ਕਿ ਅਸਲੀ ਜਾਨ ਕਿਸ ਨੂੰ ਕਹਿੰਦੇ ਨੇ । ਮੈਂ ਰਨਿੰਗ (ਦੌੜ) ਮੁੜ ਸ਼ੁਰੂ ਕਰ ਦਿੱਤੀ ਤੇ ਪਿੰਡੋਂ ਬੱਬੀ ਨੂੰ ਵੀ ਸੱਦ ਲਿਆ। ਉਹਦੇ ਨਾਲ ਸਾਡਾ ਪਿੰਡ ਵਾਲਾ ਸੱਤੀ ਮੁਸਲਾ ਤੇ ਬੱਗੀ ਵੀ ਸੀ। ਬੱਗੀ ਛੋਟਾ ਜਿਹਾ ਜੁਆਕ ਸੀ ਜੀਹਦੀ ਸਾਡੇ ਨਾਲ ਯਾਰੀ ਪੈ ਗਈ ਤੇ ਉਹ ਆਵਦੇ ਘਰੋਂ ਸਾਡੇ ਖੇਤ ਵਾਲੇ ਘਰ ਯਾਨੀ ਬੌਬੀ ਕੋਲ ਰਹਿਣ ਲੱਗ ਪਿਆ। ਬੱਗੀ ਪਿੱਛੇ ਅਸੀਂ ਸਕੂਲ 'ਚ ਬੱਚੇ ਲਿਜਾਣ ਵਾਲੇ ਉਸ ਘੜੱਕਾ ਡਰਾਇਵਰ ਨੂੰ ਅੰਤਾਂ ਦਾ ਕੁੱਟਿਆ ਸੀ ਜੋ ਬੱਗੀ ਨੂੰ ਟਕੋਰਾਂ ਕਰਦਾ ਹੁੰਦਾ ਸੀ ਕਿਉਂਕਿ ਬੱਗੀ ਉਸ ਡਰਾਇਵਰ ਤੇ ਸਾਡੇ ਪਿੰਡ ਦੀ ਕੁੜੀ ਦਰਮਿਆਨ ਚੱਲਦੇ ਪ੍ਰੇਮ ਪ੍ਰਸੰਗ 'ਚ ਰੋੜ੍ਹਾ ਸੀ । ਪਹਿਲਾਂ ਤਾਂ ਬੱਬੀ ਕਦੇ- ਕਦੇ ਪੀਂਦਾ ਸੀ। ਪਰ ਹੁਣ ਜੁੰਡਲੀ ਬਣ ਜਾਣ ਕਰਕੇ ਡਰੰਮ ਤਪਾਈ ਰੱਖਦਾ ਸੀ। ਮੀਟ ਬੱਬੀ ਰੋਜ਼ ਖਾਂਦਾ ਸੀ ਉਹ ਵੀ ਸ਼ਿਕਾਰ ਕਰਕੇ। ਬੱਬੀ ਨੇ ਦੋ ਬਹੁਤ ਤਕੜੇ ਸ਼ਿਕਾਰੀ ਕੁੱਤੇ ਰੱਖੇ ਹੋਏ ਸਨ। ਇਸ ਤੋਂ ਇਲਾਵਾ ਬੱਬੀ ਹੋਰੀਂ ਰੋਜ਼ ਕੋਈ ਨਾ ਕੋਈ ਬੰਦਾ ਖੜਕਾਈ ਰੱਖਦੇ ਸਨ। ਪਿੰਡ ਸਾਥੋਂ ਪਹਿਲਾਂ ਡਰਦਾ ਸੀ ਪਰ ਮੇਰੀ ਛਾਪਿਆਂਵਾਲੀ ਵਾਲਿਆਂ ਨਾਲ ਲਿਹਾਜ਼ ਦਹਿਸ਼ਤ ਨੂੰ ਹੋਰ ਵੀ ਜ਼ਿਆਦਾ ਕਰ ਗਈ। ਬੱਬੀ ਦੀ ਜੁੰਡਲੀ ਤੇ ਮੈਂ ਪਿੰਡ 'ਚ ਜ਼ਿਆਦਾਤਰ ਸਿਵਿਆਂ 'ਚ ਬੈਠੇ ਰਹਿੰਦੇ ਜੋ ਸਾਡੇ ਖੇਤਾਂ ਦੇ ਨੇੜੇ ਸਨ। ਉੱਥੇ ਅਸੀਂ ਸਿਗਰਟਾਂ ਪੀਂਦੇ ਰਹਿੰਦੇ ਤੇ ਕਈ ਵਾਰ ਸਿਵਿਆਂ 'ਚ ਹੀ ਸੌਂ ਜਾਂਦੇ। ਅਸਲ 'ਚ 1994 'ਚ ਸਾਡਾ ਯਾਰ ਘੈਂਟੀ ਚਲ ਵਸਿਆ ਜਿਸ ਦੇ ਵਿਯੋਗ 'ਚ ਮੈਂ ਕਈ ਵਾਰ ਸਿਵਿਆਂ 'ਚ ਜਾ ਕੇ ਬੈਠ ਜਾਂਦਾ। ਮੈਨੂੰ ਦੇਖ ਬੱਬੀ ਹੋਰਾਂ ਦੀ ਵੀ ਸ਼ਮਸ਼ਾਨਘਾਟ ਆਉਣੀ-ਜਾਣੀ ਹੋ ਗਈ।
ਬੱਬੀ ਹੋਰੀਂ ਸ਼ਹਿਰ ਆਏ ਤੇ ਉਹ ਵੀ ਸਾਵੀ ਨਾਲ ਜੋਟੀ ਪਾ ਬੈਠੇ। ਇਸ ਦੌਰਾਨ ਇੱਕ ਦਿਨ ਪੁਲਸ ਨੇ ਛਾਪਾ ਮਾਰਿਆ ਤਾਂ ਕੋਠੀ 'ਚ ਬੱਗੀ ਕਾਬੂ ਆ ਗਿਆ। ਸਾਡੀ ਗੈਰ-ਹਾਜ਼ਰੀ 'ਚ ਕੋਈ ਮੁੰਡਾ ਜਨਾਨੀ ਲੈ ਆਇਆ ਸੀ। ਬੱਗੀ ਨੂੰ
ਅਸੀਂ ਕੁਝ ਘੰਟਿਆਂ ਬਾਅਦ ਛੁਡਾ ਲਿਆ ਤੇ ਨਾਲੇ ਚਾਰ ਲਾਈਆਂ ਵੀ ਕਿ ਤੂੰ ਉਸ ਕਮੀਨੇ ਨੂੰ ਵੜ੍ਹਨ ਕਿਉਂ ਦਿੱਤਾ? ਆਖ਼ਰ 18 ਸਤੰਬਰ ਨੂੰ ਮੇਲਾ ਆ ਗਿਆ। ਮੇਲੇ 'ਤੇ ਬਿੱਲਾ ਵੀ ਆ ਗਿਆ। ਤਿੰਨ ਕੁ ਵਜੇ ਮੈਚ ਸ਼ੁਰੂ ਹੋਇਆ। ਇੱਕ ਪਾਸੇ ਮੈਂ ਤੇ ਬਿੱਲਾ ਧਾਵੀ ਸੀ ਤੇ ਦੂਜੇ ਪਾਸੇ ਬਠਿੰਡੇ ਵਾਲਿਆਂ ਨੇ ਆਪਣੀ 'ਲਾਈਟ ਮਸ਼ੀਨਗੰਨ' ਸਿਹਾੜ ਵਾਲੇ ਫ਼ਤੀਕੀ ਦੇ ਰੂਪ 'ਚ ਫਿੱਟ ਕੀਤੀ ਹੋਈ ਸੀ ਜੋ ਬੜਾ ਫੁਰਤੀਲਾ ਧਾਵੀ ਸੀ ਤੇ ਉਹਦੇ ਨਾਲ ਖੜ੍ਹਾ ਸੀ ਪੰਜਾਬ ਦੇ 62 ਕਿਲੋ ਵਜ਼ਨ 'ਚ ਚੋਟੀ ਦੇ ਰੇਡਰਾਂ 'ਚੋਂ ਇੱਕ ਰਾਜਾ ਲਾਲਬਾਈ ਵਾਲਾ, ਜਿਸ ਨੂੰ ਮੈਂ ਤਾਂ ਕਈ ਵਾਰ ਠੱਲਿਆ ਸੀ ਪਰ ਬੱਬੀ ਨੂੰ ਉਹ ਰਾਹ ਨਹੀਂ ਸੀ ਦਿੰਦਾ। ਓਧਰ ਸਾਡੇ ਵਿਰੁੱਧ ਜਾਫ਼ 'ਤੇ ਸਾਢੇ ਛੇ ਫੁੱਟਾ ਅਬੁਲ ਖੁਰਾਣੇ ਵਾਲਾ ਗੋਲੂ ਬੁਲਡੋਜ਼ਰ ਖੜ੍ਹਾ ਸੀ । ਮੈਚ ਸ਼ੁਰੂ ਹੋ ਗਿਆ। ਲੁਧਿਆਣੇ ਵਾਲੇ ਮੁੱਛਾਂ ਨੂੰ ਤਾਅ ਦੇ ਰਹੇ ਸਨ ਤੇ ਬਠਿੰਡੇ ਵਾਲੇ ਬੜਕਾਂ ਮਾਰ ਰਹੇ ਸਨ। ਕਾਲਜ ਦੀਆਂ ਪਰੀਆਂ ਵਰਗੀਆਂ ਕੁੜੀਆਂ ਵੀ ਟਿੱਬੇ 'ਚ ਬਣੇ ਇਸ ਮੈਦਾਨ ਦੇ ਬਾਹਰ ਆ ਖੜ੍ਹੀਆਂ, ਇੰਝ ਲੱਗਦਾ ਸੀ ਜਿਵੇਂ ਜੱਟਾਂ ਦਿਆਂ ਖੇਤਾਂ 'ਚ ਮੇਮਾਂ ਦੀ ਡਾਰ ਆ ਗਈ ਹੋਵੇ। ਮੈਚ ਸ਼ੁਰੂ ਹੋ ਗਿਆ। ਮੈਂ ਬਿੱਲੇ ਨੂੰ ਸਮਝਾ 'ਤਾ ਕਿ ਤੂੰ ਗੋਲੂ ਨੂੰ ਕੁੱਟ ਕੇ (ਜ਼ੋਰ ਲੁਆ ਕੇ) ਆ ਮੈਂ ਉਸ ਨੂੰ ਝਕਾ ਕੇ ਨਿਕਲੀ ਆਵਾਂਗਾ। ਬਿੱਲੇ ਨੇ ਇੰਝ ਹੀ ਕੀਤਾ। ਮੈਂ ਵੀ ਨਾ ਅੜਿਆ ਪਰ ਦੂਜੇ ਪਾਸੇ ਰਾਜਾ ਤੇ ਪੰਜ ਕੁ ਫੁੱਟ ਦਾ ਫ਼ਤੀਕੀ ਵੀ ਗਾਹ ਪਾਈ ਫਿਰਦੇ ਸੀ। ਮੈਂ ਸੋਚਿਆ ਇੰਝ ਗੱਲ ਨਹੀਂ ਬਨਣੀ। ਮੈਂ ਬਿੱਲੇ ਨੂੰ ਕਿਹਾ ਕਿ ਤੂੰ 'ਕੱਲ੍ਹਾ ਰੇਡਾਂ ਮਾਰ ਮੈਂ ਕਰਦਾ ਆ ਕਲਿਆਣ ਉਡਦੇ ਬਾਜਾਂ ਦਾ। ਮੈਂ ਜਾਫ਼ 'ਤੇ ਜਾਂਦਿਆਂ ਈ ਰਾਜਾ ਸੁੱਟ ਲਿਆ। ਫ਼ਤੀਕੀ ਨੂੰ ਬੱਬੀ ਨੇ ਝਾੜ 'ਤਾ। ਅਸੀਂ ਦੋਵਾਂ ਭਰਾਵਾਂ ਨੇ ਮੈਦਾਨ 'ਚ ਖਲਬਲੀ ਮਚਾ ਦਿੱਤੀ। ਓਧਰ ਹੱਥ ਲਾ ਕੇ ਬਿੱਲਾ ਨੱਚਦਾ ਆ ਰਿਹਾ ਸੀ। ਨੋਟਾਂ ਦਾ ਸਾਡੇ 'ਤੇ ਮੀਂਹ ਵਰ੍ਹ ਰਿਹਾ ਸੀ। ਕੁੜੀਆਂ ਸਾਡੇ ਨਾਂ ਲੈ ਲੈ ਕੇ ਸੀਟੀਆਂ ਮਾਰ ਕੇ ਭਲਵਾਨਾਂ ਨੂੰ 'ਫੀਲਿੰਗ' ਦੇ ਰਹੀਆਂ ਸੀ। ਅੰਤ 'ਚ ਅਸੀਂ ਇਕਤਰਫ਼ਾ ਮੁਕਾਬਲੇ 'ਚ ਬਠਿੰਡੇ ਵਾਲਿਆਂ ਦੀ ਟੀਮ ਨੂੰ ਸ਼ਿਕਸਤ ਦੇ ਦਿੱਤੀ। ਸਾਲਾਂ ਬਾਅਦ ਮਿਲੀ ਇਸ ਖੁਸ਼ੀ ਨਾਲ ਲੁਧਿਆਣਵੀਂ ਬਾਗੀਆਂ ਪਾ ਰਹੇ ਸਨ।
ਓਨ੍ਹਾਂ ਦਿਨਾਂ 'ਚ ਲੁਧਿਆਣਾ ਗਰੁੱਪ ਦਾ ਮੁਖੀ ਜਿੰਦਾ ਗਰੇਵਾਲ ਹੁੰਦਾ ਸੀ। ਉਸ ਨੇ ਸਾਨੂੰ ਹੋਸਟਲ ਚੱਲਣ ਲਈ ਕਿਹਾ। ਅਸੀਂ ਚਲੇ ਗਏ। ਸਾਡੀ ਚੰਗੀ ਸੇਵਾ ਕੀਤੀ ਗਈ, ਠੀਕ ਓਵੇਂ ਜਿਵੇਂ ਕੋਈ ਮਰਾਸੀ ਨਵਾਬਾਂ ਦੇ ਵਿਆਹ ਦਾ ਸੱਦਾ ਲੈ ਕੇ ਆਇਆ ਹੋਵੇ। ਉਨ੍ਹਾਂ ਰਾਤ ਰਹਿਣ ਦੀ ਪੇਸ਼ਕਸ਼ ਕੀਤੀ। ਮੇਰੇ ਸਾਥੀ ਖਿਡਾਰੀ ਤਾਂ ਚਲੇ ਗਏ ਪਰ ਮੈਂ ਜਾਣੋਂ ਨਾਂਹ ਕਰ ਦਿੱਤੀ । ਮਸਾਂ ਤਾਂ ਮੈਨੂੰ ਹੋਸਟਲ 'ਚ ਆਉਣ ਅਤੇ ਵੱਡੇ ਘਰਾਂ ਦੇ ਕਾਕਿਆਂ ਨਾਲ ਬਹਿਣ ਦਾ ਮੌਕਾ ਮਿਲਿਆ ਸੀ। ਕੁਝ ਪਲ ਆਰਾਮ ਕੀਤਾ ਤਾਂ ਵਿੱਚੋਂ ਕੁਝ ਨੇ ਕਿਹਾ ਕਿ ਜਾਉ ਸ਼ਾਮ ਦਾ ਬੰਦੋਬਸਤ ਤਾਂ ਕਰ ਲਿਆਓ। ਅਸੀਂ ਚਾਰ ਜਣੇ ਮੋਟਰ ਸਾਈਕਲ ਅਤੇ ਸਕੂਟਰ 'ਤੇ ਸਵਾਰ ਹੋ ਕੇ ਸ਼ਰਾਬ-ਬੀਅਰ ਲੈਣ ਮਲੋਟ ਆ ਗਏ। ਜਦੋਂ ਅਸੀਂ ਮਲੋਟ ਤੋਂ ਮੁੜ ਕੇ ਛਾਪਿਆਂਵਾਲੀ ਜਾ ਰਹੇ ਸੀ ਤਾਂ ਹਾਰ ਤੋਂ ਤਿਲਮਿਲਾਏ ਬਠਿੰਡੇ ਵਾਲੇ ਸਾਡੇ ਮਗਰ ਪੈ ਗਏ। ਅਸੀਂ ਮੋਟਰ ਸਾਈਕਲ ਭਜਾ ਕੇ ਲੈ ਆਏ। ਮੈਂ ਰੁੜਕੇ ਵਾਲੇ ਵਿਰਕ ਮਗਰ ਬੈਠਾ ਸੀ ਤੇ ਦੂਜੇ ਪਾਸੇ ਰੋਮੀ ਨਾਲ ਸਕੂਟਰ 'ਤੇ ਕੋਈ ਹੋਰ ਬੈਠਾ ਸੀ। ਅਸੀਂ
ਆ ਕੇ ਸਾਥੀਆਂ ਨੂੰ ਆਪ ਬੀਤੀ ਦੱਸ ਰਹੇ ਸਾਂ ਕਿ ਸਕੂਟਰ 'ਤੇ ਸਵਾਰ ਹੋ ਕੇ ਬਠਿੰਡਾ ਗਰੁੱਪ ਦਾ ਮੁਖੀ ਆ ਗਿਆ। ਉਹ ਆ ਕੇ ਸਮਝਾਉਣ-ਬੁਝਾਉਣ ਲੱਗ ਪਿਆ। ਏਨੇ ਨੂੰ ਰੰਮੀ ਨੇ ਕੁਰਸੀ ਦੀ ਪਾਈਪ ਨਾਲ ਹਮਲਾ ਕਰ ਦਿੱਤਾ। ਪਿੱਛੇ ਈ ਸਾਰੇ ਪੈ ਗਏ। ਮੁਖੀਆ ਭੱਜ ਖਲ੍ਹਤਾ। ਭੱਜਦੇ ਦੀ ਰੰਮੀ ਨੇ ਪੱਗ ਲਾਹ ਲਈ। ਮੈਨੂੰ ਵੀ ਜੋਸ਼ ਚੜ੍ਹਿਆ ਤੇ ਮੈ ਮੁਖੀਏ ਦੇ ਨਾਲ ਆਏ ਚੋਬਰ ਨੂੰ ਸੁੱਟ ਲਿਆ। ਉਸ ਦਾ ਚੇਤਕ ਕੁੱਟ-ਕੁੱਟਕੇ ਡੱਬੀ ਕਰ ਤਾ ਤੇ ਉਹਦੇ ਹੱਡਾਂ ਨੂੰ ਜੰਮ ਕੇ ਭੰਨਿਆ। ਇਹ ਮੇਰਾ ਕਿਸੇ 'ਤੇ ਪਹਿਲਾ 'ਹਥੌਲਾ' ਸੀ। ਜੇਕਰ ਕੁਝ ਦੇਰ ਹੋਰ ਮੈਨੂੰ ਮੇਰੇ ਸਾਥੀ ਨਾ ਫੜਦੇ ਤਾਂ ਸ਼ਾਇਦ ਮੈਂ ਉਹਦਾ ਘੋਗਾ ਈ ਚਿੱਤ ਕਰ ਦਿੰਦਾ। ਵਿਰੋਧੀ ਦਲ ਦੇ ਮੁਖੀ ਦੀ ਪੱਗ ਲਾਹ ਕੇ ਲੁਧਿਆਣੇ ਵਾਲੇ ਬੇਚੈਨ ਹੋ ਗਏ। ਉਨ੍ਹਾਂ ਨੂੰ ਪਤਾ ਸੀ ਕਿ ਹੁਣ ਪਲਟਵਾਰ ਹੋਏਗਾ ਤੇ ਪਲਟਵਾਰ ਹੋਇਆ ਵੀ ਬੜਾ ਜਲਦੀ। ਅਗਲੇ ਦਿਨ ਮੈਂ ਤੇ ਵਿਰਕ ਰੱਜੇ ਹੋਏ ਯਾਮੇ 'ਤੇ ਆ ਰਹੇ ਸੀ ਤਾਂ ਅੰਬੈਸਡਰ ਕਾਰ ਨੇ ਪਿੱਛੋਂ ਆ ਟੱਕਰ ਮਾਰੀ। ਜੀਹਦੇ 'ਚੋਂ ਚੀਤਿਆਂ ਵਾਂਗ ਪੰਜ-ਛੇ ਗੱਭਰੂ ਨਿਕਲੇ ਜਿੰਨ੍ਹਾਂ ਦੇ ਹੱਥਾਂ 'ਚ ਕ੍ਰਿਪਾਨਾਂ ਨੰਗ ਦੀ ਬਾਲੀ ਵਾਂਗੂੰ ਲਿਸ਼ਕ ਰਹੀਆਂ ਸਨ। ਮੈਂ ਤਾਂ ਮੋਟਰ ਸਾਈਕਲ ਡਿੱਗਦੇ ਹੀ ਅੱਡੀਆਂ ਨੂੰ ਬੁੱਕ ਲਾ ਗਿਆ ਪਰ ਵਿਰਕ ਉੱਥੇ ਹੀ ਖੜ੍ਹ ਗਿਆ। ਮੇਰੇ ਮਗਰ ਚਾਰ ਕੁ ਜਣੇ ਲੱਗੇ ਪਰ ਮੈਂ ਸ਼ਹਿਰ ਦੇ ਮਕਾਨ ਇੰਝ ਟੱਪ ਗਿਆ ਜਿਵੇਂ ਕੁੱਤੇ ਮਗਰ ਲੱਗੇ ਤੋਂ ਹਿਰਨ ਖਾਲ੍ਹੇ ਟੱਪ ਜਾਂਦਾ ਹੈ। ਮੈਂ ਘਰਕਦਾ ਹੋਇਆ ਸਰਕਾਰੀ ਹਸਪਤਾਲ ਵਾਲੇ ਮੋੜ ਕੋਲ ਪੁੱਜਾ ਤਾਂ ਉੱਥੇ ਬੈਠੇ ਮੇਰੇ ਸਾਥੀ ਮੇਰੇ ਵੱਲ ਹੈਰਾਨੀ ਨਾਲ ਵੇਖਣ ਲੱਗ ਪਏ। ਇਸ ਤੋਂ ਪਹਿਲਾਂ ਕਿ ਮੈਂ ਕੁਝ ਦੱਸਦਾ ਸਾਹਮਣੇ ਤੋਂ ਵਿਰਕ ਨੂੰ ਕ ਨੂੰ ਟਰੈਕਟਰ 'ਤੇ ਲੱਦੀ ਲਿਆ ਰਹੇ ਸਨ । ਉਸ ਦੀ ਬਾਂਹ ਏਦਾਂ ਲਮਕ ਰਹੀ ਸੀ ਜਿਵੇਂ ਸੜਕ ਦੇ ਕਿਨਾਰੇ 'ਤੇ ਖੜ੍ਹੇ ਕਿਸੇ ਰੁੱਖ ਦੀ ਅੜ੍ਹਦੀ ਹੋਈ ਟਾਹਣੀ ਨੂੰ ਕੋਈ ਗੁੱਸੇ ਨਾਲ ਝਟਕਾਅ ਗਿਆ ਹੋਵੇ। ਮੈਨੂੰ ਬੜੀਆਂ ਲਾਹਨਤਾਂ ਪਾਈਆਂ ਸਾਥੀਆਂ ਨੇ ਕਿ "ਜਾਹ ਓਏ ਵੱਡਿਆ ਖਿਡਾਰੀਆ। ਪਹਿਲੀ ਈ ਨਾ ਝੱਲ ਸਕਿਆ ਦਿਖਾ ਗਿਆ ਕੰਡ।" ਮੈਨੂੰ ਬੜੀ ਸ਼ਰਮ ਆਈ ਕਿ ਮੈਂ ਉਸ ਬੰਦੇ ਨੂੰ ਛੱਡ ਤੁਰਿਆ ਜਿਸ ਨੂੰ ਕੁਝ ਘੰਟੇ ਪਹਿਲਾਂ ਹੀ ਮੈਂ ਭਰਾ ਆਖਿਆ ਸੀ । ਇਸ ਤੋਂ ਬਾਅਦ ਅਸੀਂ ਫੇਰ ਸੰਗਠਤ ਹੋਏ ਤੇ ਅਸੀਂ ਬਠਿੰਡੇ ਵਾਲਿਆਂ 'ਤੇ ਟੁੱਟ ਪਏ। ਜਿਹੜਾ ਮਿਲਿਆ ਉਸ ਨੂੰ ਵਲ੍ਹੇਟਣ ਲੱਗ ਪਏ। ਮੇਰੇ ਕਰਕੇ ਲੁਧਿਆਣੇ ਵਾਲਿਆਂ ਨਾਲ ਲੋਕਲ ਸਪੋਰਟ (ਇਲਾਕੇ ਦੀ ਮੰਡੀਹਰ) ਜੁੜ ਗਈ ਸੀ। ਮੈਂ ਕਦੇ-ਕਦੇ ਕਾਲਜ ਦੀਆਂ ਕਲਾਸਾਂ 'ਚ ਵੀ ਜਾ ਵੜ੍ਹਦਾ, ਕੋਈ ਡਰ ਨਾ ਰਿਹਾ ਹੁਣ ਕਿਸੇ ਦਾ। ਇਸ ਦੌਰਾਨ ਬੱਬੀ ਤੇ ਸਾਡੀ ਭੂਆ ਦਾ ਮੁੰਡਾ ਇੱਕ ਦਿਨ ਟਰੱਕ ਲੈ ਕੇ ਜਾ ਰਹੇ ਸੀ ਤਾਂ ਫਾਟਕ 'ਤੇ ਉਨ੍ਹਾਂ ਦਾ ਝਗੜਾ ਸਾਡੇ ਗਵਾਂਢ ਪਿੰਡ ਦੇ ਇੱਕ ਦੋਧੀ ਨਾਲ ਹੋ ਗਿਆ। ਦੋਧੀ ਨੇ ਪੁਲਸ ਸੱਦ ਕੇ ਬੱਬੀ ਨੂੰ ਫੜਾ ਦਿੱਤਾ। ਜਿਸ ਨੂੰ ਮੇਰੀ ਭੂਆ ਦੇ ਮੁੰਡੇ ਨੇ ਛੁਡਾ ਤਾਂ ਲਿਆ ਪਰ ਉਹਦੇ ਚਿੱਤੜ ਪੁਲਸ ਵਾਲਿਆਂ ਨੇ ਪਟੇ ਮਾਰ-ਮਾਰ ਕੇ ਲਾਲ ਕਰ ਦਿੱਤੇ। ਬੱਬੀ ਅਗਲੇ ਦਿਨ ਮੇਰੇ ਤੇ ਸਾਵੀ ਕੋਲ ਦਸ ਨੰਬਰ ਵਾਲੀ ਕੋਠੀ 'ਚ ਆ ਗਿਆ। ਉਸ ਦਾ ਭੈੜਾ ਜਿਹਾ ਮੂੰਹ ਵੇਖ ਕੇ ਮੈਂ ਸਮਝ ਗਿਆ ਕਿ ਕਹਾਣੀ ਕੋਈ ਗੜਬੜ ਹੈ। ਉਸ ਨੇ ਗੱਲ ਦੱਸੀ ਤਾਂ ਅਸੀਂ 'ਸਕੀਮ' ਪਾਉਣ (ਹੱਲਾ ਕਰਨ) ਦੀ ਧਾਰ ਲਈ। ਅਗਲੇ ਦਿਨ ਉਸੇ ਫਾਟਕ 'ਤੇ ਗਏ ਤਾਂ ਦੋਧੀ ਨੱਥੂ ਦੀ ਚੱਕੀ 'ਤੇ ਚਾਹ ਪੀ ਰਿਹਾ ਸੀ। ਬੱਬੀ ਨੇ ਕਿਹਾ ਉਹ ਰਿਹਾ। ਮੇਰੇ ਕੋਲ ਹਾਕੀ ਸੀ। ਮੈਂ ਪਹਿਲੀ
ਹੀ ਜਾ ਕੇ ਉਸ ਦੇ ਡਰੰਮ ਜਿੱਡੇ ਢਿੱਡ 'ਚ ਮਾਰੀ। ਹਾਲ ਪਾਹਰਿਆ ਮੱਚ ਗਈ। ਕੁਝ ਪਲਾਂ 'ਚ ਮੈਂ ਦਰਜਨਾਂ ਵਾਰ ਦੋਧੀ ਦੇ ਢਿੱਡ 'ਤੇ ਕਰ ਦਿੱਤੇ। ਦੋਧੀ ਬੇਹੋਸ਼ ਪਿਆ ਸੀ ਤੇ ਮੈਂ ਅਤੇ ਬੱਬੀ ਉਸ ਨੂੰ ਬੇਹਤਾਸ਼ਾ ਕੁੱਟ ਰਹੇ ਸੀ। ਸਾਨੂੰ ਨਾਲ ਦਿਆਂ ਨੇ ਹਟਾਇਆ ਤੇ ਉੱਥੋਂ ਖਿਸਕਣ ਲਈ ਕਿਹਾ। ਅਸੀਂ ਸਾਰੇ ਉੱਥੋਂ ਨਿਕਲ ਆਏ। ਮੇਰਾ ਗੁੱਸਾ ਦੇਖ ਕੇ ਅੱਜ ਸਾਰੇ ਹੈਰਾਨ ਸਨ। ਦਰਅਸਲ ਮੈਂ ਦੁਨੀਆਂ 'ਚ ਸਭ ਤੋਂ ਜ਼ਿਆਦਾ ਪਿਆਰ ਆਪਣੇ ਤਾਏ ਦੇ ਪੁੱਤ ਨੂੰ ਕਰਦਾ ਸੀ।
ਅਗਲੇ ਦਿਨ ਮੈਂ ਸਕੂਲ ਜਾਣ ਤੋਂ ਬਾਅਦ ਪਿੰਡ ਨੂੰ ਆਉਂਣ ਲੱਗਾ ਤਾਂ ਸਾਰਿਆਂ ਨੇ ਮੈਨੂੰ ਕਿਹਾ ਕਿ ਅੱਜ ਨਾ ਜਾਹ ਪਰ ਮੈਂ ਕਿਸੇ ਦੀ ਨਾ ਮੰਨੀ। ਮੈਂ ਇੰਦਰਾ ਰੋਡ 'ਤੇ ਆ ਗਿਆ ਜਿੱਥੋਂ ਪਿੰਡ ਨੂੰ ਬੱਸਾਂ ਚੱਲਦੀਆਂ ਸਨ। ਮੈਂ ਇੱਕ ਦੁਕਾਨ 'ਚ ਲੁਕ ਕੇ ਬੈਠ ਗਿਆ ਕਿਉਂਕਿ ਮੈਨੂੰ ਪਤਾ ਸੀ ਦੋਧੀ ਵੀ ਸਾਡੇ ਪਿੰਡਾਂ ਦਾ ਹੈ ਕੋਈ ਚੰਦ ਜ਼ਰੂਰ ਚਾੜ੍ਹੇਗਾ। ਹੋਇਆ ਵੀ ਉਹੀ। ਕੁਝ ਪਲਾਂ 'ਚ ਉੱਥੇ ਬੰਦੇ ਜੁੜਨੇ ਸ਼ੁਰੂ ਹੋ ਗਏ। ਮੈਂ ਸਮਝ ਗਿਆ ਕਿ ਪਰਿੰਦਾ ਕਸਾਈਆਂ ਦੇ ਵਿਹੜੇ ਆ ਡਿੱਗਾ ਹੈ। ਮੇਰੇ ਕੋਲ ਇੱਕ ਚਾਰਾ ਸੀ। ਮੈਂ ਸ਼ੇਰ ਵਾਂਗੂੰ ਦੁਕਾਨ 'ਚੋਂ ਨਿਕਲਿਆ ਤੇ ਗਿੱਦੜ ਵਾਂਗੂ ਸਾਹਮਣੇ ਵਾਲੀ ਗਲੀ ਵਿਚਦੀ ਦੌੜ ਪਿਆ। ਮੇਰੇ ਮਗਰ ਅਨੇਕਾਂ ਹੀ ਦੋਧੀ ਵਰੋਲਾ ਬਣਕੇ ਪੈ ਗਏ। ਦੋਧੀਆਂ ਦੇ ਰਾਜਦੂਤ ਮੋਟਰ ਸਾਈਕਲ ਮੇਰੇ ਪਿੱਛੇ ਘੂਕਦੇ ਆਉਂਣ ਤੇ ਮੈਂ ਆਵਦਾ ਐਕਸੀਲੇਟਰ ਨੱਪਦਾ ਜਾਂਦਾ ਸੀ। ਦੋਧੀਆਂ ਦੇ ਮੋਟਰ ਸਾਈਕਲਾਂ ਦੀਆਂ ਅਵਾਜ਼ਾਂ ਸ਼ਾਦੀ 'ਚ ਵੱਜ ਰਹੇ ਕਿਸੇ ਫਟੀਚਰ ਬੈਂਡ- ਵਾਜੇ ਜਿਹੀਆਂ ਸੀ। ਲੋਕ ਦੱਸਦੇ ਆ ਕਿ ਮੈਂ ਜਦੋਂ ਭੱਜ ਰਿਹਾ ਸੀ ਤਾਂ ਉਸ ਵੇਲੇ ਮੇਰੇ ਸਿਰਫ਼ ਅੱਧਾ-ਅੱਧਾ ਗਜ਼ ਲੰਮੇ ਵਾਲ ਹੀ ਦਿੱਸ ਰਹੇ ਸਨ ਮੈਂ ਕਿਸੇ ਨੂੰ ਨਜ਼ਰ ਨਹੀਂ ਸੀ ਆ ਰਿਹਾ, ਰਫ਼ਤਾਰ ਹੀ ਐਨੀ ਫੜ ਗਿਆ ਸੀ ਮੈਂ ਡਰਦਾ। ਵੈਸੇ ਇੱਕ ਗੱਲ ਪੱਕੀ ਹੈ ਕਿ ਪਿੱਛੇ ਵੱਢਖਾਣੇ ਪਏ ਹੋਣ ਤਾਂ ਸੁਸਤਲ ਬੰਦਾ ਵੀ ਘੋੜਾ ਬਣ ਜਾਂਦਾ ਹੈ, ਗਰੀਸ ਮੁੱਕੇ ਵਾਲੇ ਗੋਡੇ ਵੀ ਮੁਲਾਇਮ ਬੈਰਿੰਗ ਵਾਂਗਰ ਗਿੜ ਖਲੋਂਦੇ ਆ। ਮੈਂ ਬੰਦ ਗਲੀਆਂ ਅਤੇ ਭੀੜ ਵਾਲੇ ਬਾਜ਼ਾਰਾਂ 'ਚੋਂ ਭੱਜਦਾ ਇੱਕ ਬਾਣੀਏ ਯਾਰ ਦੀ ਦੁਕਾਨ 'ਚ ਜਾ ਲੁਕਿਆ ਪਰ ਬਾਹਰ ਡੇਢ ਸੌ ਬੰਦੇ ਨੂੰ ਵੇਖ ਕੇ ਬਾਣੀਆ ਜਰਕ ਗਿਆ। ਮੈਂ ਸਮਝ ਗਿਆ ਕਿ ਯਾਰੀ ਦੇ ਦਾਅਵੇ ਕ੍ਰਿਪਾਨਾਂ ਦੀਆਂ ਲਿਸ਼ਕੋਰਾਂ ਨਾਲ ਅੰਨ੍ਹੇ ਹੋ ਗਏ। ਮੈਂ ਬਿਨ੍ਹਾਂ ਦੇਰ ਕੀਤਿਆਂ ਦੋਧੀਆਂ ਦੇ ਵਿਚਦੀ ਫੇਰ ਸਪੀਡ ਚੁੱਕ ਦਿੱਤੀ। ਫੜਲੋ ਫੜਲੋ ਹੋ ਗਈ। ਮੈਂ ਭੱਜਦਾ-ਭੱਜਦਾ ਸ਼ਹਿਰ ਤੋਂ ਬਾਹਰ ਆ ਗਿਆ ਪਰ ਥ੍ਰੀ ਵੀਲਰਾਂ ਤੇ ਰਾਜਦੂਤਾਂ ਨੇ ਮੇਰਾ ਖਹਿੜਾ ਨਾ ਛੱਡਿਆ। ਉਸ ਦਿਨ ਮੈਂ 18 ਕਿਲੋਮੀਟਰ ਦੇ ਕਰੀਬ ਭੱਜਕੇ ਜਾਨ ਬਚਾਈ, ਉਹ ਵੀ ਸ਼ਾਇਦ ਨਾ ਬੱਚਦੀ ਜੇ ਕਿਤੇ ਸ਼ਾਮ ਨਾ ਪੈਂਦੀ। ਮੈਂ ਗਵਾਂਢ ਪਿੰਡ 'ਚ ਇਕ ਯਾਰ ਦੀ ਢਾਣੀ (ਬਹਿਕ) 'ਤੇ ਬੈਠੇ ਬੱਬੀ ਹੋਰਾਂ ਨੂੰ ਜਾ ਕੇ ਵਿੱਥਿਆ ਸੁਣਾਈ। ਇਸ ਵਾਰ ਭੱਜਣ 'ਤੇ ਮੈਨੂੰ ਲਾਹਨਤਾਂ ਨਹੀਂ ਪਈਆਂ ਸਗੋਂ ਸ਼ਾਬਾਸ਼ੀ ਮਿਲੀ। ਚਾਰ ਕੁ ਦਿਨ ਅਸੀਂ ਖੇਤਾਂ 'ਚ ਪਏ ਰਹੇ। ਵੈਸੇ ਇਹ ਸਾਡੀ ਰਣਨੀਤੀ ਰਹਿੰਦੀ ਸੀ ਕਿ ਲੜਾਈ ਦਾ ਕਾਰਨਾਮਾ ਕਰਕੇ ਅਸੀਂ ਰੂਪੋਸ਼ ਹੋ ਜਾਂਦੇ। ਫਿਰ ਸਾਡੀ ਇਹ ਫ਼ਰਾਰੀ ਖੇਤਾਂ 'ਚ ਕੱਟੀਦੀ। ਰੋਟੀਆਂ ਆ ਕੇ ਇੱਕ ਜਣਾ ਲੈ ਜਾਂਦਾ, ਬੱਸ ਖਾਲਿਆਂ 'ਚ ਪਏ ਸਿਗਰਟਾਂ ਫੂਕੀ ਜਾਂਦੇ। ਸ਼ਰਾਬ ਸਾਡੇ ਪਿੰਡਾਂ 'ਚ ਲੋਕ ਖੇਤਾਂ 'ਚ ਆਮ ਕੱਢਦੇ। ਅਸੀਂ ਕੇਨੀ ਭਰਾ ਕੇ ਕੋਲ ਰੱਖ ਲੈਂਦੇ ਤੇ ਪੀਤੀ ਜਾਂਦੇ। ਦੋਧੀਆਂ ਨਾਲ ਹਫ਼ਤੇ ਕੁ ਬਾਅਦ ਰਾਜ਼ੀਨਾਮੇ
ਲਈ ਸਾਡੇ ਬਜ਼ੁਰਗ ਤੇ ਬੱਬੀ ਹੋਰੀਂ ਗਏ ਤਾਂ ਉਹ ਵਸਾਹ ਕੇ ਗਲ੍ਹ ਪੈ ਗਏ। ਬੱਬੀ ਹੋਰਾਂ ਵੀ ਬਰਾਬਰ ਵਰ੍ਹਾਈਆਂ। ਮੈਨੂੰ ਬੇਬੇ ਨੇ ਉਸ ਦਿਨ ਸਕੂਲ ਘੱਲ 'ਤਾ ਸੀ। ਆਖ਼ਰ ਰਾਜ਼ੀਨਾਮਾ ਹੋ ਗਿਆ ਪਰ ਮੇਰੀ ਦਲੇਰੀ ਦੇ ਚਰਚੇ ਚੱਲ ਪਏ। ਮੈਂ ਲੁਧਿਆਣੇ ਵਾਲਿਆਂ ਨਾਲ ਪੱਕਾ ਹੀ ਰਹਿਣ ਲੱਗ ਪਿਆ। ਹੁਣ ਸਾਵੀ ਤੋਂ ਅੱਗੇ ਮੇਰੀ ਯਾਰੀ ਲੁਧਿਆਣੇ ਗਰੁੱਪ ਦੇ ਚਾਲਕ (ਬੰਟਾ, ਡਿੰਪਾ, ਬਲਤੇਜ, ਹਰਲੇਪ, ਜੱਸੋਵਾਲੀਏ ਭਰਾ, ਅਨਿਲ, ਕੱਟਾ ਆਦਿ) ਨਾਲ ਪੈ ਗਈ। ਮੈਂ ਆਪਣਾ ਪੱਕਾ ਟਿਕਾਣਾ ਛਾਪਿਆਂਵਾਲੀ ਕਾਲਜ ਦੇ ਜੇ.ਬੀ.ਐਸ. ਹੋਸਟਲ ਨੂੰ ਬਣਾ ਲਿਆ ਜਿੱਥੇ ਲੁਧਿਆਣਾ ਗਰੁੱਪ ਦੇ ਜ਼ਿਆਦਾਤਰ ਮੁੰਡੇ ਰਹਿੰਦੇ ਸਨ । ਮੈਂ ਤੇ ਛੋਟਾ ਜੱਸਵਾਲੀਆ ਜ਼ਿਆਦਾਤਰ ਇਕੱਠੇ ਰਹਿੰਦੇ। ਹੁਣ ਅਸੀਂ ਹਾਈਪ੍ਰੋਡੈਕਸ-10 ਤੇ ਡਾਰਮਿਨ-10 ਕੈਪਸੂਲ ਖਾਣ ਲੱਗ ਪਏ। ਇਸ ਤੋਂ ਇਲਾਵਾ ਫੈਂਸੀ ਦੀਆਂ ਸ਼ੀਸ਼ੀਆਂ ਤੇ ਭੁੱਕੀ 'ਤੇ ਅਸੀਂ ਪੱਕੇ ਹੋ ਗਏ। ਨਸ਼ੇ ਦਾ ਦੌਰ ਸਾਰਾ ਦਿਨ ਚੱਲਦਾ ਰਹਿੰਦਾ। ਹੋਸਟਲ 'ਚ ਅਸੀਂ ਕ੍ਰਿਪਾਨਾ, ਰਾਡਾਂ, ਦਾਤਰਾਂ ਦਾ ਜ਼ਖ਼ੀਰਾ ਜਮ੍ਹਾਂ ਕਰ ਲਿਆ। ਹਰ ਵੇਲੇ ਵਹੀਕਲਾਂ ਅਤੇ ਡੱਬਾਂ 'ਚ ਵੀ ਹਥਿਆਰ ਰਹਿੰਦੇ। ਸਾਡੇ ਵੱਲ ਜੇ ਕੋਈ ਅੱਖ ਭਰਕੇ ਤੱਕਦਾ ਵੀ ਅਸੀਂ ਫੜ ਕੇ ਉਸ ਨੂੰ ਉਧੇੜ ਦਿੰਦੇ। ਕਾਲਜ ਵਿੱਚ ਸਾਨੂੰ ਲੋਕ ਰਾਹ ਛੱਡ ਦਿੰਦੇ। ਮਲੋਟ ਤੋਂ 5 ਕਿਲੋਮੀਟਰ ਦੂਰ ਪੱਛਮ ਦਿਸ਼ਾ ਵੱਲ ਮਟੀਲੀ ਰੋਡ 'ਤੇ ਸਥਿਤ ਇਹ ਕਾਲਜ 1989 'ਚ ਬਣਿਆ ਸੀ ਤੇ ਹੁਣ ਤੱਕ ਇਹ ਪੜ੍ਹਾਈ ਅਤੇ ਲੜਾਈ ਦੋਵਾਂ 'ਚ ਮਸ਼ਹੂਰ ਹੋ ਗਿਆ ਸੀ। ਮੈਂ ਇਸ ਕਾਲਜ ਵਿੱਚ ਬਿਨ੍ਹਾਂ ਦਾਖਲੇ ਵਾਲਾ ਧੱਕੇ ਦਾ ਵਿਦਿਆਰਥੀ ਸੀ। ਮੇਰੀ ਐਡਮਿਸ਼ਨ ਨਹੀਂ ਸੀ ਪਰ ਮੈਂ ਫਿਰ ਵੀ ਕਲਾਸਾਂ 'ਚ ਬੈਠ ਜਾਂਦਾ। ਇੱਕ-ਦੋ ਪ੍ਰੋਫੈਸਰਾਂ ਨੂੰ ਵੀ ਮੈਂ ਮੰਦਾ ਬੋਲਿਆ। ਹੁਣ ਸਾਡਾ ਸਾਰਾ ਗਰੁੱਪ ਹੀ ਫਾਰਮ 'ਚ ਆ ਚੁੱਕਾ ਸੀ । ਅਸੀਂ ਵਿਰੋਧੀ ਦਲ ਨੂੰ ਪਛਾੜ ਦਿੱਤਾ। ਹੁਣ ਅਸੀਂ ਵਿਰੋਧੀਆਂ ਵੱਲੋਂ ਬੇਫ਼ਿਕਰ ਸੀ ਪਰ ਆਪਸ 'ਚ ਧੜੇ ਜਿਹੇ ਬਣਾ ਲਏ। ਮੈਂ ਤੇ ਰੰਮੀ ਬਲਤੇਜ-ਹਰਲੇਪ ਨਾਲ ਆ ਗਏ ਪਰ ਅਸੀਂ ਆਪਣਾ ਕਾਰੋਬਾਰ ਜਾਰੀ ਰੱਖਿਆ। ਅਸੀਂ ਕਿਰਾਏ 'ਤੇ ਲੈਣ ਦੇ ਬਹਾਨੇ ਵੀ.ਸੀ.ਆਰ. ਅਤੇ ਸਕੂਟਰ-ਮੋਟਰ ਸਾਈਕਲਾਂ 'ਤੇ ਹੱਥ ਫੇਰਦੇ। ਇਕ ਮੋਟਰ ਸਾਈਕਲ ਅਸੀਂ ਨਵਾਂ ਹੀ ਚੁੱਕ ਲਿਆਂਦਾ। ਮੇਰੀ ਮਾਤਾ ਨੇ ਪੁੱਛਿਆ ਤਾਂ ਅਸੀਂ ਆਖਿਆ ਇਹ ਰੰਮੀ ਦੀ ਭੈਣ ਨੂੰ ਦਾਜ 'ਚ ਦੇਣਾ ਹੈ। ਕੁਝ ਦਿਨਾਂ ਬਾਅਦ ਗੱਲ ਨਿਕਲ ਆਈ ਕਿ ਰੰਮੀ ਦੀ ਤਾਂ ਕੋਈ ਭੈਣ ਹੀ ਨਹੀਂ ਹੈ। ਮਾਤਾ ਨੇ ਗਾਲ੍ਹਾਂ ਕੱਢੀਆਂ ਤਾਂ ਅਸੀਂ ਇਹ ਮੋਟਰ ਸਾਈਕਲ ਰਾਤ ਨੂੰ ਥਾਣੇ ਅੱਗੇ ਖੜ੍ਹਾ ਆਏ। ਵੈਸੇ ਅਸੀਂ ਜੋ ਵੀ 'ਮਿਹਨਤ' ਨਾਲ ਚੋਰੀ 'ਚੋਂ ਕਮਾਉਦੇ ਉਹ ਯਾਰ-ਬੇਲੀ ਹੀ ਸਾਥੋਂ ਠੱਗ ਲੈਂਦੇ। ਵੀ.ਸੀ.ਆਰ. ਉਡਾਉਣ ਦਾ ਵੀ ਸਾਡਾ ਢੰਗ ਨਿਰਾਲਾ ਸੀ। ਦੇਰ ਸ਼ਾਮ ਜਦੋਂ ਬਜ਼ਾਰ ਬੰਦ ਹੋ ਰਹੇ ਹੁੰਦੇ ਤਾਂ ਮੈਨੂੰ ਕਿਸੇ ਦੁਕਾਨ ਅੱਗੇ ਖੜ੍ਹਾ ਕਰਕੇ ਰੰਮੀ ਦੁਕਾਨ 'ਤੇ ਜਾਂਦਾ ਤੇ ਦੁਕਾਨਦਾਰ ਨੂੰ ਆਖਦਾ ਵੀ.ਸੀ.ਆਰ. ਲਿਜਾਣਾ ਹੈ। ਜਦੋਂ ਦੁਕਾਨਦਾਰ ਜੁੰਮੇਵਾਰੀ ਮੰਗਦਾ ਤਾਂ ਰੰਮੀ ਨਾਲ ਬਿਠਾ ਕੇ ਦੁਕਾਨਦਾਰ ਨੂੰ ਮੇਰੇ ਕੋਲ ਲੈ ਆਉਂਦਾ ਤੇ ਮੈਂ ਵੇਖ ਕੇ ਸ਼ਟਰ 'ਤੇ ਹੱਥ ਜਿਹੇ ਮਾਰ ਦਿੰਦਾ ਜਿਵੇਂ ਦੁਕਾਨ ਬੰਦ ਕਰ ਰਿਹਾ ਹੋਵਾਂ। ਪੁੱਛਣ 'ਤੇ ਮੈਂ ਆਖਦਾ "ਇਹ ਦੁਕਾਨ ਆਪਣੀ ਹੈ। ਕੋਈ ਗੱਲ ਨਹੀਂ ਵੀ.ਸੀ.ਆਰ. ਦੇ ਦਿਉ ਪੈਸੇ ਸਵੇਰੇ ਇੱਥੋਂ ਈ ਲੈ ਜਾਇਓ"। ਬੱਸ ਇਹੋ ਟ੍ਰਿਕ ਹੁੰਦਾ ਤੇ ਅਸੀਂ ਹੱਥ ਸਾਫ ਕਰ ਜਾਂਦੇ । ਇਸ ਤੋਂ ਇਲਾਵਾ ਸਾਡੇ ਗਰੁੱਪ ਦੇ ਹੋਰ ਵੀ ਕਈ ਸਾਥੀ ਆਪਣਾ 'ਧੰਦਾ' ਚਲਾ
ਰਹੇ ਸੀ। ਬੇਸ਼ੱਕ ਅਸੀਂ ਵੰਡੇ ਜਿਹੇ ਗਏ ਸੀ ਪਰ ਮਲੋਟ ਸ਼ਹਿਰ, ਕਾਲਜ ਅਤੇ ਆਸ-ਪਾਸ ਦੇ ਪਿੰਡ ਸਾਡੀ ਸਲਤਨਤ ਬਣ ਚੁੱਕੇ ਸਨ । ਲਾਗੇ ਦੇ ਪਿੰਡਾਂ ਦੇ ਵੱਡੇ-ਵੱਡੇ ਘਰਾਂ ਦੇ ਮੁੰਡੇ ਸਾਡੀ ਹਾਜ਼ਰੀ ਭਰਦੇ ਤੇ ਸਾਨੂੰ ਵਸੂਲੀ ਦਿੰਦੇ। ਸਿਆਸਤਦਾਨ ਵੀ ਪੈਸੇ ਦੇ ਕੇ ਸਾਥੋਂ ਕੰਮ ਕਢਾ ਜਾਂਦੇ। ਪੁਲਸ ਦਾ ਹੁਣ ਸਾਨੂੰ ਭੈਅ ਨਹੀਂ ਸੀ ਰਹਿ ਗਿਆ। ਵੱਡੇ-ਵੱਡੇ ਘਰਾਂ ਦੇ ਕਾਕੇ ਸਾਡਾ ਪਾਣੀ ਭਰਿਆ ਕਰਦੇ ਸੀ। ਕਈ ਤਾਂ ਕੀਮਤੀ ਤੋਹਫੇ ਵੀ ਸਾਨੂੰ ਦਿੰਦੇ । ਅਮੀਰ ਕਾਕਿਆਂ ਦਾ ਮਕਸਦ ਹੁੰਦਾ ਸਾਡੇ ਨੇੜੇ ਹੋਣਾ ਤੇ ਲੋਕਾਂ 'ਤੇ ਉਸ ਨੇੜਤਾ ਦਾ ਰੋਅਬ ਪਾਉਣਾ ਜਦਕਿ ਸਾਡਾ ਮਕਸਦ ਹੁੰਦਾ ਇਨ੍ਹਾਂ 'ਮਿੱਠੇ ਗੰਨਿਆਂ' ਨੂੰ ਚੂਪਣਾ। ਦਿਨ ਮੇਲੇ ਵਾਂਗ ਲੰਘ ਰਹੇ ਸਨ ਪਰ ਇਸ ਦੇ ਇਵਜ਼ ਵਿੱਚ ਮੈਂ ਆਪਣੀਆਂ ਦੋ ਪਿਆਰੀਆਂ ਚੀਜ਼ਾਂ, ਪੜ੍ਹਾਈ ਅਤੇ ਕਬੱਡੀ ਖੋਹ ਦਿੱਤੀਆਂ। ਇਹ ਦੋਵੇਂ ਕਦੇ ਮੇਰੀਆਂ ਪ੍ਰਾਣ- ਆਧਾਰ ਸਨ ਪ੍ਰੰਤੂ ਬਦਮਾਸ਼ੀ ਦੀ ਲਲਕ ਤੇ ਨਸ਼ੇ ਦਾ ਲਾਲਚ ਮੈਨੂੰ ਦੋਵਾਂ ਤੋਂ ਕੋਹਾਂ ਦੂਰ ਲਿਜਾ ਚੁੱਕਾ ਸੀ। ਅਚਾਨਕ 1997 'ਚ ਮੈਨੂੰ ਖ਼ਿਆਲ ਆਇਆ ਕਿ ਮੈਂ ਕਿੱਧਰ ਨੂੰ ਹੋ ਤੁਰਿਆ? ਮੇਰੀ ਕਬੱਡੀ ਕਿੱਥੇ ਗਈ? ਮੇਰੇ ਸੁਫ਼ਨੇ ਕਿਸ ਚਰਖ਼ੜੀ ਚੜ੍ਹ ਗਏ ? ਇਹ ਸੋਚਾਂ ਸੋਚਦਾ ਈ ਮੈਂ ਇਕ ਦਿਨ ਅੱਭੜਵਾਹੇ ਸਕੂਲ ਨੂੰ ਭੱਜ ਤੁਰਿਆ। ਸਕੂਲ ਗਿਆ ਤਾਂ ਪ੍ਰਿੰਸੀਪਲ ਮੈਨੂੰ ਕੁਰਸੀ ਛੱਡਕੇ ਖੜ੍ਹਾ ਹੋ ਗਿਆ ਤੇ ਆਖਣ ਲੱਗਾ "ਜਨਾਬ। ਰਹਿਮ ਕਰੋ ਇਸ ਸਕੂਲ 'ਤੇ ।" ਮੈਂ ਬੜੇ ਵਾਸਤੇ ਪਾਏ ਕਿ ਮੈਂ ਸਭ ਕੁਝ ਛੱਡਕੇ ਅੱਜ ਪੜ੍ਹਨ ਆਇਆ ਹਾਂ ਪਰ ਉਹ ਬੋਲੇ "ਪੜ੍ਹਨ ਕਿ ਪੜ੍ਹਾਉਣ ਆਇਆ ?" ਮੈਂ ਟੁੱਟੇ ਦਿਲ ਨਾਲ ਵਾਪਸ ਆ ਗਿਆ। ਅਸਲ 'ਚ ਕੁਝ ਮਹੀਨੇ ਪਹਿਲਾਂ ਜਦੋਂ ਅਸੀਂ ਸਕੂਲ ਮੂਹਰੇ ਸਿਗਰਟਾਂ ਪੀ ਰਹੇ ਸੀ ਤਾਂ ਥਾਣਾ ਸਿਟੀ ਦਾ ਐਸ.ਐਚ.ਓ. ਆ ਗਿਆ। ਉਸ ਨਾਲ ਮੇਰੀ ਬਹਿਸ ਹੋ ਗਈ ਤੇ ਉਸ ਨੇ ਸਕੂਲ 'ਚ ਹੀ ਮੈਨੂੰ ਡਾਂਗ ਵਾਹੀ ਸੀ । ਇਸ ਤੋਂ ਬਾਅਦ ਮੈਂ ਕਈ ਸਕੂਲਾਂ 'ਚ ਹਾੜ੍ਹੇ ਕੱਢੇ, ਆਪਣੀ ਕਾਬਲੀਅਤ ਦੇ ਸਰਟੀਫਿਕੇਟ ਵਿਖਾਏ ਪਰ ਮੈਨੂੰ ਹਰ ਦਰ ਤੋਂ ਦੁਰਕਾਰ ਦਿੱਤਾ ਗਿਆ। ਮੈਂ ਖੂਨ ਦੇ ਹੰਝੂ ਰੋਇਆ। ਮੈਨੂੰ ਉਸ ਦਿਨ ਪਤਾ ਲੱਗਾ ਕਿ ਮੈਂ ਕੀ ਬਣ ਗਿਆ ਹਾਂ। ਮੈਂ ਸ਼ੁਗਲ-ਸ਼ੁਗਲ 'ਚ ਇਲਾਕੇ ਦੇ ਖੂੰਖ਼ਾਰ ਬਦਮਾਸ਼ ਤੇ ਇਕ ਚੋਰ ਵੱਜੋਂ ਮੋਹਰ ਲੁਆ ਚੁੱਕਾ ਸੀ । ਮੈਂ ਬੜਾ ਉਦਾਸ ਹੋਇਆ ਗਲੀਆਂ 'ਚ ਫਿਰਦਾ ਸੀ। ਪਬਲਿਕ ਪੇਸ਼ਾਬਘਰ 'ਚ ਪੇਸ਼ਾਬ ਕਰਨ ਲੱਗਾ ਤਾਂ ਮੈਂ ਇੱਕ ਇਸ਼ਤਿਹਾਰ ਵੇਖਿਆ। ਜਿਸ 'ਤੇ ਮਾਲਵਾ ਅਕੈਡਮੀ ਦਾ ਪਤਾ ਲਿਖਿਆ ਹੋਇਆ ਸੀ। ਉਨ੍ਹਾਂ ਲਿਖਿਆ ਹੋਇਆ ਸੀ "+1 ਫੇਲ ਜਾਂ ਦਸਵੀਂ ਪਾਸ ਸਿੱਧੀ +2 ਕਰੋ"। ਮੈਂ ਸ਼ਹਿਰ ਦੇ ਇਲਾਕੇ ਪੁਰਾਣੀ ਮੰਡੀ ਸਥਿਤ ਮਾਲਵਾ ਅਕੈਡਮੀ 'ਚ ਆ ਗਿਆ ਤਾਂ ਉੱਥੇ ਛੁੱਟੀ ਹੋ ਚੁੱਕੀ ਸੀ। ਉੱਤੋਂ ਭਾਰੀ ਮੀਂਹ ਲਹਿ ਪਿਆ। ਮੈਂ ਵਰ੍ਹਦੇ ਮੀਂਹ 'ਚ ਪ੍ਰਿੰਸੀਪਲ ਮੈਡਮ ਦਾ ਘਰ ਪੁੱਛ ਕੇ ਉੱਧਰ ਨੂੰ ਹੋ ਤੁਰਿਆ। ਘਰ ਅੱਗੇ ਜਾ ਕੇ ਮੈਂ ਮੀਂਹ 'ਚ ਭਿੱਜੇ ਨੇ ਘੰਟੀ ਖੜਕਾਈ। ਗੁੰਦਵੇਂ ਸਰੀਰ ਤੇ ਲੰਮੀਆਂ ਜੁਲਫ਼ਾ ਵਾਲੀ ਮੈਡਮ ਬਾਹਰ ਆਈ ਤਾਂ ਮੈਂ ਫ਼ਤਿਹ ਬੁਲਾਈ ਪਰ ਉਹ ਮੇਰੀ ਸ਼ਕਲ ਵੇਖ ਕੇ ਘਬਰਾ ਗਈ। ਮੈਂ ਹੱਥ ਜੋੜ ਕੇ ਉਸ ਨੂੰ ਕਿਹਾ ਕਿ "ਮੈਡਮ। ਮੈਨੂੰ +2 ਕਰਵਾ ਦਿਉ।" ਉਹ ਬੋਲੀ "ਕੀ ਨਾਂਅ ਏ ਤੇਰਾ ?" ਮੈਂ ਘਬਰਾ ਗਿਆ। ਮੈਂ ਕੰਬਦੇ ਬੁੱਲ੍ਹਾਂ ਨਾਲ ਕਿਹਾ "ਜੀ.. ਜੀ. ਮੇਰਾ ਨਾਂ ਏਂ ਬਲਜਿੰਦਰ .... ।" ਮੈਡਮ ਬੋਲੀ "ਕਿਉਂ ਝੂਠ ਬੋਲਦਾ ਏਂ ? ਆ ਜਾ ਅੰਦਰ ।" ਮੈਂ ਹੈਰਾਨ ਰਹਿ ਗਿਆ ਕਿ ਇਹ ਮੈਡਮ ਵੀ ਮੈਨੂੰ ਜਾਣਦੀ ਹੈ। ਮੈਡਮ ਨੇ ਬੈਠਕ 'ਚ
ਬਿਠਾ ਕੇ ਚਾਹ ਲੈ ਆਂਦੀ। ਮੇਰੇ ਨਾਲ ਬੈਠ ਕੇ ਮੈਡਮ ਨੇ ਕਿਹਾ "ਤੂੰ ਮਿੰਟੂ ਹੋਵੇ ਜਾਂ ਬਲਜਿੰਦਰ ਕੋਈ ਫਰਕ ਨਹੀਂ ਪੈਂਦਾ। ਮੇਰਾ ਕੰਮ ਹੈ ਪੜ੍ਹਾਉਣਾ। ਕੋਈ ਚੋਰ ਹੋਵੇ ਜਾਂ ਸਾਧ ਆਪਣੀ ਪਾਤਰਤਾ ਦੇ ਹਿਸਾਬ ਨਾਲ ਇੱਥੋਂ ਲੈ ਜਾਵੇਗਾ।" ਮੈਂ ਮੈਡਮ ਦੇ ਪੈਰੀਂ ਪੈ ਗਿਆ। ਮੈਡਮ ਨੇ ਮੈਨੂੰ ਪਿਆਰ ਨਾਲ ਉਠਾਇਆ ਤੇ ਆਖਿਆ "ਮੈਂ ਤੇਰੇ ਬਾਰੇ ਸਭ ਕੁਝ ਜਾਣਦੀ ਆਂ। ਮੇਰੀ ਅਕੈਡਮੀ ਦੀ ਇੱਜ਼ਤ ਹੈ। ਇਸ ਇੱਜ਼ਤ ਨੂੰ ਹਰ ਹਾਲ ਬਹਾਲ ਰੱਖੀਂ। ਤੇਰੇ ਕੋਲ ਮੌਕਾ ਹੈ ਚਾਹੇ ਖੁਦ ਨੂੰ ਸਾਬਤ ਕਰ ਲਵੀਂ ਤੇ ਚਾਹੇ ਖੇਹ ਖੱਟ ਲਈ। ਤੂੰ ਕੱਲ੍ਹ ਤੋਂ ਆ ਜਾਇਆ ਕਰ।" ਮੈਂ ਖੁਸ਼ ਹੋ ਗਿਆ ਤੇ ਹੱਥ ਜੋੜ ਕੇ ਬਾਹਰ ਆ ਗਿਆ। ਮੈਂ ਕਲਾਸਾਂ ਸ਼ੁਰੂ ਕਰ ਦਿੱਤੀਆਂ। ਮੈਂ ਅਕੈਡਮੀ 'ਚ ਸ਼ਰੀਫ ਬਣਕੇ ਜਾਂਦਾ ਤੇ ਉੱਥੇ ਪੜ੍ਹਦੀਆਂ ਕੁੜੀਆਂ ਨੂੰ ਆਪਣੀਆਂ ਭੈਣਾਂ ਮੰਨਦਾ। ਵੈਸੇ ਇਸ ਗੱਲੋਂ ਮੈਨੂੰ ਖੁਦ 'ਤੇ ਨਾਜ ਰਹੇਗਾ ਕਿ ਮੈਂ ਕਦੇ ਆਪਣੇ ਪਿੰਡ ਦੀ ਕਿਸੇ ਕੁੜੀ ਨੂੰ ਗਲਤ ਨਿਗ੍ਹਾ ਨਾਲ ਨਹੀਂ ਵੇਖਿਆ ਤੇ ਨਾ ਹੀ ਕਿਸੇ ਯਾਰ ਦੇ ਘਰ ਯਾਰਮਾਰ ਕੀਤੀ। ਨਾ ਹੀ ਮੈਂ ਕਦੇ ਕੁੜੀਆਂ ਛੇੜੀਆਂ, ਹਾਂ ਕੁੜੀਆਂ ਛੇੜਨ ਤੋਂ ਕਈਆਂ ਨੂੰ ਖੁੱਲਿਆ ਜ਼ਰੂਰ। ਇਹ ਜ਼ਰੂਰ ਹੈ ਕਿ 30 ਸਾਲ ਦੀ ਉਮਰ ਦੇ ਕਰੀਬ ਆ ਕੇ ਮੇਰਾ ਪ੍ਰੇਮ ਵੀ ਚੱਲਿਆ ਤੇ ਮੈਂ ਨੈਟ 'ਤੇ ਚੈਟ ਦੇ ਚਸਕੇ ਵੀ ਲਏ। ਮਾਲਵਾ ਅਕੈਡਮੀ 'ਚ ਪੜ੍ਹਦਿਆਂ ਮੈਂ ਆਪਣੀ ਭੂਆ ਕੋਲ ਰਹਿਣ ਲੱਗ ਪਿਆ। ਮੇਰੀ ਭੂਆ ਦਾ ਘਰ ਦਾਨੇ ਵਾਲਾ (ਮਲੋਟ ਦੇ ਨੱਕ ਥੱਲੇ ਵੱਸਿਆ ਪਿੰਡ) ਸੀ। ਹਾਲਾਂਕਿ ਭੂਆ-ਫੁੱਫੜ ਦੀਆਂ ਲੜਾਈਆਂ ਕਾਰਨ ਪੜ੍ਹਾਈ ਲਈ ਮਾਹੌਲ ਆਦਰਸ਼ ਨਹੀਂ ਸੀ ਪਰ ਕੀ ਕਰਦਾ ਕਿਤੋਂ ਰੋਟੀ ਵੀ ਖਾਣੀ ਸੀ ਕਿਉਂਕਿ ਮੈਂ ਚੋਰੀਆਂ- ਯਾਰੀਆਂ ਛੱਡ ਚੁੱਕਾ ਸੀ । ਹੁਣ ਮੈਂ ਧੰਨਾ ਭਗਤ ਬਣਕੇ ਰਹਿ ਰਿਹਾ ਸੀ। ਸਾਰਾ ਦਿਨ ਪੜ੍ਹਾਈ, ਸਾਰੀ ਰਾਤ ਪੜ੍ਹਾਈ, ਬੱਸ ਪੜ੍ਹਾਈ ਹੀ ਪੜ੍ਹਾਈ। ਦੋ ਕੁ ਮਹੀਨੇ ਬੀਤੇ ਸੀ ਕਿ ਬੱਬੀ ਦਾ ਸੁਨੇਹਾ ਆ ਗਿਆ ਕਿ ਬੰਦੇ ਲੈ ਕੇ ਪਿੰਡ ਆ ਜਾ ਸਿੰਙ ਫੱਸ ਗਏ ਆ। ਜਿਸ ਨਾਲ ਬੱਬੀ ਦੀ ਲੜਾਈ ਹੋਈ ਉਹ ਸਾਡੇ ਸ਼ਰੀਕੇ 'ਚੋਂ ਤਾਇਆ ਲੱਗਦਾ ਸੀ। ਮੇਰੇ ਬਾਪੁ ਨਾਲ ਉਸ ਦਾ ਬੜਾ ਪ੍ਰੇਮ ਸੀ। ਦੋਵੇਂ ਬਚਪਨ ਤੋਂ 'ਕੱਠੇ ਰਹੇ, ਜਿਵੇਂ ਹੁਣ ਮੈਂ ਤੇ ਬੱਬੀ ਰਹਿੰਦੇ ਸੀ। ਮੇਰਾ ਬਾਪੂ ਫ਼ੱਕਰ ਤਬੀਅਤ ਦਾ ਮਾਲਕ ਸੀ ਤੇ ਤਾਇਆ ਥੋੜ੍ਹਾ ਚਲਾਕ ਪਰ ਦੋਵਾਂ ਦੀ ਖ਼ੂਬ ਨਿਭੀ। ਪਰ ਮੰਜਰਾਂ ਦੇ ਲਹੂ ਨਾਲ ਯਰਾਨੇ ਅੰਤ ਟੁੱਟ ਹੀ ਜਾਂਦੇ ਨੇ । ਮੇਰੇ ਬਾਪੂ ਤੇ ਤਾਏ ਨੇ ਐਸਕਾਰਟ ਟਰੈਕਟਰ ਲੈ ਲਿਆ, ਜਿਸ ਨੂੰ ਵਾਹੁਣ ਨੂੰ ਲੈ ਕੇ ਝਗੜਾ ਰਹਿਣ ਲੱਗਾ। ਇੱਕ ਦਿਨ ਮੇਰਾ ਪਿਤਾ ਘਰ 'ਚ ਭਰਤ ਪਾ ਰਿਹਾ ਸੀ ਤਾਂ ਉਹ ਟਰੈਕਟਰ ਲੈਣ ਆ ਗਿਆ। ਮੇਰੇ ਬਾਪੂ ਨੇ ਵੰਗਾਰੇ ਹੋਏ ਟਰੈਕਟਰ ਦਾ ਵਾਸਤਾ ਦਿੱਤਾ ਕਿ ਮੇਰਾ ਕੰਮ ਖੜ੍ਹ ਜਾਵੇਗਾ ਪਰ ਉਹ ਨਾ ਮੰਨਿਆ ਤੇ ਉਸ ਨੇ ਟਰਕੈਟਰ ਦਾ ਗੇਅਰ ਪਾ ਲਿਆ। ਬਾਪੂ ਭੱਜ ਕੇ ਅੱਗੇ ਹੋ ਗਿਆ ਤਾਂ ਉਹ ਉਤਰਿਆ ਤੇ ਉਸ ਨੇ ਮੇਰੇ ਬਾਪੂ ਨੂੰ ਢਾਹ ਲਿਆ। ਕਦੇ ਖੱਬੀਖ਼ਾਨਾਂ ਦੀਆਂ ਬ੍ਰੇਕਾਂ ਲੁਆਉਂਣ ਵਾਲਾ ਮੇਰਾ ਬਾਪੂ ਅੱਜ ਆਪਣੇ ਚਚੇਰੇ ਭਰਾ ਦੇ ਗੋਢਿਆਂ ਥੱਲੇ ਪਿਆ ਕਰਾਰੇ ਘਸੁੰਨਾਂ ਦੀ ਵਾਛੜ ਝੱਲ ਰਿਹਾ ਸੀ। ਮੈਂ ਭੱਜ ਕੇ ਅੱਗੇ ਗਿਆ ਤਾਂ ਤਾਏ ਦੇ ਪਏ ਲਫੇੜੇ ਨੇ ਮੈਨੂੰ ਕਈ ਗਜ਼ ਦੂਰ ਸੁੱਟ ਦਿੱਤਾ। ਮਾਂ ਆਈ ਤਾਂ ਉਸ ਦਾ ਵੀ ਹਸ਼ਰ ਮੇਰੇ ਵਾਲਾ ਹੋਇਆ। ਮੈਂ ਭੱਜ ਕੇ ਅੰਦਰ ਵੜ੍ਹ ਗਿਆ ਤੇ ਡੁਸਕਣ ਲੱਗਾ। ਜਦੋਂ ਤਾਇਆ ਟਰੈਕਟਰ ਲੈ ਗਿਆ ਤਾਂ ਮੈਂ ਜਾ ਕੇ ਵੇਖਿਆ ਤਾਂ ਬਾਪੂ ਦਾ ਪਰਨਾ ਮੱਝਾਂ ਦੇ ਗੋਹੇ 'ਚ ਪਿਆ ਸੀ,
ਉਸ ਦੀਆਂ ਨਾਸਾਂ 'ਚੋਂ ਖੂਨ ਇੰਝ ਵਹਿ ਰਿਹਾ ਸੀ ਜਿਵੇਂ ਕਿਸੇ ਪਰਬਤ 'ਚੋਂ ਲਾਲ ਪਾਣੀ ਦਾ ਝਰਨਾ ਫੁੱਟ ਪਿਆ ਹੋਵੇ। ਇਹ ਗੱਲ ਅੱਜ ਤੋਂ ਲਗਭਗ ਸਾਢੇ ਛੇ ਸਾਲ ਪਹਿਲਾਂ ਦੀ ਸੀ। ਮੈਂ ਉਦੋਂ ਹੋਲਾ ਜਿਹਾ ਸੀ ਸਰੀਰ ਪੱਖੋਂ ਵੀ ਤੇ ਬੌਧਿਕ ਪੱਖੋਂ ਵੀ ਪਰ ਮੈਂ ਉਸ ਦਿਨ ਆਪਣੇ ਘਰ ਦੀ ਕੰਧ 'ਤੇ ਲੱਗੀ ਬਾਬੇ ਨਾਨਕ ਦੀ ਫੋਟੋ ਸਾਹਮਣੇ ਖੜ੍ਹ ਕੇ ਪ੍ਰਣ ਲਿਆ ਸੀ ਕਿ ਇੱਕ ਦਿਨ ਬਾਪੂ ਦਾ ਨਿਕਲਿਆ ਖੂਨ ਵਿਆਜ ਸਮੇਤ ਵਸੂਲ ਕਰਾਂਗਾ। ਬੱਬੀ ਦਾ ਸੁਨੇਹਾ ਮਿਲਿਆ ਤਾਂ ਫ਼ਿਕਰ ਪਿਆ ਕਿ ਪੜ੍ਹਾਈ ਦਾ ਕੀ ਬਣੂੰ ? ਇੱਕ ਪਾਸੇ ਅਣਖ਼ ਅਤੇ ਭਰਾ ਸੀ ਤੇ ਦੂਜੇ ਪਾਸੇ ਸੀ ਮੇਰੀ 'ਮਾਸ਼ੂਕਾ' ਪੜ੍ਹਾਈ। ਮੈਂ ਕੁਝ ਪਲਾਂ ਲਈ ਰੇਲਵੇ ਸਟੇਸ਼ਨ 'ਤੇ ਚਲਾ ਗਿਆ। ਝੱਟ ਕੁ ਟਹਿਲਣ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਅੱਜ ਮੈਂ ਪੜ੍ਹਾਈ ਨਹੀਂ ਕੁਝ ਹੋਰ ਕਰਾਂਗਾ। ਮੈਂ ਛਾਪਿਆਂਵਾਲੀ ਆ ਗਿਆ। ਹੋਸਟਲ 'ਚੋਂ ਬਲਤੇਜ ਤੇ ਕੁਝ ਹੋਰ ਮੁੰਡਿਆਂ ਨੂੰ ਨਾਲ ਲਿਆ ਤੇ ਖੇਤ ਵਾਲੇ ਘਰ ਆ ਗਿਆ। ਡਰੰਮ ਚੜ੍ਹਿਆ ਹੋਇਆ ਸੀ। ਸ਼ਰਾਬ ਦੇ ਦੌਰ ਦੇ ਦਰਮਿਆਨ ਕੋਈ ਮੀਟਿੰਗ ਚੱਲ ਰਹੀ ਸੀ। ਬੱਬੀ, ਤਾਏ ਵੱਲੋਂ ਸਾਡੇ ਦੱਬੇ ਪਲਾਟ ਨੂੰ ਹਾਸਲ ਕਰਨਾ ਚਾਹੁੰਦਾ ਸੀ ਜਦਕਿ ਉਹਨੇ ਇਹਦੇ 'ਚ ਇੱਟਾਂ ਸੁੱਟ ਕੇ ਇਸ ਨੂੰ ਵਲਣ ਦੀ ਯੋਜਨਾ ਬਣਾ ਲਈ ਸੀ । ਕੁਝ ਦਿਨ ਪਹਿਲਾਂ ਬੱਬੀ ਤੇ ਤਾਇਆ ਹੱਥੋ-ਪਾਈ ਵੀ ਹੋਏ ਸਨ।
ਅਗਸਤ ਦਾ ਮਹੀਨਾ ਸੀ । ਸ਼ਾਮ ਹੁੰਦਿਆਂ ਅਸੀਂ ਤੁਰਨ ਲੱਗੇ ਤਾਂ ਮੇਰਾ ਬਾਪੂ ਆ ਗਿਆ। ਉਸ ਨੇ ਮੈਨੂੰ ਪਾਸੇ ਲਿਜਾ ਕੇ ਆਖਿਆ "ਕਿਉਂ ਲੱਗਾ ਏਂ ਉਜਾੜਨ ?" ਮੈਂ ਉਹਦਾ ਹੱਥ ਝਟਕ ਦਿੱਤਾ। ਆਖ਼ਰ ਆਪਣਿਆਂ ਹੱਥੋਂ ਆਪਣੇ ਦੀ ਰੱਤ ਡੁੱਲ੍ਹ ਗਈ। ਮੈਂ ਤੇ ਕਾਲਜ ਆਏ ਸਾਥੀ ਉੱਥੋਂ ਨਿਕਲ ਪਏ। ਸਾਰੀ ਰਾਤ 'ਚ ਅਸੀਂ 10-12 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਦਰਅਸਲ ਮੈਂ ਤਾਂ ਪਿੰਡੋਂ ਆਉਂਦਾ ਹੀ ਨਹੀਂ ਸੀ ਪਰ ਸਾਡੇ ਨਾਲ ਆਏ ਨਵੇਂ ਮੁੰਡੇ ਔਲਖ ਲੁਧਿਆਣੇ ਵਾਲਾ ਤੇ ਤੇਜੀ ਰੋਪੜ ਵਾਲਾ ਘਬਰਾ ਰਹੇ ਸਨ। ਮੈਂ ਘੰਟਾ ਕੁ ਸੁੱਤਾ ਤੇ ਉੱਠ ਕੇ ਕਿਸੇ ਸੁਰੱਖਿਅਤ ਟਿਕਾਣੇ ਦੀ ਭਾਲ 'ਚ ਨਿਕਲ ਗਿਆ। ਓਨ੍ਹੀ ਦਿਨੀਂ ਨਵੇਂ-ਨਵੇਂ ਯਾਰ ਬਣੇ ਭਿੰਦੂ ਮੰਨੀਆਂਵਾਲਾ ਨੂੰ ਮੈਂ ਪਰਖ਼ਣ ਦਾ ਮਨ ਬਣਾਇਆ। ਉਸ ਨੂੰ ਜਾ ਕੇ ਸਭ ਕੁਝ ਦੱਸ ਦਿੱਤਾ। ਉਸ ਨੇ ਚੁਬਾਰਾ ਮੇਰੇ ਲਈ ਰਾਖਵਾਂ ਕਰ ਦਿੱਤਾ ਤੇ ਮੇਰੀ ਮੰਗ 'ਤੇ ਸ਼ਰਾਬ ਲਿਆ ਦਿੱਤੀ। ਮੈਂ ਦਿਨ-ਰਾਤ ਪੀ ਰਿਹਾ ਸੀ । ਭਿੰਦੂ ਘਰ ਸਹਿੰਦਾ ਸੀ ਪੈਸੇ ਦੀ ਕੋਈ ਤੰਗੀ ਨਹੀਂ ਸੀ ਪਰ ਦਸਾਂ ਕੁ ਦਿਨਾਂ ਬਾਅਦ ਉਹਦੇ ਘਰ ਦੇ ਅੱਖਾਂ ਕੱਢਣ ਲੱਗ ਪਏ। "ਉਹ ਕੀ ਆਸ਼ਕ, ਜਿਹੜਾ ਅੱਖ ਦੀ ਨਾ ਰਮਜ਼ ਪਛਾਣੇਂ" ਮੈਂ ਚੁੱਕਿਆ ਲਿਫ਼ਾਫ਼ਾ ਤੇ ਉਸੇ ਪਿੰਡ ’ਚ ਰਹਿੰਦੇ ਆਪਣੇ ਯਾਰ ਕਰਨ ਦੇ ਘਰ ਆ ਡੇਰੇ ਲਾਏ। ਇੱਥੇ ਮੈਂ ਢਾਈ ਮਹੀਨੇ ਰਿਹਾ। ਦਿਨੇ ਖੇਤ ਚਲੇ ਜਾਣਾ ਤੇ ਰਾਤ ਨੂੰ ਚੁਬਾਰੇ ਚੜ੍ਹ ਕੇ ਸੌਂ ਜਾਣਾ। ਡੇਢ ਕੁ ਮਹੀਨੇ ਬਾਅਦ ਬੱਬੀ ਨੂੰ ਪਤਾ ਲੱਗਾ ਕਿ ਮੈਂ ਮੰਨੀਆਂਵਾਲਾ 'ਚ ਉਤਾਰੇ ਕੀਤੇ ਹੋਏ ਨੇ। ਉਹ ਮਿਲ ਕੇ ਸਾਰੀ ਸਥਿਤੀ ਦੱਸ ਗਿਆ ਕਿ 307 ਦਾ ਕੇਸ ਬਣ ਗਿਐ ਪਰ ਮੈਨੂੰ ਇਨ੍ਹਾਂ ਗੱਲਾਂ ਨਾਲ ਲੈਣਾ- ਦੇਣਾ ਨਹੀਂ ਸੀ ਸਗੋਂ ਮੈਨੂੰ ਤਾਂ ਜੇਲ੍ਹ ਜਾਣ ਦਾ ਚਾਅ ਸੀ। ਪਰ ਇੱਕ ਕੰਮ ਕਲੋਟਾ ਹੋ ਗਿਆ। ਮੇਰਾ ਬਾਪੂ ਵੀ ਪਰਚੇ 'ਚ ਨਾਮਜ਼ਦ ਕਰਾ ਦਿੱਤਾ ਗਿਆ, ਜੀਹਦਾ ਰੱਤੀ ਭਰ ਵੀ ਗੁਨਾਹ ਨਹੀਂ ਸੀ। ਇਹ ਮੇਰੇ ਲਈ ਝਟਕਾ ਸੀ ਪਰ ਮੇਰੇ ਬਾਪੂ ਨੇ ਹਿੰਮਤ ਜੁਟਾਈ ਤੇ ਵੱਡੇ ਤਾਏ (ਗੁਰਦੇਵ ਸਿੰਘ) ਨਾਲ ਰਲ ਕੇ ਡੀ.ਐਸ.ਪੀ. ਨੂੰ
ਪੈਸੇ ਭਰਕੇ ਮੈਨੂੰ ਤੇ ਬੌਬੀ ਨੂੰ ਖਾਨਾ ਨੰਬਰ ਦੋ 'ਚ ਰਖਾ ਦਿੱਤਾ। ਯਾਅਨੀ ਸਾਨੂੰ ਕੁਝ ਸਮੇਂ ਲਈ ਪੂਰਨ ਸੁਰੱਖਿਅਤ ਕਰ ਦਿੱਤਾ ਤੇ ਬਾਪੂ ਆਪ ਤੇ ਤਾਇਆ ਅੰਦਰ ਚਲੇ ਗਏ। ਦੋ ਮਹੀਨਿਆਂ ਬਾਅਦ ਉਨ੍ਹਾਂ ਦੀ ਜ਼ਮਾਨਤ ਹੋ ਗਈ। ਜੇਲ੍ਹੋਂ ਆਉਂਦਿਆਂ ਹੀ ਮੇਰਾ ਤਾਇਆ ਚੱਲ ਵਸਿਆ। ਮੈਂ ਵੀ ਅਕੈਡਮੀ ਆਉਣ ਲੱਗ ਪਿਆ। ਮੈਂ ਜ਼ੋਰਦਾਰ ਪੜ੍ਹਾਈ ਕਰਕੇ +2 ਪਹਿਲੇ ਦਰਜੇ 'ਚ ਪਾਸ ਕਰ ਲਈ। ਦਰਅਸਲ ਪੜ੍ਹਾਈ ਮੇਰੇ ਖੂਨ ਵਿੱਚ ਸੀ । ਪੰਜਵੀ, ਅੱਠਵੀਂ, ਦਸਵੀਂ, +2 ਸਾਰੀਆਂ ਕਲਾਸਾਂ ਮੈਂ ਵਧੀਆਂ ਨੰਬਰਾਂ ਨਾਲ ਪਾਸ ਕੀਤੀਆਂ। +2 ਕਰਨ 'ਤੇ ਸਭ ਤੋਂ ਵੱਧ ਖੁਸ਼ੀ ਮੇਰੀ ਪ੍ਰਿੰਸੀਪਲ ਮੈਡਮ ਨੂੰ ਹੋਈ। ਮੈਡਮ ਨੇ ਚਾਈਂ-ਚਾਈਂ ਮੈਨੂੰ ਤੋਰ ਦਿੱਤਾ।
ਹੁਣ ਮੇਰੇ ਤੋਂ ਲੋਕ ਡਰਦੇ ਤਾਂ ਬਹੁਤ ਸਨ ਪਰ ਮੈਂ ਕਿਸੇ ਨੂੰ ਕੁਝ ਨਾ ਆਖਦਾ ਬੱਸ ਮਸਤੀ 'ਚ ਤੁਰਿਆ ਫਿਰਦਾ। ਸ਼ਹਿਰ ਦੀ ਇੰਦਰਾ ਰੋਡ ਤੋਂ ਮੈਨੂੰ ਹਫ਼ਤਾ ਮਿਲਣ ਲੱਗ ਪਿਆ ਸੀ। ਸਿਗਰਟਾਂ ਦੇ ਖੋਖਿਆਂ ਤੋਂ ਲੈ ਕੇ ਢਾਬਿਆਂ ਤੱਕ ਮੇਰੀ ਪਰਚੀ ਚੱਲਦੀ। ਮੈਂ ਚੁੱਪਚਾਪ ਆਮਦਨ ਜੇਬ 'ਚ ਪਾ ਕੇ ਮਸਤ ਰਹਿੰਦਾ। ਕੁਝ ਬਾਣੀਆਂ ਦੇ ਮੁੰਡੇ ਵੀ ਮੋਟਾ ਚੜ੍ਹਾਵਾ ਚੜ੍ਹਾਉਂਦੇ। ਮੈਂ +2 ਕਰਨ ਉਪਰੰਤ ਛੇ ਮਹੀਨਿਆਂ ਬਾਅਦ ਘਰ ਵੜ੍ਹਿਆ। ਜ਼ਿਆਦਾਤਰ ਮੇਰਾ ਸਮਾਂ ਮਲੋਟ ਹੀ ਗੁਜ਼ਰਿਆ। ਦਰਅਸਲ ਮੈਂ ਸ਼ਰਮਿੰਦਾ ਸੀ ਕਿ ਬਾਪੂ ਮੇਰੇ ਕਰਕੇ ਰਗੜਿਆ ਗਿਆ। ਕਰਜ਼ਾ ਤਾਂ ਚੜ੍ਹਿਆ ਹੀ ਬਾਪੂ 'ਤੇ 307 ਦਾ ਕੇਸ ਵੀ ਠੁੱਕ ਚੁੱਕਾ ਸੀ। ਮੈਂ +2 ਦੀ ਉਪਾਧੀ ਲੈ ਕੇ ਘਰ ਵੜ੍ਹਿਆ ਮੈਨੂੰ ਬਾਪੂ ਨੇ ਫਿੱਟੇ ਮੂੰਹ ਤੱਕ ਨਾ ਆਖਿਆ। ਹੁਣ ਮੈਂ ਨਸ਼ਾ ਨਹੀਂ ਸੀ ਕਰਦਾ ਪਰ ਦਾਰੂ-ਮੀਟ ਨਿੱਤ ਚੱਲਦਾ ਸੀ। ਟਾਂਵਾ-ਟਾਂਵਾ ਟੂਰਨਾਮੈਂਟ ਮੈਂ ਖੇਡ ਆਉਂਦਾ ਸੀ। ਦਾਖ਼ਲੇ ਸ਼ੁਰੂ ਹੋਏ ਤਾਂ ਮੈਂ ਕਾਲਜ ਲੱਗਣ ਦੀ ਗੱਲ ਬੀਬੀ (ਮਾਤਾ) ਕੋਲ ਕੀਤੀ। ਉਸ ਨੇ ਟੂਮਾਂ ਵੇਚ ਕੇ 4 ਹਜ਼ਾਰ ਰੁਪਿਆ ਦਿੱਤਾ ਤੇ ਮੈਂ ਡੀ.ਏ.ਵੀ. ਕਾਲਜ ਮਲੋਟ ਜਿੱਥੇ ਕਦੇ ਗੁਰਦਾਸ ਮਾਨ ਪੜ੍ਹ ਚੁੱਕਾ ਹੈ ਵਿੱਚ ਦਾਖ਼ਲਾ ਲੈ ਲਿਆ। ਸ਼ੁਰੂ 'ਚ ਮੈਂ ਰੈਗੂਲਰ ਕਾਲਜ ਜਾਂਦਾ ਰਿਹਾ। ਲੇਕਿਨ ਇੱਕ ਦਿਨ ਸਾਵੀ ਮੈਨੂੰ ਮਿਲ ਗਿਆ ਤੇ ਆਪਣੇ ਨਾਲ ਹੀ ਲੈ ਗਿਆ। ਅਸੀਂ ਫੇਰ ਇਕੱਠੇ ਹੋ ਗਏ। ਜਦਕਿ ਕੁਝ ਸਮਾਂ ਪਹਿਲਾਂ ਅਸੀਂ ਆਹਮੋ-ਸਾਹਮਣੇਂ ਹੋਏ ਸਾਂ। ਹੋਇਆ ਇੰਝ ਸੀ ਕਿ ਬਲਤੇਜ ਨੇ ਆਪਣਾ ਗਰੁੱਪ ਬਣਾਇਆ ਤਾਂ ਮੈਂ ਸਾਵੀ ਨੂੰ ਛੱਡ ਕੇ ਬਲਤੇਜ ਨਾਲ ਆ ਗਿਆ। ਛੋਟੀਆਂ-ਛੋਟੀਆਂ ਲੜਾਈਆਂ ਤੋਂ ਬਾਅਦ ਇੱਕ ਦਿਨ ਟਾਇਮ ਬੱਝ ਗਿਆ। ਫਾਟਕ ਲੱਗਣ ਕਰਕੇ ਸਾਡੀ ਉਹ ਜੀਪ ਪਿੱਛੇ ਰਹਿ ਗਈ ਜੀਹਦੇ 'ਚ ਅਸੀਂ ਅਸਲ੍ਹਾ ਰੱਖਿਆ ਸੀ। ਮੈਂ ਨਸ਼ੇ ਨਾਲ ਰੱਜਿਆ ਸਕੂਟਰ ਫਾਟਕ ਥੱਲਿਓਂ ਲੰਘਾ ਕੇ ਅੱਗੇ ਲੈ ਗਿਆ। ਮੇਰੇ ਨਾਲ ਬਿੱਲਾ ਤੇ ਹਰਮੀਤ ਕੰਗ ਵੀ ਸੀ ਪਰ ਇਸ ਤੋਂ ਪਹਿਲਾਂ ਕਿ ਸਾਨੂੰ ਚੇਤਾ ਆਉਂਦਾ ਕਿ ਨਾਲ ਦੇ ਤਾਂ ਪਿੱਛੇ ਰਹਿ ਗਏ ਅਸੀਂ ਛਾਪਿਆਂਵਾਲੀ ਦੇ ਨੇੜੇ ਪਹੁੰਚ ਗਏ। ਜਿੱਥੇ ਮੈਨੂੰ ਸਾਵੀ ਹੋਰਾਂ ਘੇਰ ਲਿਆ। ਉਹ 100 ਦੇ ਕਰੀਬ ਸਨ ਤੇ ਮੈਂ ਨਿਹੱਥਾ। ਬਿੱਲੇ ਤੇ ਕੰਗ ਨੂੰ ਮੈਂ ਪਹਿਲਾਂ ਕਹਿ 'ਤਾ ਸੀ ਕਿ ਤੁਸੀਂ ਪਾਸੇ ਹੋ ਕੇ ਖੜ੍ਹ ਜਾਉ। ਮੈਂ ਖਾਲ੍ਹੀ ਹੱਥ ਭਿੜ ਪਿਆ। ਮੇਰਾ ਕੀ ਵੱਟਿਆ ਜਾਣਾ ਸੀ ? ਯਾਰਾਂ ਨੇ ਹੀ ਮੈਨੂੰ ਟਿਕਾ ਕੇ ਟੁੱਕਿਆ। ਮੇਰੀ ਸੱਜੀ ਬਾਹ ਤੋਂ 9 ਟੱਕ ਲੱਗੇ ਕ੍ਰਿਪਾਨਾਂ ਦੇ ਪਰ ਉਸੇ ਹਾਲਤ ’ਚ ਮੈਂ ਦੋ ਘੰਟਿਆਂ ਬਾਅਦ ਸਾਵੀ ਹੋਰਾਂ ਦੇ ਇੱਕ ਸਾਥੀ ਦੀ ਪੱਗ ਲਾਹ ਲਈ ਤੇ ਇੰਨ੍ਹਾਂ ਦੇ ਵਿਚਦੀ ਨਿਕਲ ਗਿਆ । ਬਾਅਦ 'ਚ ਰਾਜ਼ੀਨਾਮਾ ਹੋ ਗਿਆ। ਖ਼ੈਰ ਇਹ ਸ਼ਿਕਵੇ ਪਿੱਛੇ ਛੁੱਟ ਗਏ ਮੈਂ ਤੇ ਸਾਵੀ ਗੁਰੂ
ਤੇਗ ਬਹਾਦਰ ਸਕੂਲ ਨੇੜੇ ਪਟਵਾਰੀਆਂ ਦੇ ਘਰ 'ਚ ਰਹਿਣ ਲੱਗ ਪਏ। ਮੈਂ ਇੱਥੋਂ ਹੀ ਕਾਲਜ ਜਾਂਦਾ। ਕੁਝ ਦਿਨਾਂ ਬਾਅਦ ਕੁਝ ਮੁੰਡਿਆਂ ਨੇ ਪ੍ਰਧਾਨਗੀ ਦਾ ਨੋਟਿਸ ਲਾ ਦਿੱਤਾ। ਮੈਂ ਉਸੇ ਨੋਟਿਸ 'ਤੇ ਨੋਟਿਸ ਲਾ ਦਿੱਤਾ ਕਿ ਖੇਡ ਮੈਦਾਨ 'ਚ ਆ ਜਾਓ, ਜਿਹੜਾ ਆ ਗਿਆ ਉਹੀ ਪ੍ਰਧਾਨ। ਕੋਈ ਨਾ ਆਇਆ। ਮੈਂ ਹੁਣ ਧੱਕੇ ਦਾ ਸਰਪੰਚ ਸੀ, ਠੀਕ ਓਵੇਂ ਜਿਵੇਂ 'ਉਜੜੀਆਂ ਮਸੀਤਾਂ ਦੇ ਗਾਲੜ੍ਹ ਇਮਾਮ ਹੁੰਦੇ ਨੇ।
ਇਨ੍ਹਾਂ ਦਿਨਾਂ 'ਚ ਮਲਕ (ਜਗਰਾਉਂ) ਦਾ ਹਰਪ੍ਰੀਤ ਜੰਗਲੀ ਸਾਡਾ ਕਮਰਾਦਾਰ ਸੀ ਜਦਕਿ ਲੱਖਾ ਭਾਊ ਤੇ ਛਿੰਦਾ ਬਰਕੀ ਵਾਲਾ ਸਾਡੇ ਪੱਕੇ ਮਹਿਮਾਨ ਸਨ। ਛਿੰਦਾ ਸੀ ਸ਼ਾਦੀਸ਼ੁਦਾ ਪਰ ਨਵਾਂ-ਨਵਾਂ ਉਡਾਰ ਹੋਇਆ ਸੀ । ਯਾਮੇ ਦਾ ਮਾਲਕ ਤੇ ਇੱਕ ਬੇਟੀ ਦਾ ਪਿਤਾ ਛਿੰਦਾ ਸਾਡੇ ਲਾਈਫ ਸਟਾਇਲ (ਜੀਵਨ ਪੱਧਰ) ਤੋਂ ਐਨਾ ਪ੍ਰਭਾਵਿਤ ਹੋਇਆ ਕਿ ਸਾਡੇ ਕੋਲ ਹੀ ਰਹਿਣ ਲੱਗ ਪਿਆ। ਦਰਅਸਲ ਹੁਣ ਮੇਰੀ ਚੜ੍ਹਤ ਕਬੱਡੀ ਨਾਲੋਂ ਜ਼ਿਆਦਾ ਵੈਲਪੁਣੇ ਵਿੱਚ ਸੀ। -2 'ਚ ਇੱਕ ਸਾਲ ਪੜ੍ਹਾਈ ਕਰਨ ਤੋਂ ਬਾਅਦ ਹੁਣ ਮੈਂ ਫੇਰ ਉਨ੍ਹਾਂ ਹੀ ਰਥਾਂ 'ਤੇ ਆ ਗਿਆ। ਸਾਰਾ ਦਿਨ ਟੱਲੀ ਰਹਿਣਾ ਤੇ ਹੱਡੀਆਂ ਤੋੜਨੀਆਂ ਬੱਸ ਇਹੋ ਹੀ ਕੰਮ ਸੀ। ਇੱਥੋਂ ਤੱਕ ਕਿ ਇੱਕ ਵਾਰ ਮੈਂ ਆਵਦੇ ਗੁਰੂ (ਅਧਿਆਪਕ) ਦੇ ਮੁੰਡਿਆਂ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਕੁੱਟ ਕੇ ਉਨ੍ਹਾਂ ਤੋਂ ਉਸ ਕਮੀਜ਼ ਦੇ ਰਫੂ ਦੇ ਪੈਸੇ ਵੀ ਵਸੂਲ ਕੀਤੇ, ਜੋ ਉਨ੍ਹਾਂ ਨੂੰ ਕੁੱਟਦਿਆਂ ਪਾਟ ਗਈ ਸੀ । ਬਾਅਦ ਵਿੱਚ ਮੈਨੂੰ ਮੇਰੇ ਪੁਰਾਣੇ ਅਧਿਆਪਕ ਨੇ ਮਿਲ ਕੇ ਬਹੁਤ ਸ਼ਰਮਿੰਦਾ ਕੀਤਾ।
ਸ਼ਹਿਰ ਵਿੱਚ ਮੇਰੇ ਚਰਚੇ ਚੱਲੇ ਤਾਂ ਹੁਣ ਸਿਆਸੀ ਲੀਡਰ ਵੀ ਮੈਨੂੰ ਮਿਲਣ ਆਉਂਦੇ। ਅਮੀਰ ਲੋਕ ਪੈਸੇ ਦੇ ਕੇ ਮੇਰੇ ਤੋਂ ਆਪਣੇ 'ਕੰਡੇ' ਖਿਚਵਾਉਂਦੇ। ਮੇਰਾ ਯਾਰ ਸੱਬੀ ਭਲਵਾਨ (ਅਬੋਹਰ) ਮੇਰੀ ਜਾਣ-ਪਛਾਣ ਗੰਗਾਨਗਰ ਵਾਲੇ ਜਬਰੀ ਖ਼ਾਨ ਤੋਂ ਲੈ ਕੇ ਦੂਰ-ਦੂਰ ਤੱਕ ਕਰਵਾ ਚੁੱਕਾ ਸੀ। ਅਸੀਂ ਦੋਵੇਂ ਰਲ ਕੇ ਦੋ ਨੰਬਰ ਦੇ ਕੰਮਾਂ ਦੇ ਫੱਟੇ ਚੱਕੀ ਜਾ ਰਹੇ ਸੀ। ਮੇਰੇ ਚਰਚੇ ਦਿੱਲੀ ਤੱਕ ਚਲੇ ਗਏ। ਉੱਥੋਂ ਦੇ ਦੋ ਮੁਸਲਮਾਨ ਗੈਂਗਸਟਰਾਂ ਨੇ ਮੈਨੂੰ ਦਿੱਲੀ ਆ ਜਾਣ ਦੀ ਪੇਸ਼ਕਸ਼ ਵੀ ਕੀਤੀ ਪਰ ਮੈਂ ਪੰਜਾਬ ਛੱਡਣ ਤੋਂ ਨਾਂਹ ਕਰ ਦਿੱਤੀ। ਜਦੋਂ ਇੱਥੇ ਹੀ ਸਭ ਕੁਝ ਮਿਲ ਰਿਹਾ ਸੀ ਤਾਂ ਫੇਰ ਬਾਹਰ ਕਿਉਂ ਧੱਕੇ ਖਾਣੇ ਆਂ ? ਨਾਲੇ ਖਾਣੀ ਤਾਂ ਆਖ਼ਰ ਨੂੰ ਗੋਲੀ ਆ ਸੋ ਇੱਥੇ ਈ ਖਾਵਾਂਗੇ, ਇਹ ਮੇਰੀ ਸੋਚ ਸੀ । ਮੈਨੂੰ ਲੜਾਈਆਂ 'ਤੇ ਲੋਕ ਵੰਗਾਰ ਕੇ ਲੈ ਜਾਂਦੇ। ਮੈਂ ਤੇ ਮੇਰੇ ਸਾਥੀ ਨਸ਼ੇ ਲਈ ਪਲਾਂ 'ਚ ਹੱਡਾਂ ਦਾ ਚੂਰਮਾ ਬਣਾ ਦੇਂਦੇ। ਮੈਂ ਬਹੁਤਾ ਸਮਾਂ ਬਾਹਰ ਹੀ ਰਹਿੰਦਾ। ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਸੀ। ਇੱਕ ਦਿਨ ਗਿੱਦੜਬਾਹਾ ਦੇ ਸਰਦਾਰਗੜ੍ਹ ਕਾਲਜ 'ਚ ਕਿਸੇ ਨੂੰ ਪ੍ਰਧਾਨ ਬਨਾਉਣ ਗਏ ਤਾਂ ਮੈਨੂੰ ਭਾਰੂ ਚੌਂਕ 'ਚ ਅਚਾਨਕ ਦੌਰਾ ਪੈ ਗਿਆ। ਇਸ ਤੋਂ ਕੁਝ ਦਿਨ ਬਾਅਦ ਥੋੜ੍ਹੀ ਪਿੰਡ ਆਲੇ ਸਰਦਾਰਾਂ ਦੇ ਛੋਹਰ (ਕਾਕੇ) ਰਿੰਡੀ ਹੋਰੀਂ ਕੋਟਭਾਈ ਵਾਲੇ ਜੱਸੇ ਹੋਰਾਂ ਦੇ ਗਰੁੱਪ ਨਾਲ ਲੜ ਪਏ। ਮੈਂ ਤੇ ਰੰਮੀ ਕਿਸੇ ਕੰਮ ਅਚਾਨਕ ਗਿੱਦੜਬਾਹਾ ਪਹੁੰਚ ਗਏ। ਰਿੰਡੀ ਹੋਰਾਂ ਦਾ ਟਾਇਮ ਬੱਝਾ ਹੋਇਆ ਸੀ । ਅਸੀਂ ਗਏ ਤਾਂ ਸੋ ਕੁ ਜਣਾ ਰਿਡੀ ਹੋਰਾਂ ਦਾ ਅੱਡੇ 'ਚ ਖੜ੍ਹਾ ਸੀ ਤੇ ਅੱਡੇ 'ਚ ਹੀ ਰਿੰਡੀ ਹੋਰਾਂ ਦਾ ਦੁਸ਼ਮਨ ਜੱਸਾ ਲੱਤ 'ਤੇ ਲੱਤ ਧਰ ਕੇ ਇਓਂ ਬੈਠਾ ਸੀ ਜਿਵੇਂ ਆੜ੍ਹਤੀਆਂ ਦਾ ਮੁਨੀਮ ਮੰਡੀ 'ਚੋਂ ਉਗਰਾਹੀ ਕਰਨ ਆਇਆ ਹੋਵੇ। ਮੈਨੂੰ ਪਤਾ ਲੱਗਾ ਤਾਂ ਮੈਂ ਰੋਮੀ ਨੂੰ ਇਸ਼ਾਰਾ
ਕੀਤਾ। ਮੈਂ ਆਵਦੇ ਸਕੂਟਰ ਦੇ ਮੈਟ ਥੱਲਿਓ ਕਮਾਨੀਦਾਰ ਕਾਪਾ (ਦਾਤਰ) ਕੱਢਿਆ ਤੇ ਸਿੱਧਾ ਜਾ ਜੱਸੇ ਦੇ ਸਿਰ 'ਚ ਧਰਿਆ। ਮਾਰਤਾ ਮਾਰਤਾ ਹੋ ਗਈ। ਮੈਂ ਤੇ ਰੰਮੀ ਭੀੜ 'ਚੋਂ ਨਿਕਲ ਗਏ। ਇਸ ਤੋਂ ਬਾਅਦ ਜੱਸੇ ਹੋਰਾਂ ਤੋਂ ਡਰਦਿਆਂ ਰਿੰਡੀ ਹੋਰੀਂ ਕਮਰੇ 'ਚੋਂ ਆ ਕੇ ਮੈਨੂੰ ਨਾਲ ਹੀ ਲੈ ਗਏ। ਅਸੀਂ ਜੋੜੀਆਂ ਨਹਿਰਾਂ (ਰਾਜਸਥਾਨ ਕੈਨਾਲ ਤੇ ਸਰਹੰਦ ਫੀਡਰ) ਦੇ ਗਿੱਦੜਬਾਹਾ-ਥੋੜ੍ਹੀ ਵਾਲੇ ਪੁੱਲ ਦੇ ਨਾਲ ਬਣੇ ਸਟੱਡ (ਘੋੜਾ ਫਾਰਮ) 'ਤੇ ਡੇਰੇ ਲਾ ਲਏ। ਇੱਥੇ ਰਿਡੀ ਕਾ ਸੀਰੀ ਜਦੋਂ ਡੈਕ 'ਚ ਨਵੀਂ ਆਈ ਲਾਭ ਹੀਰੇ ਦੀ ਰੀਲ (ਕੈਸੇਟ)'ਚੋਂ "ਸਿੰਙ ਫੱਸਗੇ ਕੁੰਢੀਆਂ ਦੇ, ਮਿੱਤਰਾ ਬਹਿਜਾ ਗੋਡੀ ਲਾ ਕੇ" ਗੀਤ ਲਾਉਂਦਾ ਤਾਂ ਫੈਸੀ ਨਾਲ ਖਾਧੀਆਂ ਗੋਲੀਆਂ ਅੱਖਾਂ 'ਚੋਂ ਪਾਣੀ ਬਣਕੇ ਚੋਅ ਪੈਂਦੀਆਂ। ਕਬੱਡੀ ਨੂੰ ਪ੍ਰਣਾਇਆ ਪੰਜਾਬ ਦਾ ਇਹ ਪਹਿਲਾ ਗੀਤ ਸੁਣ ਕੇ ਮੈਂ ਸਮਝ ਜਾਂਦਾ ਕਿ ਮੇਰੇ ਸੁਨਹਿਰੀ ਕਬੱਡੀ ਕੈਰੀਅਰ ਦਾ ਅੰਤ ਹੋ ਚੁੱਕਾ ਹੈ। ਮੈਂ ਆਪਣੇ ਬਾਪ ਦੇ ਸੁਫ਼ਨੇ ਪੂਰਾ ਕਰਦਾ-ਕਰਦਾ ਆਵਦਿਆਂ ਦਾ ਵੀ ਗਲ ਘੁੱਟ ਬੈਠਾ ਸੀ।
ਇੱਕ ਦਿਨ ਜਾ ਕੇ ਮੈਂ ਸੱਬੀ ਨੂੰ ਵੀ ਲੈ ਆਇਆ ਕਿਉਂਕਿ ਜੱਸੇ ਹੋਰੀਂ ਜੀਪਾਂ ਭਰਕੇ ਇੱਕ ਦਿਨ ਸੜਕ 'ਤੇ ਆ ਗਏ ਸਨ । ਜਦੋਂ ਅਸੀਂ ਲਲਕਾਰਿਆ ਤਾਂ ਉਹ ਭੱਜ ਤੁਰੇ ਪਰ ਮੈਂ ਸੱਬੀ ਨੂੰ ਕਿਹਾ "ਮਿੱਤਰਾ। ਇੰਨ੍ਹਾਂ (ਰਿੰਡੀ ਹੋਰਾਂ) ਲਾਇਸੰਸੀ ਬੰਦੂਕ ਚਲਾਉਂਣੀ ਨਹੀਂ ਤੇ ਆਪਾਂ ਰਗੜੇ ਜਾਵਾਂਗੇ ਇਸ ਲਈ 'ਸਮਾਨ' ਲੈ ਆ।" ਉਹ ਗਿਆ ਤੇ ਤਿੰਨ ਪਿਸਤੌਲ ਜ਼ਬਰੀ ਖ਼ਾਭ ਕੋਲੋਂ ਚੁੱਕ ਲਿਆਇਆ। ਇੱਥੇ ਮੈਨੂੰ ਦੂਜੀ ਵਾਰ ਦੌਰਾ ਪਿਆ। ਕੰਮ ਠੰਡਾ ਹੋਇਆ ਤਾਂ ਮੈਂ ਵਾਪਸ ਮਲੋਟ ਆ ਗਿਆ। ਮੈਂ ਅਤੇ ਅਬੋਹਰ ਦੀ ਇਹ ਤਿੱਕੜੀ, ਸੱਬੀ, ਕੈਲੀ ਭਲਵਾਨ ਤੇ ਸੇਤੀਆ (ਮਸ਼ਹੂਰ ਗੈਂਗਸਟਰ) ਨੇ ਕੁਝ ਦੜਾ-ਸੱਟਾ ਵਾਲਿਆਂ ਨੂੰ ਵੀ ਲੁੱਟਿਆ। ਦਰਅਸਲ ਅਸੀਂ ਇੱਕ ਕਾਢ ਕੱਢੀ। ਅਸੀਂ ਖਾਰੀਵਾਲ (ਸੱਟਾ ਲੁਆਉਂਣ ਵਾਲਾ) ਕੋਲ ਜਾਂਦੇ ਤੇ ਜਾ ਕੇ ਪੰਜ ਘਰਾਂ (1 ਤੋਂ 100 ਦੇ ਵਿਚਲੇ ਅੰਕਾਂ) 'ਤੇ ਪੈਸੇ ਲਾ ਦਿੰਦੇ ਤੇ ਕਮਾਂਡਰ ਸਿਗਰਟ ਦੇ ਰੈਪਰ 'ਤੇ ਖਾਰੀਵਾਲ ਤੋਂ ਦਸਤਖਤ ਕਰਵਾ ਲੈਂਦੇ। ਅਗਲੇ ਦਿਨ ਅਸੀਂ ਫ਼ਲੂਡ ਵਰਤ ਕੇ ਲੱਗੇ ਹੋਏ ਪੰਜ ਘਰਾਂ 'ਚੋਂ ਇੱਕ ਨੂੰ ਫ਼ਲੂਡ ਨਾਲ ਸਾਫ਼ ਕਰ ਦਿੰਦੇ ਤੇ ਉਸ ਦੀ ਜਗ੍ਹਾ 'ਤੇ ਜੋ ਉਸ ਦਿਨ ਘਰ (ਅੰਕ) ਆਇਆ ਹੁੰਦਾ ਉਹ ਚੇਪ (ਲਿਖ) ਦਿੰਦੇ। ਖਾਰੀਵਾਲ ਮੱਥੇ 'ਤੇ ਹੱਥ ਮਾਰਦਾ ਕਿ ਇਹ ਕਿਸ ਤਰ੍ਹਾਂ ਹੋ ਸਕਦੈ ਕਿ ਮੇਰੇ ਕੋਲ ਘਰ ਨਹੀਂ ਲੱਗਾ ਤੇ ਦੂਜੀ ਪਰਚੀ 'ਤੇ ਘਰ ਬੋਲ ਰਿਹਾ ਹੈ। ਉਹ ਰੌਲਾ ਪਾਉਂਦਾ ਤਾਂ ਅਸੀਂ ਕਹਿੰਦੇ ਕਿ "ਦੇਖ ਲਾ ਭਾਈ ! ਦਸਤਖ਼ਤ ਤੇਰੇ ਈ ਆ ਕਿਸੇ ਹੋਰ ਦੇ ਤਾਂ ਨਹੀਂ?" ਇੰਝ ਅਸੀਂ ਕਈ ਸ਼ਹਿਰ ਲੁੱਟੇ। ਕੈਲੀ-ਸੱਬੀ ਹੋਰਾਂ ਦੇ ਰਾਹ ਪੈ ਕੇ ਮੈਂ ਵੀ ਜੋਧਪੁਰ (ਰਾਜਸਥਾਨ ਦਾ ਸ਼ਹਿਰ) ਤੋਂ ਲਿਆਕੇ ਅਫੀਮ ਵੇਚਣ ਲੱਗ ਪਿਆ ਪਰ ਇਹ ਕੰਮ ਮੈਂ ਦੋ ਕੁ ਮਹੀਨੇ ਹੀ ਕੀਤਾ। ਮੈਂ ਖੁਦ ਨੂੰ ਕਿਹਾ ਕਿ ਪੈਸਾ ਤਾਂ ਉਂਝ ਈ ਰੁਲਦਾ ਫਿਰਦਾ ਹੈ ਐਵੇਂ 500 ਕਿਲੋਮੀਟਰ ਤੋਂ ਮੌਤ ਕਾਹਨੂੰ ਚੁੱਕ ਕੇ ਲਿਆਉਣੀ, ਛੱਡੋ ਖਹਿੜਾ। ਮੈਂ ਕਮਰੇ 'ਚ ਹੀ ਰਹਿਣ ਲੱਗ ਪਿਆ। ਦਰਅਸਲ ਮੈਨੂੰ ਜੰਗਲੀ ਬਹੁਤ ਪਿਆਰਾ ਲੱਗਦਾ। ਉਹ ਰਾਤ ਨੂੰ ਸੌਂਦਾ ਵੀ ਮੇਰੇ ਨਾਲ। ਮੈਨੂੰ ਉਹ ਭਰਾ ਤੇ ਪੁੱਤ ਲੱਗਦਾ। ਰੰਮੀ ਤੇ ਮੇਰੇ ਪਿੰਡ ਵਾਲੇ ਹੈਪੀ ਤੋਂ ਬਾਅਦ ਇਹ ਤੀਜਾ ਯਾਰ ਸੀ ਜਿਸ ਦੀ ਮੈਨੂੰ ਖਿੱਚ ਪੈਂਦੀ ਸੀ।
ਜੰਗਲੀ ਵੀ ਨਸ਼ਾ ਬਹੁਤ ਕਰਦਾ ਸੀ। ਮੈਂ ਰੰਮੀ ਤੇ ਜੰਗਲੀ ਇੱਕ ਵਾਰ ਚੰਡੀਗੜ੍ਹ ਗਏ ਤਾਂ ਜ਼ਿਆਦਾ ਚਰਸ ਪੀਣ ਕਰਕੇ ਅਸੀਂ ਅੰਬਾਲਾ ਸਟੇਸ਼ਨ 'ਤੇ ਭੁੰਨ ਹੋ ਗਏ। ਕੋਈ ਕਿਤੇ ਤੁਰ ਗਿਆ ਕੋਈ ਕਿਤੇ। ਮੈਂ ਸਪੀਕਰ ਵਾਲੇ ਨੂੰ ਕਿਹਾ ਕਿ ਮੇਰੇ ਦੋ ਪੁੱਤ ਗੁਆਚ ਗਏ ਆ ਅਨਾਊਂਸਮੈਂਟ ਕਰ। ਉਹ ਉਮਰ ਪੁੱਛੇ ਤਾਂ ਮੈਂ ਆਖਾਂ ਮੇਰੇ ਜਿੱਡੇ ਆ। ਉਹ ਸ਼ੋਸੋਪੰਜ 'ਚ ਪੈ ਗਿਆ। ਆਖ਼ਰ ਇੱਕ ਪੰਜਾਬੀ ਨੇ ਮੈਨੂੰ ਨਿੰਬੂ ਪਿਆ ਕੇ ਹੋਸ਼ 'ਚ ਲਿਆਂਦਾ ਤੇ ਫੇਰ ਮੈਂ ਜੰਗਲੀ ਤੇ ਰੰਮੀ ਨੂੰ ਇੱਕ ਝੁੱਗੀ 'ਚੋਂ ਲੱਭਿਆ।
1998 ਦੇ ਦੁਸਿਹਰੇ ਵਾਲੇ ਦਿਨ ਸੱਬੀ ਆ ਗਿਆ। ਮੈਨੂੰ ਕਹਿੰਦਾ ਦੁਸਿਹਰਾ ਅਬੋਹਰ ਵੇਖਣਾ ਏਂ। ਮੈਂ ਆਖਿਆ ਚੱਲ। ਜਦੋਂ ਅਸੀਂ ਰਾਤ ਨੂੰ ਪਰਤ ਰਹੇ ਸੀ ਤਾਂ ਸਾਡੇ ਸਾਹਮਣੇ ਫੌਜੀਆਂ ਦਾ ਐਕਸੀਡੈਂਟ ਹੋ ਗਿਆ। ਅਸੀਂ ਪਹਿਲੀ ਵਾਰ ਇਮਾਨਦਾਰੀ ਵਰਤਦਿਆਂ ਫੌਜੀਆਂ ਨੂੰ ਲੁੱਟਿਆ ਨਹੀਂ ਸਗੋਂ ਉਨ੍ਹਾਂ ਦਾ ਜੀਵਨ ਬਚਾਇਆ। ਹੁਣ ਮੈਂ ਪਿੰਡ ਜਾਣਾ ਹੀ ਭੁੱਲ ਗਿਆ ਸਗੋਂ ਸੱਬੀ ਕਦੇ-ਕਦੇ ਸਾਡੇ ਘਰ ਜਾ ਆਉਂਦਾ। ਸੱਬੀ ਰਾਸ਼ਟਰੀ ਪੱਧਰ ਦਾ ਭਲਵਾਨ ਸੀ ਤੇ ਘਰੋਂ ਗਰੀਬ ਸੀ। ਭਲਵਾਨੀ ਤੋਂ ਬਦਮਾਸ਼ੀ 'ਚ ਆਇਆ ਤਾਂ ਕਈ ਸੂਬਿਆਂ 'ਚ 'ਪ੍ਰਸਿੱਧ' ਹੋ ਗਿਆ। ਜੈਸੇ ਫੁੱਲੂ ਖੇੜੇ ਵਾਲੇ ਨੇ ਮੇਰੇ ਨਾਲ ਮਿਲਾ ਦਿੱਤਾ ਤੇ ਫੇਰ ਮੇਰੇ ਕੋਲ ਡੇਢ ਸਾਲ ਪਿੰਡ ਹੀ ਰਿਹਾ ਜਿੱਥੋਂ ਅੱਗੇ ਇਸ ਦੇ ਬੱਬੀ ਹੋਰਾਂ ਨਾਲ ਸਬੰਧ ਬਣ ਗਏ। ਸੱਥੀ ਮੇਰਾ ਵਫ਼ਾਦਾਰ ਸਾਥੀ ਸੀ ਜਦਕਿ ਬਲਤੇਜ ਤੇ ਡਿੰਪਾ ਮਲੇਰਕੋਟਲਾ ਨੂੰ ਮੇਰੇ ਉਸਤਾਦ ਆਖਿਆ ਜਾ ਸਕਦਾ ਹੈ, ਰੰਮੀ ਮੇਰਾ ਭਰਾਵਾਂ ਨਾਲੋਂ ਵੱਧ ਪਿਆਰਾ ਮਿੱਤਰ ਸੀ।
ਚੰਡੀਗੜ੍ਹ ਯਾਤਰਾ
ਮੇਰੇ ਮਨ 'ਚ ਚੰਡੀਗੜ੍ਹ ਇੰਝ ਸੀ ਜਿਵੇਂ ਆਮ ਪੰਜਾਬੀ ਲਈ ਲੰਡਨ-ਕੈਨੇਡਾ। ਮੈਂ ਚੰਡੀਗੜ੍ਹ ਘੁੰਮਣ ਦਾ ਸੁਫ਼ਨਾ ਰੱਖਦਾ ਸੀ। ਇਕ ਵਾਰ ਆਪਣੇ ਦੋਸਤ ਸਾਵੀ ਨਾਲ ਉਦੋਂ ਗਿਆ ਜਦ ਉਸ ਨੇ ਸਕੂਟਰ ਆਪਣੇ ਘਰ ਖਰੜ ਲਿਜਾਣਾ ਸੀ। ਵੈਸਪਾ ਸਕੂਟਰ ਤਿੰਨ ਦਿਨਾਂ 'ਚ ਖਰੜ ਅੱਪੜਿਆ। ਰਸਤੇ 'ਚ ਅਸੀਂ ਸ਼ੀਸ਼ੀਆਂ ਪੀ ਲੈਂਦੇ ਤੇ ਖੜ੍ਹ ਕੇ ਗੱਲਾਂ 'ਚ ਲੱਗ ਜਾਂਦੇ। ਜਾਂਦਿਆਂ ਏਨਾ ਥੱਕ ਗਏ ਕਿ ਮੈਂ ਇੱਕ ਦਿਨ ਸਾਵੀ ਦੇ ਘਰ ਰਹਿ ਕੇ ਮਲੋਟ ਪਰਤ ਆਇਆ। ਉਹ ਚੰਡੀਗੜ੍ਹ ਦਾ ਇਲਾਕਾ ਵੇਖਣ ਦਾ ਪਹਿਲਾ ਸਬੱਬ ਸੀ ਪਰ ਦੂਜਾ ਸਬੱਬ ਤਾਂ ਯੱਬ ਬਣ ਗਿਆ। ਇੱਕ ਦਿਨ ਸ਼ਾਮੀਂ ਰੰਮੀ ਕਹਿੰਦਾ ਆਪਾਂ ਚੰਡੀਗੜ੍ਹ ਜਾਣੇ। ਮੈਂ ਤਾਂ ਰੰਮੀ ਨਾਲ ਨਰਕ 'ਚ ਵੀ ਜਾਣ ਨੂੰ ਤਿਆਰ ਸੀ, ਇਹ ਤਾਂ ਫੇਰ ਵੀ ਮਸਲਾ ਚੰਡੀਗੜ੍ਹ ਦਾ ਸੀ । ਅਸੀਂ ਭਰਕੇ ਬਦਾਮਾਂ (ਕੈਪਸੂਲਾਂ) ਨਾਲ ਜੇਬਾਂ ਬਿਨ੍ਹਾਂ ਟਿਕਟਾਂ ਲਏ ਮਲੋਟ ਤੋਂ ਰਾਤ ਸਾਢੇ ਨੌਂ ਵਜੇ ਵਾਲੀ ਟ੍ਰੇਨ 'ਤੇ ਚੜ੍ਹ ਗਏ। ਕੁਝ ਮੁੰਡੇ ਸਾਨੂੰ ਛਾਪਿਆਂਵਾਲੀ ਪੜ੍ਹਦੇ ਮਿਲ ਪਏ ਜੋ ਚੰਡੀਗੜ੍ਹ ਆਪਣੇ ਘਰਾਂ ਨੂੰ ਜਾ ਰਹੇ ਸੀ। ਉਨ੍ਹਾਂ ਸਾਨੂੰ ਦੱਸਿਆ ਕਿ ਧੁਰੀ ਤੋਂ ਅੱਗੇ ਚੈਕਿੰਗ ਹੋਵੇਗੀ ਲਿਹਾਜਾ ਤੁਸੀਂ ਬਰਨਾਲੇ ਤੋਂ ਟਿਕਟਾਂ ਲੈ ਲਿਉ। ਰਸਤੇ 'ਚ ਅਸੀਂ ਦੋ ਘੰਟਿਆਂ ਦੇ ਅੰਦਰ ਚਾਰ ਵਾਰ ਕੇਪਸੂਲ ਖਾ ਕੇ ਤਰਾਰੇ ਬੰਨ ਲਏ। ਮੈਂ ਰੋਮੀ ਨੂੰ ਕਿਹਾ ਕਿ ਤੂੰ ਉਤਰ ਕੇ ਟਿਕਟਾਂ ਲੈ ਕੇ ਪਿਛਲੇ ਡੱਬੇ 'ਚ ਚੜ੍ਹ ਜਾਵੀਂ ਪਟਿਆਲੇ ਜਾ ਕੇ ਇਕੱਠੇ ਹੋ ਜਾਵਾਂਗੇ ਕਿਉਂਕਿ ਇੱਥੇ ਗੱਡੀ ਸਿਰਫ ਇਕ-ਦੋ ਮਿੰਟ ਰੁਕੇਗੀ। ਰੰਮੀ ਉਤਰ ਗਿਆ ਪਰ ਟਿਕਟਾਂ ਲੈਣ ਦੀ ਥਾਂ ਝੋਕ ਲਾ ਕੇ ਖੜ੍ਹ ਗਿਆ। ਜਦੋਂ ਨੂੰ ਟਿਕਟਾਂ ਲਈਆਂ ਗੱਡੀ ਤੁਰ ਪਈ। ਰੰਮੀ ਮਗਰ ਭੱਜ ਪਿਆ। ਮੈਂ ਬਹੁਤ ਚੀਕਾਂ ਮਾਰੀਆਂ ਕਿ ਪਿਛਲੇ ਡੱਬੇ 'ਚ ਚੜ੍ਹ ਜਾ ਪਰ ਉਹ ਮੇਰੇ ਵਾਲੇ ਡੱਬੇ ਨੂੰ ਹੀ ਫੜਨ ਦੀ ਜਿੱਦ ਪੈ ਗਿਆ। ਗੱਡੀ ਕੁਝ ਸਕਿੰਟਾਂ 'ਚ ਰਫਤਾਰ ਫੜ ਗਈ। ਮੈਂ ਚੱਲਦੀ ਗੱਡੀ 'ਚੋਂ ਛਾਲ ਮਾਰ ਦਿੱਤੀ। ਲੋਕਾਂ ਨੇ ਅੱਖਾਂ ਮੀਟ ਲਈਆਂ ਕਿ ਇਹ ਦੋਵੇਂ ਤਾਂ ਗਏ। ਛਾਲ ਮਾਰਦੇ ਸਮੇਂ ਮੇਰੇ ਪੈਰ ਜੰਮ ਗਏ। ਰੰਮੀ ਹਾਲੇ ਵੀ ਭੱਜਾ ਜਾ ਰਿਹਾ ਸੀ ਅਖੇ "ਮੇਰਾ ਭਰਾ ਗੱਡੀ 'ਚ ਰਹਿ ਗਿਆ ਓਏ।" ਮੈਂ ਦੇ ਮਾਰ ਕੇ ਕੰਨਾਂ 'ਤੇ ਆਖਿਆ "ਭਰਾ ਤਾਂ ਤੂੰ ਹੁਣੇ 'ਗੱਡੀ' ਚਾੜ੍ਹ ਦੇਣ ਸੀ ਧੁਰ ਦਰਗਾਹੇ ਦੀ ਸਾਲਿਆ।" ਅਸੀਂ ਸਟੇਸ਼ਨ 'ਤੇ ਆ ਗਏ ਤੇ ਪਤਾ ਕੀਤਾ ਕਿ ਹੁਣ ਅਗਲੀ ਗੱਡੀ ਕਦੋਂ ਜਾਵੇਗੀ ਤਾਂ ਰੇਲਵੇ ਕਰਮਚਾਰੀ ਨੇ ਦੱਸਿਆ ਕਿ ਹੁਣ ਅਗਲਾ ਟਾਈਮ ਸਵੇਰੇ 10 ਵਜੇ ਰਵਾਨਾ ਹੋਵੇਗਾ ਅੰਬਾਲੇ ਲਈ। ਮੇਰੇ ਤਾਂ ਤ੍ਰਾਹ ਨਿਕਲ ਗਏ। ਦਸੰਬਰ ਦੀ ਸਰਦ ਰਾਤ ਤੇ ਉੱਤੇ ਕੁਝ ਵੀ ਨਹੀਂ ਸਿਵਾਏ ਇਕ ਟੀ-ਸ਼ਰਟ ਅਤੇ ਜੈਕੇਟ ਦੇ। ਅਸੀਂ ਕੁਝ ਸਮਾਂ ਏਧਰ-ਓਧਰ ਟਹਿਲਣ ਤੋਂ ਬਾਅਦ ਸਟੇਸ਼ਨ 'ਤੇ ਅਖ਼ਬਾਰਾਂ ਵਿਛਾ ਕੇ ਪੈ ਗਏ। ਮਾਸੂਮ ਜਿਹਾ ਰੋਮੀ ਸਰਦੀ ਨਾਲ ਕੁੰਗੜ ਕੇ ਮੇਰੇ ਨਾਲ ਲੱਗਦਾ ਜਾ ਰਿਹਾ ਸੀ। ਮੈਂ ਆਪਣੀ ਜੈਕੇਟ ਵੀ ਲਾਹ ਕੇ ਉਹਦੇ 'ਤੇ ਪਾ ਦਿੱਤੀ ਤੇ ਆਪ ਟੀ-ਸ਼ਰਟ 'ਚ ਰਹਿ ਗਿਆ। ਮੈਨੂੰ ਨੀਂਦ ਕੀ ਆਉਣੀ ਸੀ, ਮੈਂ ਉੱਠ ਕੇ ਤੋਰਾ-ਫੇਰਾ ਕਰਨ ਲੱਗ ਪਿਆ। ਇੱਕ ਅੰਗ ਦੀ ਧੂੰਈਂ 'ਤੇ ਜਾ ਕੇ ਬੈਠ ਗਿਆ। ਉਥੇ ਬੈਠਾ ਇੱਕ ਵਿਅਕਤੀ ਪੁੱਛਣ ਲੱਗਾ ਕਿ ਕਿੱਥੋਂ
ਆਏ ਕਿੱਥੇ ਜਾਣਾ। ਮੈਂ ਸਾਰੀ ਗੱਲ ਦੱਸੀ ਤਾਂ ਉਹ ਪੰਜਾਹ ਸਾਲ ਦੇ ਕਰੀਬ ਦਾ ਵਿਅਕਤੀ ਆਖਣ ਲੱਗਾ "ਮੇਰਾ ਘਰ ਨਾਲ ਹੀ ਐ। ਮੈਂ ਕੰਬਲ ਲਿਆ ਦਿਨਾ ਆ ਪਰ ਮੇਰੇ ਨਾਲ ਸਬੰਧ ਬਣਾ ਕੇ ਮੇਰੀ ਕਾਮ ਤ੍ਰਿਪਤੀ ਕਰਨ ਪਵੇਗੀ।" ਮੈਂ ਹਾਂ ਕਰ ਦਿੱਤੀ ਪਰ ਜਦੋਂ ਉਹ ਕੰਬਲ ਲਿਆਇਆ ਤਾਂ ਮੈਂ ਉਹਦੇ ਦੋ ਕੰਨਾਂ 'ਤੇ ਮਾਰੀਆ ਤੇ ਕੰਬਲ ਲੈ ਕੇ ਸਟੇਸ਼ਨ 'ਤੇ ਆ ਗਿਆ। ਸਵੇਰੇ ਉੱਠ ਕੇ ਅਸੀਂ ਚਾਹ ਪੀਤੀ ਤੇ ਸਰੀਰ ਬੰਨ੍ਹੇ। ਗੱਡੀ ਆ ਗਈ। ਟਿਕਟਾਂ ਕਟਾ ਕੇ ਹੁਣ ਸਾਡੇ ਕੋਲ ਜੇਬ 'ਚ ਕੁਝ ਵੀ ਨਾ ਬਚਿਆ। ਅਸੀਂ ਅੰਬਾਲੇ ਤੋਂ ਗੱਡੀ ਬਦਲ ਕੇ ਪੰਚਕੂਲਾ ਸਟੇਸ਼ਨ 'ਤੇ ਜਾ ਉਤਰੇ। ਮੇਰੇ ਲਈ ਚੰਡੀਗੜ੍ਹ ਅਨਜਾਣ ਸੀ। ਰੰਮੀ ਨੇ ਜਿਉਂ ਮੈਨੂੰ ਤੋਰਿਆ ਸ਼ਾਮ ਤੱਕ ਤੋਰੀ ਗਿਆ। ਮੋਹਾਲੀ ਜਾ ਕੇ ਉਹ ਪਤਾ ਭੁੱਲ ਗਿਆ ਜਿਸ ਮਿੱਤਰ ਕੋਲ ਅਸੀਂ ਜਾਣਾ ਸੀ। ਦੋ ਦਿਨਾਂ ਦੀ ਮੈਲ ਨਾਲ ਸਾਡੇ ਮੂੰਹ-ਸਿਰ ਕਾਲੇ ਹੋ ਚੁੱਕੇ ਸਨ ਤੇ ਰੋਟੀ ਖਾਧਿਆਂ ਨੂੰ ਸਾਨੂੰ ਅੱਜ ਤੀਜਾ ਦਿਨ ਸੀ । ਸਾਡੀ ਹਿੰਮਤ ਜੁਆਬ ਦੇ ਗਈ। ਹਾਰ ਕੇ ਇਕ ਨਲਕੇ 'ਤੇ ਅਸੀਂ ਕੈਪਸੂਲ ਖਾਣ ਲੱਗੇ ਤਾਂ ਝੁਕ ਕੇ ਪਾਣੀ ਪੀਂਦਿਆਂ ਮੇਰੀ ਨਿਗ੍ਹਾ ਸਾਡੇ ਸ਼ਹਿਰ ਵਾਲੇ ਜਿੰਮੀ ਤੇ ਪਈ ਜੀਹਨੂੰ ਅਸੀਂ ਲੱਭ ਰਹੇ ਸੀ। ਮੈਂ ਤਾਂ ਪਾਣੀ ਛੱਡ ਕੇ ਓਧਰ ਦੌੜ ਪਿਆ। ਜਿੰਮੀ ਮਿਲਿਆ ਤਾਂ ਸਾਹ 'ਚ ਸਾਹ ਆਇਆ। ਉਹ ਆਪਣੀ ਭੂਆ ਦੇ ਘਰ ਲੈ ਗਿਆ ਜਿੱਥੇ ਉਹ ਰਹਿੰਦਾ ਸੀ। ਪਹਿਲਾਂ ਤਾਂ ਅਸੀਂ ਨਹਾਤੇ ਫੇਰ ਰੋਟੀਆਂ ਦੀ ਧੂੜ ਪੱਟੀ। ਰਾਤ ਸੌਂਣ ਲੱਗਿਆਂ ਮੈਂ ਰੰਮੀ ਨੂੰ ਪੁੱਛਿਆ "by the way ਆਪਾਂ ਇੱਥੇ ਆਏ ਕਿਵੇਂ ਆਂ ?" ਰੰਮੀ ਜੀ ਬੋਲੇ "ਬੱਸ ਐਵੇਂ ਮੈਂ ਸੋਚਿਆ ਘੁੰਮ ਆਈਏ।" ਬੜਾ ਗੁੱਸਾ ਆਇਆ ਮੈਨੂੰ ਕਿ ਇਹ ਪਿਉ ਵਾਲੀ ਕਿਹੜੀ ਸੈਰ ਹੈ ਜੋ ਸੈਂਕੜੇ ਕਿਲੋਮੀਟਰ ਦੂਰ ਆ ਕੇ 160 ਰੁਪਈਆਂ 'ਚ ਹੋ ਜਾਂਦੀ ਐ। ਖ਼ੈਰ ਰਾਤ ਨੂੰ ਅਸੀਂ ਸੌਂ ਗਏ। ਸਵੇਰੇ ਜਿੰਮੀ ਨੇ ਸਾਨੂੰ ਸਾਝਰੇ ਉਠਾ ਕੇ ਤੋਰ ਲਿਆ ਕਿ ਕਿਤੇ ਉਹਦੇ ਰਿਸ਼ਤੇਦਾਰ ਸਾਡੀਆਂ ਸ਼ਕਲਾਂ ਨਾ ਵੇਖ ਲੈਣ। ਅਸੀਂ ਜਿੰਮੀ ਤੋਂ ਪੈਸੇ ਮੰਗੇ। ਉਹਨੇ ਸਾਨੂੰ ਦੋ-ਢਾਈ ਸੋ ਜਿਹੜਾ ਦਿੱਤਾ ਉਹਦੀਆਂ ਅਸੀਂ ਉੱਥੇ ਹੀ ਚਾਰ ਸ਼ੀਸ਼ੀਆਂ ਲੈ ਲਈਆਂ। ਖਾਲ੍ਹੀ ਜੇਬ ਅਸੀਂ ਪਟਿਆਲਾ ਨੂੰ ਚੜ੍ਹ ਪਏ। ਮੈਨੂੰ ਪਤਾ ਸੀ ਕਿ ਕਡਕਟਰ ਸਾਨੂੰ ਜਲੀਲ ਕਰਕੇ ਉੱਥੇ ਉਤਾਰੇਗਾ ਜਿੱਥੇ ਅੱਜ ਤੱਕ ਸਾਡੇ ਦਾਦੇ-ਪੜਦਾਦੇ ਨਹੀਂ ਸਨ ਆਏ ਪਰ ਮੈਨੂੰ ਰੋਮੀ ਦੀ ਬੁੱਧੀ 'ਤੇ ਮਾਣ ਵੀ ਸੀ ਕਿ ਇਹ ਹਥਿਆਰ ਸੁੱਟਣ ਵਾਲੀ ਜਿਣਸ ਨਹੀਂ ਹੈ। ਇਹ ਮਾਣ ਟੁੱਟਿਆ ਵੀ ਨਹੀਂ। ਕਡੰਕਟਰ ਸਭ ਤੋਂ ਅਖੀਰਲੀ ਸੀਟ 'ਤੇ ਆਪਣੇ ਸਾਥੀ ਨਾਲ ਗੱਲਾਂ ਮਾਰ ਰਿਹਾ ਸੀ। ਰੰਮੀ ਗਿਆ ਤੇ ਪਤਾ ਨਹੀਂ ਉਹਦੇ ਕੰਨਾਂ 'ਚ ਕੀ ਆਖਿਆ ਕਡੰਕਟਰ ਤਾਂ ਰੰਮੀ ਨਾਲ ਖੁਸ਼ ਹੋ ਗਿਆ। ਉਸ ਨੇ ਨਾ ਸਿਰਫ ਪਟਿਆਲੇ ਤੱਕ ਸਾਨੂੰ ਮੁਫਤ ਲਿਆਂਦਾ ਬਲਕਿ ਅੱਗੇ ਘੜਾਮ (ਮੇਰੇ ਨਾਨਕਾ ਪਿੰਡ ਦਾ ਗਵਾਂਢ ਪਿੰਡ) ਵਾਲੀ ਬੱਸ 'ਚ ਵੀ ਫਰੀ 'ਚ ਬਿਠਾ ਦਿੱਤਾ। ਮੈਂ ਰੋਮੀ ਨੂੰ ਪੁੱਛਿਆ ਕਿ ਇਹਦੇ ਸਿਰ ਕੀ ਧੂੜਿਆ ਈ ਤਾਂ ਰੰਮੀ ਕਹਿੰਦਾ "ਕੁਝ ਨਹੀਂ ਇਹ ਸੱਟੇ ਦੀਆਂ ਗੱਲਾਂ ਕਰ ਰਹੇ ਸੀ ਤੇ ਮੈਂ ਝੂਠ-ਮੂਠ ਦਾ ਇਕ ਨੰਬਰ ਦੇ ਆਇਆ ਕਿ ਇਸ 'ਤੇ ਟੈਲੀਫੋਨ ਕਰਕੇ ਮੇਰਾ ਨਾਂ ਲੈ ਦਿਉ ਸਾਡਾ ਫੈਮਲੀ ਬਾਬਾ ਨੰਬਰ ਦੇ ਦੇਵੇਗਾ ਜੋ ਟੁੱਟਦਾ ਈ ਨਹੀਂ।" ਇਹੀ ਤਾਂ ਰੰਮੀ ਦੀ ਕਲਾਕਾਰੀ ਸੀ। ਅਸੀਂ ਨਾਨਕਿਆਂ ਦੇ ਪਿੰਡ ਪਠਾਨ ਮਾਜਰਾ ਆ ਗਏ। ਮਾਮੇ ਘਿੱਲੇ ਨੇ ਕੁੱਕੜ ਵੱਢਿਆ ਤੇ ਘਰ ਦੀ ਕੱਢੀ ਦੀ ਬੋਤਲ ਲਿਆਂਦੀ। ਮੈਂ ਤਾਂ ਥੋੜ੍ਹੀ ਪੀਤੀ ਪਰ ਰੰਮੀ ਵਾਹਵਾ ਡਕਾਰ
ਗਿਆ। ਰਾਤ ਨੂੰ ਰੰਮੀ ਨੇ ਮਾਮੇ ਕਾ ਭਈਆ ਬੜਕਾ ਦਿੱਤਾ। ਸਵੇਰ ਹੋਈ ਤਾਂ ਸਾਡੇ ਸਰੀਰ ਟੁੱਟਣ ਲੱਗ ਪਏ। ਮੈਂ ਮਾਮੇ ਨੂੰ ਕਿਹਾ ਕਿ ਇਹ 'ਨਾਗਣੀ' ਛੱਕਦੇ। ਉਹਨੇ ਲਿਫਾਫਾ ਕੱਢਿਆ ਤੇ ਰੰਮੀ ਟੁੱਟ ਪਿਆ। ਲਾਟੂ ਜਿੰਨੀ ਤੋੜ ਕੇ ਰੰਮੀ ਤਾਂ ਹਲਕ 'ਚ ਸੁੱਟ ਗਿਆ ਮੈਂ ਵੇਖਦਾ ਹੀ ਰਹਿ ਗਿਆ। ਦਰਅਸਲ ਮੈਂ ਮਾਮੇ ਤੋਂ ਪੜ੍ਹਦਾ ਰੱਖਦਾ ਸੀ। ਮਾਮਾ ਪਾਣੀ ਲੈਣ ਭੱਜਾ ਤਾਂ ਰੰਮੀ ਨੇ ਮੂੰਹ 'ਚੋਂ ਗੋਲਾ ਕੱਢ ਕੇ ਅੱਧੀ ਮੈਨੂੰ ਦੇ ਕੇ ਅੱਖ ਮਾਰ ਦਿੱਤੀ। ਰੰਮੀ ਤਾਂ ਜਾਦੂਗਰ ਨਿਕਲਿਆ ਪੂਰਾ। ਅਸੀਂ ਤੁਰਨ ਲੱਗੇ ਤਾਂ ਮੈਂ ਮਾਮੇ ਨੂੰ ਕਿਹਾ ਕਿ ਮੈਂ ਰੰਮੀ ਨਾਲ ਆਇਆ ਸੀ ਇਹਦੇ ਪੈਸੇ ਡਿੱਗ ਪਏ ਆ ਕੋਈ ਆਰਥਿਕ ਮਦਦ ਕਰ ਇਹ ਜਾਂਦਿਆਂ ਤੈਨੂੰ ਪੈਸੇ ਭੇਜ ਦੋਵੇਗਾ। ਉਸ ਨੇ ਨੋਟਾਂ ਦੀ ਗੁੱਟੀ ਕੱਢ ਲਈ ਤੇ ਗਿਣਨ ਲੱਗਾ। ਮੈਂ ਸੋਚਿਆ ਦੋ ਸੋ ਕਿਰਾਇਆ ਲੱਗਣਾ ਹੈ ਰੰਮੀ ਪੰਜ ਕੁ ਸੌ ਲਵੇਗਾ ਪਰ ਜਦੋਂ ਵੀਹ-ਪੱਚੀ ਨੋਟ ਸੋ ਸੋ ਵਾਲੇ ਗਿਣੇ ਗਏ ਤਾਂ ਰੰਮੀ ਚੀਕਿਆ "ਬੱਸ ਮਾਮਾ। ਹੁਣ ਅਸੀਂ ਪਹੁੰਚ ਜਾਵਾਂਗੇ।" ਪਟਿਆਲੇ ਅੱਡੇ ਤੋਂ ਬਾਹਰ ਆ ਕੇ ਮੈਡੀਕਲ ਤੋਂ 'ਕੋਟਾ' ਲੈ ਕੇ ਅਸੀਂ ਬੱਸ 'ਚ ਬੈਠ ਗਏ। ਜਦੋਂ ਉਤਰੇ ਤਾਂ ਰੰਮੀ ਦੇ ਪੈਰਾਂ 'ਚ ਲੀ ਕੂਪਰ ਦੇ ਨਵੇਂ ਬੂਟ ਸੀ। ਮੈਂ ਪੁੱਛਿਆ "ਇਹ ਕਿੱਥੋਂ?" ਉਹ ਅੱਖ ਮਾਰ ਕੇ ਕਹਿੰਦਾ "ਕੋਈ ਲਾਹ ਕੇ ਸੀਟ 'ਤੇ ਪੈਰ ਧਰਕੇ ਸੁੱਤਾ ਸੀ ਆਪਾਂ ਦੂਜੇ ਰੱਖ 'ਤੇ ਆਹ ਅੜਾ ਲਿਆਂਦੇ।" ਤੀਜੀ ਵਾਰ ਵੀ ਚੰਡੀਗੜ੍ਹ ਮੈਂ ਰੰਮੀ ਨਾਲ ਹੀ ਗਿਆ ਸੀ। ਇਸ ਵਾਰ ਸਾਡੇ ਨਾਲ ਜੰਗਲੀ ਸੀ। ਅਸੀਂ ਰੰਮੀ ਦਾ ਪਾਸਪੋਰਟ ਬਨਵਾਉਂਣ ਗਏ ਸੀ।
ਅੰਗਿਆਰਾਂ ਦੀ ਸੈਰ
ਡਿੰਪਾ ਦਸ ਸਾਲ ਬਾਅਦ ਡਿਪਲੋਮਾ ਕਰਕੇ ਚਲਾ ਗਿਆ ਜਦਕਿ ਬਲਤੇਜ ਨੂੰ ਉਸ ਦਾ ਬਾਪੂ ਕੁੱਟ ਕੇ ਲੈ ਗਿਆ । ਸਾਡੀ ਸਾਰੀ ਜੁੰਡਲੀ ਬਲਤੇਜ, ਹਰਲੇਪ, ਰੇਨੂੰ ਸ਼ੇਰ ਖਾਂ, ਹਰਪ੍ਰੀਤ ਤਲਵੰਡੀ, ਕਲਿਆਣੀ ਆਦਿ ਨਿੱਖੜ ਗਈ। ਮੈਂ ਹੁਣ ਸਾਵੀ ਹੋਰਾਂ ਨਾਲ ਰਹਿ ਰਿਹਾ ਸੀ ਪਰ ਨਾਲ ਰਹਿ ਕੇ ਵੀ ਮੈਂ ਇੰਨ੍ਹਾਂ ਨੂੰ ਨਹੀਂ ਸੀ ਦੱਸਦਾ ਕਿ ਮੈਂ ਕੀ ਕਰ ਰਿਹਾ ਹਾਂ ਜਦਕਿ ਮੈਂ ਜੁਰਮ ਕਰਨ ਦਾ ਆਦੀ ਹੋ ਚੁੱਕਿਆ ਸੀ। ਹੋਰ ਕੁਝ ਨਾ ਹੁੰਦਾ ਤਾਂ ਮੈਂ ਰਾਤ ਨੂੰ ਪੈਟਰੋਲ ਕੱਢ ਲਿਆਂਉਂਦਾ ਤੇ ਲਿਆ ਕੇ ਆਪਣੇ ਮੋਟਰ ਸਾਈਕਲ-ਸਕੂਟਰਾਂ ਦੀਆਂ ਟੈਂਕੀਆਂ ਫੁੱਲ ਕਰਨ ਤੋਂ ਬਾਅਦ ਬਚਿਆ ਨਾਲੀ 'ਚ ਰੋੜ੍ਹ ਦਿੰਦਾ। ਮੈਂ ਸ਼ੁਰੂ ਤੋਂ ਹੀ ਬਹੁਤ ਘੱਟ ਸੌਂਦਾ ਸਾਂ ਪਰ ਹੁਣ ਤਾਂ ਸੌਣਾ ਬਿਲਕੁਲ ਹੀ ਘੱਟ ਹੋ ਗਿਆ ਸੀ। ਮੈਂ ਫੈਂਸੀ ਦੀਆਂ ਅੱਠ-ਅੱਠ ਸ਼ੀਸ਼ੀਆਂ ਤੇ ਪੰਜਾਹ-ਪੰਜਾਹ ਕੈਪਸੂਲ ਖਾ ਜਾਂਦਾ। ਅੱਧੀ ਦਰਜਨ ਸਿਗਰਟਾਂ ਦੀਆਂ ਡੱਬੀਆਂ ਉਡਾ ਦਿੰਦਾ। ਸ਼ਾਮ ਨੂੰ ਦਾਰੂ ਤੇ ਚਰਸ ਵੀ ਪੱਕੀ ਸੀ । ਮੈਨੂੰ ਵੇਖ ਕੇ ਸਾਵੀ, ਲੱਖਾ, ਜੰਗਲੀ ਤੇ ਸ਼ਿੰਦਾ ਵੀ ਡੋਜ਼ (ਨਸ਼ੇ ਦੀ ਮਾਤਰਾ) ਵਧਾ ਗਏ ਤੇ ਵਧੇ ਖਰਚਿਆਂ ਦੇ ਮਾਰੇ ਮੇਰੇ ਤੋਂ ਚੋਰੀ ਛੋਟੇ-ਮੋਟੇ ਜੁਰਮ ਕਰਨ ਲੱਗ ਪਏ। ਮੈਨੂੰ ਖ਼ਬਰ ਤਾਂ ਹੁੰਦੀ ਪਰ ਮੈਂ ਅਨਜਾਣ ਬਣਿਆ ਰਹਿੰਦਾ। ਇੰਨ੍ਹਾਂ ਨੇ ਹਰਿਆਣਾ ਦੇ ਮੰਡੀ ਡੱਬਵਾਲੀ 'ਚੋਂ ਸ਼ਰਾਬ ਦੀਆਂ ਥੈਲੀਆਂ ਲਿਆ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੇੜੇ 'ਚੋਂ ਇਨ੍ਹਾਂ ਨੂੰ ਦੋ-ਤਿੰਨ ਹਜ਼ਾਰ ਬਚ ਜਾਂਦਾ। ਉਨ੍ਹਾਂ ਦਿਨਾਂ 'ਚ ਮੈਂ ਪਿੰਡ ਆਇਆ ਹੋਇਆ ਸੀ ਤੇ ਅਸੀਂ ਪਿੰਡ 'ਚ ਕ੍ਰਿਕਟ ਵੱਡੇ ਪੱਧਰ 'ਤੇ ਖੇਡਣੀ ਸ਼ੁਰੂ ਕੀਤੀ ਹੋਈ ਸੀ। ਪਿੰਡ 'ਚ ਰਹਿੰਦਿਆਂ ਮੈਂ ਭੁੱਕੀ ਵੀ ਖਾਂਦਾ ਤੇ ਦਾਰੂ ਵੀ ਪੀ ਲੈਂਦਾ। ਇਹ ਦੋਵੇਂ ਚੀਜ਼ਾ ਆਸਾਨੀ ਨਾਲ ਮਿਲ ਜਾਂਦੀਆਂ ਸਨ। ਮੈਂ, ਬੱਬੀ ਤੇ ਸੂਬਾ ਅਕਸਰ ਦਿਨ 'ਚ ਹੀ ਮਹਿਫ਼ਲ ਸਜਾ ਲੈਂਦੇ। ਮੈਨੂੰ ਯਾਦ ਹੈ ਕਿ ਉਸ ਦਿਨ ਗੁਰੂ ਨਾਨਕ ਦਾ ਗੁਰਪੁਰਬ ਸੀ । ਅਸੀਂ ਸਕੂਲ 'ਚ ਬੈਠੇ ਦਾਰੂ ਪੀ ਰਹੇ ਸੀ। ਸਕੂਲ ਦੇ ਨਾਲ ਗੁਰਦੁਆਰੇ 'ਚ ਭਾਰੀ ਮੇਲਾ ਲੱਗਿਆ ਹੋਇਆ ਸੀ। ਸਕੂਲ 'ਚ ਮਹਾਵਤ ਹਾਥੀ ਲੈ ਕੇ ਆਏ ਹੋਏ ਸਨ। ਦਾਰੂ ਪੀਤੀ 'ਚ ਸਾਡੀ ਗਰਾਰੀ ਫੱਸ ਗਈ ਕਿ ਹਾਥੀ 'ਚਲਾਉਣਾ' ਹੈ। ਅਸੀਂ ਸਾਰੀਆਂ ਨੇ ਹਾਮੀ ਭਰੀ ਤੇ ਮਹਾਵਤਾਂ ਕੋਲ ਆ ਗਏ। ਉਨ੍ਹਾਂ ਦੇ ਅਸੀਂ ਦੋ-ਦੋ ਮਾਰੀਆਂ ਤੇ ਇੱਕ ਕਮਰੇ 'ਚ ਬੰਦ ਕਰ ਦਿੱਤਾ। ਅਸੀਂ ਹਾਥੀ ਖੋਲ੍ਹ ਲਿਆ। ਪਹਿਲਾਂ ਤਾਂ ਅਸੀਂ ਹਾਥੀ ਨੂੰ ਸ਼ਰਾਬ ਪਿਲਾਉਣ ਦੀ ਕੋਸ਼ਿਸ਼ ਕੀਤੀ। ਹਾਥੀ ਸਿਆਣਾ ਨਿਕਲਿਆ ਤੇ ਉਸ ਨੇ ਰਾਕਸ਼ਾਂ ਦੀ ਦਵਾਈ ਪੀਣ ਤੋਂ ਨਾਂਹ ਕਰ ਕਰ ਦਿੱਤੀ ਪਰ ਅਸੀਂ ਹਾਥੀ ਨੂੰ ਤੋਰ ਲਿਆ। ਮੈਂ ਹਾਥੀ ਦੀ ਸੁੰਢ ਥਾਣੀ ਉੱਤੇ ਚੜ੍ਹ ਗਿਆ। ਮੇਰੇ ਨਾਲ ਬੱਬੀ ਬਹਿ ਗਿਆ। ਬੱਗੀ ਸੁੰਢ 'ਤੇ ਹੀ ਟਿਕ ਗਿਆ ਤੇ ਸੂਬਾ ਪੂਛ ਨੂੰ ਚਿੰਬੜ ਗਿਆ। ਅਸੀਂ ਹਾਥੀ ਗੁਰਦੁਆਰੇ ਨੂੰ ਠਿੱਲ ਦਿੱਤਾ ਪਰ ਸਮਾਂ ਰਹਿੰਦਿਆਂ ਡੇਰੇ ਦੇ ਗੇਟ ਬੰਦ ਕਰ ਦਿੱਤੇ ਗਏ ਤੇ ਗਲੀ 'ਚੋਂ ਜੁਆਕ ਪਾਸੇ ਹਟਾ ਲਏ ਗਏ। ਪਿੰਡ 'ਚ ਹਾਹਾਕਾਰ ਮੱਚ ਗਿਆ। ਮੇਲਾ ਇੰਝ ਪਿੰਡ ਗਿਆ ਜਿਵੇਂ ਘੁੱਗ ਮੇਲੇ 'ਚ ਕੋਈ ਸ਼ੇਰ ਆ ਗਿਆ ਹੋਵੇ। ਪਿੰਡ ਦੇ ਮੋਹਤਬਰਾਂ ਨੇ ਆ ਕੇ ਸਾਨੂੰ ਸਮਝਾਇਆ ਤੇ ਅਸੀਂ ਹਾਥੀ ਵਾਪਸ ਲੈ ਗਏ। ਅਸੀਂ ਮਹਾਵਤਾਂ ਨੂੰ ਅੰਦਰੋਂ ਕੱਢਿਆ। ਮਹਾਵਤ ਬਿਖ਼ਰ ਪਏ ਤੇ ਸਾਡੇ 'ਤੇ ਕੇਸ ਕਰਨ ਦੀਆਂ ਧਮਕੀਆਂ ਦੇਣ
ਲੱਗੇ। ਮੈਂ ਆਖਿਆ "ਬਣਾ ਦਿਉ ਕੇਸ ਹਰ ਤਾਰੀਕ” ਤੇ ਹਾਥੀ ਪੇਸ਼ ਕਰਨਾ ਪਵੇਗਾ ਤੁਹਾਨੂੰ ਅਦਾਲਤ 'ਚ । ਲਿਆਇਆ ਕਰੋਗੇ ਹਰ ਤਰੀਕ 'ਤੇ ਇਹਨੂੰ ?" ਉਹ ਡਰ ਗਏ ਤੇ ਹਾਥੀ ਲੈ ਕੇ ਚੱਲਦੇ ਬਣੇ। ਇਹੋ ਜਿਹੇ ਰੰਗ-ਤਮਾਸ਼ੇ ਅਸੀਂ ਕਰਦੇ ਰਹਿੰਦੇ ਸੀ। ਪਿੰਡ 'ਚ ਸਾਡੀਆਂ ਝੜਪਾਂ ਵੀ ਆਮ ਹੁੰਦੀਆਂ ਰਹਿੰਦੀਆਂ।
ਦਸੰਬਰ ਦਾ ਮਹੀਨਾ ਆ ਗਿਆ ਤੇ ਧੁੰਦਾਂ ਪੈਣੀਆਂ ਸ਼ੁਰੂ ਹੋ ਗਈਆਂ। ਧੁੰਦਾਂ ਵੀ ਅਜਿਹੀਆਂ ਕਿ ਸੂਰਜ ਗਾਇਬ ਹੀ ਹੋ ਗਿਆ ਜਿਵੇਂ ਪੰਜਾਬ 'ਚੋਂ ਗਿਰਝਾਂ ਅਲੋਪ ਹੋਈਆਂ ਸਨ। ਇਕ ਦਿਨ ਸ਼ਿੰਦਾ ਤੇ ਜੰਗਲੀ ਮੇਰੇ ਕੋਲ ਆਏ। ਸ਼ਿੰਦਾ ਗੁੱਟ ਜਿਹਾ ਸੀ ਤੇ ਪਰ੍ਹਾਂ ਖੜ੍ਹਾ ਰਿਹਾ ਪਰ ਜੰਗਲੀ ਮੇਰੇ ਗਲ ਲੱਗ ਕੇ ਰੋ ਪਿਆ। ਜੰਗਲੀ ਨੇ ਵਾਸਤਾ ਪਾ ਕੇ ਮੇਰੇ ਤੋਂ ਅੱਠ ਹਜ਼ਾਰ ਰੂਪੈ ਦੀ ਮੰਗ ਕੀਤੀ। ਉਸ ਨੇ ਤਿੰਨ ਦਿਨ ਬਾਅਦ ਫੀਸ ਭਰਨੀ ਸੀ ਤੇ ਨਾ ਭਰਨ ਦੀ ਸੂਰਤ 'ਚ ਉਹਦਾ ਫਾਈਨਲ ਸਮੈਸਟਰ ਯੌਥ ਜਾਣਾ ਸੀ ਪਰ ਬਦਕਿਸਮਤੀ ਨਾਲ ਮੇਰੇ ਕੋਲ ਇੱਕ ਆਨਾ ਵੀ ਨਹੀਂ ਸੀ। ਜੰਗਲੀ ਘਰ ਤੋਂ ਫੀਸ ਲਿਆਇਆ ਸੀ ਜੋ ਇਹ ਛਕਾ-ਛਕਾਈ ਕਰ ਗਏ। ਮੈਂ ਇਨ੍ਹਾਂ ਨਾਲ ਰਲਣ ਤੋਂ ਤੋਬਾ ਕੀਤੀ ਹੋਈ ਸੀ ਪਰ ਸਾਹਾਂ ਤੋਂ ਪਿਆਰੇ ਯਾਰਾਂ ਦੇ ਹੰਝੂ ਕਿੱਥੇ ਪੀਤੇ ਜਾਂਦੇ ਆ ? ਮੈਂ ਜੰਗਲੀ ਨੂੰ ਗਲ ਲਾਇਆ ਤੇ ਕਿਹਾ "ਫ਼ਿਕਰ ਨਾ ਕਰ ਜੰਗਲੀ ! ਆਪਾਂ ਲਾਉਨੇ ਆਂ ਕੋਈ 'ਪੈਂਚਰ'।" ਮੈਂ ਕਈ ਯਾਰਾਂ ਕੋਲੋਂ ਪੈਸੇ ਪੁੱਛੇ ਪਰ ਕਿਸੇ ਨੇ ਲੜ ਨਾ ਫੜਾਇਆ। ਫਿਰ ਇੰਨ੍ਹਾਂ ਨੇ ਮੇਰੇ ਕੋਲ ਆਪ ਹੀ ਰਾਜ਼ ਖੋਲ੍ਹਿਆ ਕਿ ਕੁੱਤਿਆਂਵਾਲੀ ਵਾਲੇ ਸੱਤੀ ਨੇ ਸਾਨੂੰ ਇੱਕ ਕੰਮ ਦੱਸਿਆ ਹੋਇਆ ਹੈ। ਅਸੀਂ ਇੱਕ-ਦੋ ਵਾਰ ਟ੍ਰਾਈ ਵੀ ਕੀਤੀ ਪਰ ਗੱਲ ਨਹੀਂ ਬਣੀਂ। ਮੈਂ ਕਿਹਾ "ਮੈਨੂੰ ਦੱਸੋ ਕੰਮ ਕੀ ਐ?" ਉਨ੍ਹਾਂ ਕੰਮ ਦੱਸ ਦਿੱਤਾ। ਮੈਂ ਕਿਹਾ ਜਿਸ ਨੇ ਪਹਿਲਾਂ ਟ੍ਰਾਈ ਕੀਤੀ ਹੈ ਉਹ ਇਕ ਜਣਾ ਮੇਰੇ ਨਾਲ ਚੱਲੋ। ਛਿੰਦਾ ਮੇਰੇ ਨਾਲ ਤਿਆਰ ਹੋ ਗਿਆ। ਅਸੀਂ ਸਵੇਰੇ ਸਾਢੇ ਨੌਂ ਵਜੇ ਚਾਲੇ ਪਾ ਦਿੱਤੇ। ਸਾਡੇ ਕੋਲ ਸਿਰਫ ਪੰਜਾਹ ਰੂਪੈ ਸਨ। ਅਸੀਂ ਤਿੰਨ ਲੀਟਰ ਪੈਟਰੋਲ ਪੁਆ ਲਿਆ (ਜਿੰਨ੍ਹਾਂ ਦਿਨਾਂ (1998) ਦੀ ਇਹ ਗੱਲ ਹੈ, ਉਨ੍ਹਾਂ ਦਿਨਾਂ 'ਚ ਪੈਟਰੋਲ 15 ਕੁ ਰੂਪੇ ਹੋਇਆ ਕਰਦਾ ਸੀ) ਤੇ ਪੰਜਾਂ ਦੇ ਕੈਪਸੂਲ ਖਾ ਲਏ। ਰਸਤੇ 'ਚ ਛਿੰਦੇ ਦੀਆਂ ਗੱਲਾਂ ਤੋਂ ਮੈਨੂੰ ਲੱਗ ਗਿਆ ਕਿ ਇਹਦੀ ਟਿੰਬਰੀ ਟਾਈਟ ਹੋ ਗਈ ਹੈ।
ਇੱਕ ਘੰਟਾ ਸਫ਼ਰ ਕਰਨ ਤੋਂ ਬਾਅਦ ਅਸੀਂ ਟਿਕਾਣੇ 'ਤੇ ਪਹੁੰਚ ਗਏ। ਇਹ ਅਬੋਹਰ ਦੇ ਦੋ ਪਿੰਡਾਂ ਦਾ ਵਿਚਾਲਾ ਸੀ। ਇਕ ਪਿੰਡ ਤੋਂ ਚੜ੍ਹਦੇ ਤੇ ਦੂਜੇ ਤੋਂ ਛਿਪਦੇ ਪਾਸੇ ਅਸੀਂ ਤਿੰਨ ਕੁ ਕਿਲੋਮੀਟਰ ਦੀ ਦੂਰੀ 'ਤੇ ਜਾ ਕੇ ਛਟੀਆਂ (ਨਰਮੇ ਦਾ ਬਾਲਣ) ਦੇ ਢੇਰਾਂ 'ਚ ਖੜ੍ਹ ਗਏ। ਖੜ੍ਹੇ ਅਸੀਂ ਇਸ ਤਰੀਕੇ ਨਾਲ ਕਿ ਸੜਕ ਤੋਂ ਲੰਘਦੀਆਂ ਚੀਜ਼ਾਂ ਸਾਨੂੰ ਦਿੱਸਦੀਆਂ ਰਹਿਣ। ਧੁੰਦ ਅੰਤਾਂ ਦੀ ਸੀ। ਠੰਢ ਨਾਲ ਅਸੀਂ ਠੁਰ-ਠੁਰ ਕਰ ਰਹੇ ਸੀ । ਮੈਂ ਬਾਲਣ ਇਕੱਠਾ ਕੀਤਾ ਤੇ ਯਾਮੇ ਦੀ ਟੈਂਕੀ 'ਚੋਂ ਥੋੜ੍ਹਾ ਪੈਟਰੋਲ ਕੱਢ ਕੇ ਅੱਗ ਬਾਲ ਲਈ। ਸਿਗਰਟ ਦੇ ਦੇ ਕਸ਼ ਖਿੱਚੇ ਕਿ ਸ਼ਿੰਦਾ ਬੋਲਿਆ "ਓਹ ਗਿਆ।" ਸ਼ਿੰਦੇ ਨੇ ਯਾਮੇ ਨੂੰ ਕਿੱਕ ਮਾਰੀ ਤੇ ਮੈਂ ਚੀਤੇ ਦੀ ਫੁਰਤੀ ਨਾਲ ਪਿੱਛੇ ਬੈਠ ਗਿਆ। ਯਾਮ੍ਹਾ ਜੈਟ ਹਵਾਈ ਜਹਾਜ਼ ਵਾਂਗੂੰ ਚੜ੍ਹ ਗਿਆ। ਸ਼ਿੰਦੇ ਨੇ ਸਕੂਟਰ ਸਵਾਰ ਜੋ ਸਾਡਾ ਸ਼ਿਕਾਰ ਸੀ ਨੂੰ ਬਰਾਬਰ ਜਾ ਕੇ ਲੱਤ ਮਾਰੀ। ਮੈਂ ਝਟਕੇ ਨਾਲ ਪਿੱਛੇ ਡਿੱਗ ਪਿਆ ਤੇ ਪਿੱਛੇ ਹੀ ਰਹਿ ਗਿਆ। ਸਕੂਟਰ ਸਵਾਰ ਸਮਝ ਗਿਆ ਕਿ 'ਮਾਸ' 'ਤੇ 'ਗਿਰਝਾਂ' ਟੁੱਟ ਪਈਆਂ। ਉਸ ਨੇ ਸਕੂਟਰ ਫੁਰਤੀ ਨਾਲ ਪਿੱਛੇ
ਮੋੜਿਆ ਕਿਉਂਕਿ ਸ਼ਿੰਦੇ ਨੇ ਜਦੋਂ ਲੱਤ ਮਾਰੀ ਯਾਮਾ ਕੰਟਰੋਲ ਤੋਂ ਬਾਹਰ ਹੋ ਕੇ ਨਿਹੰਗਾਂ ਦੇ ਵਛੇਰੇ ਵਾਂਗ 'ਗਾਂਹ ਹੀ ਨਿਕਲ ਗਿਆ। ਸਕੂਟਰ ਵਾਲੇ ਨੂੰ ਪਿੰਡ ਮੁੜਦਿਆਂ ਵੇਖ ਮੈਂ ਕੰਬਲ ਦੀ ਬੁੱਕਲ ਪਰ੍ਹਾਂ ਵਗਾਹ ਮਾਰੀ ਤੇ ਨਕਲੀ ਪਿਸਤੋਲ ਕੱਢ ਲਿਆ। ਸਕੂਟਰ ਸਵਾਰ ਰੁੱਕ ਗਿਆ। ਅਸੀਂ ਉਸ ਤੋਂ ਕੇਸ਼ ਵਾਲਾ ਵੇਲ੍ਹਾ ਕੋਰ ਲਿਆ। ਏਨੇ ਨੂੰ ਛਿੰਦਾ ਆ ਗਿਆ ਤੇ ਉਸ ਨੇ ਆਉਂਦਿਆਂ ਕਾਪੇ (ਦਾਤਰ) ਦਾ ਵਾਰ ਉਸ ਵਿਅਕਤੀ 'ਤੇ ਕੀਤਾ। ਮੈਂ ਅੱਖ ਦੇ ਫੁਰਕਾਰੇ ਨਾਲ ਉਸ ਨੂੰ ਪਾਸੇ ਖਿੱਚ ਲਿਆ ਪਰ ਸ਼ਿੰਦਾ ਕਹਿਰ ਬਣਕੇ ਸਕੂਟਰ 'ਤੇ ਟੁੱਟ ਪਿਆ। ਸ਼ਿੰਦੇ ਨੇ ਸਕੂਟਰ 'ਤੇ ਕਾਪਿਆਂ ਨਾਲ ਇਸ ਤਰ੍ਹਾਂ ਚੰਡ ਪਾ ਦਿੱਤੇ ਜਿਵੇਂ ਉਹਨੇ ਸਾਡਾ ਪਿਉ ਆਵਦੇ ਟਾਇਰਾਂ ਥੱਲੇ ਦੇ ਕੇ ਮਾਰਿਆ ਹੋਵੇ। ਮਸਾਂ ਮੈਂ ਉਸ ਨੂੰ ਹਟਾਇਆ। ਡੇਲ੍ਹਾ ਵੇਖਿਆ ਤਾਂ ਉਹ ਗਾਂਧੀ ਦੀ ਫੱਟੂ ਵਾਲੇ ਨੋਟਾਂ ਨਾਲ ਲਬਾਲਬ ਭਰਿਆ ਹੋਇਆ ਸੀ। ਮੈਂ ਜ਼ਿੰਦਗੀ 'ਚ ਐਨੇ ਨੋਟ ਕਦੇ ਸੁਫ਼ਨੇ 'ਚ ਵੀ ਨਹੀਂ ਸਨ ਵੇਖੋ। ਸਾਡਾ ਬਿਕਾਰ ਕਿਸੇ ਪੰਪ ਦਾ ਕਰਿਦਾ ਸੀ ਜੋ ਕਈ ਦਿਨ ਦੀਆਂ ਛੁੱਟੀਆਂ ਬਾਅਦ ਬੈਂਕ ਚ ਪੈਸਾ ਜਮ੍ਹਾਂ ਕਰਵਾਉਂਣ ਜਾ ਰਿਹਾ ਸੀ । ਸਾਨੂੰ ਪਤਾ ਸੀ ਕਿ ਲਗਾਤਾਰ ਰਹੀਆਂ ਛੁੱਟੀਆਂ ਕਾਰਨ ਕੈਸ਼ ਬਾਣੀਏ ਦੇ ਢਿੱਡ ਵਾਂਗ ਫੁੱਲ ਜਾਏਗਾ। ਮੈਂ ਝੋਲੇ ਨੂੰ ਗੰਢ ਦੇ ਕੇ ਬੁੱਕਲ 'ਚ ਕਰ ਲਿਆ ਤੇ ਸ਼ਿੰਦੇ ਨੂੰ ਇਸ਼ਾਰਾ ਕੀਤਾ ਕਿ ਚਾਲੇ ਪਾ ਪਰ ਉਹ ਕੁਝ ਜ਼ਿਆਦਾ ਹੀ ਐਕਟਿੰਗ ਕਰ ਰਿਹਾ ਸੀ। ਇਸ ਦਾ ਕਾਰਨ ਇਹ ਸੀ ਕਿ ਉਹ ਜੁਰਮ ਦੀ ਦੁਨੀਆਂ 'ਚ ਨਵਾਂ ਸੀ ਹੀ ਬਲਕਿ ਕੈਪਸੂਲਾਂ ਦੇ ਗੇੜੇ ਨੂੰ ਵੀ ਡੋਲਣ ਜੋਗਾ ਨਹੀਂ ਸੀ। ਮੈਂ ਉਹਨੂੰ ਹਲਕਾ ਜਿਹਾ ਧੱਕਾ ਦਿੱਤਾ ਤੇ ਕ੍ਰਿਪਾ ਕਰਨ ਲਈ ਕਿਹਾ। ਉਹ ਯਾਮੇ 'ਤੇ ਬਹਿ ਗਿਆ ਤੇ ਪਿੱਛੇ ਮੈਂ। ਪਲਾਂ 'ਚ ਯਾਮ੍ਹਾ ਧਰਤੀ ਤੋਂ ਪਰ ਨਾ ਗਿਆ। ਸੜਕ 'ਤੇ ਬਾਕੀ ਸੀ, ਧੁੰਦ ਜਾਂ ਯਾਮੇ ਦਾ ਧੂ। ਅਸੀਂ ਇਕ ਕਸਬੇ ਦੇ ਬਾਜ਼ਾਰ 'ਚੋਂ ਏਨਾ ਤੇਜ ਗੁਜ਼ਰੇ ਕਿ ਕਿਸੇ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਮੋਟਰ ਸਾਈਕਲ 'ਤੇ ਸਵਾਰ ਕਿੰਨ੍ਹੇ ਜਣੇ ਆ। ਅਸੀਂ ਅੱਗੇ ਇੱਕ ਪਿੰਡ ਆ ਗਏ ਪਰ ਇੱਥੇ ਆ ਕੇ ਗ਼ਲਤੀ ਹੋ ਗਈ। ਸ਼ਿੰਦੇ ਨੇ ਯਾਮ੍ਹਾ ਸਾਡੇ ਪਿੰਡਾਂ ਵੱਲ ਮੋੜਨ ਦੀ ਬਜਾਇ ਲੰਬੀ-ਡੱਬਵਾਲੀ ਨੂੰ ਮੋੜ ਲਿਆ। ਮੈਂ ਜਦ ਉਸ ਨੂੰ ਕਿਹਾ ਕਿ ਇਹ ਰਸਤਾ ਤਾਂ ਹੋਰ ਹੈ ਤਾਂ ਉਹ ਮੋਟਰ ਸਾਈਕਲ ਪਿੱਛੇ ਮੋੜਨ ਲੱਗਾ ਪਰ ਮੈਂ ਉਸ ਨੂੰ ਕਿਹਾ ਕਿ "ਹੁਣ ਅੱਗੇ ਹੀ ਚੱਲ ਪਿੱਛੇ ਨਾ ਮੁੜ।" ਅਸਲ ਚ ਮੈਨੂੰ ਆਪਣੇ ਜਰਾਇਮੀ ਤਜ਼ਰਬੇ ਦੇ ਅਧਾਰ 'ਤੇ ਗਿਆਨ ਸੀ ਕਿ ਹੁਣ ਤੱਕ ਤਾਰਾਂ ਖੜਕ ਗਈਆਂ ਹੋਣਗੀਆਂ। ਅਗਲੇ ਪਿੰਡ 'ਚ ਵੜਦਿਆਂ ਹੀ ਛਿੰਦੇ ਨੇ ਮੋਟਰ ਸਾਈਕਲ ਰੋਕ ਲਿਆ ਤੇ ਕਹਿੰਦਾ "ਤੇਲ ਪੁਆ ਲਈਏ।" ਮੈਂ ਸਹਿਮਤੀ ਪ੍ਰਗਟਾ ਦਿੱਤੀ। ਉਹ ਤਿੰਨ ਲੀਟਰ ਪੈਟਰੋਲ ਲੈ ਆਇਆ। ਜਦੋਂ ਪੈਸੇ ਦੇਣ ਲੱਗਾ ਤਾਂ ਉਸ ਨੇ ਝੋਲ੍ਹੇ ਦੇ ਨੋਟਾਂ ਦੀ ਇੱਕ ਗੁੱਟੀ (ਗੱਢੀ) ਕੱਢੀ ਤੇ ਕੱਢਦਿਆਂ ਸਾਰੇ ਨੋਟ ਪਾੜ੍ਹ ਘੱਤੇ। ਹੱਟੀ ਵਾਲਾ ਇਹ ਕਾਰਸਤਾਨੀ ਗਹੁ ਨਾਲ ਵਾਚ ਰਿਹਾ ਸੀ। ਮੈਂ ਉਸ ਦੀ ਸੋਚ ਨੂੰ ਬਦਲਣ ਲਈ ਕਿਹਾ "ਓਏ। ਕੀ ਕਰੀ ਜਾਨੇਂ? ਪਾਪਾ ਲੜਨਗੇ ਚੱਲ ਜਲਦੀ ਕਰ ਬੈਂਕ ਬੰਦ ਹੋ ਜਾਣੇ।" ਉਹ ਦਸ-ਦਸ ਦੇ ਪੰਜ ਨੋਟ ਲੈ ਕੇ ਗਿਆ। ਆਉਣ ਲੱਗਿਆਂ ਉਸ ਨੇ ਪੰਜ ਰੁਪਈਆਂ ਦਾ ਲਾਲੇ ਨਾਲ ਰੋਲਾ ਪਾ ਲਿਆ। ਲਾਲੇ ਦੇ ਹੱਥ ਕੰਬ ਰਹੇ ਸੀ। ਉਹ ਕਦੇ ਏਧਰ ਹੱਥ ਮਾਰਦਾ ਕਦੇ ਓਧਰ। ਫੇਰ ਉਹ ਦੁਕਾਨ ਦੇ ਮਗਰ ਆਪਣੇ ਘਰ ਅੰਦਰ ਗਿਆ। ਮੈਂ ਪਿੰਟ ਰਿਹਾ ਸੀ ਕਿ ਖ਼ਸਮਾ ਆ ਜਾ
ਅਸੀਂ ਕੈਸ਼ ਲੁੱਟਿਆ ਹੈ ਕੋਈ ਭੂਆ ਤੋਂ ਸ਼ਗਨ ਨਹੀਂ ਲੈ ਕੇ ਆਏ ਪਰ ਸ਼ਿੰਦਾ ਇਨ੍ਹਾਂ ਗੱਲਾਂ ਤੋਂ ਅਨਜਾਣ ਇੰਝ ਟਹਿਲ ਰਿਹਾ ਸੀ ਜਿਵੇਂ ਲਾਹੌਰ ਦੀ ਹੀਰਾ ਮੰਡੀ 'ਚ ਦਲਾਲ ਫਿਰਦੇ ਆ। ਲਾਲਾ ਪੰਜ-ਸੱਤ ਮਿੰਟਾਂ ਬਾਅਦ ਅੰਦਰੋਂ ਆਇਆ ਤੇ ਉਸ ਨੇ ਪੰਜਾਂ ਦਾ ਢਾਲ੍ਹਾ ਸ਼ਿੰਦੇ ਦੀ ਤਲੀਏ ਰੱਖ ਦਿੱਤਾ। ਅਸੀਂ ਮੰਜ਼ਿਲ ਨੂੰ ਚੱਲ ਪਏ। ਪਰ ਕੌਣ ਜਾਣੇ ਕਿ ਕਈ ਵਾਰ ਸਾਹਮਣੇ ਦਿਸ ਰਹੀ ਮੰਜ਼ਿਲ ਏਨੀ ਦੂਰ ਹੋ ਜਾਂਦੀ ਹੈ ਕਿ ਇਹ ਜਨਮ ਉਸ ਨੂੰ ਪਾਉਣ ਲਈ ਥੋੜ੍ਹਾ ਪੈ ਜਾਂਦਾ ਹੈ।
ਦੁਕਾਨ ਤੋਂ ਚੱਲ ਕੇ ਅਸੀਂ ਹਾਲੇ ਸੌ ਕੁ ਮੀਟਰ ਦੂਰ ਗਏ ਤਾਂ ਪਿੰਡੋਂ ਨਿਕਲਦਿਆਂ ਫਤੂਹੀ ਖੇੜਾ-ਸਿੱਖ ਵਾਲਾ ਸੜਕ 'ਤੇ ਇੱਕ ਟਰੈਕਟਰ ਨਾਲ ਮੋਟਰ ਸਾਈਕਲ ਦੀ ਟੱਕਰ ਹੋ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਬੰਬ ਚੱਲੇ ਵਾਂਗੂੰ ਅਵਾਜ਼ ਆਈ। 110 ਦੀ ਸਪੀਡ 'ਤੇ ਜਾਂਦਾ ਮੋਟਰ ਸਾਈਕਲ ਜਦੋਂ ਟਰੈਕਟਰ ਦੇ ਬੰਪਰ 'ਚ ਵੱਜਾ ਤਾਂ ਮੋਟਰ ਸਾਈਕਲ ਹਵਾ 'ਚ ਕਈ ਫੁੱਟ ਉਤਾਂਹ ਨੂੰ ਬੁੜਕਿਆ। ਜਦੋਂ ਟੱਕਰ ਹੋਈ ਤਾਂ ਪਿੱਛੇ ਬੈਠਾ ਹੋਣ ਕਰਕੇ ਮੈਂ ਤਾਂ ਝਟਕੇ ਨਾਲ 15 ਫੁੱਟ ਹਵਾ 'ਚ ਤੈਰਦਾ ਹੋਇਆ ਕੱਚੇ ਥਾਂ ਜਾ ਡਿੱਗਾ ਪਰ ਸ਼ਿੰਦਾ ਮੋਟਰ ਸਾਈਕਲ ਦੇ ਨਾਲ ਉੱਥੇ ਹੀ ਡਿੱਗ ਪਿਆ। ਮੈਂ ਖੁਦ ਨੂੰ ਸੰਭਾਲਿਆ ਤੇ ਨਾਲ 'ਮਾਲ' ਵੀ ਬੁੱਕਲ 'ਚ ਕੀਤਾ। ਭੱਜਕੇ ਮੈਂ ਮੋਟਰ ਸਾਈਕਲ ਕੋਲ ਆਇਆ। ਮੋਟਰ ਸਾਈਕਲ ਖੱਖੜੀ ਵਾਂਗ ਖਿੱਲਰ ਚੁੱਕਾ ਸੀ। ਸ਼ਿੰਦੇ ਵੱਲ ਹੋਇਆ ਤਾਂ ਉਹ ਦਰਦ ਨਾਲ ਕਰਾਹ ਰਿਹਾ ਸੀ। ਵੇਖਿਆ ਤਾਂ ਉਸ ਦੇ ਸੱਜੇ ਪੱਟ 'ਚੋਂ ਹੱਡੀਆਂ ਬਾਹਰ ਆ ਚੁੱਕੀਆਂ ਸਨ। ਮੈਂ ਸ਼ਿੰਦੇ ਦੇ ਸਰਾਹਣੇ ਬੈਠ ਗਿਆ ਤੇ ਆਪਣੇ ਹਸ਼ਰ ਤੋਂ ਬੇਚਿੰਤ ਸ਼ਿੰਦੇ ਬਾਰੇ ਸੋਚਣ ਲੱਗਾ। ਸ਼ਿੰਦਾ ਮੈਨੂੰ ਕਹਿੰਦਾ "ਮਿੰਟੂ। ਮੈਨੂੰ ਮਾਰ ਕੇ ਤੂੰ ਨਿਕਲ ਜਾ।" ਮੈਂ ਕਿਹਾ "ਨਹੀਂ ਓਏ ਸ਼ਿੰਦਿਆ! ਯਾਰੀ ਲਈ ਕੰਮ ਕੀਤਾ ਏ ਜੋ ਯਾਰੀ ਨੂੰ ਹੀ ਦਾਗ਼ ਲੱਗ ਗਿਆ ਤਾਂ ਜਹਾਨੋਂ ਧੱਕਿਆ ਜਵਾਂਗਾ। ਨਾਲੇ ਤੈਨੂੰ ਮਾਰ ਕੇ ਤੇਰੀ ਧੀ ਨੂੰ ਕੀ ਜੁਆਬ ਦੇਵਾਂਗਾ ?" ਸਾਡੀ ਜਜ਼ਬਾਤੀ ਵਾਰਤਾਲਾਪ ਨੂੰ ਸੁਣ ਕੇ ਉਹ ਬਾਪੂ ਰੋ ਰਿਹਾ ਸੀ, ਜੀਹਦਾ ਟਰੈਕਟਰ ਸਾਡੀਆਂ ਤਕਦੀਰਾਂ ਪਲਟਾ ਚੁੱਕਾ ਸੀ। ਮੈਂ ਸ਼ਿੰਦੇ ਨੂੰ ਕਿਹਾ "ਮੈਂ ਪੂਰੀ ਵਾਹ ਲਾਵਾਂਗਾ ਤੈਨੂੰ ਬਚਾਉਂਣ ਦੀ ਬੱਸ ਤੂੰ ਚੁੱਪ ਰਹੀ ਕੁਝ ਬੋਲੀਂ ਨਾ।” ਏਨੇ ਨੂੰ ਪਿੰਡ ਵਾਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਲੋਕ ਮੂੰਹ ਜੋੜ-ਜੋੜ ਗੱਲਾਂ ਕਰ ਰਹੇ ਸਨ। ਸਾਨੂੰ ਕੁਝ ਸੁਆਲ ਕੀਤੇ ਗਏ। ਮਸਲਣ ਅਸੀਂ ਕੌਣ ਹਾਂ? ਕਿੱਥੋਂ ਆਏ ਆਂ? ਕਿੱਥੇ ਜਾਣਾ? ਮੈਂ ਸਾਰੇ ਸੁਆਲਾਂ ਦੇ ਗਲਤ ਜੁਆਬ ਦੇ ਕੇ ਕਹਾਣੀ ਪਾ ਦਿੱਤੀ ਕਿ ਅਸੀਂ ਪੈਸੇ ਜਮ੍ਹਾਂ ਕਰਵਾਉਣ ਜਾਣਾ ਸੀ ਪਰ ਅਸੀਂ ਸੈਂਚੁਰੀ ਏਰੀਆ (ਬਿਸ਼ਨੋਈਆਂ ਦੇ ਪਿੰਡਾਂ ਵਿਚਲਾ ਸ਼ਿਕਾਰ ਮਨਾਹੀ ਇਲਾਕਾ) 'ਚ ਸ਼ਿਕਾਰ ਖੇਡਣ ਚਲੇ ਗਏ ਜਿੱਥੇ ਸਾਡੇ ਮਗਰ ਬਿਸ਼ਨੋਈ ਲੱਗ ਗਏ ਤੇ ਭੱਜਦਿਆਂ ਹੀ ਸਾਡਾ ਇੱਥੇ ਆ ਕੇ ਐਕਸੀਡੈਂਟ ਹੋ ਗਿਆ। ਇੱਕ ਜੀਪ ਮੰਗਵਾਈ ਗਈ ਪਰ ਸ਼ਰਤ ਇਹ ਰੱਖੀ ਗਈ ਕਿ ਮੈਂ ਨਾਲ ਜਾਵਾਂਗਾ ਤੇ ਜਿੱਥੇ ਵੀ ਮੈਂ ਭੱਜਿਆ ਇਹਨੂੰ ਸੁੱਟ ਦਿੱਤਾ ਜਾਵੇਗਾ। ਮੈਂ ਚੁੱਪ ਕਰਕੇ ਜੀਪ 'ਚ ਬੈਠ ਗਿਆ। ਅਗਲੇ ਪਿੰਡ ਜਾ ਕੇ ਮੈਂ ਸ਼ਿੰਦੇ ਨੂੰ ਚੂੰਢੀ ਵੱਢੀ ਕਿ ਚੀਕਾਂ ਹੋਰ ਵੀ ਉੱਚੀ ਮਾਰ। ਉਹ ਪਹਿਲਾਂ ਹੀ ਕੁਰਲਾਹਟ ਪਾ ਰਿਹਾ ਸੀ। ਉਸ ਨੇ ਵਾਲਿਊਮ (ਚੀਕ) ਹੋਰ ਵੀ ਚੁੱਕ ਦਿੱਤੀ। ਮੈਂ ਜੀਪ 'ਚ ਸਵਾਰ ਤਿੰਨ-ਚਾਰ ਪਿੰਡ ਵਾਲਿਆਂ ਨੂੰ ਸੁਝਾਅ ਦਿੱਤਾ ਕਿ ਇਹਨੂੰ ਟੀਕਾ ਲੁਆ ਲਈਏ ਸੱਟ ਦਾ ਦਰਦ ਜ਼ਿਆਦਾ ਹੋ ਰਿਹੈ। ਉਹ ਮੰਨ ਗਏ ਤੇ ਨੀਲੇ ਰੰਗ ਦੀ
ਮਹਿੰਦਰਾ ਜੀਪ ਪਿੰਡ 'ਚ ਵੜ੍ਹ ਗਈ। ਮੇਰੀ ਰਣਨੀਤੀ ਇਹ ਸੀ ਕਿ ਜੇਕਰ ਪੁਲਸ ਆਈ ਵੀ ਤਾਂ ਉਹ ਸੜਕ ਤੋਂ ਏਨੇ ਚਿਰ 'ਚ ਲੰਘ ਜਾਵੇਗੀ। ਅਸੀਂ ਪਿੰਡ ਦੇ ਇੱਕ ਡਾਕਟਰ ਕੋਲੋਂ ਟੀਕਾ ਲੁਆਇਆ ਤੇ ਮੈਂ ਬਹਾਨੇ ਨਾਲ ਆਪਣੇ ਇੱਕ ਦੋਸਤ ਕੋਲ ਵੀ ਗਿਆ। ਮੈਂ ਉਸ ਨੂੰ ਕਿਹਾ ਕਿ ਕੋਈ ਸਕੂਟਰ ਦੇ ਦੇ ਪਰ ਉਹ ਡਰ ਗਿਆ। ਅਸੀਂ ਜੀਪ 'ਚ ਸਵਾਰ ਹੋ ਕੇ ਲੰਬੀ ਨੂੰ ਤੁਰ ਪਏ। ਲੰਬੀ ਦੇ ਐਨ ਕੋਲ ਆ ਕੇ ਅਚਾਨਕ ਜੀਪ ਰੁਕੀ ਤਾਂ ਮੈਂ ਚੌਕੰਨਾ ਹੋ ਗਿਆ ਕਿਉਂਕਿ ਮੈਂ ਮਨ 'ਚ ਧਾਰਿਆ ਹੋਇਆ ਸੀ ਕਿ ਲੰਬੀ ਵੜ੍ਹਦੇ ਹੀ ਮੈਂ ਛਾਲ ਮਾਰ ਜਾਵਾਂਗਾ। ਇਸ ਤੋਂ ਪਹਿਲਾਂ ਕਿ ਮੈਂ ਕੋਈ ਕਾਰਵਾਈ ਕਰਦਾ ਦੇ ਜਿਪਸੀਆਂ 'ਚੋਂ ਉਤਰੀ ਖ਼ਾਕੀ ਧਾੜ ਨੇ ਮੈਨੂੰ ਨੱਪ ਲਿਆ। ਮੈਨੂੰ ਨਰੜ ਕੇ ਜਿਪਸੀ 'ਚ ਸੁੱਟ ਲਿਆ ਗਿਆ। ਮੇਰੀ ਲੋਦਰ ਵਾਲੇ ਜੈਕੇਟ 'ਚੋਂ ਲਾਲ ਮਿਰਚੀ ਦਾ ਪਾਊਡਰ ਨਿਕਲਿਆ ਤਾਂ ਮੈਨੂੰ ਬੜਾ ਅਫ਼ਸੋਸ ਹੋਇਆ ਕਿ ਇਹ ਹਥਿਆਰ ਮੈਂ ਕਿਉਂ ਨਹੀਂ ਵਰਤਿਆ? ਇਨ੍ਹਾਂ ਸੋਚਾਂ ਵਿੱਚ ਹੀ ਜਿਪਸੀ ਲੰਬੀ ਦੇ ਓਸ ਥਾਣੇ ਆ ਵੜ੍ਹੀ ਜਿੱਥੋਂ ਦੀ ਪੁਲਸ ਨੂੰ ਮੈਂ ਸੈਂਕੜੇ ਵਾਰ ਬੇਵਕੂਫ਼ ਬਣਾ ਚੁੱਕਾ ਸੀ। ਦਰਅਸਲ ਦਿੱਲੀ-ਫਾਜ਼ਿਲਕਾ ਰਾਸ਼ਟਰੀ ਰਾਜ ਮਾਰਗ ਨੰਬਰ 9 ਦੇ ਕਿਨਾਰੇ 'ਤੇ ਸਥਿਤ ਇਸ ਥਾਣੇ ਦੇ ਨਾਕੇ ਵਿੱਚੋਂ ਮੈਂ ਕਈ ਵਾਰ ਅਫੀਮ, ਚੋਰੀ ਦਾ ਸਮਾਨ ਜਾਂ ਨਸ਼ਾ ਲੈ ਕੇ ਲੰਘਿਆ ਸੀ । ਕਈ ਵਾਰ ਮੈਨੂੰ ਰੋਕਿਆ ਵੀ ਗਿਆ ਪਰ ਮੈਂ ਹਰ ਵਾਰ ਅਜਿਹਾ ਟਪੱਲ ਮਾਰਦਾ ਕਿ ਪੁਲਸ ਵਾਲੇ ਮੈਨੂੰ ਚਾਹ-ਪਾਣੀ ਪੁੱਛਦੇ। ਲੇਕਿਨ ਅੱਜ ਤਕਦੀਰ ਹਾਰ ਚੁੱਕੀ ਸੀ ਚੋਰ ਦੇ ਦਿਨ ਪੁੱਗ ਗਏ ਸੀ ਸੁਨਿਆਰ ਤੋਂ ਬਾਅਦ ਲੁਹਾਰ ਦੀ ਵਾਰੀ ਸੀ।
ਸ਼ਿੰਦੇ ਨੂੰ ਹਸਪਤਾਲ ਤੋਰ ਦਿੱਤਾ ਗਿਆ। ਥਾਣੇ ਦਾ ਮੁਨਸ਼ੀ ਜਿਸ ਨੇ ਸ਼ਾਇਦ ਮੈਨੂੰ ਕਿਤੇ ਖੇਡਦਾ ਵੇਖਿਆ ਸੀ ਉਹ ਮੇਰੇ ਕੋਲ ਆਇਆ ਤੇ ਬੋਲਿਆ "ਕੋਈ ਨਸ਼ਾ ਕਰਦੈਂ ?" ਮੈਂ ਨਾਂਹ 'ਚ ਸਿਰ ਹਿਲਾਇਆ। ਓਹਨੇ ਦੁਬਾਰਾ ਕਿਹਾ "ਦੇਖ ਲਾ ਤੇਰਾ ਭਲਾ ਹੈ।" ਮੈਂ ਕਿਹਾ "ਜੋ ਮਰਜ਼ੀ ਲਿਆ ਦਿਓ ਸਭ ਕੁਝ ਛੱਕ ਲੈਨੇ ਆਂ ਜੀ।" ਮੁਨਸ਼ੀ ਨੇ ਕਾਲੀ ਖ਼ਸਖ਼ਸ (ਭੁੱਕੀ) ਦਾ ਅੱਧਾ ਕੌਲਾ ਮੈਨੂੰ ਫੜਾਇਆ ਮੈਂ ਪਲ 'ਚ ਖਾਲ੍ਹੀ ਕਰ ਦਿੱਤਾ। ਮੈਂ ਸਿਗਰਟ ਪੀਣ ਦੀ ਇੱਛਾ ਜਤਾਈ ਪਰ ਉਸ ਨੇ ਨਾਂਹ ਕਰ ਦਿੱਤੀ। ਮੈਂ ਸਿਰ ਪਿਛਾਂਹ ਨੂੰ ਕਰਕੇ ਪੈ ਗਿਆ। ਉਸ ਸਮੇਂ ਮੈਨੂੰ ਡਰ ਨਹੀਂ ਸੀ ਲੱਗ ਰਿਹਾ। ਮੈਂ ਸੋਚ ਰਿਹਾ ਸੀ ਹੋਇਆ ਤਾਂ ਗਲਤ ਹੈ ਪਰ ਹੁਣ ਕੇਸ ਪਵੇਗਾ ਵੱਧ ਤੋਂ ਵੱਧ, ਪਹਿਲੀ ਗੱਲ ਕੋਈ ਨਾ ਕੋਈ ਜੁਗਾੜ ਲੱਗ ਜਾਵੇਗਾ ਪਰ ਇਹ ਸਭ ਮੇਰਾ ਵਹਿਮ ਸੀ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ਮੈਂ ਕੀ ਕਰ ਆਇਆ ਹਾਂ। ਸਾਰਾ ਦਿਨ ਧੁੰਦ ਨਾ ਉਤਰੀ ਸ਼ਾਮੀਂ ਮੇਰੀ ਅੱਖ ਲੱਗ ਗਈ। ਪੌਣੇ ਕੁ ਸੱਤ ਥਾਣੇ ਦਾ ਬੂਹਾ ਬੰਦ ਹੋ ਗਿਆ। ਸਿਪਾਹੀ ਏਧਰ-ਓਧਰ ਭੱਜਣ ਲੱਗੇ । ਸਲੂਟਾਂ ਲਈ ਬੂਟਾਂ ਦੀ ਠਾਹ-ਠਾਹ ਹੋਣ ਲੱਗੀ ਪਰ ਮੈਂ ਪਿਆ ਰਿਹਾ। ਅਗਲੇ ਪਲ ਇੱਕ ਗੋਢਿਆਂ ਤੱਕ ਕੋਟ ਪਹਿਨੀ ਵਿਅਕਤੀ ਮੇਰੇ ਸਾਹਮਣੇ ਖੜ੍ਹਾ ਸੀ। ਉਸ ਦੀਆਂ ਅੱਖਾਂ ਅੰਗਿਆਰਿਆਂ ਵਾਂਗ ਮੱਘ ਰਹੀਆਂ ਸਨ। ਉਸ ਦੀਆਂ ਮੁੱਛਾਂ ਕੁੰਢੀਆਂ ਹੋ ਕੇ ਜਲੇਬੀਆਂ ਬਣੀਆਂ ਪਈਆਂ ਸਨ। "ਉਠ ਓਏ।" ਉਸ ਨੇ ਕਿਹਾ। ਉਹ ਮਸ਼ਹੂਰ ਥਾਣੇਦਾਰ ਫੱਟੜਾ ਸੀ। ਉਸ ਨੇ ਮੇਰੇ ਨਾਂਅ-ਪਤੇ ਸਮੇਤ ਕੁਝ ਸੁਆਲ ਪੁੱਛੇ। ਮੈਂ ਸਭ ਕੁਝ ਹੀ ਗ਼ਲਤ ਦੱਸ ਦਿੱਤਾ। ਮੈਂ ਆਪਣਾ ਨਾਂ ਰੋਬਿਨਜੀਤ ਤੇ ਪਿੰਡ ਸਮਾਲਸਰ ਦੱਸ ਦਿੱਤਾ ਪਰ ਇਹ ਸਿਰਨਾਵੇਂ ਥਾਣੇਦਾਰ ਨੂੰ ਜਚੇ ਨਹੀਂ। ਉਸ ਨੇ ਇਸ਼ਾਰਾ
ਕੀਤਾ। ਸਿਪਾਹੀਆਂ ਨੇ ਹੁਕਮ ਚਾੜ੍ਹ ਦਿੱਤਾ "ਲਾਹ ਲੀੜੇ ਓਏ।" ਮੈਂ ਭੋਚੌਕਾ ਰਹਿ ਗਿਆ। ਦਰਅਸਲ ਮੈਂ ਇਹ ਸਵੀਕਾਰ ਨਹੀਂ ਸੀ ਕਰ ਰਿਹਾ ਕਿ ਇਹ ਭੀੜ ਵੀ ਪਏਗੀ। ਮੈਂ ਤਾਂ ਸੋਚ ਰਿਹਾ ਸੀ ਕਿ ਅਸੀਂ ਗੁਨਾਹ ਕਰਦੇ ਫੜੇ ਗਏ ਆਂ ਸਜ਼ਾ ਹੋਵੇਗੀ ਹੋਰ ਕੁਝ ਨਹੀਂ ਪਰ ਇੱਥੇ ਤਾਂ ਸਭ ਕੁਝ ਉਲਟ ਹੋ ਰਿਹਾ ਸੀ। ਮੈਂ ਕੰਬਦੇ ਹੱਥਾਂ ਨਾਲ ਲੀੜੇ ਲਾਹ ਦਿੱਤੇ। ਮੈਂ ਅਲਫ਼ ਨੰਗਾ ਸੀ। ਕੋਈ ਸਿਪਹੀ ਮੇਰੇ ਲਿੰਗ ਨੂੰ ਦੇਖ ਕੇ ਹੱਸ ਰਿਹਾ ਸੀ ਕੋਈ ਮੇਰੀਆਂ ਮੋਟੀਆਂ ਪਿੰਜਣੀਆਂ ਨੂੰ ਮਜਾਕ ਕਰ ਰਿਹਾ ਸੀ। ਸ਼ਰਾਬ ਦੀ ਹਵਾੜ ਭੀੜੇ ਜਿਹੇ ਕਮਰੇ 'ਚ ਫੈਲੀ ਹੋਈ ਸੀ। ਇੱਕ ਪਾਟੀ ਜਿਹੀ ਰਜਾਈ ਧਰਤੀ 'ਤੇ ਵਛਾਈ ਗਈ। ਮੈਨੂੰ ਇਸ ਰਜਾਈ 'ਤੇ ਬਹਿਣ ਲਈ ਕਿਹਾ ਗਿਆ। ਮੈਂ ਹਿਚਕਚਾਹਟ ਵਿਖਾਈ ਤੇ ਰਹਿਮ ਦੀ ਅਪੀਲ ਕੀਤੀ ਪਰ ਏਨੇ ਨੂੰ ਇੱਕ ਸਿਪਾਹੀ ਨੇ ਲੱਤ 'ਚ ਲੱਤ ਫਸਾ ਕੇ ਮੈਨੂੰ ਥੱਲੇ ਸੁੱਟ ਦਿੱਤਾ। ਇਹ ਲਚਾਰੀ ਦੀ ਗੱਲ ਸੀ ਨਹੀਂ ਤਾਂ ਲੱਤ 'ਚ ਲੱਤ ਫਸਾਉਣ ਵਾਲੇ ਸਿਪਾਹੀ ਜਿਹੇ ਤੀਹ ਮੈਂ ਲਾਗੇ ਨਾ ਲੱਗਣ ਦਿੰਦਾ। ਹੁਣ ਮੈਂ ਧਰਤੀ 'ਤੇ ਨੰਗਾ ਬੈਠਾ ਸੀ ਤੇ ਮੇਰੇ ਥੱਲੇ ਇਕ ਲੀਰੋ- ਲੀਰ ਰਜਾਈ ਸੀ। ਮੇਰੀਆਂ ਬਾਹਾਂ ਬੰਨ੍ਹ ਦਿੱਤੀਆਂ ਗਈਆਂ ਤੇ ਮੇਰੇ ਲੰਮੇ ਵਾਲਾਂ ਨੂੰ ਇੱਕ ਸਿਪਾਹੀ ਨੇ ਵੱਟਣਾ ਦੇ ਲਿਆ। ਮੇਰੀ ਠੋਡੀ ਛੱਤ ਵੱਲ ਸੀ। ਇੱਕ ਸਿਪਾਹੀ ਨੇ ਸੱਜਾ ਗਿੱਟਾ ਫੜ ਲਿਆ ਤੇ ਦੂਜੇ ਨੇ ਖੱਬਾ। ਥਾਣੇਦਾਰ ਵੋਟੜਾ ਕੁਰਸੀ 'ਤੇ ਸਾਹਮਣੇ ਬਹਿ ਗਿਆ। ਉਸ ਨੇ ਹੱਥ ਨਾਲ ਇਸ਼ਾਰਾ ਕੀਤਾ ਤਾਂ ਸਿਪਾਹੀਆਂ ਨੇ ਗਿੱਟੇ ਤੋਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਲੱਤਾਂ ਛਾਤੀ ਤੋਂ ਪਿੱਛੇ ਗਈਆਂ ਤਾਂ ਮੇਰੀਆਂ ਧਾਹਾਂ ਨਿਕਲ ਗਈਆਂ। ਮੇਰੇ ਚੱਡਿਆਂ 'ਚੋਂ ਕੜਿੱਕ- ਕੜਿੱਕ ਦੀ ਆਵਾਜ਼ ਆ ਰਹੀ ਸੀ। ਮੈਨੂੰ ਕੁੱਕੜ ਵਾਂਗੂੰ ਪਾੜ੍ਹ ਦਿੱਤਾ ਗਿਆ। ਫੇਰ ਸਿਪਾਹੀਆਂ ਨੇ ਲੱਤਾਂ ਅੱਗੇ ਲਿਆ ਕੇ ਜੋੜ ਦਿੱਤੀਆਂ। ਅਗਲੇ ਪਲ ਫੋਰ ਸਿਲਸਿਲਾ ਸ਼ੁਰੂ ਹੋ ਗਿਆ। ਤਿੰਨ ਵਾਰ ਮੇਰੇ ਚੱਡੇ ਪਾੜੇ ਗਏ। ਸਿਪਾਹੀ ਮੈਨੂੰ ਤੜਫਦੇ ਨੂੰ ਕਾਬੂ ਕਰਦੇ ਹੋਏ ਹੱਢ ਰਹੇ ਸਨ। ਕੁਝ ਮਿੰਟਾਂ ਬਾਅਦ ਇੱਕ ਮੋਟੀ ਪਾਈਪ ਲਿਆਂਦੀ ਗਈ। ਜਿਸ ਵਿੱਚ ਬੱਜਰੀ ਭਰੀ ਹੋਈ ਸੀ। ਉਸ ਛੇ ਇੰਚੀ ਪਾਈਪ ਨੂੰ ਮੇਰੇ ਪੈਟਾਂ 'ਤੇ ਟਿਕਾ ਦਿੱਤਾ ਗਿਆ। ਤਿੰਨ ਸਿਪਾਹੀ ਓਧਰ ਚੜ੍ਹ ਗਏ ਤੇ ਤਿੰਨ ਓਧਰ। ਇਹ ਸਾਰੇ ਸਿਪਾਹੀ ਥਾਣੇ 'ਚੋਂ ਸਭ ਤੋਂ ਭਾਰੇ ਸਨ। ਫੇਰ ਦੋ ਜਣੇ ਓਧਰੋਂ ਤੇ ਦੋ ਜਣੇ ਓਧਰੋਂ ਪਾਈਪ ਨੂੰ ਪੱਟਾਂ 'ਤੇ ਤੋਰਨ ਲੱਗ ਪਏ। ਮੇਰੀਆਂ ਭੁੱਬਾਂ ਨਿਕਲ ਗਈਆਂ। ਅੱਖਾਂ ਅੱਗੇ ਭੰਬੂ ਤਾਰੇ ਭੰਗੜਾ ਪਾਉਂਣ ਲੱਗੇ। ਪੁਲਸ ਦੀ ਭਾਸ਼ਾ 'ਚ ਇਸ ਨੂੰ ਘੋਟਾ ਕਿਹਾ ਜਾਂਦਾ ਹੈ ਜੋ ਉਸ ਰਾਤ ਮੈਨੂੰ ਦੋ ਵਾਰ ਲੱਗਾ। ਇੱਕ ਹੀ ਗੱਲ ਪੁੱਛੀ ਜਾ ਰਹੀ ਸੀ ਕਿ ਅਸੀਂ ਹੋਰ ਕੀ ਕੀ ਕੀਤਾ ਹੈ। ਘੰਟੇ ਬਾਅਦ ਕੁੱਟਮਾਰ ਖ਼ਤਮ ਹੋਈ ਤਾਂ ਇੱਕ ਏ.ਐਸ.ਆਈ. ਨੇ ਮੈਨੂੰ ਫੜ ਕੇ ਤੋਰਿਆ ਤੇ ਮੋਢਿਆਂ 'ਤੇ ਲੱਦ ਕੇ ਹਵਾਲਾਤ ਸੁੱਟ ਗਏ। ਸੈਂਕੜੇ ਗੁਨਾਹਾਂ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਹਵਾਲਾਤ 'ਚ ਮੇਰੀ ਪਹਿਲੀ ਰਾਤ ਸੀ। ਦਰਦ ਦੇ ਮਾਰਿਆਂ ਮੇਰਾ ਬੁਰਾ ਹਾਲ ਸੀ। ਮੇਰਾ ਵੀਰਜ ਲਗਾਤਾਰ ਨਿਕਲੀ ਜਾ ਰਿਹਾ ਸੀ। ਮੇਰੀਆਂ ਲੱਤਾਂ ਤੇ ਪੱਟ ਸੁੱਜ ਚੁੱਕੇ ਸਨ ਪਰ ਏਨੀ ਬੁਰੀ ਹਾਲਤ ਕਰਕੇ ਉਹ ਜਾਲਮ ਥਾਣੇਦਾਰ ਮੈਥੋਂ ਮੇਰਾ ਸਹੀ ਨਾਂ ਵੀ ਨਹੀਂ ਸੀ ਉਗਲਾ ਸਕਿਆ। ਸਵੇਰ ਹੋਈ ਤੇ ਫੇਰ ਰਾਤ। ਉਹ ਸਿਲਸਿਲਾ ਫੇਰ ਚੱਲਿਆ। ਪ੍ਰੰਤੂ ਤੀਜੇ ਦਿਨ ਮੈਂ ਟੁੱਟ ਗਿਆ। ਉਸ ਦਿਨ ਲੀੜੇ ਲਾਹੁਣ ਤੋਂ ਪਹਿਲਾਂ ਹੀ ਮੈਂ ਸਭ ਕੁਝ ਦੱਸ ਦਿੱਤਾ ਕਿ ਅਸੀਂ ਕੌਣ ਹਾਂ ਤੇ ਕਿਨ੍ਹਾਂ ਹਾਲਾਤਾਂ 'ਚ ਇਹ ਗੁਨਾਹ
ਕਰ ਲਿਆ। ਰਾਤ ਨੂੰ ਮੈਨੂੰ ਨਾਲ ਲੈ ਕੇ ਸਾਡੇ ਕਮਰੇ 'ਚ ਦਬਿਸ਼ ਦਿੱਤੀ ਗਈ। ਕਮਰੇ 'ਚ ਮਹਿੰਗੇ ਸਮਾਨ 'ਤੇ ਪੁਲਸ ਇਝ ਟੁੱਟ ਪਈ ਜਿਵੇਂ ਸੋਮ ਨਾਥ ਦੇ ਮੰਦਰ 'ਤੇ ਮੁਗਲ ਟੁੱਟੇ ਸਨ। ਰਜਾਈਆਂ ਤੱਕ ਪੁਲਸੀਆਂ ਨੇ ਵੰਡ ਲਈਆਂ ਪਰ ਕੋਈ ਹੱਥ ਨਾ ਲੱਗਾ। ਅਗਲੇ ਦਿਨ ਬੜਾ ਵੱਡਾ ਪੰਗਾ ਹੋ ਗਿਆ। ਮੇਰੇ ਬਾਪੂ ਨੂੰ ਅਬੋਹਰ ਦੀ ਪੁਲਸ ਨੇ ਚੁੱਕ ਲਿਆ। ਉਹ ਤਾਂ ਕਿਸੇ ਤਰੀਕੇ ਛੁੱਟ ਗਿਆ ਪਰ ਇਸ ਦਰਮਿਆਨ ਪੁਲਸ ਜਦੋਂ ਸਾਵੀ ਹੋਰਾਂ ਨੂੰ ਲੱਭ ਰਹੀ ਸੀ ਤਾਂ ਬੱਬੀ ਤੇ ਲੱਖਾ ਹੱਥ ਲੱਗ ਗਏ ਪਰ ਜਦੋਂ ਪੁਲਸ ਇਨ੍ਹਾਂ ਨੂੰ ਫੜਨ ਲੱਗੀ ਤਾਂ ਬੱਬੀ ਨੇ ਥਾਣੇਦਾਰ ਫੱਟੜਾ ਦੇ ਚਪੇੜ ਮਾਰ ਦਿੱਤੀ। ਬੌਬੀ ਤੇ ਲੱਖੇ ਨੂੰ ਫੜਨ ਤੋਂ ਬਾਅਦ ਪੁਲਸ ਨੇ ਰੋਮੀ ਨੂੰ ਵੀ ਆ ਜੁੱਪਿਆ। ਤਿੰਨਾਂ ਨੂੰ ਬਹੁਤ ਕੁੱਟਿਆ। ਮੈਂ ਹਵਾਲਾਤ 'ਚੋਂ ਚੀਕਾਂ ਸੁਣ ਰਿਹਾ ਸੀ। ਤਿੰਨਾਂ ਨੂੰ ਅਗਲੇ ਦਿਨ ਛੱਡ ਦਿੱਤਾ ਗਿਆ। ਕਿਸੇ ਨੂੰ ਚੇਅਰਮੈਨ ਨੇ ਛੁਡਾ ਲਿਆ ਤੇ ਕਿਸੇ ਨੂੰ 'ਗਾਂਧੀ' ਨੇ। ਪੁਲਸ ਨੇ ਟੀਚਾ ਬਣਾ ਲਿਆ ਸੀ ਕਿ ਵੱਧ ਤੋਂ ਵੱਧ ਪੈਸੇ ਇਕੱਠੇ ਕੀਤੇ ਜਾਣ। ਸਾਵੀ ਹੋਰੀਂ ਵੀ ਨਿਬੇੜ ਗਏ। ਨੌਂ ਦਿਨਾਂ ਬਾਅਦ ਮੈਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਨ੍ਹਾਂ ਨੌਂ ਦਿਨਾਂ 'ਚ ਮੈਂ ਨਰਕ ਵੇਖਿਆ। ਅੰਗਰੇਜ਼ਾਂ ਵੇਲੇ ਦੀ ਪੁਰਾਣੀ ਇਮਾਰਤ ਮੇਰੀ ਦੁਨੀਆਂ ਸੀ। ਮੇਰੇ 'ਤੇ ਏਦਾਂ ਪਹਿਰਾ ਸੀ ਜਿਵੇਂ ਮੈਂ ਐਫ.ਬੀ.ਆਈ. ਦਾ ਵਾਂਟੇਡ ਹੋਵਾਂ। ਕਦੇ ਕਦੇ ਵੱਟੜਾ ਦੇ ਜੁਆਕ ਥਾਣੇ 'ਚ ਆ ਜਾਂਦੇ। ਮੈਨੂੰ ਸੀਖਾਂ ਥਾਣੀ ਵੇਖ ਕੇ ਇੱਕ-ਦੂਜੇ ਨੂੰ ਕਹਿੰਦੇ "ਸੋਲਜਰ ਬੈਠਾ।" ਮੇਰੇ ਵਾਲ ਬੌਬੀ ਦਿਉਲ ਸਟਾਇਲ ਦੇ ਸਨ ਪਰ ਸੱਚ ਤਾਂ ਇਹ ਸੀ ਕਿ ਕਬੱਡੀ ਦਾ ਜੇਤੂ ਸੋਲਜਰ ਮੁਕੱਦਰਾਂ ਹੱਥੋਂ ਹਾਰ ਚੁੱਕਾ ਸੀ। ਸੁਨਿਹਰੀ ਕੈਰੀਅਰ ਦਾ ਕਿਲ੍ਹਾ ਮੈਂ ਹੱਥੀਂ ਖੰਡਰ ਕਰ ਚੁੱਕਾ ਸੀ। ਮੈਂ ਹਵਾਲਾਤ ਦੀ ਫ਼ਰਸ਼ ਨੀਰ ਨਾਲ ਧੋਂਦਾ ਸੀ ਕਿ ਮੈਂ ਆਪਣੇ ਬਾਪੂ ਦੀਆਂ ਅੱਖਾਂ 'ਚ ਆਪ ਸੁਫ਼ਨੇ ਪੈਦਾ ਕੀਤੇ ਤੇ ਫੇਰ ਆਪ ਹੀ ਖੰਜ਼ਰ ਫੜ ਕੇ ਇਨ੍ਹਾਂ ਦਾ ਕਾਤਲ ਬਣ ਗਿਆ।
ਨੌਂ ਦਿਨਾਂ ਬਾਅਦ ਮੈਨੂੰ ਮਲੋਟ ਅਦਾਲਤ 'ਚ ਪੇਸ਼ ਕੀਤਾ ਗਿਆ। ਮੇਰੇ ਘਰ ਦੇ ਵੀ ਆਏ ਹੋਏ ਸਨ ਅਦਾਲਤ ਕੰਪਲੈਕਸ 'ਚ। ਮੇਰੇ ਤੋਂ ਤੁਰਿਆ ਨਹੀਂ ਸੀ ਜਾ ਰਿਹਾ ਪਰ ਫਿਰ ਵੀ ਮੈਂ ਇੰਝ ਦਿਖਾਵਾ ਕਰ ਰਿਹਾ ਸੀ ਜਿਵੇਂ ਮੈਨੂੰ ਕੁਝ ਹੋਇਆ ਹੀ ਨਾ ਹੋਵੇ। ਘਰਦਿਆਂ ਨੂੰ ਭਰਮਾ ਰਿਹਾ ਸੀ ਕਿ ਕੁਝ ਨਹੀਂ ਹੋਇਆ ਪਰ ਉਹ ਮਾਂ ਹੀ ਕੀ ਜੋ ਪੁੱਤ ਦੀਆਂ ਚੀਸਾਂ ਉਹਦੇ ਦਿਲ ਤੱਕ ਨਾ ਜਾਣ। ਬੇਬੇ ਗਲ ਲੱਗ ਰੋ ਪਈ ਤੇ ਕਹਿੰਦੀ "ਤੁਰ ਪਿਆ ਨਾ ਪਿਉ-ਦਾਦੇ ਦੇ ਰਾਹ ?" ਮਾਂ ਦੇ ਬੋਲ ਬਰਛੀ ਬਣਕੇ ਰੂਹ 'ਚ ਲਹਿ ਗਏ। ਮੈਂ ਖ਼ਾਮੋਸ਼ ਸੀ। ਇੱਧਰ-ਉਧਰ ਦੀਆਂ ਗੱਲਾਂ ਹੋਈਆਂ, ਦਿਲਾਸੇ-ਧਰਵਾਸਿਆਂ ਦਾ ਅਦਾਨ-ਪ੍ਰਦਾਨ ਹੋਇਆ। ਉਦਾਸ ਮਨ ਆਪਣਿਆਂ ਨੂੰ ਦੇਖ ਖਿੜ ਗਿਆ ਪਰ ਖੁਸ਼ੀਆਂ ਬਹੁਤੀ ਦੇਰ ਮੇਰੇ ਵਿਹੜੇ ਟਿਕਦੀਆਂ ਈ ਨਹੀਂ। ਲੰਬੀ ਪੁਲਸ ਨੇ ਦੋ ਦਿਨ ਦਾ ਰਿਮਾਂਡ ਲੈ ਲਿਆ ਤੇ ਉਹੀ ਜੀਪ ਫੇਰ ਥਾਣੇ ਹੋ ਤੁਰੀ ਜੀਹਦੇ 'ਚ ਮੈਨੂੰ ਇੰਝ ਲਿਆਂਦਾ ਗਿਆ ਸੀ ਜਿਵੇਂ ਮੈਂ ਮੁਲਖ਼ ਨਾਲ ਯੁੱਧ ਛੇੜ ਬੈਠਾ ਹੋਵਾਂ। ਵੈਸੇ ਪੁਲਸ ਮੈਨੂੰ ਨਿੰਬੂ ਵਾਂਗੂ ਨਿਚੋੜ ਚੁੱਕੀ ਸੀ ਪਰ ਪੁਲਸੀਆ ਦਸਤੂਰ ਦੇ ਨਿਰਵਾਹ ਲਈ ਮੇਰਾ ਰਿਮਾਂਡ ਲਿਆ ਗਿਆ ਸੀ ਪਰ ਹੁਣ ਪੁਲਸ ਵਾਲੇ ਮੈਨੂੰ ਕੁੱਟਦੇ ਨਹੀਂ ਸਨ ਬਲਕਿ ਪੁਲਸ ਵਾਲੇ ਮੇਰੇ ਨਾਲ ਹਮਰਦਰਦੀ ਕਰਦੇ ਸਨ ਕਿ ਛੋਟੀ ਉਮਰੇ ਕੰਡਿਆਲੇ ਰਾਹਾਂ ਦਾ ਪਾਂਧੀ ਬਣ ਗਿਆ। ਦੋ ਦਿਨ ਦਾ ਰਿਮਾਂਡ ਖ਼ਤਮ ਹੋਇਆ ਤਾਂ ਮੈਨੂੰ ਮੁੜ ਮਲੋਟ ਕਚਿਹਰੀ 'ਚ ਪੇਸ਼ ਕੀਤਾ ਗਿਆ ਪਰ
ਮੇਰੀ ਜਾਨ 'ਤੇ ਉਦੋਂ ਬਣ ਆਈ ਜਦੋਂ ਅਬੋਹਰ ਦੀ ਪੁਲਸ ਮੇਰਾ ਰਿਮਾਂਡ ਲੈਣ ਲਈ ਆ ਪ੍ਰਗਟ ਹੋਈ। ਮੈਨੂੰ ਪੁਲਸ ਵਾਲਿਆਂ ਦੱਸਿਆ ਕਿ ਹੁਣ ਤੇਰੇ ਤੋਂ ਇਹ ਪੁੱਛਗਿੱਛ ਕਰਨਗੇ। ਮੇਰੀਆਂ ਅੱਖਾਂ ਅੱਗੇ ਘੋਟੇ ਤੇ 'ਖਾਕੀ ਬਘਿਆੜ' ਘੁੰਮਣ ਲੱਗੇ। ਮੈਂ ਖੁਦ ਨੂੰ ਸ਼ੇਰਾਂ ਦੀ ਫੌਜ 'ਚ ਘਿਰਿਆ ਉਹ ਲੇਲਾ ਸਮਝ ਰਿਹਾ ਸਾਂ ਜਿਹਦੇ ਸਾਹ ਤਾਂ ਚੱਲ ਰਹੇ ਸੀ ਪਰ ਡਰ ਨਾਲ ਮੌਤ ਉਸ ਦੀ ਕਦੋਂ ਦੀ ਹੋ ਚੁੱਕੀ ਸੀ। ਦੋ ਦਿਨ ਦਾ ਰਿਮਾਂਡ ਅਬੋਹਰ ਪੁਲਸ ਲੈ ਕੇ ਮੈਨੂੰ ਜਿਪਸੀ 'ਚ ਇੰਝ ਲੱਦ ਲੈ ਗਈ ਜਿਵੇਂ ਕਬਾੜੀਆ ਕਬਾੜ ਲੱਦ ਕੇ ਲਿਜਾਂਦੈ। ਅਬੋਹਰ ਦਾ ਸਦਰ ਥਾਣਾ ਓਨ੍ਹੀ ਦਿਨੀਂ ਨਿਰਮਾਣ ਅਧੀਨ ਸੀ । ਮੈਨੂੰ ਜਾਂਦਿਆਂ ਇੱਕ ਕੁਆਰਟਰ 'ਚ ਬੰਦ ਕਰ ਦਿੱਤਾ ਗਿਆ। ਇੱਥੇ ਇੱਕ ਬਿਪਤਾ ਮੇਰੀ ਗਲ ਨਹੀਂ ਲੱਤਾਂ ਨੂੰ ਪੈ ਗਈ। ਕਿਤੇ ਭੱਜ ਨਾ ਜਾਵਾਂ ਏਸ ਲਈ ਮੋਰੀਆਂ ਲੱਤਾਂ ਕਾਠ (ਸੁਹਾਗੇ ਦੀ ਤਰ੍ਹਾਂ ਲੱਕੜ ਦਾ ਇੱਕ ਸੰਦ ਹੁੰਦਾ ਹੈ ਜੀਹਦੇ ਵਿੱਚ ਲੱਤਾਂ ਫਸਾ ਕੇ ਜਿੰਦਰਾ ਲਾ ਦਿੱਤਾ ਜਾਂਦਾ ਹੈ ਬੰਦਾ ਪਾਸਾ ਵੀ ਨਹੀਂ ਲੈ ਸਕਦਾ) 'ਚ ਦੇ ਦਿੱਤੀਆਂ ਗਈਆਂ। ਇਹ ਪੰਗਾ ਪਹਿਲੀ ਵਾਰ ਗਲ ਪਿਆ ਸੀ ਪਰ ਜਲਦੀ ਹੀ ਮੈਨੂੰ ਮਿਲਣ ਮੇਰਾ ਫੁੱਫੜ ਜੋ ਸੀ. ਆਈ. ਡੀ. ਇੰਸਪੈਕਟਰ ਸੀ, ਆ ਗਿਆ, ਉਸ ਨੇ ਮੇਰੀ ਇੱਕ ਲੱਤ ਕਢਵਾ ਦਿੱਤੀ ਤੇ ਨਾਲੇ ਮੰਤਰੀ ਨੂੰ ਕਿਹਾ ਕਿ ਇਸ ਨੂੰ ਖਾਣ ਲਈ ਭਰਪੂਰ ਮਾਤਰਾ 'ਚ ਡੋਡੇ ਦਿੱਤੇ ਜਾਣ। ਆਪਣੀ ਤਾਂ ਤਬੀਅਤ ਖਿੜ ਗਈ ਜਦੋਂ ਮੰਤਰੀ ਨੇ ਡੋਡਿਆਂ ਵਾਲਾ ਗੱਟਾ ਈ ਖੋਲ੍ਹ ਲਿਆ। ਸਾਬਤ ਡੋਡੇ ਪਹਿਲੇ ਵਾਰ ਖਾਧੇ ਤਾਂ ਪੋਹ 'ਚ ਪਸੀਨੇ ਦੀਆਂ ਧਾਰਾਂ ਛੁੱਟ ਪਈਆਂ। ਥਾਣੇ 'ਚ ਲੱਗੇ ਪਿੰਡ ਦੇ ਮੁਲਾਜਮ ਬਰਾਬਰ ਚਾਹ ਦੀ ਸੇਵਾ ਕਰੀ ਜਾ ਰਹੇ ਸਨ। ਅਬੋਹਰ ਥਾਣੇ ਦਾ ਐਸ.ਐਚ.ਓ. ਬਜ਼ੁਰਗ ਤੇ ਬੜਾ ਸੁਲਝਿਆ ਇਨਸਾਨ ਸੀ। ਉਸ ਨੇ ਮੇਰੇ ਤੋਂ ਕੋਈ ਪੁੱਛਗਿਛ ਨਹੀਂ ਕੀਤੀ। ਅਗਲੀ ਸਵੇਰ ਬੱਸ ਮੇਰੇ ਮੂੰਹੋਂ ਕਹਾਣੀ ਹੀ ਸੁਣੀ। ਸਾਰਾ ਦਿਨ ਪੁਲਸ ਵਾਲੇ ਕੇਸ ਤਿਆਰ ਕਰਦੇ ਰਹੇ। ਯਾਅਨੀ ਇੱਕੋ ਗੁਨਾਹ ਦੇ ਦੋ ਕੇਸ ਮੇਰੇ 'ਤੇ ਦਰਜ ਹੋਏ ਸਨ ਕਿਉਂਕਿ ਜਿੱਥੋਂ ਅਸੀਂ ਪੈਸੇ ਖੋਹੇ ਸਨ ਉਹ ਫਿਰੋਜਪੁਰ ਜ਼ਿਲ੍ਹੇ ਦਾ ਏਰੀਆ ਸੀ ਤੇ ਜਿੱਥੇ ਆ ਕੇ ਪੁਲਸ ਦੇ ਢਹੇ ਚੜ੍ਹੇ ਉਹ ਮੁਕਤਸਰ ਦਾ ਇਲਾਕਾ ਸੀ। ਸਭ ਕੁਝ ਠੀਕ ਸੀ ਪਰ ਕਾਠ 'ਚ ਫਸੀਆਂ ਲੱਤਾਂ ਬੜਾ ਦੁਖਦਾਈ ਵਰਤਾਰਾ ਸੀ ਪਰ ਵਸੀਆਂ ਨੂੰ ਫ਼ਟਕਣ ਕੇਹੀ ? ਅਗਲੇ ਦਿਨ ਮੈਨੂੰ ਅਬੋਹਰ ਅਦਾਲਤ ਪੇਸ਼ ਕਰਕੇ ਫਾਜ਼ਿਲਕਾ ਜੇਲ੍ਹ ਭੇਜ ਦਿੱਤਾ ਗਿਆ। ਸ਼ਾਮੀਂ ਪੰਜ ਕੁ ਵਜੇ ਮੈਂ ਪਹਿਲੀ ਵਾਰ ਜੇਲ੍ਹ ਦੀ ਦਹਿਲੀਜ਼ ਪਾਰ ਕੀਤੀ। ਪੁਲਸ ਵਾਲੇ ਮੈਨੂੰ ਜੇਲ੍ਹ ਛੱਡ ਕੇ ਮੈਨੂੰ ਮੇਰੇ ਬਿਹਤਰ ਭਵਿੱਖ ਦੀ ਕਾਮਨਾ ਦੇ ਕੇ ਛੱਡ ਤੁਰੇ।
ਪਿੰਜਰੇ ਦੀ ਰੌਣਕ
ਫਾਜ਼ਿਲਕਾ ਸ਼ਹਿਰ ਦੇ ਵਿਚਕਾਰ ਸਬ ਜੇਲ੍ਹ ਸਥਿਤ ਹੈ। ਜੇ ਇਹਦੇ ਖੇਤਰਫਲ ਦੀ ਗੱਲ ਕਰੀਏ ਤਾਂ ਇਹ ਸਾਡੇ ਘਰ ਤੋਂ ਵੀ ਛੋਟੀ ਸੀ । ਜੇਲ੍ਹ ਵੜ੍ਹਦਿਆਂ ਮੈਥੋਂ ਨਾਂਅ-ਪਤਾ ਪੁੱਛਿਆ ਗਿਆ। ਤਲਾਸ਼ੀ ਲੈ ਕੇ ਹੌਲਦਾਰ ਨੇ ਅੱਗੇ ਜਾਣ ਲਈ ਕਹਿ ਦਿੱਤਾ। ਇੱਕ ਕੰਬਲ ਮੈਨੂੰ ਦੇ ਦਿੱਤਾ ਗਿਆ। ਹੁਣ ਮੈਂ ਜੇਲ੍ਹ ਦੇ ਵਿਹੜੇ 'ਚ ਲੱਗੀ ਨਿੰਮ ਥੱਲ੍ਹੇ ਖੜ੍ਹਾ ਉਸ ਦੁਨੀਆਂ ਦਾ ਹਿੱਸਾ ਸੀ, ਜਿਸ ਨੂੰ ਅਪਰਾਧੀਆਂ ਦੀ ਸਰਕਸ ਕਿਹਾ ਜਾਂਦਾ ਹੈ। ਕਿੱਥੇ ਮੈਂ ਡੀ. ਐਸ. ਪੀ. ਤੋਂ ਘੱਟ ਭਰਤੀ ਨਾ ਹੋਣ ਦੀ ਜਿੱਦ ਦੇ ਚਲਦਿਆਂ 1996 'ਚ ਸੀ.ਆਰ.ਪੀ.ਐਫ. ਦੀ ਸਪੋਰਟਸ ਕੋਟੇ ਦੀ ਨੌਕਰੀ ਨੂੰ ਠੋਕਰ ਮਾਰ ਆਇਆ ਸੀ ਤੇ ਕਿੱਥੇ ਅੱਜ ਮੈਨੂੰ ਇੱਕ ਬੀੜੀਆਂ ਪੀਣੇ ਜਿਹੇ ਅਪਰਾਧੀ ਨੂੰ ਜੀ ਜੀ ਆਖ ਕੇ ਪਛਾਣ ਦੱਸਣੀ ਪੈ ਰਹੀ ਸੀ। ਨਾਂ ਅਤੇ ਪਿੰਡ ਪੁੱਛ ਕੇ ਉਸ ਕੈਦੀ ਨੇ ਪੁੱਛਿਆ "ਕਾਹਦੇ 'ਚ ਆਇਆ?" ਮੈਂ ਨਿਮਰਤਾ ਸਹਿਤ ਕਹਾਣੀ ਸੁਣਾ ਦਿੱਤੀ। ਉਹ ਚੁੱਪ ਕਰਕੇ ਪਰ੍ਹਾਂ ਤੁਰ ਗਿਆ। ਕੁਝ ਦੇਰ ਬਾਅਦ ਦੋ-ਤਿੰਨ ਕੈਦੀ ਆਏ ਤੇ ਮੈਨੂੰ ਬੈਰਕ 'ਚ ਲੈ ਗਏ। ਇਨ੍ਹਾਂ 'ਚੋਂ ਇਕ ਨੂੰ ਡੀ ਟੀ ਓ ਸਾਬ੍ਹ ਆਖ ਕੇ ਬੁਲਾਇਆ ਜਾ ਰਿਹਾ ਸੀ। ਮੈਂ ਹੈਰਾਨ ਸੀ ਕਿ ਜੇਲ੍ਹ 'ਚ ਕਿਹੜਾ ਟਰੱਕ ਚੱਲਦੇ ਆ ਜਿਹੜੇ ਇੱਥੇ ਡੀ ਟੀ ਓ ਲਾਏ ਹੋਏ ਆ? ਬਾਅਦ 'ਚ ਪਤਾ ਲੱਗਿਆ ਜਨਾਬ ਹੋਰੀਂ ਨਕਲੀ ਡੀ ਟੀ ਓ ਨੇ ਜੋ ਜਾਅਲੀ ਨਾਕੇ ਲਾਉਂਦੇ ਪੁਲਸ ਦੇ ਟੇਟੇ ਚੜ੍ਹੇ। ਜੇਲ੍ਹ 'ਚ ਦੋ ਮੇਨ ਬੈਰਕਾਂ ਸੀ। ਮੇਰੀ ਡੀ ਟੀ ਓ ਨੇ ਗਿਣਤੀ ਆਪਣੀ ਬੈਰਕ 'ਚ ਪੁਆ ਲਈ। ਦਰਅਸਲ ਜੇਲ੍ਹ ਦੀ ਆਪਣੀ ਦੁਨੀਆਂ ਹੈ। ਇੱਥੇ ਕੈਦੀ ਛੋਟੀਆਂ-ਛੋਟੀਆਂ ਟੋਲੀਆਂ ਦੇ ਰੂਪ 'ਚ ਰਹਿੰਦੇ ਹਨ। ਚੰਗੇ ਡੀਲ-ਡੌਲ ਤੇ ਦਿਖ ਵਾਲੇ ਨੂੰ ਕੈਦੀ ਝੱਟ ਆਪਣੇ ਟੋਲੇ 'ਚ ਸ਼ਾਮਲ ਕਰ ਲੈਂਦੇ ਹਨ ਤੇ ਮਹਾਤੜ ਡੱਬ- ਡੱਬ ਵੱਜਦੇ ਫਿਰਦੇ ਹਨ। ਮਾੜੇ ਤੋਂ ਤਾਂ ਝਾੜੂ ਮਰਾ ਮਰਾ ਕੇ ਮੱਤ ਮਾਰ ਦਿੰਦੇ ਨੇ ਕੈਦੀ। ਇਸ ਬੈਰਕ 'ਚ 40 ਦੇ ਕਰੀਬ ਕੈਦੀ ਸੀ ਤੇ ਜੇਲ੍ਹ ਦਾ ਲੰਗਰ ਵੀ ਇਸੇ ਬੈਰਕ ਦੇ ਬਰਾਂਡੇ ਵਿੱਚ ਸੀ। ਜਲਦੀ ਹੀ ਮੈਂ ਕੈਦੀਆਂ 'ਚ ਰਚ-ਮਿਚ ਗਿਆ। ਅਗਲੀ ਸਵੇਰ ਡੀ ਟੀ ਓ ਹੌਲਦਾਰ ਨਾਲ ਗੱਲ ਕਰ ਆਇਆ ਕਿ ਨਵਾਂ ਮੁੰਡਾ ਝਾੜੂ ਨਹੀਂ ਮਾਰੇਗਾ 'ਸੇਵਾ' ਪਹੁੰਚ ਜਾਵੇਗੀ। ਇਹ ਜੇਲ੍ਹਾਂ ਦਾ ਆਪਣਾ ਹੀ ਨਿਯਮ ਹੈ ਕਿ ਨਵੇਂ ਆਏ ਹਵਾਲਾਤੀ (ਅੰਡਰ ਟਰਾਇਲ ਕੈਦੀ) ਤੋਂ ਵੀ ਕੰਮ ਲਿਆ ਜਾਂਦਾ ਹੈ ਜੇ ਕੋਈ ਸੌ ਦੋ ਸੌ ਮੱਥਾ ਟੇਕ ਦੇਵੇ ਉਹਦੀ ਖ਼ਲਾਸੀ ਨਹੀਂ ਤਾਂ ਝਾੜੂ ਨਾਲ ਸਾਰੀ ਜੇਲ੍ਹ ਦੀ ਸੈਰ ਕਰਵਾ ਦਿੰਦੇ ਆ ਪੁਲਸੀਏ ਤੇ ਜੇਲ੍ਹ ਦੇ ਨੰਬਰਦਾਰ। ਅਗਲੇ ਦਿਨ ਬਾਪੂ ਲੀੜਾ-ਲੱਤਾ ਲੈ ਕੇ ਆ ਗਿਆ। ਨਾਲ ਹੀ ਸਬਜ਼ੀਆਂ ਤੇ ਫਰੂਟ ਵੀ ਦੇ ਗਿਆ ਤੇ ਕੁਝ ਪੈਸੇ ਜੇਬ 'ਚ ਪਾ ਦਿੱਤੇ। ਬਾਪੂ ਨੇ ਖੁਦ ਜੇਲ੍ਹਾਂ ਕੱਟੀਆਂ ਸੀ। ਉਸ ਨੂੰ ਪਤਾ ਸੀ ਸਾਲੀ ਜੇਲ੍ਹ ਵੀ ਪੈਸੇ ਦੀ ਹੈ। ਮੈਂ ਸੌ ਰੁਪਈਆ ਹੌਲਦਾਰ ਦੀ ਗੱਦੀ 'ਤੇ ਟੇਕਿਆ ਤੇ ਬਾਕੀ ਜੇਬ 'ਚ ਪਾ ਲਿਆ। ਮੈਨੂੰ ਨਸ਼ੇ ਦੀ ਕੋਈ ਦਿੱਕਤ ਨਾ ਆਈ। ਹਾਂ ਬੀੜੀਆਂ-ਸਿਗਰਟਾਂ ਕੁਝ ਵੱਧ ਗਈਆਂ। ਹੋਰ ਤਾਂ ਕੁਝ ਹੁੰਦਾ ਨਹੀਂ ਜੇਲ੍ਹ ਅੰਦਰ ਝੱਟ ਬਾਅਦ ਬੀੜੀ ਧੁਖ਼ਾ ਲਈਦੀ ਸੀ, ਚਾਹ ਬਣਾ ਲਈਦੀ ਸੀ। ਮੇਰੀ ਜ਼ਮਾਨਤ ਲਾਈ ਗਈ। ਮਲੋਟ ਵਾਲੇ ਕੇਸ 'ਚੋਂ ਪੰਦਰਾਂ
ਦਿਨਾਂ ਬਾਅਦ ਜ਼ਮਾਨਤ ਹੋ ਗਈ ਪਰ ਅਬੋਹਰੋਂ ਮੇਰੀ ਜ਼ਮਾਨਤ ਖ਼ਾਰਜ ਹੋ ਗਈ। ਇਹਦਾ ਮਤਲਬ ਸੀ ਕਿ ਹੁਣ ਜੇਲ੍ਹ ਯਾਤਰਾ ਦਾ ਵੀਜ਼ਾ ਦਿਨਾਂ ਦਾ ਨਹੀਂ ਮਹੀਨਿਆਂ ਦਾ ਹੋ ਗਿਆ ਸੀ। ਮੈਂ ਹਾਤਾਸ਼ ਜ਼ਰੂਰ ਹੋਇਆ ਪਰ ਮੈਂ ਟੁੱਟਿਆ ਨਹੀਂ ਬਲਕਿ ਹੁਣ ਮੈਨੂੰ ਜੇਲ੍ਹ ਵੀ ਚੰਗੀ ਲੱਗਣ ਲੱਗ ਪਈ ਸੀ। ਕੋਈ ਫਰਕ ਨਹੀਂ ਸੀ ਬਾਹਰੀ ਦੁਨੀਆਂ ਤੇ ਜੇਲ੍ਹ 'ਚ ਮੇਰੇ ਲਈ ਕਿਉਂਕਿ ਬਾਹਰ ਮੈਂ ਸਭ ਕੁਝ ਖ਼ਤਮ ਕਰ ਆਇਆ ਸੀ ਤੇ ਅੰਦਰ ਮੈਨੂੰ ਘਰ ਦੇ ਸਭ ਕੁਝ ਦੇ ਜਾਂਦੇ ਸਨ। ਇੱਕ ਮਹੀਨੇ ਬਾਅਦ ਜੇਲ੍ਹ 'ਚ ਅਬੋਹਰ ਦਾ ਇੱਕ ਨਾਮੀ ਗੈਂਗਸਟਰ ਆ ਗਿਆ। ਉਹ ਮੇਰੇ ਦਾਦੇ ਹੋਰਾਂ ਨੂੰ ਜਾਣਦਾ ਸੀ। ਮੇਰੀ ਉਸ ਨਾਲ ਦੋਸਤੀ ਹੋ ਗਈ। ਕੁਝ ਦਿਨਾਂ ਬਾਅਦ ਉਹਦੇ ਨਾਲ ਦੇ ਹੋਰ ਵੀ ਆ ਗਏ। ਉਨ੍ਹਾਂ ਅਬੋਹਰ ਦੇ ਮਸ਼ਹੂਰ ਠੇਕੇਦਾਰ ਦੀਆਂ ਲੱਤਾਂ ਤੋੜੀਆਂ ਸਨ। ਇਹ ਸਾਰੇ ਨਜਾਇਜ਼ ਸ਼ਰਾਬ ਦੇ ਵਪਾਰੀ ਸਨ ਤੇ ਆਪਣੇ ਰਾਹ ਦੇ ਰੋੜ੍ਹੇ ਨੂੰ ਪਲਾਂ 'ਚ ਭਰ ਦਿੰਦੇ ਸਨ। ਮੇਰੀ ਗਿਣਤੀ ਕਟਾ ਕੇ ਉਹ ਦੂਜੀ ਬੈਰਕ 'ਚ ਲੈ ਗਏ। ਦਰਅਸਲ ਡੀ ਟੀ ਓ ਹੋਰੀਂ ਉਹੀ ਨਿਕਲੇ ਜੀਹਦਾ ਮੈਨੂੰ ਅੰਦਾਜ਼ਾ ਸੀ। ਡੀ ਟੀ ਓ ਤੇ ਉਸ ਦੇ ਸਾਥੀ ਮੇਰੇ ਉਨ੍ਹਾਂ ਲੋਕਾਂ ਦੇ ਪੱਲਿਓ ਪਲਦੇ ਸਨ ਜੋ ਘਰੋਂ ਕੁਝ ਸਹਿੰਦੇ ਹੋਣ। ਮੈਨੂੰ ਉਨ੍ਹਾਂ ਨੇ ਨਾਲ ਇਸੇ ਝਾਕ 'ਤੇ ਰਲਾਇਆ ਸੀ ਪਰ ਮੈਂ ਹੰਢੇ ਹੋਏ ਪਰਿਵਾਰ ਦਾ ਜਾਇਆ ਸੀ ਇਸ ਲਈ ਮੈਂ ਥੁੱਕ ਨਹੀਂ ਲਵਾਇਆ। ਸੁਨੱਖ਼ਾ ਹੋਣ ਕਰਕੇ ਕੁਝ ਕੈਦੀ ਮੇਰੇ 'ਤੇ ਅੱਖ ਰੱਖਦੇ ਸਨ ਪਰ ਇੱਕ- ਦੋ 'ਤੇ ਜਦੋਂ ਮੈਂ ਹੱਥ ਵਾਹਿਆ ਤਾਂ ਉਹ ਵੀ ਪੁੱਤ-ਪੁੱਤ ਕਰਨ ਲੱਗ ਪਏ। ਦੂਜੀ ਬੈਰਕ 'ਚ ਜਾ ਕੇ ਫਾਇਦਾ ਇਹ ਹੋਇਆ ਕਿ ਉੱਥੇ ਸਫਾਈ ਜ਼ਿਆਦਾ ਤੇ ਬੰਦੀਆਂ ਦੀ ਗਿਣਤੀ ਥੋੜ੍ਹੀ ਸੀ। ਇੱਕ ਹੋਰ ਫਾਇਦਾ ਇਹ ਹੋਇਆ ਕਿ ਗੈਂਗਸਟਰ ਦੇ ਇੱਕ ਸਾਥੀ ਦਾ ਭਾਣਜਾ ਇਸੇ ਜੇਲ੍ਹ 'ਚ ਤਾਇਨਾਤ ਸੀ ਜੋ ਸ਼ਾਮ ਨੂੰ ਟਾਵਰ ਤੋਂ ਸ਼ਰਾਬ ਦੀਆਂ ਥੈਲੀਆਂ ਸੁੱਟ ਦਿੰਦਾ ਤੇ ਅਸੀ ਟੀਟੀ ਬਣਕੇ ਰਾਤ ਨੂੰ ਰੋਟੀ ਖਾਂਦੇ। ਨਵਾਂ ਸਾਲ ਜੇਲ੍ਹ 'ਚ ਹੀ ਬਿਤਾਇਆ। ਢਾਈ ਕੁ ਮਹੀਨੇ ਬਾਅਦ ਮੇਰੀ ਜ਼ਮਾਨਤ ਹੋ ਗਈ। ਮੇਰੀ ਪਹਿਲੀ ਜੇਲ੍ਹ ਯਾਤਰਾ ਖ਼ਤਮ ਹੋ ਗਈ। 23 ਜਨਵਰੀ 1999 ਨੂੰ ਮੈਂ ਘਰ ਪਰਤ ਆਇਆ।
ਹਾਲਾਤਾਂ ਦੀ ਜੰਗ
ਜੇਲ੍ਹ ਦੀ ਦੁਨੀਆਂ 'ਚੋਂ ਬਾਹਰ ਆ ਕੇ ਧੂੰਏਂ 'ਚੋਂ ਵੀ ਮਹਿਕ ਆਉਂਦੀ ਹੈ ਕੰਡੇ ਵੀ ਚੁੰਮਣ ਨੂੰ ਜੀਅ ਕਰਦਾ ਹੈ । ਘਰ ਆਏ ਨੂੰ ਮਾਂ ਨੇ ਲਾਹਨਤਾਂ ਵੀ ਪਾਈਆਂ ਤੇ ਮੱਤਾਂ ਵੀ ਦਿੱਤੀਆਂ। ਮੈਂ ਵੀ ਸੋਚਿਆ ਕਿ ਹੁਣ ਘਰ ਹੀ ਰਿਹਾ ਜਾਵੇ ਕਿਉਂਕਿ ਮੈਨੂੰ ਪਤਾ ਲੱਗ ਚੁੱਕਾ ਸੀ ਕਿ ਪੁਲਸ ਮੇਰੇ 'ਤੇ ਬਾਜ ਅੱਖ ਰੱਖੀ ਬੈਠੀ ਹੈ। ਮੈਂ ਪਿੰਡ ਹੀ ਰਿਹਾ। ਕੁਝ ਦਿਨਾਂ ਬਾਅਦ ਮੈਂ ਆਪਣੇ ਦੋਸਤ ਦੀ ਕਾਰਾਂ ਦੀ ਵਰਕਸ਼ਾਪ 'ਤੇ ਜਾਣ ਲੱਗਾ। ਇੱਥੇ ਵੀ ਮੇਰੇ ਕੋਲ ਕਈ ਵਾਰ ਪੁਲਸ ਵਾਲੇ ਆ ਜਾਂਦੇ 'ਤੇ ਪੁੱਛਗਿਛ ਜਿਹੀ ਕਰਕੇ ਚਲੇ ਜਾਂਦੇ। ਮੈਂ ਦੁਖੀ ਹੋ ਕੇ ਫੇਰ ਪਿੰਡ ਹੀ ਰਹਿਣ ਲੱਗ ਪਿਆ। ਇੱਥੇ ਵੀ ਪੁਲਸ ਨੇ ਖਹਿੜਾ ਨਾ ਛੱਡਿਆ। ਕਦੇ ਰਾਜਸਥਾਨ ਦੀ ਪੁਲਸ ਲੈ ਜਾਂਦੀ ਤੇ ਕਦੇ ਹਰਿਆਣਾ ਦੀ। ਇੱਕ ਵਾਰ ਸਿਰਸੇ ਡਕੈਤੀ ਹੋ ਗਈ। ਮੈਨੂੰ ਖੇਤ ਪਾਣੀ ਲਾਉਂਦੇ ਨੂੰ ਸਦਰ ਮਲੋਟ ਦੀ ਪੁਲਸ ਲੈ ਗਈ। ਮੇਰਾ ਬਾਪੂ ਵੀ ਮਗਰ ਆ ਗਿਆ। ਅੱਗੇ ਸਾਨੂੰ ਹਰਿਆਣਾ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ। ਸਿਰਸਾ ਪੁਲਸ ਨੇ ਸਾਡੀ ਰਾਤ ਨੂੰ ਸ਼ਨਾਖ਼ਤ ਕਰਵਾਈ ਤੇ ਫਾਰਗ ਕੀਤਾ। ਜਦੋਂ ਰਾਤ ਗਿਆਰਾਂ ਵਜੇ ਮੈਂ ਤੇ ਮੇਰਾ ਬਾਪੂ ਸਦਰ ਥਾਣੇ ਸਕੂਟਰ ਲੈਣ ਪੁੱਜੇ ਤਾਂ ਇੱਕ ਸ਼ਰਾਬੀ ਥਾਣੇਦਾਰ ਮੈਨੂੰ ਕੁੱਟਣ ਲੱਗ ਪਿਆ। ਬਾਪੂ ਵਿਚ ਆਇਆ ਤਾਂ ਉਸ ਕੰਜਰ ਨੇ ਮੇਰੇ ਬਜ਼ੁਰਗ ਬਾਪੂ ਨੂੰ ਢਾਹ ਲਿਆ ਅਖੇ "ਤੂੰ ਇਹ ਗੰਦ ਜੰਮ ਕੇ ਸਾਨੂੰ ਵਖਤ ਪਾਇਆ ਏ।" ਬਹੁਤ ਕੁੱਟਿਆ ਮੇਰੇ ਬਾਪੂ ਨੂੰ ਸੁਰਿੰਦਰਪਾਲ ਨਾਂ ਦੇ ਬਦਬਖ਼ਤ ਪੁਲਸੀਏ ਨੇ। ਮੈਨੂੰ ਕਹਿੰਦਾ ਜਾਂ ਤਾਂ ਕੋਈ ਕੋਸ (ਮੁਖ਼ਬਰੀ ਕਰ) ਦੇ ਜਾਂ ਮੈਂ ਤੇਰੇ ਪਿਉ 'ਤੇ ਕੇਸ ਪਾਉਂਗਾ। ਮੈਂ ਸਾਰੀ ਰਾਤ ਤੁਰ ਕੇ (14 ਕਿਲੋਮੀਟਰ) ਪਿੰਡ ਪਹੁੰਚਿਆ। ਜਾ ਕੇ ਸਾਰੀ ਗੱਲ ਘਰੇ ਦੱਸੀ ਤੇ ਮਾਤਾ ਨੇ ਫੁੱਫੜ ਨੂੰ ਤਾਰ ਖੜਕਾਈ। ਉਹਨੇ ਜਾ ਕੇ ਥਾਣੇਦਾਰ ਦੀ ਧੀ-ਭੈਣ ਇਕ ਕੀਤੀ ਤੇ ਬਾਪੂ ਨੂੰ ਛੁਡਾਇਆ।'
ਇਸ ਘਟਨਾ ਨੇ ਮੈਨੂੰ ਤੋੜ ਕੇ ਰੱਖ ਦਿੱਤਾ। ਮੈਂ ਕਈ ਦਿਨ ਰੋਂਦਾ ਰਿਹਾ ਕਿ ਮੇਰੇ ਕਰਕੇ ਮੇਰਾ ਬਾਪੂ ਥਾਣਿਆਂ 'ਚ ਦਾੜ੍ਹੀ ਪੁਟਾ ਰਿਹਾ ਹੈ। ਇਸੇ ਝੋਰੇ 'ਚ ਮੈਂ ਨੋਰਫਿਨ ਦੇ ਟੀਕੇ ਪੱਕੇ ਤੌਰ 'ਤੇ ਲਾਉਣ ਲੱਗ ਪਿਆ। ਅਸੀਂ ਸ਼ਹਿਰੋਂ ਇਕੱਠੇ ਟੀਕੇ ਲੈ ਜਾਂਦੇ ਤੇ ਪਿੰਡ ਜਾ ਕੇ ਇਸਤੇਮਾਲ ਕਰਦੇ। ਹੁਣ ਮੇਰੇ ਬਾਰੇ ਘਰਦਿਆਂ ਨੂੰ ਵੀ ਪਤਾ ਲੱਗ ਗਿਆ ਤੇ ਪਿੰਡ ਵਾਲਿਆਂ ਨੂੰ ਵੀ ਕਿ ਇਹ ਸੁਧਰਣ ਵਾਲਾ ਨਹੀਂ। ਕੁਝ ਮਹੀਨਿਆਂ ਬਾਅਦ ਅਸੀਂ ਇਕ ਦਿਨ ਨਰਮੇ ਨੂੰ ਸਪਰੇਅ ਕਰਕੇ ਆਏ ਤਾਂ ਮੈਂ ਘਰਦਿਆਂ ਤੋਂ ਪੈਸੇ ਮੰਗੇ। ਘਰੇ ਪੈਸੇ ਨਹੀਂ ਸੀ। ਮਾਂ ਨੇ ਨਾਂਹ ਕੀਤੀ ਤਾਂ ਮੈਂ ਸਪਰੇਅ (ਜ਼ਹਿਰੀਲੀ ਦਵਾਈ) ਵਾਲੇ ਲੀਟਰ ਨੂੰ ਡੀਕ ਲਾ ਲਈ। ਘਰ ਅਤੇ ਆਂਢ-ਗਵਾਰ 'ਚ ਹਾਹਾਕਾਰ ਮੱਚ ਗਈ। ਮੇਰੇ ਅੰਦਰ ਲੱਸੀ ਤੇ ਲੂਣ ਸੁੱਟਿਆ ਗਿਆ। ਟਰੱਕ 'ਚ ਲੱਦ ਕੇ ਮੈਨੂੰ ਹਸਪਤਾਲ (ਜੋ ਇਨ੍ਹਾਂ ਕੇਸਾਂ ਲਈ ਮਸ਼ਹੂਰ ਸੀ) ਲਿਜਾਇਆ ਗਿਆ। ਜਿੱਥੇ ਨਾਲੀਆਂ ਪਾ ਕੇ ਮੇਰਾ ਅੰਦਰ ਸਾਫ ਕੀਤਾ ਗਿਆ। ਮੈਂ ਬਚ ਗਿਆ ਪਰ ਕਈ ਦਿਨ ਹਸਪਤਾਲ 'ਚ ਰਹਿਣਾ ਪਿਆ। ਮੇਰੇ ਕੋਲ ਮੇਰੇ ਨਸ਼ੇੜੀ ਯਾਰ ਰਹਿੰਦੇ। ਇੱਥੇ ਅਸੀਂ ਹਸਪਤਾਲ ਦੇ ਮੈਡੀਕਲ 'ਚੋਂ ਹੀ ਨਸ਼ੇ ਵਾਲੇ ਟੀਕੇ ਲੈ ਲੈਂਦੇ। ਮੈਂ ਤਾਂ
ਗੁਲੂਕੋਜ਼ ਵਾਲੀ ਬੋਤਲ 'ਚ ਹੀ ਟੀਕੇ ਲਾ ਲੈਂਦਾ। ਵੈਸੇ ਮੇਰੀ ਇਹ ਖੁਦਕੁਸ਼ੀ ਕਰਨ ਦੀ ਪਹਿਲੀ ਕੋਸ਼ਿਸ਼ ਨਹੀਂ ਸੀ। ਇਸ ਤੋਂ ਪਹਿਲਾਂ ਮੈਂ 1996 ਜਾਂ '97 'ਚ ਵੀ ਉਸ ਵੇਲੇ ਜ਼ਹਿਰ ਪੀ ਲਿਆ ਸੀ ਜਦੋਂ ਮੈਂ ਕਮਰੇ 'ਚ ਇਕੱਲਾ ਸੀ ਪਰ ਉਸ ਘਟਨਾ ਦਾ ਅੱਜ ਵੀ ਮੈਂ ਕਾਰਨ ਲੱਭਦਾ ਹਾਂ ਕਿਉਂਕਿ ਉਸ ਦਿਨ ਮੈਂ ਕੋਈ ਨਸ਼ਾ ਨਹੀਂ ਸੀ ਕੀਤਾ। ਡੈਕ 'ਤੇ ਉਦਾਸ ਗੀਤ (ਮੈਂ ਬਚਪਨ ਤੋਂ ਹੀ ਉਦਾਸ ਗੀਤ ਸੁਣਦਾ ਹਾਂ) ਸੁਣਦਿਆਂ-ਸੁਣਦਿਆਂ ਮੈਂ ਮਰਨ ਦਾ ਫੈਸਲਾ ਕਰ ਲਿਆ ਤੇ ਚੂਹੇ ਮਾਰਨ ਵਾਲੀ ਦਵਾਈ ਪੀ ਗਿਆ ਪਰ ਐਨ ਮੌਕੇ 'ਤੇ ਹਿੰਦੂ ਮੰਨੀਆਂਵਾਲਾ (ਜੋ ਬਾਅਦ 'ਚ ਆਪ ਖੁਦਕੁਸ਼ੀ ਕਰ ਗਿਆ) ਆ ਗਿਆ ਤੇ ਮੈਨੂੰ ਉਸ ਨੇ ਹਸਪਤਾਲ ਲਿਜਾ ਕੇ ਬਚਾ ਲਿਆ। ਦੂਜੀ ਕੋਸ਼ਿਸ਼ ਦੇ ਇਲਾਜ਼ ਤੋਂ ਬਾਅਦ ਮੈਂ ਹਸਪਤਾਲ 'ਚੋਂ ਫਾਰਗ ਹੋ ਗਿਆ ਪਰ ਨਾ ਮੈਂ ਬਦਲਿਆ ਤੇ ਨਾ ਮੇਰੇ ਹਾਲਾਤ। ਸਭ ਕੁਝ ਉਹੀ ਸੀ। ਸਗੋਂ ਹੁਣ ਤਾਂ ਨਸ਼ਾ ਵੀ ਵਧ ਗਿਆ ਤੇ ਲੋਕਾਂ 'ਤੇ ਦਬਕਾ ਵੀ। ਹੁਣ ਤੇ ਦੁਕਾਨਾਂ ਵਾਲੇ ਪੈਸੇ ਵੀ ਨਾ ਮੰਗਦੇ। ਸਾਰਾ ਦਿਨ ਟੀਕੇ ਲੱਗਦੇ ਤੇ ਕਦੇ ਏਧਰ ਕਦੇ ਓਧਰ ਦੌੜ ਲੱਗੀ ਰਹਿੰਦੀ। ਮੇਰਾ ਕੇਸਵਾਰ ਸ਼ਿੰਦਾ ਵੀ ਠੀਕ ਹੋ ਕੇ ਆ ਗਿਆ। ਅਸੀਂ ਫੇਰ ਇਕੱਠੇ ਹੋ ਗਏ ਤੇ ਘਰੋਂ ਬਾਹਰ ਮਲੋਟ ਹੀ ਮੁੰਡਿਆਂ ਕੋਲ ਰਹਿਣ ਲੱਗ ਪਏ ਪਰ ਇਸ ਦੌਰਾਨ ਅਕਤੂਬਰ 1999 'ਚ ਮਲੋਟ ਵਾਲੇ ਕੇਸ 'ਚੋਂ ਗੈਰ-ਹਾਜ਼ਰ ਹੋ ਗਿਆ। ਮੈਂ ਖੁਦ ਹੀ ਅਦਾਲਤ ਵਿਚ ਪੇਸ਼ ਹੋ ਗਿਆ। ਮੈਨੂੰ ਉਮੀਦ ਸੀ ਕਿ ਇੱਕ- ਦੋ ਦਿਨ 'ਚ ਜ਼ਮਾਨਤ ਹੋ ਜਾਵੇਗੀ ਪਰ ਹੋਇਆ ਇਸ ਤੋਂ ਉਲਟ ਜੱਜ ਨੇ ਦਸ ਦਿਨ ਦੀ ਤਰੀਕ ਪਾ ਦਿੱਤੀ। ਮੈਨੂੰ ਗਿੱਦੜਬਾਹਾ ਦੀ ਜੁਡੀਸ਼ੀਅਲ ਹਵਾਲਾਤ (ਜੇਲ੍ਹ) 'ਚ ਭੇਜ ਦਿੱਤਾ ਗਿਆ। ਮਾੜੀ ਕਿਸਮਤ ਮੇਰੀ, ਜ਼ਮਾਨਤ ਤਾਂ ਹੋ ਗਈ ਪਰ ਰਿਹਾਈ ਵੇਲੇ ਰੱਟਾ ਪੈ ਗਿਆ ਕਿਉਂਕਿ ਮੇਰੇ ਦਾਦੇ ਦਾ ਨਾਂ ਪਿਉ ਦੇ ਨਾਂਅ 'ਤੇ ਟਾਈਪ ਹੋ ਗਿਆ ਤੇ ਪਿਉ ਦਾ ਨਾਂਅ ਦਾਦੇ ਦੀ ਥਾਂ ਉਕਰ ਗਿਆ। ਮੈਨੂੰ ਜੇਲ੍ਹ ਵਾਲਿਆਂ ਰਿਹਾਅ ਨਾ ਕੀਤਾ। ਅਗਲੇ ਦਿਨ ਮੇਰੀ ਅਬੋਹਰ ਪੇਸ਼ੀ ਸੀ। ਅਗਲੀ ਸ਼ਾਮ ਨਾਂਅ ਠੀਕ ਹੋ ਕੇ ਆਇਆ ਤਾਂ ਉਦੋਂ ਤੱਕ ਮੈਂ ਅਬੋਹਰ ਅਦਾਲਤ 'ਚੋਂ ਗੈਰ ਹਾਜ਼ਰ ਹੋ ਗਿਆ। ਦਰਅਸਲ ਬਾਪੂ ਜ਼ਮਾਨਤ ਭਰਵਾ ਕੇ ਘਰ ਚਲਾ ਗਿਆ। ਥੱਕਿਆ ਜੁ ਪਿਆ ਸੀ ਮੈਨੂੰ ਜੰਮਣ ਦੀ ਸਜ਼ਾ ਭੁਗਤ-ਭਗਤ ਕੇ। ਉਹਨੂੰ ਲੱਗਿਆ ਕਿ ਮੈਂ ਰਿਹਾਅ ਹੋ ਗਿਆ ਹੋਵਾਂਗਾ ਤੇ ਰਾਤ ਕਿਤੇ ਰਹਿ ਕੇ ਅਬੋਹਰ ਪੁੱਜ ਗਿਆ ਹੋਵਾਂਗਾ ਪਰ ਮੈਂ ਤਾਂ ਉਥੇ ਹੀ ਅੜਿਆ ਪਿਆ ਸੀ । ਹੁਣ ਮੈਨੂੰ ਪਤਾ ਸੀ ਕਿ ਮੈਨੂੰ ਪੇਸ਼ ਹੋਣ 'ਤੇ ਅਬੋਹਰ ਅਦਾਲਤ ਵੀ ਜੇਲ੍ਹ ਭੇਜ ਦੇਵੇਗੀ। ਲਿਹਾਜ਼ਾ ਮੈਂ ਫੈਸਲਾ ਕੀਤਾ ਕਿ ਮੈਂ ਹੁਣ ਪੇਸ਼ ਨਹੀਂ ਹੋਵਾਂਗਾ। ਮੈਂ ਪਿੰਡ ਤਾਂ ਆ ਗਿਆ ਪਰ ਪੇਸ਼ ਨਹੀਂ ਹੋਇਆ। ਇਸ ਦੌਰਾਨ ਸੱਬੀ ਮੇਰੇ ਕੋਲ ਪਿੰਡ ਆ ਕੇ ਰਹਿਣ ਲੱਗ ਪਿਆ। ਉਹ ਸਮੈਕ ਲੈ ਆਇਆ ਤੇ ਅਸੀਂ ਕਈ ਦਿਨ ਪੀਂਦੇ ਰਹੇ। ਸੱਬੀ ਦਿਨੇ ਬੱਬੀ ਹੋਰਾਂ ਕੋਲ ਚਲਾ ਜਾਂਦਾ ਪਰ ਰਾਤ ਨੂੰ ਅਸੀਂ ਸਾਰੇ ਇਕੱਠੇ ਹੋ ਜਾਂਦੇ। ਸ਼ਰਾਬ-ਭੁੱਕੀ ਤਾਂ ਘਰਾਂ 'ਚ ਵਾਧੂ ਸੀ ਹੁਣ ਟੀਕੇ-ਸ਼ੀਸ਼ੀਆਂ ਵੀ ਆਮ ਹੋ ਗਏ। ਬੱਬੀ ਹੋਰੀਂ ਖੁੱਲ੍ਹ ਕੇ ਖੇਡਦੇ ਕਿਉਂਕਿ ਸਾਡੇ ਤਾਏ ਦੀ ਮੌਤ ਤੋਂ ਬਾਅਦ ਬੱਬੀ ਨੂੰ ਹੁਣ ਰੱਬ ਵੀ ਚੇਤੇ ਨਹੀਂ ਸੀ । ਇੱਕ ਦਿਨ ਬੱਬੀ ਨੇ ਦਿਨੇ ਹੀ ਕੱਸੀ ਤੋੜ ਕੇ ਖੇਤਾਂ ਨੂੰ ਪਾਣੀ ਲਾ ਲਿਆ । ਪਾਣੀ ਦੀ ਵਾਰੀ ਵਾਲੇ ਜਿਮੀਂਦਾਰ ਨੇ ਕਬਰਵਾਲਾ ਚੌਂਕੀ 'ਚ ਇਤਲਾਹ ਕਰ ਦਿੱਤੀ। ਥਾਣੇਦਾਰ ਆਇਆ ਤਾਂ ਬੱਬੀ ਨੇ ਉਸ ਨੂੰ ਕਿਹਾ ਕਿ ਮੀਟ ਖਾਣਾ ਹੈ ਤਾਂ ਖਾ
ਸਕਦੈਂ ਪਰ ਇਹ ਪਾਣੀ ਬੰਦ ਨਹੀਂ ਹੋਵੇਗਾ। ਜਦੋਂ ਉਹ ਨਾ ਮੰਨਿਆ ਤਾਂ ਥਾਣੇਦਾਰ ਨੂੰ ਬੱਬੀ ਨੇ ਅੰਦਰ ਤਾੜ ਕੇ ਬਾਹਰੋਂ ਕੁੰਡਾ ਲਾ ਦਿੱਤਾ। ਗਰਮੀ 'ਚ ਤੜਫੇ ਥਾਣੇਦਾਰ ਨੇ ਜਦੋਂ ਚੀਕਾਂ ਮਾਰੀਆਂ ਤਾਂ ਦਾਦੇ ਸਾਡੇ ਨੇ ਉਸ ਨੂੰ ਕੱਢਿਆ। ਉਸ ਦੇ ਨਾਲ ਦਾ ਹੋਮਗਾਡੀਆ ਤਾਂ ਪਹਿਲਾਂ ਹੀ ਡਾਕ ਗੱਡੀ ਬਣ ਗਿਆ। ਅਗਲੇ ਦਿਨ ਹੀ ਬੱਬੀ ਨੇ ਨਾਲ ਦੇ ਪਿੰਡ ਦਾ ਠੇਕਾ ਚਿੱਟੇ ਦਿਨ ਲੁੱਟ ਲਿਆ। ਪੁਲਸ ਡਰਦੀ ਉਸ ਨੂੰ ਗ੍ਰਿਫਤਾਰ ਨਹੀਂ ਸੀ ਕਰ ਰਹੀ।
ਤੋੜ ਦਿੱਤਾ ਟੁੱਟੀ ‘ਬਾਂਹ’ ਨੇ
ਸਾਡੇ ਪਰਿਵਾਰ ਦਾ ਪਿੰਡ ਤੇ ਗਲਬਾ ਸੀ ਤੇ ਅਸੀਂ ਦੋਵੇਂ ਭਰਾਵਾਂ ਨੇ ਪੂਰੇ ਇਲਾਕੇ 'ਚ ਕਾਇਮ ਕਰ ਲਿਆ। ਮੇਰੀ, ਸੱਬੀ ਤੇ ਬੱਬੀ ਦੀ ਤਿੱਕੜੀ ਤੋਂ ਵੱਡੇ- ਵੱਡੇ ਖੱਬੀਖ਼ਾਨ ਕੰਬਦੇ ਸਨ। ਵੱਡੇ-ਵੱਡੇ ਚੌਧਰੀਆਂ ਦੇ ਅੜੇ ਕੰਮ ਅਸੀਂ ਜਾ ਕੱਢਦੇ। ਪਰ ਬੱਬੀ ਹੁਣ ਸ਼ਰਾਬ ਦਾ ਪੱਕਾ ਆਦੀ ਹੋ ਚੁੱਕਾ ਸੀ ਤੇ ਉਸ ਦੇ ਆਲੇ- ਦੁਆਲੇ ਇਹੋ ਜਿਹੇ ਸਾਥੀ ਇਕੱਠੇ ਹੋ ਗਏ ਜੋ ਉਸ ਨੂੰ ਰੋਕਦੇ ਨਹੀਂ ਸਨ ਸਗੋਂ ਆਪ ਖਾਣ ਦੇ ਮਾਰੇ ਉਸ ਨੂੰ ਨਸ਼ੇ ਦੇ ਦਰਿਆ ਵਿਚ ਧੱਕ ਰਹੇ ਸੀ। ਮੈਂ ਤਾਂ ਰੋਕਣਾ ਈ ਕੀ ਸੀ ਕਿਉਂਕਿ ਮੈਂ ਤੇ ਆਪ ਨਹੀਂ ਸੀ ਰੁੱਕਦਾ। ਇਸ ਦੌਰਾਨ ਇਕ ਬੜੀ ਵੱਡੀ ਘਟਨਾ ਵਾਪਰੀ। ਮੈਂ ਸਕੂਲ 'ਚ ਕ੍ਰਿਕਟ ਖੇਡ ਰਿਹਾ ਸੀ ਕਿ ਖ਼ਬਰ ਮਿਲੀ ਕਿ ਬੱਬੀ, ਬੱਗੀ ਤੇ ਸੱਤੀ ਨੇ ਹਰਪਾਲ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ ਤੇ ਉਸ ਦੀ ਪੱਗ ਦਾ ਝੰਡਾ ਬਣਾ ਕੇ ਸਾਰੇ ਪਿੰਡ 'ਚ ਘੁਮਾਇਆ ਹੈ। ਹਰਪਾਲ ਹੋਰਾਂ ਨਾਲ ਸਾਡੀ ਦੁਸ਼ਮਣੀ ਸ਼ੁਰੂ ਤੋਂ ਚੱਲਦੀ ਆਈ ਸੀ। ਇਨ੍ਹਾਂ ਨਾਲ ਸਾਡੇ ਪਰਿਵਾਰ ਦੀ ਬਹੁਤ ਵੱਡੀ ਲੜਾਈ ਹੋਈ ਸੀ, ਜਿਸ ਵਿੱਚ ਗੋਲੀ ਚੱਲੀ ਸੀ । ਉਸ ਲੜਾਈ 'ਚ ਉਸ ਸਮੇਂ ਗੋਲੀ ਚੱਲੀ ਸੀ ਜਦੋਂ ਗੋਲੀ ਦੀ ਘਟਨਾ ਬੜੀ ਵੱਡੀ ਘਟਨਾ ਸੀ। ਇਹ ਲੜਾਈ ਸ਼ਾਇਦ 1975 ਦੇ ਨੇੜੇ ਹੋਈ ਸੀ। ਇਸ ਤੋਂ ਚੱਲਦੀ ਟਸਲ 'ਚ ਸਾਡੀ ਭੂਆ ਦਾ ਆਉਣਾ-ਜਾਣਾ ਦੂਜੀ ਧਿਰ ਨਾਲ ਹੋਇਆ ਜੋ ਉਸ ਦੇ ਕਤਲ ਦਾ ਕਾਰਨ ਬਣਿਆ। ਕਤਲ ਕੇਸ 'ਚ ਦੂਜੀ ਧਿਰ ਨੇ ਜ਼ੋਰ ਲਾਇਆ ਜੋ ਦੁਸ਼ਮਣੀ ਨੂੰ ਹੋਰ ਗੂੜ੍ਹਾ ਕਰ ਗਿਆ। ਵੈਸੇ ਏਸ ਦੁਸ਼ਮਣੀ ਦਾ ਇੱਕ ਕਾਰਨ ਇਹ ਵੀ ਸੀ ਕਿ ਦੂਜੀ ਧਿਰ ਵੀ ਪਿੰਡ 'ਚ ਭਾਰੀ ਧਿਰ ਸੀ ਪਰ ਉਹ ਸਾਡੇ ਦਾਦੇ ਦਾ ਮਾਲ ਫੜਾ ਦਿਆ ਕਰਦੇ ਸਨ। ਬੱਬੀ ਹੋਰਾਂ ਨੇ ਉਸ ਦੁਸ਼ਮਣੀ ਦੀ ਅੱਗ 'ਚ ਮਣਾਂ-ਮੂੰਹੀ ਪੈਟਰੋਲ ਘੱਤ ਦਿੱਤਾ ਸੀ। ਮੈਂ ਭੱਜ ਕੇ ਘਰ ਆ ਗਿਆ। ਪਿੰਡ 'ਚ ਤਰਥੱਲੀ ਮੱਚੀ ਹੋਈ ਸੀ। ਹਰਪਾਲ ਨੂੰ ਉਸ ਵੇਲੇ ਰਾਹ ਮੱਲ ਕੇ ਬੈਠੇ ਬੌਬੀ ਹੋਰਾਂ ਘੇਰਿਆ ਜਦੋਂ ਉਹ ਪਿੰਡ ਤੋਂ ਆਪਣੀ ਧੀ ਨਾਲ ਮੋਟਰ ਸਾਈਕਲ 'ਤੇ ਢਾਣੀ (ਬਹਿਕ) ਨੂੰ ਜਾ ਰਿਹਾ ਸੀ। ਬਹੁਤ ਜਲੀਲ ਕੀਤਾ ਹਰਪਾਲ ਨੂੰ ਪਰ ਚੰਗੀ ਗੱਲ ਇਹ ਕੀਤੀ ਕਿ ਉਸ ਦੀ ਧੀ ਨੂੰ ਇੰਨ੍ਹਾਂ ਨੇ ਭੈਣ ਕਹਿ ਕੇ ਘਰ ਨੂੰ ਤੋਰ ਦਿੱਤਾ। ਇਸ ਜਲਾਲਤ ਤੋਂ ਤਪ ਕੇ ਦੂਜੀ ਧਿਰ ਨੇ ਆਪਣੇ ਬੰਦਿਆਂ ਦਾ ਬਹੁਤ ਵੱਡਾ ਇਕੱਠ ਮਾਰਿਆ ਤੇ ਬੱਬੀ ਹੋਰਾਂ ਨੂੰ ਲੱਭਣ ਲੱਗ ਪਏ। ਬੱਬੀ ਹੋਰੀਂ ਬੇਫ਼ਿਕਰ ਹੋ ਕੇ ਬੈਠੇ ਸੀ। ਮੈਂ ਜਾ ਕੇ ਸਮਝਾਇਆ ਕਿ ਮਸਲਾ ਬਹੁਤ ਵਿਗੜ ਗਿਆ ਹੈ, ਕੱਲ੍ਹੇ ਬਾਹਰ ਨਾ ਨਿਕਲਿਓ। ਬੱਬੀ ਹੋਰਾਂ ਆਪਣੇ ਘਰ ਦੇ ਨੇੜੇ ਹੀ ਅਮਰੀਕ ਸਿਹੁ ਰਾਈਆਂਵਾਲੇ ਦੇ ਖੇਤ 'ਚ ਪਾਏ ਕੱਚੇ ਕੋਠੇ ਨੂੰ ਟਿਕਾਣਾ ਬਣਾ ਲਿਆ ਤੇ ਉੱਥੇ ਡਾਂਗਾਂ-ਤਲਵਾਰਾਂ ਜੋੜ ਲਈਆਂ। ਸੱਬੀ ਤੇ ਮੈਂ ਬੱਬੀ ਨੂੰ ਕਿਹਾ ਕਿ ਅਸੀਂ ਅਸਲਾ ਲਿਆ ਦੇਵਾਂਗੇ ਪਰ ਤੁਸੀਂ ਪਹਿਲਾਂ ਮਾਰ ਨਾ ਖਾ ਲਿਉ। ਅਗਲੇ ਦਿਨ ਮੈਂ ਤੇ ਸੱਬੀ ਨੇ ਪ੍ਰੋਗਰਾਮ ਬਣਾਇਆ ਕਿ ਪੈਸਿਆਂ ਦਾ ਜੁਗਾੜ ਕਰੀਏ ਤੇ ਅਸਲ੍ਹਾ ਲਿਆਈਏ। ਸੱਬੀ ਕਹਿੰਦਾ ਸੁਲਤਾਨਪੁਰ ਲੋਧੀ ਇਕ ਕੰਮ ਹੈ ਕੰਧ ਕੱਢਣੀ ਹੈ ਰੁਪਈਆ ਪੰਦਰਾਂ ਹਜ਼ਾਰ ਮਿਲ ਜਾਵੇਗਾ। ਮੈਂ ਹਾਂ ਕਰ
ਦਿੱਤੀ ਤੇ ਸਵੇਰੇ ਅਸੀਂ ਸੁਲਤਾਨਪੁਰ ਨੂੰ ਚੜ੍ਹ ਗਏ ਪਰ ਜਾਂਦਿਆਂ ਅਸੀਂ ਬੱਬੀ ਨੂੰ ਸਮਝਾ ਗਏ ਕਿ ਨਾ ਤਾਂ ਬਾਹਰ ਨਿਕਲਿਓ ਤੇ ਨਾ ਪੇਸ਼ ਹੋਇਓ।
ਅਸੀਂ ਸੁਲਤਾਨਪੁਰ ਲੋਧੀ ਆ ਗਏ। ਕੋਈ ਆੜ੍ਹਤੀਆ ਸੀ ਜਿਸ ਦੀ ਜਗ੍ਹਾ ਦਾ ਰੋਲਾ ਸੀ। ਉਸ ਨੇ ਸਾਨੂੰ ਸ਼ਰਾਬ ਲਿਆ ਦਿੱਤੀ । ਸੱਬੀ ਦੋ ਕੁ ਪੈੱਗ ਲਾ ਕੇ ਸੋ ਗਿਆ ਪਰ ਮੈਨੂੰ ਸ਼ਰਾਬ ਨਹੀਂ ਸੀ ਚੜ੍ਹ ਰਹੀ। ਮੈਂ ਇਕ ਬੋਤਲ ਹੋਰ ਮੰਗਵਾ ਲਈ। ਸਾਰੀ ਰਾਤ ਪੀਂਦਾ ਰਿਹਾ। ਸਵੇਰੇ ਤਿੰਨ ਕੁ ਵਜੇ ਮੈਂ ਸੌਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਮੇਰੇ ਕਾਲਜੇ ਨੂੰ ਖੋਹ ਪੈਣ ਲੱਗ ਪਈ। ਮੈਂ ਸੱਬੀ ਨੂੰ ਉਠਾਇਆ ਤੇ ਆਖਿਆ ਕਿ ਆਪਾਂ ਵਾਪਸ ਚੱਲੀਏ। ਪੁੱਛਣ 'ਤੇ ਮੈਂ ਸੱਥੀ ਨੂੰ ਕਿਹਾ ਕਿ ਮੇਰਾ ਮਨ ਖ਼ਰਾਬ ਹੋ ਰਿਹਾ ਹੈ। ਅਸੀਂ ਛੇ ਕੁ ਵਜੇ ਬੱਸ ਅੱਡੇ ਤੋਂ ਬੱਸ ਫੜ ਲਈ ਤੇ ਦੁਪਿਹਰੇ ਇੱਕ ਵਜੇ ਦੇ ਕਰੀਬ ਮਲੋਟ ਆ ਗਏ। ਜਦੋਂ ਅਸੀਂ ਇੰਦਰਾਂ ਰੋਡ 'ਤੇ ਆਏ ਤਾਂ ਜੁਆਕ ਜਿਹਾ ਸ਼ੀਲੀ ਚਾਹ ਵਾਲਾ (ਜੋ ਹੁਣ ਦੁਨੀਆਂ 'ਚ ਨਹੀਂ ਰਿਹਾ। ਅੱਗੋਂ ਆ ਗਿਆ ਤੇ ਆਖਣ ਲੱਗਾ "ਤੈਨੂੰ ਕੁਝ ਪਤਾ ਲੱਗਾ?" ਮੈਂ ਕਿਹਾ "ਨਹੀਂ।" ਉਸ ਨੇ ਅੱਖਾਂ ਭਰ ਕੇ ਕਿਹਾ "ਬੌਬੀ ਨਹੀਂ ਰਿਹਾ।" ਮੇਰੇ ਸਾਹ ਥੰਮ ਗਏ, ਅੱਖਾਂ ਪਥਰਾ ਗਈਆਂ, ਜਿਸਮ ਬੇਜ਼ਾਰ ਹੋ ਗਿਆ। ਮੈਂ ਨਿਢਾਲ ਹੋ ਕੇ ਸੜਕ 'ਤੇ ਡਿੱਗ ਪਿਆ। ਸੱਬੀ ਨੇ ਸੰਭਾਲਿਆ। ਪਿੰਡ ਆਏ ਤਾਂ ਸਾਢੇ ਛੇ ਫੁੱਟ ਦਾ ਬੱਬੀ ਟਰੱਕ 'ਚੋਂ ਲਾਹਿਆ ਜਾ ਰਿਹਾ ਸੀ। ਉਹ ਬੱਬੀ ਜੋ ਮੌਤ ਨੂੰ ਮਖੌਲ ਕਰਦਾ ਸੀ ਅੱਜ ਮੌਤ ਦਾ ਸ਼ਿਕਾਰ ਹੋ ਕੇ ਕਫ਼ਨ 'ਚ ਲਿਪਟਿਆ ਪਿਆ ਸੀ। ਮੈਂ ਉੱਚੀ ਦੇਣੀ ਲੋਰ ਮਾਰੀ ਪਰ ਜਲਦੀ ਮੈਂ ਖੁਦ ਨੂੰ ਸੰਭਾਲ ਲਿਆ ਕਿਉਂਕਿ ਪਿੰਡ ਵਾਲਿਆਂ ਸਾਹਮਣੇ ਮੈਂ ਟੁੱਟਣਾ ਨਹੀਂ ਸੀ ਚਾਹੁੰਦਾ। ਮੈਂ ਕਹਾਣੀ ਦਾ ਪਤਾ ਕੀਤਾ ਤਾਂ ਮੈਨੂੰ ਦੱਸਿਆ ਗਿਆ ਕਿ ਤੇਰੇ ਜਾਣ ਪਿੱਛੋਂ ਸਾਰਿਆਂ ਸਲਾਹ ਕਰਕੇ ਬੱਬੀ ਹੋਰਾਂ ਨੂੰ ਕਬਰਵਾਲਾ ਚੌਂਕੀ ਪੇਸ਼ ਕਰ ਦਿੱਤਾ ਸੀ। ਉਹ ਇਸ ਲਈ ਕੀਤਾ ਗਿਆ ਕਿ ਦੋਵੇਂ ਧਿਰਾਂ ਟਕਰਾਅ ਨਾ ਜਾਣ। ਇਸ ਗੱਲ ਦਾ ਖ਼ਿਆਲ ਰੱਖਿਆ ਗਿਆ ਸੀ ਕਿ ਕਬਰਵਾਲਾ ਚੱਕੀ ਦਾ ਇੰਚਾਰਜ ਸਾਡੇ ਘਰਾਂ 'ਚੋਂ ਲੱਗਦੇ ਤਾਏ ਦਾ ਸਾਲਾ ਸੀ। ਬੱਗੀ ਤੇ ਸੱਤੀ ਨੇ ਦੱਸਿਆ ਕਿ ਪੇਸ਼ ਕਰਵਾਉਂਣ ਤੋਂ ਬਾਅਦ ਅਸੀਂ ਤਿੰਨੇ ਇੱਕੋ ਥਾਂ 'ਤੇ ਬੈਠੇ ਸਾਂ ਤੇ ਮਾਮਾ (ਬਾਣੇਦਾਰ) ਆਖਣ ਲੱਗਾ ਕਿ "ਜਾਉ! ਮੇਰੇ ਕੁਆਰਟਰ ਦੀ ਸਫਾਈ ਕਰ ਆਉ ਇੱਥੇ ਵਿਹਲੇ ਬੈਠੇ ਓ।" ਅਸੀਂ ਦੋਵੇਂ ਕਮਰਾ ਸਾਫ ਕਰਨ ਚਲੇ ਗਏ ਤੇ ਬੱਬੀ ਨੇ ਕਿਹਾ ਕਿ ਮੇਰੇ ਪੈਰ 'ਤੇ ਸੱਟ ਲੱਗੀ ਆ ਮੈਂ ਨਹੀਂ ਜਾਣਾ। ਜਦੋਂ ਅਸੀਂ ਵਾਪਸ ਆਏ ਤਾਂ ਦੱਸਿਆ ਗਿਆ ਕਿ ਬੱਬੀ ਭੱਜ ਗਿਆ ਪਰ ਅੱਧੇ ਘੰਟੇ ਬਾਅਦ ਖ਼ਬਰ ਆਈ ਕਿ ਬੱਬੀ ਮਰ ਗਿਆ। ਪੈਰ 'ਤੇ ਸੱਟ ਤੇ ਬੱਬੀ ਭੱਜ ਗਿਆ? ਮੈਨੂੰ ਸ਼ੱਕ ਹੋਇਆ ਕਿ ਕਿਤੇ ਕੋਈ ਗੜਬੜ ਤਾਂ ਨਹੀਂ। ਇਸ ਲਈ ਮੈਂ ਫੈਸਲਾ ਕੀਤਾ ਕਿ ਪਹਿਲਾਂ ਹਕੀਕਤ ਪਤਾ ਕਰਾਂਗਾ ਤੇ ਫੇਰ ਸਸਕਾਰ ਹੋਵੇਗਾ। ਜੇ ਕੋਈ ਗੜਬੜ ਹੋਈ ਤਾਂ ਫੇਰ ਇੱਥੇ ਸਸਕਾਰ ਇੱਕ ਨਹੀਂ ਕਈ ਹੋਣਗੇ। ਬੱਗੀ ਬਹੁਤ ਵਫ਼ਾਦਾਰ ਸਾਥੀ ਸੀ ਉਸ 'ਤੇ ਸ਼ੱਕ ਕੀਤਾ ਹੀ ਨਹੀਂ ਸੀ ਜਾ ਸਕਦਾ ਤੇ ਉਸ ਨੇ ਮੈਨੂੰ ਦੱਸਿਆ ਕਿ ਉਸ ਸਮੇਂ ਚੌਂਕੀ 'ਚ ਕੋਈ ਮੁਲਾਜਮ ਹੋਰ ਹੈ ਨਹੀਂ ਸੀ। ਫੇਰ ਜਿੱਥੇ ਬੱਬੀ ਆ ਕੇ ਡਿੱਗਾ ਅਸੀਂ ਉੱਥੋਂ ਪੈੜ ਕੱਢੀ। ਉਹ ਤਕਰੀਬਨ ਪੰਜ ਕਿਲੋਮੀਟਰ ਭੱਜ ਕੇ ਆਇਆ ਉਹ ਵੀ ਟਿੱਬੇ 'ਚ। ਜੂਨ ਦੇ ਮਹੀਨੇ 'ਚ ਤੱਤੀ ਰੇਤ 'ਚ ਏਨਾ
ਸਫ਼ਰ ਨੰਗੇ ਪੈਰ ਤੁਰ ਕੇ ਤੈਅ ਨਹੀਂ ਕੀਤਾ ਜਾ ਸਕਦਾ ਪਰ ਬੱਬੀ ਦੇ ਨਾਲ ਦੂਰ- ਦੂਰ ਤੱਕ ਸਾਨੂੰ ਕੋਈ ਪੈੜ ਨਾ ਦਿੱਸੀ । ਕੁਝ ਪ੍ਰਤੱਖਦਰਸ਼ੀਆਂ ਨੂੰ ਮਿਲੇ ਉਨ੍ਹਾਂ ਵੀ ਕਿਹਾ ਕਿ ਕੱਲ੍ਹਾ ਹੀ ਭੱਜਾ ਜਾਂਦਾ ਅਸੀਂ ਵੇਖਿਆ ਹੈ ਪਿੱਛੇ ਕੋਈ ਨਹੀਂ ਸੀ ਲੱਗਾ। ਡਾਕਟਰ ਵੀ ਆਖ ਰਹੇ ਸੀ ਕਿ ਹਾਰਟ ਫੇਲ੍ਹ ਹੋਣ ਕਾਰਨ ਮੌਤ ਹੋਈ ਹੈ। ਮੈਂ ਆਵਦਾ ਭਰਾ ਜਲਾ ਕੇ ਧਾਹ ਮਾਰੀ ਕਿ ਅੱਜ ਟੁੰਡਾ ਕਰ ਗਿਆ ਵੀਰਿਆ। 22 ਸਾਲ ਦਾ ਸਾਡਾ ਸਾਥ ਰਾਖ ਹੋ ਗਿਆ। ਮੈਂ ਲੁੱਟਿਆ ਜਾ ਚੁੱਕਾ ਸੀ। ਮੇਰੀ ਤਾਕਤ ਦਾ ਗਰੂਰ ਚੂਰ ਹੋ ਗਿਆ ਸੀ।
ਨਿਵਾਣਾ ਨੂੰ ਕਦਮ ਜ਼ਿੰਦਗੀ ਬੇਦਮ
ਬੱਬੀ ਚਲਾ ਗਿਆ ਤਾਂ ਮੇਰਾ ਦੁਨੀਆਂ ਨਾਲੋਂ ਰਹਿੰਦਾ ਮੋਹ ਵੀ ਟੁੱਟ ਗਿਆ। ਮੈਂ ਨਸ਼ੇ 'ਚ ਪੂਰੀ ਤਰ੍ਹਾਂ ਲਿੱਬੜ ਗਿਆ। ਦਿਨ ਵੀ ਨਸ਼ੇ 'ਚ ਬੀਤਦਾ ਤੇ ਰਾਤ ਵੀ। ਹੁਣ ਸਰਿੰਜ ਤੇ ਸਿਗਰਟਾਂ ਦੀ ਡੱਬੀ ਜੇਬ 'ਚ ਪੱਕੀ ਹੋ ਗਈ। ਬੱਬੀ ਦਾ ਦਿਲਬਰ ਬੱਗੀ ਮੇਰੇ ਨਾਲ ਰਲ ਗਿਆ। ਅਸੀਂ ਘਰੋਂ ਪੈਸੇ ਲੈਂਦੇ ਜਾਂ ਯਾਰਾ-ਮਿੱਤਰਾਂ ਤੇ ਉਗਰਾਹ ਲੈਂਦੇ। ਜੇ ਥੁੜ ਹੁੰਦੀ ਤਾਂ ਘਰ 'ਚੋਂ ਹੀ ਛੋਟੀ-ਮੋਟੀ ਚੋਰੀ ਕਰ ਲੈਂਦੇ। ਮੇਰੀ ਤੇ ਬੱਗੀ ਦੀ ਡੋਜ਼ ਬੜੀ ਤੇਜੀ ਨਾਲ ਵਧੀ। ਦਿਨ 'ਚ ਇਕ ਜਣਾ ਵੀਹ-ਵੀਹ ਟੀਕੇ ਲਾ ਜਾਂਦੇ। ਹੁਣ ਅਸੀਂ ਨੋਰਫਿਨ ਦੇ ਨਾਲ-ਨਾਲ ਡੈਜਾਪਾਮ, ਏਵਲ, ਫਨਾਰਗਨ ਦੇ ਇੰਜੈਕਸ਼ਨ ਵੀ ਲੈਣ ਲੱਗ ਪਏ। ਸਾਡੀ ਸਵੇਰ ਤੋਂ ਸ਼ਾਮ ਤੱਕ ਨਸ਼ੇ ਦੀ ਦੌੜ ਜਾਰੀ ਰਹਿੰਦੀ। ਨਾ ਰੋਟੀ ਦਾ ਫਿਕਰ ਨਾ ਚਾਹ ਦੀ ਪ੍ਰਵਾਹ। ਮੈਂ ਜ਼ਿਆਦਾਤਰ ਬਾਹਰ ਹੀ ਰਹਿੰਦਾ। ਮੇਰਾ ਟਿਕਾਣਾ ਹੁੰਦੇ ਛਾਪਿਆਂਵਾਲੀ ਕਾਲਜ ਦੇ ਮੁੰਡਿਆਂ ਦੇ ਕਮਰੇ। ਪਿੰਡ ਕ੍ਰਿਕਟ ਖੇਡਣ ਦਾ ਸ਼ੌਂਕ ਮੈਨੂੰ ਕਈ ਵਾਰ ਖਿੱਚ ਕੇ ਲੈ ਜਾਂਦਾ। ਅਸੀਂ ਕ੍ਰਿਕਟ ਖੇਡਣ ਦੂਰ-ਦੂਰ ਤੱਕ ਜਾਂਦੇ। ਮੇਰੀ ਵਿਕਟਕੀਪਿੰਗ ਬਹੁਤ ਵਧੀਆ ਸੀ। ਅਸੀਂ 6-7 ਜਣੇ ਆਪਣੀ ਗਲੀ ਦੇ ਮੁੰਡੇ ਹੀ ਜਾਂਦੇ ਤੇ ਟੂਰਨਾਮੈਂਟ ਜਿੱਤ ਲਿਆਉਂਦੇ। ਮੈਨੂੰ ਯਾਦ ਹੈ ਇੱਕ ਵਾਰ ਬਲੋਚ ਕੇਰਾ ਪਿੰਡ 'ਚ ਟੂਰਨਾਮੈਂਟ 'ਚ ਤਾਂ ਉੱਥੇ ਚੋਂਕ ਹੁਸਨਰ ਦੀ ਟੀਮ ਨਾਲ ਖੇਡਦਿਆਂ ਸਾਰੇ ਆਊਟ ਹੋ ਗਏ। ਮੈਂ ਚੱਪਲਾਂ 'ਚ ਗਿਆ ਤੇ ਰਾਸ਼ਟਰੀ ਪੱਧਰ ਦੇ ਗੇਂਦਬਾਜਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਮੈਚ ਹਾਰਨ ਤੋਂ ਬਾਅਦ ਪੇਸ਼ੇਵਰ ਕਿੱਟਾਂ 'ਚ ਸਜੇ ਉਹ ਰੋਈ ਜਾਣ ਅਖੇ "ਸਾਰੇ ਸਿੱਟ ਲਏ ਸੀ ਅਮਲੀ ਜਿਹਾ ਲੈ ਕੇ ਬਹਿ ਗਿਆ।" ਇੰਝ ਹੀ ਇਕ ਵਾਰ ਖੇਮਾ ਖੇੜਾ ਪਿੰਡ 'ਚ ਫਾਈਨਲ ਦੌਰਾਨ ਮੈਂ ਹਨੇਰੀ ਲਿਆਂਦੀ। ਝੋਰੜ ਪਿੰਡ ਦੇ ਫਾਈਨਲ ਮੈਚ ਵਿਚ ਗੇਂਦ ਹੋਣ ਤੋਂ ਪਹਿਲਾਂ ਹੀ ਥਾਂ ਦੱਸ ਕੇ ਮਾਰਿਆ ਛੱਕਾ ਅੱਜ ਵੀ ਲੋਕਾਂ ਨੂੰ ਅਤੇ ਮੈਨੂੰ ਖੁਦ ਨੂੰ ਨਹੀਂ ਭੁੱਲਦਾ। ਉਹ ਪਾਰੀਆਂ ਅੱਜ ਵੀ ਯਾਦ ਨੇ ਤੇ ਨਾਲ ਹੀ ਯਾਦ ਨੇ ਮੇਰੇ ਪਿੰਡ ਦੇ ਉਹ ਖਿਡਾਰੀ ਜੋ ਟੁੱਟੀ ਮਾਲਾ ਦੇ ਮੋਤੀਆਂ ਵਾਂਗ ਖਿੰਡ ਗਏ। ਇਨ੍ਹਾਂ 'ਚੋਂ ਸਰਵਨ ਅਤੇ ਜੋਜਾ (ਦੋਵੇਂ ਭਰਾ) ਕੰਦੂ ਖੇੜਾ ਆ ਗਏ। ਸਰਵਨ ਹੋਰਾਂ ਦਾ ਘਰ ਸਾਡੇ ਪਿੰਡ ਵਾਲੇ ਘਰ ਦੇ ਨਾਲ ਸੀ। ਸਾਡੀਆਂ ਮਾਵਾਂ ਅਤੇ ਬਾਪੂ ਵੀ ਆਪਸ 'ਚ ਗੂੜ੍ਹੀ ਸਾਂਝ ਰੱਖਦੇ ਸਨ ਜੋ ਅੱਜ ਵੀ ਨਿਭ ਰਹੀ ਹੈ। ਇੱਕ ਸਾਡੇ ਨਾਲ ਸਾਡਾ ਪਿੰਡ ਵਾਲਾ ਹੈਪੀ ਖੇਡਦਾ ਹੁੰਦਾ ਸੀ ਜੋ ਹੁਣ ਪੰਚਾਇਤ ਵਿਭਾਗ 'ਚ ਅਫਸਰ ਹੈ। ਭੋਲਾ ਬੀ.ਐਸ.ਐਫ. 'ਚ ਭਰਤੀ ਹੋ ਗਿਆ ਅਤੇ ਬੱਬੀ ਤੇ ਸੁਖਦੇਵ ਚੋਗਾ ਚੁਗਣ ਪ੍ਰਦੇਸ ਉੱਡ ਗਏ। ਹਰਚਰਨ ਮੰਝਧਾਰ 'ਚ ਹੈ ਜਦਕਿ ਜਿੰਦੂ ਵਾਹੀ ਕਰਦਾ ਹੈ। ਇਨ੍ਹਾਂ ਖਿਡਾਰੀਆਂ 'ਤੇ ਅਧਾਰਤ ਸਾਡੀ ਟੀਮ ਇਲਾਕੇ ਦੀ ਚੋਟੀ ਦੀ ਟੀਮ ਸੀ। ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਅਸੀਂ ਕ੍ਰਿਕਟ ਟੂਰਨਾਮੈਂਟ ਇਡ ਭਾਲਦੇ ਰਹਿੰਦੇ ਜਿਵੇਂ ਕੋਈ ਸ਼ਿਕਾਰੀ ਸ਼ਿਕਾਰ ਦੀ ਤਲਾਸ਼ 'ਚ ਰਹਿੰਦਾ ਹੈ। ਸਰਵਨ ਬੜਾ ਗਜ਼ਬ ਦਾ ਗੇਂਦਬਾਜ ਸੀ। ਉਸ ਦੇ ਨਾਲ ਮੇਰਾ ਭਰਾ ਰੂਪਾ, ਜੋਜਾ, ਬੌਬੀ ਅਤੇ ਭੋਲਾ ਬੱਲੇਬਾਜਾਂ ਨੂੰ ਹਿੱਲਣ ਨਾ ਦਿੰਦੇ ਤੇ ਵਿਕਟ ਦੇ ਪਿੱਛਿਓਂ ਮੈਂ ਇਨ੍ਹਾਂ ਨੂੰ ਗਾਲ੍ਹਾਂ ਕੱਢ-ਕੱਢਕੇ ਹੋਰ ਵੀ ਖ਼ਤਰਨਾਕ ਬਣਾ ਦਿੰਦਾ। ਬੱਲੇਬਾਜੀ ਅਸੀਂ ਸਾਰੇ ਈ ਕਰ ਲੈਂਦੇ। ਦਿਲਚਸਪ ਗੱਲ ਇਹ ਸੀ ਕਿ ਸਾਡੇ ਪਿੰਡ ਕ੍ਰਿਕਟ ਦਾ ਕੋਈ ਗਰਾਂਉਂਡ
ਨਹੀਂ ਸੀ ਤੇ ਨਾ ਹੀ ਕਿੱਟ (ਕ੍ਰਿਕਟ ਖੇਡਣ ਦਾ ਸਮਾਨ) ਉਦੋਂ ਸਰਕਾਰੀ ਮਿਲਦੀ ਹੁੰਦੀ ਸੀ। ਅਸੀਂ ਪੈਸੇ ਪਾ ਕੇ ਰਬੜ ਦੀ ਬਾਲ ਲਿਆ ਕੇ ਸ਼ੁਰੂ ਕੀਤੀ ਖੇਡ ਨੂੰ ਇਕ ਟੀਮ ਵੱਜੋਂ ਵਿਕਸਤ ਕਰ ਗਏ ਉਹ ਵੀ ਬਿਨ੍ਹਾਂ ਕਿਸੇ ਸਹਾਇਤਾ ਦੇ। ਜਜ਼ਬਾ ਹੋਵੇ ਤਾਂ ਬੰਦਾ ਅਸਮਾਨ 'ਚ ਵੀ ਸੁਰਾਖ਼ ਕਰ ਸਕਦਾ ਹੈ। ਕ੍ਰਿਕਟ ਦਾ ਸਾਰਾ ਸਮਾਨ ਅਸੀਂ ਖੁਦ ਪੈਸੇ ਪਾ ਕੇ ਲਿਆਉਂਦੇ । ਵੈਸੇ ਪੈਸੇ ਪਾਉਣ ਵੇਲੇ ਸਾਡੇ 'ਚੋਂ ਉਹ ਵੀ ਰੋ ਪੈਂਦੇ ਜੋ ਘਰੋਂ ਸਰਦੇ-ਪੁੱਜਦੇ ਸਨ । ਚਾਰ ਸਾਲ ਤਾਂ ਅਸੀਂ ਸਿਰਫ ਟੂਰਨਾਮੈਂਟ ਹੀ ਖੇਡ। ਇਸ ਤੋਂ ਬਾਅਦ ਅਸੀਂ ਵਾਲੀਬਾਲ ਵੀ ਖੇਡਣਾ ਸ਼ੁਰੂ ਕਰ ਦਿੱਤਾ।
ਇਸੇ ਦਰਮਿਆਨ ਇੱਕ ਦਿਨ ਮੇਰੇ ਪਿੰਡ ਵਿਆਹ ਆ ਗਿਆ। ਮਿੰਦਾ ਜਿਸ ਦਾ ਵਿਆਹ ਸੀ। ਸਾਡੀ ਹੀ ਕਲਾਸ ਦਾ ਬੰਦਾ ਸੀ। ਸੀ ਤਾਂ ਉਹ ਪੁਲਸੀਆ ਪਰ ਟੀਕੇ ਤੇ ਹੋਰ ਨਸ਼ੇ ਉਹ ਸਾਡੇ ਨਾਲ ਹੀ ਕਰਦਾ ਹੁੰਦਾ ਸੀ। ਮੈਂ ਤੇ ਟੋਨੀ ਫਗਵਾੜੇ ਵਾਲਾ ਉਹਦੇ ਵਿਆਹ 'ਚ ਸ਼ਾਮਲ ਹੋਏ। ਰੱਜ ਕੇ ਦਾਰੂ ਪੀਤੀ। ਕੁਝ ਨਾਲ ਵੀ ਲੈ ਲਈ ਅਸੀਂ ਮਲੋਟ ਨੂੰ ਜਾਣ ਲਈ ਪਿੰਡ ਤੋਂ ਬਾਹਰ ਆ ਗਏ। ਪਤਾ ਨਹੀਂ ਮੈਨੂੰ ਕੀ ਸੁੱਬਿਆ ਦਾਰੂ ਦੇ ਨਸ਼ੇ 'ਚ ਮੈਂ ਟਰਾਂਸਫਾਰਮਰ 'ਤੇ ਚੜ੍ਹ ਗਿਆ। ਟੋਨੀ ਨੇ ਫੁਰਤੀ ਨਾਲ ਘੋੜਾ ਸੁੱਟ (ਸਵਿੱਚ ਕੱਟ ਦਿੱਤਾ) ਦਿੱਤਾ ਨਹੀਂ ਤਾਂ ਮੈਂ ਉੱਤੇ ਹੀ ਫਰਾਈ ਹੋ ਜਾਣਾ ਸੀ ਪਰ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਉਂਦੀ ? ਸੜਕ 'ਤੇ ਆਉਂਦੀ ਇੱਕ ਜੀਪ ਨੂੰ ਮੈਂ ਹੱਥ ਦਿੱਤਾ। ਹੱਥ ਦਿੰਦਿਆਂ ਮੇਰੇ ਪੈਰ ਨਿਕਲ ਗਏ। ਜੀਪ ਮੇਰੇ ਉੱਤੇ ਆ ਚੜ੍ਹੀ। ਇੱਕ ਟਾਇਰ ਮੇਰੇ ਸਿਰ ਨੂੰ ਦੌਫ਼ਾੜ ਕਰਦਾ ਨਿਕਲ ਗਿਆ। ਜੀਪ ਮਲੂਕਪੂਰਾ ਪਿੰਡ ਦੇ ਡੇਰੇ ਦਾ ਮੁਖੀ ਚਲਾ ਰਿਹਾ ਸੀ। ਉਸ ਨੇ ਜੀਪ ਰੋਕ ਲਈ। ਟੋਨੀ ਨੇ ਮੇਰਾ ਦੋਫਾੜ ਹੋਇਆ ਸਿਰ ਪਰਨੇ ਨਾਲ ਬੰਨ੍ਹਿਆ ਤੇ ਜੀਪ 'ਚ ਲੱਦ ਲਿਆ। ਮੈਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਬੇਹੋਸ਼ ਹੋ ਗਿਆ। ਕਈ ਘੰਟੇ ਬਾਅਦ ਹੋਸ਼ 'ਚ ਆਇਆ ਤਾਂ ਮੇਰੇ ਮੂੰਹ ਤੇ ਸਿਰ 'ਤੇ ਪੱਟੀਆਂ ਹੀ ਪੱਟੀਆਂ ਸਨ। ਸਾਰਾ ਪਿੰਡ ਸਿਰ 'ਤੇ ਖੜ੍ਹਾ ਸੀ । ਮੈਂ ਮੌਤ ਨੂੰ ਮਾਤ ਦੇ ਕੇ (ਹੋਸ਼ ਵਿੱਚ ਆ ਕੇ) ਪੁੱਛਿਆ "ਆਹ ਮੇਰੇ ਸਿਰ 'ਤੇ ਪੱਗ ਕਿਉਂ ਬੰਨੀ ਆ?” ਮੇਰਾ ਬਾਪੂ ਕਹਿੰਦਾ "ਪੱਗ ਨਹੀਂ ਇਹ ਪੱਟੀ ਆ।" ਮੈਨੂੰ ਹੌਲੀ ਹੌਲੀ ਯਾਦ ਆਉਣ ਲੱਗਾ। ਜੀਪ ਵਾਲਾ ਬਾਬਾ ਉਦਾਸ ਖੜ੍ਹਾ ਸੀ । ਮੈਂ ਕਿਹਾ "ਸਭ ਤੋਂ ਪਹਿਲਾਂ ਬਾਬੇ ਨੂੰ ਫਾਰਗ ਕਰੋ।" ਮੈਂ ਦਸਤਖ਼ਤ ਕਰ ਦਿੱਤੇ ਕਿ ਜੀਪ ਚਾਲਕ ਦਾ ਕੋਈ ਦੋਸ਼ ਨਹੀਂ। ਦੋ ਦਿਨਾਂ ਬਾਅਦ ਮੈਂ ਹਸਪਤਾਲ 'ਚੋਂ ਚੋਰੀ ਭੱਜ ਕੇ ਹਰਪ੍ਰੀਤ ਸੰਗਰੂਰ ਵਾਲੇ ਦੇ ਕਮਰੇ 'ਚ ਪਹੁੰਚ ਗਿਆ ਜਿੱਥੇ ਟੋਨੀ ਵੀ ਰਹਿੰਦਾ ਹੁੰਦਾ ਸੀ। ਨਸ਼ੇ ਦੀ ਹਾਲਤ 'ਚ ਪਤਾ ਹੀ ਨਾ ਲੱਗਾ ਕਦੋਂ ਜਖ਼ਮ ਠੀਕ ਹੋ ਗਏ। ਸਾਡੇ ਨਾਲ ਹੀ ਨਸ਼ੇ ਦੇ ਟੀਕੇ ਲਾਉਣ ਵਾਲੇ ਮੇਰੇ ਪਿੰਡ ਦੇ ਡਾਕਟਰ ਤੋਂ ਮੈਂ ਟਾਂਕੇ ਕਢਵਾ ਲਏ। ਕੁੱਲ 60 ਦੇ ਕਰੀਬ ਟਾਂਕੇ ਸੀ ਮੇਰੇ ਮੂੰਹ ਅਤੇ ਸਿਰ 'ਤੇ। 20 ਕੁ ਦਿਨਾਂ ਬਾਅਦ ਮੈਂ ਸ਼ੀਸ਼ਾ ਵੇਖਿਆ। ਮੇਰਾ ਚਿਹਰਾ ਟਾਂਕਿਆਂ ਤੇ ਸੱਟਾ ਕਰਕੇ ਇੱਕ ਪਾਸਿਓਂ ਬਦਸੂਰਤ ਹੋ ਗਿਆ ਸੀ । ਮੈਂ ਬਹੁਤ ਦੁਖੀ ਹੋਇਆ ਕਿ ਜਿਸ ਚਿਹਰੇ 'ਤੇ ਮਾਣ ਕਰਦੇ ਸਾਂ ਅੱਜ ਉਹ ਵੀ ਗਿਆ ਪਰ ਇਹ ਦੁੱਖ ਵੀ ਨਸ਼ੇ ਦੇ ਲੇਖੇ ਲੱਗ ਗਿਆ।
ਹੁਣ ਟੀਕੇ ਰੋਜ਼ਾਨਾ ਦੇ ਵੀਹ ਤੋਂ ਵੱਧ ਕੇ ਪੱਚੀ-ਤੀਹ ਹੋ ਗਏ। 2001 ਚੜ੍ਹ ਗਿਆ। ਮੇਰਾ ਐਕਸੀਡੈਂਟ ਅਕਤੂਬਰ 'ਚ ਹੋਇਆ ਸੀ। ਇਸੇ ਦੌਰਾਨ ਬੁਰੀ ਖ਼ਬਰ
ਆਈ। ਮੈਨੂੰ ਪਿੰਡ 'ਚ ਹੋਈ ਲੜਾਈ ਵਾਲੇ ਕੇਸ 'ਚ ਅਦਾਲਤ ਨੇ ਤਲਬ ਕਰ ਲਿਆ। ਇਹ ਇਸਤਗਾਸਾ ਸੀ । ਹੁਣ ਮੈਂ ਤਿੰਨ ਕੇਸਾਂ 'ਚ ਨਾਮਜ਼ਦ ਸੀ ਤੇ ਤਿੰਨਾਂ ਹੀ ਅਦਾਲਤਾਂ 'ਚੋਂ ਵਰੰਟ ਨਿਕਲੇ ਹੋਏ ਸਨ। ਪੁਲਸ ਗੇੜੇ ਮਾਰਨ ਲੱਗ ਪਈ। ਅਪ੍ਰੈਲ 'ਚ ਇੱਕ ਦਿਨ ਮੈਂ ਬੱਗੀ ਨੂੰ ਕਿਹਾ ਕਿ "ਅੱਜ ਮੇਰੀ ਡੋਜ਼ ਫੁੱਲ ਕਰ ਕੱਲ੍ਹ ਮੈਂ ਪੇਸ਼ ਹੋਣੇਂ।" ਅਸੀਂ ਰੱਜ ਕੇ ਇਜੈਕਸ਼ਨ ਲਾਏ ਤੇ ਖੂਬ ਗੱਲਾਂ ਕੀਤੀਆਂ। ਅਗਲੇ ਦਿਨ ਅਸੀਂ ਮੁਕਤਸਰ ਅਦਾਲਤ ਜਾ ਕੇ ਸਮਰਪਣ ਕਰ ਦਿੱਤਾ। ਬੱਗੀ ਵੀ ਕਚਿਹਰੀ 'ਚ ਨਾਲ ਹੀ ਆ ਗਿਆ। ਉਸ ਦਿਨ ਉੱਥੇ ਛੁੱਟੀ ਸੀ। ਅਦਾਲਤ ਦਾ ਰੀਡਰ ਕਹਿੰਦਾ "ਕੱਲ੍ਹ ਆ ਜਾਇਓ। " ਮੈਂ ਕਿਹਾ "ਨਾ ਭਰਾਵਾ! ਬਿਲਕੁਲ ਨਹੀਂ ਸਰਨਾ ਅੱਜ ਈ ਜੇਲ੍ਹ ਭੇਜ।" ਉਹ ਹੈਰਾਨ ਸੀ ਕਿ ਇਹ ਕੈਸਾ ਇਨਸਾਨ ਹੈ ਜੋ ਜੇਲ੍ਹ ਨੂੰ ਭੱਜ-ਭੱਜ ਜਾ ਰਿਹਾ ਹੈ। ਉਸ ਨੇ ਵਰੰਟ ਬਣਾ ਦਿੱਤੇ। ਬੱਗੀ ਅੜ ਗਿਆ ਤੇ ਕਹਿੰਦਾ “ਆਹ ਚੱਕ ਸੌ ਦਾ ਨੋਟ ਤੇ ਮੈਨੂੰ ਵੀ ਨਾਲ ਭੇਜ ਦੇ।" ਉਹ ਪਿੰਟ ਖੜ੍ਹੋਤਾ। ਹੱਥ ਜੋੜ ਕੇ ਕਹਿੰਦਾ "ਭਰਾਵੋ । ਇਹ ਜੇਲ੍ਹ ਹੈ ਮਾਘੀ ਦਾ ਮੇਲਾ ਨਹੀਂ। ਮੈਂ ਬਿਨ੍ਹਾਂ ਦੇਸ਼ ਤੋਂ ਕਿਸੇ ਨੂੰ ਜੇਲ੍ਹ ਨਹੀਂ ਭੇਜ ਸਕਦਾ।" ਬੱਗੀ ਦਾ ਦਿਲ ਟੁੱਟ ਗਿਆ। ਰੀਡਰ ਕੋਈ ਮੁਲਾਜ਼ਮ ਲੱਭਣ ਲੱਗਾ। ਮੈਂ ਕਿਹਾ "ਤੂੰ ਸਾਨੂੰ ਵਰਟ ਫੜਾ ਅਸੀਂ ਆਪ ਈ ਚਲੇ ਜਾਨੇ ਆ ਆਹ ਨਾਲ ਤਾਂ ਜੇਲ੍ਹ ਹੈ।” ਪਰ ਉਸ ਨੇ ਕਾਨੂੰਨੀ ਹਵਾਲਾ ਦੇ ਕੇ ਇੱਕ ਬੁੱਢਾ ਜਿਹਾ ਸਿਪਾਹੀ ਸਾਡੇ ਨਾਲ ਭੇਜ ਦਿੱਤਾ। ਅੰਦਰ ਜਾਣ ਤੋਂ ਪਹਿਲਾਂ ਬੰਗੀ ਨੇ ਘੁੱਟ ਕੇ ਜੱਫੀ ਪਾਈ। ਕੁਝ ਮਹੀਨਿਆਂ ਅੰਦਰ ਮੇਰੀ ਇਹ ਤੀਜੀ ਜੇਲ੍ਹ ਸੀ ਜਿਸ ਦੀ ਰੋਟੀ ਤੇ ਦਾਲ ਮੇਰਾ ਇੰਤਜ਼ਾਰ ਕਰ ਰਹੀ ਸੀ।
ਜੇਲ੍ਹ ਤੇ ਖੇਲ
ਮੁਕਤਸਰ ਦੀ ਸਬ-ਜੇਲ੍ਹ ਵੀ ਛੋਟੀ ਜਹੀ ਹੈ ਪਰ ਇਹ ਫਾਜ਼ਿਲਕਾ ਜੇਲ੍ਹ ਤੋਂ ਕੁਝ ਖੁੱਲ੍ਹੀ-ਡੁੱਲੀ ਹੈ। ਜੇਲ੍ਹ 'ਚ ਪੈਰ ਰੱਖਿਆ ਤਾਂ ਮੇਰੇ ਬਾਪੂ ਦਾ ਦੋਸਤ ਤੇ ਸਾਡੇ ਪਿੰਡ ਦਾ ਸਾਬਕਾ ਸਰਪੰਚ ਸੁੱਚਾ ਸਿੰਘ ਜੋ ਅਕਾਲੀ ਆਗੂ ਸੀ ਤੇ ਜਿਸ ਦੀ ਮੁਖ਼ਾਲਫਤ ਕਰਕੇ ਅਸੀਂ ਵੋਟਾਂ 'ਚ ਹਰਾਇਆ ਸੀ, ਮਿਲ ਪਿਆ। ਸਰਪੰਚ, ਉਸ ਦੇ ਭਰਾ ਅਤੇ ਭਤੀਜੇ ਸਾਡੇ ਪਿੰਡ 'ਚ ਹੋਏ ਇੱਕ ਬਜ਼ੁਰਗ ਔਰਤ ਦੇ ਕਤਲ 'ਚ ਅੰਦਰ ਸਨ। ਇੱਕ ਪਿੰਡ ਤੇ ਮੇਰੇ ਪਿਤਾ ਨਾਲ ਦੋਸਤੀ ਹੋਣ ਕਰਕੇ ਸਰਪੰਚ ਨੇ ਪਿੰਡ ਦੀਆਂ ਤਲਖ਼ ਕਲਾਮੀਆਂ ਭੁਲਾ ਕੇ ਮੈਨੂੰ ਨਾਲ ਹੀ ਰੱਖ ਲਿਆ। ਅਸੀਂ ਖੂਬ ਲਹਿਰਾਂ ਲਾਉਂਦੇ। ਸਰਪੰਚ ਅਕਾਲੀ ਦਲ ਦਾ ਸਿਰਮੌਰ ਵਰਕਰ ਸੀ, ਜਿਸ ਦੀ ਨੇਤਾਵਾਂ ਨਾਲ ਹੀ ਨਹੀਂ ਸਗੋਂ ਅਫਸਰਾਂ ਨਾਲ ਵੀ ਯਾਰੀ ਡਾਹਢੀ ਸੀ। ਜੇਲ੍ਹ 'ਚ ਓਨ੍ਹੀ ਦਿਨੀਂ ਨਸ਼ੀਲੇ ਕੈਪਸੂਲ ਆਮ ਮਿਲ ਜਾਂਦੇ ਸੀ। ਸਿਗਰਟਾਂ ਮੈਂ ਘੱਟ ਕਰ ਦਿੱਤੀਆਂ ਕਿਉਂਕਿ ਸਰਪੰਚ ਲੜਦਾ ਸੀ ਪਰ ਫੇਰ ਵੀ ਮੈਂ ਗਾਹੇ-ਬਗਾਹੇ ਭੁੱਸ ਪੂਰਾ ਕਰ ਲੈਂਦਾ ਸਾਂ। ਮਾਘੀ ਮੇਲੇ 'ਤੇ ਰਿੰਕੂ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਬਿੱਟੂ ਕਮਾਨੀਆਂ ਵਾਲਾ ਤੇ ਬਿੱਟੂ ਹੋਮਗਾਡੀਆ ਵੀ ਉਦੋਂ ਉੱਥੇ ਹੀ ਸਨ। ਮੈਂ ਜਿਸੁ ਦਿਨ ਜੇਲ੍ਹ 'ਚ ਗਿਆ ਸੀ ਤਾਂ ਟੀਕਿਆਂ ਦਾ ਨਿਚੋੜਿਆ ਪਿਆ ਸੀ ਪਰ ਬਾਪੂ ਨੇ ਦਸ ਕਿਲੋ ਦੇਸੀ ਘਿਉ ਲਿਆ ਦਿੱਤਾ। ਦੋ ਕੁ ਮਹੀਨਿਆਂ 'ਚ ਫੇਰ ਵੱਖੀਆਂ 'ਤੇ ਮਾਸ ਚੜ੍ਹ ਆਇਆ। ਸਾਰਾ ਦਿਨ ਅਸੀਂ ਮਸਤੀਆਂ ਕਰਦੇ ਤੇ ਸ਼ਾਮ ਨੂੰ 'ਐਕਸਪ੍ਰੈਸ' (ਐਲਪਰਾਜ਼ੋਲ) ਦੀਆਂ ਗੋਲੀਆਂ ਖਾ ਕੇ ਸੌਂ ਜਾਂਦੇ। ਜੇਲ੍ਹ ਦੀ ਦੂਜੀ ਬੈਰਕ 'ਚ ਮਿੰਨੀ ਨਾਂ ਦਾ ਕੈਦੀ ਰਹਿੰਦਾ ਸੀ। ਜੋ ਕੈਦੀਆਂ ਨੂੰ ਸੁੱਕਣੇ ਪਾਈ ਫਿਰਦਾ ਸੀ ਕਿ ਕੋਈ ਮੇਰੇ ਨਾਲ ਕਬੱਡੀ ’ਚ ਹੱਥ-ਜੋੜੀ ਕਰਕੇ ਵੇਖੋ। ਕੱਦ ਦਾ ਉਹ ਸੁਮੱਧਰ ਜਿਹਾ ਸੀ ਪਰ ਸੀ ਬੜਾ ਤੇਜ । ਸਾਰੇ ਉਹਦੇ ਤੋਂ ਕੰਨ ਭੰਨਦੇ ਸੀ। ਮੇਰਾ ਇਹ ਅਸੂਲ ਰਿਹਾ ਹੈ ਕਿ ਮੈਂ ਕੈਦ ਦੌਰਾਨ ਨਾ ਤਾਂ ਬਹੁਤਾ ਬੋਲਦਾ ਹਾਂ ਤੇ ਨਾ ਹੀ ਕਦੇ ਮੈਂ ਕਿਸੇ ਦੇ ਥੱਲੇ ਲੱਗਿਆ ਹਾਂ। ਇਹੀ ਕਾਰਨ ਹੈ ਕਿ ਮੈਂ ਕੈਦ ਦੌਰਾਨ ਨਾ ਤਾਂ ਅੱਜ ਤੱਕ ਕਿਸੇ ਦੇ ਚਪੇੜ ਮਾਰੀ ਤੇ ਨਾ ਹੀ ਕਿਸੇ ਤੋਂ ਖਾਧੀ। ਇਸੇ ਸਿਧਾਂਤ 'ਤੇ ਚਲਦਿਆਂ ਮੈਂ 'ਮਿੰਨ੍ਹੀ' ਭਲਵਾਨ ਦੀ ਲਲਕਾਰ ਦਾ ਪ੍ਰਤੀਕਾਰ ਨਾ ਕੀਤਾ ਤੇ ਚੁੱਪ ਜਿਹਾ ਕਰਕੇ ਤੁਰਿਆ ਫਿਰਦਾ ਰਿਹਾ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਮਿੰਨ੍ਹੀ ਬਾਊ ਇੱਕ ਦਿਨ ਸਰਪੰਚ ਕੋਲ ਆ ਗਿਆ ਤੇ ਆ ਕੇ ਕਹਿੰਦਾ "ਸਰਪੰਚਾ। ਥੱਕ ਗਿਆ ਮੈਂ ਤਾਂ ਕੋਈ ਸ਼ੇਰ ਲੱਭਦਾ ਪਰ ਇਹ ਤਾਂ ਜੇਲ੍ਹ ਈ ਖੁਸਰਿਆਂ ਦੀ ਆ। ਕੋਈ ਮੇਰੀ ਝੰਡੀ ਨਹੀਂ ਫੜਦਾ।" ਸਰਪੰਚ ਹੌਲੀ ਦੇਣੀ ਬੋਲਿਆ "ਮਿੰਨ੍ਹੀ ਸਿਹਾਂ। ਝੰਡੀ ਤੇਰੀ ਫੜੀ ਗਈ। ਜਾਹ ਜਾ ਕੇ ਤਿਆਰੀ ਕਰ 'ਲਾ।" ਮਿੰਨ੍ਹੀ ਹੈਰਾਨ ਰਹਿ ਗਿਆ ਕਿ ਸਰਪੰਚ ਕੋਲ ਕਿਹੜਾ ਫਿੱਡੂ ਆ ਗਿਆ? ਮਿੰਨ੍ਹੀ ਨੇ ਸ਼ਰਤ ਰੱਖ ਦਿੱਤੀ ਕਿ ਜੇਲ੍ਹ ਵਾਲਿਆਂ ਤੋਂ ਇਜਾਜ਼ਤ ਤੁਸੀਂ ਲੈਣੀ ਹੈ। ਜਦੋਂ ਇਹ ਵਾਰਤਾਲਾਪ ਚੱਲ ਰਿਹਾ ਸੀ ਤਾਂ ਮੈਂ ਚਾਰ ਕੁ ਕਰਮਾਂ ਦੀ ਦੂਰੀ 'ਤੇ ਭੱਠੀ 'ਤੇ ਦਾਲ ਨੂੰ ਤੜਕਾ ਲਾ ਰਿਹਾ ਸੀ। ਮੈਨੂੰ ਪਤਾ ਲੱਗ ਗਿਆ ਕਿ ਸਰਪੰਚ ਨੇ ਮੇਰਾ ਜੋੜ ਭੜਾ ਦਿੱਤੈ।
ਸਰਪੰਚ ਖੁਦ ਵੀ ਮੇਰੇ ਪਿਤਾ ਦਾ ਸਮਕਾਲੀ ਧਾਕੜ ਕਬਡੀ ਖਿਡਾਰੀ ਸੀ। ਮਿੰਨ੍ਹੀ ਚਲਾ ਗਿਆ ਤਾਂ ਸਰਪੰਚ ਨੇ ਮੈਨੂੰ ਕੋਲ ਬੁਲਾ ਲਿਆ ਤੇ ਕਹਿੰਦਾ "ਭੂਤਨੀ ਦਿਆ। ਹੁਣ ਘਿਉ ਦਾ ਮੁੱਲ ਮੋੜ ਦਈਂ। ਕਿਤੇ ਜਹਾਨੋਂ ਨਾ 'ਠਾ ਦਈ।" ਮੈਂ ਭੋਲਾ ਜਿਹਾ ਬਣਕੇ ਕਿਹਾ "ਕੀ ਹੋ ਗਿਆ ਸਰਪੰਚਾ ?" "ਹੋਇਆ ਤੇਰੀ ਮਾਂ ਦਾ ਸਿਰ। ਓਏ ਆਹ ਮਿੰਨ੍ਹੀ ਸਾਰੀ ਜੇਲ੍ਹ ਅੱਗੇ ਲਾਈ ਫਿਰਦੈ। ਮੈਂ ਕਿਹਾ ਬਈ ਅਸੀਂ ਖੇਡਾਂਗੇ ਤੇਰੇ ਨਾਲ।" ਸਰਪੰਚ ਨੇ ਜੋਸ਼ 'ਚ ਬੋਲਿਆ। ਮੈਂ ਆਖਿਆ "ਫੇਰ ਖੇਡ 'ਲਾ ਸਰਪੰਚਾ! ਤੈਨੂੰ ਕੀ ਪਾਂ ਪਈ ਆ?" ਸਰਪੰਚ ਨੇ ਦੋ ਗਾਲ੍ਹਾਂ ਹੋਰ ਦਿੱਤੀਆਂ ਤੇ ਕਹਿੰਦਾ "ਹੁਣ ਮੇਰੀ ਲਾਜ ਰੱਖ 'ਲੀ ।" ਮੈਂ ਸਰਪੰਚ ਨੂੰ ਕਿਹਾ ਕਿ "ਤੂੰ ਜੇਲ੍ਹ ਵਾਲਿਆਂ ਤੋਂ ਪੁੱਛ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ।" ਸਰਪੰਚ ਦੀ ਜੇਲ੍ਹ ਸੁਪਰਡੈਂਟ ਸੰਧੂ ਨਾਲ ਗੂੜ੍ਹੀ ਯਾਰੀ ਸੀ। ਇੱਕ ਹੋਵੇ ਅਕਾਲੀਆਂ ਦਾ ਲੀਡਰ ਤੇ ਉੱਤੋਂ ਹੋਵੇ ਪੁਲਸੀਆਂ ਦਾ ਜਿਗਰੀਆ ਯਾਰ ਤਾਂ ਫੇਰ ਕਿਸੇ ਕੰਮ ਨੂੰ ਨਾਂਹ ਕਾਹਦੀ? ਪਰ ਚੱਕਰ ਹੌਲਦਾਰ ਨੇ ਨਿਯਮਾਂ ਦਾ ਵਾਸਤਾ ਦੇ ਕੇ ਸਿਰ ਫੇਰ ਦਿੱਤਾ। ਚੱਕਰ ਹੌਲਦਾਰ ਬਜ਼ੁਰਗ ਸੀ ਪਰ ਪਿਆਰ ਨਾਲ ਸਾਰੇ ਉਹਨੂੰ 'ਚਾਚਾ' ਕਹਿੰਦੇ ਸੀ। ਵੈਸੇ ਪੰਜਾਬੀਆਂ ਦੀ ਇਹ ਆਦਤ ਹੈ ਕਿ ਤਾਏ ਕਹੇ ਤੂੰ ਮੂੰਹ ਜਿਹਾ ਬਣਾ ਲੈਂਦੇ ਆ ਤੇ ਚਾਚਾ ਆਖੇ ਤੋਂ ਫੁੱਲ ਵਾਂਗ ਖਿੜ੍ਹ ਜਾਂਦੇ ਨੇ। ਚਾਚੇ ਨੇ ਸਰਪੰਚ ਨੂੰ ਕਿਹਾ ਕਿ "ਏਦਾਂ ਕਰ ਐਤਵਾਰ ਕੋਟਮੌਕੇ (ਬਾਊਂਡਰੀ ਵਾਲ) ਦੇ ਨਾਲ ਲਿਜਾ ਕੇ ਚਾਰ- ਚਾਰ ਕੌਡੀਆਂ ਪੁਆ 'ਲਾ। ਬਹੁਤਾ ਪੰਗਾ ਨਾ ਕਰੀਂ।" ਇਹੀ ਹੋਇਆ ਐਤਵਾਰ ਸ਼ਾਮੀਂ ਪੰਜ ਕੁ ਵਜੇ ਮੈਦਾਨ 'ਚ ਅਸੀਂ ਨਿੱਤਰ ਪਏ। ਸਾਰੀ ਜੇਲ੍ਹ ਮਿੰਨ੍ਹੀ ਦਾ ਦਮ ਦੇਖਣ ਆ ਗਈ। ਕੋਟਮੌਕੇ ਲਾਗੇ ਥਾਂ ਕਾਫੀ ਖੁੱਲੀ ਸੀ। ਪੰਜ-ਪੰਜ ਕਬੱਡੀਆਂ ਪਾਉਣੀਆਂ ਮਿੱਥ ਲਈਆਂ। ਮਿੰਨੀ ਨਾਲ ਤਿੰਨ-ਚਾਰ ਹੋਰ ਸਨ ਜਦਕਿ ਮੈਂ ਆਵਦੇ ਨਾਲ ਸਰਪੰਚ ਦੇ ਭਤੀਜੇ ਤੇ ਆਪਣੇ ਜਮਾਤੀ ਪੰਮੇ ਨੂੰ ਖੜ੍ਹਾ ਲਿਆ। ਪੰਮਾ ਅਨਾੜੀ ਸੀ ਪਰ ਮੈਂ ਉਸ ਨੂੰ ਸਮਝਾ ਦਿੱਤਾ ਕਿ ਜਦੋਂ ਮਿੰਨ੍ਹੀ ਤੇਰੇ ਵੱਲ ਆਵੇ ਤਾਂ ਪਿੱਛੇ ਹੱਟ ਜਾਵੀਂ ਹੱਥ ਨਾ ਲਵਾਈ ਮੈਂ ਹੇਠਲੇ ਪਾਸੇ ਆ ਕੇ ਮੋਰਚਾ ਸੰਭਾਲ ਲਊਂਗਾ। ਲਓ ਜੀ ! ਮੈਚ ਸ਼ੁਰੂ ਹੋ ਗਿਆ। ਮਿੰਨ੍ਹੀ ਵਾਕਿਆ ਹੀ ਤੇਜ ਨਿਕਲਿਆ। ਉਹ ਪੰਮੇ ਵੱਲ ਚੜ੍ਹਿਆ ਈ ਨਾ ਬਲਕਿ ਮੇਰੇ ਪੈਰ ਨੂੰ ਪੈਰ ਲਾ ਕੇ ਧੂੜ ਹੋ ਗਿਆ। ਮੇਰੇ ਫਿਊਜ਼ ਉੱਡ ਗਏ ਕਿ ਇਹ ਤਾਂ ਲਾਹਨਤੀ ਆ ਪੂਰਾ ਕੰਮ ਕੱਚਾ ਨਹੀਂ ਹੈ। ਮੈਂ ਕੌਡੀ ਪਾਈ ਤੇ ਇੱਕ ਲੰਮੜ ਜਿਹੇ ਜਾਫ਼ੀ ਨੂੰ ਹੱਥ ਲਾ ਕੇ ਪਿਛਲਖੁਰੀ ਭੱਜ ਤੁਰਿਆ। ਬੈਕ ਤਾਂ ਮੈਂ ਫੋਰਡ ਟਰੈਕਟਰ ਤੋਂ ਵੀ ਜ਼ਿਆਦਾ ਭੱਜਦਾ ਸੀ। ਹੁਣ ਮਿੰਨ੍ਹੀ ਦੀ ਵਾਰੀ ਸੀ। ਮੈਨੂੰ ਪਤਾ ਸੀ ਕਿ ਜੋ ਹੁਣ ਮਿੰਨ੍ਹੀ ਭੱਜ ਗਿਆ ਫੇਰ ਫੜਿਆ ਕਿਸੇ ਕੰਮ ਵੀ ਨਹੀਂ ਆਉਣਾ। ਮੈਂ ਪੰਮੇ ਨੂੰ ਸਿਖਾ ਦਿੱਤਾ ਕਿ ਤੂੰ ਮਿੰਨ੍ਹੀ ਵੱਲ ਨੂੰ ਪੈਰ ਪੁੱਟ ਕੇ ਪਿੱਛੇ ਨੂੰ ਭੱਜੀ ਕਿਉਂਕਿ ਮੈਨੂੰ ਪਤਾ ਸੀ ਹੁਣ ਮਿੰਨ੍ਹੀ ਮੇਰੇ ਨੇੜੇ ਨਹੀਂ ਆਏਗਾ। ਸਾਡੀ ਨੀਤੀ ਨੇ ਕੰਮ ਕੀਤਾ। ਪੰਮਾ ਭੱਜ ਕੇ ਅਗਾਂਹ ਨੂੰ ਹੋਇਆ ਤਾਂ ਮਿੰਨ੍ਹੀ ਤਬਕ ਗਿਆ। ਉਹਨੇ ਮੈਨੂੰ ਝਾਕਾ ਦੇ ਕੇ ਪੰਮੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕੀਤੀ। ਬੱਸ ਇਹੀ ਮੈਂ ਚਾਹੁੰਦਾ ਸੀ। ਮੈਂ ਟੁੱਟ ਪਿਆ। ਵੱਖਲ 'ਚ ਮੈਂ ਜ਼ੋਰ ਨਾਲ ਵਾਰ ਕਰਕੇ ਬਗਲਾਂ ਭਰ ਲਈਆਂ ਤੇ ਕੈਂਚੀ ਮਾਰ ਕੇ ਮਿੰਨ੍ਹੀ ਨੂੰ 'ਮਿੰਨ੍ਹਾ ਕਰ ਦਿੱਤਾ। ਕੈਦੀਆਂ ਰੌਲਾ ਚੁੱਕ ਦਿੱਤਾ। ਮਿੰਨ੍ਹੀ ਦੇ ਏਨੀ ਜ਼ੋਰਦਾਰ ਨਾਲ ਬਗਲ ਵੱਜੀ ਕੇ ਉਸ ਤੋਂ ਚੰਗੀ ਤਰ੍ਹਾਂ ਤੁਰ ਵੀ ਨਹੀਂ ਸੀ ਹੋ ਰਿਹਾ। ਉਹ ਸਿੱਧਾ ਸਰਪੰਚ
ਕੋਲ ਗਿਆ ਤੇ ਕਹਿੰਦਾ "ਸਰਪੰਚਾ। ਇਹ ਜਲਾਦ ਤੂੰ ਰੱਖਿਆ ਹੈ ਤੇ ਮੈਨੂੰ ਦੱਸਿਆ ਵੀ ਨਹੀਂ ਕਿ ਇਹ ਕਬੱਡੀ ਖੇਡਦਾ ਏ?"
ਉਸ ਦਿਨ ਤੋਂ ਬਾਅਦ ਜੇਲ੍ਹ 'ਚ ਯਾਰਾਂ ਦੀ ਟੌਹਰ ਬਣ ਗਈ। ਹੁਣ ਸਾਰੇ ਸਤਿਕਾਰ ਕਰਦੇ ਤੇ ਭਲਵਾਨ ਜੀ ਆਖਦੇ। ਸਾਰੀਆਂ ਗਰਮੀਆਂ ਜੇਲ੍ਹ 'ਚ ਰਿਹਾ। ਅਬੋਹਰ ਵਾਲੇ ਕੇਸ ਨੂੰ ਛੱਡ ਕੇ ਦੋਵਾਂ ਕੇਸਾਂ 'ਚੋਂ ਜ਼ਮਾਨਤ ਹੋ ਗਈ। ਮੈਂ ਰਾਤ ਨੂੰ ਅੱਠ ਕੁ ਵਜੇ ਜੇਲ੍ਹ 'ਚੋਂ ਨਿਕਲਿਆ ਤੇ ਪੀਪਲ ਬੱਸ ਸਰਵਿਸ ਦੀ ਲਾਰੀ 'ਤੇ ਸੁਆਰ ਹੋ ਕੇ ਮਲੋਟ ਆ ਗਿਆ। ਪੰਜਾਹ ਦਾ ਅਧੀਆ ਲਿਆ ਤੇ ਨਾਲ ਚਾਰ ਕੁ ਆਂਡੇ ਲੈ ਕੇ ਛੱਕਦਾ-ਛਕਾਉਂਦਾ ਪਿੰਡ ਆ ਗਿਆ। ਆ ਕੇ ਮੈਂ ਸਿਰ 'ਤੇ ਉਸਤਰਾ ਲਵਾ ਦਿੱਤਾ ਪਰ ਉਸੇ ਦਿਨ ਪਤਾ ਲੱਗਾ ਕਿ ਪਿੰਡ 'ਚ ਕੌਡੀ ਹੋ ਰਹੀ ਐ। ਮੈਂ ਭੱਜ ਕੇ ਆਇਆ ਤੇ ਆ ਕੇ ਵੇਖਿਆ ਰਾਣੀ ਵਾਲਾ ਪਿੰਡ ਤੋਂ ਮੇਰਾ ਪਿੰਡ ਬੁਰੀ ਤਰ੍ਹਾਂ ਕੁੱਟ ਖਾ ਰਿਹਾ ਸੀ। ਨਿਰਵੈਰ ਘੋਨੀ (ਜੋ ਬਾਅਦ 'ਚ ਅੰਤਰ ਰਾਸ਼ਟਰੀ ਸਿਤਾਰਾ ਬਣਿਆ) ਦੇ ਪਿੰਡੇ 'ਤੇ ਮਿੱਟੀ ਨਹੀਂ ਸੀ ਲੱਗੀ। ਮੈਂ ਲੀੜੇ ਲਾਹ ਕੇ ਬਾਬੇ (ਸਾਡੇ ਪਿੰਡ ਦੇ ਗੁਰਦੁਆਰੇ ਦੇ ਕਾਰ ਸੇਵਾ ਮੁਖੀ ਸੰਤ ਕਰਤਾਰ ਸਿੰਘ) ਤੋਂ ਆਗਿਆ ਲਈ ਤੇ ਮੈਦਾਨ 'ਚ ਆ ਗਿਆ। ਮੈਂ ਪਹਿਲੀ ਸੱਟੇ ਘੋਨੀ ਨੂੰ ਗੁੱਟ ਤੋਂ ਜੱਫਾ ਲਾ ਦਿੱਤਾ ਪਰ ਉਸ ਹਲਕੇ ਜਿਹੇ ਮੁੰਡੇ ਨੇ ਝਟਕੇ ਮਾਰ ਮਾਰ ਮੇਰਾ ਅੰਦਰ ਹਿਲਾ ਦਿੱਤਾ। ਮੈਂ ਬਾਹਰ ਆ ਗਿਆ ਤੇ ਆ ਕੇ ਲੰਗੋਟਾ ਪਾੜ ਦਿੱਤਾ। ਦਰਅਸਲ ਮੈਂ ਸਵੀਕਾਰ ਕਰ ਲਿਆ ਕਿ ਕਬੱਡੀ ਹੁਣ ਮੇਰੇ ਵਸਦੀ ਨਹੀਂ ਰਹੀ, ਇਹਨੇ ਬੜਾ ਕੁਝ ਦਿੱਤੇ ਕਿਉਂ ਹੁਣ ਇਹਨੂੰ ਦਾਗਦਾਰ ਕਰਨੈਂ ? ਇਹ ਮੇਰਾ ਕਬੱਡੀ ਦਾ ਆਖਰੀ ਮੈਚ ਸੀ। ਇਸ ਤੋਂ ਬਾਅਦ ਲੰਮੇ ਸਮੇਂ ਤੱਕ ਕ੍ਰਿਕਟ ਤੇ ਤਿੰਨ-ਚਾਰ ਸਾਲ ਵਾਲੀਬਾਲ (ਸ਼ੂਟਿੰਗ) ਖੇਡਿਆ। ਪਰ ਕਬੱਡੀ ਦੇ ਮੈਦਾਨ 'ਚ ਕਦੇ ਨਹੀਂ ਉਤਰਿਆ। ਕਬੱਡੀ ਮੈਂ ਕੁਲ ਸੱਤ ਸਾਲ ਖੇਡੀ। ਇਸ ਦੌਰਾਨ 400 ਦੇ ਕਰੀਬ ਪੇਂਡ ਟੂਰਨਾਮੈਂਟ ਅਤੇ 200 ਦੇ ਕਰੀਬ ਮੇਲੇ (ਗੁਰਦੁਆਰਿਆਂ ਅਤੇ ਪੀਰਾ-ਫੱਕਰਾਂ ਦੀਆਂ ਮਜਾਰਾਂ 'ਤੇ ਲੱਗਣ ਵਾਲੇ) ਖੇਡੇ। ਇਨ੍ਹਾਂ ਖੇਡ ਮੇਲਿਆਂ ਦੌਰਾਨ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕੀਤਾ। ਪੰਜਾਬ ਘੁੰਮਣ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ 'ਚ ਖੇਡਣ ਤੇ ਘੁੰਮਣ ਦਾ ਮੌਕਾ ਮਿਲਿਆ। ਬਹੁਤ ਸਾਰੀਆਂ ਯਾਦਾਂ ਇਸ ਸਫ਼ਰ ਅਤੇ ਕਬੱਡੀ ਨਾਲ ਜੁੜੀਆਂ ਮੇਰੇ ਜ਼ਹਿਨ 'ਚ ਸਦਾ ਲੁੱਡੀ ਪਾਉਂਦੀਆਂ ਰਹਿਣਗੀਆਂ। ਅਸੀਂ ਓਨ੍ਹਾਂ ਦਿਨਾਂ 'ਚ ਬਹੁਤਾ ਸਫ਼ਰ ਬੱਸਾਂ 'ਤੇ ਜਾਂ ਪੈਦਲ ਤੈਅ ਕਰਦੇ ਸੀ ਜਦਕਿ ਵੱਡੇ ਇਨਾਮੀ ਮੁਕਾਬਲਿਆਂ 'ਚ ਅਸੀਂ ਜੀਪ ਕਿਰਾਏ 'ਤੇ ਲੈ ਜਾਂਦੇ। ਕਬੱਡੀ 55 ਕਿਲੋ ਵਰਗ ਤੋਂ ਸ਼ੁਰੂ ਹੋ ਕੇ ਮੈਂ ਆਲ ਓਪਨ ਤੱਕ ਦਾ ਸਫ਼ਰ ਤੈਅ ਕੀਤਾ। ਉਸ ਵੇਲੇ ਦੇ ਕਬੱਡੀ ਖਿਡਾਰੀ ਸਿਗਰਟਾਂ ਆਮ ਪੀਂਦੇ ਸਨ ਤੇ ਕੁਝ ਕੁ ਅਜਿਹੇ ਸਨ ਜਿਹੜੇ ਭੂਕੀ-ਕੈਪਸੂਲ ਆਦਿ ਲੈ ਕੇ ਵੀ ਖੇਡਦੇ ਸਨ ਪਰ ਅੱਜ ਵਾਂਗੂੰ ਟੀਕਿਆਂ ਅਤੇ ਚਿੱਟੇ ਦੀ ਕੋਈ ਵਰਤੋਂ ਨਹੀਂ ਸੀ ਕਰਦਾ। ਖੇਡ ਮੇਲਿਆਂ ਦੌਰਾਨ ਰਾਤ ਨੂੰ ਸਾਨੂੰ ਪਿੰਡਾਂ 'ਚ ਕਿਸੇ ਦੇ ਘਰ ਜਾਂ ਸਕੂਲ ਦੇ ਕਿਸੇ ਕਮਰੇ 'ਚ ਠਹਿਰਾਇਆ ਜਾਂਦਾ ਜਿੱਥੇ ਅਸੀਂ ਸਾਰੀ ਰਾਤ ਮਸਤੀਆਂ ਕਰਦੇ ਰਹਿੰਦੇ ਪਰ ਜਿੱਥੇ ਵੀ ਰਹਿੰਦੇ ਅਸੀਂ ਉਸ ਪਿੰਡ ਜਾਂ ਘਰ ਦੀ ਇੱਜਤ ਦਾ ਖਾਸ ਖਿਆਲ ਰੱਖਦੇ ਕਿਉਂਕਿ ਸਾਡਾ ਇਹ ਮੰਨਣਾ ਹੁੰਦਾ ਸੀ ਕਿ ਨਮਕ ਹਰਾਮੀ ਦਾ ਭਲਵਾਨ ਨੂੰ ਸਰਾਪ ਲੱਗਦਾ ਹੈ। ਕਈ ਕੁੜੀਆਂ ਡੁੱਲ ਵੀ ਜਾਂਦੀਆਂ ਪਰ ਅਸੀ ਰਮਤੇ ਜੋਗੀਆਂ ਵਾਂਗ ਨੀਵੀਂ ਪਾ ਕੇ
ਅਗਲੇ ਗਰਾਂ ਨੂੰ ਚਾਲੇ ਪਾ ਜਾਂਦੇ। ਸਾਡੇ 'ਚੋਂ ਇਕ-ਦੋ ਲੰਗੋਟੇ ਦੇ ਕੱਚੇ ਵੀ ਸਨ ਪਰ ਅਸੀਂ ਜੁੱਤੀਆਂ ਨਾਲ ਉਨ੍ਹਾਂ ਨੂੰ ਟਿਕਾ ਲੈਂਦੇ। ਮੈਂ ਕਈ ਵਾਰ ਰਾਤੋ-ਰਾਤ 7- 8 ਕਿਲੋ ਵਜਨ ਵੀ ਘਟਾਇਆ ਪਰ ਅਗਲੇ ਦਿਨ ਬਹੁਤੀ ਸਫ਼ਲਤਾ ਨਾ ਮਿਲਦੀ। ਵੈਸੇ ਓਨ੍ਹਾਂ ਦਿਨਾਂ 'ਚ ਅਸੀਂ ਚਿਕਨਾਹਟ ਲਈ ਮੈਦਾਨ 'ਚ ਜਾਣ ਤੋਂ ਪਹਿਲਾਂ ਕਰੀਮ ਵੀ ਲਾਉਂਦੇ ਹੁੰਦੇ ਸੀ। ਬਹੁਤ ਸਾਰੇ ਟੂਰਨਾਮੈਂਟ ਜਿੱਤੇ ਬਹੁਤ ਹਾਰੇ ਪਰ ਓਨ੍ਹਾਂ ਦਿਨਾਂ 'ਚ ਖੇਡ ਮੇਲਿਆਂ 'ਤੇ ਜਿਹੜੇ ਅਖਾੜੇ ਲੱਗਦੇ ਸੀ ਉਨ੍ਹਾਂ ਦਾ ਮਾਣਿਆ ਅਨੰਦ ਕਦੇ ਨਹੀਂ ਭੁੱਲੇਗਾ ਤੇ ਨਾ ਉਹ ਸਭਿਆਚਾਰ ਦੇ ਵੱਖੋ-ਵੱਖ ਰੰਗ ਭੁੱਲਣਗੇ ਜਿਹੜੇ ਅਸੀਂ ਵੱਖ-ਵੱਖ ਇਲਾਕਿਆਂ 'ਚ ਵੇਖੋ। ਉਹ ਕਬੱਡੀ ਵਾਲੇ ਯਾਰ ਮਰਹੂਮ ਬੌਬੀ, ਮਰਹੂਮ ਘੈਂਟੀ, ਮਰਹੂਮ ਟੌਲੀ, ਬਿੱਲਾ ਬੋਦੀਵਾਲਾ, ਜੱਸਾ ਫੁਲੂ ਖੇੜਾ, ਜੀਤੂ, ਜਸਪਾਲ ਬਾਹ, ਕਿੰਦਰੀ ਅਰਨੀਵਾਲਾ, ਪਾਲੂ, ਮੋਸ਼ੀ ਅਤੇ ਸੋਨੀ ਮੂਲਿਆਂਵਾਲੀ, ਅਮਿਤ ਮਿੱਡਾ ਆਦਿ ਵੀ ਨਹੀਂ ਭੁੱਲਣਗੇ, ਜਿੰਨ੍ਹਾਂ ਨਾਲ ਬੇਅੰਤ ਸਮਾਂ ਬਿਤਾਇਆ। ਕਬੱਡੀ ਵਾਲੇ ਦਿਨ ਇਕ ਹਸੀਨ ਦੌਰ ਸੀ। ਟੂਰਨਾਮੈਂਟ ਦੇ ਜਿੱਤੇ ਇਨਾਮ ਨੂੰ ਵੰਡਣ ਵੇਲੇ ਹੁੰਦੀ ਲੜਾਈ ਅਤੇ ਬੋਤਲ ਲਈ ਪੰਜ-ਪੰਜ ਰੂਪੈ ਇਕੱਠੇ ਕਰਨ ਬੜੇ ਯਾਦ ਆਉਣਗੇ। ਰੈਫਰੀਆਂ ਦੀਆਂ ਸੀਟੀਆਂ, ਕੁਮੈਂਟਰੀ ਦੋ ਟੋਟਕੇ, ਧੌਲ੍ਹਾਂ ਦੇ ਪਟਾਕੇ, ਕੈਚੀਆਂ ਦੇ ਰੋਮਾਂਚ ਕਾਲਜੇ ਧੂਹ ਪਾਉਂਦੇ ਹਨ ਪਰ ਇਸ ਦੌਰ ਨੂੰ ਹਲਾਕ ਕਰਨ ਵਾਲਾ ਕੋਈ ਹੋਰ ਨਹੀਂ, ਇਸ ਲਈ ਮੈਂ ਖੁਦ ਹੀ ਜ਼ਿੰਮੇਵਾਰ ਸੀ। ਨਹੀਂ ਤਾਂ ਜੇ ਮੈਂ ਭਟਕਦਾ ਨਾ ਤਾਂ ਅੱਜ... ? ਅੱਜ ਵੀ ਮੈਂ ਇਸ ਰੌਣਕ ਦਾ ਹਿੱਸਾ ਹੁੰਦਾ। "ਮੈਂ ਰਿਹਾ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ"।
ਰੋਡ ਨਾਲ ਯਾਰੀ
ਇਸ ਦੌਰਾਨ ਕੁਝ ਮਹੀਨੇ ਪਿੰਡ ਰਿਹਾ ਤੇ ਇੱਕ ਦਿਨ ਪਿੰਡ ਦਾ ਪੁਰਾਣਾ ਬੇਲੀ ਕੌਰਾ ਡਰਾਇਵਰ (ਮੌਤ ਹੋ ਚੁੱਕੀ ਹੈ) ਕਹਿੰਦਾ "ਵਿਹਲਾ ਤੁਰਿਆ ਫਿਰਦਾ ਏਂ, ਆ ਤੈਨੂੰ ਬੰਬੇ ਘੁੰਮਾ ਲਿਆਵਾਂ। ਨਾਲੇ ਦੋ ਪੈਸੇ ਕਮਾ ਲਈਂ ਤੇ ਨਾਲੇ ਚੰਗਾ ਖਾ-ਪੀ ਆਵੀਂ।" ਮੈਂ ਬੰਬੇ ਦੇ ਨਾਂ 'ਤੇ ਤਿਆਰ ਹੋ ਗਿਆ। ਬੰਬੇ ਵੇਖਣਾ ਮੇਰਾ ਸੁਫ਼ਨਾ ਸੀ। ਕੌਰੇ ਦੇ ਭਰਾ ਕਾਲੇ ਨੇ ਨਵਾਂ ਹੀ ਟਰੱਕ ਲਿਆ ਸੀ। ਉਸ ਨੇ ਪਿੰਡ ਦੀ ਹੀ ਕੁੜੀ ਜੋ ਵਿਆਹੀ ਹੋਈ ਸੀ ਤੇ ਪੇਕੇ (ਸਾਡੇ ਪਿੰਡ) ਹੀ ਰਹਿੰਦੀ ਸੀ ਦਾ ਘਰ ਉਜਾੜ ਕੇ ਉਹਨੂੰ ਆਵਦੇ ਘਰ ਬਿਠਾ ਲਿਆ। ਜਨਾਨੀ ਦੇ ਮੁੰਡੇ-ਕੁੜੀਆਂ ਕਾਲੇ ਤੋਂ ਥੋੜ੍ਹੇ ਈ ਛੋਟੇ ਸਨ। 'ਯਾਰਾਂ ਦਾ ਟਰੱਕ' ਉਸੇ ਦੀ ਜ਼ਮੀਨ 'ਚ ਆਇਆ ਸੀ। ਟਰੱਕ ਪਿੰਡੋਂ ਤੁਰ ਪਿਆ। ਕੌਰਾ ਅਤੇ ਨਿੰਮਾ (ਮੇਰੇ ਪਿੰਡ ਦੇ ਘਾਗ ਡਰਾਇਵਰ) ਟਰੱਕ ਦੇ ਚਾਲਕ ਸਨ ਤੇ ਮੈਂ ਉਨ੍ਹਾਂ ਦਾ ਕਲੀਨਰ। ਟਰੱਕ ਭੱਜਦਾ ਗਿਆ ਤੇ ਪੋਸਤ ਅਤੇ ਜਰਦੇ ਦਾ ਦੌਰ ਚੱਲਦਾ ਰਿਹਾ। ਰਾਜਸਥਾਨ, ਗੁਜ਼ਰਾਤ ਅਤੇ ਮਹਾਂਰਾਸ਼ਟਰ 'ਚੋਂ ਲੰਘ ਕੇ ਅਸੀਂ ਅੱਠਵੇਂ ਕੁ ਦਿਨ ਬੰਬੇ ਜਾ ਪਹੁੰਚੇ। ਰਾਹ 'ਚ ਰਾਜਸਥਾਨ ਦਾ ਮਾਰੂਥਲ ਦੇਖਿਆ ਤੇ ਗੁਜਰਾਤ ਦੇ ਢਾਬਿਆਂ ਤੋਂ ਲਜੀਜ਼ ਖਾਣਿਆਂ ਦਾ ਆਨੰਦ ਮਾਣਿਆ। ਟਾਟਾ ਸਫ਼ਾਰੀਆਂ ਗੱਡੀਆਂ ਉਨ੍ਹਾਂ ਦਿਨਾਂ ਚ ਉੱਥੇ ਆਮ ਸੀ। ਰਸਤੇ 'ਚ ਕਈ ਵਾਰ ਜਾਮ ਏਨੇ ਲੰਮੇ ਲੱਗ ਜਾਂਦੇ ਕਿ ਅਸੀਂ ਤੁਰੇ-ਤੁਰੇ ਜਾਂਦੇ ਰੋਟੀ ਪਕਾ ਲੈਂਦੇ। ਮੈਂ ਦੋਵਾਂ ਡਰਾਇਵਰਾਂ ਦੇ ਬਰਾਬਰ ਜਾਗਦਾ। ਕੌਰਾ ਇੱਥੇ ਯਾਰੀ ਨਹੀਂ ਸੀ ਨਿਭਾਅ ਰਿਹਾ ਬਲਕਿ ਪੂਰੀ ਮਾਲਕ ਵਾਲੀ ਟੌਹਰ ਨਾਲ ਪੇਸ਼ ਆ ਰਿਹਾ ਸੀ। ਬੰਬੇ ਅਸੀਂ ਸ਼ਾਮ ਨੂੰ ਪਹੁੰਚੇ। ਬੰਬੇ ਦੇ ਬਾਹਰ ਅਸੀਂ ਮਹਿਸੂਲ ਨਾਕੇ 'ਤੇ ਖੜ੍ਹੇ ਹੋਏ ਸਾਂ ਜਿੱਥੇ ਇੰਝ ਲੱਗ ਰਿਹਾ ਸੀ ਜਿਵੇਂ ਸਾਰੇ ਭਾਰਤ ਦੇ ਟਰੱਕ ਇੱਥੇ ਆ ਖੜ੍ਹੇ ਹੋਣ। ਨਿੰਮਾ ਸ਼ਰਾਬ ਲੈਣ ਚਲਾ ਗਿਆ। ਅਸੀਂ ਰੋਟੀ ਪਕਾਉਣ ਲੱਗੇ। ਕੌਰਾ ਟੂਲ 'ਤੇ ਚੜ੍ਹ ਗਿਆ। ਮੈਂ ਉਸ ਨੂੰ ਭਾਂਡੇ ਫੜਾ ਰਿਹਾ ਸੀ। ਸਟੋਵ ਮੈਂ ਕੱਢ ਕੇ ਥੱਲੇ ਰੱਖ ਦਿੱਤਾ। ਜਦੋਂ ਤਵਾ ਕੱਢ ਕੇ ਫੜਾਉਣ ਲੱਗਾ ਤਾਂ ਥੱਲੇ ਦੇਖ ਕੇ ਦੰਗ ਰਹਿ ਗਿਆ। ਸਟੋਵ ਨੂੰ ਖੰਬ ਲੱਗ ਚੁੱਕੇ ਸੀ। ਮੈਂ ਸੁੰਨ ਹੋ ਗਿਆ। ਟਰੱਕ ਥੱਲੇ ਵੇਖਿਆ ਤਾਂ ਇੱਕ ਪਿੰਗਲਾ ਜਿਹਾ ਨਸ਼ੇੜੀ ਸਟੋਵ ਪੈਰਾਂ 'ਚ ਧਰ ਕੇ ਸਿਗਰਟ ਭਰ ਰਿਹਾ ਸੀ। ਮੈਂ ਉਸ ਨਾਲ ਆਕੜ ਪਿਆ ਤੇ ਦੋ-ਚਾਰ ਸ਼ਾਂਦੇ ਵੀ ਦਿੱਤੇ। ਉਹ ਬਾਹਰ ਆ ਕੇ ਛੁਰਾ ਕੱਢ ਖਲੋਤਾ ਤੇ ਆਖਣ ਲੱਗਾ "ਏ ਸਰਦਾਰ । ਅਪੁਨ ਦਾਦਾ ਹੈ ਯਹਾਂ ਕਾ ਨਿਕਾਲੂੰ ਤੇਰੀ ਅਕੜ ਪੀਛੇ ਸੇ ਕਯਾ ?" ਮੈਂ ਡਰਿਆ ਘੱਟ ਹੈਰਾਨ ਜ਼ਿਆਦਾ ਹੋਇਆ ਕਿ ਵੀਹ ਸੇਰ ਦੇ ਇਸ ਐਕਸਰੇ ਨੂੰ ਦਾਦਾ ਕਿਸ ਨੇ ਬਣਾ ਦਿੱਤਾ? ਕੌਰਾ ਥੱਲੇ ਆ ਗਿਆ ਤੇ ਉਸ ਨੇ ਦਸ ਦਾ ਨੋਟ ਦੇ ਕੇ ਮਾਫ਼ੀ ਮੰਗਦਿਆਂ ਮੈਨੂੰ ਝਿੜਕਿਆ ਤੇ ਅੱਖ ਮਾਰੀ ਕਿ ਚੁੱਪ ਰਹਾਂ। 'ਦਾਦਾ ਸਾਬ੍ਹ' ਚਲੇ ਗਏ। ਮੈਂ ਕੌਰੇ ਨੂੰ ਕਿਹਾ "ਇਹਨੂੰ ਪੈਸੇ ਕਿਉਂ ਦਿੱਤੇ? ਇਹਦੇ ਤਾਂ ਮੈਂ ਚਾਰ ਕੰਨਾਂ 'ਤੇ ਮਾਰ ਕੇ ਇਹਦੇ ਤੋਂ ਟਾਇਰ ਸਾਫ ਕਰਵਾਉਣੇ ਸੀ।" ਕੌਰੇ ਨੇ ਮੈਨੂੰ ਸਮਝਾਇਆ ਕਿ ਇਹ ਇਕੱਲੇ
ਨਹੀਂ ਹੁੰਦੇ ਇਨ੍ਹਾਂ ਦੇ ਸਾਥੀ ਸੀਟੀ ਮਾਰਦਿਆਂ 'ਕੱਠੇ ਹੋ ਜਾਂਦੇ ਨੇ ਤੇ ਇਨ੍ਹਾਂ ਨਾਲ ਪੁਲਸ ਵੀ ਮਿਲੀ ਹੁੰਦੀ ਏ। ਇਨ੍ਹਾਂ ਛੋਟੇ-ਛੋਟੇ ਇਲਾਕੇ ਵੰਡੇ ਹੁੰਦੇ ਆ। ਮੈਂ ਹੈਰਾਨ ਸੀ ਕਿ ਇਹ ਬੰਬੇ ਹੈ ਜਾਂ 'ਪੰਗ'? ਅਸੀਂ ਇੱਕ ਰਾਤ ਮਹਿਸੂਲ ਨਾਕੇ 'ਤੇ ਕੱਟੀ 'ਤੇ ਦੂਜੀ ਸਵੇਰ ਅਸੀਂ ਮਾਲ ਲਾਹੁਣ ਸੈਂਚੂਰੀ ਮਿਲ ਪਹੁੰਚ ਗਏ। ਬੰਬੇ ਵਿਚ ਇਹ ਵੀ ਇੱਕ ਕਾਰੋਬਾਰ ਵੇਖਿਆ ਕਿ ਮਹਿਸੂਲ ਨਾਕੇ ਤੋਂ ਬੰਦੇ ਟਰੱਕਾਂ ਵਾਲਿਆਂ ਨਾਲ ਚੜ੍ਹ ਜਾਂਦੇ ਹਨ ਤੇ ਸ਼ਹਿਰ 'ਚੋਂ ਰਸਤਾ ਦੱਸਦੇ ਹੋਏ ਮੰਜ਼ਿਲ 'ਤੇ ਲੈ ਜਾਂਦੇ ਹਨ। ਇਸ ਕੰਮ ਲਈ ਉਹ ਨਿਰਧਾਰਤ ਫੀਸ ਲੈਂਦੇ ਹਨ। ਮੈਂ ਸੋਚਿਆ ਇੱਥੇ ਰਹਿ ਕੇ ਇਹੀ ਕੰਮ ਕਰ ਲਵਾਂ ਪਰ ਫਿਰ ਸੋਚਿਆ ਬੰਬੇ ਦੀਆਂ ਗਲੀਆਂ ਜਦੋਂ ਤੱਕ ਮੈਨੂੰ ਪਛਾਨਣਗੀਆਂ ਉਦੋਂ ਤੱਕ ਤਾਂ ਮੇਰੀ ਅਰਥੀ ਉੱਠ ਚੁੱਕੀ ਹੋਵੇਗੀ। ਮਾਲ ਉਤਾਰਦਿਆਂ ਸ਼ਾਮ ਪੈ ਗਈ। ਰਾਤ ਅਸੀਂ ਬੰਬੇ ਤੋਂ ਬਾਹਰ ਆ ਗਏ। ਸਾਰਾ ਬੰਬੇ ਮੈਂ ਬਾਂਦਰ ਵਾਂਗ ਟਰੱਕ ਦੇ ਟੂਲ 'ਤੇ ਵੇਖਿਆ। ਕਲੀਨਰਾਂ ਨੂੰ ਟੂਲ 'ਚ ਇਸ ਲਈ ਬਿਠਾਇਆ ਜਾਂਦਾ ਹੈ ਕਿਉਂਕਿ ਫਲਾਈ ਓਵਰਾਂ (ਪੁਲਾਂ) ਥੱਲਿਓਂ ਜਦੋਂ ਟਰੱਕ ਗੁਜ਼ਰਦੇ ਆ ਤਾਂ ਪੁਲ ਨਾਲ ਲੰਗੂਰ ਵਾਂਗ ਲਮਕੇ ਚੋਰ ਟੂਲ 'ਚੋਂ ਹੱਥ ਸਾਫ ਕਰ ਜਾਂਦੇ ਨੇਂ। ਮੈਂ ਬੰਬੇ ਦੇ ਰੰਗ-ਤਮਾਸ਼ੇ ਦੇਖ ਹੈਰਾਨ ਸਾਂ । ਅਗਲੇ ਦਿਨ ਭਰਤਪੁਰ (ਮਹਾਂਰਾਸ਼ਟਰ ਦਾ ਇਲਾਕਾ) ਆ ਕੇ ਅਸੀਂ ਲੋਹੇ ਦੀਆਂ ਤਾਰਾਂ ਲੱਦ ਲਈਆਂ। ਵਾਹਵਾ ਇੱਥੇ ਤਰਪਾਲ ਨਹੀਂ ਸੀ ਪਾਉਣੀ ਪਈ ਮਾਲ 'ਤੇ। ਨਹੀਂ ਤਾਂ ਤਰਪਾਲ ਦੇ ਰੱਸੇ ਖਿੱਚ-ਖਿੱਚ ਕੇ ਮੇਰੇ ਤਲੀਆਂ 'ਚ ਅੱਟਣ ਪੈ ਚੁੱਕੇ ਸਨ। ਟਰੱਕ ਪੰਜਾਬ ਨੂੰ ਤੁਰ ਪਿਆ ਪਰ ਨਾਲ ਹੀ ਕਲੇਸ਼ ਸ਼ੁਰੂ ਹੋ ਗਿਆ। ਮੇਰੇ ਦੋਵੇਂ ਡਰਾਇਵਰ ਰੋਟੀਆਂ ਤੋਂ ਲੜ ਪਏ। ਇੱਕ ਰੁੱਸ ਗਿਆ ਤੇ ਦੂਜੇ ਤੋਂ ਹਾਈਵੇ 'ਤੇ ਟਰੱਕ ਨਾ ਚੱਲੇ। ਦਰਅਸਲ ਨਿੰਮਾ ਰੋਟੀਆਂ ਬੜੀਆਂ ਛੱਕਦਾ ਸੀ ਤੇ ਖਾਣਾ ਭਾਲਦਾ ਵੀ ਵੰਨ- ਸਵੰਨਾ ਸੀ। ਉੱਤੋਂ ਪਾਈਆਂ ਤਲੀਆਂ ਹਰੀਆਂ ਮਿਰਚਾਂ ਉਹ ਇੱਕ ਟਾਈਮ ਦੀਆਂ ਖਾਂਦਾ ਸੀ। ਕੌਰਾ ਪਿੱਟਦਾ ਸੀ ਕਿ ਕਮਾਈ ਤਾਂ ਆਪਣੀ ਖਾਣੇ ਤੇ ਨਸ਼ੇ 'ਚ ਖੁਰ ਰਹੀ ਹੈ ਘਰ ਮਾਂ ਦਾ ਸਿਰ ਲਿਜਾਵਾਂਗੇ ? ਓਧਰ ਨਿੰਮਾ ਤਰਕ ਦੇ ਕੇ ਕਹਿ ਰਿਹਾ ਸੀ ਕਿ "ਤੂੰ ਓਹ ਡਰਾਈਵਰ ਲੱਭ 'ਲਾ ਜਿਹੜਾ ਰੋਟੀ ਨਾ ਖਾਂਦਾ ਹੋਵੇ।" ਮੈਂ ਵਿਚੋਲਾ ਬਣਕੇ ਦੋਵਾਂ ਦਾ ਸਮਝੌਤਾ ਕਰਵਾਇਆ। ਗੱਡੀ ਫੇਰ ਚੱਲ ਪਈ ਪਰ ਪਾਲੀ (ਰਾਜਸਥਾਨ) ਕੋਲ ਆ ਕੇ ਲਾਰੀ ਦੇ ਚੱਕੇ ਖੁੱਲ੍ਹ ਗਏ। ਦੋਵੇਂ ਡਰਾਈਵਰ ਸ਼ਹਿਰ ਚਲੇ ਗਏ ਤੇ ਮੈਂ ਤਿੱਖੜ ਦੁਪਿਹਰ 'ਚ ਮਾਰੂਥਲ 'ਚ ਇਕੱਲਾ ਰਹਿ ਗਿਆ। ਟਰੱਕ ਦੇ ਛਾਵੇਂ ਬੈਠਾ ਤਕਦੀਰ ਮਿਣ ਰਿਹਾ ਸੀ ਤੇ ਕੋਲੋਂ ਟਰੱਕ ਲੰਘਦੇ ਜਾ ਰਹੇ ਸੀ। ਸ਼ਾਮ ਨੂੰ ਮਿਸਤਰੀ ਆਇਆ। ਸਾਰੀ ਰਾਤ ਮੈਂ ਮਿਸਤਰੀ ਨਾਲ ਮੱਥਾ ਮਾਰਦਾ ਰਿਹਾ। ਸਵੇਰ ਨੂੰ ਗੱਡੀ ਤੁਰ ਪਈ। 22 ਦਿਨ ਬਾਅਦ ਅਸੀਂ ਪਿੰਡ ਪਹੁੰਚੇ। ਪਰ ਮੈਂ ਅੱਗੇ ਲੁਧਿਆਣੇ ਨਹੀਂ ਗਿਆ। ਟਰੱਕ 'ਤੇ ਟਾਕੀ ਮਾਰ-ਮਾਰ ਕੇ ਮੇਰੀ ਬੱਸ ਹੋ ਗਈ ਸੀ। ਕੁਝ ਦਿਨ ਪਿੰਡ ਰਿਹਾ ਤਾਂ ਮੇਰੇ ਪਿੰਡ ਦਾ ਇੱਕ ਹੋਰ ਡਰਾਇਵਰ ਚੌਨਾ ਲੈ ਗਿਆ। ਮੈਨੂੰ ਵੀ ਲਾਲਚ ਹੋ ਗਿਆ ਸੀ । ਹੋਰ ਨਹੀਂ ਖਾਣ ਨੂੰ ਭੁੱਕੀ ਤਾਂ ਮਿਲਦੀ ਹੈ ਨਾਲੇ ਦਾਲ ਫਰਾਈ ਫਰੀ ਦੀ ਮਿਲ ਜਾਂਦੀ ਐ। ਦੋ ਕੁ ਮਹੀਨੇ ਮੈਂ ਫੇਰ ਰਾਜਸਥਾਨ, ਐਮ ਪੀ, ਹਰਿਆਣਾ, ਕਾਰਨਾਟਕ ਦੀ ਸੈਰ ਕੀਤੀ। ਇਸ ਤੋਂ ਬਾਅਦ ਮੈਂ ਆਪਣੇ ਬਚਪਨ ਦੇ ਮਿੱਤਰ ਤੇ ਆਪਣੇ ਪਿੰਡ ਦੇ ਡਰਾਇਵਰ ਜਿੰਦਰ ਨਾਲ ਵੀ ਕੁਝ ਫੇਰੇ ਲੁਆ ਆਇਆ। ਹੁਣ ਮੈਨੂੰ ਇੰਝ ਲੱਗਦਾ ਸੀ ਜਿਵੇਂ ਮੈਂ ਜਮਾਂਦਰੂ ਹੀ ਕਲੀਨਰ
ਆਂ। ਮੂੰਹ-ਸਿਰ ਕਾਲਾ, ਮੋਢੇ 'ਤੇ ਪਰਨਾ, ਪੈਰਾਂ 'ਚ ਟੁੱਟੀਆਂ ਚੱਪਲਾਂ ਇਹ ਮੇਰਾ ਹੁਲੀਆ ਹੁੰਦਾ। ਇਸ ਦੌਰਾਨ ਕੁਝ ਆਮਦਨ ਵੀ ਹੋਈ। ਪਰ ਪੈਸਿਆਂ ਨੇ ਦਿਮਾਗ ਖਰਾਬ ਕਰ ਦਿੱਤਾ। ਟੀਕਿਆਂ ਦਾ ਕੰਮ ਫੇਰ ਸ਼ੁਰੂ ਹੋ ਗਿਆ। ਹੁਣ ਤਾਂ ਮੈਂ ਟੀਕੇ ਆਵਦੇ ਘਰ ਦੇ ਵਿੱਚ ਹੀ ਲਾ ਲੈਂਦਾ। ਨਸ਼ੇ-ਪੱਤੇ ਦਾ ਕੰਮ ਚੱਲਦਾ ਰਿਹਾ ਪਰ ਪੰਗਾ ਉਦੋਂ ਪਿਆ ਜਦੋਂ ਅਬੋਹਰ ਵਾਲੇ ਕੇਸ 'ਚ ਮੈਨੂੰ ਫੜਨ ਲਈ ਪੁਲਸ ਘਰ ਆਉਣ ਲੱਗ ਪਈ ਪਰ ਮੈਂ ਹਰ ਵਾਰ ਭੱਜ ਜਾਂਦਾ। ਸਾਰਾ ਦਿਨ ਘਰੋਂ ਬਾਹਰ ਰਹਿੰਦਾ ਰਾਤ ਨੂੰ ਆ ਕੇ ਤੜਕੇ ਵੇਲੇ ਨਾਲ ਨਿਕਲ ਜਾਂਦਾ। ਪੁਲਸ ਵੀ ਹੱਲੇ ਕਰ-ਕਰ ਪੈਂਦੀ। ਦੁਖੀ ਹੋ ਕੇ ਇੱਕ ਦਿਨ ਮੇਰੇ ਘਰਦਿਆਂ ਮੈਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਫਾਜ਼ਿਲਕਾ ਜੇਲ੍ਹ 'ਚ ਗਿਆ ਤਾਂ 'ਲਹੌਰ' ਨਾਂਅ ਦਾ ਹੰਕਾਰਿਆ ਹੌਲਦਾਰ ਕਹਿੰਦਾ ਝਾੜੂ ਮਾਰ। ਮੈਂ ਨਾਂਹ ਕਰ ਦਿੱਤੀ ਕਿਉਂਕਿ ਮੈਂ ਨਸ਼ੇ ਖੁਣੋਂ ਟੁੱਟਿਆ ਪਿਆ ਸੀ। ਹੌਲਦਾਰ ਗਾਲ੍ਹਾਂ ਕੱਢਣ ਲੱਗ ਪਿਆ ਤੇ ਕਹਿੰਦਾ ਝਾੜੂ ਮੈਂ ਡਾਂਗ ਨਾਲ ਮਰਵਾ ਕੇ ਛੱਡਾਂਗਾ। ਮੈਂ ਕਿਹਾ ਜੇ ਤੂੰ ਮੈਨੂੰ ਝਾੜੂ ਚੁਕਵਾ ਹੀ ਦੇਵੇਂ ਤਾਂ ਮੈਂ ਤੇਰੇ ਪੈਰੀਂ ਹੱਥ ਲਾ ਕੇ ਸਾਰੀ ਜੇਲ੍ਹ ਸਾਫ ਕਰਾਂਗਾ। ਉਹ ਡਾਂਗਾਂ ਮਾਰਦਾ-ਮਾਰਦਾ ਜੀਭ ਕੱਢਕੇ ਘਰਕਣ ਲੱਗਾ ਪਰ ਮੈਂ ਝਾੜੂ ਨਾ ਚੁੱਕਿਆ। ਜੇਲ੍ਹ ਦੇ ਕੈਦੀਆਂ ਰੌਲਾ ਚੁੱਕ ਦਿੱਤਾ। ਫਿਰ ਕਈ ਮਹੀਨੇ ਜੇਲ੍ਹ 'ਚ ਲੰਘ ਗਏ।
ਸੂਈ ਦੇ ਜ਼ਖ਼ਮ
ਮੇਰੀ ਜ਼ਮਾਨਤ ਮੇਰੇ ਬਾਪੂ ਨੇ ਮੱਝ ਵੇਚਕੇ ਕਰਵਾਈ ਪਰ ਮੈਂ ਫਿਰ ਵੀ ਵਾਅਦੇ 'ਤੇ ਨਾ ਰਿਹਾ। ਆ ਕੇ ਮੈਂ ਫੇਰ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ। ਹਰ ਸਮੇਂ ਨਸ਼ਾ, ਹਰ ਸਮੇਂ ਚੱਕਰਵਰਤੀ, ਇਹੀ ਮੇਰੀ ਜ਼ਿੰਦਗੀ ਸੀ। ਹਾਲ ਇਹ ਹੋ ਗਿਆ ਕਿ ਮੇਰੇ ਸਰੀਰ 'ਤੇ ਟੀਕੇ ਪੱਕਣੇ ਸ਼ੁਰੂ ਹੋ ਗਏ। ਮੈਂ ਜਿੱਥੇ ਵੀ ਟੀਕਾ ਲਾਉਂਦਾ ਉੱਥੇ ਹੀ ਪੱਕ ਜਾਂਦਾ। ਅੱਜ ਵੀ ਮੇਰੇ ਸਰੀਰ 'ਤੇ ਪੱਕੇ ਹੋਏ ਟੀਕਿਆਂ ਦੇ ਬਹੁਤ ਸਾਰੇ ਨਿਸ਼ਾਨ ਮੌਜੂਦ ਹਨ। ਕਈ-ਕਈ ਇੰਚ ਡੂੰਘੀਆਂ ਮੋਰੀਆਂ ਹੋ ਜਾਂਦੀਆਂ ਤੇ ਵਿਚ ਰੇਸ਼ਾ ਪੈ ਜਾਂਦਾ। ਜ਼ਖਮਾਂ 'ਚੋਂ ਮੁਸ਼ਕ ਆਉਂਦਾ ਰਹਿੰਦਾ। ਇੱਕ ਵਾਰ ਅਸੀਂ ਦਾਨੇਵਾਲਾ ਪਿੰਡ ਖੇਡਣ ਗਏ। ਮੇਰੇ ਸਰੀਰ 'ਤੇ ਚਾਰ-ਪੰਜ ਟੀਕੇ ਪੱਕੇ ਹੋਏ ਸਨ। ਪੈਰਾਂ 'ਤੇ ਲਿਫ਼ਾਫ਼ੇ ਤੇ ਪੱਟੀਆਂ ਦੀ ਭਰਮਾਰ ਸੀ। ਮੈਂ ਫਿਰ ਵੀ ਲੈਦਰ ਦੀ ਬਾਲ 'ਤੇ ਕੀਪਿੰਗ ਕਰ ਰਿਹਾ ਸੀ ਉਹ ਵੀ ਵਿਕਟਾਂ ਦੇ ਉਤੇ ਖੜ੍ਹ ਕੇ। ਅੰਪਾਇਰ ਮੇਰੇ ਕੋਲ ਆਇਆ ਤੇ ਪੱਟੀਆਂ ਵੇਖ ਕੇ ਬੋਲਿਆ "ਭਾਊ। ਕਾਰਗਿਲ 'ਚੋਂ ਆਇਆ ਏਂ? ਏਨੀਆ ਪੱਟੀਆਂ ਤਾਂ ਜੰਗ ਲੜ ਕੇ ਆਏ ਦੇ ਹੀ ਲੱਗ ਸਕਦੀਆਂ ਨੇ।" ਓਨ੍ਹਾਂ ਦਿਨਾਂ 'ਚ ਕਾਰਗਿਲ ਯੁੱਧ ਦੀ ਬੜੀ ਚਰਚਾ ਸੀ। ਹੁਣ ਮੇਰੀਆਂ ਨਾੜਾਂ ਵੀ ਮਰ ਗਈਆਂ। ਟੀਕਾ ਲਾਉਂਣ ਲਈ ਨਾੜ ਨਹੀਂ ਸੀ ਲੱਭਦੀ। ਜਿੱਥੇ ਲੱਗਦਾ ਉੱਥੇ ਟੀਕਾ ਪੱਕ ਜਾਂਦਾ। ਮੈਂ ਗੁਪਤ ਅੰਗ 'ਚ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ। ਕੁਝ ਮਹੀਨੇ ਲਾਉਂਦਾ ਰਿਹਾ ਫੇਰ ਉੱਥੇ ਵੀ ਟੀਕੇ ਪੱਕਣੇ ਸ਼ੁਰੂ ਹੋ ਗਏ। ਫਿਰ ਕਿਸੇ ਨੇ ਦੱਸਿਆ ਕਿ ਖੁੱਚ ਵਿੱਚ ਇੱਕ ਮੋਟੀ ਨਾੜ ਹੁੰਦੀ ਹੈ। ਮੈਂ ਖੁੱਚ ਵਿੱਚ ਟੀਕੇ ਲਾਉਣ ਲੱਗ ਪਿਆ। ਝੁਕ ਕੇ ਖੁੱਚ 'ਚ ਟੀਕਾ ਲਾਉਣਾ ਵਾਕਿਆ ਕਲਾ ਦਾ ਕੰਮ ਸੀ ਤੇ ਮੈਂ ਏਸ ਕੰਮ 'ਚ ਸ਼ਹਿਰ 'ਚ ਮਾਹਰ ਸੀ ਪਰ ਖੁੱਚ ਵੀ ਜ਼ਿਆਦਾ ਦੇਰ ਤੱਕ ਨਸ਼ੇ ਦੀ ਸੂਈ ਦੀ ਚੋਭ ਝੱਲ ਨਾ ਸਕੀ ਤੇ ਉਥੇ ਵੀ ਟੀਕੇ ਪੱਕ ਗਏ। ਹੁਣ ਟੀਕੇ ਨਹੀਂ ਸਨ ਲੱਗ ਸਕਦੇ ਪਰ ਮੈਂ ਮਜ਼ਬੂਰ ਸੀ। ਮੇਰੇ ਤੋਂ ਟੀਕੇ ਛੱਡੇ ਨਹੀਂ ਸੀ ਜਾਂਦੇ। ਅਲਫ਼ ਨੰਗਾ ਕਰਕੇ ਦੋ- ਤਿੰਨ ਜਣੇ ਨਾੜ ਲੱਭਕੇ ਮੈਨੂੰ ਟੀਕਾ ਲਾਉਂਦੇ। ਕਈ ਵਾਰ ਸੌ-ਸੌ ਵਾਰੀਂ ਸੂਈ ਲੱਗਦੀ। ਮੈਨੂੰ ਡੁੱਲਦੇ ਖੂਨ ਜਾ ਪੱਕੇ ਟੀਕਿਆਂ ਨਾਲ ਵਾਸਤਾ ਨਾ ਹੁੰਦਾ ਕਿਉਂਕਿ ਟੀਕਾ ਨਾ ਲੱਗਣ ਦੀ ਸੂਰਤ 'ਚ ਮੇਰੀ ਜਾਨ ਨਿਕਲਦੀ। ਹੁਣ ਮੈਂ ਖੁਦ ਲਈ ਮੌਤ ਮੰਗਣ ਲੱਗ ਪਿਆ। ਮੇਰੇ ਬਾਪੂ ਨੇ ਮੈਨੂੰ ਫੇਰ ਸਮਝਾਇਆ ਕਿ “ਮੇਰੀ ਏਨੀ ਗੱਲ ਮੰਨ ਟੀਕੇ ਛੱਡਦੇ ਤੈਨੂੰ ਭੁੱਕੀ ਤੇ ਸ਼ਰਾਬ ਮੈਂ ਦਿਆ ਕਰਾਂਗਾ ਮੈਂ ਜਿੱਥੋਂ ਮਰਜ਼ੀ ਲਿਆਵਾਂ।" ਮੈਂ ਮੰਨ ਗਿਆ ਪਰ ਮੈਂ ਸ਼ਰਤ ਰੱਖੀ ਕਿ ਇੱਕ ਬੋਤਲ ਸ਼ਰਾਬ ਦੀ ਸ਼ਾਮ ਨੂੰ ਛੇ ਵਜੇ ਤੇ ਇੱਕ ਗਲਾਸੀ ਭੁੱਕੀ ਦੀ ਸਵੇਰੇ ਚਾਰ ਵਜੇ ਲਿਆ ਕਰਾਂਗਾ। ਬਾਪੂ ਮੰਨ ਗਿਆ। ਕੀ ਕਰਦਾ ਵਿਚਾਰਾ? ਔਲਾਦ ਲੇਖਾ ਜੁ ਲੈ ਰਹੀ ਸੀ।
ਜ਼ਹਿਰ ਦਾ ਇਸ਼ਕ
ਕੁਝ ਮਹੀਨੇ ਇਹ ਚੱਲਦਾ ਰਿਹਾ। ਮੇਰਾ ਬਾਪੂ ਵਿਚਾਰਾ ਸਾਰਾ ਦਿਨ ਖੇਤਾਂ 'ਚ ਹੱਡ ਤੋੜਨ ਤੋਂ ਬਾਅਦ ਘਰ ਆ ਕੇ ਆਪ ਦਾਰੂ ਕੱਢਦਾ ਮੇਰੇ ਪੀਣ ਲਈ। ਫੇਰ ਰਾਜਸਥਾਨ (ਗੰਗਾਨਗਰ ਜਾਂ ਹਰੀਪੁਰ) 'ਚੋਂ ਤੁਰ ਕੋ ਭੁੱਕੀ ਲਿਅਉਂਦਾ। ਮੇਰਾ ਬਾਪੂ ਤਾਂ ਇਹੋ ਜਿਹਾ ਬੰਦਾ ਸੀ ਕਿ ਮੈਂ ਘਰੇ ਸੁਨੇਹਾ ਭੇਜ ਦਿੰਦਾ ਕਿ ਅੱਜ ਮੇਰੇ ਨਾਲ ਐਨੇ ਬੰਦੇ ਆ ਰਹੇ ਆ ਮੁਰਗਾ ਬਣਾ ਕੇ ਰੱਖਿਓ। ਬਾਪੂ ਵਿਚਾਰਾ ਉਧਾਰ- ਸਧਾਰ ਫੜ ਕੇ ਮੁਰਗਾ ਭੁੰਨ ਰੱਖਦਾ। 2002 'ਚ ਮੈਂ ਫੇਰ ਮਲੇਟ ਆਉਣ ਲੱਗ ਪਿਆ। ਉਦੋਂ ਤੱਕ ਮਲੋਟ 'ਚ ਸ਼ੀਸ਼ੀਆਂ (ਖੰਘ ਵਾਲੀ ਦਵਾਈ) ਦਾ ਨਸ਼ਾ ਆਮ ਹੈ ਚੁੱਕਾ ਸੀ। ਖਾਸ ਤੌਰ 'ਤੇ ਇੰਦਰਾ ਰੋਡ 'ਤੇ ਤਾਂ ਹਰ ਮੈਡੀਕਲ ਹੀ ਇਹ ਕਿੱਤਾ ਕਰ ਖਲੋਤਾ। ਹਾਲਾਂਕਿ ਪਿੰਡ ਰਹਿ ਕੇ ਮੈਂ ਬੜੀ ਮੁਸ਼ਕਲ ਨਾਲ ਟੀਕੇ ਛੱਡੇ ਸਨ ਪਰ ਹੁਣ ਫੇਰ ਮੇਰਾ ਮਨ ਸ਼ੀਸ਼ੀਆਂ ਨੂੰ ਪਰਤ ਆਇਆ। ਵੀਹ ਕੁ ਰੂਪੈ ਦੀ ਸ਼ੀਸ਼ੀ ਹੋ ਗਈ ਸੀ ਉਦੋਂ ਤੱਕ। ਮੈਂ ਮੰਗ-ਤੰਗ ਕੇ ਪੈਸੇ ਇਕੱਠੇ ਕਰਦਾ ਤੇ ਇੱਕ ਸ਼ੀਸੀ ਪੀ ਲੈਂਦਾ। ਫਿਰ ਦੋ-ਚਾਰ ਘੰਟਿਆਂ ਬਾਅਦ ਸ਼ੀਸ਼ੀ ਪੀ ਲੈਂਦਾ। ਨਸ਼ਾ ਘੱਟਣ ਲੱਗਾ ਤਾਂ ਮੈਂ ਸ਼ੀਸ਼ੀ ਨਾਲ ਕੈਪਸੂਲ ਸ਼ੁਰੂ ਕਰ ਦਿੱਤੇ । ਲੋਕਾਂ 'ਚ ਮੇਰਾ ਡਰ ਵੀ ਸੀ। ਭਾਵੇਂ ਹੁਣ ਮੈਂ ਹਊਆ ਨਹੀਂ ਸੀ ਰਹਿ ਗਿਆ ਪਰ ਮੇਰੇ ਤਿੱਖੇ ਡੰਗ ਤੋਂ ਲੋਕ ਡਰਦੇ ਸਨ। ਲੜਾਈਆਂ ਬਰਾਬਰ ਮੈਂ ਕਰਦਾ ਰਹਿੰਦਾ। ਹੁਣ ਇਹ ਲੜਾਈਆਂ ਨਸ਼ੇ ਕਰਕੇ ਹੁੰਦੀਆਂ। ਲੋਕ ਨਸ਼ਾ ਦੇ ਕੇ ਮੈਨੂੰ ਲੈ ਜਾਂਦੇ ਤੇ ਮੇਰੇ ਤੋਂ ਬੰਦੇ ਕੁਟਵਾਉਂਦੇ ਪਰ ਕਈ ਵਾਰ ਮੇਰੇ ਆਵਦੇ ਵੀ ਸੱਟਾਂ ਵੱਜੀਆਂ। ਕੁਝ ਮੌਕੇ ਮੈਨੂੰ ਯਾਦ ਵੀ ਨੇ; ਇੱਕ ਵਾਰ ਬੁਰਜਾਂ ਪਿੰਡ ਵਾਲਾ ਮੀਤਾ ਸਾਨੂੰ ਕਈ ਨਸ਼ੇੜੀਆਂ ਨੂੰ ਲੈ ਗਿਆ । ਉਸ ਦੀ ਜ਼ਮੀਨ ਦਾ ਝਗੜਾ ਸੀ। ਅੱਗਿਓਂ ਵੀ ਬਾਹਰੋਂ ਮੁੰਡੇ ਆਏ ਹੋਏ ਸਨ। ਜਦੋਂ ਉਹ ਗੇੜਾ ਦੇ ਕੇ ਪਿੰਡ ਦੀ ਫਿਰਨੀ ਤੋਂ ਲੰਘਣ ਲੱਗੇ ਤਾਂ ਅਸੀਂ ਉਨ੍ਹਾਂ 'ਤੇ ਟੁੱਟ ਪਏ। ਉਹ ਵੀਹ ਦੇ ਕਰੀਬ ਸੀ। ਕੁਝ ਮੋਟਰ ਸਾਈਕਲ ਡਿੱਗੇ ਵੀ ਅਸੀਂ ਭੰਨ ਦਿੱਤੇ। ਉਹ ਭੱਜ ਖਲੋਤੇ। ਮੈਂ ਵੀ ਉਨ੍ਹਾਂ ਦੇ ਮਗਰ ਭੱਜ ਲਿਆ। ਮੈਨੂੰ ਇਹ ਸੀ ਕਿ ਮੇਰੇ ਨਾਲ ਦੇ ਵੀ ਨਾਲ ਨੇ ਪਰ ਮੈਂ ਕੱਲ੍ਹਾ ਹੀ ਸੀ। ਅਸਲ 'ਚ ਮੈਂ ਪਿੱਛੇ ਵੇਖਿਆ ਈ ਨਾ ਤੇ ਕਿਲੋਮੀਟਰ ਅੱਗੇ ਆ ਗਿਆ। ਇਹ ਦੇਖ ਕੇ ਕਿ ਅਸੀਂ ਤਾਂ ਕੱਲ੍ਹੇ ਬੰਦੇ ਅੱਗੇ ਲੱਗ ਕੇ ਭੱਜੇ ਜਾ ਰਹੇ ਆਂ ਉਹ ਮੁੰਡੇ ਮੁੜ ਆਏ। ਸਾਰਾ ਪਿੰਡ ਕੋਠਿਆਂ 'ਤੇ ਚੜ੍ਹ ਕੇ ਵੇਖ ਰਿਹਾ ਸੀ। ਉਹ 20-25 ਜਣੇ ਤੇ ਮੈਂ ਕੱਲ੍ਹਾ ਸੀ। ਬੁਰਜ ਸਿੱਧਵਾਂ- ਛਾਪਿਆਂਵਾਲੀ ਰੋਡ 'ਤੇ ਲੜਾਈ ਹੋਈ। ਮੇਰੇ ਕੋਲ ਲੋਹੇ ਦੀ ਗੰਡਾਸੀ ਸੀ। ਉਹ ਕਾਲਜੀਏਟ ਬਦਮਾਸ਼ ਸੀ, ਮੈਂ ਜੀਹਦੇ ਮਾਰਾਂ ਉਹਦੀ ਬਾਂਗ ਨਿਕਲ ਜਾਵੇ। ਮਾਰ ਕੇ ਮੈਂ ਪਿੱਛੇ ਹੱਟ ਜਾਂਦਾ। ਜਦ ਉਹ ਹਾਕੀ ਜਾਂ ਕ੍ਰਿਪਾਨ ਮਾਰਦੇ ਮੈਂ ਰੋਕ ਲੈਂਦਾ ਤੇ ਫੇਰ ਮੋੜਵਾਂ ਵਾਰ ਕਰਦਾ ਪਰ ਅੰਤ 'ਚ ਉਹ ਲੋਹੇ ਦੀ ਗੰਡਾਸੀ ਟੁੱਟ ਗਈ। ਮੇਰੇ ਸਿਰ ਤੇ-ਸੱਟਾਂ ਵੱਜੀਆਂ। ਮੇਰੇ ਸੱਜੇ ਹੱਥ ਦੀਆਂ ਦੋ ਉਂਗਲਾਂ ਵੀ ਵੱਢੀਆਂ ਗਈਆਂ। ਉਂਗਲਾਂ ਜੁੜ ਤਾਂ ਗਈਆਂ ਪਰ ਅੱਜ ਵੀ ਮੇਰੀਆਂ ਦੋਵੇਂ ਉਗਲਾਂ ਸਿੱਧੀਆਂ ਨਹੀਂ ਹੋ ਸਕਦੀਆਂ। ਇਹ ਅੱਜ ਵੀ ਵਿਗੀਆਂ ਰਹਿੰਦੀਆਂ ਹਨ। ਇਸੇ ਲੜਾਈ ਵਾਂਗੂ ਇਕ ਵਾਰ ਗਿੱਦੜਬਾਹੇ ਵੀ ਮੇਰੇ ਨਾਲ ਦੇ ਮੈਨੂੰ ਡੀ.ਏ.ਵੀ. ਕਾਲਜ ਨੇੜੇ ਛੱਡ
ਭੱਜ ਤੁਰੇ। ਉੱਥੇ ਵੀ ਸੱਟਾਂ ਲੱਗੀਆਂ। ਇਹ ਨਹੀਂ ਕਿ ਮੈਂ ਨਸ਼ੇ ਕਰਕੇ ਬੇਹੱਦ ਕਮਜ਼ੋਰ ਹੋ ਗਿਆ ਸੀ ਤੇ ਜਣਾ-ਖਣਾ ਮੇਰੇ ਧਰ ਜਾਂਦਾ ਸੀ। ਅਸਲ 'ਚ ਮੈਂ ਜਿੱਥੇ ਵੀ ਮਾਰ ਖਾਧੀ ਦਲੇਰੀ ਤੇ ਨਸ਼ੇ 'ਚ ਕੀਤੀ ਬੇਵਕੂਫੀ ਕਰਕੇ ਖਾਧੀ। ਇੱਕ ਵਾਰ ਸ਼ੀਸ਼ੀਆਂ ਖਰੀਦਣ ਸਮੇਂ ਇੱਕ ਚੰਗੀ ਸਿਹਤ ਵਾਲਾ ਮੈਡੀਕਲ 'ਤੇ ਬੈਠਾ ਇਕ ਬੋਲ ਪਿਆ ਕਹਿੰਦਾ "ਨਾ ਪੀਆ ਕਰੋ ਯਾਰ ਖ਼ਤਮ ਹੋ ਜਾਓਗੇ।" ਮੈਂ ਜੁਆਬ ਦਿੱਤਾ ਕਿ "ਪੰਦਰਾਂ ਸਾਲਾਂ 'ਚ ਤਾਂ ਹੋਏ ਨਹੀਂ।" ਉਹ ਬੋਲਿਆ "ਫਿਰ ਇਹ ਤੇਰਾ ਵਹਿਮ ਹੈ।" ਮੈਂ ਕਿਹਾ "ਬੜੇ ਜ਼ੋਰ ਅਜਮਾਈ ਕਰ ਗਏ।" ਉਹ ਅੰਦਾਜ਼ 'ਚ ਬੋਲਿਆ "ਫੇਰ ਬੰਦਾ ਨਹੀਂ ਮਿਲਿਆ ਖੁਸਰੇ ਟੱਕਰੇ ਹੋਣਗੇ ?" ਮੈਂ ਕਿਹਾ "ਚੱਲ ਤੂੰ ਤਾਂ ਮਿਲ ਗਿਆ, ਆਜਾ ਬਾਹਰ ।" ਅਸੀਂ ਤਿੱਖੜ ਦੁਪਿਹਰੇ ਇੰਦਰਾ ਰੋਡ ਦੇ ਬਜ਼ਾਰ 'ਚ ਸੜਕ ਦੇ ਵਿਚਾਲੇ ਟੱਕਰ ਪਏ। ਮੈਂ ਪੈਦਿਆਂ ਹੀ ਉਹਦੇ ਨੱਕ 'ਤੇ ਵਾਰ ਕੀਤਾ ਕਿਉਂਕਿ ਮੈਂ ਜਾਣਦਾ ਸੀ ਇਹ ਮੁੰਡਾ ਨਿਰੋਆ ਤੇ ਬਾਡੀ ਬਿਲਡਰ ਹੈ। ਉਹ ਧੜੱਮ ਕਰਕੇ ਥੱਲੇ ਜਾ ਡਿੱਗਾ। ਮੈਂ ਦੋ-ਚਾਰ ਠੁੱਡੇ ਮਾਰੇ ਤੇ ਦਸ ਰੁਪਈਏ ਉਹਦੇ 'ਤੇ ਸੁੱਟ ਕੇ ਆਖਿਆ "ਜਾਹ ਵੀਰ । ਪੱਟੀ ਕਰਵਾ ਲਈ ਤੇਰੇ ਤੋਂ ਤਾਂ ਮੇਰੀ ਐਨਕ ਵੀ ਨਹੀਂ ਡਿੱਗੀ। ਹਰ ਨਸ਼ੇੜੀ ਕਮਜ਼ੋਰ ਨਹੀਂ ਹੁੰਦਾ।" ਜਿਸ ਮੈਡੀਕਲ 'ਤੇ ਲੜਾਈ ਹੋਈ ਉਸ ਮੈਡੀਕਲ ਦਾ ਮਾਲਕ ਰਿਟਾਇਰ ਡੀ.ਐਸ.ਪੀ. ਸੀ ਸੀ ਜੀਹਦਾ ਮੇਰੇ ਨਾਲ ਚੰਗਾ ਪ੍ਰੇਮ ਸੀ। ਉਸ ਨੇ ਮੈਨੂੰ ਤੋਰ ਦਿੱਤਾ।
ਇਸ ਦੌਰਾਨ ਇੱਕ ਦੋ-ਵਾਰ ਪੁਲਸ ਨੇ ਵੀ ਫੜਿਆ। ਇਕ ਵਾਰ ਤਾਂ ਮੇਰੇ ਅਤੇ ਸ਼ਮਿੰਦਰ ਗਿੱਦੜਬਾਹਾ ਵਾਲੇ ਦੇ ਪਟਾ ਵੀ ਰੀਝ ਨਾਲ ਫਿਰਿਆ ਪਰ ਸ਼ਹਿਰ ਦਾ ਇਕ ਨੇਤਾ ਜੋ ਮੇਰਾ ਪੁਰਾਣਾ ਮਿੱਤਰ ਸੀ ਨੇ ਮੈਨੂੰ ਛੁਡਾ ਲਿਆ। ਦਰਅਸਲ ਹੋਇਆ ਇੰਝ ਕਿ ਮੈਨੂੰ ਇੱਕ ਵਾਰ ਇੱਕ ਹੌਲਦਾਰ ਨੇ ਫੜ ਲਿਆ। ਉਸ ਨੂੰ ਮੈਂ ਕਿਸੇ ਸਮੇਂ ਗਾਲ੍ਹਾਂ ਕੱਢੀਆਂ ਸੀ ਤੇ ਇੱਕ ਵਾਰ ਉਹਦੇ ਮੁਨਸ਼ੀ ਹੁੰਦਿਆਂ ਮੈਂ ਕਬਰਵਾਲਾ ਚੌਂਕੀ 'ਚੋਂ ਵੀ ਭੱਜਿਆ ਸੀ। ਉਹਦੀ ਡਿਊਟੀ ਮਲੋਟ ਸੀ। ਮੈਂ ਉਸ ਨੂੰ ਦੇਖ ਕੇ ਭੱਜ ਲਿਆ। ਮੈਨੂੰ ਪਤਾ ਸੀ ਕਿ ਇਹ ਮੇਰੀ ਛਿੱਲ ਪੱਟੇਗਾ। ਮੇਰੇ ਨਾਲ ਐਸ.ਐਚ.ਓ. ਦਾ ਮੁੰਡਾ ਬਠਿੰਡੇ ਵਾਲਾ ਹੈਪੀ ਸੀ ਜੋ ਕੁਝ ਸਮਾਂ ਪਹਿਲਾਂ ਮੇਰੇ ਨਾਲ ਰਲਿਆ ਸੀ। ਕਿਸੇ ਸਮੇਂ ਉਹ ਮੇਰੇ ਨਾਂਅ ਤੇ ਸ਼ਕਲ ਤੋਂ ਵਾਕਫ਼ ਸੀ ਤੇ ਉਸ ਨੇ ਮੇਰੇ ਸੁਨਿਹਰੀ ਦਿਨ ਵੇਖੇ ਸੀ। ਇੱਕ ਦਿਨ ਰੇਲਵੇ ਸਟੇਸ਼ਨ 'ਤੇ ਫਟੇਹਾਲ ਮੈਨੂੰ ਵੇਖ ਕੇ ਉਸ ਨੇ ਏਨਾ ਦੁੱਖ ਕੀਤਾ ਕਿ ਉਸ ਨੇ ਮੈਨੂੰ ਭਰਾ ਬਣਾ ਲਿਆ ਤੇ ਮੇਰੇ ਨਾਲ ਹੀ ਰਹਿਣ ਲੱਗ ਪਿਆ। ਹੈਪੀ ਖੜ੍ਹਾ ਰਿਹਾ ਤੇ ਮੈਂ ਭੱਜ ਵੱਗਾ। ਹੌਲਦਾਰ ਤੇ ਸਿਪਾਹੀ ਨੇ ਮੇਰੇ ਮਗਰ ਮੋਟਰ ਸਾਈਕਲ ਲਾ ਲਿਆ। ਮੈਂ ਫੇਰ ਵੀ ਡਾਹ ਨਾ ਦਿੱਤੀ। ਪ੍ਰੰਤੂ ਸਾਹ ਚੜ੍ਹਨ ਕਰਕੇ ਮੈਨੂੰ ਰੁਕਣਾ ਪਿਆ। ਉਸ ਹੋਲਦਾਰ ਨੇ ਪਹਿਲਾਂ ਉੱਥੇ ਈ ਕੁੱਟਿਆ ਤੇ ਫੇਰ ਹੋਰ ਪੁਲਸ ਮੰਗਵਾ ਕੇ ਥਾਣੇ ਲੈ ਗਿਆ। ਉਨ੍ਹਾਂ ਦਿਨਾਂ 'ਚ ਐਚ.ਐਚ.ਓ. ਬਾਹੀਆ ਹੁੰਦਾ ਸੀ। ਉਸ ਨੇ ਮੈਨੂੰ ਬਾਹਰ ਕੱਢ ਲਿਆ ਤੇ ਗੱਲਬਾਰ ਕੀਤੀ। ਉਸ ਨੇ ਕਿਹਾ ਕਿ ਜਾਂ ਤਾਂ ਨਸ਼ੇ ਵਾਲਾ ਕੋਈ ਬੰਦਾ ਫੜਾ ਨਹੀਂ ਤਾਂ ਤੈਨੂੰ ਟੰਗ ਦਿਆਂਗੇ। ਮੈਂ ਮੰਨ ਗਿਆ। ਉਸ ਨੇ 600 ਰੁਪਿਆ ਦਿੱਤਾ ਕਿ ਜਾਹ ਨਸ਼ਾ ਖਰੀਦ ਕੇ ਲਿਆ ਪਰ ਮੈਂ ਪੈਸੇ ਜੇਬ 'ਚ ਪਾ ਕੇ ਉਡਾਰੀ ਮਾਰ ਗਿਆ। ਮੇਰੀ ਨਜ਼ਰ 'ਚ ਕਿਸੇ ਨੂੰ ਫੜਾਉਣਾ ਆਪਣੀ ਮਰਦਾਨਗੀ ਮੱਥੇ ਕਾਲਖ਼ ਲਾਉਣਾ ਸੀ। ਥਾਣੇਦਾਰ ਦੇ ਪੈਸੇ ਮੈਂ ਘੋਲ ਕੇ ਨਸ਼ੇ 'ਚ ਪੀ ਗਿਆ। ਬਾਣੇਦਾਰ ਨੇ ਮੈਨੂੰ ਸ਼ਹਿਰ 'ਚ
ਲੱਭਣਾ ਸ਼ੁਰੂ ਕਰ ਦਿੱਤਾ ਤੇ ਛੇਵੇਂ ਕੁ ਦਿਨ ਉਹ ਕਾਮਯਾਬ ਹੋ ਗਿਆ। ਮੇਰੇ ਨਾਲ ਸ਼ਮਿੰਦਰ ਤੇ ਇੱਕ ਉਹਦੇ ਸ਼ਹਿਰ ਦਾ ਹੋਰ ਸੀ। ਮੇਰੇ ਨਾਲ ਉਨ੍ਹਾਂ ਦੇ ਵੀ ਪਟਾ ਕਰਾਰਾ ਹੋ ਕੇ ਵਰ੍ਹਿਆ ਪਰ ਮਿੱਤਰ ਲੀਡਰ ਨੇ ਮੈਨੂੰ ਇਸ ਮਾਮਲੇ 'ਚੋਂ ਫੇਰ ਕਢਵਾ ਲਿਆ। ਕਢਵਾਉਂਦਾ ਵੀ ਕਿਉਂ ਨਾ ਕਿਉਂਕਿ ਮੈਂ ਬੁਰੇ ਸਮੇਂ 'ਚ ਇਸ ਦਾ ਰੱਜ ਕੇ ਸਾਥ ਦਿੱਤਾ ਸੀ ਤੇ ਅੱਜ ਸੱਤਾਧਿਰ ਦਾ ਲੀਡਰ ਹੋ ਕੇ ਉਹ ਉਨ੍ਹਾਂ ਅਹਿਸਾਨਾਂ ਦਾ ਹੀ ਮੁੱਲ ਮੋੜ ਰਿਹਾ ਸੀ। ਨਾਲੇ ਇਸ ਨੇਤਾ ਨਾਲ ਮੇਰੀ ਦਿਲੋਂ ਯਾਰੀ ਸੀ ਤੇ ਅੱਗਿਓਂ ਇਹਦਾ ਮੁੰਡਾ ਤੇ ਭਾਣਜਾ ਵੀ ਮੇਰੇ ਮਿੱਤਰ ਸਨ। ਮੈਂ ਤੇ ਹੈਪੀ ਫੇਰ ਇਕੱਠੇ ਹੋ ਗਏ। ਹੈਪੀ ਜ਼ਿਆਦਾਤਰ ਮੇਰੇ ਕੋਲ ਹੀ ਰਹਿੰਦਾ। ਉਸ ਦਾ ਪਿਤਾ ਐਸ.ਐਚ.ਓ. ਸੀ। ਖਰਚਾ ਉਹ ਬਠਿੰਡਿਓਂ ਲੈ ਆਉਂਦਾ ਤੇ ਰੋਟੀ ਅਸੀਂ ਸਾਡੇ ਘਰ ਖਾ ਲੈਂਦੇ। ਕਈ ਵਾਰ ਚਾਰ-ਚਾਰ ਦਿਨ ਅਸੀਂ ਪਿੰਡ ਨਾ ਜਾਂਦੇ ਤੇ ਕਈ ਵਾਰ ਅਸੀਂ ਯਾਰਾਂ- ਮਿੱਤਰਾਂ ਕੋਲ ਵੀ ਰਹਿ ਪੈਂਦੇ। ਸਾਡੇ ਨਾਲ ਕਾਕਾ ਖਾਨੇ ਕੀ ਢਾਬ ਵਾਲਾ ਹੁੰਦਾ। ਸ਼ਮੀਰੀਆ, ਵਿੱਕੀ, ਲੱਡੂ, ਮਨਦੀਪ, ਬਿੱਟੂ ਆਦਿ ਜਿਹੇ ਸਾਡੇ ਆੜੀ ਹੁੰਦੇ। ਇਸੇ ਦੌਰਾਨ ਹੀ ਖਾਨੇ ਕੀ ਢਾਬ ਵਾਲੇ ਕਾਕੇ ਦਾ ਵਿਆਹ ਹੋਇਆ। ਮੈਂ ਉਸ ਦੇ ਵਿਆਹ ਤੋਂ ਦਸ ਕੁ ਦਿਨ ਪਹਿਲਾਂ ਚਲਾ ਗਿਆ ਕਿਉਂਕਿ ਉਹ ਮੈਨੂੰ ਭਰਾ ਮੰਨਦਾ ਸੀ। ਮੈਂ, ਸ਼ਮੀਰੀਆ, ਮਨਦੀਪ, ਵਿੱਕੀ ਫੂਸ ਮੰਡੀ ਵਾਲਾ ਤੇ ਹੈਪੀ ਬਰਾਤੇ ਗਏ। ਓਨ੍ਹਾਂ ਦਿਨਾਂ 'ਚ ਹੀ ਇੱਕ ਦਿਨ ਅਸੀਂ ਸਵੇਰੇ-ਸਵੇਰੇ ਮਲੋਟ ਦੀ ਇੰਦਰਾ ਰੋਡ 'ਤੇ ਖੜ੍ਹੇ ਸੀ ਤਾਂ ਅਚਾਨਕ ਇੱਕ ਬੱਸ ਲੰਘੀ ਜੀਹਦੇ 'ਚ ਵੱਢੇ-ਟੁੱਕੇ ਲੋਕ ਕੁਰਲਾਹਟ ਕਰਦੇ ਜਾ ਰਹੇ ਸਨ। ਮੈਂ ਅੰਨ੍ਹੇਵਾਹ ਸਰਕਾਰੀ ਹਸਪਤਾਲ ਨੂੰ ਭੱਜ ਪਿਆ। ਕੋਈ ਜ਼ਖਮੀਆਂ ਨੂੰ ਹੱਥ ਨਹੀਂ ਸੀ ਪਾ ਰਿਹਾ। ਮੈਂ ਹੈਪੀ ਹੋਰਾਂ ਨੂੰ ਨਾਲ ਲੈ ਕੇ ਅੰਦਰ ਵੜ੍ਹ ਗਿਆ ਤੇ ਅਸੀਂ ਜਖਮੀਆਂ ਨੂੰ ਲਾਹੁਣਾ ਸ਼ੁਰੂ ਕਰ ਦਿੱਤਾ। ਸਾਨੂੰ ਵੇਖ ਦੂਜੇ ਲੋਕ ਵੀ ਲੱਗ ਪਏ। ਇਸ ਦੌਰਾਨ ਮੈਨੂੰ ਇੱਕ ਪੋਟਲੀ 'ਚੋਂ ਕੁਝ ਰੂਪੈ ਮਿਲੇ ਪਰ ਮੈਂ ਹਸਪਤਾਲ 'ਚ ਜਮ੍ਹਾਂ ਕਰਵਾ ਦਿੱਤੀ। ਪਹਿਲੀ ਵਾਰ ਮੈਨੂੰ ਲੱਗਾ ਕਿ ਮੈਂ ਇਨਸਾਨ ਹਾਂ। ਮੇਰੀ ਚਿੱਟੀ ਕਮੀਜ਼ ਖੂਨ ਨਾਲ ਨੁੱਚੜ ਰਹੀ ਸੀ ਪਰ ਅੱਜ ਨਾ ਤਾਂ ਇਹ ਖੂਨ ਮੇਰਾ ਸੀ ਤੇ ਨਾ ਹੀ ਮੇਰੇ ਵੱਲੋਂ ਵਹਾਇਆ ਕਿਸੇ ਨਿਰਦੋਸ਼ ਦਾ ਬਲਕਿ ਇਹ ਮਾਨਵਤਾ ਦਾ ਖੂਨ ਸੀ ਜੋ ਮੇਰੇ ਤਨ ਨੂੰ ਲੱਗਾ ਹੋਇਆ ਸੀ। ਦਰਅਸਲ ਇਹ ਜਖ਼ਮੀ ਮਲੋਟ-ਅਬੋਹਰ ਰੋਡ 'ਤੇ ਪੈਂਦੇ ਕਬਰਵਾਲਾ ਵਿਖੇ ਕੈਂਟਰ-ਬੱਸ ਦੀ ਟੱਕਰ 'ਚ ਜਖ਼ਮੀ ਹੋਏ ਲੋਕ ਸਨ। ਇਸ ਟੱਕਰ 'ਚ 7 ਵਿਅਕਤੀ ਹਲਾਕ ਹੋਏ ਸਨ ਤੇ 4 ਫੱਟੜ ਹੋਏ ਸੀ।
ਕਰਮਾਂ ਦੇ ਕਾਫ਼ਲੇ
ਵਕਤ ਦਾ ਦੌਰ ਅਜੀਬ ਰੰਗ ਵਿਖਾ ਰਿਹਾ ਸੀ। ਕਦੇ ਲਹੂ ਦਾ ਲਾਲ ਸੂਰਜ ਕਦੇ ਉਦਾਸ ਪੱਤਝੜ, ਕਦੇ ਨਸ਼ੀਲੀਆਂ ਬਹਾਰਾਂ ਤੇ ਕਦੇ ਭੁੱਖ ਦੀਆਂ ਬਰਸਾਤਾਂ। ਚੰਗਾ ਬਨਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਕੁਝ ਬੰਦਿਆਂ ਦੇ ਦਿਲ 'ਚ ਤਾਂ ਚੰਗਿਆਈਆਂ ਹੁੰਦੀਆਂ ਨੇ ਪਰ ਲੇਖਾਂ 'ਚ ਨਹੀਂ। ਮੈਂ ਇੱਕ ਮਿਨੀ ਬੱਸ ਦੇ ਮਾਲਕ ਨੂੰ ਕਿਹਾ ਕਿ ਮੈਨੂੰ ਕੰਮ 'ਤੇ ਰੱਖ ਲਉ ਵਾਅਦਾ ਰਿਹਾ ਮੈਂ ਕੋਈ ਮਾੜਾ ਕੰਮ ਨਹੀਂ ਕਰਦਾ। ਪਰ ਸਰੀਫ਼ ਹੋਣ ਦੀ ਦੁਹਾਈ ਦੇਣ ਵਾਲੇ ਬਘਿਆੜ 'ਤੇ ਕਿਹੜੀ ਭੇਡ ਯਕੀਨ ਕਰੇ ? ਉਹ ਕਹਿੰਦਾ "ਕਡੰਕਟਰੀ ਨਹੀਂ ਦੇ ਸਕਦੇ ਪਰ ਚੈਕਿੰਗ 'ਤੇ ਰੱਖ ਲੈਨੇ ਆਂ ਨਾਲ ਟਾਇਮ ਕਢਾਉਂਣੇ ਪੈਂਣਗੇ।" ਇਹ ਟਰਾਂਸਪੋਰਟਰ ਕੇਰਾ ਖੇੜਾ (ਅਬੋਹਰ) ਦਾ ਰਹਿਣ ਵਾਲਾ ਪ੍ਰੇਮ ਕੁਮਾਰ ਸੀ ਤੇ ਇਹਦਾ ਭਾਣਜਾ ਮੇਰਾ ਯਾਰ ਸੀ। ਇਹਦੀਆਂ ਦੋ ਬੱਸਾਂ ਸਾਡੇ ਪਿੰਡ ਨੂੰ ਹੀ ਚੱਲਦੀਆਂ ਸੀ ਜਿਨ੍ਹਾਂ ਦਾ ਰੂਟ ਮਲੋਟ ਤੇ ਮਲੂਕਪੁਰਾ (ਫਾਜ਼ਿਲਕਾ) ਸੀ। ਵੈਸੇ ਮੇਰੀ ਯੋਗਤਾ ਦੇ ਹਿਸਾਬ ਨਾਲ ਮੈਨੂੰ ਕਡਕਟਰੀ ਮਿਲਣੀ ਚਾਹੀਦੀ ਸੀ ਕਿਉਂਕਿ ਮੈਂ 1996 'ਚ ਬੱਸ 'ਤੇ ਕਈ ਮਹੀਨੇ ਕਡੰਕਟਰੀ ਕਰ ਚੁੱਕਾ ਸੀ ਤੇ ਟਰੱਕਾਂ 'ਤੇ ਧੱਕੇ ਖਾਣ ਦਾ ਵੀ ਮੇਰੇ ਕੋਲ ਤਜ਼ਰਬਾ ਸੀ ਪਰ ਰੋਲਾ ਇਹ ਸੀ ਕਿ ਮੇਰੇ ਵਰਗੇ ਬੰਦੇ ਨੂੰ ਕੋਈ ਕੈਸ਼ ਵਾਲਾ ਥੈਲਾ ਨਹੀਂ ਸੀ ਦੇ ਸਕਦਾ। ਭਾਵੇਂ ਉਸ ਸਮੇਂ ਮੇਰੇ ਅੰਦਰ ਕੁਝ ਚੰਗਾ ਕਰਨ ਦੀ ਇੱਛਾ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਮੈਨੂੰ ਬੱਸ ਤੋਂ 15-20 ਰੂਪੈ ਡੇਲੀ (ਤਨਖਾਹ) ਦੇ ਰੂਪ 'ਚ ਮਿਲਦੇ। ਕੰਮ, ਬੱਸਾਂ ਚੌਕ ਕਰਨੀਆਂ ਤੇ ਟੈਂਪੂਆਂ ਅਤੇ ਦੂਜੀਆਂ ਬੱਸਾਂ ਅਤੇ ਟੈਂਪੂਆਂ ਨੂੰ ਟਾਈਮ ਸਿਰ ਤੋਰਨਾ ਹੁੰਦਾ। ਜੇ ਕੋਈ ਨਾ ਤੁਰੇ ਉਹਨੂੰ ਸਖ਼ਤਾਈ ਨਾਲ ਤੋਰ ਦੇਣਾ ਇਹੀ ਮੇਰਾ ਕੰਮ ਸੀ। ਮੈਂ ਖੁਸ਼ ਸੀ ਕਿ ਚੱਲੋ ਦਸ-ਵੀਹ ਰੂਪ ਤਾਂ ਮਿਲਦੇ ਆ, ਨਾਲੇ ਦੁਨੀਆਂ 'ਚ ਆਪਣੀ ਵੀ ਕੋਈ 'ਇੱਜ਼ਤ' ਬਣੀ। ਆਪਣਾ ਮੁੱਲ ਤਾਂ ਮੈਂ ਮਾਲਕ ਨੂੰ ਤੜਕੇ ਹੀ ਮੋੜ ਦਿੰਦਾ। ਜਿੰਨ੍ਹੇ ਵੀ ਸਟੂਡੈਂਟ ਹੁੰਦੇ ਉਨ੍ਹਾਂ ਸਾਰਿਆਂ ਦੀਆਂ ਟਿਕਟਾਂ ਮੈਂ ਧੱਕੋ ਨਾਲ ਕਟਵਾ ਦਿੰਦਾ। ਸ਼ਾਮ ਨੂੰ ਘਰੇ ਮੈਂ ਕੋਈ ਸਬਜ਼ੀ ਲੈ ਜਾਂਦਾ ਤੇ ਬਚੇ ਪੈਸਿਆ 'ਚੋਂ ਦਸਾਂ ਦਾ ਸਵੇਰੇ ਪੋਸਤ ਲੈ ਕੇ ਖਾ ਲੈਂਦਾ। ਇਹ ਸਿਲਸਿਲਾ ਵਧੀਆ ਚੱਲਦਾ ਰਿਹਾ ਪਰ ਕੁਝ ਮਹੀਨਿਆਂ ਬਾਅਦ ਮਾਲਕ ਨੇ ਬੱਸਾਂ ਵੇਚ ਦਿੱਤੀਆਂ। ਬੱਸਾਂ ਕਾਹਦੀਆਂ ਵਿਕੀਆਂ ਮੈਂ ਤਾਂ ਯਤੀਮ ਹੋ ਗਿਆ। ਆਮਦਨ ਬੰਦ ਹੋ ਗਈ ਤੇ ਨਾਲ ਹੀ ਚੰਗਾ ਬਨਣ ਦੀ ਚਾਹਤ ਵੀ ਨਿਲਾਮ ਹੋ ਗਈ। ਇਸ ਦੌਰਾਨ ਅਸੀਂ ਪਿੰਡ ਵਾਲਾ ਘਰ ਵੇਚ ਦਿੱਤਾ। ਮੇਰੇ ਬਾਪੂ ਦਾ ਤਰਕ ਸੀ ਕਿ ਤੂੜੀ-ਤੰਦ ਲਿਆਉਣ 'ਚ ਮੁਸ਼ਕਲ ਆਉਂਦੀ ਹੈ ਤੇ ਨਾਲੇ ਢਾਣੀ (ਬਹਿਕ) ਪਾਉਣ 'ਤੇ ਕੋਈ ਦੋ ਕਮਰੇ
ਵੱਧ ਪੈ ਜਾਣਗੇ। ਪਿੰਡ ਸਾਡੇ ਕੋਲ ਸਿਰਫ ਦੋ ਹੀ ਕਮਰੇ ਸਨ। 1 ਲੱਖ 27 ਹਜ਼ਾਰ 'ਚ ਸਾਡਾ ਪੁਸ਼ਤੈਨੀ ਘਰ ਵਿਕ ਗਿਆ ਜਿਸ ਨੂੰ ਮੈਂ ਕਦੇ ਵੀ ਛੱਡਣ ਦੇ ਹੱਕ ਵਿੱਚ ਨਹੀਂ ਸੀ ਪਰ ਬਾਪੂ ਦੇ ਤਰਲੇ ਅੱਗੇ ਮੈਂ ਜ਼ਿਆਦਾ ਰੌਲਾ ਨਾ ਪਾਇਆ। ਅਸੀਂ ਦੇ ਕੁ ਮਹੀਨੇ ਦੀ ਉਸਾਰੀ ਤੋਂ ਬਾਅਦ ਢਾਣੀ (ਬਹਿਕ) 'ਤੇ ਆ ਗਏ ਪਰ ਇਸ ਦੌਰਾਨ ਮੈਂ ਇੱਕ ਵਾਰ ਵੀ ਆ ਕੇ ਘਰ ਨਹੀਂ ਵੇਖਿਆ। ਮੈਂ ਤੇ ਹੈਪੀ ਇੱਕ ਦਿਨ ਸ਼ਹਿਰੋਂ ਤੁਰ ਕੇ (13 ਕਿਲੋਮੀਟਰ ਦੂਰ) ਘਰ ਪਹੁੰਚੇ ਤਾਂ ਘਰ ਉਜੜੇ ਕਿਲ੍ਹੇ ਵਰਗਾ ਬਣਿਆ ਪਿਆ ਸੀ । ਜਿੰਨ੍ਹਾਂ ਨੂੰ ਵੇਚਿਆ ਸੀ ਉਹ ਚਮਿਆਰਾਂ ਦਾ ਪਰਿਵਾਰ ਸਾਡੀ ਪੁਰਖਾਂ ਦੀ ਭਾਈਚਾਰਕ ਸਾਂਝ ਵਾਲਾ ਸੀ । ਉਨ੍ਹਾਂ ਰੋਟੀ-ਪਾਣੀ ਦਿੱਤਾ ਤੇ ਦੱਸਿਆ ਕਿ ਮੱਲ (ਮੇਰਾ ਬਾਪੂ) ਸਮਾਨ ਖੇਤ ਲੈ ਗਿਆ। ਸਾਲਾ ਮਨ ਉਦਾਸ ਹੋ ਗਿਆ ਕਿ ਜਿਸ ਘਰ 'ਚ ਮੌਜਾਂ ਲੁੱਟੀਆਂ ਤੇ ਜਿਹੜਾ ਘਰ ਤਿੰਨ ਪੀੜੀਆਂ ਦੀ ਯਾਦ ਸੰਭਾਲੀ ਬੈਠਾ ਸੀ ਉਹ ਵੀ ਛੱਡਣਾ ਪੈ ਗਿਆ। ਵਾਹ ਰੇ ਗਰੀਬੀ ਤੂੰ ਬਲਵਾਨ !!! ਮੈਂ ਤੇ ਹੈਪੀ ਬਹਿਕ 'ਤੇ ਆਏ। ਆ ਕੇ ਵੇਖਿਆ ਤਾਂ ਬਾਪੂ ਨੇ ਵਧੀਆ ਘਰ ਦਾ ਨਿਰਮਾਣ ਕੀਤਾ ਹੋਇਆ ਸੀ। ਤਿੰਨ ਕਮਰੇ ਇੱਕ ਰਸੋਈ ਤੇ ਸਟੋਰ ਅਤੇ ਮੂਹਰੇ ਬਰਾਂਡਾ ਪਾਇਆ ਹੋਇਆ ਸੀ। ਪਲੱਸਤਰ 'ਤੇ ਆ ਕੇ ਬਾਪੂ ਕੋਲ ਪੈਸੇ ਮੁੱਕ ਗਏ। ਇੱਟਾਂ ਦਾ ਢਾਂਚਾ ਵੀ ਵਾਹਵਾ ਫੱਬਦਾ ਪਿਆ ਸੀ।
ਇੱਧਰ ਸਾਡਾ ਕੇਸ (307 ਵਾਲਾ) ਜਿਹੜਾ ਮੁਕਤਸਰ ਤੋਂ ਫਰੀਦਕੋਟ ਫਾਸਟ ਟਰੈਕ ਕੋਰਟ 'ਚ ਚਲਾ ਗਿਆ ਸੀ। ਤੇਜੀ ਨਾਲ ਨਿਬੇੜੇ ਵੱਲ ਵੱਧ ਰਿਹਾ ਸੀ। ਹਰ ਹਫ਼ਤੇ ਮੈਂ ਤੇ ਮੇਰਾ ਬਾਪੂ ਅਤੇ ਤਾਇਆ ਪੇਸ਼ੀ 'ਤੇ ਜਾਂਦੇ। ਗੈਰ-ਹਾਜ਼ਰ ਨਾ ਹੋ ਜਾਵਾਂ ਇਸ ਲਈ ਮੇਰਾ ਬਾਪੂ ਮੈਨੂੰ ਕਈ-ਕਈ ਦਿਨ ਪਹਿਲਾਂ ਪੱਕੀਆਂ ਕਰਦਾ ਰਹਿੰਦਾ। ਕਈ ਵਾਰ ਮੈਂ ਡਿੱਗਦਾ ਹੋਇਆ ਤਰੀਕ 'ਤੇ ਜਾਂਦਾ। ਵਕੀਲ ਕਰਨ ਜੋਗੇ ਸਾਡੇ ਕੋਲ ਪੈਸੇ ਨਹੀਂ ਸਨ। ਮੈਂ ਅਰਜ਼ੀ ਦੇ ਕੇ ਸਰਕਾਰੀ ਵਕੀਲ ਲਿਆ ਹੋਇਆ ਸੀ। ਕਿਰਾਏ-ਭਾੜੇ ਅਤੇ ਰੋਟੀ-ਚਾਟ ਦਾ ਖਰਚਾ ਬਾਪੂ ਫੜ-ਤੜਕੇ ਲਿਆਉਂਦਾ। ਸਾਲਾਂ ਤੋਂ ਬਾਪੂ ਕੇਸਾਂ 'ਤੇ ਖ਼ਰਚ ਕਰਦਾ-ਕਰਦਾ ਇੱਥੋਂ ਤੱਕ ਆ ਚੁੱਕਾ ਸੀ ਕਿ ਉਸ ਕੋਲ ਜੁੱਤੀ ਲਈ ਵੀ ਪੈਸੇ ਨਹੀਂ ਸੀ ਹੁੰਦੇ। ਮੈਲੀ ਜਿਹੀ ਚਾਦਰ ਉਹਦੇ ਤੇੜ ਹੁੰਦੀ ਹੈ ਤੇ ਪਾਟਿਆ ਜਿਹਾ ਕੁੜਤਾ ਗਲ ਪਾਇਆ ਹੁੰਦਾ। ਨਸ਼ੇ ਕਰਕੇ ਮੇਰੇ ਬਾਪੂ ਦਾ ਜਿਗਰ ਕਈ ਸਾਲ ਪਹਿਲਾਂ ਕੰਡਮ ਹੋ ਗਿਆ ਸੀ, ਨਾ ਉਸ ਨੇ ਨਸ਼ਾ ਛੱਡਿਆ ਤੇ ਨਾ ਜਿਗਰ ਠੀਕ ਹੋਇਆ। ਨਾਲੇ ਉਹ ਜਿਗਰ ਕਦੇ ਠੀਕ ਹੁੰਦੇ ਵੀ ਨਹੀਂ, ਜਿੰਨ੍ਹਾਂ ਵਿੱਚ ਔਲਾਦ ਦਰਦਾਂ ਦੀ ਕਟਾਰ ਗੱਡ ਦੇਵੇ। ਉੱਤੋਂ ਇੱਕ ਬਾਪੂ ਦੀ ਲੱਤ 'ਤੇ ਤਿੰਨ ਸੁਰਾਖ਼ ਹੋ ਗਏ ਜੋ ਕਦੇ ਠੀਕ ਹੀ ਨਾ ਹੋਏ। ਠੀਕ ਹੁੰਦੇ ਵੀ ਕਾਹਦੇ ਨਾਲ ਸਾਰਾ ਕੁਝ ਤਾਂ ਮੇਰੇ 'ਤੇ ਲੱਗ ਗਿਆ। ਬਾਪੂ ਦੀ ਖੇਤੀ ਖੁਦ ਖੂਹ ਸੀ ਜੋ ਹਰ ਸਾਲ ਘਾਟਾ ਪਾਉਂਦੀ। ਮਾੜੀ-ਮੋਟੀ ਦਾਰੂ ਜਾਂ ਭੁੱਕੀ ਵੇਚ ਕੇ ਜੋ ਬਾਪੂ ਵੱਟਦਾ ਉਹ ਮੇਰੀਆਂ ਕਰਤੂਤਾਂ ਖਿੱਚ ਕੇ ਲੈ ਜਾਂਦੀਆਂ। ਪਤਾ ਨਹੀਂ ਕਿਉਂ ਹੁਣ ਮੈਨੂੰ ਬਾਪੂ 'ਤੇ ਤਰਸ ਆਉਣ ਲੱਗ ਪਿਆ ਸੀ । ਜੋ ਨਫਰਤ ਮੈਂ ਬਾਪੂ ਨਾਲ ਮਾਂ ਨੂੰ ਕੁੱਟਣ ਕਰਕੇ ਕਰਦਾ ਸੀ ਉਹ ਹੁਣ ਮਰ ਚੁੱਕੀ ਸੀ। ਮੇਰਾ ਸਰੀਰ ਵੀ ਹੁਣ ਕਮਜ਼ੋਰ ਜਿਹਾ ਹੋ ਗਿਆ ਸੀ। ਮੈਂ ਬਹੁਤਾ ਬੋਲਦਾ-ਚਾਲਦਾ ਵੀ ਨਾ। 2003 'ਚ ਸਾਡਾ ਕੇਸ ਫੈਸਲੇ 'ਤੇ ਆ ਗਿਆ। ਪਹਿਲੇ ਦਿਨ ਫੈਸਲਾ ਨਾ ਆਇਆ। ਅਗਲੇ ਦਿਨ
ਦੀ ਤਰੀਕ ਪਈ। 27 ਅਗਸਤ ਨੂੰ ਜੱਜ ਫਤਿਹਦੀਪ ਸਿੰਘ ਨੇ ਫੈਸਲਾ ਪੜ੍ਹਿਆ। ਸਾਨੂੰ ਪੰਜ-ਪੰਜ ਸਾਲ ਦੀ ਸਖ਼ਤ ਕੈਦ ਸੁਣਾ ਦਿੱਤੀ ਗਈ। ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੇਰੇ ਨਿਰਦੋਸ਼ ਬਾਪੂ ਨੂੰ ਵੀ ਜੱਜ ਨੇ ਸਜ਼ਾ ਸੁਣਾ ਦਿੱਤੀ। ਮੈਨੂੰ ਆਪਣਾ ਨਹੀਂ, ਨਸ਼ੇੜੀ ਤੇ ਬਿਮਾਰ ਬਾਪੂ ਦਾ ਫ਼ਿਕਰ ਸੀ ਜਿਹੜਾ ਹੱਥਕੜੀਆਂ 'ਚ ਜਕੜਿਆ ਪੱਥਰ ਦੀ ਸਿੱਲ੍ਹ ਹੋਇਆ ਪਿਆ ਸੀ। ਅੱਜ ਪਹਿਲੀ ਵਾਰ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਬਾਪੂ ਦੇ ਚਰਨ ਫੜ ਲਵਾਂ ਪਰ ਹੁਣ ਜਜ਼ਬਾਤ ਵਿਖਾਉਂਣ ਦਾ ਸਮਾਂ ਨਹੀਂ ਸੀ, ਹੁਣ 'ਤੇ ਸਫ਼ਰ 'ਤੇ ਚੱਲਣ ਦੀ ਵਾਰੀ ਸੀ । ਆਖ਼ਰ ਚੱਲ ਪਏ ਅਸੀਂ 'ਦੂਜੀ ਦੁਨੀਆਂ' ਦੇ ਸਫ਼ਰ ਨੂੰ।
ਸਿਤਮ ਦੀਆਂ ਲਾਟਾਂ
ਸਾਨੂੰ ਫਰੀਦਕੋਟ ਅਦਾਲਤ ਚੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਲਿਜਾਇਆ ਗਿਆ। ਮੇਰੇ, ਬਾਪੂ ਅਤੇ ਤਾਏ ਤੋਂ ਇਲਾਵਾ ਪਿੰਡ ਦੇ ਦੋ ਸਕੇ ਦਲਿਤ ਭਰਾਵਾਂ ਨੂੰ ਵੀ ਸਜ਼ਾ ਹੋਈ ਸੀ। ਅਗਲੇ ਦਿਨ ਸਵੇਰੇ ਸਾਡੇ ਲਈ ਕੈਦੀ ਕੱਪੜੇ ਆ ਗਏ। ਮੇਰਾ ਬਾਪੂ ਨਸ਼ੇ ਨਾਲ ਟੁੱਟਿਆ ਨਾਲੇ ਲੀੜੇ ਪਾਈ ਜਾ ਰਿਹਾ ਸੀ ਤੇ ਨਾਲੇ ਰੋਈ ਜਾ ਰਿਹਾ ਸੀ। ਮੈਂ ਉਦਾਸ ਸੀ। ਸਭ ਕੁਝ ਮੇਰੇ ਜਾਂ ਬੱਬੀ ਕਰਕੇ ਹੋਇਆ ਜੋ ਖੁਦ ਅਜ਼ਾਦ ਹੋ ਚੁੱਕਾ ਸੀ ਇੰਨ੍ਹਾਂ ਝੰਜਟਾਂ ਤੋਂ। ਸਾਨੂੰ ਮਲਾਹਜੇ 'ਤੇ ਲਿਜਾਇਆ ਗਿਆ। ਮੇਰੇ ਬਾਪੂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਜੇਲ੍ਹ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਮੈਨੂੰ ਲੰਗਰ 'ਚ ਪਾ ਦਿੱਤਾ ਗਿਆ। ਮੈਂ ਹੁਣ ਜੇਲ੍ਹ ਦਾ ਲਾਂਗਰੀ ਸਾਂ। ਅਸੀਂ ਸਵੇਰੇ ਤਿੰਨ ਵਜੇ ਉੱਠਦੇ ਤੇ 1500 ਕੈਦੀਆਂ ਦੀ ਚਾਹ ਤਿਆਰ ਕਰਦੇ। ਦਾਲ ਵਾਲਾ ਲਾਂਗਰੀ ਸਾਰੀ ਰਾਤ ਲੱਗਾ ਰਹਿੰਦਾ। ਮੇਰੀ ਡਿਊਟੀ ਭਾਂਡੇ ਧੋਣ ਅਤੇ ਦਾਲ-ਚਾਹ ਢੋਹਣ 'ਤੇ ਲਾ ਦਿੱਤੀ ਗਈ। ਭਾਂਡੇ ਕਿਹੜਾ ਥੋੜ੍ਹੇ ਹੁੰਦੇ। ਦੇਗਾਂ-ਟੋਪੀਏ ਮਾਂਜਦਿਆਂ ਮੇਰੇ ਪੋਟੇ ਛਿੱਲੇ ਜਾਂਦੇ। ਜੇ ਵਿਹਲਾ ਹੁੰਦਾ ਤਾਂ ਕੀੜਿਆਂ ਵਾਲੇ ਬਤਾਉਂ ਕੱਟਣ 'ਤੇ ਲਾ ਦਿੱਤਾ ਜਾਂਦਾ। ਇਹ ਜੇਲ੍ਹ ਦਾ ਦਸਤੂਰ ਹੈ ਕਿ ਕੈਦੀ ਨੂੰ 'ਮੁੰਨਣ ਲਈ ਉਹਨੂੰ ਨਿਚੋੜ ਦਿੱਤਾ ਜਾਂਦੈ। ਜੇਲ੍ਹ ਮੁਲਾਜਮਾਂ ਦੀ ਇਹ ਨੀਤੀ ਹੁੰਦੀ ਹੈ ਕਿ ਤੰਗੀ ਦਾ ਮਾਰਿਆ ਕੁਝ ਨਾ ਕੁਝ ਦੇਵੇਗਾ ਪਰ ਮੇਰੇ ਕੋਲ ਕੀ ਸੀ? ਸਿਵਾਏ ਗ਼ਮਾਂ ਤੋਂ। ਮੈਂ ਤਿੰਨ ਵਜੇ ਉੱਠਦਾ। ਪਹਿਲਾਂ ਭਾਂਡੇ ਤਿਆਰ ਕਰਦਾ। ਫਿਰ ਮਣ ਭਾਰੀ ਬਾਲਟੀ ਚੁੱਕ ਕੇ ਚਾਹ ਵੰਡ ਕੇ ਆਉਂਦਾ। ਨਾਲ ਹੀ ਦਾਲ ਵਾਲ ਵਹਿੰਗੀ ਚੁਕਾ ਦਿੱਤੀ ਜਾਂਦੀ, ਜੀਹਦਾ ਵਜ਼ਨ 70-80 ਕਿਲੋ ਹੁੰਦਾ। ਦਾਲ ਵੰਡ ਕੇ ਆਉਂਦਾ ਤਾਂ ਭਾਂਡੇ ਧੋਣ ਲੱਗ ਜਾਂਦਾ। ਜੇ ਕਿਤੇ ਕੋਈ ਪਲ ਵਿਹਲਾ ਮਿਲ ਜਾਂਦਾ ਤਾਂ ਮਨ ਬਾਪੂ 'ਚ ਚਲਾ ਜਾਂਦਾ ਜਿਸ ਨੂੰ ਬਾਹਰਲੇ ਹਸਪਤਾਲ ਭੇਜ ਦਿੱਤਾ ਗਿਆ ਸੀ। ਕੁਝ ਦਿਨਾਂ ਬਾਅਦ ਬਾਪੂ ਵਾਪਸ ਜੇਲ੍ਹ ਦੇ ਹਸਪਤਾਲ 'ਚ ਆ ਗਿਆ। ਮੈਂ ਮਿਲਣ ਗਿਆ ਤਾਂ ਉਸ ਦੇ ਹਾਲ ਵੇਖ ਕੇ ਮੇਰੇ ਤ੍ਰਾਹ ਨਿਕਲ ਗਏ। ਉਹ ਬੇਸੁਧ ਅਧਨੰਗਾ ਪਿਆ ਸੀ। ਮੈਂ ਉਸ ਨੂੰ ਹਿਲਾਇਆ ਤੇ ਉਸ ਨੇ ਮੇਰੇ ਵੱਲ ਵੇਖਿਆ। ਮੈਂ ਕਈ ਸਾਲਾਂ ਬਾਅਦ ਆਪਣੇ ਬਾਪੂ ਦਾ ਹੱਥ ਆਪਣੀ ਹਿੱਕ ਨਾਲ ਲਾਇਆ। ਹੰਝੂਆਂ ਦਾ ਸੈਲਾਬ ਆ ਗਿਆ। ਮੈਂ ਸਾਰਾ ਜ਼ੋਰ ਜੁਟਾ ਕੇ ਕਿਹਾ “ਪਾਪਾ। ਠੀਕ ਹੋ ਜਾਏਂਗਾ ਫਿਕਰ ਨਾ ਕਰੀਂ। ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦਾ ।" ਉਹ ਬੋਲਿਆ ਤਾਂ ਨਾ ਪਰ ਮੇਰੇ ਵੱਲ ਇੰਝ ਦੇਖ ਰਿਹਾ ਸੀ ਜਿਵੇਂ ਆਖ ਰਿਹਾ ਹੋਵੇ "ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾਂ"। ਮੈਂ ਅਤਿ ਜਜ਼ਬਾਤੀ ਹੋ ਕੇ ਹਸਪਤਾਲ 'ਚੋਂ ਮੁੜਿਆ। ਮੇਰੀ ਮੁਸ਼ੱਕਤ ਹੁਣ ਦੋਹਰੀ ਹੋ ਗਈ ਸੀ। ਲੰਗਰ 'ਚ ਕੰਮ ਕਰਨ ਤੋਂ ਇਲਾਵਾ ਬਾਪੂ ਨੂੰ ਵੀ ਜਾ ਕੇ ਨੱਪਦਾ-ਘੁੱਟਦਾ। ਬਾਪੂ ਦੇ ਲੀੜੇ ਵੀ ਮੈਂ ਧੋਂਦਾ। ਲੀੜਿਆਂ 'ਤੇ ਲੱਗਿਆ ਲਹੂ ਵੇਖ ਮੇਰੀਆਂ ਧਾਹਾਂ ਨਿਕਲ ਜਾਂਦੀਆਂ। ਓਧਰੋਂ ਨਸ਼ੇ ਦੀ ਤੋੜ ਨੇ ਮੈਨੂੰ ਸਰੀਰਕ ਤੌਰ 'ਤੇ ਤੋੜ ਦਿੱਤਾ ਸੀ। ਮੈਂ ਜੇਲ੍ਹ 'ਚ ਜਾ ਕੇ ਨਾ ਤਾਂ ਕਦੇ ਹਸਪਤਾਲ ਦਾਖ਼ਲ ਹੋਇਆ ਹਾਂ ਤੇ ਨਾ ਹੀ ਕਦੇ ਲੋਕਾਂ ਵਾਂਗ ਛੜਾਂ ਮਾਰੀਆਂ ਹਨ, ਬੱਸ ਦਰਦਾਂ ਨੂੰ ਕੰਬਲ ਹੇਠ ਹੀ ਜਰ ਲਿਆ। ਮੇਰੀ ਜਾਨ ਕੋਹਲੂ ਫਸੀ ਹੋਈ ਸੀ। ਇੱਕ ਪਾਸੇ ਬਾਪੂ ਸੀ ਤੇ ਦੂਜੇ ਪਾਸੇ ਨਿਰਦਈ ਕੈਦੀ,
ਜਿੰਨ੍ਹਾਂ ਨੂੰ ਮੇਰੇ ਤੋਂ ਕੰਮ ਚਾਹੀਦਾ ਸੀ ਪਰ ਮੈਂ ਕਦੇ ਕੰਮ ਵੱਲੋਂ ਉਲਾਂਭਾ ਖੱਟਿਆ ਵੀ ਨਹੀਂ। ਮੈਂ ਕੰਮ ਨਿਪਟਾ ਕੇ ਹਸਪਤਾਲ ਭੱਜਦਾ ਤੇ ਬਾਪੂ ਦੀ ਸੇਵਾ 'ਚ ਲੱਗ ਜਾਂਦਾ। ਮੈਨੂੰ ਇੰਝ ਲੱਗਦਾ ਸੀ ਕਿ ਜਿਵੇਂ ਰੱਬ ਨੇ ਮੈਨੂੰ ਮੌਕਾ ਦਿੱਤਾ ਹੋਵੇ ਸੇਵਾ ਦਾ ਕਿਉਂਕਿ ਇਸ ਤੋਂ ਪਹਿਲਾਂ ਤਾਂ ਮੈਂ ਕਦੇ ਬਾਪੂ ਨੂੰ ਪਾਣੀ ਵੀ ਨਹੀਂ ਸੀ ਫੜਾਇਆ, ਹਾਂ ਬੁਰਾ ਦਰਜਨਾਂ ਵਾਰ ਬੋਲਿਆ ਸੀ ਮੈਂ ਆਪਣੇ ਬਾਪੂ ਨੂੰ । ਬਾਰ੍ਹਾਂ ਕੁ ਦਿਨ ਬੀਤ ਗਏ। ਬਾਪੂ ਕੁਝ ਸੁਰਤ ਸੰਭਲਿਆ। ਮੈਂ ਜੇਲ੍ਹ 'ਚੋਂ ਲੋਮੋਟਿਲ ਦੀਆਂ ਗੋਲੀਆਂ ਦਾ ਵੀ ਪ੍ਰਬੰਧ ਕਰ ਲਿਆ। ਜਿਸ ਨਾਲ ਬਾਪੂ ਦੀ ਨਸ਼ੇ ਵੱਲੋਂ ਥੋੜ੍ਹੀ ਜਾਨ ਸੌਖੀ ਹੋਈ। ਉਸ ਤੋਂ ਜੇਲ੍ਹ 'ਚ ਕੋਈ ਕੰਮ ਨਹੀਂ ਸੀ ਲਿਆ ਜਾਂਦਾ । ਅਸੀਂ ਪਿਉ- ਪੁੱਤ ਅਤੇ ਮੇਰਾ ਤਾਇਆ ਕਾਲੀ ਆਪਸ 'ਚ ਕਈ ਵਾਰ ਹੱਸਦੇ-ਖੇਡਦੇ ਵੀ ਪਰ ਇੱਕ ਦਿਨ ਦੁਪਿਹਰ ਢਲੇ ਜਿਹੇ ਸਾਡੇ ਨਾਂਅ ਪੁਕਾਰੇ ਗਏ। ਅਸੀਂ ਚੱਕਰ (ਜੇਲ੍ਹ ਦਾ ਕੇਂਦਰ) 'ਚ ਆ ਗਏ। ਉੱਥੇ ਸਾਨੂੰ ਕਿਹਾ ਗਿਆ ਕਿ ਸਮਾਨ ਚੁੱਕ ਲਿਆਉ ਤੁਹਾਡੀ ਚਾਲੀ ਲੁਧਿਆਣੇ ਦੀ ਪੈ ਗਈ ਹੈ। ਅਸੀਂ ਡੌਰ-ਭੌਰੇ ਹੋਏ ਇੱਕ-ਦੂਜੇ ਵੱਲ ਵੇਖ ਰਹੇ ਸਾਂ। ਚਾਰ ਕੁ ਵਜੇ ਅਸੀਂ ਪੁਲਸ ਦੀ ਬੱਸ ਚ ਬੈਠ ਗਏ ਤੇ ਉਸ ਲੁਧਿਆਣੇ ਨੂੰ ਰਵਾਨਾ ਹੋ ਗਏ ਜਿਸ ਨੂੰ ਕਦੇ ਅਸੀਂ ਅੱਜ ਤੱਕ ਚੱਜ ਨਾਲ ਤੱਕਿਆ ਵੀ ਨਹੀਂ ਸੀ । ਦੇਰ ਸ਼ਾਮ ਅਸੀਂ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਲੁਧਿਆਣਾ 'ਚ ਦਾਖ਼ਲ ਹੋ ਗਏ। ਰਾਤ ਜਾ ਕੇ ਅਸੀਂ ਸੌਂ ਗਏ। ਸਵੇਰੇ ਸਾਡਾ ਮਲਾਹਜਾ ਹੋਇਆ। ਸਾਡੇ ਇੱਕ ਸਾਥੀ ਨੂੰ ਬੀ.ਕੇ.ਯੂ. ਜੇਲ੍ਹ 'ਚ ਭੇਜ ਦਿੱਤਾ ਗਿਆ, ਬਾਕੀਆਂ ਨੂੰ ਕਾਹੀ ਪੰਜੇ ਦੀ ਮੁਸ਼ੱਕਤ 'ਤੇ ਲਾ ਦਿੱਤਾ ਗਿਆ। ਅਸੀਂ ਹੈਰਾਨ ਸਾਂ ਕਿ ਇਹ ਕਿਸ ਤਰ੍ਹਾਂ ਦੀ ਜੇਲ੍ਹ ਹੈ ਜਿਸ ਅੰਦਰ ਹੋਰ ਕਈ ਜੇਲ੍ਹਾਂ ਹਨ। ਪਤਾ ਕੀਤਾ ਤਾਂ ਦੱਸਿਆ ਗਿਆ ਕਿ ਇਹ ਜੇਲ੍ਹ 80 ਏਕੜ 'ਚ ਹੈ ਤੇ ਇਸ ਅੰਦਰ ਕੇਂਦਰੀ ਜੇਲ੍ਹ ਤੋਂ ਇਲਾਵਾ ਬੋਸਟਲ ਜੇਲ, ਜਨਾਨਾ ਜੇਲ੍ਹ, ਬੀ.ਕੇ.ਯੂ. ਬੈਰਕਾਂ ਅਤੇ ਬੀ.ਕੇ.ਯੂ. ਜੇਲ੍ਹ ਹੈ। ਵਾਕਿਆ ਬਹੁਤ ਵੱਡੀ ਜੇਲ੍ਹ ਹੈ, ਲੁਧਿਆਣਾ ਕੇਂਦਰੀ ਜੇਲ੍ਹ।
ਮੈਨੂੰ ਪਹਿਲੇ ਦਿਨ ਚੱਕਰ 'ਚ ਤਾਇਨਾਤ ਹੌਲਦਾਰ ਨੇ ਗੁੱਝੀ ਰਮਜ 'ਚ ਕਿਹਾ "ਜਰਾ ਬੱਚ ਕੇ। ਇਹ ਜੇਲ੍ਹ ਨਹੀਂ ਸਮੁੰਦਰ ਹੈ। ਇਹਦੇ 'ਚੋਂ ਮੁੜ ਕੇ ਕਰਮਾਂ ਵਾਲਾ ਹੀ ਜਾਂਦੈ।" 12000 ਦੀ ਗਿਣਤੀ ਸੀ ਕੈਦੀਆਂ ਦੀ ਇਸ ਜੇਲ੍ਹ ਅੰਦਰ। ਅਸੀਂ ਸੱਚਮੁੱਚ ਘਬਰਾ ਗਏ ਕਿ ਏਡੀ ਵੱਡੀ ਜੇਲ੍ਹ 'ਚ ਸੈਂਕੜੇ ਮੀਲ ਦੂਰ ਸਾਡਾ ਕੀ ਬਣੇਗਾ ? ਸਾਨੂੰ ਚਾਰਾਂ ਨੂੰ ਕੇਂਦਰੀ ਜੇਲ੍ਹ ਦੀ 2 ਨੰ: ਬੈਰਕ 'ਚ ਪਾਇਆ ਗਿਆ। ਪਹਿਲੀ ਰਾਤ ਮੈਨੂੰ ਇੱਕ ਕੈਦੀ ਬਾਥਰੂਮ 'ਚ ਲੈ ਗਿਆ ਤੇ ਜੂਏ ਲਈ ਵੰਗਾਰਨ ਲੱਗਾ। ਉਸ ਨੂੰ ਲੱਗਾ ਕਿ ਮੈਂ ਅਣਭੋਲ ਜਿਹਾ ਹਾਂ ਪਰ ਕੁਝ ਬਾਜੀਆਂ 'ਚ ਮੈਂ ਉਸ ਨੂੰ ਨੰਗ ਕਰ ਦਿੱਤਾ। ਉਹ ਬਾਅਦ 'ਚ ਮੇਰਾ ਮਿੱਤਰ ਬਣ ਗਿਆ। ਉਸ ਦਾ ਨਾਂਅ ਸੀ ਨੀਰਜ ਜੋ ਦੋਹਰੇ ਕਤਲ ਕਾਂਡ 'ਚ ਸਜ਼ਾ ਕੱਟ ਰਿਹਾ ਸੀ, ਉਸ ਦਾ ਪਿੰਡ ਸੀ ਭੁਲੱਬ। ਬੈਰਕ 'ਚ ਕੈਦੀਆਂ ਦੀ ਭੀੜ ਜ਼ਿਆਦਾ ਹੋਣ ਕਰਕੇ ਸਾਨੂੰ ਪੈਣ ਲਈ ਵੀ ਜਗ੍ਹਾ ਨਾ ਮਿਲੀ ਤੇ ਅਸੀਂ ਕੈਦੀਆਂ ਦੇ ਪੈਰਾਂ 'ਚ ਸੁੱਤੇ। ਸਾਡੇ ਉਤਲੇ ਪਾਸੇ ਤਿੰਨ-ਚਾਰ ਤਕੜੀਆਂ ਸਿਹਤਾਂ ਵਾਲੇ ਪਏ ਸਨ ਜੋ ਸਾਨੂੰ ਹਸਾ ਵੀ ਰਹੇ ਸਨ ਤੇ ਹਮਦਰਦੀ ਵੀ ਦੇ ਰਹੇ ਸਨ। ਸਵੇਰੇ ਅਸੀਂ ਕੰਮ 'ਤੇ ਗਏ। ਕਾਹੀ ਪੰਜੇ ਵਾਲਿਆਂ ਦਾ ਕੰਮ ਹੁੰਦਾ ਸੀ ਜੇਲ੍ਹ 'ਚੋਂ ਸਫਾਈ ਕਰਨੀ। ਮੇਰਾ ਬਾਪੂ ਘਾਹ ਪੁੱਟਦਾ ਡਿੱਗ
ਪਿਆ। ਉਸ ਨੂੰ ਅਸੀਂ ਉਸੇ ਵੇਲੇ ਹਸਪਤਾਲ ਪਹੁੰਚਾ ਕੇ ਆਏ। ਦੋ ਕੁ ਦਿਨਾਂ ਬਾਅਦ ਉਹ ਤਕੜੀਆਂ ਸਿਹਤਾਂ ਵਾਲੇ ਮੇਰੇ ਬੇਲੀ ਬਣ ਗਏ। ਉਨ੍ਹਾਂ 'ਚੋਂ ਇਕ ਬੀਤਾ ਸੀ ਜੋ ਨੀਰਜ ਦਾ ਕੇਸਵਰ ਸੀ ਤੇ ਦੂਜਾ ਹੁਸ਼ਿਆਰਪੁਰ ਦੇ ਮਹਿਨਾ ਪਿੰਡ ਦਾ 20 ਸਾਲਾ ਕੈਦੀ ਮੋਨੂੰ ਸੀ । ਮੇਰੇ ਬਾਪੂ ਦੀ ਨਾਜੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ। ਮੈਂ ਬੀਤੇ ਹੋਰਾਂ ਨਾਲ ਹੀ ਰੋਟੀਵਾਲ ਹੋ ਗਿਆ। ਮੇਰੇ ਤਾਏ ਨੇ ਦੂਜੀ ਰਾਤ ਹੀ ਬੈਰਕ ਦਾ ਨੰਬਰਦਾਰ ਕੁੱਟ ਦਿੱਤਾ। ਉਸ ਨੂੰ ਦੂਜੀ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਸੀ । ਪਟਿਆਲੇ ਮੇਰੇ ਨਾਨਕੇ ਸੀ। ਮੇਰੇ ਬਾਪੂ ਨੂੰ ਉਨ੍ਹਾਂ ਸਾਂਭ ਲਿਆ। ਮੇਰਾ ਮਾਮਾ ਵੀਹ ਕੁ ਦਿਨਾਂ ਬਾਅਦ ਮੇਰੀ ਵੀ ਮੁਲਾਕਾਤ ਕਰ ਜਾਂਦਾ ਤੇ ਪੈਸੇ ਅਤੇ ਖਾਣ-ਪੀਣ ਦਾ ਸਮਾਨ ਦੇ ਜਾਂਦਾ। ਮੈਂ ਇੱਥੇ ਵੀ ਸਮੈਕ ਦੇ ਸੂਟੇ ਲਾਉਣ ਲੱਗ ਪਿਆ। ਕਦੇ-ਕਦੇ ਅਸੀਂ ਗੋਲੀਆਂ ਵੀ ਛੱਕ ਲੈਂਦੇ। ਬੀਤਾ ਚੱਕਰ ਨੰਬਰਦਾਰ ਸੀ । ਉਹਦੀ ਬਹੁਤ ਚੱਲਦੀ ਸੀ ਜਿਸ ਦਾ ਫਾਇਦਾ ਮੈਨੂੰ ਵੀ ਮਿਲ ਜਾਂਦਾ । ਇਸ ਦੌਰਾਨ ਚੱਕਰ ਹੌਲਦਾਰ ਨਾਲ ਮੈਂ ਭਿੜ ਗਿਆ ਤੇ ਕਾਹੀ ਪੰਜੇ ਦੇ ਨੰਬਰਦਾਰ ਨੂੰ ਵੀ ਪੈ ਨਿਕਲਿਆ। ਦਰਅਸਲ ਇਹ ਦੋਵੇਂ ਕੈਦੀਆਂ ਨੂੰ ਤੰਗ ਕਰਨ ਲਈ ਮਨੁੱਖੀ ਹੱਕਾਂ ਦਾ ਘਾਣ ਕਰ ਰਹੇ ਸਨ। ਸਵੇਰੇ ਸਾਨੂੰ ਲੈ ਜਾਂਦੇ ਤੇ ਦੁਪਿਹਰੇ ਮੋੜ ਕੇ ਲਿਆਉਂਦੇ ਰੋਟੀ ਵੀ ਨਾ ਖਾਣ ਦਿੰਦੇ। ਇਸ ਦਾ ਫਾਇਦਾ ਇਹ ਹੋਇਆ ਕਿ ਕਾਹੀ ਪੰਜੇ ਵਾਲੇ ਮੇਰੇ ਦਮ ਦੀ ਕਦਰ ਕਰਨ ਲੱਗ ਪਏ ਪਰ ਕੰਮ ਘੱਟ ਨਹੀਂ ਸੀ ਹੋਇਆ। ਮੈਨੂੰ ਯਾਦ ਹੈ ਚਾਰ ਏਕੜ ਕਾਨੇ ਵੱਢਦਿਆਂ ਸਾਡੇ ਹੱਥ ਇੰਝ ਹੋ ਗਏ ਸੀ ਜਿਵੇਂ ਕਿਸੇ ਨੇ ਬਲੇਡ ਨਾਲ ਤਲੀਆਂ ਨੂੰ ਪੱਛ ਘੱਤਿਆ ਹੋਵੇ। ਮੇਰਾ ਭਰਾ ਵੀ ਮੁਲਾਕਾਤ ਕਰਕੇ ਪੈਸੇ ਅਤੇ ਬਾਪੂ ਦੀ ਖ਼ਬਰ-ਸਾਰ ਦੇ ਆਉਂਦਾ। ਦੋ ਕੁ ਮਹੀਨਿਆਂ ਬਾਅਦ ਬਾਪੂ ਜੇਲ੍ਹ ਪਰਤ ਆਇਆ। ਤਦ ਤੱਕ ਮੈਂ ਜੇਲ੍ਹ ਦਾ ਭੇਤੀ ਹੋ ਚੁੱਕਾ ਸੀ। ਇੱਕ ਮੁੰਡਾ ਇੰਦਰਪਾਲ ਮੇਰਾ ਦੋਸਤ ਬਣ ਗਿਆ ਜੋ ਡਾਕਟਰ ਸੀ ਤੇ ਆਪਣੀ ਨਵੀਂ-ਵਿਆਹੀ ਪਤਨੀ ਦੀ ਮੌਤ ਦੇ ਕੇਸ 'ਚ ਫਸਿਆ ਸੀ। ਕੁਝ ਹਫ਼ਤਿਆਂ ਬਾਅਦ ਉਹ ਚਲਾ ਗਿਆ। ਮੈਂ ਉਦਾਸ ਹੋਇਆ ਕਿਉਂਕਿ ਉਹ ਸਾਹਿਤਕ ਰੁਚੀਆਂ ਵਾਲਾ ਮੇਰਾ ਰੂਹ ਦਾ ਹਾਣੀ ਸੀ। ਉਸ ਦੇ ਜਾਣ ਤੋਂ ਬਾਅਦ ਕਾਲਾ ਕਪੂਰਥਲੇ ਵਾਲਾ ਮੇਰਾ ਮਿੱਤਰ ਬਣਿਆ। ਬਾਪੂ ਨੇ ਇੱਕ ਮੁਲਾਜਮ ਨਾਲ ਸੈਟਿੰਗ ਕਰ ਲਈ, ਉਹ ਬਾਪੂ ਨੂੰ ਮਾਲ ਖੁਆ ਜਾਂਦਾ ਤੇ ਮਹੀਨੇ ਬਾਅਦ ਪੈਸੇ ਲੈ ਜਾਂਦਾ। ਮੈਂ ਬਾਪੂ ਦੇ ਕੱਪੜੇ ਧੋਂਦਾ, ਉਸ ਨੂੰ ਨਹਾਉਂਦਾ ਤੇ ਮਾਲਸ਼ ਕਰਦਾ। ਮੈਂ ਸਮਝਦਾ ਸੀ ਕਿ ਹੁਣ ਬੁਰਾ ਸਮਾਂ ਲੰਘ ਗਿਆ ਹੈ। ਬਾਪੂ ਠੀਕ ਹੋ ਗਿਐ। ਇੱਕ ਦਿਨ ਅਸੀਂ ਘਰ ਪਰਤ ਜਾਵਾਂਗੇ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਸਮੇਂ ਨੇ ਹਾਲੇ ਮੇਰੇ ਤੋਂ ਸਭ ਤੋਂ ਔਖਾ ਇਮਤਿਹਾਨ ਲੈਣਾ ਸੀ। ਰੂਹ ਨੇ ਹਾਲੇ ਹੋਰ ਦਰਦ ਹੰਢਾਉਂਣੇ ਸੀ ਤੇ ਮੱਥੇ ਨੇ ਕਲੰਕਾਂ ਦਾ ਹਾਲੇ ਹੋਰ ਬੋਝ ਢੋਹਣਾ ਸੀ।
ਤਿੜਕੀ ਜ਼ਿੰਦਗੀ
ਕਈਆਂ ਦੀ ਕਿਸਮਤ ਏਨੀ ਬੁਰੀ ਹੁੰਦੀ ਹੈ ਕਿ ਨਰਕਾਂ 'ਚ ਬੈਠਿਆਂ ਵੀ ਉਨ੍ਹਾਂ 'ਤੇ ਮੁਸੀਬਤਾਂ ਟੁੱਟਦੀਆਂ ਰਹਿੰਦੀਆਂ ਹਨ, ਅਜਿਹੇ ਲੋਕਾਂ 'ਚੋਂ ਹੀ ਇੱਕ ਸਾਂ ਮੈਂ, ਜਿਸ ਦੇ ਮਗਰ ਦਰਦਾਂ ਦੀਆਂ ਚੀਸਾਂ ਸੇਲਾ ਲੈ ਕੇ ਪਈਆਂ ਹੋਈਆਂ ਸਨ। ਲੁਧਿਆਣਾ ਜੇਲ੍ਹ 'ਚ ਸਮਾਂ ਵਧੀਆ ਲੰਘ ਰਿਹਾ ਸੀ। ਬਾਪੂ ਵੀ ਠੀਕ ਸੀ ਤੇ ਮੈਂ ਵੀ ਜੇਲ੍ਹ 'ਚ ਐਸ਼ ਭਰੇ ਦਿਨ ਬਿਤਾ ਰਿਹਾ ਸੀ। ਐਤਵਾਰ ਅਸੀਂ ਜੇਲ੍ਹ ਦੇ ਸਟੇਡੀਅਮ 'ਚ ਕ੍ਰਿਕਟ ਖੇਡਦੇ। ਬੀਤਾ' ਜੀਹਦੇ ਨਾਨਕੇ ਵੀ ਸੰਧੂ ਸੀ ਭਰਾਵਾਂ ਵਾਂਗ ਪਿਆਰ ਕਰਦਾ। ਮੋਨੂੰ, ਮੇਰੀ ਤੇ ਬੀਤੇ ਦੀ ਤਿੱਕੜੀ ਸਾਰੀ ਬੈਰਕ ਦਾ ਜੀਅ ਲਾਈ ਰੱਖਦੀ। ਅਸੀ ਖੂਬ ਮਸਤੀਆਂ ਕਰਦੇ। ਆਪੋ-ਆਪਣੀਆਂ ਮੁਸ਼ੱਕਤਾਂ ਕਰਕੇ ਅਸੀਂ ਸ਼ਾਮ ਨੂੰ ਆਪਣਾ ਖਾਣਾ ਆਪ ਬਣਾਉਦੇ। ਸਾਡੇ ਨਾਲ ਕੁਝ ਬਜ਼ੁਰਗ ਵੀ ਸਨ ਪਰ ਅਸੀਂ ਉਨ੍ਹਾਂ ਨੂੰ ਕੰਮ ਨਾ ਕਰਨ ਦਿੰਦੇ। ਬੈਰਕ 'ਚ ਅਸੀਂ ਸੂਟਾ ਖਿੱਚਦੇ, ਤਾਸ਼ ਖੇਡਦੇ ਤੇ ਹੱਕਾਂ ਲਾਉਂਦੇ ਰਹਿੰਦੇ। ਕਦੇ-ਕਦੇ ਅਸੀਂ ਦਸ ਨੰਬਰੀ (ਨੀਂਦ ਵਾਲੀਆਂ) ਗੋਲੀਆਂ ਖਾ ਕੇ ਦਿਨ-ਤਿਹਾਉਰ ਨੂੰ ਰੰਗੀਨ ਵੀ ਕਰ ਲੈਂਦੇ। ਕੁਲ ਮਿਲਾ ਕੇ ਸਮਾਂ ਸੋਹਣਾ ਲੰਘ ਰਿਹਾ ਸੀ ਪਰ ਗਿਆਰਾਂ ਕੁ ਮਹੀਨਿਆਂ ਬਾਅਦ ਅਚਾਨਕ ਇੱਕ ਸੁਨੇਹੇ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ। ਮੈਨੂੰ ਸਮਾਨ ਲੈ ਕੇ ਚੱਕਰ 'ਚ ਪਹੁੰਚਣ ਲਈ ਕਿਹਾ ਗਿਆ। ਮੈਂ ਜਾ ਕੇ ਪਤਾ ਕੀਤਾ ਤਾਂ ਮੈਨੂੰ ਵਾਪਸ ਫਿਰੋਜ਼ਪੁਰ ਜੇਲ੍ਹ ਭੇਜਿਆ ਜਾ ਰਿਹਾ ਸੀ। ਮੇਰੀਆਂ ਰਗਾਂ ਦਾ ਖੂਨ ਯਖ਼ ਬਰਫ਼ ਹੋ ਗਿਆ, ਸਾਹ ਥੰਮ ਗਏ, ਅੱਖਾਂ ਪਥਰਾ ਗਈਆਂ। ਮੈਂ ਭੱਜ ਕੇ ਡਿਉੜੀ ਆ ਗਿਆ। ਬਹੁਤ ਤਰਲੇ ਕੀਤੇ ਜੇਲ੍ਹ ਅਮਲੇ ਦੇ ਕਿ ਮੈਨੂੰ ਮੇਰੇ ਬਾਪੂ ਨਾਲੋਂ ਨਾ ਨਿਖੇੜ, ਉਹ ਮੇਰੇ ਬਿਨ੍ਹਾਂ ਮਰ ਜਾਵੇਗਾ ਪਰ ਪੱਥਰਾਂ 'ਤੇ ਹੰਝੂਆਂ ਦੇ ਤੁਪਕੇ ਕਦੋਂ ਅਸਰ ਕਰਦੇ ਇਨਕਾਰ ਹੋ ਗਏ। ਮੈਂ ਧੁਰ ਅੰਦਰ ਤੱਕ ਟੁੱਟ ਗਿਆ। ਦੋ ਸਿਪਾਹੀ ਹੱਥਕੜੀਆਂ ਲਾ ਕੇ ਫਿਰੋਜਪੁਰ ਨੂੰ ਤੁਰ ਪਏ। ਬਾਪੂ ਵਿਚਾਰਾ ਰੋਂਦਾ ਰਹਿ ਗਿਆ। ਉਹਦੇ ਬੋਲ ਕੰਨਾਂ 'ਚ ਗੂੰਝ ਰਹੇ ਸਨ "ਆਪਣਾ ਖ਼ਿਆਲ ਰੱਖੀਂ। ਨਸ਼ਾ ਘੱਟ ਕਰੀਂ ਪੁੱਤਰ। ਖ਼ਾਉਰੈ ਮੇਲੇ ਹੋਣ ਜਾਂ ਨਾ?"
ਸ਼ਾਮ ਨੂੰ ਮੁੜ ਉਸੇ ਜੇਲ੍ਹ 'ਚ ਆ ਗਿਆ ਜੀਹਦੇ 'ਚੋਂ ਕਦੇ ਗਿਆ ਸੀ ਪਰ ਇੱਥੇ ਇੱਕ ਰਾਹਤ ਸੀ ਕਿ ਮੇਰੇ ਪਿੰਡ ਵਾਲਾ ਸਰਪੰਚ ਮੈਨੂੰ ਮਿਲ ਗਿਆ। ਸਰਪੰਚ ਹੋਰੀਂ ਸਾਰੇ ਜਣੇ ਸਜ਼ਾ ਹੋ ਗਏ ਸੀ। ਉਨ੍ਹਾਂ ਨੂੰ ਸ਼ੈਸ਼ਨ ਜੱਜ ਨੇ 27-27 ਸਾਲ ਕੈਦ ਸੁਣਾਈ ਸੀ। ਵਿਛੜਿਆਂ ਦੇ ਮੇਲੇ ਹੋਏ ਤਾਂ ਮੈਂ ਅਤੇ ਸਰਪੰਚ ਖੂਬ ਹੱਸੇ-ਖੇਡੇ। ਬਾਪੂ ਬਾਰੇ ਸਰਪੰਚ ਨੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਆਪਾਂ ਸੰਧੂ (ਜੇਲ੍ਹ ਸੁਪਰਡੈਂਟ ਜੋ ਸਰਪੰਚ ਦਾ ਪੱਕਾ ਆੜੀ ਸੀ) ਨੂੰ ਆਖ ਕੇ ਤੇਰੇ ਉਹਨੂੰ ਵੀ ਇੱਥੇ ਹੀ ਮੰਗਾ ਲਵਾਂਗੇ। ਅਗਲੀ ਸਵੇਰ ਮੇਰਾ ਮਲਾਹਜਾ ਹੋਇਆ। ਸਰਪੰਚ ਨੇ ਮੇਰੀ ਮੁਸ਼ੱਕਤ ਫੈਕਟਰੀ ਪੁਆ ਦਿੱਤੀ। ਵੱਡੀਆਂ ਜੇਲ੍ਹਾਂ 'ਚ ਫੈਕਟਰੀਆਂ ਬਣੀਆਂ ਹੁੰਦੀਆਂ ਹਨ। ਜਿੰਨ੍ਹਾਂ 'ਚ ਦਰੀਆਂ, ਕੰਬਲ, ਸਾਬਣ, ਤੰਬੂ, ਫਰਨੀਚਰ ਆਦਿ ਜਿਹਾ ਸਮਾਨ ਬਣਦਾ ਹੈ। ਚਾਰ ਕੁ ਰੋਜ਼ ਬੀਤੇ। ਇੱਕ ਦਿਨ ਹਿੰਦੀ ਅਖ਼ਬਾਰ ਫਰੋਲਦਿਆਂ ਖ਼ਬਰ 'ਤੇ ਨਜ਼ਰ ਪਈ ਜੀਹਦਾ ਸਿਰਲੇਖ ਸੀ "ਕੈਦੀ ਕੋ ਬ੍ਰੇਨ ਹੈਮਰੇਜ਼" । ਖ਼ਬਰ ਲੁਧਿਆਣੇ
ਜੇਲ੍ਹ ਦੀ ਸੀ ਇਸ ਲਈ ਮੈਂ ਝੱਟ ਪੜ੍ਹਨੀ ਸ਼ੁਰੂ ਕਰ ਦਿੱਤੀ। ਪਹਿਲੀਆਂ ਦੋ ਸਤਰਾਂ ਪੜ੍ਹਦਿਆਂ ਹੀ ਮੇਰੀਆਂ ਅੱਖਾਂ ਅੱਗੇ ਹਨੇਰ ਛਾ ਗਿਆ। ਜਿਸ ਕੈਦੀ ਦੀ ਖ਼ਬਰ ਸੀ ਉਹ ਕੋਈ ਹੋਰ ਨਹੀਂ ਮੇਰਾ ਬਾਪੂ ਸੀ। ਮੈਂ ਅੱਭੜਵਾਹੇ ਜੇਲ੍ਹ ਦੇ ਹਸਪਤਾਲ ਨੂੰ ਭੱਜ ਪਿਆ। ਕੁਝ ਕੈਦੀ ਵੀ ਪਿੱਛੇ ਦੌੜ ਪਏ। ਮੈਂ ਹਸਪਤਾਲ ਆ ਕੇ ਡਾਕਟਰ ਨੂੰ ਪੁੱਛਿਆ ਕਿ ਇਹ ਬ੍ਰੇਨ ਹੈਮਰੇਜ਼ ਕੀ ਹੁੰਦਾ ਹੈ ? ਡਾਕਟਰ ਨੇ ਦੱਸਿਆ ਕਿ ਦਿਮਾਗ ਦੀ ਨਾੜੀ ਫਟਣ ਨੂੰ ਬ੍ਰੇਨ ਹੈਮਰੇਜ਼ ਕਹਿੰਦੇ ਹਨ ਤੇ ਇਹਦੇ 'ਚ ਬੰਦੇ ਦੇ ਬਚਣ ਦੇ ਆਸਾਰ 2 ਤੋਂ 5 ਫੀਸਦ ਹੀ ਹੁੰਦੇ ਹਨ। ਮੈਂ ਕੱਟੇ ਹੋਏ ਦਰੱਖ਼ਤ ਵਾਂਗ ਫਰਸ਼ 'ਤੇ ਢਹਿ ਗਿਆ। ਕੈਦੀ ਵੀਰਾਂ ਨੇ ਹੌਸਲਾ ਦਿੱਤਾ। ਅਗਲੇ ਦਿਨ ਹੀ ਖ਼ਬਰ ਮਿਲ ਗਈ ਕਿ ਜਨਮ ਦੇਣ ਵਾਲਾ ਮੇਰਾ ਬਾਪੂ ਫ਼ੌਤ ਹੋ ਗਿਆ ਹੈ। ਉਸ ਦੀ ਲਾਸ਼ ਰਜਿੰਦਰਾ ਹਸਪਤਾਲ ਦੀ ਮੋਰਚਰੀ 'ਚ ਪਈ ਹੈ। ਮੈਂ ਉਡੀਕਦਾ ਰਿਹਾ ਕਿ ਕੋਈ ਮੈਨੂੰ ਲੈਣ ਆਵੇਗਾ ਪਰ ਕੋਈ ਨਾ ਆਇਆ। ਜੇਲ੍ਹ ਵਾਲਿਆਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਪੰਚਾਇਤ ਆਵੇ ਤੇ ਆ ਕੇ ਗਾਰਦ ਦਾ ਖ਼ਰਚਾ ਰੱਖੇ ਫੇਰ ਅਸੀਂ ਸਸਕਾਰ 'ਤੇ ਭੇਜ ਸਕਦੇ ਹਾਂ। ਮੇਰੇ ਕੋਲ ਦੁਆਨੀ ਵੀ ਨਹੀਂ ਸੀ। ਮੈਂ ਕੰਧਾਂ 'ਚ ਵੱਜਦਾ ਰਿਹਾ। ਸਾਰਾ ਦਿਨ ਮੁਲਾਕਾਤ ਵਾਲੇ ਕਮਰੇ ਨਾਲ ਲੱਗ ਕੇ ਖਲੋਤਾ ਰਿਹਾ। ਨਾ ਕੋਈ ਰਿਸ਼ਤੇਦਾਰ ਆਇਆ ਤੇ ਨਾ ਕੋਈ ਪਿੰਡ ਦਾ। ਘਰ 'ਚੋਂ ਤਾਂ ਆਉਣਾ ਹੀ ਕੀ ਸੀ ਕਿਸੇ ਨੇ। ਘਰਦੇ ਤਾਂ ਲਾਸ਼ ਲੈਣ ਲਈ ਰਿਸ਼ਵਤ ਦਾ ਪ੍ਰਬੰਧ ਕਰਨ 'ਚ ਰੁੱਝੇ ਸਨ ਕਿਉਂਕਿ ਡਾਕਟਰ ਪੋਸਟ ਮਾਰਟਮ ਨਹੀਂ ਸੀ ਕਰ ਰਹੇ ਜਲਦੀ। ਫੋਨ 'ਤੇ ਸਰਪੰਚ ਪਲ-ਪਲ ਦੀ ਜਾਣਕਾਰੀ ਲੈ ਰਿਹਾ ਸੀ (ਜੇਲ੍ਹ 'ਚ ਚੋਰੀ ਮੋਬਾਇਲ ਰੱਖੇ ਹੁੰਦੇ ਨੇ ਕੈਦੀਆਂ)। ਉਸ ਨੇ ਦੱਸਿਆ ਕਿ ਪੈਸੇ ਦੇਣ ਤੇ ਫੋਨ ਕਰਵਾਉਂਣ ਤੋਂ ਬਾਅਦ ਲਾਸ਼ ਮਿਲੀ ਹੈ। ਬਾਪੂ ਦੇ ਜਿਗਰ ਦੀ ਰੱਤ ਮੈਂ ਪਹਿਲਾਂ ਹੀ ਪੀ ਗਿਆ ਸਾਂ ਅੱਜ ਉਹਦੀ ਲਾਸ਼ ਦੀ ਵੀ 'ਕਸਾਈਆਂ' 'ਖੱਲ' ਲਾਹ ਲਈ। ਮੇਰੀ ਅੱਖ 'ਚੋਂ ਇੱਕ ਵੀ ਕਤਰਾ ਨਾ ਡੁੱਲਿਆ ਪਰ ਦਿਲ 'ਚ ਹੰਝੂਆਂ ਦਾ ਸਮੁੰਦਰ ਮੈਨੂੰ ਕੱਚੇ ਕੰਢਿਆਂ ਵਾਂਗ ਖੋਰ ਰਿਹਾ ਸੀ। ਮੈਂ ਕੋਸ ਰਿਹਾ ਸੀ ਤਕਦੀਰ ਨੂੰ ਕਿ ਏਨੀ ਵੀ ਸਿਤਮਗਿਰੀ ਨਹੀਂ ਸੀ ਕਰਨੀ ਮੇਰੇ ਨਾਲ ਕਿ ਮੈਂ ਆਵਦੇ ਬਾਪੂ ਦੀ ਚਿਤਾ ਨੂੰ ਅੱਗ ਨਾ ਦੇ ਸਕਾਂ। ਬਾਪੂ ਪਿੰਡ ਦੇ ਸ਼ਮਸ਼ਾਨ 'ਚ ਮੱਚ ਰਿਹਾ ਸੀ ਪਰ ਭਾਂਬੜ ਡੇਢ ਸੌ ਕਿਲੋਮੀਟਰ ਦੂਰ ਮੇਰੇ ਕਾਲਜੇ ਉਂਠ ਰਹੇ ਸਨ। ਮੈਂ ਖੁਦ ਨੂੰ ਬਾਪੂ ਦਾ ਕਾਤਲ ਮੰਨ ਰਿਹਾ ਸੀ। ਰਿਸ਼ਤੇਦਾਰਾਂ ਤੇ ਮਾਂ ਨੇ ਵੀ ਇਹੋ ਮੰਨਿਆ। ਤਾਂ ਹੀ ਬਾਪੂ ਦੀ ਮੌਤ ਤੋਂ ਬਾਅਦ ਮੇਰੇ ਕੋਲ ਕੋਈ ਵੀ ਨਾ ਆਇਆ। ਜੇਲ੍ਹ ਦੀਆਂ ਕੰਧਾਂ ਗਲ ਲੱਗ ਦਰਦ ਵੰਡਾਉਂਦਾ ਰਿਹਾ। ਇਸ ਤੋਂ ਬਾਅਦ ਮੈਨੂੰ ਖੁਦ ਤੋਂ ਘ੍ਰਿਣਾ ਹੋ ਗਈ। ਮਹੀਨੇ ਕੁ ਬਾਅਦ ਭਰਾ ਆਇਆ। ਮੈਂ ਉਹਨੂੰ ਵੀ ਰੋਕ ਦਿੱਤਾ ਕਿ ਜ਼ਮਾਨਤ ਹੋ ਗਈ ਤਾਂ ਕਰਵਾ ਦਿਉ ਨਹੀਂ ਤਾਂ ਲੋੜ ਈ ਨਹੀਂ। ਹੁਣ ਮੈਂ ਸਾਰਾ ਦਿਨ ਸਮੈਕ ਨਾਲ ਗੜੁੱਚ ਰਹਿੰਦਾ। ਮੇਰੇ ਪਿੰਡਾਂ ਦਾ ਇੱਕ ਕੈਦੀ ਸਮੈਕ ਵੇਚਦਾ ਸੀ ਜੋ ਮੇਰਾ ਯਾਰ ਬਣ ਗਿਆ। ਉਹ ਮੇਰੇ ਨਾਲ ਹੀ ਮੁਸ਼ੱਕਤ ਕਰਦਾ ਸੀ। ਇੱਕ-ਦੋ ਵਾਰ ਸਮੈਕ ਪੀਂਦਾ ਮੈਂ ਫੜਿਆ ਵੀ ਗਿਆ। ਸਮੈਕ ਪੀਣ ਦਾ ਸਾਡਾ ਤਰੀਕਾ ਵੀ ਨਿਰਾਲਾ ਸੀ । ਅਸੀਂ ਟੁੱਥ ਪੇਸਟ ਨੂੰ ਪਿਘਲਾ ਕੇ ਉਹਦੀ ਪੰਨੀ ਬਣਾ ਲੈਂਦੇ, ਪਿੰਨ ਤੋੜ ਕੇ ਉਹਦੇ ਖੋਲ ਦੀ ਪਾਈਪ ਬਣ ਜਾਂਦੀ ਤੇ ਚਮਚੇ 'ਚ ਤੇਲ ਤੇ ਰੂੰ ਪਾ ਕੇ ਲਾਈਟਰ ਬਣਾ ਲੈਂਦੇ। ਮੈਂ ਹੁਣ ਜੇਲ੍ਹ 'ਚੋਂ ਬਾਹਰ ਨਹੀਂ ਸੀ
ਜਾਣਾ ਚਾਹੁੰਦਾ ਕਿਉਂਕਿ ਮੈਂ ਉਸ ਸ਼ਖਸ ਨੂੰ ਖੋਹ ਚੁੱਕਾ ਸੀ ਜੋ ਮੇਰੇ ਜੀਣ ਦਾ ਆਸਰਾ ਸੀ। ਸਰਪੰਚ ਹੋਰਾਂ ਕਰਕੇ ਰੋਟੀ ਸ਼ਾਹੀ ਮਿਲੀ ਜਾਂਦੀ ਸੀ ਨਸ਼ੇ ਦੀ ਮੈਨੂੰ ਕੋਈ ਕਮੀ ਨਹੀਂ ਸੀ। ਸ਼ਾਮ ਨੂੰ ਅਸੀਂ ਵਾਲੀਬਾਲ ਖੇਡਦੇ। ਮੇਰੀ ਵਾਲੀਬਾਲ ਦੀ ਗੇਮ ਵੇਖਣ ਕੈਦੀ ਕੰਮ ਛੱਡ ਕੇ ਆਉਂਦੇ। ਇਨ੍ਹਾਂ ਕੁਝ ਮੌਜੂਦ ਸੀ ਜੀਣ ਲਈ ਫੇਰ ਮੈਂ ਬਾਹਰ ਕਰਨਾ ਵੀ ਕੀ ਸੀ ? ਆਪਣਾ ਕਿਹੜਾ ਕੋਈ ਸੀ ਦੁਨੀਆਂ 'ਚ, ਇੱਕ ਯਾਰ ਸੀ ਹੈਪੀ, ਉਹ ਵੀ ਪਿੱਛੋਂ ਸੜਕ ਹਾਦਸੇ 'ਚ ਹਲਾਕ ਹੋ ਕੇ ਚਾਰੇ ਕੂੰਟਾਂ ਖਾਲ੍ਹੀ ਕਰ ਗਿਆ। ਮੈਂ ਆਪਣੇ-ਆਪ ਤੱਕ ਸੀਮਤ ਹੋ ਗਿਆ। ਇਸ ਗੱਲ ਤੋਂ ਵੀ ਬੇਖ਼ਬਰ ਸੀ ਕਿ ਮੈਂ ਕੈਦੀ ਹਾਂ। ਮੈਨੂੰ ਕਿਸੇ ਚੀਜ਼ ਦਾ ਹੇਜ ਨਾ ਰਿਹਾ।
ਸਲਾਖਾਂ ਦੀ ਖਿੱਚ
ਇਨਸਾਨ ਜਿਨ੍ਹਾ ਮਰਜ਼ੀ ਨਿਰਦਈ ਹੋਵੇ ਸਮੇਂ ਦੀ ਚੱਕੀ ਉਸ ਦੀ ਪੱਥਰਦਿਲੀ ਨੂੰ ਪੀਸ ਸੁੱਟਦੀ ਹੈ। ਮੈਂ ਬੇਰਹਿਮ ਸੀ ਤੇ ਬੇਦਰਦ ਵੀ। ਭਾਵੇਂ ਮੈਂ ਬਾਹਰੋਂ ਆਪਣੇ ਬਾਪ ਦੀ ਮੌਤ 'ਤੇ ਹੰਝੂਆਂ ਦੀ ਤਿੱਪ ਵੀ ਨਹੀਂ ਸੀ ਵਹਾਈ ਪਰ ਰੂਹ ਨੇ ਪਹਿਲੀ ਵਾਰ ਖੂਨ ਦੇ ਅੱਥਰੂ ਰੋਏ ਸਨ। ਰੂਹ 'ਤੇ ਪੀੜਾਂ ਦੇ ਪਹਾੜ ਦਾ ਵਜਨ ਵਧਦਾ ਗਿਆ ਤੇ ਨਾਲ ਹੀ ਨਸ਼ੇ ਦੀ ਮਾਤਰਾ ਵੀ ਭਾਰੀ ਹੁੰਦੀ ਗਈ। ਇੱਕ ਵਾਰ ਉਸ ਬੰਦੇ ਨੇ ਫ਼ੈਕਟਰੀ ਅੰਦਰ ਹੰਗਾਮਾ ਕਰ ਦਿੱਤਾ ਜਿਸ ਤੋਂ ਮੈਂ ਸਮੈਕ ਲਿਆ ਕਰਦਾ ਸੀ। ਉਸ ਨੂੰ ਚੱਕੀਆਂ (ਜੇਲ੍ਹ 'ਚ ਵੱਖਰਾ ਅਹਾਤਾ ਜੀਹਦੇ 'ਚ ਕਾਲ ਕੋਠੜੀਆਂ ਹੁੰਦੀਆਂ ਹਨ ਜਿੰਨ੍ਹਾਂ ਦੀ ਲੰਬਾਈ ਅਤੇ ਚੌੜਾਈ ਮਹਿਜ਼ ਕੁਝ ਫੁੱਟ ਹੁੰਦੀ ਹੈ) ਅੰਦਰ ਬੰਦ ਕਰ ਦਿੱਤਾ ਗਿਆ। ਮੈਨੂੰ ਵੀ ਪੁਲਸ ਵਾਲਿਆਂ ਨੇ ਸਮੈਕ ਸਮੇਤ ਫੜ ਲਿਆ ਪਰ ਸਰਪੰਚ ਨੇ ਛੁਡਾ ਲਿਆ। ਕੁਝ ਦਿਨਾਂ ਬਾਅਦ ਮੇਰੀ ਹਾਈਕੋਰਟ ਨੇ ਜ਼ਮਾਨਤ ਮਨਜੂਰ ਕਰ ਲਈ। ਪੌਣੇ ਦੋ ਸਾਲ ਬਾਅਦ ਬਾਹਰਲੀ ਦੁਨੀਆਂ ਵੇਖੀ ਪਰ ਇਹ ਰੌਣਕ-ਮੇਲਾ ਕੁਝ ਘੰਟਿਆਂ ਲਈ ਹੀ ਸੀ । ਘਰ ਹਾਲੇ ਅੱਪੜਿਆ ਨਹੀਂ ਸੀ ਕਿ ਗਵਾਂਢੀ ਪਿੰਡ ਸ਼ਾਮ ਖੇੜੇ ਬੱਸ ਤੋਂ ਉਤਰ ਕੇ ਦਾਰੂ ਪੀਣ ਲੱਗ ਪਿਆ। ਜਿੰਨ੍ਹਾਂ ਨਾਲ ਮੈਂ ਦਾਰੂ ਪੀ ਰਿਹਾ ਸੀ ਉਨ੍ਹਾਂ ਦੋ ਬੰਦੇ ਕੁੱਟ ਦਿੱਤੇ। ਮੈਂ ਵੀ ਵੱਧ-ਚੜ੍ਹ ਕੇ ਇਸ ਕੁਟਾਪੇ 'ਚ ਭਾਗ ਲਿਆ। ਇਸ ਦੌਰਾਨ ਮੈਂ ਗੋਢਿਆਂ ਥੱਲੇ ਪਏ ਇਕ ਜਣੇ ਨੂੰ ਸਿਆਣ ਲਿਆ। ਉਹ ਪੁਲਸ ਵਾਲਾ ਸੀ। ਮੈਂ ਝੱਟ ਸਮਝ ਗਿਆ ਕਿ ਇਹ ਸਿਵਲ ਕੱਪੜਿਆਂ 'ਚ ਪੁਲਸ ਵਾਲੇ ਹਨ ਪਰ ਉਦੋਂ ਤੱਕ ਬਾਜੀ ਖੇਡੀ ਜਾ ਚੁੱਕੀ ਸੀ, ਚਿੜੀਆਂ ਦਾਣੇ ਚੁੱਗ ਲਏ ਸਨ । ਮੈਂ ਉੱਥੋਂ ਖਿਸਕਿਆ ਤੇ ਘਰ ਆ ਕੇ ਸੌਂ ਗਿਆ। ਸਵੇਰੇ ਉੱਠਣ ਸਾਰ ਸ਼ਹਿਰ ਨੂੰ ਨਿਕਲ ਗਿਆ। ਚਰਚਾ ਆਮ ਸੀ ਕਿ ਕੱਲ੍ਹ ਸ਼ਾਮ ਖੇੜੇ ਐਸ.ਐਚ.ਓ. ਦੇ ਗੰਨਮੈਨ ਕੁੱਟੇ ਗਏ। ਦਰਅਸਲ ਸ਼ਾਮ ਖੇੜੇ ਪਿੰਡ ਦੇ ਜਿੰਨ੍ਹਾਂ ਮਿੱਤਰਾਂ ਨਾਲ ਦਾਰੂ ਪੀ ਰਿਹਾ ਸੀ ਉਨ੍ਹਾਂ ਨੂੰ ਥਾਣਾ ਸਦਰ ਮਲੋਟ ਦੇ ਇਨ੍ਹਾਂ ਗੰਨਮੈਨਾਂ ਨੇ ਕਿਤੇ ਕੁੱਟਿਆ ਸੀ, ਜਿਸ ਦੀ ਇੰਨ੍ਹਾਂ ਕਿੜ ਕੱਢ ਲਈ ਪਰ ਮੈਂ ਅਣਭੋਲ ਐਂਵੇ ਰਗੜਿਆ ਗਿਆ।
ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਲੜਾਈ 'ਚ ਮੈਂ ਵੀ ਸ਼ਾਮਲ ਸੀ ਪਰ ਇੱਕ ਦਿਨ ਸਵੇਰੇ ਚਾਰ ਵਜੇ ਪੁਲਸ ਨੇ ਮੈਨੂੰ ਚੁੱਕ ਲਿਆ। ਜਾਂਦਿਆਂ ਹਵਾਲਾਤ 'ਚ ਤਾੜ ਦਿੱਤਾ ਗਿਆ। ਕੁੱਟ ਦਾ ਸ਼ਿਕਾਰ ਹੋਏ ਗੰਨਮੈਨ ਭੁੱਖੇ ਸ਼ੇਰ ਵਾਂਗ ਮੇਰੇ ਵੱਲ ਝਾਕਣ ਪਰ ਮੇਰੀ ਸ਼ਕਲ-ਸੂਰਤ ਵੀ ਡਰਾਵਣੀ ਸੀ ਤੇ ਮੈਂ ਸੀ ਵੀ ਬੇਖ਼ੌਫ। ਲੰਮੇ ਵਾਲਾਂ ਵਿਚਲੀ ਖ਼ਤਰਨਾਕ ਝਾਕਣੀ ਤੋਂ ਪੁਲਸੀਏ ਵੀ ਡਰ ਰਹੇ ਸਨ। ਸਾਰਾ ਦਿਨ ਲੰਘ ਗਿਆ। ਸ਼ਾਮੀਂ ਇਕ ਗੰਨਮੈਨ ਹਵਾਲਾਤ ਦੇ ਅੰਦਰ ਆ ਗਿਆ ਤੇ ਆਖਣ ਲੱਗਾ "ਉਸ ਦਿਨ ਬੜੀਆਂ ਬੁੜਕ-ਬੁੜਕ ਮਾਰਦਾ ਸੀ ਅੱਜ.. ?" ਮੈਂ ਕਿਹਾ "ਅੱਜ ਤੇਰਾ.... ।" ਉਹ ਹਲਕਾ ਜਿਹਾ ਮੁਸਕਰਾਇਆ ਤੇ ਬੋਲਿਆ "ਅਸੀਂ ਮਰਦ ਹਾਂ ਲਾਚਾਰ 'ਤੇ ਹੱਥ ਨਹੀਂ ਚੱਕਦੇ। ਕਿਤੇ ਫੇਰ ਸਹੀਂ।" ਮੈਂ ਕਿਹਾ "ਮਰਜ਼ੀ ਜਨਾਬ ਦੀ, ਕਿਹੜਾ ਮੁੱਲਾ ਮਰ ਗਿਆ ਜਾਂ ਰੋਜ਼ੇ ਮੁੱਕਗੇ।" ਮੈਨੂੰ ਥਾਣੇ 'ਚ ਕਿਸੇ ਨੇ ਕੁਝ ਨਾ ਆਖਿਆ। ਦੇਰ ਰਾਤ ਮੇਰੇ 'ਤੇ ਕਈ ਧਾਰਾਵਾਂ ਲਾ ਕੇ ਪਰਚਾ ਕੱਟ ਦਿੱਤਾ
ਗਿਆ। ਅਗਲੇ ਦਿਨ ਅਦਾਲਤ 'ਚ ਪੇਸ਼ ਕਰਕੇ ਮੈਨੂੰ ਮੁਕਤਸਰ ਜੇਲ੍ਹ ਨੂੰ ਤੋਰ ਦਿੱਤਾ ਗਿਆ।
ਚੰਗੀ ਤਰ੍ਹਾਂ ਜੇਲ੍ਹ 'ਚੋਂ ਆ ਕੇ ਘਰ ਨਹੀਂ ਸੀ ਵੇਖਿਆ ਕਿ ਜੇਲ੍ਹ 'ਚ ਫੇਰ ਅੱਪੜ ਗਿਆ। ਬੜਾ ਅਫ਼ਸੋਸ ਹੋਇਆ ਤਕਦੀਰ ਅਤੇ ਖੁਦ 'ਤੇ। ਦੋ ਮਹੀਨੇ ਫੇਰ ਅੰਦਰ ਰਿਹਾ। ਇਹ ਦਿਨ ਵੀ ਬੜੇ ਦੁਖੇ, ਨਾ ਕੋਈ ਪਿੱਛੇ ਆਇਆ ਤੇ ਨਾ ਹੀ ਨਸ਼ਾ ਮਿਲਿਆ। ਹਰ ਸਮੇਂ ਮੈਂ ਪਿਆ ਰਹਿੰਦਾ। ਰੋਟੀ-ਪਾਣੀ ਵੀ ਠੀਕ ਤਰ੍ਹਾਂ ਨਹੀਂ ਖਾਧਾ। ਮਾਂ ਅਤੇ ਭਰਾ ਨੇ ਜ਼ਮਾਨਤ ਕਰਵਾ ਲਈ। ਮੈਂ ਫਿਰ ਬਾਹਰ ਆ ਗਿਆ। ਕੈਦ ਮੁੱਕੀ ਸੀ ਪਰ ਪੀੜਾਂ ਦਾ ਅੰਤ ਨਹੀਂ ਸੀ ਹੋਇਆ।
ਜ਼ਿੰਦਗੀ ਦੀ ਭਟਕਣ
ਕੁਝ ਦਿਨ ਵੀ ਪੈਰ ਘਰ ਨਾ ਟਿਕੇ ਤੇ ਮੈਂ ਸ਼ਹਿਰ ਆ ਗਿਆ ਪਰ ਮਲੋਟ ਵਿੱਚ ਹੁਣ ਕੁਝ ਤਬਦੀਲੀਆਂ ਸਾਫ਼ ਦਿੱਸ ਰਹੀਆਂ ਸਨ। ਇੱਕ ਤਾਂ ਰਾਜਾ ਅਤੇ ਮਹਾਂਬੀਰ (ਦੋਵੇਂ ਸਕੇ ਭਰਾ) ਦੇ ਨਾਂ ਦਾ ਸੂਰਜ ਇਸ ਇਲਾਕੇ 'ਚ ਚਮਕ ਰਿਹਾ ਸੀ ਤੇ ਦੂਜਾ ਸ਼ਹਿਰ 'ਚ ਨਸ਼ਾ ਆਮ ਹੋ ਗਿਆ ਸੀ ਅਤੇ ਨਸ਼ੇੜੀਆਂ ਦੀ ਗਿਣਤੀ 'ਚ ਵੀ ਅਥਾਹ ਵਾਧਾ ਹੋ ਚੁੱਕਾ ਸੀ। ਮੈਂ ਇਨ੍ਹਾਂ ਨਸ਼ੇੜੀਆਂ 'ਚ ਹੀ ਜਾ ਰਲਿਆ। ਸਾਰਾ ਦਿਨ ਸ਼ੀਸ਼ੀਆਂ ਪੀਂਦਾ ਤੇ ਰਾਤ ਨੂੰ ਘਰ ਪਰਤ ਆਉਂਦਾ। ਇਸ ਵਾਰ ਮੈਂ ਸ਼ੀਸ਼ੀਆਂ ਦੇ ਨਾਲ ਕੈਪਸੂਲਾਂ ਤੋਂ ਇਲਾਵਾ ਕੈਰੀਸੋਮਾ ਗੋਲੀਆਂ ਵੀ ਸ਼ੁਰੂ ਕਰ ਦਿੱਤੀਆਂ। ਸੂਈ ਫੇਰ ਵੀਹ-ਵੀਹ ਸ਼ੀਸ਼ੀਆਂ 'ਤੇ ਜਾ ਅੱਪੜੀ। ਹੁਣ ਕੈਰੀਸੋਮਾ ਗੋਲੀ ਦੀ ਵੀ ਖ਼ਪਤ 100 ਤੋਂ ਉੱਤੇ ਸੀ ਰੋਜ਼ਾਨਾ ਦੀ। ਮੈਂ ਜੀਣ ਵੱਲ ਸੋਚ ਵੀ ਨਹੀਂ ਸੀ ਰਿਹਾ। ਚੌਵੀਂ ਘੰਟਿਆਂ 'ਚੋਂ ਇਕ ਵੀ ਸਾਹ ਨਸ਼ੇ ਤੋਂ ਬਗੈਰ ਨਾ ਆਉਂਦਾ। ਰਾਤ ਨੂੰ ਪਿੰਡ ਜਾਣ ਲੱਗਿਆਂ ਦੋ ਸ਼ੀਸ਼ੀਆਂ ਨਾਲ ਲੈ ਜਾਂਦਾ ਅੱਧੀ ਰੋਟੀ ਤੋਂ ਪਹਿਲਾਂ ਤੇ ਅੱਧੀ ਰਾਤ ਨੂੰ ਸੌਣ ਲੱਗਿਆਂ ਪੀਂਦਾ। ਇੱਕ ਸਵੇਰੇ ਨਿਰਣੇ ਕਾਲਜੇ ਖਿੱਚ ਲੈਂਦਾ। ਇਸ ਤੋਂ ਇਲਾਵਾ ਮਾਤਾ (ਮਾਂ) ਤੋਂ ਭੁੱਕੀ ਵੀ ਧੱਕੇ ਨਾਲ ਮੰਗਵਾਉਦਾ । ਭੁੱਕੀ ਮਿਲਣ 'ਚ ਕੋਈ ਔਖ ਨਹੀਂ ਸੀ ਕਿਉਂਕਿ ਸਾਡਾ ਇਲਾਕਾ ਹਰਿਆਣਾ ਅਤੇ ਰਾਜਸਥਾਨ ਦੀ ਹੱਦ 'ਤੇ ਹੋਣ ਕਰਕੇ ਹੋਰ ਨਸ਼ਿਆਂ ਤੋਂ ਇਲਾਵਾ ਭੁੱਕੀ ਵੀ ਆਟੇ ਵਾਂਗ ਘਰ-ਘਰ ਦੀ ਉਪਲੱਬਧਾ ਹੈ। ਕਈ ਵਾਰ ਮੈਂ ਜ਼ਿਆਦਾ ਨਸ਼ਾ ਕਰਕੇ ਸ਼ਹਿਰ ਸੜਕ 'ਤੇ ਡਿੱਗ ਪੈਂਦਾ ਤੇ ਕਈ ਕਈ ਘੰਟੇ ਪਿਆ ਰਹਿੰਦਾ, ਕਈ ਵਾਰ ਤਾਂ ਹਾਈਵੇ 'ਤੇ ਵੀ ਡਿੱਗਾ। ਕਈ ਵਾਰ ਮੈਨੂੰ ਮੇਰੇ ਜਾਣਕਾਰ ਪਿੰਡ ਵਾਲੀ ਬੱਸ 'ਤੇ ਲੱਦ ਦਿੰਦੇ। ਇਸ ਤਰ੍ਹਾਂ ਵੀ ਹੁੰਦਾ ਅਕਸਰ ਕਿ ਲੋਕ ਚੁੱਕ ਕੇ ਘਰ ਛੱਡਕੇ ਆਉਂਦੇ। ਮੇਰੀ ਜ਼ਿੰਦਗੀ 'ਚ ਸਿਵਾਏ ਨਸ਼ੇ ਤੋਂ ਕੁਝ ਨਹੀਂ ਸੀ ਬਚਿਆ। ਕਈ ਕਈ ਦਿਨ ਰੋਟੀ ਨਾ ਖਾਂਦਾ । ਜਿਸ ਕਾਰਨ ਮੇਰਾ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ। ਲੋਕ ਮੈਨੂੰ ਵੇਖ ਕੇ ਪਾਸਾ ਵੱਟ ਜਾਂਦੇ। ਮੈਂ ਹਰੇਕ ਜਾਣ-ਪਛਾਣ ਵਾਲੇ ਕੋਲੋਂ ਪੈਸੇ ਮੰਗਦਾ। ਪੰਜ, ਦਸ, ਵੀਹ ਰੁਪੈ ਮੇਰੀ ਹੈਸੀਅਤ ਰਹਿ ਗਈ। ਇੱਕ ਤਰ੍ਹਾਂ ਨਾਲ ਮੈਂ ਭਿਖ਼ਾਰੀ ਬਣ ਚੁੱਕਾ ਸੀ, ਉਹ ਭਿਖ਼ਾਰੀ ਜਿਸ ਤੋਂ ਲੋਕ ਡਰਦੇ ਵੀ ਸਨ ਕਿ ਕਿਤੇ ਨਾਂਹ ਕਰਨ 'ਤੇ ਸੱਟ ਹੀ ਨਾ ਮਾਰ ਦੇਵੇ। ਬਹੁਤੀ ਵਾਰ ਰਾਤ ਨੂੰ ਸਟੇਸ਼ਨ 'ਤੇ ਹੀ ਸੌਂ ਜਾਂਦਾ। ਕਈ ਕਈ ਹਫ਼ਤੇ ਨਹਾਉਂਦਾ ਨਾ ਜਿਸ ਕਰਕੇ ਮੇਰੇ ਕੋਲੋ ਮੁਸ਼ਕ ਆਉਂਦਾ। ਕੱਪੜੇ ਪਾਟੇ ਤੇ ਪੈਰਾਂ 'ਚ ਚੱਪਲਾਂ ਹੁੰਦੀਆਂ। ਜਿੱਥੇ ਬਹਿੰਦਾ ਉੱਥੇ ਸੌਂ ਜਾਂਦਾ। ਦੁਕਾਨਾਂ ਵਾਲੇ ਵੀ ਮੇਰੇ ਤੋਂ ਅੱਕੇ ਹੋਏ ਸਨ। ਕਈ ਤਾਂ ਚਾਹ ਵੀ ਨਾ ਦਿੰਦੇ। ਕੁਝ ਮੁਫ਼ਤ 'ਚ ਵੀ ਪਿਆ ਦਿੰਦੇ ਕਿ ਮਗਰੋਂ ਲਹਿ ਜਾਵੇ। ਕਈ ਦੁਕਾਨਾਂ ਵਾਲਿਆਂ ਨਾਲ ਮੇਰਾ ਝਗੜਾ ਵੀ ਹੁੰਦਾ। ਜਿੰਨ੍ਹਾਂ ਦੁਕਾਨਾਂ ਤੋਂ ਮੈਂ ਹਫਤਾ ਲਿਆ ਕਰਦਾ ਸੀ ਉਹੀ ਹੁਣ ਟਿੱਚ ਜਾਣਦੇ ਸਨ। ਕਈ ਵਾਰ ਲੜਾਈਆਂ ਤੇ ਲੋਕ ਨਸ਼ਾ ਪਿਆ ਕੇ ਲੈ ਜਾਂਦੇ
ਪਰ ਉਨ੍ਹਾਂ ਨਾਲ ਰਿਸ਼ਤਾ ਇੱਕ-ਅੱਧੇ ਦਿਨ ਦਾ ਹੁੰਦਾ, ਜਿਵੇਂ ਕਿਸੇ ਵੇਸਵਾ ਕੋਲ ਆਏ ਗਾਹਕ ਦਾ ਰਿਸ਼ਤਾ ਬੱਸ ਚੰਦ ਮਿੰਟਾਂ ਦਾ ਹੁੰਦਾ ਹੈ, ਉਸ ਤੋਂ ਪਹਿਲਾਂ ਤੇ ਬਾਅਦ 'ਚ ਉਹ ਇੱਕ-ਦੂਜੇ ਲਈ ਅਜਨਬੀ ਹੁੰਦੇ ਹਨ।
ਅਣਗਿਣਤ ਇਹੋ ਜਿਹੇ ਮੌਕੇ ਨੇ ਜਦੋਂ ਨਸ਼ੇ ਦੇ ਲਾਲਚ 'ਚ ਵੋਟਾਂ 'ਤੇ ਵੀ ਗਿਆ ਜਿੱਥੇ ਬਹੁਤ ਕੁਝ ਵਾਪਰਿਆ। ਲੋਕ ਸ਼ੀਸ਼ੀਆਂ ਪਿਆ ਕੇ ਲੈ ਜਾਂਦੇ ਤੇ ਮਤਲਬ ਕੱਢ ਕੇ ਛੱਡ ਜਾਂਦੇ। ਇੱਕ ਵਾਰ ਸਾਨੂੰ ਮੇਰੇ ਸ਼ਹਿਰ ਵਾਲਾ ਨੇਤਾ ਮਿੱਤਰ ਫਾਜ਼ਿਲਕਾ ਲੈ ਗਿਆ ਜਿੱਥੋਂ ਸੁਰਜੀਤ ਜਿਆਣੀ ਚੋਣ ਲੜ ਰਿਹਾ ਸੀ । ਪਾਕਿਸਤਾਨ ਦੀ ਹੱਦ 'ਤੇ ਉਹ ਪਿੰਡ ਸੀ ਜਿੱਥੇ ਅਸੀਂ ਗਏ ਹੋਏ ਸੀ। ਵੋਟਾਂ ਤੋਂ ਪਹਿਲਾਂ ਹੀ ਅਸੀਂ ਪਿੰਡ ਦੇ ਕੁਝ ਲੋਕਾਂ ਨੂੰ ਬੜਕਾ ਦਿੱਤਾ। ਅਗਲੇ ਦਿਨ, ਯਾਅਨੀ ਵੋਟਾਂ ਵਾਲੇ ਦਿਨ ਸਾਰਾ ਪਿੰਡ ਇਕੱਠਾ ਹੋ ਗਿਆ। ਅਸੀਂ ਘਿਰਿਆਂ ਨੇ ਇੱਕ ਦਾਅ ਖੇਡਿਆ। ਸਾਡੇ ਨਾਲ ਮੇਰੇ ਪਿੰਡ ਦੇ ਦੋ ਛਕਣ-ਛਕਾਉਣ ਵਾਲੇ ਨਿਹੰਗ ਸਨ, ਜਿੰਨ੍ਹਾਂ ਨੂੰ ਅਸੀਂ ਅੱਗੇ ਲਾ ਲਿਆ। ਲੋਰ 'ਚ ਉਹ ਪਹਿਲਾਂ ਹੀ ਸੀ, ਨੀਤੀ ਅਸੀਂ ਸਮਤਾ ਦਿੱਤੀ। ਉਹ ਦੋਵੇਂ ਜਣੇ ਆਪਸ 'ਚ ਗਤਕਾ ਤੇ ਤਲਵਾਰਬਾਜ਼ੀ ਕਰਨ ਲੱਗ ਪਏ। ਇੱਕ-ਦੂਜੇ ਨੂੰ ਉਹੀ ਬੁਰੀ ਤਰ੍ਹਾਂ ਮਾਰ ਰਹੇ ਸਨ। ਲੋਕ ਖ਼ੌਫ ਖਾ ਗਏ ਕਿ ਇਹ ਟੋਲਾ ਤਾਂ ਆਪਸ 'ਚ ਲੜੀ ਜਾਂਦਾ ਏ ਸਾਨੂੰ ਕੀ ਬਖਸ਼ੇਗਾ ? ਅਸੀਂ ਉੱਥੋਂ ਨਿਕਲ ਆਏ।
ਇਸੇ ਤਰ੍ਹਾਂ ਇੱਕ ਵਾਰ ਗਿੱਦੜਬਾਹੇ ਵਾਲਾ ਰੰਮੀ ਅਤੇ ਜੱਸਾ (ਜਿਸ ਨੂੰ ਅਸੀਂ ਕਦੇ ਸੱਟਾਂ ਮਾਰੀਆਂ ਸੀ) ਮੈਨੂੰ ਇਕ ਦਿਨ ਦਾ ਸੱਤ ਹਜ਼ਾਰ ਰੁਪਿਆ ਮੁਕਾ ਕੇ ਜਲਾਲਾਬਾਦ ਲੈ ਗਏ। ਹਾਲੇ ਅਸੀਂ ਵੈਨ 'ਚੋਂ ਉਤਰ ਰਹੇ ਸੀ ਕਿ ਪੁਲਸ ਨੇ ਧਾਵਾ ਬੋਲ ਦਿੱਤਾ। ਉਦੋਂ ਕਾਂਗਰਸੀ ਹੰਸ ਰਾਜ ਜੋਸਨ ਦਾ ਬੜਾ ਜ਼ੋਰ ਸੀ ਤੇ ਅਸੀਂ ਉਹਦੇ ਉਲਟ ਗਏ ਸੀ। ਜਦੋਂ ਪੁਲਸ ਆਈ ਤਾਂ ਮੈਂ ਕਮੀਜ਼ ਲਾਹ ਕੇ ਮੋਢੇ ਧਰ ਲਈ। ਫੜੋ-ਫੜੀ ਕਰਦਿਆਂ ਜਦੋਂ ਪੁਲਸ ਨੇ ਮੈਨੂੰ ਪੁੱਛਿਆ ਤਾਂ ਮੈਂ ਕਿਹਾ "ਹਜ਼ੂਰ ਬਹਿਰਾ ਹੂੰ ਦਿੱਲੀ ਸੇ।" "ਜਾਦੂਗਰੀ' ਨਾਲ ਮੈਂ ਬੱਚ ਗਿਆ। ਕੁਝ ਦੇਰ ਬਾਅਦ ਮੁੰਡੇ ਛੁਡਾ ਲਏ ਗਏ ਪਰ ਜਦੋਂ ਅਸੀਂ ਆਵਦੇ ਉਮੀਦਵਾਰ ਦੇ ਘਰ ਆ ਕੇ ਪੈੱਗ ਲਾਉਣ ਲੱਗੇ ਤਾਂ ਵਿਰੋਧੀ ਦਲ ਦੇ ਬਦਮਾਸ਼ਾਂ ਨੇ ਲਲਕਾਰ ਲਿਆ। ਉਹ ਲਲਕਾਰੇ ਮਾਰਦੇ ਬੂਹੇ ਅੱਗੇ ਆ ਗਏ । ਸਾਰੇ ਨੁੱਕਰੇ ਲੱਗ ਗਏ ਪਰ ਮੈਂ ਤੇ ਕਾਕਾ ਦੋਵੇਂ ਗਲੀ 'ਚ ਆ ਗਏ। ਘੁੱਪ ਹਨੇਰਾ ਸੀ ਤੇ ਅਸੀਂ ਜਾਂਦਿਆਂ ਡਾਂਗਾਂ ਦਾ ਮੀਂਹ ਵਰ੍ਹਾ ਦਿੱਤਾ। ਉਹ ਅੱਗੇ ਲੱਗ ਤੁਰੇ ਤੇ ਅਸੀਂ ਉਨ੍ਹਾਂ ਦੇ ਮਗਰ ਪਰ ਜਦੋਂ ਸਟਰੀਟ ਲਾਈਟ ਦੇ ਚਾਨਣੇ ਉਨ੍ਹਾਂ ਵੇਖਿਆ ਕਿ ਇਹ ਤਾਂ ਦੋ ਜਣੇ ਹੀ ਗਾਹ ਪਾਈ ਫਿਰਦੇ ਨੇ ਤਾਂ ਉਨ੍ਹਾਂ ਫ਼ਾਇਰ ਕਰ ਦਿੱਤੇ। ਫ਼ਾਇਰ ਇੱਕ ਮੇਰੇ ਕੰਨ ਕੋਲ ਦੀ ਗਿਆ ਤੇ ਦੂਜਾ ਪੈਰਾਂ 'ਚ ਆ ਵੱਜਾ। ਮੈਂ ਕੋਡਾ ਹੋ ਕੇ ਕੰਧ ਨਾਲ ਲੱਗ ਗਿਆ ਤੇ ਨਾਲੀ ਦੇ ਕਿਨਾਰੇ ਬਣੀ ਕੰਧ 'ਤੇ ਭੱਜ ਕੇ ਅੰਦਰ ਆ ਗਿਆ। ਕਾਕੇ ਨੂੰ ਮੈਂ ਖਿੱਦੋ ਵਾਂਗ ਚਲਾ ਕੇ ਗੇਟ ਦੇ ਅੰਦਰ ਮਾਰਿਆ। ਜਿੰਨ੍ਹਾਂ ਕੋਲ ਅਸੀਂ ਗਏ ਸਾਂ ਉਨ੍ਹਾਂ ਕਮਬਖ਼ਤਾਂ ਨੇ ਗੋਟ ਬੰਦ ਕਰਕੇ ਜਿੰਦਾ ਲਾ ਲਿਆ। ਮੈਂ ਆ ਕੇ ਨਾਲੇ ਤਾਂ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਜਿਹੜੇ ਸਾਨੂੰ ਲੈ ਕੇ ਆਏ ਸਨ ਤੇ ਨਾਲੇ ਉਨ੍ਹਾਂ ਨੂੰ ਜਿੰਨ੍ਹਾਂ ਦੀ ਅਸੀਂ ਮਦਦ 'ਤੇ ਆਏ ਹੋਏ ਸਾਂ।
ਗ਼ੁਨਾਹ ਦੇ ਦੌਰ ਵਿੱਚ ਅਤੇ ਕੈਦ ਦੌਰਾਨ ਲੇਖਕ
ਸਵੇਰੇ ਤਿੰਨ ਵਜੇ ਅਸੀਂ ਉੱਥੋਂ ਤੁਰ ਪਏ ਕਿਉਂਕਿ ਇਹੋ ਜਿਹੇ ਡਰਪੋਕ ਬੰਦਿਆਂ ਲਈ ਛਾਤੀ ਡਾਹੁਣੀ ਜੁੱਤੀਆਂ ਨੂੰ ਟੈਲੀਫੋਨ ਕਰਨਾ ਸੀ। ਅਸੀਂ 15-20 ਜਣੇ ਜਲਾਲਾਬਾਦ ਤੱਕ ਆ ਗਏ, ਮੇਰੇ ਕੋਲ ਕੁਝ ਪੈਸੇ ਪਏ ਸਨ। ਮੁਕਤਸਰ ਆ ਕੇ ਰੋਡਵੇਜ਼ ਦੇ ਕੰਡਕਟਰ ਨੂੰ ਮੈਂ ਝੂਠ ਬੋਲਿਆ ਕਿ ਮੈਂ ਸੁਖਚੈਨ ਸਿੰਘ (ਮੇਰੇ ਪਿੰਡ ਵਾਲੇ ਬੱਗੀ ਦਾ ਪਿਤਾ ਜੋ ਰੋਡਵੇਜ਼ ਦਾ ਕੈਸ਼ੀਅਰ ਸੀ ਤੇ ਕੁਝ ਸਾਲ ਪਹਿਲਾਂ ਗੰਨਮੈਨ ਨੇ ਕੈਸ਼ ਲੁੱਟਣ ਲਈ ਉਸ ਦੀ ਹੱਤਿਆ ਕਰ ਦਿੱਤੀ ਸੀ) ਦਾ ਲੜਕਾ ਹਾਂ ਤੇ ਅਸੀਂ ਖੇਡ ਕੇ ਆਏ ਹਾਂ। ਅਸੀਂ ਕੱਪੜੇ ਉਤਾਰ ਕੇ ਰੱਖੇ ਸੀ ਤਾਂ ਕਿਸੇ ਨੇ ਸਾਡੇ ਬਟੂਏ ਕੱਢ ਲਏ। ਕੰਡਕਟਰ ਨੇ ਸਾਨੂੰ ਚਾਹ ਪਿਆਈ ਤੇ ਮਲੋਟ ਲਿਆ ਉਤਾਰਿਆ । ਮੈਂ ਗਿੱਦੜਬਾਹਾ ਵਾਲਿਆਂ ਦੀ ਸੇਵਾ-ਟਹਿਲ ਲਈ ਸ਼ੀਸ਼ੀਆਂ ਦਾ ਪ੍ਰਬੰਧ ਕਰਨ ਵਾਸਤੇ ਕਾਕੇ ਨੂੰ ਭੇਜਿਆ ਪਰ ਉਹ ਬਹੁੜਿਆ ਈ ਨਾ। ਮੈਂ ਸ਼ੀਸ਼ੀਆਂ ਦਾ ਪ੍ਰਬੰਧ ਤਾਂ ਕਰ ਲਿਆ ਪਰ ਕਾਕੇ ਨੂੰ ਸਰਕਾਰੀ ਸਕੂਲ ਅੱਗੇ ਜਾ ਢਾਹਿਆ। ਬਹੁਤ ਕੁੱਟਿਆ ਉਸ ਨੂੰ। ਇਸ ਤੋਂ ਬਾਅਦ ਕਈ ਮਹੀਨੇ ਇੰਝ ਹੀ ਲੰਘੇ। ਸਾਰਾ ਦਿਨ ਨਸ਼ਾ ਤੇ ਭਟਕਣ। ਲੜਾਈਆਂ ਵੀ ਚੱਲਦੀਆਂ ਰਹੀਆਂ।
ਟਿਕਾਣਿਆਂ 'ਤੇ ਟਿਕਾਅ
ਛਾਪਿਆਂਵਾਲੀ ਵਾਲੇ ਰਾਜਾ ਅਤੇ ਮਹਾਂਬੀਰ, ਜਿੰਨ੍ਹਾਂ ਦਾ ਹੁਣ ਸਾਰੇ ਇਲਾਕੇ 'ਚ ਦਬਦਬਾ ਕਾਇਮ ਹੋ ਗਿਆ ਸੀ ਦੋਵੇਂ ਭਰਾ ਸਿਰੇ ਦੇ ਦਲੇਰ ਸਨ । ਛਾਪਿਆਂਵਾਲੀ ਪਿੰਡ 'ਚ ਹੀ ਇਲਾਕੇ 'ਦਾ ਮਸ਼ਹੂਰ ਕਾਲਜ ਹੈ। ਮਹਾਂਵੀਰ ਇਸੇ ਕਾਲਜ 'ਚ ਪੜ੍ਹਦਾ ਸੀ। ਰਾਜੇ ਨੇ ਪੜ੍ਹਾਈ ਛੱਡ ਦਿੱਤੀ ਸੀ। ਦੋਵਾਂ ਨੇ ਦੂਜੇ ਗਰੁੱਪ ਨੂੰ ਪਛਾੜ ਕੇ ਆਪਣਾ ਦਬਦਬਾ ਬਣਾ ਲਿਆ। ਆਪਣੇ ਨੇਤਾ ਦੋਸਤ ਦੇ ਭਾਣਜੇ ਨਾਲ ਮੈਂ ਕਈ ਵਾਰ ਇੰਨ੍ਹਾਂ ਦੀ ਮਦਦ 'ਤੇ ਗਿਆ ਸੀ। 2000 ਵਿੱਚ ਰਾਜਾ ਮੈਨੂੰ ਡੀ.ਏ.ਵੀ. ਕਾਲਜ ਅੱਗੇ ਤਾਊ ਦੀ ਦੁਕਾਨ 'ਤੇ ਵੀ ਮਿਲਦਾ ਹੁੰਦਾ ਸੀ। ਰਾਜਾ ਅਤੇ ਮਹਾਂਬੀਰ ਦੇ ਪਿਤਾ ਨਾਲ ਵੀ ਮੇਰੀ ਦੋਸਤੀ ਸੀ। ਇਹ ਛੋਟੇ-ਛੋਟੇ ਮੇਰੇ ਹੱਥਾਂ 'ਚ ਜੰਮੇ-ਪਲੇ ਸਨ। ਇਨ੍ਹਾਂ ਮੇਰਾ ਚੰਗਾ ਸਮਾਂ ਵੇਖਿਆ ਹੋਇਆ ਸੀ। ਇਕ ਦਿਨ ਮੈਂ ਰਾਜੇ ਤੋਂ 20 ਰੂਪੈ ਮੰਗੇ। ਉਸ ਨੇ ਮੈਨੂੰ ਨਾਲ ਹੀ ਬਿਠਾ ਲਿਆ ਤੇ ਅਸੀਂ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਮੈਡੀਕਲ 'ਤੇ ਆ ਗਏ। ਦੋ-ਦੋ ਸ਼ੀਸ਼ੀਆਂ ਪੀਣ ਤੋਂ ਬਾਅਦ ਅਸੀਂ ਚਾਹ ਵਾਲੀ ਦੁਕਾਨ 'ਤੇ ਆ ਗਏ। ਰਾਜਾ ਕਹਿੰਦਾ ਆਪਾਂ ਬਠਿੰਡੇ ਚੱਲਣਾ ਹੈ। ਮਹਾਂਬੀਰ ਹੋਰੀਂ ਵੀ ਉੱਥੇ ਜੀਪ ਲੈ ਕੇ ਆ ਗਏ। ਅਸੀਂ ਬਠਿੰਡੇ ਰਵਾਨਾ ਹੋ ਗਏ। ਉੱਥੇ ਅਸੀਂ ਇੱਕ ਕੋਠੀ ਖਾਲ੍ਹੀ ਕਰਵਾਉਣੀ ਸੀ। ਅਸੀਂ ਹਨੇਰਾ ਹੋਣ ਦਾ ਇੰਤਜ਼ਾਰ ਕੀਤਾ ਤੇ ਫਿਰ ਅਸੀਂ ਸਾਢੇ ਕੁ ਨੌਂ ਵਜੇ ਅਜੀਤ ਰੋਡ 'ਤੇ ਪਹੁੰਚ ਗਏ। ਗਰਮੀਆਂ ਦੇ ਦਿਨ ਸਨ ਤੇ ਅਸੀਂ ਕੁਲ ਪੰਦਰਾਂ ਕੁ ਜਣੇ ਸੀ। ਮੈਂ ਅਗਵਾਈ ਕਰ ਰਿਹਾ ਸੀ। ਅਸੀਂ ਕੋਠੀ ਦੇ ਅੰਦਰ ਜਾ ਵੜੇ ਤੇ ਖਾਣਾ ਖਾਂਦੇ ਪਰਿਵਾਰ ਨੂੰ ਘੇਰ ਲਿਆ। ਉਨ੍ਹਾਂ ਦੀਆਂ ਜਵਾਨ ਕੁੜੀਆਂ ਸਨ। ਮੰਡੀਹਰ ਦਾ ਮੈਨੂੰ ਪਤਾ ਸੀ। ਮੈਂ ਕੁੜੀਆਂ ਨੂੰ ਕਿਹਾ “ਭੈਣ। ਤੁਸੀਂ ਦੂਜੇ ਕਮਰੇ 'ਚ ਚਲੇ ਜਾਉ।" ਅਸੀਂ ਸਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਸੀ ਕਿ ਵੀਹਾਂ ਮਿੰਟਾਂ 'ਚ ਕਾਰਵਾਈ ਪੂਰੀ ਹੋ ਜਾਣੀ ਚਾਹੀਦੀ ਐ ਪਰ ਨਸ਼ੇ ਨਾਲ ਟੁੰਨ ਮੰਡੀਹਰ ਸਮਾਨ ਫੁੱਲਾਂ ਵਾਂਗ ਬੋਚ ਬੋਚ ਚੁੱਕਦੀ ਤੇ ਸੜਕ 'ਤੇ ਸੁੱਟ ਕੇ ਕਸਾਈ ਵਾਂਗ ਟੁੱਕਦੀ। ਲੋਕ ਘਰਾਂ 'ਚੋਂ ਬਾਹਰ ਆ ਗਏ ਜਦਕਿ ਮੈਂ ਉਸ ਪਰਿਵਾਰ ਨੂੰ ਘੇਰੀ ਅੰਦਰ ਖੜ੍ਹਾ ਸੀ। ਬਾਹਰੋਂ ਕਿਸੇ ਨੇ ਕੋਤਵਾਲੀ ਦੀ ਪੁਲਸ ਸੱਦ ਲਈ। ਨਾਲ ਦੇ ਬਾਹਰੋਂ ਹੀ ਤਿੱਤ ਹੋ ਗਏ। ਮੈਨੂੰ ਅੰਦਰ ਪਤਾ ਹੀ ਨਾ ਲੱਗਾ। ਪੁਲਸ ਨੇ ਮੈਨੂੰ ਅੰਦਰ ਆ ਕੇ ਘੇਰ ਲਿਆ। ਮੈਨੂੰ ਥਾਣੇ ਲਿਜਾਦਿਆਂ ਜਨਤਾ ਮੇਰੇ ਗਲ ਪੈਣ ਲੱਗੀ ਤਾਂ ਮੈਂ ਹੌਲੀ ਜਿਹੇ ਥਾਣੇਦਾਰ ਦੇ ਕੰਨ 'ਚ ਆਖਿਆ "ਮੈਂ ਐਸ.ਪੀ. ਦਾ ਮੁੰਡਾ ਹਾਂ ਜੇ ਕਿਸੇ ਨੇ ਹੱਥ ਲਾਇਆ ਤਾਂ ਸਭ ਤੋਂ ਪਹਿਲਾ ਨੰਬਰ ਤੇਰਾ ਲੱਗੇਗਾ।” ਉਸ ਨੇ ਪਬਲਿਕ ਨੂੰ ਤਾਂ ਗਾਲ੍ਹਾਂ ਕੱਢਕੇ ਦੂਰ ਕਰ ਹੀ ਦਿੱਤਾ ਨਾਲ ਹੀ ਮੇਰੇ ਲੰਮੇ ਵਾਲ ਝੱਟ ਦੇਣੀ ਛੱਡ ਕੇ ਕਾਲਰ ਨੂੰ ਹੱਥ ਪਾ ਲਿਆ। ਇਹੀ ਤਾਂ ਮੈਂ ਚਾਹੁੰਦਾ ਸੀ । ਗਲੀ ਦੀ ਨੁੱਕਰ 'ਤੇ ਖੜ੍ਹੇ ਮਹਾਂਬੀਰ ਦੇ ਸਕੂਟਰ ਨੂੰ ਵੇਖ ਕੇ ਮੈਂ ਕਮੀਜ਼ ਦੇ ਬਟਨ ਖੋਲ੍ਹਣੇ ਸ਼ੁਰੂ ਕਰ ਦਿੱਤੇ। ਅਗਲੇ ਪਲ ਥਾਣੇਦਾਰ ਦੇ ਹੱਥ ਕਮੀਜ਼ ਹੀ ਰਹਿ ਗਈ ਵਿੱਚੋਂ ਪੰਛੀ ਉੱਡ ਗਿਆ। ਅਸੀਂ ਰਾਤ ਮਲੋਟ ਆ ਗਏ। ਮੈਨੂੰ ਮਿਮਟ ਕਾਲਜ ਦੇ ਹੋਸਟਲ 'ਚ ਉਤਾਰ ਕੇ ਰਾਜੇ ਹੋਰੀਂ ਪਿੰਡ ਚਲੇ ਗਏ। ਸਵੇਰੇ ਮਹਾਂਬੀਰ ਆ ਕੇ ਮੈਨੂੰ ਛਾਪਿਆਂਵਾਲੀ
ਲੈ ਗਿਆ। ਮਹਾਂਬੀਰ ਤੇ ਰਾਜਾ ਸਭ ਨੂੰ ਮੇਰੀ ਬਹਾਦਰੀ ਅਤੇ ਚਲਾਕੀ ਦਾ ਕਿੱਸਾ ਸੁਣਾ ਰਹੇ ਸਨ। ਰਾਜੇ ਨੇ ਮੈਨੂੰ ਕਿਹਾ "ਐਵੇਂ ਤੁਰਿਆ ਫਿਰਦਾ ਏਂ ਗਲੀਆਂ 'ਚ ਸਾਡੇ ਕੋਲ ਰਹਿ। ਲੀੜਾ-ਕੱਪੜਾ ਵੀ ਦਿਆਂਗੇ ਤੇ ਨਸ਼ਾ-ਪੱਤਾ ਵੀ ਪਰ ਟੀਕੇ ਛੱਡ ਦੇ ।" ਮੈਂ ਝੱਟ ਹਾਂ ਕਰ ਦਿੱਤੀ। ਮੈਂ ਸਮੇਂ ਦਾ ਤਕਾਜਾ ਸਮਝਿਆ ਕਿ ਇੱਕ ਤਾਂ ਟਿਕਾਣਾ ਮਿਲ ਜਾਵੇਗਾ ਰਹਿਣ ਨੂੰ ਤੇ ਦੂਜਾ ਯਾਰਾਂ ਦੀਆਂ ਬਾਹਾਂ ਮਿਲ ਜਾਣਗੀਆਂ। ਮੈਂ ਉੱਥੇ ਹੀ ਆ ਗਿਆ ਸਾਂ ਜਿੱਥੋਂ ਸਫ਼ਰ ਸ਼ੁਰੂ ਹੋਇਆ ਸੀ ਪਰ ਉਦੋਂ ਤੇ ਹੁਣ 'ਚ ਫ਼ਰਕ ਇਹ ਸੀ ਕਿ ਰਾਜੇ ਹੋਰਾਂ ਅੱਗੇ ਅੱਜ ਕੋਈ ਖੰਘਦਾ ਨਹੀਂ ਸੀ। ਸੋ ਆਪਾਂ ਇੱਥੇ ਹੀ ਡੇਰੇ ਜਮਾ ਲਏ।
ਰੱਤ ਨਾ ਲੱਥੀ ਚੋਲਿਓਂ
ਇਨਸਾਨ ਨੂੰ ਤਾਕਤ ਅੰਨ੍ਹਿਆਂ ਕਰ ਦਿੰਦੀ ਹੈ ਤੇ ਮਾਇਆ ਪਾਗਲ। ਸਾਡੇ ਕੋਲ ਦੋਵੇਂ ਸੀ। ਨਾਲੇ ਖੰਜ਼ਰ ਨੂੰ ਮੁੱਠੀ 'ਚ ਘੁੱਟਿਆਂ ਚੀਰੇ ਤਾਂ ਪੈਣੇ ਹੀ ਹੁੰਦੇ ਨੇਂ। ਛਾਪਿਆਂਵਾਲੀ 'ਚ ਰਾਜੇ ਹੋਰਾਂ ਦਾ ਰੋਅਬ ਸੀ। ਇੱਕ ਫੋਨ 'ਤੇ ਹਜ਼ਾਰਾਂ ਰੂਪੇ ਇਕੱਠੇ ਹੋ ਜਾਂਦੇ। ਜੇ ਕੋਈ ਇਨਕਾਰ ਕਰਦਾ ਜਾਂ ਲਕੀਰ ਦੇ ਉਲਟ ਜਾਂਦਾ ਉਹਦਾ ਕਮੀਜ਼ ਤੇ ਸਿਰ ਦੋਵੇਂ ਲੀਰੋ-ਲੀਰ ਹੋ ਜਾਂਦੇ। ਸਾਡੇ ਨਾਲ ਜੁੜਦੇ-ਜੁੜਦੇ 500 ਦੇ ਕਰੀਬ ਮੁੰਡੇ ਜੁੜ ਗਏ। 2006-07 'ਚ ਸ਼ਾਇਦ ਇਹ ਪੰਜਾਬ ਦੇ ਚੋਟੀ ਦੇ ਗਰੁੱਪਾਂ 'ਚੋਂ ਇੱਕ ਸੀ। ਇਸ ਗਰੁੱਪ 'ਚ ਮੇਰੇ ਵਰਗੇ ਨੰਗ ਤੋਂ ਲੈ ਕੇ ਸੌ-ਸੌ ਕਿੱਲ੍ਹਿਆਂ ਵਾਲੇ ਸਨ। ਕਈ ਮੁੰਡੇ ਤਾਂ ਸਾਨੂੰ ਮਿਲਣ ਜਾਂ ਜਾਣ-ਪਛਾਣ ਕਰਨ ਦੇ ਮਾਰੇ ਹੀ 'ਮੱਥਾ' ਟੇਕ ਜਾਂਦੇ। ਕਈ ਏਸ ਲਈ ਚੜ੍ਹਾਵਾ ਚਾੜ੍ਹ ਜਾਂਦੇ ਕਿ ਕਿਤੇ ਲੋੜ ਪਈ ਤੋਂ ਇਨ੍ਹਾਂ 'ਅੰਨ੍ਹਿਆਂ' ਨੂੰ ਵਰਤਾਂਗੇ। ਅਸੀਂ ਵੀ ਪੂਰਾ ਮੁੱਲ ਮੋੜਦੇ। ਸੌ ਕਿਲੋਮੀਟਰ 'ਚ ਕਿਸੇ ਦਾ ਸੀਰੀ ਵੀ ਲੜ ਪੈਂਦਾ ਤਾਂ ਅਸੀਂ ਅਗਲੇ ਦਾ ਸਾਰਾ ਪਿੰਡ ਜਾ ਘੇਰਦੇ। ਮਲੋਟ 'ਚ ਗਾਹ ਪਾਉਣ ਤੋਂ ਇਲਾਵਾ ਅਸੀਂ ਛਾਪਿਆਂਵਾਲੀ ਪੱਕਾ ਅੱਡਾ ਬਣਾ ਲਿਆ। ਕਾਲਜ ਦੇ ਬਾਹਰ ਬਣੇ ਢਾਬੇ 'ਤੇ ਲਿਆ ਕੇ ਅਸੀਂ ਏਨੇ ਮੁੰਡੇ ਕੁੱਟੇ ਕਿ ਮੇਰੇ ਲਈ ਗਿਣਤੀ ਅਸੰਭਵ ਹੈ। ਇਹ ਢਾਬਾ ਨਹੀਂ ਸਾਡਾ ਤਸੀਹਾ ਕੇਂਦਰ ਸੀ ਜਿੱਥੇ ਅਸੀਂ ਦੁੱਧ-ਮੱਖਣਾਂ ਨਾਲ ਪਾਲੇ ਮਾਵਾਂ ਦੇ ਪੁੱਤ ਉਧੇੜ ਘੱਤਦੇ। ਕਿਸੇ ਨੂੰ ਕੋਈ ਕੁਟਵਾਉਂਦਾ ਤੇ ਕਿਸੇ ਨੂੰ ਅਸੀਂ ਆਪ ਕੁੱਟਦੇ। ਮਹਾਂਬੀਰ ਦੀ ਕਾਲਜ ਵਿੱਚ ਹੀ ਨੌਕਰੀ ਲੱਗ ਗਈ। ਅਸੀਂ ਬਾਹਰਲੇ ਨਿੱਜੀ ਹੋਸਟਲਾਂ 'ਚ ਵਿਦਿਆਰਥੀਆਂ ਦੇ ਕਮਰਿਆਂ 'ਚ ਰਹਿੰਦੇ। ਸਾਰੀ ਰਾਤ ਹੋਸਟਲਾਂ ਦੇ ਮੁੰਡੇ ਸੇਵਾ 'ਚ ਲੱਗੇ ਰਹਿੰਦੇ। ਅਸੀਂ ਸ਼ੀਸ਼ੀਆਂ ਲੈ ਆਉਂਦੇ ਤੇ ਪੀ ਛੱਡਦੇ। ਢਾਬਿਆਂ 'ਤੇ ਕੋਈ ਪੈਸਾ ਨਾ ਪੁੱਛਦਾ ਮੈਡੀਕਲ ਵਾਲੇ ਵੀ ਅੱਧ ਰੇਟ 'ਤੇ ਨਸ਼ਾ ਦੇ ਦਿੰਦੇ। ਇੱਥੋਂ ਤੱਕ ਕਿ ਮੰਡੀ ਡੱਬਵਾਲੀ (ਹਰਿਆਣਾ) 'ਚੋਂ ਵੀ ਮੁਫ਼ਤ ਸ਼ੀਸ਼ੀਆਂ ਲੈ ਆਉਂਦੇ। ਨਾ ਰੋਟੀ ਦਾ ਫ਼ਿਕਰ ਨਾ ਨਸ਼ੇ ਦੀ ਘਾਟ। ਰਾਜਾ ਵੀ ਹੁਣ ਬਹੁਤ ਜ਼ਿਆਦਾ ਨਬਾ ਕਰਨ ਲੱਗ ਪਿਆ। ਅਕਸਰ ਅਸੀਂ ਮਲੋਟ ਆ ਜਾਂਦੇ ਤੇ ਗੁੱਟ ਹੋ ਕੇ ਸ਼ਾਮ ਨੂੰ ਮੁੜਦੇ। ਕਈ ਵਾਰ ਉਹ ਮੈਨੂੰ ਲਾਹ ਆਉਂਦਾ ਪਰ ਜ਼ਿਆਦਾਤਰ ਮੈਂ ਛਾਪਿਆਂਵਾਲੀ ਹੀ ਰਹਿੰਦਾ। ਇਹ ਸਿਲਸਿਲਾ ਉਦੋਂ ਥੰਮਿਆ ਜਦ ਮੇਰਾ ਭਰਾ ਦੁਬਈ ਚਲਾ ਗਿਆ। ਹੁਣ ਮੈਨੂੰ ਘਰ ਰਹਿਣਾ ਪੈਂਦਾ। ਮੈਂ ਡੰਗਰਾਂ ਨੂੰ ਪੱਠੇ ਪਾਉਣ ਤੋਂ ਲੈ ਕੇ ਘਰ ਦੇ ਸਾਰੇ ਛੋਟੇ- ਮੋਟੇ ਕੰਮ ਕਰਨ ਲੱਗ ਪਿਆ। ਵੇਲੇ ਨਾਲ ਵਿਹਲਾ ਹੋ ਕੇ ਮੈਂ ਸੋਨੀ ਦੀ ਦੁਕਾਨ 'ਤੇ ਜਾ ਬੈਠਦਾ। ਸੋਨੀ ਕਿਸੇ ਸਮੇਂ ਬੱਸ 'ਤੇ ਮੇਰੇ ਨਾਲ ਸ਼ਹਿਰ ਮੈਡੀਕਲ ਦਾ ਕੰਮ ਸਿੱਖਣ ਆਇਆ-ਜਾਇਆ ਕਰਦਾ ਸੀ। ਸੋਨੀ ਨੇ ਦੁਕਾਨ ਮੇਰੇ ਕਹਿਣ 'ਤੇ ਹੀ ਕੀਤੀ ਸੀ ਤੇ ਜਲਦੀ ਹੀ ਉਹਦਾ ਮੈਡੀਕਲ ਸਟੋਰ ਚੱਲ ਪਿਆ। ਮੈਂ ਸਾਰਾ ਦਿਨ ਸੋਨੀ ਦੀ ਦੁਕਾਨ 'ਤੇ ਰਹਿੰਦਾ। ਚਾਹ-ਰੋਟੀ ਸੋਨੀ ਕੇ ਹੀ ਘਰੋਂ ਆ ਜਾਂਦੀ। ਦੇਰ ਸ਼ਾਮ ਮੈਂ ਢਾਣੀ (ਬਹਿਕ) 'ਤੇ ਪਰਤਦਾ। ਮੈਂ ਹੁਣ ਸਿਰਫ ਭੁੱਕੀ ਖਾਂਦਾ ਸੀ। ਮੇਰੀ
2002-03 ਵਿੱਚ ਇੱਕ ਲੜਾਈ 'ਚ ਜਖਮੀਂ ਹੋਣ ਤੋਂ ਬਾਅਦ।
ਸੋਨੀ ਨਾਲ ਭਰਾਵਾਂ ਵਾਲੀ ਸਾਂਝ ਸੀ। ਇਸੇ ਕਰਕੇ ਮੈਂ ਸੋਨੀ ਪਿੱਛੇ ਆਵਦੇ ਪਿੰਡ ਦੇ ਕਹਿੰਦੇ-ਕਹਾਉਂਦੇ ਮੁੰਡਿਆਂ ਨਾਲ ਭਿੜ ਗਿਆ। ਸੋਨੀ ਹੋਰਾਂ ਦੇ ਘਰ ਕੋਲ ਆ ਕੇ ਕੁਝ ਮੁੰਡੇ ਖੜ੍ਹਦੇ ਸਨ । ਇਨ੍ਹਾਂ 'ਚੋਂ ਇਕ ਮੁੰਡਾ ਮੇਰੇ ਪਿੰਡ ਵਾਲਾ ਸਾਧੀ ਸੀ। ਸਾਧੀ ਹੋਰੀਂ ਤਿੰਨ ਭਰਾ ਸੀ ਤੇ ਤਿੰਨਾਂ ਦੀ ਡਾਹਢੀ ਦਹਿਸ਼ਤ ਸੀ। ਸੋਨੀ ਹੋਰੀਂ ਸਾਧੀ ਦੇ ਗਲ ਪੈ ਗਏ । ਫਿਰ ਇਹ ਕਲੇਸ ਕਈ ਮਹੀਨੇ ਚੱਲਦਾ ਰਿਹਾ। ਮੈਂ ਸੋਨੀ ਨਾਲ ਖੜ੍ਹ ਗਿਆ। ਸਾਧੀ ਹੋਰਾਂ ਨੇ ਮੇਰਾ ਵੀ ਰਾਹ ਮੱਲਿਆ। ਪਰ ਮੈਂ ਬੱਗੀ ਨੂੰ ਫੋਨ ਕਰਕੇ ਸੱਦ ਲਿਆ ਤੇ ਲਲਕਾਰ ਕੇ ਅਸੀਂ ਉਨ੍ਹਾਂ ਦੇ ਵਿਚਦੀ ਆਏ। ਮੈਂ ਹੁਣ ਮੋਬਾਇਲ ਵੀ ਲੈ ਲਿਆ ਸੀ । ਪਹਿਲਾ ਖ਼ਰੀਦਿਆ ਮੋਬਾਇਲ ਸੀ ਸੋਨੀ ਏਰੀਕਸਨ ਕੰਪਨੀ ਦਾ। ਰਾਜੇ ਹਰੀ ਰਾਣੇ ਪੱਟੀ ਵਾਲੇ ਦੀ ਲੰਡੀ ਜੀਪ ਤੇ ਪਿਸਤੌਲ ਲੈ ਕੇ ਰੋਜ਼ਾਨਾ ਸ਼ਾਮ ਨੂੰ ਪਿੰਡ ਆ ਜਾਂਦੇ। ਮੈਂ ਸਵੇਰੇ ਭੁੱਕੀ ਖਾ ਲੈਂਦਾ ਤੇ ਕਦੇ-ਕਦੇ ਸ਼ਰਾਬ ਵੀ ਪੀ ਲੈਂਦਾ। ਕਈ-ਕਈ ਦਿਨ ਛਾਪਿਆਂਵਾਲੀ ਨਾ ਆਉਂਦਾ ਪਰ ਜਦੋਂ ਆ ਜਾਂਦਾ ਪੰਗਿਆਂ ਤੇ ਨਸ਼ੇ ਦਾ ਦੌਰ ਚੱਲ ਪੈਂਦਾ। ਇਕ ਦਿਨ ਮਲੋਟ ਅਹਾਤੇ 'ਚ ਸ਼ਰਾਬ ਪੀ ਰਿਹਾ ਸੀ। ਐਸੀ ਲੜਾਈ ਛਿੜੀ ਕਿ ਮੈਂ ਸਾਰਾ ਬਾਜ਼ਾਰ ਅੱਗੇ ਲਾ ਲਿਆ। ਜਿਹੜਾ ਅੱਗੇ ਆਵੇ ਉਹਦੇ ਮੌਰਾਂ 'ਚ ਡਾਂਗ। ਇਕੱਠੀ ਹੋਈ ਭੀੜ 'ਚੋਂ ਕਿਸੇ ਨੇ ਦੂਰੋਂ ਇੱਟ ਮਾਰੀ ਜੋ ਮੇਰੀ ਅੱਖ ਦੇ ਹੇਠਾਂ ਜਬਾੜੇ 'ਤੇ ਆ ਵੱਜੀ। ਚਾਰ ਦਿਨ ਹਸਪਤਾਲ ਰਿਹਾ। ਇੱਕ ਵਾਰ ਬਿੱਲਾ ਬੋਦੀਵਾਲਾ ਜਿਸ ਨਾਲ ਮੇਰਾ 2000 'ਚ ਵਿਗਾੜ ਪੈ ਗਿਆ ਸੀ ਵੋਟਾਂ 'ਚ ਸਾਨੂੰ ਤਿੰਨ ਜਣਿਆਂ ਨੂੰ ਨਾਲ ਲੈ ਗਿਆ। ਬਿੱਲੇ ਨਾਲ ਵੀ ਮੇਰਾ ਵਿਗਾੜ ਨਸ਼ੇ ਕਾਰਨ ਪਿਆ ਸੀ। ਉਹਦੇ ਵਿਆਹ 'ਚ ਮੈਂ ਦਾਰੂ ਜ਼ਿਆਦਾ ਪੀ ਲਈ ਤੇ ਨਸ਼ੇ 'ਚ ਉਸ ਦੇ ਜੀਜੇ ਦੀ ਮੁੰਦਰੀ ਲਾਹ ਲਈ। ਮੁੰਦਰੀ ਮਿਲ ਗਈ ਪਰ ਉਹਦਾ ਪੁਲਸੀਆ ਜੀਜਾ ਧੱਕੇ ਨਾਲ ਮੈਨੂੰ ਪੈਸੇ ਪਾਉਣ ਨੂੰ ਫਿਰਦਾ ਸੀ। ਇਸ ਲਈ ਮੈਂ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ। ਇਹ ਉਨ੍ਹਾਂ ਕੁਝ ਗੁਨਾਹਾਂ 'ਚੋਂ ਇਕ ਸੀ ਜਿਸ 'ਤੇ ਮੈਂ ਹਮੇਸ਼ਾ ਪਛਤਾਉਂਦਾ ਰਿਹਾ ਕਿਉਂਕਿ ਬਿੱਲੇ ਦੇ ਘਰ ਦਾ ਮੈਂ ਲੂਣ ਖਾਧਾ ਸੀ ਤੇ ਨਮਕਹਰਾਮੀ ਮੇਰੀ ਨਜ਼ਰ 'ਚ ਸਭ ਤੋਂ ਭਿਆਨਕ ਗੁਨਾਹ ਹੈ। ਮੈਂ ਬਿੱਲੇ ਨਾਲ ਇਸ ਕਰਕੇ ਚਲਾ ਗਿਆ ਕਿ ਚਲੋ ਕੁਝ ਗੁਨਾਹ ਦਾ ਭਾਰ ਘੱਟ ਜਾਵੇਗਾ। ਬਿੱਲਾ ਸਾਨੂੰ ਚੱਕੀ ਜਾਨੀਸਰ ਲੈ ਗਿਆ। ਉੱਥੇ ਲਿਜਾ ਕੇ ਆਉਣ ਲੱਗੇ ਤਾਂ ਪੈਸੇ ਦੇਣ ਦੀ ਥਾਂ ਬਿੱਲੇ ਹੋਰੀਂ ਕਿੜ ਕੱਢਣ ਲੱਗ ਪਏ ਪਰ ਅਸੀਂ ਵੀ ਅੱਗਿਓਂ ਤਲਾਵਾਰਾਂ ਧੂਹ ਲਈਆਂ ਤੇ ਬਿੱਲੇ ਹੋਰਾਂ ਦੇ ਹਜੂਮ ਤੋਂ ਬਚ ਗਏ। ਜੇ ਡਰ ਜਾਂਦੇ ਤਾਂ ਸ਼ਾਇਦ ਤੀਹ-ਚਾਲ੍ਹੀ ਜਣੇ ਸਾਨੂੰ ਵੱਢ ਜਾਂਦੇ । ਅਸੀਂ ਬਚ ਕੇ ਤਾਂ ਆ ਗਏ ਪਰ ਰਸਤੇ 'ਚ ਮੈਨੂੰ ਮਾਤਾ ਨਿਕਲ ਆਈ ਜਿਸ ਨੂੰ ਡਾਕਟਰੀ ਭਾਸ਼ਾ 'ਚ ਸ਼ਾਇਦ ਚਿਕਨਪਾਕਸ ਕਹਿੰਦੇ ਹਨ। ਮੈਂ ਮੁਕਤਸਰ ਤੋਂ ਬੁਖ਼ਾਰ ਦੀ ਹਾਲਤ 'ਚ ਸਰਕਾਰੀ ਹਸਪਤਾਲ ਮਲੋਟ ਆ ਕੇ ਦਾਖ਼ਲ ਹੋ ਗਿਆ। ਦੋ-ਤਿੰਨ ਦਿਨ ਪਿਆ ਰਿਹਾ ਪਰ ਕੋਈ ਨਾ ਆਇਆ। ਆਖਰ ਮੈਂ ਉਸੇ ਹਾਲਤ ’ਚ ਘਰੇ ਪਹੁੰਚ ਗਿਆ। ਸਾਰੇ ਸਰੀਰ 'ਤੇ ਦਾਣੇ ਨਿਕਲ ਆਏ ਸਨ। ਕੁਝ ਦਿਨ ਘਰ ਰਿਹਾ ਪਰ ਠੀਕ ਹੁੰਦਿਆਂ ਫੇਰ ਮਲੋਟ ਚਲਾ ਗਿਆ। ਇਕ ਦਿਨ ਰੋਥੜੀਆਂ ਦੇ ਇਕ ਮੁੰਡੇ ਨਾਲ ਸ਼ਾਮ ਖੇੜੇ ਪਿੰਡ ਦੇ ਕੁਝ ਮੁੰਡਿਆਂ ਦੀ ਤਲਖ਼ ਕਲਾਮੀ ਹੋ ਗਈ। ਮੈਂ ਵਿੱਚ ਪੈ ਕੇ ਗੱਲ ਨਿਬੇੜ ਦਿੱਤੀ। ਜਦੋਂ ਅਗਲੇ
ਗਿਆ ਪਰ ਸਵੇਰ ਹੁੰਦਿਆਂ ਹੀ ਮੇਰੀ ਮੁਸ਼ੱਕਤ ਫੈਕਟਰੀ ਪੈ ਗਈ। ਲੰਗਰ ਦੇ ਛੁਟਕਾਰਾ ਤਾਂ ਮਿਲਿਆ ਹੀ ਮੈਂ ਸ਼ਿੰਦੇ ਦੇ ਨਾਲ ਵੀ ਆ ਗਿਆ। ਉਸ ਨੂੰ ਕੈਦੀਆਂ ਨੇ ਬੜੀਆਂ ਲਾਹਨਤਾਂ ਪਾਈਆਂ ਕਿ ਤੇਰੇ ਲਈ ਕੁਰਬਾਨੀ ਦੇਣ ਵਾਲੇ ਬੰਦੇ ਨੂੰ ਤੂੰ ਕੱਲਿਆਂ ਛੱਡ ਕੇ ਭੱਜ ਆਇਆ। ਪਸਚਾਤਾਪ ਵੱਜੋਂ ਹੀ ਸ਼ਿੰਦਾ ਮੈਨੂੰ ਨਾਲ ਲੈ ਗਿਆ ਸੀ।
ਇਹ ਬੈਰਕ ਮੁਨਸ਼ੀਆਂ ਦੀ ਸੀ ਤੇ ਸਾਡਾ ਯਾਰ ਬਣ ਗਿਆ ਅਬੋਹਰ ਵਾਲਾ ਪ੍ਰਿੰਸ ਜਿਸ ਨੇ ਸਾਨੂੰ ਆਪਣੇ ਨਾਲ ਰੋਟੀਵਾਲ ਰਲਾ ਲਿਆ। ਪ੍ਰਿੰਸ ਬੱਸ 'ਚ ਇੱਕ ਮੁੰਡੇ ਨੂੰ ਮਾਰਨ ਦੇ ਦੋਸ਼ ਹੇਠ ਸਜ਼ਾ ਭੁਗਤ ਰਿਹਾ ਸੀ । ਪ੍ਰਿੰਸ ਦਾ ਦੂਜਾ ਰੋਟੀਵਾਲ ਸੀ ਜੱਸੀ ਜਿਹੜਾ ਮੇਰੇ ਨਾਲ ਦੇ ਪਿੰਡ ਦਾ ਸੀ । ਗੰਗਾਨਗਰ ਵਾਲਾ ਵਾਸੂਦੇਵ। ਸਾਡਾ ਸਾਰਿਆਂ ਦਾ ਮੁਖੀਆ ਸੀ। ਓਧਰ ਇਕ ਕਤਲ 'ਚ ਆਏ ਪਿੰਡ ਤੂੰਬੜਭੰਨ (ਤਲਵੰਡੀ ਭਾਈ) ਦੇ ਦੋ ਭਰਾ ਬੱਬੂ ਤੇ ਲੱਖਾ ਨਾਲ ਮੇਰੀ ਬਹੁਤ ਬਣਦੀ ਸੀ। ਇਨ੍ਹਾਂ ਦਾ ਪਿਤਾ ਜੋ ਕਿ ਮਾਸਟਰ ਸੀ ਕੇਸ 'ਚ ਇਨ੍ਹਾਂ ਦੇ ਨਾਲ ਹੀ ਸੀ। ਇਹ ਦੋਵੇਂ ਭਰਾ ਮੇਰੇ ਵਿਚਾਰਾਂ ਦੇ ਹਾਣੀ ਸੀ । ਮੈਂ ਤੇ ਬੱਬੂ ਮਿਲੇ ਬਿਨ੍ਹਾਂ ਨਾ ਰਹਿੰਦੇ। ਜੇਲ੍ਹ ਚ ਸਾਡੀ ਰੋਟੀ ਤਾਂ ਟੋਹਰੀ ਹੁੰਦੀ ਹੀ ਨਾਲ ਅਸੀਂ ਸਮੈਕ ਦਾ ਸੂਟਾ ਵੀ ਕਦੇ ਕਦੇ ਖਿੱਚ ਲੈਂਦੇ। ਪਰ ਜਲਦ ਹੀ ਮੈਂ ਇਹ ਛੱਡ ਗਿਆ ਤੇ ਜੇਲ੍ਹ 'ਚ ਵੇਟ ਮਾਰਨ ਲੱਗ ਪਿਆ। ਫ਼ੈਕਟਰੀ 'ਚ ਮਾੜਾ-ਮੋਟਾ ਕੰਮ ਮੈਂ ਕਰ ਛੱਡਦਾ ਨਹੀਂ ਤਾਂ ਸਾਰਾ ਦਿਨ ਰੇਡੀਓ ਸੁਣਦਿਆਂ ਦਾ ਲੰਘ ਜਾਂਦਾ । ਓਧਰ ਜੇਲ੍ਹ 'ਚ ਮੁਨਸ਼ੀ ਘੱਟ ਗਏ। ਚੱਕਰ ਹੌਲਦਾਰ ਨੂੰ ਮੋਰੇ ਵਿਵਹਾਰ ਅਤੇ ਸੁਭਾਅ ਨੇ ਕਾਇਲ ਕੀਤਾ ਹੋਇਆ ਸੀ ਉਹ ਮੈਨੂੰ ਮੁਨਸ਼ੀ ਦੀ ਮੁਸ਼ੱਕਤ ਲਈ ਚੱਕਰ ਦਫ਼ਤਰ 'ਚ ਲੈ ਗਿਆ ਪਰ ਮੈਂ ਕੱਲ੍ਹਾ ਮੁਨਸ਼ੀ ਦੀ ਕੁਰਸੀ ਤੇ ਨਹੀਂ ਸਾਂ ਬੈਠਾ । ਮੈਂ ਨਾਲ ਸ਼ਿੰਦੇ ਨੂੰ ਵੀ ਲੈ ਕੇ ਗਿਆ ਜੋ ਮੈਨੂੰ ਦੋਜ਼ਖ਼ 'ਚ ਸੜਦੇ ਨੂੰ ਛੱਡਕੇ ਭੱਜ ਤੁਰਿਆ ਸੀ । 7 ਮਹੀਨਿਆਂ ਬਾਅਦ ਸਾਡੀਆਂ ਜਮਾਨਤਾਂ ਹਾਈਕੋਰਟ 'ਚੋਂ ਮਨਜ਼ੂਰ ਹੋ ਗਈਆਂ। ਓਧਰ ਜੇਲ੍ਹ 'ਚ ਹੀ ਖ਼ਬਰ ਮਿਲੀ ਕਿ ਸ਼ਿੰਦੇ ਦੇ ਘਰ ਦਸ ਸਾਲ ਬਾਅਦ ਕਾਕਾ ਮਾਰ ਪਟਾਕਾ ਜੰਮ ਪਿਆ ਹੈ। ਅਸੀਂ ਸਾਰੀ ਜੇਲ੍ਹ ਨੂੰ ਪਕੌੜਿਆਂ ਅਤੇ ਲੋਮੋਟਿਲ ਗੋਲੀਆਂ ਦੀ ਪਾਰਟੀ ਕੀਤੀ। ਸਾਰੀ ਜੇਲ੍ਹ ਨੇ ਸਾਡੀ ਵਾਹ-ਵਾਹ ਕੀਤੀ ਤੇ ਰਿਹਾਈ ਵੇਲੇ ਸਾਨੂੰ ਨਿੱਘੀ ਵਧਾਈ ਦਿੱਤੀ।
ਸਮੇਂ ਦੀਆਂ ਹਾਰਾਂ
ਇਸ ਵਾਰ ਮੈਂ ਜੇਲ੍ਹ 'ਚੋਂ ਇਕ ਨੇਕ ਇਰਾਦੇ ਨਾਲ ਨਿਕਲਿਆ ਸੀ। ਇਹ ਸੋਚ ਸੋਚੀ ਕਿ ਮੈਂ ਉਸ ਕੁੜੀ ਨਾਲ ਘਰ ਵਸਾ ਲਵਾਂਗਾ ਜੋ ਇਕ ਛੋਟੀ ਜਿਹੀ ਘਟਨਾ ਨੇ ਮੇਰੀ ਜ਼ਿੰਦਗੀ 'ਚ ਲਿਆਂਦੀ ਸੀ। ਜੇਲ੍ਹ ਜਾਣ ਤੋਂ ਪਹਿਲਾਂ ਇਕ ਦਿਨ ਕੁਝ ਮੁੰਡੇ ਕਹਿੰਦੇ ਸਾਡੇ ਪਿੰਡ ਦੀ ਫ਼ਲਾਣੀ ਕੁੜੀ ਕਿਸੇ ਨਾਲ ਗੱਲ ਨਹੀਂ ਕਰਦੀ। ਮੈਂ ਸ਼ਰਤ ਰੱਖ ਲਈ ਕਿ ਇੱਕ ਹਫਤੇ 'ਚ ਉਹ ਮੇਰੇ ਨਾਲ ਗੱਲਾਂ ਕਰੇਗੀ ਫ਼ੋਨ 'ਤੇ। ਮੈਨੂੰ ਉਨ੍ਹਾਂ ਨੰਬਰ ਦੇ ਦਿੱਤਾ ਤੇ ਸ਼ਰਾਰਤ ਤੋਂ ਸ਼ੁਰੂ ਹੋਈ ਗੱਲ ਪਿਆਰ ਤੱਕ ਜਾ ਅੱਪੜੀ। ਇਹ ਪਹਿਲੀ ਕੁੜੀ ਸੀ ਜੋ ਮੇਰੀ ਜ਼ਿੰਦਗੀ 'ਚ ਆਈ ਪਰ ਜਦੋ ਆਉਣ ਵਾਲੀ ਗਈ ਤਾਂ ਸੁਫ਼ਨਿਆਂ ਦਾ ਸਵੈਟਰ ਹੀ ਉਧੇੜ ਗਈ ਜੋ ਮੈ ਸੱਧਰਾਂ ਦੀਆਂ ਸਲਾਈਆਂ ਨਾਲ ਰੂਹ ਦੇ ਪੋਟਿਆਂ ਤੋਂ ਬੁਣਿਆ ਸੀ। ਮੈਂ ਹੁਣ ਸਭ ਕੁਝ ਛੱਡ ਦਿੱਤਾ ਸੀ। ਨਾ ਮੈਂ ਸ਼ਰਾਬ ਪੀਂਦਾ ਸੀ ਤੇ ਨਾ ਕੋਈ ਹੋਰ ਨਸ਼ਾ ਪਰ ਤਿਣਕਿਆਂ ਦੇ ਹਾਸੇ ਤੂਫ਼ਾਨਾਂ ਨੂੰ ਕਿੱਥੋਂ ਰਾਸ ਆਉਂਦੇ ਨੇ ? 8 ਮਾਰਚ 2008 ਦੀ ਸਵੇਰੇ ਖਬਰ ਹੋਈ ਕਿ ਉਹਦੀ ਬਰਾਤ ਆ ਰਹੀ ਹੈ। ਮੇਰੀਆਂ ਹੱਡੀਆਂ ਦੇ ਢਾਂਚੇ ਦੀਆਂ ਚੂਲਾਂ ਹਿੱਲ ਗਈਆਂ ਮੇਰੀ ਸੋਚ ਦਾ ਦੀਵਾ ਬੁੱਝ ਗਿਆ। ਮੈਂ ਅੱਭੜਵਾਹੇ ਸ਼ਹਿਰ ਪੁੱਜਾ। ਜਿਸ ਨਸ਼ੇ ਨੂੰ ਮੈਂ ਸੁੱਟ ਦਿੱਤਾ ਸੀ ਪਹਿਲਾਂ ਉਸ ਨੂੰ ਹਿੱਕ ਨਾਲ ਲਾਇਆ ਫਿਰ ਮੈਂ ਆਪਣੇ ਸਾਥੀਆਂ ਨੂੰ ਕਿਹਾ ਕਿ ਮੈਂ ਉਸ ਹੋਟਲ 'ਚ ਜਾਵਾਂਗਾ ਜਿੱਥੇ ਬਰਾਤ ਆਈ ਹੈ। ਇਸ ਲਈ ਚਾਹੇ ਮੇਰਾ ਸਿਰ ਲਹਿ ਜਾਵੇ। ਸਾਡੇ ਪੁਰਾਣੇ ਯਾਰ ਨੇਤਾ ਦਾ ਮੁੰਡਾ ਜੋ ਹੁਣ ਜੁਆਨ ਹੋ ਕੇ ਸਾਡੇ ਨਾਲ ਹੀ ਖਾਂਦਾ-ਪੀਂਦਾ ਸੀ ਅਸਲਾ ਲੈ ਕੇ ਨਾਲ ਤੁਰ ਪਿਆ। ਅਸੀਂ ਹੋਟਲ ਪਹੁੰਚੇ। ਮੈਂ ਉਹਦੇ ਸਾਹਮਣੇ ਚਲਾ ਗਿਆ। ਮੈਂ ਉਸ ਨੂੰ ਇਸ਼ਾਰਾ ਕੀਤਾ ਪਰ ਉਸ ਨੇ ਸਿਰ ਫੇਰ ਦਿੱਤਾ। ਮੈਂ ਪਿੱਛੇ ਪਰਤ ਆਇਆ। ਜੇ ਹਾਂ ਕਰ ਦਿੰਦੀ ਤਾਂ ਸ਼ਾਇਦ 'ਅੱਗੇ' ਨਿਕਲ ਜਾਂਦਾ। ਜਦੋਂ ਅਸੀਂ ਮੁੜ ਰਹੇ ਸੀ ਤਾਂ ਹੋਟਲ ਮਾਲਕ ਆ ਗਿਆ। ਉਹ ਪੁਲਸ ਬੁਲਾਉਣ ਦੀਆਂ ਧਮਕੀਆਂ ਦੇਣ ਲੱਗਾ। ਜਦੋਂ ਮੈਂ ਡੱਬ ਅੰਦਰਲਾ ਅਗਨ-ਬਸਤਰ ਦਿਖਾਉਂਦਿਆਂ ਕਿਹਾ ਕਿ "ਮੈਂ ਤਾਂ ਉਜੜ ਗਿਆ ਹੁਣ ਕਈ ਹੋਰ ਉਜਾੜਾਂਗਾ" ਤਾਂ ਉਹ ਬੱਕਰੀ ਬਣਕੇ ਪਾਸੇ ਹੋ ਗਿਆ। ਅਸੀਂ ਆ ਗਏ। ਮੈਂ ਰੱਜ ਕੇ ਨਸ਼ਾ ਕੀਤਾ ਤੇ ਰੱਜ ਕੇ ਰੋਇਆ। ਕੂਕਾਂ ਮਾਰੀਆਂ ਕਿ "ਦਰਦਾਂ ਨੂੰ ਮੇਰੀ ਰੂਹ ਹੀ ਲੱਭੀ ਹੈ ਬਰਬਾਦੀਆਂ ਮੇਰੇ ਹੀ ਭਾਗਾਂ 'ਚ ਕਿਉਂ?" ਇਸ ਤੋਂ ਬਾਅਦ ਮੈਂ ਇਕ ਵਾਰ ਫੇਰ ਨਸ਼ੇ ਦੀ ਇਤਹਾ ਕਰ ਦਿੱਤੀ। ਹੁਣ ਤਾਂ ਮੈਂ ਸਮੈਕ ਵੀ ਪੱਕੀ ਕਰ ਲਈ ਤੇ ਨਾਲ ਕਦੇ-ਕਦੇ ਹੈਰੋਇਨ ਵੀ ਖਿੱਚਣ ਲੱਗ ਪਿਆ।
ਉਨ੍ਹਾਂ ਲਈ। ਉਨ੍ਹਾਂ ਦੋ ਦਿਨਾਂ ਬਾਅਦ ਮਹਾਂਬੀਰ ਦੇ ਸੱਟਾਂ ਮਾਰ ਦਿੱਤੀਆਂ। ਮਹਾਂਬੀਰ ਦੀ ਬਾਂਹ ਦੀ ਨਾੜ ਵੱਢੀ ਗਈ। ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ 'ਚ ਉਹ ਮਹੀਨਾ ਭਰ ਰਿਹਾ। ਘਰ ਆਇਆ ਤਾਂ ਅਗਲੇ ਹਫ਼ਤੇ ਮਹਾਂਬੀਰ ਹੋਰਾਂ ਦੂਜੇ ਗਰੁੱਪ ਦਾ ਮੁਖੀ ਵੱਢ ਕੇ ਬਦਲਾ ਲੈ ਲਿਆ। ਮੈਂ ਇਸ ਕਾਰਵਾਈ 'ਚ ਪਾਸੇ ਖੜ੍ਹਾ ਰਿਹਾ ਕਿਉਂਕਿ ਮਹਾਂਬੀਰ ਹੋਰੀਂ ਨਹੀਂ ਸਨ ਚਾਹੁੰਦੇ ਕਿ ਮੈਂ ਕਿਸੇ ਹੋਰ ਪੰਗੇ 'ਚ ਪਵਾਂ। ਹੁਣ ਇਹ ਖੂਨੀ ਜੰਗ ਚੱਲ ਪਈ ਸੀ। ਅੱਧਾ ਸ਼ਹਿਰ ਓਧਰ ਸੀ ਤੇ ਅੱਧਾ ਏਧਰ । ਮਹਾਂਬੀਰ ਸੱਟ ਵੱਜਣ ਤੋਂ ਬਾਅਦ ਖੁੱਲ੍ਹ ਕੇ ਇਸ ਪਾਸੇ ਤੁਰ ਪਿਆ। ਮਹਾਂਬੀਰ ਵੀ ਹੁਣ ਨਸ਼ਾ ਕਰਨ ਲੱਗ ਪਿਆ ਤੇ ਉਸ ਨੇ ਲਿੰਕ ਆਪਣੇ ਪੱਧਰ 'ਤੇ ਬਣਾ ਲਏ। ਕਈ ਵਾਰ ਦੂਜੇ ਗਰੁੱਪ ਨਾਲ ਅੜ-ਫਸ ਹੋਈ। ਕਈ ਮੌਕਿਆਂ 'ਤੇ ਗੋਲੀ ਚੱਲੀ। ਮਹਾਂਬੀਰ ਦਿਨੋ-ਦਿਨ ਕਾਂਡ ਕਰਦਾ ਜਾ ਰਿਹਾ ਸੀ। ਇਕ ਦਿਨ ਮਹਾਂਬੀਰ ਤੇ ਉਸ ਦੇ ਸਾਥੀ ਪ੍ਰੋਫੈਸਰ ਨੂੰ ਸਰਕਾਰੀ ਹਸਪਤਾਲ ਦੇ ਇੱਕ ਮੁਲਾਜਮ ਜੀਹਦੇ ਸਰਕਾਰੇ-ਦਰਬਾਰੇ ਹੱਥ ਜੁੜਦੇ ਸਨ ਨੇ ਆਪਣੇ ਮੁੰਡੇ ਨਾਲ ਹੋਈ ਮਾਮੂਲੀ ਲੜਾਈ ਤੋਂ ਬਾਅਦ ਲੰਬੀ ਥਾਣੇ ਫੜਾ ਕੇ ਪਟੇ ਪੁਆ ਦਿੱਤੇ। ਚਾਰ ਦਿਨਾਂ ਬਾਅਦ ਮਹਾਂਬੀਰ ਹੋਰਾਂ ਨੇ ਉਹ ਮੁੰਡਾ ਚੁੱਕ ਲਿਆ। ਬਹੁਤ ਕੁੱਟਮਾਰ ਕੀਤੀ ਉਸ ਮੁੰਡੇ ਦੀ। ਸਾਰੇ ਸ਼ਹਿਰ 'ਚ ਰੌਲਾ ਪੈ ਗਿਆ। ਅਸੀਂ ਰੂਪੋਸ਼ ਹੋ ਗਏ। ਇਕ ਮਹੀਨਾ ਅਸੀਂ ਨਰਮਿਆਂ 'ਚ ਲੁਕਦੇ-ਛਿਪਦੇ ਰਹੇ ਪਰ ਆਖ਼ਰ ਇੱਕ ਦਿਨ ਮਹਾਂਬੀਰ ਅਤੇ ਰਾਜਾ ਦੋਵੇਂ ਫੜੇ ਗਏ। ਮੈਂ ਉਸ ਕੇਸ 'ਚੋਂ ਵੀ ਬਾਹਰ ਰਿਹਾ ਪਰ ਹੁਣ ਪੁਲਸ ਜ਼ੋਰ ਪਾਉਂਦੀ ਜਾ ਰਹੀ ਸੀ। ਅਜਿਹਾ ਤਾਂ ਕਰਕੇ ਹੋਇਆ ਕਿਉਂਕਿ ਸਾਡੇ ਨੇਤਾ ਦੇ ਭਾਣਜੇ ਨੇ ਡੀ.ਐਸ.ਪੀ. ਨੂੰ ਸ਼ਰੇਰਾਹ ਗਾਲਾਂ ਕੱਢ ਦਿੱਤੀਆਂ। ਜਿਸ ਤੋਂ ਜਲੀਲ ਹੋਏ ਪੁਲਸੀਆ ਅਫ਼ਸਰ 'ਬੀਬੀ' ਕੋਲ ਪਿੱਟੇ ਤੇ ਬੀਬੀ ਨੇ ਆਦੇਸ਼ ਚਾੜ੍ਹ ਦਿੱਤੇ ਕਿ ਕੱਸ ਦਿਉ ਕਾਬਲਾ।
ਇਸ ਤਰ੍ਹਾਂ ਸਾਡੇ ਸਿਰਾਂ ਤੋਂ ਸਿਆਸੀ ਛੱਤਰੀ ਟੁੱਟ ਗਈ। ਰਾਜੇ ਹੋਰਾਂ ਦੇ ਜੇਲ੍ਹ ਜਾਣ ਤੋਂ ਪਹਿਲਾਂ ਮੇਰਾ ਭਰਾ ਬਾਹਰੋਂ ਆ ਗਿਆ ਸੀ ਤੇ ਉਸ ਨੇ ਮੈਨੂੰ ਬੁਲੇਟ ਮੋਟਰ ਸਾਈਕਲ ਲੈ ਦਿੱਤਾ ਸੀ। ਰਾਜੇ ਹੋਰਾਂ ਦੇ ਪਿੱਛੋਂ ਮੈਂ ਕਾਲਜ 'ਚੋਂ ਪੈਸੇ ਇਕੱਠੇ ਕਰਦਾ ਤੇ ਸਿੱਧਾ ਬੁਲੇਟ 'ਤੇ ਮੰਡੀ ਡੱਬਵਾਲੀ (ਹਰਿਆਣਾ) ਜਾ ਵੱਜਦਾ। ਸਮੈਕ ਨਾਲ ਟੱਲੀ ਹੋ ਕੇ ਰਾਤ ਨੂੰ ਘਰ ਪਰਤ ਆਉਂਦਾ। ਇਕ ਦਿਨ ਮੈਂ ਇੱਕ ਮੁੰਡੇ ਤੋਂ 3000 ਰੁਪਿਆ ਖੋਹ ਲਿਆ। ਸ਼ਾਮ ਨੂੰ ਮੈਂ ਆਪਣੇ ਭਰਾ ਨੂੰ ਨਾਲ ਲਿਆ ਤੇ ਅਸੀਂ ਬੱਲੂਆਣੇ ਸ਼ਰਾਬ ਪੀਣ ਚਲੇ ਗਏ। ਜਦੋਂ ਰਾਤ ਨੂੰ ਤੁਰਣ ਲੱਗੇ ਤਾਂ ਧੱਕਾ ਲਾਉਦਿਆਂ ਸਾਡਾ ਮੋਟਰ ਸਾਈਕਲ ਇਕ ਸਕੂਟਰ ਨਾਲ ਟਕਰਾ ਗਿਆ। ਅਸੀਂ ਸਕੂਟਰ ਸਵਾਰ ਢਾਹ ਲਏ। ਉਹ ਉਸੇ ਪਿੰਡ ਦੇ ਸਨ ਤੇ ਇਨ੍ਹਾਂ 'ਚੋਂ ਇੱਕ ਜਨਾਨੀ ਸੀ ਜੋ ਗਰਭਵਤੀ ਸੀ। ਸਾਰਾ ਪਿੰਡ ਇਕੱਠਾ ਹੋ ਗਿਆ। ਸਾਡੇ ਨਾਲ ਦਾ ਤੀਜਾ ਤਾਂ ਭੱਜ ਗਿਆ ਪਰ ਅਸੀਂ ਦੋਵੇਂ ਭਰਾ ਡਟੇ ਰਹੇ। ਅਖੀਰ ਪਿੰਡ ਵਾਲਿਆਂ ਇੱਟਾਂ ਦਾ ਮੀਂਹ ਵਰ੍ਹਾ ਕੇ ਸਾਨੂੰ ਫੜ੍ਹ ਲਿਆ। ਜਦੋਂ ਸਾਨੂੰ ਅਬੋਹਰ ਲਿਜਾਇਆ ਜਾ ਰਿਹਾ ਸੀ ਤਾਂ ਮੈਂ ਆਵਦੇ ਭਰਾ ਨੂੰ ਪਿਸ਼ਾਬ ਦੇ ਬਹਾਨੇ ਕਾਰ 'ਚੋਂ ਭਜਾ ਦਿੱਤਾ। ਮੈਨੂੰ ਸਰਕਾਰੀ ਹਸਪਤਾਲ ਲਿਜਾਇਆ ਜਿੱਥੇ ਮੈਂ ਸਾਰਾ ਹਸਪਤਾਲ ਅੱਗੇ ਲਾ ਲਿਆ। ਬੀਬਾ 'ਚ ਚੁੱਕੀ ਮਾਰ ਕੇ ਬਾਂਹ ਜਮਖੀ ਕਰ ਲਈ ਤੇ ਡਾਕਟਰਾਂ ਨੂੰ ਭਜਾ ਦਿੱਤਾ। ਪੁਲਸ ਵਾਲੇ ਵੀ ਚਾਲੂ ਕਰ ਲਏ। ਮੈਂ ਜਾਣ-ਬੁੱਝਕੇ ਏਨਾ ਖੂਨ ਕੱਢ ਲਿਆ ਕਿ ਪੁਲਸ ਵਾਲਿਆਂ
ਨੇ ਮੇਰੇ ਪਿੰਡ ਫੋਨ ਕਰਕੇ ਕਿਹਾ ਕਿ ਲੈ ਜਾਉ ਇਸ ਬਲਾ ਨੂੰ ਆ ਕੇ। ਜੇ ਮੈਂ ਇੰਝ ਨਾ ਕਰਦਾ ਤਾਂ ਬਹੁਤ ਵੱਡਾ ਕੇਸ ਪੈਣਾ ਸੀ ਤੇ ਨਾਲ ਮੇਰੇ ਭਰਾ ਨੇ ਵੀ ਚੋਪੜਿਆ ਜਾਣਾ ਸੀ।
ਮਹਾਂਬੀਰ ਹੋਰੀਂ ਜੇਲ੍ਹ 'ਚੋਂ ਆ ਗਏ। ਕੁਝ ਦਿਨ ਲੰਘੇ ਤਾਂ ਇੱਕ ਦਿਨ ਮੈਂ ਸ਼ਰਾਬ ਪੀ ਕੇ ਪਿੰਡ ਦੇ ਉਸ ਬਾਲਣ ਨੂੰ ਅੱਗ ਲਾ ਦਿੱਤੀ ਜੋ ਸਾਡੀ ਰੌਲੇ ਵਾਲੀ ਜਗ੍ਹਾ 'ਚ ਲੋਕਾਂ ਨੇ ਰੱਖਿਆ ਹੋਇਆ ਸੀ । ਅਸੀਂ ਅੱਗ ਲਾ ਕੇ ਗਾਲ੍ਹਾਂ ਵੀ ਬਹੁਤ ਕੱਢੀਆਂ ਤੇ ਇਕ ਦੋ ਫ਼ਾਇਰ ਵੀ ਕੀਤੇ। ਮੇਰੇ ਨਾਲ ਦੋ ਜਣੇ ਹੋਰ ਸਨ। ਇਹ ਰਾਜ਼ੀਨਾਮਾ ਹੋਇਆ ਤਾਂ ਮੇਰੇ ਭਰਾ ਨੇ ਸਾਰੇ ਪਿੰਡ ਦੇ ਬਾਲਣ ਨੂੰ ਹੀ ਅੱਗ ਲਾ ਦਿੱਤੀ। ਇਹ ਨਿਬੇੜਕੇ ਮੈਂ ਕਈ ਮਹੀਨੇ ਪਿੰਡ ਰਿਹਾ।
ਕੁਝ ਦਿਨ ਬਾਅਦ ਝੋਰੜ ਪਿੰਡ ਦਾ ਰਹਿਣ ਵਾਲਾ ਮੇਰਾ ਧਰਮ ਦਾ ਭਰਾ ਮੇਰੇ ਕੋਲ ਆ ਗਿਆ। ਨਸ਼ੇ ਦਾ ਦਰਿਆ ਫੇਰ ਵਹਿ ਪਿਆ। ਅਸੀਂ ਦੋ ਮਹੀਨੇ ਰੱਜ ਕੇ ਸ਼ੀਸ਼ੀਆਂ ਪੀਤੀਆਂ ਤੇ ਫੇਰ ਸਮੈਕ ਵੱਲ ਹੋ ਤੁਰੇ। ਅਸੀਂ ਕਾਰ 'ਚ ਜਾ ਕੇ ਝੋਲ੍ਹਾ ਭਰ ਲਿਆਉਂਦੇ ਹਰਿਆਣੇ 'ਚੋਂ ਸ਼ੀਸ਼ੀਆਂ ਦਾ ਤੇ ਰੋਜ-ਰੱਜ ਪੀਂਦੇ ਪਰ ਜਲਦੀ ਹੀ ਸਾਡੀ ਭਾਈਵਾਲੀ ਟੁੱਟ ਗਈ, ਉਹਦੇ ਘਰਦਿਆਂ ਉਹਨੂੰ ਨਸ਼ਾ ਛੁਡਾਊ ਸੈਂਟਰ ਨੂੰ ਚੁਕਾ ਦਿੱਤਾ।
ਹੁਣ ਮੈਂ ਕੱਲ੍ਹਾ ਹੀ ਰਹਿੰਦਾ ਤੇ ਸਮੈਕ ਨਾਲ ਭਰਪੂਰ ਹੁੰਦਾ। ਓਧਰ ਰਾਜੇ ਹੋਰੀਂ ਵੀ ਹੱਦਾਂ ਟੱਪ ਗਏ। ਉਹ ਨਸ਼ੇ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੇ ਜ਼ੁਰਮ ਕਰ ਰਹੇ ਸਨ ਪਰ ਮੇਰਾ ਹੁਣ ਪਹਿਲਾ ਪਿਆਰ ਸਮੈਕ ਬਣ ਚੁੱਕੀ ਸੀ। ਮੈਂ ਕਿਸੇ ਨਾ ਕਿਸੇ ਤਰੀਕੇ ਪੈਸੇ ਪੈਦਾ ਕਰਦਾ ਤੇ ਹਰਿਆਣੇ 'ਚੋਂ ਸਮੈਕ ਲੈ ਆਉਂਦਾ।
2009 ਦਾ ਅਗਸਤ ਮਹੀਨਾ ਸੀ। ਮੈਂ ਇਕ ਦਿਨ ਸ਼ਰਾਬ ਪੀ ਕੇ ਨਵਾਂ ਪਿੰਡ ਤੋਂ ਆ ਰਿਹਾ ਸੀ ਕਿ ਮੇਰਾ ਬੁਲੇਟ ਖੰਬੇ ਵਿੱਚ ਜਾ ਵੱਜਾ। ਟੱਕਰ ਏਨੀ ਜ਼ਬਰਦਸਤ ਸੀ ਕਿ ਖੰਬਾ ਦੋ ਟੋਟੇ ਹੋ ਗਿਆ। ਵਾਹਵਾ ਜਦੋਂ ਤਾਰਾਂ ਮੇਰੇ ਉੱਤੇ ਡਿੱਗੀਆਂ ਉਦੋਂ ਤੱਕ ਪਿੱਛੋਂ ਫਿਊਜ਼ ਉਡ ਚੁੱਕੇ ਸਨ ਨਹੀਂ ਤਾਂ ਮੇਰਾ 'ਲਾਟੂ' ਥਾਂ ਹੀ ਬੁਝ ਜਾਣਾ ਸੀ। ਮੇਰੇ ਨਾਲ ਮੇਰੇ ਪਿੰਡ ਦਾ ਇਕ ਛੋਹਰ (ਅੱਲੜ੍ਹ) ਜਿਹਾ ਸੀ ਜੋ ਹਾਦਸੇ ਤੋਂ ਬਾਅਦ ਬੌਂਦਲ ਕੇ ਪਿੰਡ ਦੀ ਬਜਾਇ ਉਲਟ ਦਿਸ਼ਾ ਨੂੰ ਭੱਜ ਨਿਕਲਿਆ। ਮੇਰੇ ਜਾਣਕਾਰਾਂ ਨੇ ਮੈਨੂੰ ਚੁੱਕਿਆ ਤੇ ਹਸਪਤਾਲ ਦਾਖ਼ਲ ਕਰਵਾਇਆ। ਮੇਰੇ ਕਾਫ਼ੀ ਸੱਟਾਂ ਲੱਗੀਆਂ ਤੇ ਮੇਰਾ ਪਿਸਤੌਲ ਵੀ ਉੱਥੇ ਡਿੱਗ ਕੇ ਗੁਆਚ ਗਿਆ। ਮੋਟਰ ਸਾਈਕਲ ਮੇਰੇ ਭਰਾ ਨੇ ਠੀਕ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਇੱਕ ਨਵਾਂ ਯੱਬ ਪੈ ਗਿਆ। ਇੱਕ ਦਿਨ ਮੈਂ ਤੇ ਜੇਲ੍ਹ ਦੇ ਸਾਥੀ ਸਰਪੰਚ ਦਾ ਮੁੰਡਾ ਦਾਰੂ ਪੀ ਕੇ ਮਲੋਟ ਤੋਂ ਆ ਰਹੇ ਸੀ ਤਾਂ ਰਸਤੇ 'ਚ ਮੈਂ ਰੇਲਵੇ ਫਾਟਕ ਦੇ ਗੇਟਮੈਨ ਨੂੰ ਕੁੱਟ ਦਿੱਤਾ। ਉਹਦੀਆਂ ਚੀਕਾਂ ਸੁਣਕੇ ਨੇੜਲੀ ਢਾਣੀ (ਬਹਿਕ) ਵਾਲਿਆਂ ਫ਼ਾਇਰ ਖੋਲ੍ਹ ਦਿੱਤੇ। ਮੈਂ ਤਾਂ ਭੱਜ ਨਿਕਲਿਆ ਪਰ ਮੇਰਾ ਸਾਥੀ ਫੜਿਆ ਗਿਆ। ਮੈਂ ਸਾਰੀ ਰਾਤ ਝੋਨਿਆਂ 'ਚ ਰਿੜ੍ਹਨ ਤੋਂ ਬਾਅਦ ਘਰੋਂ ਮੋਟਰ ਸਾਈਕਲ ਲੈ ਕੇ ਜੋਜੇ ਹੋਰਾਂ ਕੋਲ ਕੰਦੂ ਖੇੜੇ ਆ ਗਿਆ ਜੋ 2007 'ਚ ਜ਼ਮੀਨ ਵੇਚ ਕੇ ਇੱਥੇ ਆ ਵੱਸੇ ਸਨ। ਕੁਝ ਦਿਨ ਜੋਜੇ ਹੋਰਾਂ ਕੋਲ ਰਿਹਾ ਤੇ ਇੱਥੇ ਹੀ ਖ਼ਬਰ ਪ੍ਰਾਪਤ ਕੀਤੀ ਕਿ ਫਾਟਕ ਵਾਲੇ ਨਾਲ ਰਾਜ਼ੀਨਾਮਾ ਹੋ ਗਿਆ ਹੈ। ਇਹ ਫਾਟਕ ਵਾਲੇ ਨਾਲ ਦੂਜਾ ਪੰਗਾ ਸੀ। ਇਸ ਤੋਂ
ਪਹਿਲਾਂ ਅਪ੍ਰੈਲ 2007 'ਚ ਵੀ ਮੈਂ ਮਲੋਟ ਵਿਖੇ ਫਾਟਕ ਵਾਲੇ ਨੂੰ ਕੁੱਟ ਕੇ ਫਾਟਕ ਖੋਲ੍ਹ ਦਿੱਤਾ ਸੀ। ਉਦੋਂ ਵੀ ਮੇਰੇ ਨਾਲ ਵਾਲਾ ਫੜਿਆ ਗਿਆ ਸੀ ਤੇ ਮੈਂ ਭੱਜ ਗਿਆ ਸੀ। ਬਾਅਦ 'ਚ ਰਾਜੇ ਨੇ ਕੰਮ ਨਿਬੇੜਿਆ ਸੀ 20 ਹਜ਼ਾਰ ਰੂਪੈ ਵਿਚ ਫਾਟਕ ਵਾਲਾ ਰੌਲਾ ਤਾਂ ਨਿਬੜ ਗਿਆ ਪਰ ਮੇਰਾ ਸਮੈਕ ਵਾਲਾ ਕਾਰ-ਵਿਹਾਰ ਚੱਲਦਾ ਰਿਹਾ। ਮੇਰੇ ਭਰਾ ਦਾ ਵਿਆਹ ਆ ਗਿਆ। ਹੁਣ ਪੈਸਾ-ਧੇਲਾ ਆਮ ਹੋ ਗਿਆ ਤੇ ਮੈਂ ਅਰਾਮ ਨਾਲ ਡੱਬਵਾਲੀਓਂ ਸਮੈਕ ਲਿਆ ਕੇ ਉਸ ਸ਼ਮਸ਼ਾਨਘਾਟ 'ਚ ਬਹਿ ਕੇ ਪੀਂਦਾ ਜਿੱਥੇ ਕਦੇ ਮੈਂ, ਬੱਬੀ, ਬੰਗੀ, ਸੱਤੀ ਆਦਿ ਸੌਂਦੇ ਹੁੰਦੇ ਸੀ। ਉਦੋਂ ਅਸੀਂ ਸਾਰਾ ਦਿਨ ਸਾਡੇ ਖੇਤਾਂ ਨੇੜਲੇ ਸਿਵਿਆਂ 'ਚ ਹੀ ਰਹਿੰਦੇ ਪਰ ਹੁਣ ਵੀ ਮੇਰਾ ਜ਼ਿਆਦਾਤਰ ਸਮਾਂ ਸਿਵਿਆਂ 'ਚ ਹੀ ਬੀਤਦਾ। ਫ਼ਰਕ ਸਿਰਫ਼ ਏਨਾ ਸੀ ਕਿ ਉਦੋਂ ਮੇਰਾ ਭਰਾ ਬੱਬੀ ਅਤੇ ਜੁੰਡਲੀ ਨਾਲ ਹੁੰਦੀ ਸੀ ਪਰ ਹੁਣ ਮੈਂ ਕੱਲ੍ਹਾ ਸਾਂ। ਕਦੇ-ਕਦੇ ਸਮੈਕ ਪੀ ਕੇ ਸਿਵਿਆਂ 'ਚ ਖ਼ਾਕ ਹੋਏ ਆਪਣੇ ਬਾਪੂ, ਦਾਦੇ, ਤਾਏ ਅਤੇ ਭਰਾ ਨਾਲ ਗੱਲਾਂ ਕਰ ਲੈਂਦਾ। ਹੁਣ ਮੇਰੇ ਤੇ ਉਨ੍ਹਾਂ 'ਚ ਕੋਈ ਬਹੁਤਾ ਫ਼ਰਕ ਵੀ ਨਹੀਂ ਸੀ। ਫ਼ਰਕ ਸਿਰਫ਼ ਇਹ ਸੀ ਕਿ ਉਹ ਮਰ ਚੁੱਕੇ ਸਨ ਤੇ ਮੈਂ ਜਿੰਦਾ ਲਾਸ਼ ਸੀ।
ਅੰਗਹੀਣ ਉਡਾਰੀਆਂ
12 ਦਸੰਬਰ 2010 ਨੂੰ ਮੇਰੇ ਭਰਾ ਦਾ ਵਿਆਹ ਸੀ। ਉਹ ਸਾਡੇ ਨੇੜਲੇ ਪਿੰਡ ਸਰਾਵਾਂ ਬੋਦਲਾਂ ਮੰਗਿਆ ਹੋਇਆ ਸੀ। ਮੈਨੂੰ ਵੀ ਖੁਸ਼ੀ ਤੇ ਇਸ ਗੱਲ ਦਾ ਸਕੂਨ ਸੀ ਕਿ ਚਲੋ ਸਾਡੇ 'ਚੋਂ ਇਕ ਦਾ ਝੁੱਗਾ ਤਾਂ ਵੱਸਣ ਲੱਗਾ। ਵਿਆਹ ਤੋਂ ਕਈ ਮਹੀਨੇ ਪਹਿਲਾਂ ਮੇਰਾ ਦਾਅ ਵਧੀਆ ਲੱਗਾ ਸੀ ਕਿਉਂਕਿ ਘਰੋਂ ਪੈਸੇ ਮਿਲ ਜਾਂਦੇ ਸਨ। 4 ਦਸੰਬਰ 2010 ਨੂੰ ਮੇਰਾ ਭਰਾ ਮੇਰੇ ਨਾਲ ਸ਼ਹਿਰ ਗਿਆ ਤੇ ਮੈਨੂੰ 20 ਹਜ਼ਾਰ ਦੇ ਕੱਪੜੇ ਲੈ ਦਿੱਤੇ। ਕੁਝ ਪੈਸੇ ਮੈਂ ਉਹਦੇ ਤੋਂ ਨਗਦ ਵਸੂਲ ਕੀਤੇ। ਮੇਰੇ ਕੋਲ ਤਿੰਨ-ਚਾਰ ਗ੍ਰਾਮ ਸਮੈਕ ਮੌਜੂਦ ਸੀ। ਮੈਂ ਵੀ ਸੋਚਿਆ ਵਿਆਹ 'ਚ ਅਫੀਮ ਲੈ ਅਵਾਂਗੇ ਤੇ ਟੌਹਰ ਨਾਲ ਜੰਝੇ ਚੱਲਾਂਗੇ ਪਰ ਅਗਲੇ ਦਿਨ ਦਸ ਕੁ ਵਜੇ ਮੇਰਾ ਦਿਮਾਗ ਘੁੰਮ ਗਿਆ। ਮੈਂ ਫੈਸਲਾ ਕੀਤਾ ਕਿ 5 ਗ੍ਰਾਮ ਵਾਲਾ ਸਮੈਕ ਦਾ ਪੈਕੇਟ ਹੋਰ ਲੈ ਆਵਾਂ ਤਾਂ ਜੋ ਵਿਆਹ ਸਮੈਕ ਨਾਲ ਪਰਬਲ ਹੋ ਕੇ ਵੇਖਿਆ ਜਾਵੇ।
ਮੈਂ ਆਪਣੇ ਬੁਲੇਟ ਨੂੰ ਕਿੱਕ ਮਾਰੀ ਤੇ ਮੰਡੀ ਡੱਬਵਾਲੀ ਅੱਪੜ ਗਿਆ। ਇੱਥੋਂ ਮੈਂ ਇੱਕ ਬਜ਼ੁਰਗ ਔਰਤ ਕੋਲੋਂ ਪਿਛਲੇ ਲੰਮੇ ਸਮੇਂ ਤੋਂ ਸਮੈਕ ਲਿਜਾ ਰਿਹਾ ਸੀ। ਇਹ ਔਰਤ ਅਤੇ ਇਸ ਦੀ ਧੀ ਜੋ ਆਪਣੇ ਪਤੀ ਨਾਲੋਂ ਵੱਖ ਹੋ ਕੇ ਆਪਣੀ ਮਾਂ ਕੋਲ ਰਹਿ ਰਹੀ ਸੀ ਸਮੈਕ ਦਾ ਕੰਮ ਚੋਖੇ ਚਿਰ ਤੋਂ ਕਰ ਰਹੀਆਂ ਸਨ। ਮੈਂ ਪੰਜ ਗ੍ਰਾਮ ਸਮੈਕ ਲੈ ਲਈ ਤੇ ਜਿਹੜੀ ਕੋਲ ਸੀ ਉਹ ਵੀ ਪੈਕੇਟ 'ਚ ਪਾ ਕੇ ਜੈਕੇਟ ਦੀ ਪਾਈ ਹੋਈ ਜੇਬ ਥਾਣੀ ਜੈਕੇਟ ਦੇ ਪਿਛਲੇ ਹਿੱਸੇ 'ਚ ਪਾ ਲਈ। ਮੈਂ ਖੁਸ਼ੀ 'ਚ ਇੰਝ ਨੱਚਦਾ ਆ ਰਿਹਾ ਸੀ ਜਿਵੇਂ ਬਰੀ ਹੋਇਆ ਚੋਰ ਅਦਾਲਤੋਂ ਘਰ ਨੂੰ ਆਉਂਦਾ ਹੈ ਪਰ ਮੇਰਾ ਤੇ ਖੁਸ਼ੀ ਦਾ ਤਾਂ ਰੰਜ ਚਿਰਾਂ ਤੋਂ ਚੱਲਦਾ ਆ ਰਿਹਾ ਸੀ। ਮੈਂ ਸ਼ਹਿਰੋਂ ਬਾਹਰ ਨਿਕਲ ਕੇ ਕਿੱਲਿਆਂਵਾਲੀ ਪਿੰਡ ਦੀ ਸੜਕੇ ਹਾਲੇ ਪਿਆ ਹੀ ਸੀ ਕਿ ਰਸਤੇ 'ਚ ਇੱਕ ਪੈਲੇਸ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਅਗਲੇ ਪਾਸਿਓਂ ਇੱਕ ਜੀਪ ਆ ਗਈ। ਜੀਪ ਵਾਲੇ ਨੇ ਜੀਪ ਰੋਕ ਲਈ। ਸੜਕ ਦੇ ਦੂਜੇ ਕਿਨਾਰੇ ਜੀਪ ਦੇ ਬਰਾਬਰ ਮਹਿੰਦਰਾ ਟਰੈਕਟਰ ਖੜ੍ਹਾ ਹੋਇਆ ਸੀ। ਮੈਂ ਮੋਟਰ ਸਾਈਕਲ ਹੌਲੀ ਕਰਕੇ ਦੂਜੇ ਗੇਅਰ 'ਚ ਕਰ ਲਿਆ। ਜਿਵੇਂ ਹੀ ਮੈਂ ਜੀਪ ਦੇ ਅੱਗਿਓਂ ਮੋਟਰ ਸਾਈਕਲ ਕੱਢਣ ਲੱਗਾ ਜੀਪ ਵਾਲੇ ਨੇ ਕਲੱਚ ਛੱਡ ਦਿੱਤਾ। ਜੀਪ ਪੂਰੀ ਰਫ਼ਤਾਰ ਨਾਲ ਝਟਕਾ ਮਾਰ ਕੇ ਮੇਰੇ ਵਿੱਚ ਆ ਵੱਜੀ। ਅਗਲੇ ਪਲ ਮੇਰੀ ਦੁਨੀਆਂ ਖਤਮ ਹੋ ਚੁੱਕੀ ਸੀ। ਮੇਰੀ ਲੱਤ ਵੱਢੀ ਗਈ। ਲੱਤ ਦਾ ਪੈਰ ਮੁੜ ਕੇ ਪਿਛਾਂਹ ਨੂੰ ਆ ਗਿਆ। ਲੱਤ ਦਾ ਕੁਝ ਕੁ ਹਿੱਸਾ ਹੀ ਜੁੜਿਆ ਰਹਿ ਗਿਆ। ਮੈਂ ਹਾਲ ਪਾਹਰਿਆ ਕੀਤੀ ਪਰ ਡਿੱਗਾ ਨਾ। ਜੀਪ ਵਾਲਾ ਭੱਜਣ ਲੱਗਾ ਤਾਂ ਮੈਂ ਇਕ ਲੱਤ 'ਤੇ ਖੜ੍ਹਾ ਹੋ ਕੇ ਉਹਦਾ ਕਮੀਜ਼ ਫੜ ਲਿਆ ਤੇ ਵਾਸਤਾ ਪਾਇਆ "ਬਾਈ। ਮੈਨੂੰ ਬਚਾ 'ਲਾ। ਮੇਰੇ ਭਰਾ ਦਾ
ਵਿਆਹ ਆ ਦੋ ਦਿਨਾਂ ਨੂੰ ਮੈਂ ਕਾਰਡ ਵੰਡ ਰਿਹਾ ਸੀ ਤੇ ਤੂੰ ਆਹ ਕੀ ਕਹਿਰ ਕਰ ਮਾਰਿਆ ? ਹੁਣ ਭੱਜ ਨਾ ਮੈਨੂੰ ਬਚਾ ਵੀਰ ਬਣਕੇ।" ਉਹ ਅੱਗਿਓਂ ਕੁਰਲਾਇਆ "ਮੇਰੀ ਵੀ ਭੈਣ ਦੀ ਪੈਲੇਸ 'ਚ ਬਰਾਤ ਆਈ ਖੜ੍ਹੀ ਆ ਪਰ ਮੈਂ ਤੈਨੂੰ ਜ਼ਰੂਰ ਬਚਾਵਾਂਗਾ ਚਾਹੇ ਮੇਰੀ ਜਾਨ ਕਿਉਂ ਨਾ ਵਿਕ ਜਾਵੇ।" ਜੀਪ ਵਾਲਾ ਨੌਜੁਆਨ ਅਸਮਾਨ ਵੱਲ ਮੂੰਹ ਕਰਕੇ ਆਖੀ ਜਾ ਰਿਹਾ ਸੀ "ਓਏ ਰੱਬਾ। ਆਹ ਕੀ ਪਾਪ ਕਰਵਾ 'ਤਾ ਮੇਰੇ ਤੋਂ।" ਮੈਂ ਉਸ ਨੂੰ ਕਿਹਾ ਕਿ ਮੈਨੂੰ ਹਸਪਤਾਲ ਪਹੁੰਚਾ। ਹੁਣ ਮੈਂ ਖੜ੍ਹਨ ਜੋਗਾ ਨਹੀਂ ਸੀ ਰਹਿ ਗਿਆ। ਮੈਂ ਆਪਣੇ ਹੀ ਲਹੂ ਦੇ ਛੱਪੜ ਵਿੱਚ ਨਿਢਾਲ ਹੋ ਕੇ ਬੈਠਾ ਸੀ । ਜੀਪ 'ਚ ਬੈਠੀਆਂ ਸਵਾਰੀਆਂ ਉਤਰ ਕੇ ਭੱਜ ਗਈਆਂ ਜਦਕਿ ਜੀਪ ਚਾਲਕ 'ਵਾਜਾਂ ਮਾਰ ਰਿਹਾ ਸੀ "ਓਏ ਮੁੰਡਾ ਮਰ ਜਾਵੇਗਾ ਮੇਰੇ ਨਾਲ ਲਦਾ ਤਾਂ ਦਿਉ ਵਿਚਾਰੇ ਨੂੰ ।" ਮੇਰੀ ਦੁਹਾਈ ਸੁਣਕੇ ਕੋਈ ਨਾ ਬਹੁੜਿਆ। ਇੱਥੋਂ ਤੱਕ ਕਿ ਨੇੜਲੇ ਖੇਤ 'ਚ ਕੰਮ ਕਰਦੇ ਕਿਸਾਨ ਵੀ ਪਰ੍ਹਾਂ ਨੂੰ ਤੁਰ ਗਏ ਪਰ ਨੇੜੇ ਗੋਭੀ ਤੋੜ ਰਹੀਆਂ ਭਈਆਂ ਦੀਆਂ ਜਨਾਨੀਆਂ ਆ ਗਈਆਂ। ਉਨ੍ਹਾਂ ਨੇ ਹਿੰਮਤ ਕਰਕੇ ਮੈਨੂੰ ਜੀਪ 'ਚ ਲੱਦ ਦਿੱਤਾ। ਜੀਪ ਸਰਪਟ ਸ਼ਹਿਰ ਨੂੰ ਦੌੜ ਪਈ। ਰੇਲਵੇ ਫਾਟਕ ਐਮਰਜੈਂਸੀ ਐਲਾਨ ਕੇ ਖੋਲ੍ਹਿਆ ਗਿਆ। ਸਰਕਾਰੀ ਹਸਪਤਾਲ ਮੰਡੀ ਡੱਬਵਾਲੀ ਵਿਖੇ ਮੈਨੂੰ ਲਿਆਂਦਾ ਗਿਆ ਪਰ ਡਾਕਟਰਾਂ ਵੇਖਦਿਆਂ ਸਾਰ ਹੀ ਜਵਾਬ ਦੇ ਦਿੱਤਾ। ਕੁਝ ਟੀਕੇ ਡਾਕਟਰਾਂ ਲਾ ਦਿੱਤੇ ਪਰ ਦਰਦ ਦੀਆਂ ਚੀਸਾਂ ਮੇਰਾ ਕਾਲਜਾਂ ਵਿੰਨ੍ਹ ਰਹੀਆਂ ਸਨ । ਏਨੇ ਨੂੰ ਜੀਪ ਵਾਲੇ ਦੇ ਰਿਸ਼ਤੇਦਾਰ ਵੀ ਆ ਗਏ। ਉਹ ਵੜਿੰਗ ਖੇੜਾ (ਲੰਬੀ ਹਲਕਾ) ਪਿੰਡ ਦੇ ਸਨ। ਉਹ ਆ ਗਏ ਤਾਂ ਮੈਂ ਜੀਪ ਚਾਲਕ ਨੂੰ ਕਿਹਾ "ਵੀਰ! ਤੂੰ ਜਾਹ। ਆਵਦੀ ਭੈਣ ਦੀ ਡੋਲੀ ਤੋਰ। ਮੇਰੇ ਨਾਲ ਜੋ ਹੋਵੇਗੀ ਵੇਖੀ ਜਾਏਗੀ। ਇਕ ਜਣਾ ਮੇਰੇ ਨਾਲ ਭੇਜਦੇ ।" ਡਾਕਟਰਾਂ ਨੇ ਬਠਿੰਡੇ ਰੈਫ਼ਰ ਕਰ ਦਿੱਤਾ। ਰਸਤੇ 'ਚ ਐਮਬੂਲੈਂਸ 'ਚ ਮੇਰੇ ਨਾਲ ਜਾ ਰਹੇ ਜੀਪ ਚਾਲਕ ਦੇ ਮਾਲਕ (ਜੀਹਦੀ ਦੁਕਾਨ 'ਤੇ ਮੰਡੀ ਡੱਬਵਾਲੀ ਵਿਖੇ ਉਹ ਜੀਪਾਂ ਦਾ ਕੰਮ ਕਰਦਾ ਸੀ) ਨੂੰ ਮੈਂ ਕਿਹਾ ਕਿ ਮੈਨੂੰ ਦੋ ਸ਼ੀਸ਼ੀਆਂ ਤੇ ਵੀਹ ਕੈਰੀਸੋਮਾ ਦੀਆਂ ਗੋਲੀਆਂ ਦਿਉ ਤਾਂ ਹੀ ਮੇਰਾ ਦਰਦ ਰੁਕੇਗਾ। ਉਨ੍ਹਾਂ ਇਕ ਮੈਡੀਕਲ ਤੋਂ ਇਹ ਸਮਾਨ ਲਿਆ ਕੇ ਦਿੱਤਾ ਤਾਂ ਮੈਂ ਹਲਕ 'ਚ ਸੁੱਟ ਲਿਆ। ਕੁਝ ਮਿੰਟਾਂ ਬਾਅਦ ਦਰਦ ਸਰੂਰ 'ਚ ਬਦਲ ਗਿਆ। ਐਮਬੂਲੈਂਸ ਵਾਲੇ ਤੋਂ ਲੈ ਕੇ ਉਹ ਡਾਕਟਰ ਵੀ ਹੈਰਾਨ ਸੀ ਕਿ ਮੈਂ ਏਨਾ ਖ਼ੂਨ ਵਹਿਣ ਦੇ ਬਾਵਜੂਦ ਵੀ ਨਾ ਮੈਂ ਬੇਹੋਸ਼ ਹੋਇਆ ਸੀ ਤੇ ਨਾ ਹੀ ਡੋਲਿਆ ਸੀ।
ਬਠਿੰਡੇ ਭਾਗੂ ਰੋਡ 'ਤੇ ਡਾ. ਦਿਉਲ ਕੋਲ ਮੈਨੂੰ ਲਿਆਂਦਾ ਗਿਆ। ਰਾਤ ਨੂੰ ਆਪ੍ਰੇਸ਼ਨ ਕੀਤਾ ਗਿਆ। ਆਪ੍ਰੇਸ਼ਨ ਵੇਲੇ ਵੀ ਮੈਂ ਹੋਸ਼ 'ਚ ਰਿਹਾ ਪਰ ਸਰੀਰ ਸੁੰਨ ਸੀ। ਘੰਟਾ ਭਰ ਆਪ੍ਰੇਸ਼ਨ ਚੱਲਿਆ। ਪਿੰਡੋਂ ਸੋਨੀ ਹੋਰੀਂ ਆ ਚੁੱਕੇ ਸਨ। ਆਪ੍ਰੇਸ਼ਨ ਤੋਂ ਰਾਤ ਨੂੰ ਮੈਨੂੰ ਯਾਦ ਆ ਗਿਆ ਕਿ ਮੇਰੀ ਜੈਕੇਟ 'ਚ ਸਮੈਕ ਹੈ। ਮੈਂ ਹਲਕਾ ਹੋ ਗਿਆ ਤੇ ਹਸਪਤਾਲ 'ਚ ਹੀ ਸਮੈਕ ਪੀਣ ਲੱਗ ਪਿਆ। ਪੰਗਾ ਉਦੋਂ ਪੈ ਗਿਆ ਜਦੋਂ ਮੈਂ ਤੁਰਣ ਲਈ ਬੈਡ ਤੋਂ ਉਤਰ ਪਿਆ। ਖੂਨ ਦੀਆਂ ਧਾਰਾ ਵਹਿ ਤੁਰੀਆਂ। ਉਹ ਡਿਸਪੈਂਸਰ ਮੇਰੇ ਕੋਲ ਆਇਆ ਜਿਸ ਨੇ ਮੈਨੂੰ ਦਾਖ਼ਲ ਕਰਵਾਇਆ ਸੀ ਨਹੀਂ ਤਾਂ ਡਾਕਟਰ ਮੈਨੂੰ ਦਾਖ਼ਲ ਹੀ ਨਹੀਂ ਸੀ ਕਰਦਾ। ਇਹ ਕੰਪਾਊਡਰ ਜੀਹਦਾ ਨਾਂ ਸ਼ਾਇਦ ਗੁਰਤੇਜ ਸੀ ਇਸ ਹਸਪਤਾਲ ਦਾ ਪ੍ਰਮੁੱਖ ਕੰਪਾਊਡਰ ਸੀ। ਉਸ ਨੇ ਮੈਨੂੰ
ਕੱਟੀ ਹੋਈ ਲੱਤ ਦਾ ਨਿਸ਼ਾਨ ਜੋ ਦਾਗ ਨਹੀਂ ਤਬਦੀਲੀਆਂ ਦਾ ਗਵਾਹ ਹੈ।
ਪਿਆਰ ਨਾਲ ਸਮਝਾਇਆ ਕਿ ਇਸ ਸੱਚ ਨੂੰ ਸਵਿਕਾਰ ਕਰ ਕਿ ਤੇਰੀ ਲੱਤ ਬਚਣ ਦੇ ਇਮਕਾਨ ਬੜੇ ਘੱਟ ਹਨ ਕਿਉਂ ਰਹਿੰਦੀ ਵੀ ਉਮੀਦ ਹੱਥੀਂ ਖ਼ਤਮ ਕਰ ਰਿਹਾ ਏਂ ? ਮੈਂ ਸਵੇਰੇ ਉਠਿਆ ਤਾਂ ਮੈਨੂੰ ਕੱਲ੍ਹ ਦੀਆਂ ਧੁੰਦਲੀਆਂ ਜਿਹੀਆਂ ਯਾਦਾਂ ਆਈਆਂ। ਕੁਝ ਘੰਟਿਆਂ ਬਾਅਦ ਜੀਪ ਚਾਲਕ ਵੀ ਆ ਗਿਆ ਤੇ ਨਾਲ ਹੀ ਲੰਬੀ ਬਾਣੇ ਦੀ ਪੁਲਸ ਵੀ ਆ ਗਈ। ਜੀਪ ਚਾਲਕ ਗਰੀਬ ਬੰਦਾ ਸੀ ਜੋ ਲਗਾਤਾਰ ਘਬਰਾ ਰਿਹਾ ਸੀ। ਮੈਂ ਪੁਲਸ ਵਾਲਿਆਂ ਨੂੰ ਬਾਹਰ ਭੇਜਕੇ ਉਸ ਨੂੰ ਕੋਲ ਬਿਠਾਇਆ ਤੇ ਪੁੱਛਿਆ ਕੀ ਹੋਇਆ? ਉਹ ਦੁੱਖ ਰੋ ਪਿਆ "ਮੈਂ ਵੜਿੰਗ ਖੇੜਾ ਦੇ ਮੇਘਵਾਲ ਪਰਿਵਾਰ ਦਾ ਮੁੰਡਾ ਹਾਂ। ਕੱਲ੍ਹਾ ਹੀ ਕਮਾਊ ਜੀਅ ਹਾਂ । ਜੀਪਾਂ ਦੀ ਕਾਰੀਗਿਰੀ ਕਰਦਾ ਹਾਂ। ਕੁਝ ਮੇਰੀ ਭੈਣ ਦੇ ਵਿਆਹ 'ਤੇ ਲੱਗ ਗਿਆ ਤੇ ਕੁਝ ਮੈਂ ਇੱਥੇ ਜਮ੍ਹਾਂ ਕਰਵਾ ਦਿੱਤੇ। ਮੈਂ ਆਪਣੇ ਘਰ ਵਾਲੀ ਜਗ੍ਹਾ ਵੇਚ ਕੇ ਤੇਰਾ ਇਲਾਜ ਕਰਵਾ ਦਿਆਂਗਾ ਪਰ ਪੁਲਸ ਦਾ ਪੰਗਾ ਨਾ ਪਾ।" ਮੈਂ ਦੋ ਹਰਫ਼ਾਂ 'ਚ ਉਸ ਨੂੰ ਕਿਹਾ "ਕਿਸੇ ਦਾ ਘਰ ਵਿਕਾ ਕੇ ਮੈਂ ਬਚਿਆ ਤਾਂ ਇਹ ਮੌਤ ਬਰਾਬਰ ਹੈ।" ਮੈਂ ਉਸ ਨੂੰ ਰਾਜ਼ੀਨਾਮਾ ਲਿਖ ਦਿੱਤਾ ਤੇ ਆਖਿਆ "ਤੂੰ ਜਾਹ ਵੀਰ ਅੱਗੇ ਹੁਣ ਮੇਰੇ ਭਾਗ।" ਅਸੀਂ ਡਾਕਟਰ ਨਾਲ ਸਲਾਹ ਕੀਤੀ। ਡਾਕਟਰ ਨੇ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ। ਅਸੀਂ ਇਲਾਜ਼ ਦੇ ਖ਼ਰਚ ਦਾ ਵੀ ਹਿਸਾਬ ਲਾ ਰਹੇ ਸਾਂ ਤੇ ਵਿਆਹ ਦਾ ਵੀ। ਆਖ਼ਰ 'ਚ ਮੈਂ ਫੈਸਲਾ ਕੀਤਾ ਕਿ ਮੈਂ ਵਿਆਹ ਵੇਖਾਂਗਾ ਚਾਹੇ ਕੁਝ ਵੀ ਹੋ ਜਾਵੇ। ਮੈਨੂੰ ਕੰਪਾਊਡਰ ਨੇ ਸਾਰੀ ਗੱਲ ਦੱਸੀ ਹੋਈ ਸੀ ਕਿ ਲੱਤ ਠੀਕ ਹੋ ਸਕਦੀ ਹੈ ਤੇ ਵੱਢੀ ਵੀ ਜਾ ਸਕਦੀ ਹੈ। ਮੈਂ ਸੋਚਿਆ ਜੋ ਵੀ ਹੋਵੇਗਾ ਵੇਖੀ ਜਾਵੇਗੀ ਪਰ ਵਿਆਹ 'ਚ ਖਲਲ ਨਾ ਪਾਵਾਂ। ਮੈਂ ਸੋਨੀ ਨੂੰ ਕਿਹਾ ਕਿ ਤੂੰ ਪੱਟੀ ਵੇਖ ਇਹ ਕਿਵੇਂ ਕਰਦੇ ਹਨ, ਆਪਾਂ ਸਮਾਨ ਘਰ ਹੀ ਲੈ ਚੱਲਦੇ ਹਾਂ । ਅਸੀਂ ਅਗਲੀ ਰਾਤ ਘਰ ਆ ਗਏ। ਪੱਟੀ ਦਾ ਸਮਾਨ ਅਸੀਂ ਨਾਲ ਲੈ ਆਏ। ਐਂਬੂਲੈਂਸ ਰਾਤ ਦੇ ਹਨੇਰੇ 'ਚ ਘਰ ਲਾਹ ਗਈ। ਮੈਨੂੰ ਆਵਦੇ ਕਮਰੇ 'ਚ ਜਾ ਕੇ ਥੋੜ੍ਹਾ ਸਕੂਨ ਮਿਲਿਆ। ਅਗਲੇ ਦਿਨ ਜਦੋਂ ਪੱਟੀ ਖੋਲ੍ਹੀ ਗਈ ਤਾਂ ਸੋਨੀ ਨਾਲ ਮੈਡੀਕਲ 'ਤੇ ਕੰਮ ਕਰਦਾ ਸਾਡੇ ਪਿੰਡ ਦਾ ਨੌਜਵਾਨ ਯਾਦੀ ਜ਼ਖ਼ਮ ਵੇਖ ਕੇ ਬੇਹੋਸ਼ ਹੋ ਗਿਆ। ਲੱਤ ਤਾਂ ਗੋਡੇ ਤੱਕ ਨਜਰ ਹੀ ਨਹੀਂ ਸੀ ਆਉਂਦੀ ਬੱਸ ਜਖ਼ਮ ਹੀ ਜ਼ਖ਼ਮ ਸੀ । ਮੈਂ ਸੋਨੀ ਨੂੰ ਕਿਹਾ ਕਿ ਕੱਲ੍ਹਾ ਹੀ ਇਹ ਕੰਮ ਕਰ। ਸੋਨੀ ਵਿਚਾਰਾ ਦੋ ਘੰਟੇ ਲਾ ਕੇ ਪੱਟੀ ਕਰਦਾ। ਸ਼ਗਨ ਵਾਲੇ ਦਿਨ ਮਿਲਣੀ ਮੰਜੇ 'ਤੇ ਹੀ ਹੋਈ ਤੇ ਜਦੋਂ ਆਰਕੈਸਟਰ ਗਰੁੱਪ ਲੱਗਾ ਉਹਦੇ ਪੰਡਾਲ 'ਚ ਵੀ ਮੈਨੂੰ ਮੰਜੇ 'ਤੇ ਹੀ ਲਿਆਂਦਾ ਗਿਆ। ਕਮਾਲ ਦੀ ਕਿਸਮਤ ਸੀ ਮੇਰੀ, ਬਾਪ ਦਾ ਸਸਕਾਰ ਨਾ ਕਰ ਸਕਿਆ ਤੇ ਹੁਣ ਭਰਾ ਦਾ ਵਿਆਹ ਵੀ ਮੰਜੇ 'ਤੇ ਬੈਠਾ ਤੱਕ ਰਿਹਾ ਸੀ। ਵਿਆਹ ਸੰਪੂਰਨ ਹੋ ਗਿਆ। ਮੈਂ ਬਰਾਤੇ ਨਾ ਜਾ ਸਕਿਆ। ਮੇਲ ਆਪੋ-ਆਪਣੇ ਘਰ ਚਲਾ ਗਿਆ। ਕੁਝ ਦਿਨ ਅਫੀਮ-ਸ਼ਰਾਬ ਚੱਲਦੀ ਰਹੀ ਤੇ ਪੱਟੀਆਂ ਹੁੰਦੀਆਂ ਰਹੀਆਂ ਅਖੀਰ ਸ਼ਰਾਬ ਵੀ ਮੁੱਕ ਗਈ ਤੇ ਭਰਾ ਨੇ ਅਫੀਮ ਦੀ ਥਾਂ ਪੋਸਤ ਲਿਆ ਕੇ ਸਿਰ੍ਹਾਣੇ ਧਰ ਦਿੱਤਾ। ਵਿਚਦੀ ਅਸੀਂ ਡਾਕਟਰ ਕੋਲ ਜਾ ਆਏ। ਡਾਕਟਰ ਨੇ ਫਿਰ ਆਉਣ ਦਾ ਆਖ ਕੇ ਤੋਰ ਦਿੱਤਾ। ਕੁਝ ਦਿਨ ਤਾਂ ਭਰਾ ਮੇਰੇ ਨੇ ਮੈਨੂੰ ਖਰੋੜੇ ਇਤਿਆਦਿਕ ਲਿਆ ਕੇ ਦਿੱਤੇ ਪਰ ਬਾਅਦ 'ਚ ਉਹ ਗੱਲ ਸੁਨਣੋਂ ਹੀ ਹਟ ਗਿਆ। ਮੈਂ ਸਮਝ
ਗਿਆ ਕਿ ਮੈਂ ਉਸ ਦਾ ਪੈਸਾ ਤੇ ਸਮਾਂ ਬਰਬਾਦ ਕਰ ਰਿਹਾ ਹਾਂ। ਮੈਨੂੰ ਹਰ ਸਮੇਂ ਸਹਾਰੇ ਦੀ ਲੋੜ ਰਹਿੰਦੀ ਕਿਉਂਕਿ ਰਫ਼ਾ ਹਾਜ਼ਤ ਸਮੇਤ ਮੇਰੀ ਹਰ ਸਰੀਰਕ ਕਿਰਿਆ ਮੰਜੇ 'ਤੇ ਹੀ ਹੁੰਦੀ। ਭਰਾ ਆਪਣੇ ਕੰਮਾਂ 'ਚ ਮਘਨ ਸੀ। ਉਸ ਨੇ ਇਕ ਮੁੰਡਾ ਦੇ ਦਿੱਤਾ ਜੋ ਮੇਰੀ ਸੇਵਾ ਕਰਿਆ ਕਰਦਾ ਤੇ ਰਾਤ ਵੀ ਮੇਰੇ ਕੋਲ ਰਹਿੰਦਾ। ਹੁਣ ਸਮਾਂ ਸੂਲ ਬਣਦਾ ਜਾ ਰਿਹਾ ਸੀ ਮੇਰੇ ਲਈ। ਮੈਂ ਪਹਿਲੀ ਵਾਰ ਮੰਜੇ 'ਤੇ ਐਨੇ ਲੰਮੇ ਸਮੇਂ ਲਈ ਪਿਆ ਸੀ। ਕਦੇ-ਕਦੇ ਕੋਈ ਪਤਾ ਲੈਣ ਆ ਜਾਂਦਾ ਪਰ ਹਰ ਕੋਈ ਚੋਭ ਜਿਹੀ ਲਾ ਕੇ ਚਲਾ ਜਾਂਦਾ। ਹੁਣ ਮੈਨੂੰ ਮੰਜਾ ਚੁੱਭਣ ਲੱਗ ਪਿਆ। ਕੋਈ ਕਿੰਨੀ ਕੁ ਦੇਰ ਟੈਲੀਵਿਜ਼ਨ ਵੇਖੇ? ਮੈਂ ਬੇਚੈਨ ਹੋ ਗਿਆ, ਮੇਰਾ ਮਨ ਵਿਆਕੁਲ ਹੋ ਗਿਆ।
ਦੁਖ ਦਾਰੂ ਸੁਖ ਰੋਗ ਭਇਆ
ਮੇਰਾ ਮਨ ਦੋਧਾਰੀ ਤਲਵਾਰ ਨਾਲ ਕੱਟਿਆ ਜਾ ਰਿਹਾ ਸੀ। ਇਸ ਦਾ ਕਾਰਨ ਇਹ ਸੀ ਕਿ ਮੈਂ ਆਪਣੀ ਲੱਤ ਨੂੰ ਲੈ ਕੇ ਤਾਂ ਚਿੰਤਾ ਦੀ ਚਿਖਾ 'ਤੇ ਲੇਟਿਆ ਹੀ ਹੋਇਆ ਸੀ ਇਕ ਦਿਨ ਮੇਰੇ ਕੰਨਾਂ 'ਚ ਮੇਰੀ ਬੀਬੀ (ਮਾਂ) ਦੇ ਮੇਰੇ ਭਰਾ ਨੂੰ ਆਖੇ ਇਹ ਬੋਲ ਵੀ ਪੈ ਗਏ "ਪਹਿਲਾਂ ਪਿਉ ਨੇ ਸਾਰੀ ਉਮਰ ਘਰ ਦਾ ਮੂੰਹ ਦੂਜੇ ਪਾਸੇ ਲਾਈ ਰੱਖਿਆ ਫੇਰ ਇਹ (ਮੈਂ) ਜੰਮ ਪਿਆ ਤੇ ਹੁਣ ਤੂੰ ਇਸੇ ਲੀਹੇ ਤੁਰ ਪਿਆ। ਦੋ ਕਿੱਲ੍ਹੇ ਤਾਂ ਗਈ ਹੁਣ ਦੂਜੀ ਵੀ ਨਹੀਂ ਬਚਣੀ ਉੱਤੋਂ ਇਹ ਮੰਜੇ 'ਤੇ ਪਈ ਆ ਬਲਾ।" ਮਾਂ ਦੇ ਇਹ ਬੋਲ ਸ਼ਬਦ ਨਹੀਂ ਬੰਬ ਸਨ ਜੋ ਅਚਾਨਕ ਮੇਰੇ ਦਿਲ ਦੇ ਵਿਹੜੇ ਆ ਡਿੱਗੇ ਸੀ। ਜਿਸ ਭਰਾ ਨੂੰ ਮੈਂ ਨਸ਼ਾ ਰਹਿਤ ਮੰਨਦਾ ਸੀ ਤੇ ਇਸ ਗੱਲੋਂ ਸ਼ੁਕਰਗੁਜ਼ਾਰੀ ਵੀ ਕਰਦਾ ਸੀ, ਉਹ ਭਰਾ ਵੀ ਸਾਡੀਆਂ ਪੈੜ੍ਹਾਂ ਦਾ ਪਾਂਧੀ ਬਣ ਗਿਆ ਸੀ। ਮੈਂ ਇਹ ਵੀ ਸਮਝ ਗਿਆ ਕਿ ਜਿਸ ਦੋ ਕਿੱਲ੍ਹੇ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਹੈ, ਇਹ ਉਹੀ ਜ਼ਮੀਨ ਹੈ ਜੋ ਜੇਲ੍ਹ ਜਾਣ ਤੋਂ ਪਹਿਲਾਂ ਮੇਰੇ ਬਾਪੂ ਨੇ ਗਹਿਣੇ ਪਾਈ ਸੀ, ਉਹਦਾ ਹੁਣ ਭੋਗ ਪੈ ਚੁੱਕਾ ਹੈ। ਮੇਰਾ ਦਿਲ ਕਰਦਾ ਸੀ ਕਿ ਮੈਨੂੰ ਧਰਤੀ ਆਪਣੀ ਗੋਦ 'ਚ ਸਮਾ ਲਵੇ ਜਾਂ ਅਸਮਾਨ 'ਚੋਂ ਕੋਈ ਬਾਂਹ ਨਿਕਲੇ ਤੇ ਮੈਨੂੰ ਉਠਾ ਲਵੇ ਕਿਉਂਕਿ ਬਾਪ ਦੀ ਮੌਤ ਤੋਂ ਲੈ ਕੇ ਇਸ ਘਰ ਦੀਆਂ ਸਾਰੀਆਂ ਤਬਾਹੀਆਂ ਦਾ ਜੁੰਮੇਵਾਰ ਮੈਂ ਸੀ । ਅੱਜ ਹਰ ਸਜ਼ਾ ਮੈਨੂੰ ਮੇਰੇ ਲਈ ਛੋਟੀ ਲੱਗ ਰਹੀ ਸੀ। ਦਿਲ ਕਰਦਾ ਸੀ ਵੱਢੀ ਪਈ ਲੱਤ ਨਾਲ ਹੀ ਕਿਸੇ ਹੋਰ ਦੁਨੀਆਂ ਦੌੜ ਜਾਵਾਂ ਕਿਸੇ ਹੋਰ ਦੁਨੀਆਂ ਨੂੰ। ਕਿਹੋ ਜਿਹਾ ਬੰਦਾ ਸੀ ਮੈਂ ਜਿਸ ਦੇ ਘਰ 'ਚ ਏਨਾ ਕੁਝ ਹੋ ਗਿਆ ਸੀ ਤੇ ਮੈਂ ਸੁੱਤਿਆ ਹੀ ਨਾ ਉੱਠਿਆ।
ਮੇਰੇ ਬਾਪੂ ਨੇ ਲੱਤ ਵੱਢੀ ਵਾਲੇ ਦਾਦੇ ਦੇ ਭਰਾ ਦੀ ਸੇਵਾ ਕਰਕੇ ਇਹ ਜ਼ਮੀਨ ਲਈ ਸੀ ਜੋ ਅਸੀਂ ਗੁਆ ਦਿੱਤੀ। ਇਹ ਉਸ ਦਾਦੇ ਦੇ ਭਰਾ ਨਾਲ ਵੀ ਧ੍ਰੋਹ ਸੀ ਜਿਸ ਨੇ ਮੇਰੇ ਮਾਂ-ਬਾਪ ਦੀ ਸੇਵਾ ਨੂੰ ਜ਼ਮੀਨ ਦੇ ਕੇ ਸਾਨੂੰ ਸਾਰੇ ਘਰਾਂ 'ਚੋਂ ਵੱਡੀ ਢੇਰੀ ਵਾਲਾ ਕੀਤਾ ਸੀ। ਜਿਸ ਜ਼ਮੀਨ ਨੂੰ ਬਚਾਉਂਦਾ ਮੇਰਾ ਬਾਪੂ ਪੈਰੋਂ ਨੰਗਾ ਰਿਹਾ, ਇਕ ਚਾਦਰੇ ਨਾਲ ਸਾਲਾਂ ਲੰਘਾਉਦਾ ਰਿਹਾ; ਭੁੱਖਾ-ਪਿਆਸਾ ਦਿਨ ਕੱਟਦਾ ਰਿਹਾ, ਉਸ ਜ਼ਮੀਨ ਨੂੰ ਅਸੀਂ ਖੋਰਾ ਲਾ ਦਿੱਤਾ। ਲਾਹਨਤ ਹੈ ਸਾਡੇ ਜਿਊਣ 'ਤੇ। ਮੈਨੂੰ ਤਿੰਨ ਰਾਤਾਂ ਨੀਂਦ ਨਾ ਆਈ। ਅਤੀਤ ਰੀਲ ਬਣ ਕੇ ਅੱਖਾਂ ਅੱਗੇ ਘੁੰਮ ਗਿਆ। ਚਿੰਤਨ ਕੀਤਾ ਤਾਂ ਬੀਤੀ ਜ਼ਿੰਦਗੀ ਨਾਮੋਸ਼ ਕਰ ਗਈ। ਮੈਂ ਕਿੱਥੋਂ ਕਿੱਥੇ ਆ ਗਿਆ? ਸਾਰੀ ਜ਼ਿੰਦਗੀ 'ਚ ਮੈਂ ਕੁਝ ਵੀ ਨਾ ਪਾਇਆ ਸਿਵਾਏ ਉਜਾੜੇ ਅਤੇ ਪੀੜਾਂ ਤੋਂ। ਬੱਸ ਗਵਾਉਂਦਾ ਹੀ ਗਿਆ; ਕਦੇ ਘਰ ਕਦੇ ਕੈਰੀਅਰ। ਮੈਂ ਖੁਦ ਨੂੰ ਲਾਹਨਤਾਂ ਪਾ ਰਿਹਾ ਸੀ ਕਿ ਕੀ ਲੈ ਕੇ ਜਾਵਾਂਗਾ ਜਹਾਨ ਤੋਂ? ਇਕ ਗੁੰਡੇ ਦਾ ਮਰਤਬਾ ਇੱਕ ਨਸ਼ੇੜੀ ਦਾ ਤਗਮਾ? ਹਰ ਕਦਮ ਮੈਂ ਗਲਤ ਰਾਹ 'ਤੇ ਧਰਿਆ ਜਦਕਿ ਮੇਰੇ ਕੋਲ ਚੰਗੇ ਰਾਹਾਂ ਦੀ ਬਹੁਤਾਤ ਸੀ। ਮੇਰੇ ਭਟਕੇ ਕਦਮ ਮੈਨੂੰ ਹੁਣ ਤਾਂ ਉੱਥੇ ਲੈ ਆਏ ਜਿੱਥੇ ਇਹ ਵੀ ਉਮੀਦ ਨਾ ਰਹੀ ਕਿ ਮੈਂ ਕਦੇ ਆਪਣੀਆਂ ਦੋਵਾਂ ਲੱਤਾਂ 'ਤੇ ਤੁਰ ਵੀ ਪਾਵਾਂਗਾ। ਵਿਚਾਰਾਂ ਦੇ ਘਮਸਾਨ 'ਚ ਮੈਂ ਹੱਥਾਂ 'ਤੇ ਚੱਕ
ਵੱਢ ਰਿਹਾ ਸੀ ਕਿ ਏ ਜ਼ਿੰਦਗੀ। ਇਕ ਮੌਕਾ ਦੇ। ਫੇਰ ਵੇਖ ਮੈਂ ਆਪਣੇ ਦਾਗ ਕਿਵੇਂ ਧੋਂਦਾ ਹਾਂ। ਹਰ ਵਾਰ ਇਹੀ ਇਰਾਦਾ ਕਰਦਾ ਕਿ ਹੁਣ ਮੈਂ ਜੀਣਾ ਹੈ ਤੇ ਕੁਝ ਕਰਕੇ ਵਿਖਾਉਣਾ ਹੈ। ਮੈਂ ਬਹੁਤ ਵਿਉਂਤਾਂ ਘੜ੍ਹਦਾ ਪਰ ਹਾਲੇ ਇਹ ਸਿਰਫ਼ ਕਲਪਨਾ ਮਾਤਰ ਸੀ। ਇਹ ਕਰਨ ਲਈ ਤਾਂ ਇਕ ਜ਼ਿੰਦਗੀ ਹੋਰ ਚਾਹੀਦੀ ਸੀ। ਇਸ ਦੌਰਾਨ ਅਸੀਂ ਵਾਪਸ ਹਸਪਤਾਲ ਗਏ। ਇਸ ਦਿਨ ਡਾਕਟਰ ਨੇ ਆਖਰੀ ਫੈਸਲਾ ਕਰਨਾ ਸੀ ਕਿ ਆਪ੍ਰੇਸ਼ਨ ਹੋਰ ਹੋਵੇਗਾ ਜਾਂ ਨਹੀਂ। ਇਹ ਸਾਫ਼ ਹੋ ਜਾਣਾ ਸੀ ਕਿ ਮੇਰਾ ਭਵਿੱਖ ਕੀ ਹੈ? ਪੱਟੀ ਖੋਲ੍ਹੀ ਤਾਂ ਡਾਕਟਰ ਹੈਰਾਨ ਰਹਿ ਗਿਆ। ਉਹਦੀਆਂ ਅੱਖਾਂ ਖੜ੍ਹੀਆਂ ਤਾਂ ਮੇਰੇ ਸਾਹ ਖੜ੍ਹ ਗਏ। ਪਰ ਕੁਝ ਰੁੱਕ ਕੇ ਡਾਕਟਰ ਬੋਲਿਆ "ਬੜੀ ਜ਼ਬਰਦਸਤ ਰਿਕਵਰੀ ਹੋਈ ਬਲਜਿੰਦਰ ਸਿੰਹਾ! (ਮੇਰਾ ਪੂਰਾ ਨਾਂਅ) ਕੀ ਖਾਇਆ- ਪੀਆ ?" ਮੈਂ ਕਿਹਾ "ਡਾਕਟਰ ਸਾਬ੍ਹ । ਮੈਂ ਤਾਂ ਮੀਟ-ਸ਼ਰਾਬ ਵੀ ਤਿਆਗ 'ਤਾ ਤੇ ਸਮੈਕ ਵੀ ਛੱਡ ਦਿੱਤੀ।" ਡਾਕਟਰ ਨੇ ਕਿਹਾ "ਨਸ਼ਾ ਹੁਣ ਕਰੀਂ ਵੀ ਨਾ। ਤੇਰੀ ਲੱਤ ਠੀਕ ਹੋ ਜਾਊਗੀ ਪਰ ਤੈਨੂੰ ਬਹੁਤ ਧਿਆਨ ਦੇਣਾ ਪਵੇਗਾ ਤੇ ਹਿੰਮਤ ਦਿਖਾਉਣੀ ਪਵੇਗੀ।” “ਡਾਕਟਰ ਸਾਬ੍ਹ ਹਿੰਮਤ ਤੋਂ ਬਗੈਰ ਮੇਰੇ ਪੱਲੇ ਬਚਿਆ ਹੀ ਕੀ ਐ" ਮੈਂ ਮੁਸਕਰਾ ਕੇ ਕਿਹਾ। "ਜ਼ਿੰਦਗੀ ਦੇ ਡਰਾਮੇ ਦਾ ਇਕ ਐਪੀਸੋਡ ਖਤਮ ਹੋਇਆਂ ਤੋਂ ਦੁਨੀਆਂ ਖਤਮ ਨਹੀਂ ਹੋ ਜਾਂਦੀ ਬਲਜਿੰਦਰ ਸਿੰਹਾ। ਹਰ ਸਵੇਰ, ਉਮੀਦਾਂ ਦੇ ਕਾਫ਼ਲੇ ਲੈ ਕੇ ਆਉਂਦੀ ਹੈ। ਸਭ ਕੁਝ ਛੱਡ ਕੇ ਚੰਗੇ ਕਰਮ ਕਮਾ।" ਡਾਕਟਰ ਅੱਜ ਮੈਨੂੰ ਕੋਈ ਦੇਵਤਾ ਲੱਗ ਰਿਹਾ ਸੀ ਜਿਸ ਦੇ ਬੋਲ ਮੈਨੂੰ ਅਕਾਸ਼ ਤੋਂ ਆਇਆ ਕੋਈ ਉਪਦੇਸ਼ ਲੱਗ ਰਹੇ ਸਨ। ਮੈਨੂੰ ਡਾਕਟਰ ਨੇ ਸਾਫ਼ ਦੱਸ ਦਿੱਤਾ ਕਿ ਲੰਮਾ ਸਮਾਂ ਮੰਜੇ 'ਤੇ ਰਹਿਣਾ ਪਵੇਗਾ। ਦਵਾ-ਪੱਟੀ ਦੇ ਨਾਲ ਲੱਤ ਦਾ ਬਹੁਤ ਖ਼ਿਆਲ ਰੱਖਣਾ ਪਵੇਗਾ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਹਾਲੇ ਕੁਝ ਵੀ ਹੋ ਸਕਦਾ ਹੈ। ਲੱਤ ਕੱਟਣੀ ਵੀ ਪੈ ਸਕਦੀ ਹੈ ਤੇ ਲੱਤ ਠੀਕ ਵੀ ਹੋਣ ਦੀ ਉਮੀਦ ਹੈ। ਇਹ ਵੀ ਹੋ ਸਕਦਾ ਹੈ ਕਿ ਲੱਤ ਠੀਕ ਹੋ ਜਾਵੇ ਪਰ ਤੁਰਿਆ ਨਾ ਜਾ ਸਕੇ ਜਾਂ ਤੁਰਿਆ ਜਾ ਸਕੇ ਪਰ ਲੱਞ ਨਾ ਜਾਵੇ। ਪਰ ਮੈਂ ਇਹ ਗੱਲਾਂ ਨਹੀਂ ਸੀ ਸੋਚ ਰਿਹਾ ਮੇਰੇ ਮਨ ਅੰਦਰ ਤਾਂ ਕੋਈ ਹੋਰ ਹੀ ਸੋਚ ਖੌਰੂ ਪਾ ਰਹੀ ਸੀ । ਦਵਾਈਆਂ ਦਾ ਢੇਰ ਮੇਰੇ ਸਿਰ੍ਹਾਣੇ ਪਿਆ ਰਹਿੰਦਾ। ਸਾਂਸੀਆਂ ਦਾ ਮੁੰਡਾ ਸੇਮਾ ਮੇਰੇ ਕੋਲ ਹੀ ਸੌਂਦਾ, ਵਿਚਾਰਾ ਸਾਰੀਆਂ ਕਿਰਿਆਵਾਂ ਕਰਵਾਉਂਦਾ। ਮੈਂ ਡੇਢ ਕੁ ਮਹੀਨੇ ਤੋਂ ਬਾਅਦ ਰੋਟੀ ਸ਼ੁਰੂ ਕਰ ਦਿੱਤੀ। ਨਾਈ ਨੂੰ ਸੱਦ ਕੇ ਲੰਮੇ ਵਾਲ ਕਟਵਾ ਦਿੱਤੇ। ਹੁਣ ਮੈਂ ਸਵੇਰੇ ਤਿੰਨ ਵਜੇ ਉੱਠਦਾ। ਸਭ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਤੋਂ ਨੇਕ ਵਿਚਾਰ ਸਰਬਣ ਕਰਦਾ ਫੇਰ ਦੀਨ-ਦੁਨੀਆਂ ਦੀਆਂ ਖ਼ਬਰਾਂ ਸੁਣਦਾ । ਹੁਣ ਮੈਂ ਅਖ਼ਬਾਰ ਵੀ ਲਵਾ ਲਿਆ ਪਰ ਫਿਰ ਵੀ ਮਨ ਚਿੰਤਾ 'ਚ ਡੁੱਬ ਜਾਂਦਾ ਕਿਉਂਕਿ ਸੇਮਾ ਸਵੇਰੇ ਆਵਦੀਆਂ ਭੇਡਾਂ ਚਾਰਨ ਚਲਾ ਜਾਂਦਾ। ਕੱਲ੍ਹਾ ਬੰਦ ਕਮਰੇ 'ਚ ਪਿਆ ਮੇਰੇ ਮਨ ਦਾ ਪੰਛੀ ਉੱਡ ਕੇ ਅਤੀਤ ਦੇ ਖੰਡਰਾਂ 'ਚ ਜਾ ਬੈਠਦਾ ਜਿੱਥੇ ਤਬਾਹੀਆਂ ਦੇ ਮੰਜ਼ਰ ਵੇਖ ਕੇ ਸਾਹ ਹਟਕੋਰੇ ਬਣ ਜਾਂਦੇ, ਜੋ ਦੁੱਖਾਂ ਦੇ ਸਮੁੰਦਰ 'ਚੋਂ ਭਿੱਜ ਕੇ ਅੱਖਾਂ ਰਾਹੀਂ ਬਰਸਾਤ ਕਰ ਜਾਂਦੇ। ਮੈਂ ਇਹੀ ਸੋਚਦਾ ਰਹਿੰਦਾ ਕਿ ਕੀ ਮੈਂ ਕਦੇ ਤੁਰ ਸਕਾਂਗਾ? ਕੀ ਮੈਂ ਕਦੇ ਵਾਲੀਬਾਲ ਖੇਡ ਸਕਾਂਗਾ? ਜੇ ਲੱਤ ਠੀਕ ਨਾ ਹੋਈ ਫੇਰ ਕਿਸ ਤਰ੍ਹਾਂ ਦੀ ਹੋਵੇਗੀ ਮੇਰੀ ਜ਼ਿੰਦਗੀ ? ਓਹ ਜਾਂਦਾ ਮਿੰਟੂ ਲੰਝੜਾ ਲੋਕ ਇਹ ਕਿਹਾ ਕਰਨਗੇ ? ਇਹ ਵਿਚਾਰ ਨਸ਼ਤਰ ਬਣਕੇ ਕਾਲਜੇ ਚੁੱਭਦੇ ਪਰ ਦੂਜੇ ਪਲ ਮੈਂ ਹਿੰਮਤ ਕਰਦਾ,
ਆਪਣੇ ਮਨ ਨੂੰ ਆਖਦਾ " ਨਹੀਂ ਮਿੰਟੂ। ਤੂੰ ਹਾਰਨਾ ਤਾਂ ਸਿੱਖਿਆ ਹੀ ਨਹੀਂ। ਜਿੱਤਾਂ ਨੂੰ ਪੈਰਾਂ ਨਾਲ ਬੰਨ੍ਹ ਕੇ ਤੁਰਨ ਦੇ ਇਰਾਦੇ ਰੱਖਣ ਵਾਲਿਆ ਹਾਰ ਨਾ ਮੰਨ। ਇਮਤਿਹਾਨਾਂ 'ਚ ਰੋਣਾ ਮਰਦਾਂ ਦਾ ਕੰਮ ਨਹੀਂ ਕਿਉਂਕਿ ਵਕਤ ਉਨ੍ਹਾਂ ਦੇ ਹੀ ਇਮਤਿਹਾਨ ਲੈਂਦਾ ਹੈ ਜੋ ਹਿੰਮਤਦਾਰ ਹੁੰਦੇ ਹਨ। ਬੁਜ਼ਦਿਲਾਂ ਨੂੰ ਵੰਗਾਰ ਸਮਾਂ ਏਸ ਲਈ ਨਹੀਂ ਪਾਉਂਦਾ ਕਿਉਂਕਿ ਉਹ ਤਾਂ ਕੰਡਾ ਵੱਜੇ ਤੋਂ ਵੀ ਫਾਹਾ ਲੈਣ ਲਈ ਰੱਸਾ ਚੁੱਕ ਲੈਂਦੇ ਹਨ।" ਮਨ ਨੂੰ ਦਿੱਤੇ ਦਿਲਾਸਿਆਂ ਨੇ ਫ਼ਲ ਦੇਣਾ ਸ਼ੁਰੂ ਵੀ ਕਰ ਦਿੱਤਾ। ਮੈਂ ਰੋਣਾ ਬੰਦ ਕਰ ਦਿੱਤਾ। ਖੁਦ ਨੂੰ ਸਮੇਂ ਨਾਲ ਜੰਗ ਲਈ ਤਿਆਰ ਕਰ ਲਿਆ ਕਿ ਹਾਲਾਤ ਚਾਹੇ ਜਿਹੇ ਜਿਹੇ ਮਰਜ਼ੀ ਹੋਣ ਮੈਂ ਸਮੇ ਨਾਲ ਮੱਥਾ ਲਾਵਾਂਗਾ। ਮੈਂ ਨਿਰਣਾ ਕੀਤਾ ਕਿ ਕੁਝ ਚੰਗਾ ਕਰਾਂਗੇ ਬੁਰਾ ਬਥੇਰਾ ਕਰ ਲਿਆ। ਕੁਝ ਕਿਤਾਬਾਂ ਤੇ ਰਸਾਲੇ ਮੰਗਵਾ ਲਏ। ਸਭ ਤੋਂ ਪਹਿਲੀ ਕਿਤਾਬ ਪੜ੍ਹੀ ਭਗਤ ਪੂਰਨ ਸਿੰਘ ਜੀ ਦੇ ਜੀਵਨ ਬਾਰੇ। ਉਨ੍ਹਾਂ ਦੀ ਮਾਨਵ ਸੇਵਾ, ਸਿਰੜ ਤੇ ਸੰਘਰਸ਼ ਦੀ ਗਾਥਾ ਨੇ ਲਹੂ ਹਲੂਣ ਕੇ ਰੱਖ ਦਿੱਤਾ। ਸੱਚ ਕਹਾਂ ਇਸ ਮਹਾਨ ਰੂਹ ਦੀ ਜ਼ਿੰਦਗੀ ਦੇ ਸਫ਼ਰਨਾਮੇ ਨੇ ਦਰਿੰਦੇ ਅੰਦਰ ਬੰਦਾ ਪੈਦਾ ਕਰ ਦਿੱਤਾ। ਫੇਰ ਤਾਂ ਮੈਨੂੰ ਕਿਤਾਬਾਂ ਪੜ੍ਹਨ ਦਾ ਚਸਕਾ ਲੱਗ ਗਿਆ ਪਰ ਸਮੱਸਿਆ ਇਹ ਸੀ ਕਿ ਜ਼ਿਆਦਾ ਕਿਤਾਬਾਂ ਮੰਗਵਾਉਂਣ ਲਈ ਨਾ ਮੇਰੇ ਕੋਲ ਪੈਸੇ ਸੀ ਤੇ ਨਾ ਮੇਰੀ ਮਾਂ ਕੋਲ। ਭਰਾ ਦੇ ਲੱਛਣ ਮੈਂ ਜਾਣ ਗਿਆ ਸੀ ਕਿ ਇਹ ਅਫੀਮ ਦੇ ਨਾਲ-ਨਾਲ ਸਮੈਕ ਵੀ ਖਿੱਚਦਾ ਹੈ। ਜੋ ਯਾਰ- ਮਿੱਤਰ ਮੇਰਾ ਪਤਾ ਲੈਣ ਆਉਣ ਤੋਂ ਪਹਿਲਾਂ ਫੋਨ ਕਰਦਾ ਕਿ ਕਿਹੜਾ ਨਸ਼ਾ ਲੈ ਕੇ ਆਵਾਂ ਤਾਂ ਮੈਂ ਉਸ ਨੂੰ ਆਖ ਦਿੰਦਾ ਕਿ ਯਾਰ! ਮੈਨੂੰ ਕੋਈ ਕਿਤਾਬ ਜਾਂ ਰਸਾਲਾ ਲਿਆ ਦੇ। ਕਈ ਕਿਤਾਬਾਂ ਮੈਂ ਮੰਗ-ਤੰਗ ਕੇ ਪੜ੍ਹੀਆਂ। ਜਿੰਨ੍ਹਾਂ 'ਚ ਨਾਨਕ ਸਿੰਘ ਦੀ "ਚਿੱਟਾ ਲਹੂ" ਜਸਵੰਤ ਕੰਵਲ ਦੀ "ਸਿੱਖ ਜੱਦੋ-ਜਹਿਦ" ਗੋਰਕੀ ਦੀ "ਮਾਂ" ਇਤਿਆਦਿਕ ਸ਼ਾਮਲ ਸਨ ਪਰ ਇਕ ਪੁਸਤਕ ਮੇਰੇ ਲਈ ਵਿਸ਼ੇਸ਼ ਸੀ ਜੋ ਰੂਸ ਦੇ ਕਿਸੇ ਜੰਗੀ ਸਿਪਾਹੀ ਦੀ ਗਾਥਾ ਸੀ ਜਿਹੜਾ ਜਹਾਜ਼ ਹਾਦਸੇ 'ਚ ਲੱਤਾਂ ਗੁਆਉਣ ਤੋਂ ਬਾਅਦ ਵੀ ਬਰਫ਼ ਦਾ ਜੰਗਲ ਪਾਰ ਕਰਕੇ ਜ਼ਿੰਦਗੀ ਜਿੱਤ ਗਿਆ ਸੀ। ਹੁਣ ਮੈਂ ਇੱਕ ਹੋਰ ਫੈਸਲਾ ਕੀਤਾ ਕਿ ਮੈਂ ਹੁਣ ਤੰਬਾਕੂ ਅਤੇ ਸਿਗਰਟਾਂ (ਜਰਦਾ) ਛੱਡਾਂਗਾ ਜੋ ਮੈਂ 16 ਸਾਲ ਤੋਂ ਲਗਾਤਾਰ ਵਰਤਦਾ ਆ ਰਿਹਾ ਸੀ। ਇਸ ਕੋਸ਼ਿਸ਼ 'ਚ ਮੈਂ ਕਾਮਯਾਬ ਰਿਹਾ। ਜ਼ਿੰਦਗੀ ਬਦਲ ਰਹੀ ਸੀ ਤਾਂ ਮੇਰਾ ਸੇਵਾਦਾਰ ਵੀ ਬਦਲ ਗਿਆ। ਸੋਮੇ ਦਾ ਵਿਆਹ ਰੱਖਿਆ ਗਿਆ। ਮੇਰੀ ਮਾਤਾ ਨੇ ਇਕ ਛੋਟਾ ਜਿਹਾ ਦਲਿਤ ਮੁੰਡਾ ਰੱਖ ਲਿਆ ਮੈਨੂੰ ਰੋਟੀ-ਪਾਣੀ ਫੜਾਉਣ ਲਈ। ਉਸ ਦੀ ਪਿੰਡ ਦੇ ਜਿਮੀਂਦਾਰ ਨੇ ਬੁਰੀ ਹਾਲਤ ਕੀਤੀ ਹੋਈ ਸੀ। ਸੋਨੀ ਆ ਕੇ ਪੱਟੀ ਕਰ ਜਾਂਦਾ ਤੇ ਮੁੰਡਾ ਜੀਹਦਾ ਨਾਂ ਮੈਂ ਛੋਟੂ ਰੱਖ ਦਿੱਤਾ ਰੋਟੀ-ਪਾਣੀ ਫੜਾ ਦਿੰਦਾ। ਮੇਰੇ 18 ਘੰਟੇ ਪੜ੍ਹਨ 'ਚ ਹੀ ਗੁਜ਼ਰਦੇ। ਇਸ ਦੌਰਾਨ ਇਕ ਦਿਨ ਮੇਰੇ ਮਿੱਤਰ ਨੇ ਫੇਸਬੁੱਕ ਬਾਰੇ ਦੱਸ ਪਾਈ ਕਿ ਕੰਮ ਦੀ ਸ਼ੈਅ ਹੈ ਇਹਦੀ ਵਰਤੋਂ ਕਰ ਸਮਾਂ ਸੋਹਣਾ ਲੰਘੇਗਾ। ਮੈਂ ਨੈਟ ਪੈਕ ਪੁਆ ਲਿਆ ਪਰ ਸਿਆਪਾ ਇਹ ਸੀ ਕਿ ਫੇਸਬੁੱਕ ਸ਼ਬਦ ਤੋਂ ਅੱਗੇ ਮੈਨੂੰ ਕੁਝ ਆਉਂਦਾ ਹੀ ਨਹੀਂ ਸੀ। ਮੈਂ ਕਈ ਪਿੰਡ ਦੇ ਪਾੜ੍ਹੇ ਮੁੰਡੇ ਸੱਦੇ ਪਰ ਹਰ ਕੋਈ ਸਿਰ ਫੇਰ ਜਾਵੇ ਕਿ ਇਸ ਜਾਦੂ ਦਾ ਸਾਨੂੰ ਗਿਆਨ ਨਹੀਂ। ਮੇਰੇ ਪਿੰਡ 'ਚ ਕੋਈ ਫੇਸਬੁੱਕ ਵਰਤਣ ਵਾਲਾ ਹੈ ਹੀ ਨਹੀਂ ਸੀ। ਆਖ਼ਰ ਇੱਕ ਦਿਨ ਮੈਂ ਜੁੱਟ ਗਿਆ। ਸ਼ਾਮ ਤੱਕ ਮੈਂ
ਪ੍ਰੋਫਾਇਲ ਬਣਾ ਲਈ। ਇਹ ਇਕ ਜਾਦੂਈ ਦੁਨੀਆਂ ਸੀ। ਮੈਂ ਸਭ ਤੋਂ ਪਹਿਲਾਂ ਕੁਝ ਅੰਗਰੇਜ਼ ਕੁੜੀਆਂ ਮਿੱਤਰ ਬਣਾਈਆਂ। ਫੇਰ ਕੁਝ ਪੰਜਾਬੀ ਮੁੰਡੇ ਮਿੱਤਰ ਬਣੇ। ਕੁਝ ਭਾਰਤੀ ਕੁੜੀਆਂ ਵੀ ਮਿੱਤਰ ਬਣ ਗਈਆਂ ਜਿੰਨ੍ਹਾਂ ਨਾਲ ਸਾਰਾ ਦਿਨ ਚੈਟ 'ਤੇ ਗਰਾਰੀ ਫਸੀ ਰਹਿੰਦੀ। ਇਸ ਤੋਂ ਇਲਾਵਾ ਮੈਂ ਪੁਰਾਣੇ ਗੀਤ ਡਾਊਨਲੋਡ ਕਰਦਾ ਰਹਿੰਦਾ ਪਰ ਨਾਲ ਮੈਂ ਪੜ੍ਹਨਾ ਨਹੀਂ ਛੱਡਿਆ। ਅੱਠ ਮਹੀਨਿਆਂ ਬਾਅਦ ਮੇਰਾ ਜ਼ਖ਼ਮ ਭਰ ਗਿਆ। ਮੈਂ ਦੁਬਾਰਾ ਹਸਪਤਾਲ ਗਿਆ। ਉਨ੍ਹਾਂ ਵਾਕਰ ਦੇ ਜਰੀਏ ਥੋੜ੍ਹਾ-ਥੋੜ੍ਹਾ ਤੁਰਨ ਲਈ ਕਿਹਾ। ਮੈਂ 9 ਮਹੀਨੇ ਬਾਅਦ ਵਾਕਰ ਸਹਾਰੇ ਪਹਿਲੀ ਪੁਲਾਂਘ ਪੁੱਟੀ ਪਰ ਡਿੱਗਦਾ-ਡਿੱਗਦਾ ਮੈਨੂੰ ਘਰਦਿਆਂ ਨੇ ਥੰਮਿਆ। ਮੈਂ ਫੇਰ ਉਦਾਸ ਹੋ ਗਿਆ। ਦੋ ਮਹੀਨੇ ਇੰਝ ਹੀ ਲੰਘ ਗਏ। ਗਰਮੀ ਨੇ ਇੱਕ ਦਿਨ ਏਨਾ ਪ੍ਰੇਸ਼ਾਨ ਕੀਤਾ ਕਿ ਮੈਂ ਸ਼ਾਮ ਨੂੰ ਭੋਟੂ ਨੂੰ ਮੰਜਾ ਬਾਹਰ ਕੱਢਣ ਲਈ ਅਵਾਜ਼ ਮਾਰੀ। ਕਈ ਅਵਾਜ਼ਾਂ ਤੋਂ ਬਾਅਦ ਵੀ ਜਦੋਂ ਉੱਤਰ ਨਾ ਮਿਲਿਆ ਤਾਂ ਮੈਂ ਆਪ ਹੀ ਵਾਕਰ ਘੜੀਸ ਲਿਆ ਤੇ ਬੋਚ ਕੇ ਜਿਹੇ ਵਾਕਰ ਦੇ ਸਹਾਰੇ ਕਦਮ ਪੁੱਟਿਆ। ਮੈਂ ਕਾਮਯਾਬ ਰਿਹਾ। ਇਹ ਛੋਟੀ ਜਿਹੀ ਪੁਲਾਂਘ ਮੇਰੇ ਲਈ ਤਾਂ ਉਹ ਉਡਾਰੀ ਸੀ ਜਿਹੜੀ ਕਿਸੇ ਜ਼ਖ਼ਮੀ ਪਰਿੰਦੇ ਨੇ ਮੁੱਦਤਾਂ ਬਾਅਦ ਭਰੀ ਹੋਵੇ। ਮੈਂ ਬੇਹਤਾਬਾ ਦਰਦ ਸਹਾਰ ਕੇ ਬਰਾਂਡੇ 'ਚ ਆ ਗਿਆ। ਏਨੇ ਨੂੰ ਬਾਹਰੋਂ ਭੋਟੂ ਆ ਗਿਆ ਤੇ ਚੀਕ ਪਿਆ "ਵੀਰ ਤੁਸੀਂ ਤੁਰ ਪਏ ?" ਮੈਂ ਹੱਸ ਕੇ ਕਿਹਾ "ਹਾਂ। ਮੈਂ ਤੁਰ ਪਿਆ-ਤੇ ਹੁਣ ਕਦੇ ਰੁਕਾਂਗਾ ਵੀ ਨਹੀਂ।" ਉਸ ਰਾਤ ਮੈਨੂੰ ਨੀਂਦ ਨਹੀਂ ਆਈ। ਮੈਂ ਉਡੀਕ ਰਿਹਾ ਸੀ ਕਿ ਕਦੋਂ ਸਵੇਰ ਹੋਵੇ। ਸਵੇਰੇ ਮੈਂ ਘਰ ਦੇ ਵਿਹੜੇ ਤੱਕ ਤੁਰਿਆ। ਹਫ਼ਤੇ ਵਿੱਚ ਮੈਂ ਘਰ ਤੋਂ ਸੜਕ ਤੱਕ ਦਾ ਸਫ਼ਰ ਤੈਅ ਕਰ ਲਿਆ। ਕਿੱਲ੍ਹੇ ਕੁ ਵਾਟ ਦਾ ਇਹ ਸਫ਼ਰ ਮੌਤ ਦੀਆਂ ਘਾਟੀਆਂ 'ਚੋਂ ਜ਼ਿੰਦਗੀ ਵੱਲ ਖੁੱਲ੍ਹਦਾ ਕੋਈ ਦੱਰਾ ਲੱਗ ਰਿਹਾ ਸੀ। ਹੁਣ ਮੈਂ ਸਵੇਰੇ ਸ਼ਾਮ ਵਾਕਰ ਨਾਲ ਸੜਕ 'ਤੇ ਜਾਂਦਾ ਉਹ ਵੀ ਬਿਨ੍ਹਾਂ ਕਿਸੇ ਦੇ ਸਹਾਰੇ। ਮਹੀਨੇ ਕੁ ਬਾਅਦ ਮੈਂ ਵਾਕਰ ਤੋਂ ਬਗੈਰ ਹਾਕੀ ਨਾਲ ਚੱਲਣਾ ਸ਼ੁਰੂ ਕਰ ਦਿੱਤਾ। ਕੁਝ ਹਫਤਿਆਂ ਬਾਅਦ ਹਾਕੀ ਵੀ ਕਿੱਲੀ 'ਤੇ ਟੰਗ ਦਿੱਤੀ। ਹੁਣ ਮੈਂ ਪੈਰਾਂ 'ਤੇ ਖੜ੍ਹਾ ਹੋ ਗਿਆ ਪਰ ਲੰਙ ਬਹੁਤ ਵੱਜਦਾ ਸੀ। ਮਨ ਬਹਿਲਾਉਣ ਲਈ ਮੈਨੂੰ ਮੋਟਰ ਸਾਈਕਲ 'ਤੇ ਪਿੰਡ ਛੱਡ ਜਾਂਦੇ ਤੇ ਮੈਂ ਸੋਨੀ ਦੀ ਦੁਕਾਨ 'ਤੇ ਗੱਪਾਂ ਮਾਰਦਾ ਰਹਿੰਦਾ। ਸਵਾ ਸਾਲ ਦਾ ਮੰਜੇ ਦਾ ਬਨਵਾਸ ਕੱਟ ਕੇ ਮੈਂ ਡਾਹਢਾ ਖੁਸ਼ ਸੀ।
ਹਰਫ਼ਾਂ ਦੀ ਪ੍ਰੀਤ
2012 ਚੜ੍ਹ ਪਿਆ। ਹੁਣ ਮੈਨੂੰ ਦੋ ਹੀ ਫ਼ਿਕਰ ਸਨ। ਇਕ ਲੰਙ ਦਾ ਤੇ ਦੂਜਾ ਇਹ ਕਿ ਮੈਂ ਕੰਮ ਕਰਾਂ ਕੀ? ਇਕ ਗੁੰਡਾ ਚੰਗਾ ਇਨਸਾਨ ਬਣ ਸਕਦਾ ਹੈ ਪਰ ਉਹ ਆਪਣੇ ਪ੍ਰਤੀ ਜ਼ਮਾਨੇ ਦੇ ਨਜ਼ਰੀਏ ਨੂੰ ਨਹੀਂ ਬਦਲ ਸਕਦਾ, ਇਹ ਉਸ ਦੇ ਹੱਥ ਨਹੀਂ ਹੈ। ਮੈਂ ਸੋਚ ਦਾ ਘੋੜਾ ਦੌੜਾਉਂਦਾ ਕਿ ਕਰਾਂ ਤਾਂ ਕੀ ਕਰਾਂ ਪਰ ਹਰ ਵਾਰ ਮੈਂ ਕਿਸੇ ਨਤੀਜੇ 'ਤੇ ਨਾ ਪਹੁੰਚ ਪਾਉਂਦਾ। ਹਾਲਾਂਕਿ ਮੈਂ ਹੁਣ 90 ਫੀਸਦੀ ਨਸ਼ਾ ਮੁਕਤ ਹੋ ਚੁੱਕਾ ਸੀ । ਭਿਆਨਕ ਨਸ਼ਿਆਂ 'ਚੋਂ ਨਿਕਲ ਕੇ ਮੈਂ ਦੋ ਚਮਚੇ ਭੁੱਕੀ 'ਤੇ ਆ ਗਿਆ ਸੀ ਪਰ ਮੇਰੇ ਲਈ ਇਹ ਵੀ ਬਹੁਤ ਵੱਡਾ ਬੋਝ ਸੀ ਕਿਉਂਕਿ ਘਰੋਂ ਮਿਹਣੇ ਵੱਜਦੇ ਸਨ ਤੇ ਬਾਹਰੋਂ ਹੁਣ ਮੇਰਾ ਕੋਈ ਕਿਸੇ ਨਾਲ ਸੰਪਰਕ ਨਹੀਂ ਸੀ। ਮੈਂ ਦਿਨ- ਰਾਤ ਖੁਦ ਨੂੰ ਖੋਜਦਾ ਰਹਿੰਦਾ ਕਿ ਆਖ਼ਰ ਕੋਈ ਤਾਂ ਗੁਣ ਕੁਦਰਤ ਨੇ ਮੇਰੇ ਅੰਦਰ ਪਾਇਆ ਹੋਵੇਗਾ। ਪ੍ਰੰਤੂ ਹਰ ਵਾਰ ਮੈ ਨਿਸਫ਼ਲ ਹੋ ਜਾਂਦਾ। ਕਿਤਾਬਾਂ ਪੜ੍ਹਦਾ ਰਹਿੰਦਾ ਕਿ ਕਿਵੇਂ ਦੁਨੀਆਂ ਦੇ ਮਹਾਨ ਲੋਕਾਂ ਨੇ ਆਪਣੀਆਂ ਤਕਦੀਰਾਂ ਦੀਆਂ ਲਕੀਰਾਂ ਨੂੰ ਸਿਰਜਿਆ। ਇਕ ਦਿਨ ਗਰਮੀਆਂ 'ਚ ਮੈਂ ਆਪਣੀ ਬਹਿਕ ਦੇ ਨੇੜੇ ਪੈਂਦੇ ਸ਼ਮਸ਼ਾਨਘਾਟ ਚਲਾ ਗਿਆ। ਕਾਫੀ ਦੇਰ ਵਿਛੜੇ ਯਾਰਾਂ ਤੇ ਪਰਵਾਰ ਦੇ ਜੀਆਂ ਨੂੰ ਯਾਦ ਕਰਦਾ ਰਿਹਾ। ਫੇਰ ਮੈਂ ਨਿੰਮ ਥੱਲੇ ਲੇਟ ਗਿਆ। ਅਚਾਨਕ ਮੈਨੂੰ ਉਹ ਗੀਤ ਯਾਦ ਆਇਆ ਜੋ ਮੈਂ ਆਪਣੇ ਭਰਾ ਬੱਬੀ ਦੇ ਮਰੇ ਤੋਂ ਜੋੜਿਆ ਸੀ। ਉਹ ਗੀਤ ਸੀ "ਸਾਡੇ ਸੱਜਣਾ ਨੇ ਮੁੜਕੇ ਨੀ ਆਉਣਾ, ਝੂਠੇ ਬੋਲਦੇ ਬਨੇਰਿਆ 'ਤੇ ਕਾਂ"। ਇਸ ਤੋਂ ਬਾਅਦ ਮੈਨੂੰ ਕਈ ਗੀਤ ਯਾਦ ਆਏ ਜੋ ਮੈਨੂੰ ਕਦੇ ਨਸ਼ੇ ਦੀ ਹਾਲਤ 'ਚ ਅਹੁੜੇ ਸਨ। ਮੈਂ ਭੱਜ ਕੇ ਘਰ ਗਿਆ ਤੇ ਇਕ ਫਟੀ ਜਿਹੀ ਕਾਪੀ 'ਤੇ ਪਹਿਲਾਂ ਉਨ੍ਹਾਂ ਗੀਤਾਂ ਦੇ ਮੁਖੜੇ ਨੋਟ ਕੀਤੇ ਤੇ ਫੇਰ ਉਨ੍ਹਾਂ ਨੂੰ ਅੰਤਰਿਆਂ ਨਾਲ ਸ਼ਿੰਗਾਰਿਆ। ਮੈਨੂੰ ਇੰਝ ਲੱਗਾ ਜਿਵੇਂ ਮੇਰੇ ਅੰਦਰ ਕੁਝ ਫੁਟ ਰਿਹਾ ਹੋਵੇ ਠੀਕ ਉਸ ਤਰ੍ਹਾਂ ਜਿਵੇਂ ਧਰਤੀ ਦੀ ਕੁੱਖ 'ਚੋਂ ਝਰਨੇ ਫੁਟਦੇ ਹਨ। ਮੈਂ ਪਿੰਡ ਜਾ ਕੇ ਦੁਕਾਨ ਤੋਂ ਉਧਾਰ 5 ਰੂਪੇ ਦੀ ਕਾਪੀ ਤੇ 3 ਰੂਪੈ ਦਾ ਪਿੰਨ ਲਿਆ। ਫੇਰ ਤਾਂ ਜੋ ਮੇਰੇ ਅੰਦਰ ਸੀ ਮੈਂ ਕਾਗਜ਼ਾਂ ਦੀ ਹਿੱਕ 'ਤੇ ਝਰੀਟਦਾ ਗਿਆ। ਭਾਵੇਂ ਵਿਧਾਂ ਦੀ ਤਕਨੀਕ ਪੱਖੋਂ ਇਹ ਸ਼ਬਦ ਯਤੀਮ ਸਨ ਪਰ ਮੇਰੇ ਲਈ ਅੱਜ ਵੀ ਅਣਮੋਲ ਹਨ। ਮੈਂ ਬਹੁਤ ਸਾਰੇ ਸ਼ੇਅਰ ਤੇ ਗੀਤ ਲਿਖੇ। ਹੁਣ ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੈਨੂੰ ਕਿਸੇ ਦਾ ਸਾਥ ਮਿਲ ਗਿਆ ਹੋਵੇ। ਇਸ ਦੌਰਾਨ ਮੈਂ ਫੇਸਬੁੱਕ 'ਤੇ ਇਕ ਪੋਸਟ ਵੇਖਿਆ ਜਿਸ ਵਿੱਚ ਲਿਖਿਆ ਸੀ "ਪੱਤਰਕਾਰਾਂ ਦੀ ਲੋੜ"। ਭਾਵੇਂ ਮੈਂ ਅੱਜ ਤੱਕ ਪੱਤਰਕਾਰੀ ਦੇ ਨੇੜਿਓਂ ਵੀ ਨਹੀਂ ਸੀ ਲੰਘਿਆ ਪਰ ਮੈਂ ਸੋਚਿਆ ਕਿ ਚਲੋ ਇੱਧਰ ਹੀ ਹੱਥ ਅਜ਼ਮਾ ਲਈਏ ਕਿਉਂਕਿ ਮੈਨੂੰ ਲੱਗਾ ਕਿ ਮੈਂ ਖ਼ਬਰਾਂ ਵੀ ਲਿਖ ਸਕਦਾ ਹਾਂ। ਪੋਸਟ ਪਾਉਣ ਵਾਲੇ ਸਨ ਸ: ਜਗਦੇਵ ਸਿੰਘ ਭੰਡਾਲ ਜੋ ਅਮਰੀਕਾ ਦੇ ਸੈਕਰਾਮੈਂਟੋ ਤੋਂ ਓਨ੍ਹੀ ਦਿਨੀ ਈ-ਪੇਪਰ ਚਲਾ ਰਹੇ ਸਨ। ਮੈਂ ਉਨ੍ਹਾਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਤੁਹਾਨੂੰ ਲੈਪਟਾਪ ਜਾਂ ਕੰਪਿਊਟਰ ਲੈਣਾ ਪਵੇਗਾ ਬਾਕੀ ਗੱਲਾਂ ਬਾਅਦ ਦੀਆਂ ਹਨ। ਇਹ ਤਾਂ ਕੋਹੜ 'ਚ ਖਾਰਸ਼ ਵਾਲੀ ਗੱਲ ਸੀ ਮੇਰੇ ਲਈ ਕਿਉਂਕਿ ਮੇਰੇ ਕੋਲ ਤਾਂ ਕਮੀਜ਼-ਪਜਾਮੇ ਲਈ ਪੈਸੇ ਨਹੀਂ ਸਨ ਲੈਪਟਾਪ ਕਿੱਥੋਂ ਲੈਂਦਾ।
ਅਖ਼ਬਾਰ ਫਰੋਲਿਆ ਪਰ ਮੇਰੀ ਹੈਰਾਨਗੀ ਦੀ ਉਦੋਂ ਹੱਦ ਨਾ ਰਹੀ ਜਦੋਂ ਮੈਂ ਸਵੇਰੇ ਅਖ਼ਬਾਰ ਵੇਖਿਆ, ਉਹ ਖ਼ਬਰ ਉਹਦੇ ਨਾਂਅ 'ਤੇ ਲੱਗੀ ਹੋਈ ਸੀ ਤੇ ਮੇਰਾ ਵਿੱਚ ਕਿਤੇ ਜ਼ਿਕਰ ਨਹੀਂ ਸੀ । ਮੈਂ ਸੋਚਿਆ ਚਲੋ ਰਹਿ ਗਿਆ ਹੋਵੇਗਾ ਅੱਜ ਆਪਾਂ ਪੱਕੇ ਪੱਤਰਕਾਰ ਬਣ ਹੀ ਜਾਣਾ ਏਂ ਪਰ ਜਦੋਂ ਮੈਂ 10 ਕੁ ਵਜੇ ਮਲੋਟ ਗਿਆ ਤਾਂ ਉਹ ਗੁਰਸਿੱਖ ਪੱਤਰਕਾਰ ਕਾਂਟਾ ਹੀ ਬਦਲੀ ਬੈਠਾ ਸੀ। ਪਹਿਲਾਂ ਤਾਂ ਉਸ ਨੇ ਮੇਰੀ ਫ਼ਤਿਹ ਦਾ ਜਵਾਬ ਹੀ ਨਾ ਦਿੱਤਾ ਫੇਰ ਉਤਲੇ ਮਨੋ ਜਿਹੇ ਬੈਠਣ ਦਾ ਕਹਿ ਕੇ ਆਪਣੇ ਕੰਮ 'ਚ ਮਸਰੂਫ਼ ਹੋ ਗਿਆ। ਕੁਝ ਦੇਰ ਬਾਅਦ ਉਹ ਵੀਰ ਅਸਲ ਮੁੱਦੇ 'ਤੇ ਆ ਗਿਆ। ਉਸ ਨੇ ਕਿਹਾ "ਅਖ਼ਬਾਰ ਵਾਲਿਆਂ ਨੇ ਨਾਂਹ ਕਰ ਦਿੱਤੀ ਐ। ਉਹ ਕਹਿੰਦੇ ਕਿ ਅਸੀਂ ਲੰਬੀ ਤੋਂ ਇਸ ਤਰ੍ਹਾਂ ਦਾ ਬੰਦਾ ਨਹੀਂ ਰੱਖ ਸਕਦੇ।" ਮੇਰੀ ਖ਼ਾਮੋਸ਼ ਧਾਹ ਨਿਕਲ ਗਈ। ਅੱਜ ਮੇਰੇ ਅਤੀਤ ਨੇ ਮੇਰੇ ਜਜ਼ਬੇ ਦੀਆਂ ਲੱਤਾਂ ਹੀ ਵੱਢ ਦਿੱਤੀਆਂ ਸਨ। ਮੈਂ ਭਾਰੇ ਕਦਮਾਂ ਨਾਲ ਉਸ ਦੇ ਚੁਬਾਰੇਨੁਮਾ ਦਫ਼ਤਰ ਤੋਂ ਥੱਲੇ ਆ ਗਿਆ। ਮੈਂ ਘਰ ਨਹੀਂ ਗਿਆ ਬਲਕਿ ਯਾਮ੍ਹਾ ਸਿੱਧਾ ਸ਼ਮਸ਼ਾਨਘਾਟ 'ਚ ਲੈ ਗਿਆ ਜਿੱਥੇ ਮੈਂ ਜਾ ਕੇ ਧਾਹੋ-ਧਾਹੀ ਰੋ ਪਿਆ। ਕਈ ਘੰਟੇ ਇਕੱਲਾ ਰੋਂਦਾ ਰਿਹਾ। ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਇਕ ਬਦਮਾਸ਼ ਨੂੰ ਅਪਨਾਉਣਾ ਸਮਾਜ ਲਈ ਕਿੰਨ੍ਹਾ ਮੁਸ਼ਕਲ ਹੈ। ਮੇਰੀ ਹਾਲਤ ਉਸ ਪੰਛੀ ਵਰਗੀ ਸੀ ਜਿਸ ਦੇ ਕੁਝ ਦਿਨ ਪਹਿਲਾਂ ਆਏ ਖੰਭ ਕੁਤਰ ਦਿੱਤੇ ਗਏ ਹੋਣ। ਪ੍ਰਵਾਜ਼ ਦੇ ਇਰਾਦੇ ਹੁਣ ਕੱਟੇ ਹੋਏ ਰੁੱਖ ਵਾਂਗ ਮੂਧੇ ਮੂੰਹ ਪਏ ਸਨ।
ਸ਼ਾਮ ਹੋਈ ਤਾਂ ਮੈਂ ਪਿੰਡ ਆ ਗਿਆ। ਵਾਪਸ ਘਰ ਨੂੰ ਜਾਂਦਿਆਂ ਸੋਚ ਰਿਹਾ ਸੀ ਕਿ ਕਿਉਂ ਨਾ ਅੱਜ ਦੱਬ ਕੇ ਸ਼ਰਾਬ ਪੀਤੀ ਜਾਵੇ ਪਰ ਫੇਰ ਅਗਲੇ ਪਲ ਮਨ ਨੂੰ ਸਮਝਾਇਆ ਕਿ ਦੁਨੀਆਂ ਦੀ ਠੋਕਰ ਤੋਂ ਦੁਖੀ ਹੋਣ ਵਾਲੇ ਸਦਾ ਉਸ ਦੇ ਪੈਰ ਦੀ ਜੁੱਤੀ ਹੀ ਰਹਿੰਦੇ ਹਨ ਪਰ ਮੈਂ ਉਨ੍ਹਾਂ 'ਚੋਂ ਨਹੀਂ ਹਾਂ। ਮੈਂ ਮਨ ਸਮਝਾਇਆ ਕਿ "ਤੂੰ ਨਹੀਂ ਤੋਂ ਕਈ ਔਰ, ਕੋਈ ਔਰ ਨਹੀਂ ਤੋ ਕੋਈ ਔਰ ਸਹੀ"। ਅਗਲੇ ਦਿਨ ਮੈਂ ਫੇਸਬੁੱਕ ਮਿੱਤਰ ਤੇ ਮਸ਼ਹੂਰ ਪੱਤਰਕਾਰ ਘੁਣਤਰੀ ਜਗਸੀਰ ਸਿੰਘ ਸੰਧੂ ਨਾਲ ਗੱਲ ਕੀਤੀ। ਉਨ੍ਹਾਂ ਨੇ ਲੁਧਿਆਣੇ ਤੋਂ ਛਪਦੇ ਅਖ਼ਬਾਰ ਦੇ ਸੰਪਾਦਕ ਨਾਲ ਗੱਲ ਕਰਨ ਲਈ ਕਿਹਾ। ਮੈਂ ਨੰਬਰ ਲੈ ਕੇ ਸੰਪਾਦਕ ਨਾਲ ਗੱਲ ਕੀਤੀ। ਸਾਰੀ ਗੱਲ ਮੈਂ ਪਹਿਲਾਂ ਹੀ ਸੁਣਾ ਦਿੱਤੀ ਕਿ ਮੈਂ ਕੌਣ ਹਾਂ। ਇਹ ਵੀ ਭਰੋਸਾ ਦਿੱਤਾ ਕਿ ਹੁਣ ਮੈਂ ਉਹ ਨਹੀਂ ਰਿਹਾ ਮੈਨੂੰ ਇਕ ਮੌਕਾ ਦਿਉ। ਉਹ ਮੰਨ ਗਏ ਤੇ ਮੈਨੂੰ ਅਗਲੇ ਦਿਨ ਬਠਿੰਡਾ ਵਿਖੇ ਉਨ੍ਹਾਂ ਦੇ ਦਫ਼ਤਰ 'ਚ ਹਾਜ਼ਰ ਹੋਣ ਲਈ ਕਿਹਾ ਤੇ ਨਾਲ ਬਠਿੰਡਾ ਦੇ ਦਫ਼ਤਰ ਦੇ ਪੱਤਰਕਾਰ ਦਾ ਨੰਬਰ ਵੀ ਦੇ ਦਿੱਤਾ। ਮੈਂ ਫੋਨ ਕੀਤਾ ਤਾਂ ਉਸ ਪੱਤਰਕਾਰ ਨੇ ਕਿਹਾ ਕਿ ਅਖ਼ਬਾਰ ਦੀ ਸ਼ਰਤ ਇਹ ਹੈ ਕਿ ਪਹਿਲਾਂ ਸਾਲ ਲਈ ਅਖ਼ਬਾਰ ਦੀਆਂ 20 ਕਾਪੀਆਂ ਦੀ ਰਾਸ਼ੀ ਜਮ੍ਹਾਂ ਕਰਵਾਈ ਜਾਵੇ । ਇਹ ਦਸ ਹਜ਼ਾਰ ਰੁਪਿਆ ਬਣਦੀ ਸੀ। ਮੈਂ ਹਾਂ ਕਰ ਦਿੱਤੀ ਪਰ ਨਾਲ ਹੀ ਫ਼ਿਕਰ ਦਾ ਪਿੱਸੂ ਖਾਣ ਲੱਗ ਪਿਆ ਕਿ ਐਨੇ ਪੈਸੇ ਕਿਸ ਤੋਂ ਲਵਾਂ? ਆਖ਼ਰ ਘਰ ਆਇਆ ਤੇ ਆ ਕੇ ਮਾਂ ਨੂੰ ਕਿਹਾ “ਬੀਬੀ! ਅਖ਼ਬਾਰ ਵਾਲਿਆਂ ਹਾਂ ਕਰ ਦਿੱਤੀ ਐ। ਬੱਸ ਆਖਰੀ ਵਾਰ 12 ਹਜ਼ਾਰ ਦੇ ਦੇ। ਇਸ ਤੋਂ ਬਾਅਦ ਕਦੇ ਪੈਸੇ ਨਹੀਂ ਮੰਗਦਾ ਭਾਵੇਂ ਕਫ਼ਨ ਵੀ ਨਾ ਪਾਈਂ ਪਰ ਐਤਕੀਂ ਫਸੀ ਕੱਢਦੇ" ਮਾਂ ਨੇ ਜੁਆਬ ਦਿੱਤਾ "ਤੈਨੂੰ ਦੇ ਦੇ ਕੇ ਤਾਂ ਅੱਜ ਹਾਲ ਇਹ ਹੋਇਆ ਕਿ ਦੇਣ ਲਈ ਬਚਿਆ ਈ ਕੁਝ ਨਹੀਂ। ਇੰਝ ਕਰ ਆਹ
ਕੰਨਾਂ ਦੀਆਂ ਵਾਲੀਆਂ ਬਚੀਆਂ ਨੇ ਇਹ ਵੇਚ ਕੇ ਪੱਤਰਕਾਰ ਬਣ ਜਾ।" ਮੇਰੀ ਭੁੱਬ ਨਿਕਲ ਗਈ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਮੈਂ ਵਾਲੀਆਂ ਵੇਚ ਕੇ 13 ਹਜ਼ਾਰ ਲਿਆ ਤੇ ਜਾ ਅਖ਼ਬਾਰ ਦੀ ਪੱਤਰਕਾਰੀ ਹਾਸਲ ਕੀਤੀ।
ਮੈਨੂੰ ਲੰਬੀ ਤੋਂ ਪੱਤਰਕਾਰ ਨਿਯੁਕਤ ਕੀਤਾ ਗਿਆ। ਲੰਬੀ ਦਾ ਮੇਰੇ ਪਿੰਡ ਤੋਂ ਆਉਣ-ਜਾਣ 80 ਕਿਲੋਮੀਟਰ ਬਣਦਾ ਸੀ। ਮੇਰਾ ਯਾਮ੍ਹਾ ਤੇਲ ਦੇ ਵੀ ਫੱਕੇ ਮਾਰਦਾ ਸੀ। ਕਈ ਵਾਰ ਮੈਂ ਯਾਰਾਂ-ਦੋਸਤਾਂ ਤੋਂ ਤੇਲ ਜੋਗੇ ਫੜ੍ਹਦਾ ਤੇ ਕਦੇ ਘਰੋਂ ਵੀਹ-ਪੰਜਾਹ ਲੈਂਦਾ। ਲੰਬੀ ਮੈਂ ਸੋਨੂੰ ਸ਼ਰਮਾ ਕੋਲ ਬਹਿਣ ਲੱਗ ਪਿਆ ਜੋ ਆਪ ਵੀ ਪੱਤਰਕਾਰ ਸੀ ਪਰ ਦੂਜੇ ਪੱਤਰਕਾਰਾਂ 'ਚੋਂ ਇਕ-ਦੋ ਮੈਨੂੰ ਦਾਲ 'ਚ ਕੋਕੜੂ ਜਿਹਾ ਸਮਝਦੇ। ਕਈਆਂ ਨੇ ਡੀ.ਪੀ.ਆਰ.ਓ. ਦਫਤਰ 'ਚ ਵੀ ਉਗਲਾਂ ਲਾਈਆਂ ਕਿ ਇਹ ਜਰਾਇਮ ਪੇਸ਼ਾ ਬੰਦਾ ਹੈ ਇਸ ਦਾ ਪੀਲਾ ਕਾਰਡ ਨਾ ਬਣਾਇਆ ਜਾਵੇ। ਇੱਕ ਪੱਤਰਕਾਰ ਨੇ ਤਾਂ ਮੇਰੀ ਤਲਾਸ਼ੀ ਹੀ ਕਰਵਾ ਦਿੱਤੀ ਪੁਲਸ ਵਾਲਿਆਂ ਤੋਂ। ਉਸ ਬਦਬਖ਼ਤ ਨੇ ਪੁਲਸ ਨੂੰ ਕਿਹਾ ਕਿ ਮੈਂ ਭੁੱਕੀ ਲਿਆ ਰਿਹਾ ਹਾਂ ਜਦਕਿ ਮੈਂ ਤੇ ਸਾਥੀ ਪੱਤਰਕਾਰ ਇੱਕ ਖੇਡ ਮੇਲੇ ਦੀ ਕਵਰੇਜ਼ ਕਰਕੇ ਪਰਤ ਰਹੇ ਸੀ। ਹਮਕਿੱਤਾ ਸਾਥੀਆਂ 'ਚੋਂ ਕੁਝ ਕੁ ਨੂੰ ਛੱਡ ਕੇ ਬਾਕੀਆਂ ਨੇ ਕਦੇ ਵੀ ਮੇਰਾ ਚੰਗਾ ਨਹੀਂ ਸੀ ਚਾਹਿਆ। ਲਖਵਿੰਦਰ ਬਰਾੜ, ਲੱਖਾ ਸ਼ਰਮਾ ਅਤੇ ਸੋਨੂੰ ਸ਼ਰਮਾ ਵਰਗੇ ਪੱਤਰਕਾਰਾਂ ਨੇ ਸਾਥ ਵੀ ਭਰਪੂਰ ਦਿੱਤਾ। ਮੇਰੇ ਅਤੀਤ ਨੂੰ ਲੈ ਕੇ ਸਾਥੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਪਰ ਮੈਂ ਇਨ੍ਹਾਂ ਗੱਲਾਂ ਤੋਂ ਬੇਪ੍ਰਵਾਹ ਆਪਣੇ ਕੰਮ 'ਚ ਲੱਗਾ ਰਹਿੰਦਾ। ਮੈਂ ਨਿੱਤ ਕੋਈ ਨਾ ਕੋਈ ਸਟੋਰੀ ਤਿਆਰ ਕਰਕੇ ਭੇਜਦਾ ਜੋ ਅਖ਼ਬਾਰ 'ਚ ਪ੍ਰਕਾਸ਼ਿਤ ਹੋਈ ਹੁੰਦੀ। ਮੈਂ ਆਪਣੀਆਂ ਸਟੋਰੀਆਂ 'ਚ ਜਿੱਥੇ ਬੇਬਾਕੀ ਭਰਦਾ ਉੱਥੇ ਉਨ੍ਹਾਂ ਨੂੰ ਕਾਵਿ-ਰੰਗ 'ਚ ਵੀ ਰੰਗਦਾ। ਇਹ ਵੰਨਗੀ ਲੋਕਾਂ ਨੂੰ ਖੂਬ ਪਸੰਦ ਆਉਣ ਲੱਗੀ। ਮੈਂ ਇਹ ਸਟੋਰੀਆਂ ਫੇਸਬੁੱਕ 'ਤੇ ਵੀ ਪਾ ਦਿੰਦਾ। ਦਿਨਾਂ 'ਚ ਮੇਰੇ ਪਾਠਕਾਂ ਦੀ ਗਿਣਤੀ ਵੱਧਣ ਲੱਗੀ ਪਰ ਨਾਲ ਹੀ ਵੱਧਣ ਲੱਗੀ ਇਸ ਅਖ਼ਬਾਰ ਦੇ ਸੀਨੀਅਰ ਪੱਤਰਕਾਰਾਂ ਦੀ ਸਾੜਤਾ। ਇੰਨ੍ਹਾਂ 'ਚੋਂ ਇਕ ਮਲੋਟ ਦਾ ਸੀ ਤੇ ਦੂਜਾ ਬਠਿੰਡੇ ਵਾਲਾ ਉਹੀ ਜਿਸ ਨੂੰ ਮੈਂ ਸਕਿਉਰਟੀ ਜਮ੍ਹਾਂ ਕਰਵਾ ਕੇ ਆਇਆ ਸੀ। ਇਹ ਦੋਵੇਂ ਆਪਸ 'ਚ ਸਾਜਬਾਜ ਸਨ ਹਾਲਾਂਕਿ ਮੈਂ ਦਿਲੋਂ ਇੱਜ਼ਤ ਕਰਦਾ ਸੀ ਦੋਵਾਂ ਦੀ। ਮਲੋਟ ਵਾਲੇ ਪੱਤਰਕਾਰ ਦੇ ਦਫ਼ਤਰ ਦੇ ਉਦਘਾਟਨ ਮੌਕੇ ਤਾਂ ਦੋ ਸਾਲ ਬਾਅਦ ਪੀਤੀ ਸ਼ਰਾਬ ਕਾਰਨ ਮੇਰਾ ਐਕਸੀਡੈਂਟ ਵੀ ਹੋ ਗਿਆ, ਜੀਹਦੇ 'ਚ ਮੇਰੇ ਚਾਰ ਦੰਦ ਟੁੱਟ ਗਏ ਤੇ ਸਿਰ 'ਚ ਗੰਭੀਰ ਸੱਟਾਂ ਆਈਆ। ਮੈਂ ਫੇਰ ਵੀ ਇਨ੍ਹਾਂ ਦੀ ਖੁਸ਼ਾਮਦ ਕਰਨ 'ਚ ਲੱਗਾ ਰਹਿੰਦਾ ਪਰ ਜਦੋਂ ਸਾਜਿਸ਼ਾਂ ਅਤੇ ਸਾੜੇ ਹੱਦੋਂ ਵੱਧ ਗਏ ਤਾਂ ਮੈਂ ਇਸ ਅਖ਼ਬਾਰ ਨੂੰ ਅਲਵਿਦਾ ਆਖ ਦਿੱਤਾ ਪਰ ਉਦੋਂ ਤੱਕ ਮੈਂ ਸਥਾਪਿਤ ਪੱਤਰਕਾਰ ਬਣ ਚੁੱਕਿਆ ਸੀ ਤੇ ਯੂਥ ਆਈਕੌਨ ਐਵਾਰਡ ਵੀ ਮੇਰੀ ਝੋਲੀ ਪੈ ਚੁੱਕਾ ਸੀ।
ਤਕਦੀਰਾਂ ਦੇ ਸੂਰਜ
ਅਖ਼ਬਾਰ ਬਦਲਦਿਆਂ ਮੇਰੀ ਤਕਦੀਰ ਵੀ ਬਦਲਣ ਲੱਗੀ। ਸਾਲ 2013 'ਚ ਮੈਂ 'ਨਵਾਂ ਜ਼ਮਾਨਾ' ਅਖ਼ਬਾਰ ਨਾਲ ਜੁੜ ਗਿਆ। ਇੱਥੇ ਮੈਂ ਅਜਾਦਨਾ ਲਿਖ ਸਕਦਾ ਸਾਂ ਜਦਕਿ ਪਹਿਲਾ ਅਖਬਾਰ ਸਿਰਫ਼ ਇੱਕ ਫ਼ਿਰਕੇ ਦੇ ਹੱਕਾਂ ਦੀ ਗੱਲ ਕਰਦਾ ਸੀ। ਮੇਰੀ ਸੋਚ ਵਿੱਚ ਪੱਤਰਕਾਰ ਉਹ ਹੈ ਜੋ ਸੋਚ ਦੀ ਗੱਲ ਕਰੋ ਨਾ ਕਿ ਕਿਸੇ ਵਿਸ਼ੇਸ਼ ਫ਼ਿਰਕੇ ਜਾਂ ਪਾਰਟੀ ਦੀ। ਮੈਂ ਖ਼ਬਰਾਂ ਦੇ ਨਾਲ ਆਰਟੀਕਲ ਤਾਂ ਲਿਖਦਾ ਹੀ ਸੀ ਹੁਣ ਮੈਂ ਕਹਾਣੀਆਂ, ਮਿੰਨੀ ਕਹਾਣੀਆਂ, ਵਿਅੰਗ, ਗੀਤ, ਕਾਲਮ, ਕਵਿਤਾਵਾਂ ਆਦਿ ਵੀ ਲਿਖਣੇ ਸ਼ੁਰੂ ਕਰ ਦਿੱਤੇ ਜੋ ਦੇਸ਼-ਵਿਦੇਸ਼ਾਂ ਦੇ ਅਖ਼ਬਾਰਾਂ- ਮੈਗਜ਼ੀਨਾਂ 'ਚ ਛਪਦੇ ਪਰ ਮੈਂ ਜੋ ਵੀ ਲਿਖਦਾ ਉਹ ਲੋਕ-ਪੱਖੀ ਲਿਖਣ ਦੀ ਹੀ ਕੋਸ਼ਿਸ਼ ਕਰਦਾ। ਨਿਰਪੱਖਤਾ ਨੂੰ ਮੈਂ ਪੱਤਰਕਾਰੀ 'ਚ ਹਥਿਆਰ ਬਣਾਇਆ ਤੇ ਸੋਧ ਨੂੰ ਸਾਹਿਤਕ ਲਿਖਤਾਂ ਲਈ ਟੀਚਾ ਰੱਖਿਆ। ਮੈਂ ਘਟਨਾਵਾਂ, ਖ਼ਬਰਾਂ ਅਤੇ ਹੋਰ ਸਮਾਜਿਕ ਮੁੱਦਿਆਂ ਨੂੰ ਫੇਸਬੁੱਕ ਸਟੇਟਸਾਂ ਦੇ ਰੂਪ 'ਚ ਲਿਖਣਾ ਸ਼ੁਰੂ ਕੀਤਾ ਜੋ ਬੇਹੱਦ ਸਫਲ ਤਜਰਬਾ ਰਿਹਾ। ਇਸ ਤੋਂ ਇਲਾਵਾ 2014 ਦੀ ਵਿਸਾਖੀ ਤੋਂ 'ਪੰਜਾਬ ਟਾਈਮਜ਼' ਲਈ ਮੇਰਾ ਰੋਜ਼ਾਨਾ ਕਾਲਮ ਸ਼ੁਰੂ ਹੋਇਆ ਜੋ ਕੁਝ ਹਫ਼ਤਿਆਂ 'ਚ ਹੀ ਸੱਚ ਦਾ ਹੋਕਾ ਬਣ ਗਿਆ। ਇਸ ਤੋਂ ਪਹਿਲਾਂ ਮੈਂ ਕੁਝ ਰੇਡੀਓ ਨਾਲ ਜੁੜ ਚੁੱਕਾ ਸੀ। ਹੁਣ ਲੋਕ ਹਜ਼ਾਰਾਂ ਦੀ ਗਿਣਤੀ 'ਚ ਮੇਰੇ ਨਾਲ ਜੁੜਨੇ ਸ਼ੁਰੂ ਹੋ ਗਏ। ਫੇਸਬੁੱਕ 'ਤੇ ਤਾਂ ਮੇਰੇ ਮਿੱਤਰਾਂ ਦਾ ਭੂਚਾਲ ਆ ਗਿਆ। ਹਰ ਵਰਗ ਤੇ ਵਿਚਾਰਧਾਰਾ ਦਾ ਮੈਨੂੰ ਚਾਹੁੰਣ ਵਾਲਾ ਮਿਲਿਆ। ਇਨ੍ਹਾਂ 'ਚੋਂ ਇਕ ਉਹ ਵੀ ਸੀ ਜਿਸ ਨਾਲ ਮੇਰਾ 'ਬੈਂਡ' ਵੱਜਿਆ ਯਾਨੀ ਵਿਆਹ ਹੋਇਆ।
ਕਹਿੰਦੇ ਨੇ ਜੋੜੀਆਂ ਅਸਮਾਨ 'ਚ ਬਣਦੀਆਂ ਹਨ ਪਰ ਅੱਜਕੱਲ੍ਹ ਜੋੜੀਆਂ ਫੇਸਬੁੱਕ 'ਤੇ ਵੀ ਬਣਦੀਆਂ ਹਨ। ਸਾਡੀ ਜੋੜੀ ਵੀ ਫੇਸਬੁੱਕ 'ਤੇ ਬਣੀ। ਮਤਲਬ ਫੇਸਬੁੱਕ ਨੇ 35 ਸਾਲ ਦੀ ਉਮਰ 'ਚ ਛੜੇ ਤੋਂ ਮੈਨੂੰ 'ਘਰਵਾਲਾ' ਬਣਾ ਦਿੱਤਾ। ਨਹੀਂ ਤਾਂ ਉਮੀਦ ਮਿੱਤਰਾਂ ਨੇ ਵੀ ਲਾਹੀ ਹੋਈ ਸੀ ਤੇ ਮੇਰੇ ਪਿੰਡ ਨੇ ਵੀ ਕਿ ਕਦੇ ਨਹੀਂ ਵੱਜੇਗਾ ਮੇਰਾ ਬੈਂਡ। ਫੇਸਬੁੱਕ 'ਤੇ ਹੀ ਮੇਰੀ ਮੁਲਾਕਾਤ ਮਨਦੀਪ (ਪਤਨੀ) ਨਾਲ ਹੋਈ। ਗੱਲਾਂ ਦੋਸਤੀ 'ਚ ਬਦਲੀਆਂ ਤੇ ਦੋਸਤੀ ਪਿਆਰ 'ਚ। ਕੁਝ ਦਿਨਾਂ ਬਾਅਦ ਹੀ ਫੈਸਲਾ ਕਰ ਲਿਆ ਕੇ ਵਿਆਹ ਦਾ ਪੇੜਾ ਵੇਲ ਧਰੀਏ। ਮਨਦੀਪ ਨੇ ਘਰ 'ਚ ਕਿਸੇ ਤਰੀਕੇ ਗੱਲ ਚਲਾਈ ਤੇ ਗੱਲ ਵੇਖਾ-ਵਖਾਈ ਤੱਕ ਆ ਗਈ। 26 ਨਵੰਬਰ 2012 ਨੂੰ ਪਟਿਆਲਾ ਵਿਖੇ ਠਾਕਾ ਲੱਗ ਗਿਆ। 20 ਮਾਰਚ 2013 ਨੂੰ ਸਾਡੀ ਮੰਗਣੀ ਹੋ ਗਈ ਤੇ 15 ਦਸੰਬਰ ਨੂੰ ਵਿਆਹ ਦਾ 'ਫਾਈਨਲ' ਪੱਕਾ ਹੋ ਗਿਆ। ਪਤਾ ਹੀ ਨਹੀਂ ਲੱਗਾ ਕਦੋਂ ਦਸੰਬਰ ਆ ਗਿਆ। ਮੈਂ ਬਰਾਤ 'ਚ ਪੰਜ ਬੰਦੇ ਲਿਜਾਣਾ ਚਾਹੁੰਦਾ ਸੀ ਪਰ ਬੇਬੇ ਅੜ ਗਈ। ਕਹਿੰਦੀ "ਮੈਂ ਤਾਂ ਆਵਦਾ ਕੋੜਮਾ ਲਿਜਾਣਾ ਏਂ ਸੁੱਖ ਨਾਲ ਮਸਾਂ ਤਾਂ ਪੁੱਤ ਦਾ ਵਿਆਹ ਹੋਣ ਲੱਗਿਆ ਏ।" ਲਓ ਜੀ
ਕਲਾਪੀ ਜਿੰਦ ਨੇ ਬਰਾਤ ਤੋਂ ਕੁਝ ਘੰਟੇ ਪਹਿਲਾਂ ਗੱਡੀਆਂ ਦਾ ਪ੍ਰਬੰਧ ਕੀਤਾ। ਪਿਉ ਸਿਰ 'ਤੇ ਨਹੀਂ ਸੀ ਤੇ ਭਰਾ ਨਸ਼ੇ ਨਾਲ ਰੱਜ ਕੇ ਪਿਆ ਸੀ । ਮੈਂ ਨਾਲ ਦੋ ਯਾਰ ਲਏ ਤੇ 15 ਦਸੰਬਰ ਦੀ ਸਵੇਰ ਨੂੰ ਲਾ ਕੇ ਸਿਹਰਾ ਠਿੱਲ ਪਿਆ ਚੰਡੀਗੜ੍ਹ ਨੂੰ। ਯਾਰਾਂ 'ਚੋਂ ਵੀ ਇੱਕ ਜੇਲ੍ਹ ਦਾ ਯਾਰ ਸੀ ਤੇ ਦੂਜਾ ਕੁਝ ਸਮਾਂ ਪਹਿਲਾਂ ਹੀ ਮਿਲਿਆ ਸੀ। ਜੰਞ ਚੜ੍ਹਨ ਤੋਂ ਪਹਿਲਾਂ ਅਸੀਂ ਤਿੰਨੋਂ ਜਣੇ ਪਿੰਡ 'ਚ ਮੇਰੇ ਦੋਸਤ ਦੇ ਚੁਬਾਰੇ 'ਚ ਇੱਕ ਵਜੇ ਸੁੱਤੇ ਤੇ ਢਾਈ ਕੁ ਵਜੇ ਉੱਠ ਖਲੋਤੇ ਕਿਉਂਕਿ ਜ਼ਿਆਦਾਤਰ ਕੰਮ ਮੈਂ ਖੁਦ ਹੀ ਕਰਨੇ ਸੀ। ਤੋੜ ਕੇ ਚੱਪਣੀਆਂ ਤੇ ਪੁਆ ਕੇ ਲੱਪ ਕੁ ਸੁਰਮਾ ਮੈਂ ਆਵਦੇ ਯਾਰ; ਤੋਰੜਾਂ ਵਾਲੇ ਕਰਨ ਜੈਲਦਾਰ ਦੀ ਇਨੋਵਾ 'ਚ ਪਟਵਾਰੀ ਬਣਕੇ ਬਹਿ ਗਿਆ। ਮਲੋਟ ਤੋਂ ਚੱਲ ਕੇ ਅਸੀਂ ਸਾਰੇ ਰਸਤੇ 'ਚ ਆਪਸ 'ਚ ਲੜਦੇ ਗਏ। ਪਟਿਆਲੇ ਤਾਂ ਸਾਨੂੰ ਪੁਲਸ ਆਲਿਆਂ ਨੇ ਘੇਰ ਲਿਆ ਕਿਉਂਕਿ ਕਰਨ ਨੇ ਰੋਡ ਲਾਈਟ ਜੰਪ ਕਰ ਦਿੱਤੀ। ਮੈਂ ਟਰੈਫਿਕ ਇੰਸਪੈਕਟਰ ਨੂੰ ਅਖਿਆ "ਭਰਾਵਾ! ਮਸਾਂ ਵਿਆਹ ਲੱਗਾ ਏ ਹੋਣ ਕਿਉਂ ਬੀਅ ਦਾ ਲੇਖਾ ਪਾਉਣ ਲੱਗਾ ਏ? ਬਖਸ਼ ਫ਼ਕੀਰਾਂ ਨੂੰ" ਉਹਨੇ ਹੱਸ ਕੇ ਸਾਨੂੰ ਤੋਰ ਦਿੱਤਾ। ਅਸੀਂ ਸਾਢੇ ਕੁ ਗਿਆਰਾਂ ਵਜੇ ਲਾਂਡਰਾ ਵਾਲੇ ਪਾਸਿਓਂ ਚੰਡੀਗੜ੍ਹ 'ਚ ਦਾਖਲ ਹੋ ਗਏ ਪਰ ਅੱਜ ਟ੍ਰੈਫਿਕ ਕੁਝ ਜ਼ਿਆਦਾ ਸੀ। ਅਸੀਂ ਸਮਝਿਆ ਅੱਜ ਮੇਰਾ ਵਿਆਹ ਹੈ ਸ਼ਾਇਦ ਏਸ ਕਰਕੇ ਲੋਕ ਜ਼ਿਆਦਾ ਚੰਡੀਗੜ੍ਹ ਆਏ ਹੋਣ ਪਰ ਜਿਵੇਂ-ਜਿਵੇਂ ਅਸੀਂ ਅੱਗੇ ਵੱਧ ਰਹੇ ਸਾਂ ਵਾਹਨ ਜ਼ਿਆਦਾ ਹੋਣ ਲੱਗੇ ਤੇ ਰਫ਼ਤਾਰ ਥੰਮਦੀ ਜਾ ਰਹੀ ਸੀ। ਕੀੜੀ ਦੀ ਰਫ਼ਤਾਰ ਤੁਰਦੇ ਵਾਹਨ ਖੜ੍ਹਨ ਲੱਗੇ। ਜਾਮ ਲੱਗਣੇ ਸ਼ੁਰੂ ਹੋ ਗਏ। ਪੰਦਰਾਂ ਮਿੰਟ ਜਾਮ ਤੋਂ ਬਾਅਦ ਮਾੜਾ ਜਿਹਾ ਗੱਡੀ ਤੁਰਦੀ ਫਿਰ ਜਾਮ ਲੱਗ ਜਾਂਦਾ। ਹੁਣ ਮੇਰੇ ਸਿਹਰਿਆਂ ਦੇ ਵਿੱਚ ਸਾਹ ਵੀ ਜਾਮ ਹੋ ਰਹੇ ਸਨ ਕਿ ਆਖਰ ਇਹ ਹੋ ਕੀ ਰਿਹਾ ਹੈ ? ਪਹਿਲਾਂ ਤਾਂ ਸਾਨੂੰ ਪਤਾ ਈ ਨਹੀਂ ਲੱਗਾ ਕਿ ਆਖਰ ਇਹ ਭਾਣਾ ਕੀ ਵਰਤਿਆ ਹੈ ਫੇਰ ਪਤਾ ਲੱਗਾ ਕਿ ਅੱਜ ਕਿਸੇ ਸਰਕਾਰੀ ਨੌਕਰੀ ਲਈ ਪ੍ਰੀਖਿਆ ਹੈ ਤੇ ਪੰਜਾਬ 'ਚੋਂ ਹਜ਼ਾਰਾਂ-ਲੱਖਾਂ ਦੀ ਤਾਦਾਦ 'ਚ ਉਮੀਦਵਾਰ ਆਏ ਹੋਏ ਹਨ। ਜਿਸ ਕਾਰਨ ਚੰਡੀਗੜ੍ਹ ਦੀ ਸਮੁੱਚੀ ਆਵਾਜਾਈ ਵਿਵਸਥਾ ਚਰਮਰਾ ਗਈ ਹੈ। ਦੋ ਘੰਟਿਆਂ 'ਚ ਅਸੀਂ ਸਿਰਫ ਲਾਂਡਰਾ ਤੋਂ ਮੋਹਾਲੀ ਪਹੁੰਚ ਸਕੇ ਪਰ ਉੱਥੇ ਵੀ ਹਾਲ ਬਦਤਰ ਸੀ। ਇੰਝ ਲੱਗ ਰਿਹਾ ਸੀ, ਜਿਵੇਂ ਭਾਰਤ ਦੀਆਂ ਸਾਰੀਆਂ ਮੋਟਰ-ਕਾਰਾਂ ਮੇਰਾ ਵਿਆਹ ਰੋਕਣ ਲਈ ਚੰਡੀਗੜ੍ਹ ਭੇਜ ਦਿੱਤੀਆਂ ਗਈਆਂ ਹੋਣ। ਮਨਦੀਪ ਵਾਰ-ਵਾਰ ਫੋਨ ਕਰੇ ਕਿ ਪੁੱਛੇ ਕਿ ਕਿੱਥੇ ਪੁੱਜ ਗਏ ਪਰ ਮੈਂ ਹਰ ਵਾਰ ਆਖਾਂ ਕਿ "ਜਗ੍ਹਾ ਦਾ ਤਾਂ ਪਤਾ ਨਹੀਂ ਹਾਂ ਜਿੱਥੇ ਖੜ੍ਹੇ ਆ ਬੱਸ ਅੜੇ ਹੋਏ ਆਂ ।" ਡੇਢ ਕੁ ਵਜੇ ਮੈਂ ਅੱਕ ਕੇ ਆਖ ਦਿੱਤਾ ਕਿ "ਲੱਗਦਾ ਹੈ ਕਿ ਸੁੱਕੇ ਹੀ ਮੁੜਨਾ ਪਉ।" ਉਹ ਵੀ ਮੇਰੇ ਵਾਂਗ ਘਬਰਾ ਗਈ। ਮੇਰੇ ਨਾਨਕੇ ਜ਼ੀਰਕਪੁਰ ਵੱਲ ਦੀ ਸੈਕਟਰ 43 ਦੇ ਹੋਟਲ 'ਦਿ ਗੋਰ' 'ਚ ਸਵੇਰ ਦੇ ਹੀ ਪੁੱਜੇ ਹੋਏ ਸਨ। ਅੰਤ ਢਾਈ ਕੁ ਵਜੇ ਅਸੀਂ 43 ਸੈਕਟਰ ਦੇ ਬੱਸ ਸਟੈਂਡ ਦੀ ਪਿਛਲੀ ਸੜਕ ਥਾਣੀ ਰਾਹ ਬਣਾ ਕੇ ਨਿਕਲ ਗਏ ਪਰ ਹੋਟਲ 'ਚ ਪਹੁੰਚਦਿਆਂ ਸਾਢੇ ਤਿੰਨ ਵੱਜ ਚੁੱਕੇ ਸਨ। ਗੱਡੀ 'ਤੇ ਲੱਗੇ ਫੁੱਲ ਵਿਚਾਰੇ ਰਾਹ 'ਚ ਹੀ ਕੁਮਲਾ ਚੁੱਕੇ ਸਨ। ਪਾਣੀ-ਧਾਣੀ ਪੀਤਾ ਤੇ ਕਾਹਲੀ-ਕਾਹਲੀ 'ਚ ਰੀਬਨ ਦੀ ਖ਼ਲਾਸੀ ਕੀਤੀ। ਲਾਵਾਂ ਲੈਂਦਿਆਂ ਪੰਜ ਵੱਜ ਗਏ। ਸ਼ਗਨ ਪੈਂਦਿਆਂ ਹਨੇਰਾ ਹੋ ਗਿਆ । ਰੋਟੀ ਖਾਦਿਆਂ ਤਾਂ
ਤਾਰੇ ਚੜ੍ਹ ਪਏ। ਮੈਂ ਦੁਲਹਨ ਨੂੰ ਹੁੱਝਾਂ ਮਾਰਾਂ ਕਿ ਛੇਤੀ ਕਰ ਪਰ ਰਸਮਾਂ ਕਿੱਥੇ ਖਹਿੜਾ ਛੱਡਣ। ਤੁਰਦਿਆਂ ਸਾਢੇ ਅੱਠ ਹੋ ਗਏ। ਸਵੇਰ ਤਿੰਨ ਵਜੇ ਦਾ ਸ਼ੁਰੂ ਹੋਇਆ ਵਿਆਹ ਪੂਰਾ ਹੋਣ 'ਤੇ ਨਹੀਂ ਸੀ ਆ ਰਿਹਾ। ਆਉਂਦਿਆਂ ਵੀ ਟ੍ਰੈਫਿਕ ਦਾ ਉਹੀ ਹਾਲ ਸੀ। ਹੌਲੀ-ਹੌਲੀ ਕਰਕੇ ਅਸੀਂ ਰਾਜਪੁਰਾ ਰੋਡ 'ਤੇ ਪੈ ਗਏ ਪਰ ਜਿਵੇਂ ਹੀ ਦਸ ਕੁ ਵਜੇ ਪਟਿਆਲਾ ਟੱਪੇ ਧੁੰਦ ਡਿੱਗ ਪਈ। ਧੁੰਦ ਵੀ ਕੀ ਸੜਕ 'ਤੇ ਚਾਦਰ ਹੀ ਵਿਛ ਗਈ। ਸਾਡੇ ਤਾਂ ਹੋਸ਼ ਉੱਡ ਗਏ। ਬਾਕੀ ਬਰਾਤੀਆਂ ਨੇ ਤਾਂ ਰਜਾਈਆਂ ਵੀ ਜਾ ਮੱਲੀਆਂ ਸਨ । ਇਨੋਵਾ ਕਾਰ ਰਿਕਸ਼ੇ ਦੀ ਚਾਲੇ ਚੱਲ ਰਹੀ ਸੀ। ਕਰਨ ਜੈਲਦਾਰ ਆਪਣੇ ਦਾਜ 'ਚ ਮਿਲੀ ਇਨੋਵਾ ਕਾਰ ਤੇ ਨਵੀਂ ਭਾਬੀ ਦੀ ਸੁਰੱਖਿਆ ਲਈ ਧੌਣ ਬਾਹਰ ਕੱਢਕੇ ਗੱਡੀ ਚਲਾ ਰਿਹਾ ਸੀ। ਠੰਢ ਨਾਲ ਸਾਡਾ ਦੰਦੋੜਿੱਕਾ ਵੱਜ ਰਿਹਾ ਸੀ। ਪਿੱਛੇ ਇੱਕ ਅਟੈਚੀ 'ਚੋਂ ਕੰਬਲ ਕੱਢ ਲਿਆ ਪਰ ਪੰਜ ਜਣਿਆਂ ਨੂੰ ਕੰਬਲ ਊਠ ਦੇ ਮੂੰਹ 'ਚ ਜੀਰਾ ਸੀ । ਵਾਟ ਮੁੱਕ ਨਹੀਂ ਸੀ ਰਹੀ। ਕੀੜੀ ਦੀ ਚਾਲੇ ਅਸੀਂ ਸਵੇਰੇ ਢਾਈ ਵਜੇ ਧਨੌਲੇ ਵਾਲੇ ਦੀਪਕ ਦੇ ਢਾਬੇ 'ਤੇ ਅੱਪੜੇ। ਸੁਖ ਦਾ ਸਾਹ ਲਿਆ। ਚਾਹ-ਪੀਣ ਪੀਤਾ। ਸਾਡੇ ਕੋਲ ਤਾਂ ਪੈਸਿਆਂ ਦੀ ਵੀ ਹੁਣ ਰਹਿੰਦ-ਖੂੰਹਦ ਬਚੀ ਸੀ । ਛੇ ਵਜੇ ਅਸੀਂ ਫਿਰ ਤੁਰ ਪਏ ਪਰ ਧੁੰਦ ਆਖ ਰਹੀ ਸੀ ਕਿ ਬੱਚੂ। ਬੱਚ ਕੇ ਜਾਓਗੇ ਕਿੱਥੇ ? ਬਠਿੰਡੇ ਨੇੜੇ ਆ ਕੇ ਪਿੱਛੇ ਆ ਰਹੀ ਸਾਲਾ ਸਾਬ੍ਹ ਦੀ ਗੱਡੀ ਨੂੰ ਗਲਤ ਸਾਈਡ ਤੋਂ ਆ ਰਹੇ ਕੈਂਟਰ ਨੇ ਠੋਕ ਦਿੱਤਾ। ਅਸੀਂ ਫੇਰ ਪੰਦਰਾਂ ਕਿਲੋਮੀਟਰ ਪਿੱਛੇ ਆਏ ਤੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾਇਆ। ਗਿਆਰਾਂ ਕੁ ਵਜੇ ਧੁੰਦ ਥੋੜ੍ਹਾ ਜਿਹਾ ਰਾਹ ਦਿੱਤਾ। ਪਿੰਡ ਦੀ ਜੂਹ 'ਚ ਪੈਰ ਧਰਿਆ ਤਾਂ ਇੰਝ ਲੱਗਾ ਜਿਵੇਂ ਸਾਰੀ ਰਾਤ ਹਵਾਲਾਤ 'ਚ ਕੁੱਟਣ ਤੋਂ ਬਾਅਦ ਥਾਣੇਦਾਰ ਨੇ ਆਪ ਕੈਂਟਰ 'ਚ ਬਿਠਾ ਕੇ ਪਿੰਡ ਆ ਛੱਡਿਆ ਹੋਵੇ। ਦੁਪਿਹਰ ਬਾਰਾਂ ਵਜੇ ਦੇ ਕਰੀਬ ਪਾਣੀ ਵਾਰਿਆ ਗਿਆ। ਮੈਂ ਆਪਣੇ ਵਿਆਹ ਮੌਕੇ ਰਾਜਾ ਅਤੇ ਮਹਾਂਬੀਰ ਨੂੰ ਬੜਾ ਯਾਦ ਕੀਤਾ ਜੋ ਦੋਵੇਂ ਭਰਾ ਕੁਝ ਮਹੀਨਿਆਂ ਦੇ ਵਕਫ਼ੇ 'ਚ ਸਾਲ 2012-13 'ਚ ਫ਼ੌਤ ਹੋ ਗਏ। ਉਹ ਦੁਨੀਆ ਲਈ ਬਦਮਾਸ਼ ਪਰ ਮੇਰੇ ਲਈ ਦੇਵਤਾ ਸਨ ਕਿਉਂਕਿ ਉਨ੍ਹਾਂ ਉਸ ਵੇਲੇ ਸਹਾਰਾ ਤੇ ਪਿਆਰ ਦਿੱਤਾ ਜਦੋਂ ਪਰਛਾਵਾਂ ਵੀ ਮੇਰਾ ਸਾਥ ਛੱਡ ਗਿਆ ਸੀ।
ਕਾਲੇ ਖੂਹ ਤੋਂ ਸੰਦਲੀ ਜੂਹ ਤੱਕ
ਕੱਲ੍ਹ ਨਾਂਅ ਕਾਲ ਦਾ ਹੈ। ਪਤਾ ਨਹੀਂ ਕੀ ਹੋ ਜਾਣੈਂ ਪਰ ਅੱਜ ਦੀ ਘੜੀ ਮੈਂ ਖੁਦ ਨੂੰ ਆਖ ਸਕਦਾ ਹਾਂ ਕਿ ਮੈਂ ਦਲਦਲ 'ਚੋਂ ਨਿਕਲ ਕੇ ਹਿਮਾਲਿਆ ਦੇ ਸਿਖ਼ਰ ਤੱਕ ਦਾ ਸਫ਼ਰ ਸਫ਼ਲਤਾਪੂਰਵਕ ਤੈਅ ਕਰ ਲਿਆ। ਇਹ ਨਹੀਂ ਹੈ ਕਿ ਇਸ ਲਈ ਮੈਂ ਰਾਤੋ-ਰਾਤ ਸੁਧਰ ਗਿਆ। ਨਸ਼ਾ ਮੈਂ ਛੱਡ ਦਿੱਤਾ ਪਰ ਕ੍ਰੋਧ ਵਾਲਾ ਲਾਵਾ ਫੁੱਟਣੋਂ ਨਹੀਂ ਸੀ ਹੱਟਦਾ। ਮੈਂ ਆਪਣੇ ਅੰਦਰ ਦੇ ਕ੍ਰੋਧ 'ਤੇ ਵੀ ਕਾਬੂ ਪਾਉਣਾ ਸਿੱਖਿਆ। ਅੱਜ ਜਦੋਂ ਮੈਨੂੰ ਕੋਈ ਗ਼ਲਤ ਵੀ ਬੋਲਦਾ ਹੈ ਤਾਂ ਮੈਂ ਖੁਦ ਨੂੰ ਸਮਝਾਉਂਦਾ ਹਾਂ ਕਿ ਮੈਂ ਪੱਥਰ ਵੱਟੇ ਪੱਥਰ ਨਹੀਂ ਮਾਰਨਾ ਕਿਉਂਕਿ ਪੱਥਰ ਖੂਨ ਕੱਢੇਗਾ। ਮੈਂ ਪੱਥਰ ਵੱਟੇ ਫੁੱਲ ਮਾਰਦਾ ਹਾਂ। ਮੈਨੂੰ ਜੇ ਕੋਈ ਆਖੇ ਫ਼ਲਾਣਾ ਤੇਰੀ ਬੁਰਾਈ ਕਰ ਰਿਹਾ ਹੈ ਤਾਂ ਮੈਂ ਆਖਦਾ ਹਾਂ ਕਿ ਸ਼ਾਇਦ ਮੇਰੀ ਪਾਤਰਤਾ ਹੀ ਇਹ ਹੈ ਪਰ ਮੈਂ ਬੁਰਾਈ ਕਰਨ ਵਾਲੇ ਨਾਲ ਝਗੜਾਂ ਜਾਂ ਉਸ ਦੀ ਬੁਰਾਈ ਕਰਕੇ ਬਦਲਾ ਲਵਾਂ ਇਹ ਮੇਰੀ ਹੈਸੀਅਤ ਅਤੇ ਅਸੂਲ ਦੇ ਮੁਖਾਲਫ਼ ਹੈ। ਇਹ ਤਬਦੀਲੀ ਸੋਚ ਵਿੱਚ ਆਈ ਸਰੀਰ ਤਾਂ ਅੱਜ ਵੀ ਮੇਰਾ 1995 ਵਾਲਾ ਹੀ ਹੈ। ਇਹ ਨਹੀਂ ਕਿ ਤਬਦੀਲੀ ਅਚਾਨਕ ਜ਼ਹਿਨੀਅਤ 'ਚ ਸਰਾਬਰ ਹੋਈ। ਇਸ ਲਈ ਸਫ਼ਰ ਕੀਤਾ। ਇੱਕ ਇੱਕ ਕਰਕੇ ਆਦਤ ਛੱਡੀ ਇੱਕ ਇੱਕ ਕਰਕੇ ਬੁਰਾਈ ਮੁਕਾਈ। ਮੈਂ ਸਭ ਕੁਝ ਛੱਡ ਦਿੱਤਾ ਪਰ ਦੋ ਚੀਜ਼ਾਂ ਨਹੀਂ ਸੀ ਛੁੱਟ ਰਹੀਆਂ। ਇਕ ਫੇਸਬੁੱਕ ਚੈਟ ਤੇ ਦੂਜਾ ਭੁੱਕੀ ਦਾ ਚਮਚਾ ਫੇਸਬੁੱਕ ਚੈਟ ਤਾਂ ਮੈਂ ਵਿਆਹ ਤੋਂ ਬਾਅਦ ਵੀ ਕਰਦਾ ਸੀ। ਕੁਝ ਮਹਿਲਾਵਾਂ ਨਾਲ ਤਾਂ ਇਸ਼ਕ ਮਜਾਜੀ ਵੀ ਚੱਲਿਆ ਪਰ ਜਿਵੇਂ-ਜਿਵੇਂ ਲੋਕਾਂ ਦਾ ਮੇਰੇ 'ਤੇ ਭਰੋਸਾ ਵੱਧਦਾ ਗਿਆ ਮੈਂ ਇਨ੍ਹਾਂ ਚੀਜ਼ਾਂ ਤੋਂ ਦੂਰੀ ਅਖ਼ਤਿਆਰ ਕਰਦਾ ਗਿਆ। ਮੇਰੀ ਪਤਨੀ ਨੇ ਇਸ ਕੰਮ 'ਚ ਮੇਰਾ ਪੂਰਾ ਸਾਥ ਦਿੱਤਾ। ਅੱਜ ਮੈਂ ਇੱਕ ਵਾਰ ਹਰ ਬੁਰਾਈ ਤੋਂ ਤੌਬਾ ਕਰਕੇ ਨਾ ਸਿਰਫ਼ ਕਾਮਯਾਬੀ ਨਾਲ ਪੱਤਰਕਾਰੀ ਕਰ ਰਿਹਾ ਹਾਂ ਬਲਕਿ ਦੋ ਪਰਿਵਾਰ ਵੀ ਪਾਲ ਰਿਹਾ ਹਾਂ। ਮੇਰਾ ਭਰਾ ਜਿਸ ਨੂੰ ਨਸ਼ੇ ਨੇ ਬੁਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਸੀ ਮੈਂ ਨਾ ਸਿਰਫ ਉਹਦੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਿਹਾ ਹਾਂ ਬਲਕਿ ਮੈਂ ਆਪਣੇ ਬਾਪੂ ਦਾ ਸਾਰਾ ਕਰਜ਼ਾ ਉਤਾਰ ਕੇ ਭਰਾ ਦੀ ਗਹਿਣੇ ਪਈ ਪੈਲੀ ਵੀ ਛੁਡਾ ਦਿੱਤੀ। ਹਾਂ ਬੇਬੇ ਦੀਆਂ ਵਿਕੀਆਂ ਵਾਲੀਆਂ ਅਤੇ ਬਾਪੂ ਦੀ ਵਿਕੀ ਢਾਈ ਕਿੱਲ੍ਹੇ ਜ਼ਮੀਨ ਦਾ ਕਰਜ਼ਾ ਮੇਰੇ ਸਿਰ ਬਕਾਇਆ ਹੈ ਪਰ ਆਸ ਹੈ ਕਿ ਮਰਨ ਤੋਂ ਪਹਿਲਾਂ ਇਹ ਦੋਵੇਂ ਕਰਜ਼ੇ ਵੀ ਲਾਹ ਜਾਵਾਂਗਾ। ਅੱਜ ਮੈਂ ਜਿੱਥੇ ਕੁਝ ਅਖ਼ਬਾਰਾਂ ਲਈ ਬਤੌਰ ਪੱਤਰਕਾਰ ਕੰਮ ਕਰ ਰਿਹਾ ਹਾਂ ਉੱਥੇ ਇਕ ਅਖ਼ਬਾਰ ਲਈ ਬਤੌਰ ਕਾਲਮ ਨਵੀਸ ਕੰਮ ਕਰ ਰਿਹਾ ਹਾਂ। ਇਸ ਤੋਂ ਇਲਾਵਾ
ਯੂਥ ਆਈਕੌਨ ਅਵਾਰਡ ਪ੍ਰਾਪਤ ਕਰਦਾ ਹੋਇਆ ਲੇਖਕ।
ਅਨੇਕਾਂ ਮੈਗਜ਼ੀਨ ਅਤੇ ਈ-ਪੇਪਰਾਂ ਲਈ ਗੀਤ-ਕਵਿਤਾਵਾਂ ਲਿਖ ਰਿਹਾ ਹਾਂ। ਕੈਨੇਡਾ ਦੇ ਮਸ਼ਹੂਰ ਰੇਡੀਉ 'ਰੰਗਲਾ ਪੰਜਾਬ' 'ਤੇ ਬਤੌਰ ਖ਼ਬਰ ਮਾਹਰ ਅਤੇ ਇੱਕ ਹੋਰ ਰੇਡੀਓ 'ਤੇ ਬਤੌਰ ਵਿਸ਼ਾ ਮਾਹਰ ਸੇਵਾਵਾਂ ਵੀ ਨਿਭਾ ਰਿਹਾ ਹਾਂ। ਹੁਣ ਤੱਕ ਪੱਚੀ ਸੌ ਦੇ ਕਰੀਬ ਮੇਰੀਆਂ ਲਿਖਤਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹੱਥਲੀ ਪੁਸਕਤ ਸਮੇਤ ਤਿੰਨ ਕਿਤਾਬਾਂ 'ਤੇ ਕੰਮ ਕਰ ਰਿਹਾ ਹਾਂ। ਈਮਾਨ ਦੀ ਰੋਟੀ ਨਾਲ ਸ਼ਾਨ ਦਾ ਬਸਰ ਹੋ ਰਿਹਾ ਹੈ। ਆਰਥਿਕ ਹਾਲਾਤ ਨਵਾਬਾਂ ਵਾਲੇ ਨਾ ਸਹੀ ਦੇਸ਼ ਦੇ ਕਰੋੜਾਂ ਭੈਣ-ਭਰਾਵਾਂ ਨਾਲੋਂ ਬੁਰੇ ਵੀ ਨਹੀਂ। ਸਰੀਰਕ ਤੌਰ 'ਤੇ ਮੈਂ ਅੱਜ ਵੀ ਖੁਦ ਨੂੰ 18 ਸਾਲ ਵਰਗਾ ਤੰਦਰੁਸਤ ਸਮਝਦਾ ਹਾਂ ਹਾਲਾਂਕਿ ਮੈਨੂੰ ਦਰਜਨ ਦੇ ਕਰੀਬ ਲੜਾਈਆਂ 'ਚ ਅਨੇਕਾਂ ਸੱਟਾਂ ਵੱਜੀਆਂ, ਪੁਲਸ ਦਾ ਤੱਸ਼ਦਦ ਪਿੰਡੇ 'ਤੇ ਝੱਲਿਆ ਅਤੇ 4 ਭਿਆਨਕ ਸੜਕ ਹਾਦਸਿਆਂ 'ਚ ਮੌਤ ਦੇ ਮੂੰਹ 'ਚੋਂ ਪਰਤਿਆ। ਇਸ ਤੋਂ ਇਲਾਵਾ ਮੈਨੂੰ ਹੈਪਾਟਾਈਟਸ-ਸੀ ਅਤੇ ਨਮਰਦੀ ਦੀ ਬਿਮਾਰੀ ਨੇ ਵੀ ਘੇਰਿਆ। ਦੋਵਾਂ ਬਿਮਾਰੀਆਂ ਨੂੰ ਹਰਾ ਕੇ ਅੱਜ ਮੈਂ ਪੂਰਨ ਤੰਦਰੁਸਤ ਹਾਂ। ਬਿਮਾਰੀਆਂ 'ਚ ਮੈਂ ਇਕ ਵਾਰ ਵੀ ਨਹੀਂ ਡੋਲਿਆ ਖੁਦ ਨੂੰ ਤਾਕਤ ਦਿੱਤੀ ਤੇ ਇਨ੍ਹਾਂ ਤੋਂ ਮੁਕਤੀ ਪ੍ਰਾਪਤ ਕਰ ਲਈ। ਮੈਂ ਨਿੱਤ ਸਵੇਰੇ 4 ਵਜੇ ਉੱਠਦਾ ਹਾਂ। ਨਹਾਉਣ-ਧੋਣ ਤੋਂ ਬਾਅਦ 5 ਵਜੇ ਸੈਰ 'ਤੇ ਜਾਂਦਾ ਹਾਂ। ਰੋਜ਼ਾਨਾ 4 ਤੋਂ 6 ਕਿਲੋਮੀਟਰ ਸੈਰ ਕਰਦਾ ਹਾਂ। ਸੈਰ ਤੋਂ ਆ ਕੇ ਦਰਜਨ ਦੇ ਕਰੀਬ ਅਖ਼ਬਾਰ ਪੜ੍ਹਦਾ ਹਾਂ ਤੇ ਫਿਰ ਰੇਡੀਉ ਸ਼ੋਅ ਦੀ ਤਿਆਰੀ ਕਰਦਾ ਹਾਂ। ਰੇਡੀਉ 'ਤੇ ਸੇਵਾਵਾਂ ਦੇ ਕੇ ਕਾਲਮ ਲਿਖਦਾ ਹਾਂ। ਇਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਦੀ ਪੜ੍ਹਾਈ ਲਈ ਕਲਾਸ ਲਾਉਣ ਜਾਂਦਾ ਹਾਂ ਕਿਉਂਕਿ ਮੈਂ 1998 'ਚ ਛੱਡੀ ਪੜ੍ਹਾਈ 2014 'ਚ ਮੁੜ ਸ਼ੁਰੂ ਕਰ ਦਿੱਤੀ ਹੈ। ਮੇਰੀ ਤਮੰਨਾ ਗੁਜੂਏਸ਼ਨ ਤੋਂ ਬਾਅਦ ਐਲ.ਐਲ.ਬੀ. ਅਤੇ ਪੱਤਰਕਾਰਤਾ ਦੀ ਡਿਗਰੀ ਕਰਨ ਦੀ ਹੈ। ਕਲਾਸ ਤੋਂ ਫਾਰਗ ਹੋ ਕੇ ਮੈਂ ਖ਼ਬਰਾਂ ਤਿਆਰ ਕਰਕੇ ਭੇਜਦਾ ਹਾਂ ਤੇ ਫੇਰ ਜਿੰਮ ਚਲਾ ਜਾਂਦਾ ਹੈ । ਜਿੱਥੇ ਡੇਢ ਤੋਂ ਦੋ ਘੰਟੇ ਵਰਕ ਆਉਟ ਕਰਦਾ ਹਾਂ। ਵਰਕ ਆਊਟ 'ਚ 5 ਕਿਲੋਮੀਟਰ ਜੌਗਰ 'ਤੇ ਰਨਿੰਗ (ਦੌੜ) ਕਰਨ ਤੋਂ ਇਲਾਵਾ ਹੈਵੀ ਐਕਸਰਸਾਈਜ਼ (ਭਾਰੀ ਮਸ਼ੀਨੀ ਕਸਰਤ) ਕਰਦਾ ਹਾਂ। ਸ਼ਾਮ ਨੂੰ ਪਤਨੀ ਨੂੰ ਉਸ ਦੇ ਬੂਟੀਕ ਤੋਂ ਲਿਜਾ ਕੇ ਘਰ ਜਾਣ ਉਪਰੰਤ ਪੜ੍ਹਦਾ-ਲਿਖਦਾ ਹਾਂ। ਮੇਰਾ ਸੌਣ ਦਾ ਸਮਾਂ 4 ਤੋਂ 5 ਘੰਟੇ ਮਾਤਰ ਹੈ ਬਾਕੀ ਸਮਾਂ ਮੇਰਾ ਮੇਰੇ ਕੰਮ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਮੈਂ ਕੁਝ ਫੇਸਬੁੱਕੀ ਮਿੱਤਰਾਂ ਅਤੇ ਦੋਸਤਾਂ ਦੀ ਮਦਦ ਸਦਕਾ ਮਾਨਵ ਸੇਵਾ ਦਾ ਧਰਮ ਵੀ ਨਿਭਾ ਰਿਹਾ ਹਾਂ। ਹੁਣ ਤੱਕ ਇਕ ਅੰਗਹੀਣ ਨੌਜੁਆਨ ਨੂੰ ਟ੍ਰਾਈ ਸਾਈਕਲ ਤੇ ਸਿਲਾਈ ਮਸ਼ੀਨ ਦੇਣ ਤੋਂ ਇਲਾਵਾ ਸ਼ਹਿਰ ਦੇ ਮਾਨਸਿਕ ਬਿਮਾਰਾਂ ਅਤੇ ਲਾਵਾਰਸਾਂ ਨੂੰ ਕਈ ਵਾਰ ਨੁਹਾਉਣ-ਧੋਣ ਤੋਂ ਇਲਾਵਾ ਗਰੀਬਾਂ ਅਤੇ ਲੋੜਵੰਦਾਂ ਨੂੰ ਸਮੇਂ- ਸਮੇਂ 'ਤੇ ਰਸਦ, ਕੱਪੜੇ, ਕੰਬਲ ਅਤੇ ਬੂਟ ਵੰਡਦਾ ਹਾਂ। ਪਹਿਲਾਂ ਦਲਿਤ ਮਿੱਤਰ ਦੀ ਮੌਤ ਤੋਂ ਬਾਅਦ ਉਸ ਦੇ ਬੱਚਿਆਂ ਨੂੰ ਘਰ ਦੀ ਚਾਰਦੀਵਾਰੀ ਕਰਵਾ ਕੇ ਦਿੱਤੀ ਤੇ ਹੁਣ ਸ਼ਾਮ ਖੇੜਾ ਪਿੰਡ 'ਚ ਯਤੀਮ ਬੱਚਿਆਂ ਲਈ ਜ਼ਮੀਨ ਲੈ ਕੇ ਘਰ ਬਣਵਾਇਆ ਹੈ। ਕੁਝ ਪੱਤਰਕਾਰ ਅਤੇ ਫੇਸਬੁੱਕ ਸਾਥੀਆਂ ਨਾਲ "ਜ਼ਿੰਦਗੀ ਜਿੰਦਾਬਾਦ" ਦੇ ਨਾਅਰੇ ਹੇਠ ਪੰਜਾਬ ਦੇ ਕਈ ਸ਼ਹਿਰਾਂ 'ਚ ਨਸ਼ਾ ਵਿਰੋਧੀ ਰੈਲੀਆਂ ਅਤੇ ਸਕੂਲਾਂ 'ਚ ਸੈਮੀਨਾਰ ਕੀਤੇ ਹਨ।
ਮੈਂ ਆਪਣੇ ਬਾਰੇ ਕੁਝ ਵੀ ਨਹੀਂ ਲੁਕਾਉਂਦਾ। 15 ਦੇ ਕਰੀਬ ਰੇਡੀਉ ਮੇਰੀ ਜੀਵਨੀ ਮੇਰੀ ਜੁਬਾਨੀ ਪ੍ਰਸਾਰਿਤ ਕਰ ਚੁੱਕੇ ਹਨ। ਪ੍ਰਸਿੱਧ ਪੱਤਰਕਾਰ ਸੁਰਿੰਦਰ ਸਿੰਘ ਵੱਲੋਂ ਕੀਤੀ ਮੇਰੀ ਇੰਟਰਵਿਊ ਨੂੰ ਯੂ ਟਿਊਬ 'ਤੇ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਜਿੰਨ੍ਹਾਂ 'ਚੋਂ ਕੁਝ ਨੌਜੁਆਨਾਂ ਦੇ ਖੁਦ ਫੋਨ ਕਰਕੇ ਮੈਨੂੰ ਕਿਹਾ ਕਿ ਅਸੀਂ ਨਸ਼ੇ ਤੋਂ ਤੌਬਾ ਕਰ ਲਈ ਹੈ। ਇਹ ਤਾਂ ਹੀ ਸੰਭਵ ਹੋਇਆ ਕਿਉਂਕਿ ਸਭ ਤੋਂ ਪਹਿਲਾਂ ਮੈਂ ਖੁਦ ਆਪਣੇ ਬਾਰੇ ਅਖ਼ਬਾਰਾਂ-ਮੈਗਜ਼ੀਨਾਂ 'ਚ ਲਿਖਿਆ। ਮੈਨੂੰ ਕੋਈ ਸ਼ਰਮ ਨਹੀਂ ਹੈ ਆਵਦਾ ਅਤੀਤ ਸਵੀਕਾਰ ਕਰਨ 'ਚ ਸਗੋਂ ਮੈਨੂੰ ਆਪਣੇ ਅਤੀਤ 'ਤੇ ਨਾਜ ਹੈ ਕਿਉਂਕਿ ਜ਼ਿੰਦਗੀ ਦੀ ਪੜ੍ਹਾਈ ਨੇ ਜੋ ਕੁਝ ਮੈਨੂੰ ਸਿਖਾਇਆ ਹੈ ਉਹ ਸ਼ਾਇਦ ਯੂਨੀਵਰਸਿਟੀਆਂ ਵੀ ਨਾ ਸਿਖਾ ਪਾਉਂਦੀਆਂ।
ਰੌਸ਼ਨੀ ਦਾ ਰਾਜ਼
ਹਰ ਬੁਰੇ ਇਨਸਾਨ ਅੰਦਰ ਚੰਗਾ ਇਨਸਾਨ ਵੀ ਹੁੰਦਾ ਹੈ। ਜਿਸ ਦਿਨ ਅੰਦਰਲੇ ਚੰਗੇ ਇਨਸਾਨ ਨੂੰ ਬੰਦਾ ਮਾਰ ਬਹਿੰਦਾ ਹੈ ਉਸ ਦਿਨ ਉਸ ਦੇ ਚੰਗੇ ਬਨਣ ਦੀਆਂ ਸਾਰੀਆਂ ਆਸ਼ਾਵਾਂ ਖ਼ਾਕ ਹੋ ਜਾਂਦੀਆਂ ਹਨ ਨਹੀਂ ਤਾਂ ਬੰਦੇ 'ਚ ਸੁਧਾਰ ਦੀਆਂ ਗੁੰਜਾਇਸ਼ਾਂ ਆਖਰੀ ਦਮ ਤੱਕ ਬਣੀਆਂ ਰਹਿੰਦੀਆਂ ਹਨ। ਬੇਸ਼ੱਕ ਮੈਂ ਖੁਦ ਦਾ ਖੂਨ ਰੋਹੜਿਆ ਤੇ ਲੋਕਾਂ ਦਾ ਵਹਾਇਆ ਵੀ ਪਰ ਖੁਸ਼ਕਿਸਮਤੀ ਨਾਲ ਮੈਂ ਆਪਣੇ ਅੰਦਰ ਦਾ ਇਨਸਾਨ ਜੀਵਤ ਰੱਖਿਆ। ਉਹ ਸ਼ਾਇਦ ਇਸ ਲਈ ਕਿਉਂਕਿ ਮੈਂ ਸਭ ਕੁਝ ਕਰਨ ਦੇ ਬਾਵਜੂਦ ਬੁਰਾਈ ਅਤੇ ਚੰਗਿਆਈ 'ਚ ਫ਼ਰਕ ਸਮਝਣ ਦੀ ਸਮਰੱਥਾ ਨਹੀਂ ਗੁਆਈ। ਬੇਸ਼ੱਕ ਮੈਨੂੰ ਸੱਟਾਂ ਦਾ ਦਰਦ ਨਹੀਂ ਸੀ ਹੁੰਦਾ ਪਰ ਕਿਸੇ ਦਾ ਦਰਦ ਹਨ੍ਹੇਰੀ ਬਣਕੇ ਮੈਨੂੰ ਸੁੱਕੇ ਪੱਤੇ ਵਾਂਗ ਹਿਲਾ ਜਾਂਦਾ, ਬੇਸ਼ੱਕ ਮੈਂ ਗਲਤੀ ਦਰ ਗਲਤੀ ਗੁਨਾਹ ਦਰ ਗੁਨਾਹ ਕਰਦਾ ਗਿਆ ਪਰ ਜਦੋਂ ਵੀ ਹੋਸ਼ ਆਈ ਮੈਂ ਪਛਤਾਇਆ ਜ਼ਰੂਰ, ਬੇਸ਼ੱਕ ਸੋਚਾਂ ਦੇ ਸਮੁੰਦਰ 'ਚ ਹਮੇਸ਼ਾ ਮਲੀਨ ਲਹਿਰਾਂ ਦਾ ਬਵੰਡਰ ਰਿਹਾ ਪਰ ਸ਼ੁੱਧ ਵਿਚਾਰਾਂ ਦੀਆਂ ਛੱਲਾਂ ਅਤੇ ਕੁਝ ਕਰਨ ਦੇ ਹਿੰਮਤੀ ਬੁਲਬੁਲਿਆਂ ਦੀ ਹੋਂਦ ਵੀ ਮੈਂ ਮਰਨ ਨਹੀਂ ਦਿੱਤੀ, ਬੇਸ਼ੱਕ ਪੈਰ-ਪੈਰ 'ਤੇ ਸਮੇਂ ਨੇ ਮੈਨੂੰ ਹਾਰਾਂ ਦਿੱਤੀਆਂ ਪਰ ਮੈਂ ਹਾਰ-ਜਿੱਤ ਨਾਲੋਂ ਲੜਨ ਨੂੰ ਕਰਮ ਜਾਣਿਆ।
ਇਸ ਤਰ੍ਹਾਂ ਦੇ ਦਿਨ ਵੀ ਵੇਖੋ ਕਿ ਸਿਆਲਾਂ 'ਚ ਮੈਨੂੰ ਆਪਣੇ ਨੰਗੇ ਪੈਰਾਂ ਲਈ ਨਜ਼ਰ ਲੱਗਣ ਤੋਂ ਟਰੈਕਟਰ ਅੱਗੇ ਟੰਗੀ ਚੱਪਲ ਤੱਕ ਲਾਹ ਕੇ ਭੱਜਣਾ ਪਿਆ। ਇਹੋ ਜਿਹਾ ਦੌਰ ਵੀ ਆਇਆ ਜਦੋਂ ਬਿਮਾਰੀਆਂ ਅਤੇ ਗਰੀਬੀ ਨਾਲ ਨੰਗੇ ਪਿੰਡੇ ਲੜਨਾ ਪਿਆ। ਉਹ ਦੌਰ ਵੀ ਵੇਖੇ ਜਦੋਂ ਜੀਵਨ ਦਾ ਪਪੀਹਾ ਪਿਆਰ ਦੀ ਸਵਾਤੀ ਬੂੰਦ ਨੂੰ ਤਰਸਦਾ ਦੁਨੀਆਂ ਤੋ ਬੇਆਸ ਹੋ ਗਿਆ ਸੀ। ਉਹ ਸਮਾਂ ਵੀ ਆਇਆ ਜਦੋਂ ਹਾਲਾਤਾਂ ਦੇ ਧੱਕੇ ਨੇ ਹਿੰਮਤ ਦੀ ਤਲਵਾਰ ਖੋਹ ਕੇ ਸਮੇਂ ਅੱਗੇ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਪਰ ਮਾਵਾਂ ਦੇ ਬੋਲ ਬੁਜ਼ਦਿਲਾਂ ਨੂੰ ਸੂਰੇ ਤੇ ਸੂਰਿਆਂ ਨੂੰ ਕਾਇਰ ਬਨਾਉਂਣ ਦੀ ਤਾਕਤ ਰੱਖਦੇ ਹਨ। ਮੈਨੂੰ ਜੇ ਮਾਂ ਦੇ ਮੂੰਹੋਂ ਨਿਕਲੇ ਉਹ ਬੋਲ ਸੁਨਣ ਨੂੰ ਨਾ ਮਿਲਦੇ ਕਿ "ਪਹਿਲਾਂ ਤੁਹਾਡਾ ਪਿਉ ਸੀ ਫੇਰ ਆਹ ਜਿਹੜਾ ਮੰਜੇ ਤੇ ਪਿਆ ਇਹ ਜੰਮ ਪਿਆ ਤੇ ਹੁਣ ਤੂੰ ਵਾਢਾ ਰੱਖ ਲਿਆ" ਤਾਂ ਸ਼ਾਇਦ ਮੈਂ ਕਦੇ ਉੱਠਦਾ ਹੀ ਨਾ। ਡਿੱਗ ਕੋਈ ਵੀ ਸਕਦਾ ਹੈ ਪਰ ਡਿੱਗ ਕੇ ਜੇ ਕੋਈ ਚਿੱਕੜ ਨੂੰ ਹੀ ਤਕਦੀਰ ਮੰਨ ਲਵੇ ਫੇਰ ਉਹ ਢੀਠ ਹੈ ਤੇ ਜੋ ਡਿੱਗ ਕੇ ਉੱਠ ਖੜਿਆ ਉਹ ਬਹਾਦਰ ਹੈ। ਮੈਨੂੰ ਬੇਸ਼ੱਕ ਕੱਟੀ ਲੱਤ ਦੀ ਸੱਟ ਨੇ ਸਰੀਰਕ ਤੌਰ 'ਤੇ ਉੱਠਣ ਤੋਂ ਕਈ ਮਹੀਨੇ ਆਹਰੀ ਕਰੀ ਰੱਖਿਆ ਪਰ ਜੇ ਮਾਨਸਿਕ ਤੌਰ 'ਤੇ ਉੱਠਿਆ ਤਾਂ ਉਹ ਸੱਟ ਦੇ ਕਾਰਨ ਹੀ ਸੰਭਵ ਹੋਇਆ। ਮੈਂ ਬਲਿਹਾਰ ਜਾਂਦਾ ਹੈ ਉਸ ਜੀਪ ਵਾਲੇ ਦੇ ਜਿੰਨ੍ਹੇ ਮੈਨੂੰ ਮੰਜੇ 'ਤੇ ਪਾਇਆ ਕਿਉਂਕਿ ਜੇ ਸੱਟ ਨਾ ਲੱਗਦੀ ਤਾਂ ਮੈਂ ਘਰ ਬਾਰੇ ਤਾਂ ਕੀ ਕਦੇ ਆਪਣੇ-ਆਪ ਬਾਰੇ ਵੀ ਨਹੀਂ ਸੀ ਸੋਚ ਪਾਉਣਾ।
ਘਰ ਬੈਠਾ ਤਾਂ ਪਤਾ ਲੱਗਾ ਕਿ ਜਿਸ ਘਰ ਨੂੰ ਮੈਂ ਖੁਸ਼ਹਾਲ ਸਮਝਦਾ ਸੀ ਉਹ ਤਾਂ ਖੋਖਲਾ ਹੋ ਚੁੱਕਾ ਹੈ ਨਸ਼ੇ ਦੀ ਸਿਉਂਕ ਨਾਲ ਕਿਉਂਕਿ ਮੈਂ ਹੀ ਨਹੀਂ ਮੇਰਾ ਭਰਾ ਵੀ ਇਸ ਘਰ ਨੂੰ ਉਜਾੜ ਰਿਹਾ ਸੀ। ਫੇਰ ਵਾਰੇ ਜਾਵਾਂ ਉਸ ਮਾਂ ਦੇ ਜਿਸ ਨੇ ਮੈਨੂੰ ਉਸ ਸੱਚਾਈ ਦੇ ਰੂਬਰੂ ਕਰਵਾਇਆ ਜੀਹਨੂੰ ਮੈਂ 29 ਸਾਲ ਤੱਕ ਘਰ 'ਚ ਰਹਿ ਕੇ ਨਹੀਂ ਸਾਂ ਸੁਣ ਸਕਿਆ।
ਸ਼ਬਦ ਇਨਸਾਨ ਦੀ ਰੂਹ 'ਤੇ ਚੋਟ ਕਰਦਾ ਹੈ ਫੇਰ ਉਹ ਚਾਹੇ ਕਿਸੇ ਧਾਰਮਿਕ ਗ੍ਰੰਥ ਦੀ ਪਾਵਨ ਬਾਣੀ ਹੋਵੇ ਤੇ ਚਾਹੇ ਕਿਸੇ ਪੁੱਤ ਨੂੰ ਮਾਂ ਦਾ ਵੱਜਿਆ ਤਾਅਨਾ। ਮਾਂ ਦੇ ਬੋਲਾਂ ਨੇ ਸਵੈ-ਚਿੰਤਨ ਲਈ ਮਜਬੂਰ ਕੀਤਾ ਸੀ। ਜਦੋਂ ਚਿੰਤਨ ਦੀਆਂ ਪੌੜੀਆਂ ਉਤਰਿਆਂ ਤਾਂ ਸੱਚਾਈ ਦਾ ਅਸੀਮ ਸਾਗਰ ਵੇਖਿਆ ਤਾਂ ਖੁਦ ਨੂੰ ਸੁਆਲ ਕੀਤਾ ਕਿ ਕੀ ਦੋਸ਼ ਸੀ ਉਸ ਬਾਪ ਦਾ ਜਿਸ ਨੂੰ ਮੈਂ ਮੌਤ ਤੱਕ ਲੈ ਗਿਆ ? ਕੀ ਦੋਸ਼ ਸੀ ਮਾਂ ਦਾ ਜੀਹਦੇ ਹਰ ਖਵਾਬ ਦਾ ਮੈਂ ਸਿਰ ਕਲਮ ਕਰ ਦਿੱਤਾ? ਕੀ ਗੁਨਾਹ ਸੀ ਭਰਾ ਦਾ ਜਿਸ ਨੂੰ ਮੇਰੀ ਪੜ੍ਹਾਈ ਲਈ ਆਪਣੀ ਪੜ੍ਹਾਈ ਛੱਡਣੀ ਪਈ ? ਮੈਂ ਆਪਣੇ-ਆਪ ਨੂੰ ਦੱਸਿਆ ਕਿ ਕੋਈ ਯਾਰ ਨਹੀਂ ਹਾਰਿਆਂ ਦਾ ਕੋਈ ਪੀਰ ਨਹੀਂ ਗਰੀਬਾਂ ਦਾ। ਅੱਜ ਕਿੰਨ੍ਹੇ ਕੁ ਦਿਲਬਰ ਆ ਗਏ ਦਿਲਬਰੀਆਂ ਦੇਣ ? ਸਾਰੀ ਉਮਰ ਯਾਰੀ ਨੂੰ ਬੇਦਾਗ ਰੱਖਣ ਲਈ ਖੂਨ ਡੋਲਦਾ ਰਿਹਾ ਤੇ ਉਸ ਯਾਰੀ ਨੇ ਬਦਲੇ 'ਚ ਕੀ ਦਿੱਤਾ, ਨਸ਼ਾ, ਮਤਲਬਪ੍ਰਸਤੀ ਤੇ ਧੋਖਾ? ਮੈਂ ਆਪਣੀ ਰੂਹ ਨੂੰ ਆਖਿਆ ਕਿ ਕੀ ਬਦੀਆਂ ਖੱਟਣ ਲਈ ਹੀ ਤੇਰਾ ਜਨਮ ਹੋਇਆ ਹੈ ਕੀ ਲਾਹਨਤਾਂ ਦੀ ਜਾਗੀਰ ਹੀ ਬਨਾਉਣੀ ਹੈ ਤੂੰ ? ਉਸ ਹਸ਼ਰ ਤੋਂ ਡਰ ਜੇ ਇਕ ਦਿਨ ਤੇਰਾ ਹੋਣ ਵਾਲਾ ਹੈ ਜਾਂ ਤਾਂ ਤੂੰ ਕਿਸੇ ਸੜਕ ਕਿਨਾਰੇ ਪਿਆ ਹੋਵੇਂਗਾ ਤੇ ਜਾਂ ਦੁਨੀਆਂ ਲਈ ਬੁਝਾਰਤ ਬਣ ਜਾਵੇਗਾ ਕਿ ਆਖਰ ਮਿੰਟੂ ਗਿਆ ਕਿੱਥੇ ? ਬਦੀਆਂ ਦੀ ਜੰਨ ਲੈ ਕੇ ਗਿਆਂ ਦੇ ਪਿੱਛੋਂ ਥੂਹ ਥੂਹ ਹੁੰਦੀ ਹੈ ਕੀ ਇਹੀ ਮੰਤਵ ਹੈ ਤੇਰਾ? ਮੇਰੀ ਜ਼ਮੀਰ ਦਾ ਮੋੜਵਾਂ ਸੁਆਲ ਸੀ ਕਿ ਆਖ਼ਰ ਤੂੰ ਕਰੇਂਗਾ ਕੀ? ਮੇਰਾ ਜਵਾਬ ਸੀ ਕਿ ਮੈਂ ਕੁਝ ਨਹੀਂ ਕਰਾਂਗਾ ਮੈਂ ਸਿਰਫ਼ ਬੁਰਾਈਆਂ ਛੱਡਾਂਗਾ ਬਾਕੀ ਸਭ ਕੁਝ ਮੇਰੇ ਹੱਥ ਕਰਨਗੇ। ਮੈਂ ਬਦਲ ਦਿਆਂਗੇ ਲੋਕਾਂ ਦੇ ਨਜ਼ਰੀਏ ਜੋ ਮੇਰੇ ਲਈ ਹਨ, ਮੈਂ ਤੋੜ ਦਿਆਂਗਾ ਮਿੱਥਾਂ ਕਿ ਨਸ਼ੇ 'ਚ ਫਸੇ ਲੋਕ ਮੌਤ ਜੋਗੇ ਰਹਿ ਜਾਂਦੇ ਹਨ। ਮੈਂ ਦੱਸਾਂਗਾ ਕਿ ਬਦਮਾਸ਼ ਸਿਰਫ ਗੋਲੀ ਖਾਣ ਜੋਗੇ ਨਹੀਂ ਹੁੰਦੇ ਮਾਨਵ ਸੇਵਾ ਵੀ ਉਨ੍ਹਾਂ ਦੇ ਹੱਥ ਕਰ ਸਕਦੇ ਹਨ। ਜਦੋਂ ਮੇਰੀ ਪੁਕਾਰ ਸੁਣੀ ਗਈ ਤਾਂ ਮੇਰੀ ਲੱਤ ਠੀਕ ਹੋਣ ਲੱਗੀ ਤਾਂ ਖੁਦ ਨਾਲ ਪ੍ਰਣ ਕੀਤਾ ਸੀ ਕਿ ਹੁਣ ਇਹ ਪੈਰ ਕਾਲੀ ਦੁਨੀਆਂ 'ਚ ਨਹੀਂ ਜਾਣਗੇ ਸਗੋਂ ਇਸ ਦੁਨੀਆਂ 'ਚ ਫਸਿਆਂ ਨੂੰ ਮੈਂ ਉਂਗਲ ਫੜ ਕੇ ਬਾਹਰ ਲਿਆਂਵਗਾ। ਜਿੰਨ੍ਹਾ ਚਿਰ ਜੀਵਾਂਗਾ ਦੇਸ਼ ਲਈ, ਸਮਾਜ ਲਈ ਜੀਵਾਂਗਾ। ਇਹ ਪ੍ਰਣ ਸੌਖੇ ਸੀ ਪਰ ਅਮਲ ਕਰਨ ਲਈ ਮੁਸ਼ਕਲਾਂ ਵੀ ਬਹੁਤ ਆਈਆਂ। ਸਭ ਤੋਂ ਔਖਾ ਕੰਮ ਸੀ ਨਸ਼ਾ ਛੱਡਣ ਦਾ। ਮੈਂ ਸਮੈਕ ਦੇ ਨਾਲ-ਨਾਲ ਹੈਰੋਇਨ ਵੀ ਲੈਂਦਾ ਸੀ। ਪਹਿਲਾਂ ਮੈਂ ਇਹ ਕੋਹੜ ਮਗਰੋਂ ਲਾਹਿਆ। ਇਸ 'ਚ ਅਫੀਮ ਦਾ ਸਹਾਰਾ ਲਿਆ ਤੇ ਫੇਰ ਅਫੀਮ ਭੁੱਕੀ ਨਾਲ ਛੱਡੀ। ਭੁੱਕੀ ਦਵਾਈਆਂ ਨਾਲ ਬੰਦ ਹੋ ਗਈ। ਸਿਗਰਟ-ਤੰਬਾਕੂ ਦੀ ਭਲ ਰਹਿ-ਰਹਿ ਕਈ ਮਹੀਨੇ ਉੱਠਦੀ ਰਹੀ ਪਰ ਮਨ ਨੂੰ ਐਸਾ ਮਾਰਿਆ ਕਿ ਸ਼ਰਾਬ ਵੀ ਛੱਡ ਦਿੱਤੀ। ਸ਼ੁੱਧ ਸ਼ਾਕਾਹਾਰੀ ਦਾ ਜੀਵਨ ਜਿੱਥੇ ਬਿਮਾਰੀ ਰਹਿਤ ਕਰ ਗਿਆ ਉੱਥੇ ਇਕ ਨਵੀਂ ਊਰਜਾ ਦੇ ਗਿਆ ਕਿ ਮੈਂ ਇਕ ਆਮ
ਨਸ਼ੇ ਖਿਲਾਫ ਜਾਗਰੂਕ ਮੁਹਿੰਮ 'ਜ਼ਿੰਦਗੀ ਜਿੰਦਾਬਾਦ' ਤਹਿਤ (ਉੱਤੇ) ਸੜਕ 'ਤੇ ਡਿੱਗੇ ਇਕ ਸ਼ਰਾਬੀ ਅਤੇ (ਹੇਠਾਂ) ਇਕ ਸਕੂਲ 'ਚ ਵਿਦਿਆਰਥੀਆਂ ਨੂੰ ਜਾਗਰੂਕ ਕਰਦਾ ਲੇਖਕ ।
ਇਨਸਾਨ ਹਾਂ। ਨਸ਼ਾ ਛੱਡਣਾ ਸਿਰਫ਼ ਤਿੰਨ ਦਿਨ ਦੀ ਖੇਡ ਹੈ। 72 ਘੰਟਿਆਂ ਬਾਅਦ ਤਕਲੀਫ਼ ਅੱਧੀ ਰਹਿ ਜਾਂਦੀ ਹੈ ਪਰ ਸੋਚ ਵਿੱਚੋਂ ਇਸ ਦਾ ਕੀੜਾ ਨਹੀਂ ਮਰਦਾ। ਇਹੀ ਕਾਰਨ ਹੈ ਕਿ ਮੈਂ 1995 ਤੋਂ 2009 ਦੇ ਦਰਮਿਆਨ ਕਈ ਵਾਰ ਨਸ਼ਾ ਛੱਡਿਆ ਪਰ ਫੇਰ ਲੱਗ ਜਾਂਦਾ ਸੀ । ਇਸ ਕੋਸ਼ਿਸ਼ 'ਚ ਸਫ਼ਲ ਤਾਂ ਹੋਇਆ ਕਿਉਂਕਿ ਪਹਿਲਾਂ ਮੇਰੇ ਕੋਲ ਮਿਸ਼ਨ ਨਹੀਂ ਸੀ ਜਦਕਿ ਇਸ ਵਾਰ ਤਾਂ ਮੇਰੇ ਕੋਲ ਇਕ ਨਹੀਂ ਕਈ ਮਿਸ਼ਨ ਸਨ, ਜਿਵੇ: ਘਰ ਨੂੰ ਪੈਰਾਂ ਸਿਰ ਕਰਨਾ, ਸਮਾਜ ਵਿਚ ਆਪਣੀ ਇਨਸਾਨ ਤੇ ਪੇਸ਼ੇ ਵਿੱਚ ਇਮਾਨਦਾਰ ਵੱਜੋਂ ਪਹਿਚਾਨ ਸਥਾਪਿਤ ਕਰਨੀ, ਭਟਕਿਆਂ ਨੂੰ ਰਾਹ ਦਿਖਾਉਣਾ ਤੇ ਦੀਨ-ਦੁਖੀਆਂ ਦਾ ਦਰਦ ਵੰਡਾਉਣਾ। ਇਨ੍ਹਾਂ ਮਿਸ਼ਨਾਂ ਨੇ ਡੋਲਦੇ ਚਿੱਤ ਨੂੰ ਕਈ ਵਾਰ ਕੁਰਾਹੇ ਪੈਣ ਤੋਂ ਰੋਕਿਆ। ਜਿਸ ਦਾ ਨਤੀਜਾ ਇਹ ਹੈ ਕਿ ਜਿਹੜਾ ਸਮਾਜ ਮੈਨੂੰ ਵੇਖ ਕੇ ਮੂੰਹ ਪਰ੍ਹਾਂ ਕਰ ਲੈਂਦਾ ਸੀ ਅੱਜ ਸਲਾਮ ਕਰਦਾ ਹੈ। ਜਿਹੜੇ ਲੋਕ ਮੂੰਹ ਫੇਰ ਲੈਂਦੇ ਸੀ ਕਿ ਕਿਤੇ ਮਿੰਟੂ ਦਸ ਰੁਪਈਏ ਨਾ ਮੰਗ ਲਵੇ ਉਹ ਆਖਦੇ ਆ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸੇਵਾ ਦਾ ਮੌਕਾ ਦੇਈਂ। ਜਿਹੜੇ ਸਾਥੀ ਪੱਤਰਕਾਰਤਾ 'ਚ ਆਉਣ 'ਤੇ ਮਜਾਕ ਉਡਾਉਂਦੇ ਸੀ ਅੱਜ ਮੈਂ ਉਨ੍ਹਾਂ ਦੇ ਬੁੱਲ੍ਹ ਸਿਉਂ ਦਿੱਤੇ ਕਾਮਯਾਬੀ ਦੇ ਧਾਗੇ ਨਾਲ। ਜਿਹੜਾ ਭਰਾ ਗਲੀ-ਗਲੀ ਫ਼ੱਕਰ ਬਣਿਆ ਫਿਰਦਾ ਸੀ ਉਸ ਨੂੰ ਨਸ਼ਾ ਮੁਕਤ ਕਰਕੇ ਮੁੜ ਪੈਰਾਂ 'ਤੇ ਕਰ ਦਿੱਤਾ। ਇਹ ਸਭ ਤਾਂ ਹੀ ਸੰਭਵ ਹੋਇਆ ਕਿਉਂਕਿ ਮੈਂ ਖੁਦ 'ਚੋਂ ਖੁਦ ਨੂੰ ਖੋਜ ਲਿਆ। ਮੈਂ ਨਿਖ਼ਾਰ ਲਿਆ ਬੁਰਾਈਆਂ 'ਚ ਲਿੱਬੜੇ ਇਕ ਲੇਖਣੀ- ਗੁਣਾਂ ਵਾਲੇ ਬੰਦੇ ਨੂੰ ਜੋ ਰੋਟੀ ਕਮਾਉਣ ਦੇ ਨਾਲ-ਨਾਲ ਯਸ਼ (ਜੱਸ) ਵੀ ਕਮਾ ਸਕਦਾ ਹੈ। ਜੇ ਕਦੇ ਖੁਦ ਅੰਦਰ ਝਾਤ ਨਾ ਪਾਉਂਦਾ ਤਾਂ ਸ਼ਾਇਦ ਅੱਜ ਨੂੰ ਕਿਸੇ ਸੜਕ ਦੇ ਕਿਨਾਰੇ ਮੇਰੀ ਵੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਪਈ ਹੁੰਦੀ ਤੇ ਡੁੱਲੀ ਰੱਤ ਨੂੰ ਕੁੱਤੇ ਲੱਕ ਰਹੇ ਹੁੰਦੇ।
ਹਰ ਇਨਸਾਨ 'ਚ ਇਕ ਕਲਾਕਾਰ ਬੈਠਾ ਹੈ, ਇਕ ਕਿਰਤੀ ਬੈਠਾ ਹੈ। ਬੱਸ ਲੋੜ ਹੈ ਉਸ ਨੂੰ ਤਲਾਸ਼ਣ ਦੀ, ਉਸ ਨੂੰ ਤਰਾਸ਼ਣ ਦੀ। ਅਸੀਂ ਲੋਕਾਂ ਨੂੰ ਮੌਤਾਂ ਦਿੰਦੇ ਰਹਿਨੇ ਆਂ ਤੇ ਆਪਣੇ-ਆਪ ਨੂੰ ਕਦੇ ਖੋਜਦੇ ਈ ਨਹੀਂ ਬੱਸ ਇਹੋ ਸਾਡੀ ਮੁਸ਼ਕਲ ਹੈ। ਮੇਰੀ ਸੋਚ ਮੈਨੂੰ ਕੁਰਾਹੇ ਪਾ ਗਈ ਸੀ ਤੇ ਸੋਚ ਹੀ ਰਾਹੇ ਲੈ ਆਈ ਪਰ ਸੋਚ ਬਦਲਣ ਲਈ ਮੈਨੂੰ ਕਿਤਾਬਾਂ ਪੜਨੀਆਂ ਪਈਆਂ, ਚਿੰਤਨ ਕਰਨਾ ਪਿਆ, ਤਿਆਗ ਕਰਨੇ ਪਏ, ਵਿਚਾਰਾਂ ਨੂੰ ਬਦਲਣਾ ਪਿਆ। ਦੋਸਤੋ । ਸੋਚ ਦਾ ਬਦਲਣਾ ਹੀ ਯੁਗਾਂ ਦਾ ਬਦਲਣਾ ਹੈ ਤਰੀਕਾਂ-ਮਹੀਨੇ ਤਾਂ ਉਹੀ ਰਹਿੰਦੇ ਨੇ। ਸੋਚ ਬਦਲਣ ਲਈ ਸਭ ਤੋਂ ਜ਼ਰੂਰੀ ਹੈ ਟੀਚੇ, ਆਦਰਸ਼ (ਆਈਡੀਅਲ) ਤੇ ਕਰਮ ਬਦਲਣੇ। ਮੁਸ਼ਕਲ ਕੁਝ ਵੀ ਨਹੀਂ ਹੈ ਨੁਕਤਾ ਸਿਰਫ਼ ਇਹ ਹੈ ਕਿ ਕੁਝ ਐਸਾ ਕਰਕੇ ਜਾਓ ਕਿ ਲੋਕ ਮਰਿਆਂ ਤੋਂ ਵੀ ਗੁਣ ਗਾਉਣ ਅਜਿਹੇ ਕਰਮ ਨਾ ਕਰੋ ਕਿ ਲੋਕ ਜਿਊਂਦੇ ਨੂੰ ਹੀ ਲਾਹਨਤਾਂ ਪਾਉਣ।
ਨਿਚੋੜ
ਮੈਂ 18 ਸਾਲ ਦੇ ਕਰੀਬ ਨਸ਼ਾ ਕੀਤਾ ਤੇ ਨੌਂ ਕੇਸ ਸਿਰ ਪੁਆ ਕੇ ਸਾਲਾਂਬੱਧੀ ਜੇਲ੍ਹਾਂ ਚ ਰੁਲਦਾ ਰਿਹਾ ਜਿਹੜਾ ਕੈਰੀਅਰ ਅਤੇ ਪੜ੍ਹਾਈ ਦਾ ਨੁਕਸਾਨ ਕੀਤਾ ਉਹ ਵੱਖਰਾ। ਘਰ ਦੀ ਬਰਬਾਦੀ ਅਤੇ ਜੀਅ ਗਵਾਏ ਉਸ ਦੀ ਤਾਂ ਪੂਰਤੀ ਸੰਭਵ ਹੀ ਨਹੀਂ ਹੈ ਪਰ ਇਹ ਮੇਰੇ ਕੱਲ੍ਹੇ ਦੀ ਕਹਾਣੀ ਨਹੀਂ ਬਲਕਿ ਇਹ ਤਾਂ ਪੰਜਾਬ ਅੰਦਰ ਘਰ-ਘਰ ਦੀ ਹੋਣੀ ਹੈ। ਪੰਜਾਬ ਦੀ ਹਿੱਕ 'ਤੇ ਨਸ਼ੇ ਦਾ ਦਰਿਆ ਵੱਗ ਰਿਹਾ ਜਿਸ ਵਿਚ ਵਹਿ ਕੇ ਮਾਵਾਂ ਦੀਆਂ ਲੋਰੀਆਂ, ਭੈਣਾਂ ਦੀਆਂ ਰੱਖੜੀਆਂ ਤੇ ਬੁੱਢੇ ਪਿਤਾਵਾਂ ਦੀਆਂ ਡੰਗੋਰੀਆਂ ਕਬਰਾਂ ਦੇ ਪੱਤਣਾਂ ਨੂੰ ਜਾ ਰਹੀਆਂ ਹਨ। ਮੇਰੇ ਨਾਲ ਇੱਕਾ- ਦੁੱਕਾ ਨਹੀਂ ਸੈਂਕੜੇ-ਹਜ਼ਾਰਾਂ ਮੁੰਡਿਆਂ ਦੀ ਸਾਂਝ ਰਹੀ ਜਿਨ੍ਹਾਂ 'ਚੋਂ ਅੱਜ ਭਾਗਾਂ ਵਾਲੇ ਬਚੇ ਹਨ, ਬਹੁਤੇ ਜਾਂ ਤਾਂ ਮਰ ਗਏ ਜਾਂ ਉਜੜ ਗਏ। ਕੁਝ ਕੁ ਹਨ ਜਿਹੜੇ ਜ਼ਿੰਦਗੀ ਜੀਣ ਜੋਗੇ ਹੋਏ। ਮੈਂ ਖੁਦ ਨੂੰ ਕਰਮਾਂ ਵਾਲਾ ਮੰਨਦਾ ਹਾਂ ਕਿ ਮੈਂ ਬਚ ਗਿਆ। ਜੇ ਮੁਹਾਣ ਤੋਂ ਪਿਛਾਂਹ ਨਾ ਮੁੜਦਾ ਜਾਂ ਤਾਂ ਪੁਲਸ ਦੀ ਗੋਲੀ ਨਾਲ ਮਾਰਿਆ ਜਾਂਦਾ ਜਾਂ ਹੋਰ ਕੋਈ ਠੋਕ ਦਿੰਦਾ। ਜੇਕਰ ਇੱਧਰੋਂ ਬਚ ਵੀ ਜਾਂਦਾ ਤਾਂ ਨਸ਼ੇ ਰੂਪੀ ਮਿੱਠੇ ਜ਼ਹਿਰ ਨਾਲ ਮੇਰੀ ਮੌਤ ਤੈਅ ਸੀ। ਮਰੇ ਬਾਅਦ ਅੱਵਲ ਤਾਂ ਕਿਸੇ ਯਾਦ ਨਹੀਂ ਸੀ ਕਰਨਾ ਜੇ ਕਰਦਾ ਵੀ ਤਾਂ ਇਹੋ ਕਹਿੰਦਾ "ਕੁੱਤੇ ਦੀ ਮੌਤ ਮਰਿਆ"। ਇਹ ਸੱਚ ਹੈ ਕਿ ਨਸ਼ੇ ਖਾ ਕੇ ਜਾ ਅੱਤਿਆਚਾਰ ਕਰਕੇ ਸੜਕ 'ਤੇ ਮਰਿਆਂ ਨੂੰ ਲੋਕ ਇਹੀ ਮਰਤਬਾ ਦਿੰਦੇ ਹਨ। ਘਰ 'ਚ ਨਸ਼ੇ ਦੀ ਬਹੁਤਾਤ, ਗਲਤ ਸੰਗਤ, ਨਾਂਅ ਚਲਾਉਣ ਦੀ ਲਲਕ ਅਤੇ ਰਾਹ-ਦਸੇਰੇ ਦੀ ਘਾਟ, ਮੈਨੂੰ ਨਸ਼ੇੜੀ ਬਣਾ ਗਈ। ਇਸ ਵਿੱਚ ਅੱਧਾ ਦੋਸ਼ ਮੇਰਾ ਸੀ ਤੇ ਅੱਧਾ ਹਾਲਾਤਾਂ ਦਾ ਵੀ ਪਰ ਵਾਪਸੀ ਤਾਂ ਸਿਰਫ ਮੇਰੇ ਹੱਥ ਸੀ, ਇਹ ਮੈਂ ਕੀਤੀ ਵੀ ਤੇ ਕੀਤੀ ਵੀ ਬਿਨ੍ਹਾਂ ਕਿਸੇ ਸਹਾਰੇ ਤੋਂ। ਕਿਸੇ ਨੇ ਮੇਰੀਆਂ ਲੱਤਾਂ ਨਹੀਂ ਘੁੱਟੀਆਂ ਜਦ ਮੈਂ ਸਮੈਕ ਛੱਡੀ ਕਿਸੇ ਨੇ ਮੈਨੂੰ ਦਿਲਾਸਾ ਨਹੀਂ ਦਿੱਤਾ ਜਦੋਂ ਮੈਂ ਨੇਕੀ ਦਾ ਰਾਹ ਫੜਿਆ ਪਰ ਫੇਰ ਵੀ ਮੈਂ ਕੱਲ੍ਹਾ ਚੱਲਦਾ ਗਿਆ। ਅੱਜ ਵੇਖੋ ਕਾਫ਼ਲਾ ਬਣ ਗਿਆ। ਮੈਂ ਹਾਲੇ ਸ਼ੁਰੂਆਤ ਕੀਤੀ ਹੈ ਅੰਤ ਬਾਕੀ ਹੈ । ਪੜ੍ਹਾਈ ਮੈਂ ਕਰ ਰਿਹਾ ਹਾਂ ਤੇ ਹਾਲੇ ਦਸ ਸਾਲ ਹੋਰ ਕਰਾਂਗਾ। ਪੱਤਰਕਾਰੀ ਤੋਂ ਇਲਾਵਾ ਰੇਡੀਉ 'ਤੇ ਕੰਮ ਕਰ ਰਿਹਾਂ ਹਾਂ ਪਰ ਟੈਲੀਵਿਜ਼ਨ ਦੀ ਦੁਨੀਆਂ ਤੱਕ ਜਾਣ ਦੀ ਤਮੰਨਾ ਹੈ।
ਮੇਰੇ ਸੁਫ਼ਨੇ ਏਨੇ ਕਮਜ਼ੋਰ ਨਹੀਂ ਕਿ ਇਹ ਜਰ੍ਹਾ ਜਿੰਨੀਆਂ ਔਕੜਾਂ ਅੱਗੇ ਗੋਢੇ ਟੇਕ ਜਾਣ ਤੇ ਨਾ ਹੀ ਇਨ੍ਹਾਂ ਖਾਬਾਂ ਨੂੰ ਵੇਖਣ ਵਾਲੀਆਂ ਅੱਖਾਂ ਐਨੀਆਂ ਕਾਇਰ ਹਨ ਕਿ ਮੁਸੀਬਤਾਂ ਦੇ ਤੂਫ਼ਾਨਾਂ ਦੀ ਚੜ੍ਹਾਈ ਨੂੰ ਵੇਖ ਕੇ ਹੰਝੂ ਕੇਰ ਖਲ੍ਹੋਣਗੀਆਂ। ਅੱਜ ਹੌਂਸਲੇ ਦਾ ਪਰਿੰਦਾ ਅਕਾਸ਼ 'ਤੇ ਹੈ ਤੇ ਸੋਚ ਦੀ ਜੜ੍ਹ ਧੁਰ ਪਤਾਲ ਅੰਦਰ। ਇਸ ਦੀ ਇੱਕ ਵਜ੍ਹਾ ਹੈ ਜਜ਼ਬਾ ਤੇ ਨਸ਼ਾ ਉਹ ਘੁਣ ਹੈ ਜੋ ਜਜ਼ਬੇ ਦੇ ਰੁੱਖ ਨੂੰ ਚੱਟ ਜਾਂਦਾ ਹੈ। ਇਸੇ ਲਈ ਹੀ ਨਸ਼ੇੜੀ ਮੌਤ ਮੰਗਣ ਲੱਗ ਪੈਂਦੇ ਹਨ ਜੂਝਣ ਸਮਰੱਥਾ ਇਨ੍ਹਾਂ ਦੀ ਰੱਤ 'ਚੋਂ ਮੁੱਕ ਜਾਂਦੀ ਹੈ। ਨਸ਼ਾ ਹੀ ਉਹ ਧੱਕਾ ਹੈ ਜਿਹੜਾ ਸਾਊ ਮੁੰਡਿਆਂ ਨੂੰ ਵੀ ਜਰਾਇਮ (ਜੁਰਮ) ਦੀ ਦੁਨੀਆਂ 'ਚ ਸੁੱਟ ਦਿੰਦਾ ਹੈ। ਅੱਜ ਬਹੁਤੇ ਗੈਂਗਸਟਰ ਜਾਂ ਅਪਰਾਧੀ ਨਸ਼ੇ ਦੇ ਧੱਕੇ ਹੋਏ ਹੀ ਖੂਨ ਦੀਆਂ ਨਦੀਆਂ 'ਚ ਡਿੱਗੇ ਹਨ। ਅਸਲ 'ਚ ਸਾਡਾ ਸਮਾਜਿਕ ਮਾਹੌਲ ਹੀ ਇਸ ਤਰ੍ਹਾਂ ਦਾ ਹੈ ਕਿ ਸ਼ਰਾਬ-ਭੁੱਕੀ ਜਿਹੇ ਨਸ਼ੇ ਤਾਂ ਅਸੀਂ ਪ੍ਰਵਾਨ ਕਰ ਲਏ ਹਨ। ਮੁੰਡੇ ਜੰਮਣ ਦੀ ਖੁਸ਼ੀ ਹੀ ਨਸ਼ੇ ਵੰਡ ਕੇ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਸਰਦੀ ਹੋਣ ਦੀ ਸੂਰਤ 'ਚ ਵੀ ਜੁਆਕ ਨੂੰ ਚਮਚਿਆਂ ਨਾਲ ਸ਼ਰਾਬ ਪਿਆਈ ਜਾਂਦੀ ਹੈ ਜਾਂ ਕੰਡਾ ਅਫੀਮ ਦਾ ਦਿੱਤਾ ਜਾਂਦਾ
ਹੈ। ਜੇ ਘਰ ਦੀ ਅਲਮਾਰੀ 'ਚ ਬੋਤਲਾਂ ਸਜੀਆਂ ਹੋਣਗੀਆਂ ਤਾਂ ਬੱਚੇ ਦੀ ਮਾਨਸਿਕਤਾ ਦਾ ਉਲਾਰ ਏਧਰ ਜ਼ਰੂਰ ਹੋਵੇਗਾ ਤੇ ਜੇ ਅਲਮਾਰੀ 'ਚ ਕਿਤਾਬਾਂ ਹਨ ਤਾਂ ਬੱਚੇ ਦੀ ਮਾਨਸਿਕਤਾ ਸਾਹਿਤ ਵੱਲ ਬਦੋਬਦੀ ਹੋ ਤੁਰੇਗੀ। ਅੱਜ ਲੋੜ ਅਲਮਾਰੀਆਂ 'ਚੋਂ ਬੋਤਲਾਂ ਸੁੱਟ ਕੇ ਕਿਤਾਬਾਂ ਭਰਨ ਦੀ ਹੈ। ਅਸਲ 'ਚ ਪੰਜਾਬ ਦੀ ਜੁਆਨੀ ਦੀ ਭਟਕਣਾ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਸਾਡਾ ਪੰਜਾਬੀ ਸਮਾਜ ਪੁਸਤਕ ਸਭਿਆਚਾਰ ਤੋਂ ਟੁੱਟਿਆ ਹੋਇਆ ਹੈ। ਸਾਡੇ ਪਿੰਡਾਂ 'ਚ ਫਸਲ ਵੇਚ ਕੇ ਦਾਰੂ ਦੀਆਂ ਪੇਟੀਆਂ ਲਿਜਾਣ ਦੀ ਤਾਂ ਰੀਤ ਹੈ ਪਰ ਘਰ 'ਚ ਇਕ ਕਿਤਾਬ ਲਿਜਾਣ ਦਾ ਰਿਵਾਜ ਨਹੀਂ, ਸ਼ਹਿਰਾਂ 'ਚ ਜਨਮ ਦਿਨ ਅਤੇ ਸਾਲਗਿਰ੍ਹਾ 'ਤੇ ਪਲਾਸਟਿਕ ਦੇ ਫੁੱਲ ਦੇਣ ਦਾ ਦਸਤੂਰ ਤਾਂ ਨਿਭਦਾ ਹੈ ਪਰ ਕਿਤਾਬਾਂ ਦੇ ਅਦਾਨ- ਪ੍ਰਦਾਨ ਦੀ ਰਸਮ ਨਹੀਂ ਹੈ। ਜ਼ਿੰਦਗੀ ਦੇ ਨੇੜੇ ਜਾਣ ਲਈ ਸਾਨੂੰ ਕਿਤਾਬਾਂ ਦੇ ਨੇੜੇ ਜਾਣਾ ਪਵੇਗਾ। ਜੇ ਮੈਂ ਕਿਤਾਬਾਂ ਦੇ ਲੜ ਨਾ ਲੱਗਦਾ ਤਾਂ ਸ਼ਾਇਦ ਮੈਂ ਕਦੇ ਵੀ ਨਸ਼ੇ ਦੇ ਖੂਹ 'ਚੋਂ ਬਾਹਰ ਝਾਕ ਹੀ ਨਾ ਸਕਦਾ ਨਿਕਲਣਾ ਤਾਂ ਬੜੀ ਦੂਰ ਦੀ ਕੌਡੀ ਸੀ। ਕਿਤਾਬਾਂ ਨੇ ਜ਼ਿੰਦਗੀ ਬਖ਼ਸ਼ੀ, ਕਿਤਾਬਾਂ ਨੇ ਗਿਆਨ ਰੂਪੀ ਅਮ੍ਰਿਤ ਦਿੱਤਾ। ਅਸੀਂ ਪੰਜਾਬ ਦੀ ਜਵਾਨੀ ਬਾਰੇ ਤਾਂ ਚਿੰਤਾ ਕਰਦੇ ਹਾਂ ਪਰ ਇਹ ਚਿੰਤਾ ਕਰਨ ਤੋਂ ਬਾਅਦ ਖੁਦ ਪੈਗ ਲਾ ਲੈਨੇ ਆਂ, ਇਹੀ ਸਾਡੀ ਪੀੜ੍ਹੀ ਦਾ ਸਭ ਤੋਂ ਵੱਡਾ ਨੁਕਸ ਹੈ। ਅਸੀਂ ਖੁਦ ਨਸ਼ਾ ਮੁਕਤ ਨਹੀਂ ਹੋਣਾ ਚਾਹੁੰਦੇ ਪਰ ਬੱਚਿਆਂ ਲਈ ਫ਼ਿਕਰਮੰਦ ਹਾਂ। ਪਹਿਲਾਂ ਸਾਨੂੰ ਆਪ ਨਸ਼ਾ ਮੁਕਤ ਹੋਣਾ ਪਵੇਗਾ ਤਾਂ ਜੋ ਘਰ ਨਸ਼ਾ ਮੁਕਤ ਹੋਵੇ ਤੇ ਉਸ ਘਰ 'ਚ ਪਲਿਆ ਬੱਚਾ ਅੱਗੇ ਚੱਲ ਕੇ ਨਸ਼ਾ ਮੁਕਤ ਰਹੇ।
ਮੇਰੀ ਜਾਚੇ ਜਵਾਨੀ 'ਚ ਨਸ਼ਾ ਲੱਗਣ ਦੇ ਮੁੱਖ ਕਾਰਨ ਸਮਾਜ, ਸਾਜਿਸ਼, ਸੰਗਤ ਤੇ ਸ਼ੌਂਕ ਹਨ। ਮੇਰੇ ਵਰਗਿਆਂ ਨੂੰ ਮਾਹੌਲ ਲੈ ਡੁੱਬਦਾ ਹੈ। ਅਮੀਰ ਘਰਾਂ ਦੇ ਬੱਚਿਆਂ ਨੂੰ ਅੱਜਕੱਲ੍ਹ ਤੱਸਕਰ ਸਾਜ਼ਿਸ਼ ਨਾਲ ਨਿਸ਼ਾਨਾ ਬਣਾ ਰਹੇ ਹਨ। ਸੰਗਤ ਬਾਰੇ ਤਾਂ ਸਿਆਣਿਆਂ ਨੇ ਬਹੁਤ ਪਹਿਲਾਂ ਅਗਾਹ ਕਰ ਦਿੱਤਾ ਸੀ ਕਿ "ਸਤ ਸੰਗਤ ਪਾਰ ਕਰੋ ਖੋਟੀ ਸੰਗਤ ਡੋਬਦੀ ਬੇੜੇ" ਮਾੜੇ ਸਾਥੀ ਦਾ ਸੰਗ ਜਿਸ ਨੇ ਕਰ ਲਿਆ ਉਸ ਨੂੰ ਦੁਸ਼ਮਨਾਂ ਦੀ ਲੋੜ ਨਹੀਂ। ਸਭ ਤੋਂ ਜ਼ਰੂਰੀ ਹੈ ਚੰਗੇ ਦਾ ਸਾਥ ਕਰਨਾ। ਯਾਰ ਉਹੀ ਹੈ ਜੋ ਪੀਣ ਵੇਲੇ ਗੁੱਟ ਫੜੇ ਕਿ ਨਾ ਪੀ ਜਿਹੜਾ ਪੰਨੀਆਂ 'ਤੇ ਪਾ ਪਾ ਕੇ ਸਮੈਕ ਦੇਵੇ ਉਹ ਯਾਰ ਨਹੀਂ ਤੁਹਾਡਾ 'ਕਾਲ' ਹੈ। ਮੈਂ ਆਵਦੀ ਜ਼ਿੰਦਗੀ 'ਚ ਐਸੇ ਵੀ ਮੁੰਡੇ ਵੇਖੇ ਜੋ ਸਿਰਫ਼ ਸ਼ੌਂਕ ਨਾਲ ਨਸ਼ੇੜੀ ਬਣੇ। ਕਿਸੇ ਨੂੰ ਜਨਾਨੀਬਾਜ਼ੀ ਲੈ ਬੈਠੀ ਤੇ ਕੋਈ ਆਈਡਲ (ਆਦਰਸ਼ ਸਾਡੇ ਜਿਹੇ ਨਸ਼ੇੜੀਆਂ ਨੂੰ ਬਣਾ ਬੈਠਾ। ਜਿਸ ਤਰ੍ਹਾਂ ਦੇ ਤੁਹਾਡੇ ਆਈਡਲ ਹੋਣਗੇ ਉਸ ਤਰ੍ਹਾਂ ਦੀ ਤੁਹਾਡੇ ਵਿਚਾਰਾਂ ਦੀ ਬਣਤਰ ਹੋਵੇਗੀ। ਵਿਚਾਰ ਹੀ ਅੱਛਾਈ ਅਤੇ ਬੁਰਾਈ ਦਾ ਜਨਮਦਾਤਾ ਹੈ। ਗ਼ਲਤ ਬੰਦਿਆਂ ਨੂੰ ਆਈਡਲ ਬਣਾ ਕੇ ਮੈਂ ਸਰਦਾਰਾਂ ਦੇ ਮੁੰਡੇ ਕੰਗਾਲ ਹੁੰਦੇ ਵੇਖੇ। ਇੱਕ ਤਾਂ ਮੇਰਾ ਦੋਸਤ ਹੀ ਸੀ ਜੋ 32 ਕਿੱਲ੍ਹਿਆਂ ਤੋਂ 6 ਕਿੱਲ੍ਹਿਆਂ 'ਤੇ ਆ ਗਿਆ। ਅੱਜ ਪੰਜਾਬ ਦੀਆਂ ਸੜਕਾਂ 'ਤੇ ਖੂਨ ਵਹਾ ਰਹੇ ਗੈਂਗਸਟਰ ਕੌਣ ਹਨ? ਉਹ ਹਨ ਜਿੰਨ੍ਹਾਂ ਆਪਣੇ ਆਈਡਲ ਗਲਤ ਚੁਣੇ ਤੇ ਅਫ਼ਸੋਸ ਅੱਗੇ ਅੱਜ ਦੀ ਪੀੜ੍ਹੀ ਇਨ੍ਹਾਂ ਨੂੰ ਹੀ ਆਈਡਲ ਬਣਾ ਬੈਠੀ ਹੈ। ਅੱਜ ਲੋੜ ਆਪਣੇ ਘਰ ਬਚਾਉਣ ਦੇ ਨਾਲ-ਨਾਲ ਗਵਾਂਢੀਆਂ ਦੇ ਘਰ ਵੀ ਬਚਾਉਣ ਦੀ ਹੈ। ਜੇ ਸਾਡਾ ਘਰ ਨਸ਼ਾ ਮੁਕਤ ਹੈ ਤਾਂ ਤੁਸੀਂ ਅਵੇਸਲੇ ਨਹੀਂ ਹੋ ਸਕਦੇ ਕਿਉਂਕਿ 'ਮਿੱਠੀ ਮੌਤ' ਕਦੇ ਵੀ ਕੰਧ ਟੱਪ ਕੇ ਤੁਹਾਡੇ ਘਰ ਆ ਸਕਦੀ ਹੈ। ਇਸ ਲਈ ਲੋੜ ਖੁਦ ਦੇ ਘਰ ਨੂੰ ਸਾਫ਼ ਰੱਖਣ ਦੀ ਤਾਂ ਹੀ ਨਾਲ ਹੀ ਦੂਜਿਆਂ ਨੂੰ ' ਵੀ ਜਾਗਰੂਕ ਕਰਨ ਦੀ ਹੈ ਤੇ ਜੋ
ਲੜਾਈ ਰਲ ਕੇ ਲੜੀ ਜਾਵੇ ਤਾਂ ਫ਼ਤਿਹ ਵੱਟ 'ਤੇ ਪਈ ਹੈ ਕਿਉਂਕਿ ਦੀਪ ਦੀਪ ਬਾਲੀਏ ਦੀਵਾਲੀ ਬਣ ਜਾਂਦੀ ਐ। ਕੋਈ ਵੀ ਬੁਰਾਈ ਨਾ ਪਲਾਂ 'ਚ ਆਉਂਦੀ ਹੈ ਤੇ ਨਾ ਸਕਿੰਟਾਂ 'ਚ ਜਾਂਦੀ ਹੈ। ਇਕ ਬੁਰਾਈ ਨੂੰ ਪਨਪਦਿਆਂ ਵੀ ਸਮਾਂ ਲੱਗਦਾ ਹੈ ਤੇ ਮਿਟਦਿਆਂ ਵੀ ਪਰ ਬੁਰਾਈ ਮਿਟੇਗੀ ਹਿੰਮਤ ਨਾਲ ਹੱਲੇ ਨਾਲ । ਅੱਜ ਉਹ ਘਰ ਵੀ ਵੇਖ ਰਿਹਾ ਹਾਂ ਜਿੰਨ੍ਹਾਂ ਦੇ ਸਾਈਆਂ ਨੇ ਕਿੱਲ੍ਹਿਆਂ ਦੇ ਕਿੱਲ੍ਹੇ ਠੇਕੇ ਵਾਲੀ ਮੋਰੀ 'ਚੋਂ ਕੱਢ ਦਿੱਤੇ ਪਰ ਅਗਾਂਹ ਉਨ੍ਹਾਂ ਦੇ ਫ਼ਰਜ਼ੰਦ ਅਮ੍ਰਿਤਧਾਰੀ ਹਨ। ਇਹ ਸ਼ੁਭ ਸੰਕੇਤ ਹੈ ਕਿ ਹਸ਼ਰ ਵੇਖ ਕੇ ਸਬਕ ਲਿਆ ਜਾ ਰਿਹਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਭ ਕੁਝ ਠੀਕ ਹੋ ਰਿਹਾ ਹੈ। ਇਹ ਸਿਰਫ਼ ਹਨੇਰਿਆਂ 'ਚ ਕਿਰਨ ਹੈ ਸਵੇਰ ਦਾ ਚੜ੍ਹਨਾ ਹਾਲੇ ਬਾਕੀ ਹੈ। ਇਹ ਇੱਕ ਜੰਗ ਹੈ ਜਿਸ ਵਿੱਚ ਹਰ ਕੋਈ ਸਹਿਯੋਗ ਪਾਵੇ ਤਾਂ ਜਿੱਤ ਮਿਲਣੀ ਹੈ। ਜੇ ਕਿਸੇ ਕੋਲ ਕਲਮ ਹੈ ਤਾਂ ਉਹ ਕਲਮ ਨਾਲ ਜੇ ਕਿਸੇ ਕੋਲ ਹੋਰ ਕਲਾ ਹੈ ਤਾਂ ਉਹ ਓਸ ਕਲਾ ਰਾਹੀਂ ਹਿੱਸਾ ਪਾਵੇ। ਇਹ ਲੜਾਈ ਹੀ ਜਾਗਰੂਕਤਾ ਦੀ ਹੈ ਕਿਉਂਕਿ ਜੇਕਰ ਖ਼ਪਤ ਖ਼ਤਮ ਹੋ ਗਈ ਵਪਾਰੀ ਆਪੇ ਮਰ ਜਾਣਗੇ ਉਨ੍ਹਾਂ ਲਈ ਬਾਰਡਰਾਂ 'ਤੇ ਧਰਨਿਆਂ ਦੇ ਵਿਖਾਵਿਆਂ ਦੀ ਲੋੜ ਨਹੀਂ। ਲੋੜ ਜਾਗਰੂਕਤਾ ਦੇ ਨਾਲ-ਨਾਲ ਸਮਾਜਿਕ ਨਜ਼ਰੀਆ ਬਦਲਣ ਦੀ ਵੀ ਹੈ ਕਿਉਂਕ ਸਾਡੇ ਸਮਾਜ ਵਿੱਚ ਨਸ਼ੇੜੀਆਂ ਨੂੰ ਇਨਸਾਨ ਨਹੀਂ ਮਰੇ ਸੱਪ ਸਮਝਿਆ ਜਾਂਦਾ। ਅਪਰਾਧੀਆਂ ਪ੍ਰਤੀ ਵੀ ਸਮਾਜ ਦੀਆਂ ਅੱਖਾਂ 'ਚ ਘ੍ਰਿਣਾ ਭਰੀ ਹੁੰਦੀ ਹੈ ਜਦਕਿ ਹਰ ਨਸ਼ੇੜੀ ਹਰ ਅਪਰਾਧੀ ਦੀ ਕਹਾਣੀ ਆਪਣੇ-ਆਪ 'ਚ ਇਕ ਸਿੱਖਿਆ ਸਮੋਈ ਬੈਠੀ ਹੁੰਦੀ ਹੈ। ਜੇ ਤ੍ਰਿਸਕਾਰ ਦੀ ਥਾਂ ਇਨ੍ਹਾਂ ਨੂੰ ਪਿਆਰ ਕੀਤਾ ਜਾਵੇ ਤਾਂ ਨਾ ਸਿਰਫ ਇਨ੍ਹਾਂ ਨੂੰ ਸੁਧਾਰਿਆ ਜਾ ਸਕਦਾ ਹੈ ਬਲਕਿ ਜਵਾਨੀ ਦੀ ਦਹਿਲੀਜ਼ 'ਤੇ ਖੜ੍ਹੀ ਪੀੜ੍ਹੀ ਲਈ ਮਿਸਾਲ ਵੀ ਰੱਖੀ ਜਾ ਸਕਦੀ ਹੈ। ਪਰ ਅਫ਼ਸੋਸ ਅਸੀਂ ਨਸ਼ੇੜੀ ਜਾਂ ਅਪਰਾਧੀ ਨੂੰ ਇਨਸਾਨ ਦੀ ਅੱਖ ਨਾਲ ਵੇਖਦੇ ਹੀ ਨਹੀਂ। ਇਹੀ ਨਫ਼ਰਤ ਉਨ੍ਹਾਂ ਨੂੰ ਸੁਧਾਰ ਦੇ ਰਾਹ ਨਹੀਂ ਪੈਣ ਦਿੰਦੀ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਇਹ ਦੁਨੀਆਂ ਕਦੇ ਉਨ੍ਹਾਂ ਨੂੰ ਅਪਣਾਏਗੀ ਨਹੀਂ। ਮੈਂ ਵੀ ਸਾਲਾਂ ਤੱਕ ਮੋਢਾ ਤਲਾਸ਼ਦਾ ਰਿਹਾ ਪਰ ਰੋਣ ਲਈ ਕੋਈ ਮੋਢਾ ਨਹੀਂ ਮਿਲਿਆ। ਇਹ ਸ਼ਾਇਦ ਸਮਾਜ ਦਾ ਵਤੀਰਾ ਸੀ ਪਰ ਬੇਸ਼ੱਕ ਸਮਾਜ ਨੇ ਮੈਨੂੰ ਆਪਣਾ ਨਹੀਂ ਸਮਝਿਆ ਪ੍ਰੰਤੂ ਮੈਂ ਸਮਾਜ ਨੂੰ ਆਪਣਾ ਸਮਝ ਲਿਆ। ਅੱਜ ਮੈਂ ਆਪਣੇ ਘਰ ਲਈ ਸਿਰਫ਼ ਕੁਝ ਮਿੰਟ ਕੱਢਦਾ ਹਾਂ ਜਦਕਿ ਸਮਾਜ ਲਈ ਮੇਰੇ ਦਿਨ 'ਚ 18 ਘੰਟੇ ਹੁੰਦੇ ਹਨ। ਸਮਾਜ ਨੂੰ ਨਸ਼ੇੜੀ-ਅਪਰਾਧੀ ਦਾ ਤ੍ਰਿਸਕਾਰ ਨਹੀਂ ਕਰਨਾ ਚਾਹੀਦਾ ਸਗੋਂ ਸਮਾਜ ਦਾ ਫਰਜ ਹੈ ਉਹ ਇਨ੍ਹਾਂ ਲਈ ਹੱਥ ਵਧਾਏ ਤਾਂ ਜੋ ਇਹ ਕਾਲੀ ਦਲਦਲ 'ਚੋਂ ਬਾਹਰ ਨਿਕਲ ਸਕਣ। ਕੋਈ ਲੱਖ ਦਰਜੇ ਦਾ ਨਸ਼ੇੜੀ ਹੋਵੇ ਕੋਈ ਜਿੰਨ੍ਹਾਂ ਮਰਜ਼ੀ ਕਰੂਰ ਅਪਰਾਧੀ ਹੋਵੇ ਪਰ ਹੈ ਤਾਂ ਉਹ ਇਨਸਾਨ ਤੇ ਇਨਸਾਨ ਬਦਲਦਿਆਂ ਸਿਰਫ ਏਨੀ ਕੁ ਦੇਰ ਲੱਗਦੀ ਹੈ ਜਿੰਨ੍ਹੀ ਜ਼ਿੰਦਗੀ ਨੂੰ ਮੌਤ 'ਚ ਬਦਲਦਿਆਂ ਤੇ ਮੌਤ ਦੇ ਮੂੰਹ 'ਚੋਂ ਬਚਦਿਆਂ। ਬਦਲਾਅ ਦੀ ਖੇਡ ਵੀ ਇਕਦਮੀ ਹੈ। ਇਸ ਲਈ ਸਭ ਤੋਂ ਜ਼ਰੂਰੀ ਹੈ ਨਸ਼ੇੜੀ ਨਾਲ ਹਮਦਰਦੀ ਰੱਖਣ ਦੀ, ਉਸ ਨੂੰ ਪਿਆਰ ਦੇਣ ਦੀ, ਪਰ ਹੋ ਇਸ ਤੋਂ ਉਲਟ ਰਿਹਾ ਹੈ ਮਾਪੇ ਅਤੇ ਭੈਣ-ਭਰਾ ਵੀ ਨਸ਼ੇੜੀ ਨੂੰ ਮਨਾਂ 'ਚੋਂ ਮਾਰ ਦਿੰਦੇ ਹਨ। ਇਹ ਇੰਝ ਹੈ ਜਿਵੇਂ ਕਿਸੇ ਨੱਕ ਤੱਕ ਡੁੱਬ ਚੁੱਕੇ ਦੇ ਸਿਰ 'ਚ ਘੜਿਆਂ ਨਾਲ ਮਣਾਂ-ਮੂੰਹੀਂ ਹੋਰ ਪਾਣੀ ਪਾ ਦੇਣਾ। ਸੁਧਾਰ ਪਿਆਰ 'ਚੋਂ ਪਨਪਦਾ ਹੈ।
ਅਪੀਲ
ਸੰਦੇਸ਼ ਵਿਦਵਾਨ ਦਿੰਦੇ ਹਨ ਮੇਰੇ ਵਰਗਾ ਤੁਛ ਤਾਂ ਅਪੀਲ ਹੀ ਕਰ ਸਕਦੈ। ਇਹ ਅਪੀਲ ਉਨ੍ਹਾਂ ਦੇ ਚਰਨਾਂ 'ਚ ਹੈ ਜੋ ਜ਼ਿੰਦਗੀ ਦੇ ਹਸੀਨ ਪੰਥ ਤੋਂ ਭਟਕ ਕੇ ਨਸ਼ੇ ਦੀਆਂ ਕਾਲੀਆਂ ਵਾਦੀਆਂ 'ਚ ਖੋਹ ਗਏ । ਦੋਸਤੋ। ਕੁਝ ਖ਼ਤਮ ਨਹੀਂ ਹੁੰਦਾ ਜਿੰਨ੍ਹਾ ਚਿਰ ਸਾਹਾਂ ਦਾ ਖ਼ਜਾਨਾ ਨਹੀਂ ਮੁੱਕਦਾ। ਨਸ਼ੇ ਦਾ ਸਫ਼ਰ ਸਰੂਰ ਤੋਂ ਸ਼ੁਰੂ ਹੋ ਕੇ ਤੜਫ਼ 'ਤੇ ਖ਼ਤਮ ਹੁੰਦਾ ਹੈ। ਨਸ਼ਾ ਕਰਨ 'ਤੇ ਪਹਿਲਾਂ-ਪਹਿਲ ਦੁਨੀਆਂ ਰੰਗੀਨ ਲੱਗਦੀ ਹੈ ਪਰ ਜਲਦੀ ਹੀ ਰੰਗੀਨੀਅਤ ਕਾਲਖਾਂ 'ਚ ਤਬਦੀਲ ਹੋ ਜਾਂਦੀ ਹੈ।
ਹਿੰਮਤ ਹਾਰੀਆਂ ਹੋਈਆਂ ਬਾਜ਼ੀਆਂ ਨੂੰ ਪਲਟਾ ਦਿੰਦੀ ਐ। ਜੇਕਰ ਲੜਖੜਾ ਗਏ ਹੋ ਤਾਂ ਇਸ ਨੂੰ ਆਪਣੀ ਤਕਦੀਰ ਨਾ ਮੰਨੋ। ਹਾਲਾਤ ਬਦਲ ਜਾਂਦੇ ਹਨ ਲੋੜ ਸਿਰਫ਼ ਕੋਸ਼ਿਸ਼ ਦੀ ਹੈ ਕਿਉਂਕਿ ਕੋਸ਼ਿਸ਼ਾਂ 'ਚੋਂ ਹੀ ਸਫ਼ਲਤਾ ਉਪਜਦੀ ਹੈ। ਢੇਰੀ ਨਾ ਢਾਹੋ, ਜੇ ਅੱਜ ਤੁਸੀਂ ਨਸ਼ੇ ਦੇ ਗੁਲਾਮ ਹੋ ਜਾਂ ਕਿਸੇ ਕਾਰਨ ਗੁਨਾਹ ਦੇ ਰਾਹ 'ਤੇ ਤੁਰ ਪਏ ਹੋ। ਇੱਕ ਉਡਾਰੀ ਰੂਹ ਨਾਲ ਭਰੋ ਅਕਾਸ਼ ਝੁਕ ਜਾਵੇਗਾ। ਪਚਸਚਾਤਾਪ ਦੇ ਜਲ 'ਚ ਇਸ਼ਨਾਨ ਕਰਕੇ ਦਰਿੰਦੇ ਦੇਵ ਪੁਰਸ਼ ਹੋ ਜਾਂਦੇ ਹਨ। ਨਸ਼ੇ 'ਤੇ ਲੱਗਣ ਦੇ ਜੁਰਮ 'ਚ ਡਿੱਗਣ ਦੇ ਬੜੇ ਕਾਰਨ ਹੋ ਸਕਦੇ ਹਨ ਪਰ ਛੱਡਣ ਲਈ ਸਿਰਫ਼ ਇੱਕ ਹੀ ਕਾਰਨ ਵਾਧੂ ਹੈ। ਇਹ ਇਕ ਕਾਰਨ ਤੁਹਾਡੀ ਪਕੜ 'ਚ ਤਾਂ ਆਵੇਗਾ ਜੇ ਤੁਸੀਂ ਖੁਦ ਨੂੰ ਖੋਜੋਗੇ। ਖੁਦ ਦੀ ਖੋਜ ਜ਼ਿੰਦਗੀ ਲਈ ਰਾਹ ਬਣਾ ਦਿੰਦੀ ਹੈ। ਖੁਦ ਨੂੰ ਖੋਜੋ ਕਿ ਕੌਣ ਹੋ ਤੁਸੀਂ ਤੇ ਇਸ ਧਰਤੀ 'ਤੇ ਕਿਉਂ ਆਏ? ਕੀ ਨਾਲੀਆਂ 'ਚ ਡਿੱਗੇ ਰਹਿਣ ਲਈ ਮਾਂ ਨੇ ਤੁਹਾਨੂੰ ਗਰਭ 'ਚ ਰੱਖ ਕੇ ਪੀੜਾਂ ਜਰੀਆਂ? ਕੀ ਲੋਕਾਂ ਦੀਆਂ ਲਾਹਨਤਾਂ ਲਈ ਤੁਹਾਡੇ ਬਾਪ ਨੇ ਤੁਹਾਡੀ ਗੰਦਗੀ ਸਾਫ਼ ਕੀਤੀ? ਨਹੀਂ, ਉਨ੍ਹਾਂ ਨੇ ਪੈਦਾ ਕੀਤਾ ਸੀ ਤਾਂ ਕਿ ਤੁਸੀਂ ਉਨ੍ਹਾਂ ਦੇ ਉਹ ਖਾਬ ਪੂਰੇ ਕਰ ਸਕੋ ਜੋ ਉਹ ਆਪ ਨਹੀਂ ਕਰ ਪਾਏ। ਮਾਂ-ਬਾਪ ਨੂੰ ਆਸ ਹੁੰਦੀ ਹੈ ਕਿ ਬੱਚਾ ਵੱਡਾ ਹੋ ਕੇ ਸਾਡੀ ਓਸ ਸੇਵਾ ਦਾ ਮੁੱਲ ਮੋੜੇਗਾ ਜਿਹੜੀ ਉਨ੍ਹਾਂ ਉਸ ਵੇਲੇ ਬੱਚੇ ਦੀ ਕੀਤੀ ਹੁੰਦੀ ਹੈ ਜਦੋਂ ਉਹ ਜੀਵਨ ਦੇ ਸ਼ੁਰੂਆਤੀ ਪੜਾਅ 'ਚ ਲਾਚਾਰੀ ਭੋਗ ਰਿਹਾ ਹੁੰਦਾ ਹੈ। ਜੇ ਉਮਰ ਦੇ ਆਖਰੀ ਪੜਾਅ 'ਚ ਮਾਂ-ਬਾਪ ਨੂੰ ਨਸ਼ੇੜੀ ਪੁੱਤ ਦੇ ਤਨ ਤੋਂ ਨਾਲੀਆਂ ਦੀ ਗੰਦਗੀ ਸਾਫ਼ ਕਰਨੀ ਪਵੇ ਤਾਂ ਫੇਰ ਇਹ ਜਵਾਨੀ ਨਹੀਂ ਲਾਹਨਤ ਹੈ। ਮਾਂ-ਬਾਪ ਦੀ ਆਸ ਪੁੱਤਰਾਂ ਦੇ ਮੋਢਿਆਂ 'ਤੇ ਆਖ਼ਰੀ ਯਾਤਰਾ ਕਰਨ ਦੀ ਹੁੰਦੀ ਹੈ ਤੇ ਜੇ ਨਸ਼ੇੜੀ ਜਾਂ ਬਦਮਾਸ਼ ਪੁੱਤ ਦੀ ਲਾਸ਼ ਬੁੱਢੇ ਮੋਢਿਆਂ ਨੂੰ ਢੋਹਣੀ ਪੈ ਜਾਵੇ ਤਾਂ ਇਹ ਕਹਿਰ ਹੈ, ਇਹ ਧ੍ਰੋਹ ਹੈ। ਨਸ਼ਾ ਖੁਸ਼ੀਆਂ, ਉਮੀਦਾਂ, ਬਹਾਰਾਂ ਦਾ ਨਾਸ਼ ਹੈ।
ਕੁਝ ਨਹੀਂ ਹੁੰਦਾ ਹੌਸਲਾ ਕਰਨ ਦੀ ਜ਼ਰੂਰਤ ਹੈ। ਮੈਂ ਹਰੇਕ ਨਸ਼ਾ ਛੱਡਿਆ ਹੈ। 72 ਘੰਟਿਆਂ ਬਾਅਦ ਸਰੀਰ ਦੀ ਤਕਲੀਫ਼ ਘੱਟਣੀ ਸ਼ੁਰੂ ਹੋ ਜਾਂਦੀ ਹੈ। ਮੈਂ ਕੋਈ ਡਾਕਟਰ ਨਹੀਂ ਹਾਂ ਪਰ ਨਸ਼ੇ ਦੇ ਮਾਮਲੇ 'ਚ ਤਜਰਬਾ ਬੜਾ ਵੱਡਾ ਹੈ। ਨਸ਼ਾ ਛੱਡਣ ਤੋਂ ਪਹਿਲਾਂ ਚੰਗੀਆਂ ਕਿਤਾਬਾਂ ਪੜ੍ਹਕੇ ਮਾਨਸਿਕ ਰੂਪ 'ਚ ਖੁਦ ਨੂੰ ਤਿਆਰ ਕਰ ਲਉ। ਆਪਣਾ ਇਕ ਸ਼ਡਿਊਲ ਬਣਾ ਲਉ ਜਿਸ ਵਿੱਚ ਤੁਸੀਂ ਵੱਧ ਤੋਂ ਵੱਧ ਰੁੱਝੇ
ਰਹੋ। ਉਬਾਸੀਆਂ ਆਉਣੀਆਂ, ਲੱਤਾਂ ਟੁੱਟਣੀਆਂ, ਨੀਂਦ ਨਾ ਆਉਣੀ, ਦਸਤ ਲੱਗਣੇ ਇਹ ਕੁਝ ਸਮੇਂ ਲਈ ਤਕਲੀਫ਼ ਹੈ ਪਰ ਇਸ ਤੋਂ ਬਾਅਦ ਜੋ ਨਸ਼ਾ ਰਹਿਤ ਹੋਣ ਦੀ ਸੰਤੁਸ਼ਟੀ ਹੈ ਉਸ ਦਾ ਸਕੂਨ ਹੀ ਵੱਖਰਾ ਹੈ। ਨਸ਼ਾ ਛੱਡਣ ਵੇਲੇ ਕੋਸ਼ਿਸ਼ ਕਰੋ ਪਸੀਨਾ ਵੱਧ ਤੋਂ ਵੱਧ ਆਵੇ ਤੇ ਠੰਡੇ ਪਾਣੀ ਨਾਲ ਥੋੜ੍ਹੇ ਥੋੜ੍ਹੇ ਵਕਫੇ ਤੋਂ ਨਹਾਉਂਦੇ ਰਹੋ। ਲੱਸੀ ਵੱਧ ਤੋਂ ਵੱਧ ਪੀਓ ਰੋਟੀ ਬਿਲਕੁਲ ਘੱਟ ਕਰ ਦਿਉ। ਸਰੀਰ ਦੀ ਮਾਲਸ਼ ਸਰੋਂ ਦੇ ਤੇਲ ਨਾਲ ਕਰਵਾਓ। ਸਭ ਤੋਂ ਜ਼ਰੂਰੀ ਹੈ ਕਿ ਸੋਚ ਨੂੰ ਸਾਕਰਾਤਮਕ ਰੱਖੋ ਧਿਆਨ ਨੂੰ ਭਟਕਣ ਤੋਂ ਬਚਾਉਣ ਲਈ ਖੁਦ ਨੂੰ ਖਾਲ੍ਹੀ ਨਾ ਰਹਿਣ ਦਿਉ। ਉਸ ਇਨਸਾਨ ਨੂੰ ਆਪਣੇ ਕੋਲ ਬੁਲਾ ਲਓ ਜਿਸ ਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ ਜਾਂ ਜੋ ਤੁਹਾਡਾ ਵਿਚਾਰਕ ਹਾਣੀ ਹੋਵੇ। ਜ਼ਿਆਦਾ ਤਕਲੀਫ਼ ਹੋਵੇ ਤਾਂ ਕਿਸੇ ਡਾਟਕਰ ਦੀ ਸਲਾਹ ਨਾਲ ਦਵਾਈ ਲਈ ਜਾ ਸਕਦੀ ਹੈ। ਅੱਜ ਬਾਜ਼ਾਰ 'ਚ ਕਾਫ਼ੀ ਅਸਰਕਾਰਕ ਦਵਾਈਆਂ ਮੌਜੂਦ ਹਨ ਜੋ ਨਸ਼ੇ ਦੀ ਤੋੜ ਨੂੰ ਘੱਟ ਕਰ ਦਿੰਦੀਆਂ ਹਨ। ਦੋ-ਤਿੰਨ ਦਿਨ ਬਾਅਦ ਜਿਵੇਂ ਹੀ ਤੁਸੀ ਥੋੜ੍ਹਾ ਚੈਨ ਪਾਉ ਤਾਂ ਪੜ੍ਹਨਾ-ਲਿਖਣਾ ਸ਼ੁਰੂ ਕਰੋ। ਹੋ ਸਕੇ ਤਾਂ ਨਸ਼ਾ ਛੱਡਣ ਦੌਰਾਨ ਹੋਣ ਵਾਲੀਆਂ ਤਕਲੀਫ਼ਾਂ ਦਾ ਤਜਰਬਾ ਜ਼ਰੂਰ ਲਿਖੋ ਤਾਂ ਜੋ ਬਾਅਦ 'ਚ ਤੁਸੀਂ ਇਨ੍ਹਾਂ ਦਾ ਵਿਸ਼ਲੇਸ਼ਣ ਕਰ ਸਕੋ। ਇੰਝ ਕਰਨ ਨਾਲ ਤੁਸੀਂ ਦੁਬਾਰਾ ਨਸ਼ੇ ਲੜ ਲੱਗਣ ਤੋਂ ਬਚੇ ਰਹਿ ਸਕਦੇ ਹੋ। ਪ੍ਰੇਰਣਾ ਦੇਣ ਵਾਲੀਆਂ ਕਿਤਾਬਾਂ ਦੇ ਨਾਲ- ਨਾਲ ਟੈਲੀਵਿਜ਼ਨ 'ਤੇ ਚੰਗੇ ਪ੍ਰੋਗਰਾਮ ਜਾਂ ਮਿਆਰੀ ਫਿਲਮਾਂ ਵੀ ਵੇਖੋ। ਅਸ਼ਲੀਲ ਅਤੇ ਗੈਰ-ਮਿਆਰੀ ਸਾਹਿਤ ਤੋਂ ਦੂਰੀ ਰੱਖੋ। ਇਕ ਨੁਕਤਾ ਸਭ ਤੋਂ ਜ਼ਰੂਰੀ ਹੈ ਕਿ ਨਸ਼ੇ ਦੇ ਨਾਲ ਨਸ਼ੇੜੀਆਂ ਦੀ ਸੰਗਤ ਵੀ ਛੱਡ ਦਿਉ ਹਾਂ ਉਨ੍ਹਾਂ ਨੂੰ ਪ੍ਰੇਰਿਤ ਨਿਰੰਤਰ ਕਰਦੇ ਰਹੋ। ਖਾਸ ਤੌਰ 'ਤੇ ਉਸ ਸਪਲਾਇਰ ਨਾਲ ਨਾਤਾ ਤੋੜ ਦਿਉ ਜਿਸ ਤੋਂ ਤੁਸੀਂ ਨਸ਼ਾ ਲੈਂਦੇ ਰਹੇ ਹੋ ਕਿਉਂਕਿ ਵਪਾਰੀ ਕਦੇ ਨਹੀਂ ਚਾਹੁੰਦਾ ਕਿ ਉਸ ਦਾ ਗਾਹਕ 'ਮਰੇ'। ਮੈਨੂੰ ਬਹੁਤ ਸਾਰੇ ਦੋਸਤਾਂ ਦੇ ਵਿਦੇਸ਼ 'ਚੋਂ ਵੀ ਫੋਨ ਆਉਂਦੇ ਹਨ ਜੋ ਪੰਜਾਬ 'ਚੋਂ ਤਾਂ ਬੱਚਕੇ ਚਲੇ ਗਏ ਪਰ ਵਿਦੇਸ਼ 'ਚ ਜਾ ਕੇ ਨਸ਼ੇ ਦੇ ਮੱਕੜਜਾਲ 'ਚ ਫਸ ਗਏ। ਅਜਿਹੇ ਦੋਸਤਾਂ ਨੂੰ ਮੇਰੀ ਇਕ ਹੀ ਸਲਾਹ ਹੁੰਦੀ ਹੈ ਕਿ ਤੁਸੀਂ ਤਾਂ ਸਮਝਾਉਣ ਵਾਲਿਆਂ 'ਚੋਂ ਹੋ ਖੁਦ ਬੇਸਮਝ ਨਾ ਬਣੋ ਤੇ ਇਸ ਕੋਹੜ ਨੂੰ ਛੱਡਣ ਲਈ ਸਮਾਂ ਕੱਢ ਨਹੀਂ ਤਾਂ ਪੰਜਾਬ ਆਵਦਾ ਫ਼ਿਕਰ ਛੱਡਕੇ ਤੁਹਾਡਾ ਝੋਰਾ ਕਰਨ ਲੱਗ ਪਵੇਗਾ। ਕੁਝ ਲੋਕ ਅਜਿਹੇ ਵੀ ਹਨ ਜੋ ਕਹਿੰਦੇ ਹਨ ਕਿ ਸ਼ਰਾਬ ਨਹੀਂ ਛੁੱਟਦੀ। ਮੇਰੇ ਖ਼ਿਆਲ ਨਾਲ ਸ਼ਰਾਬ ਵੀ ਦੂਜੇ ਨਸ਼ਿਆਂ ਵਾਂਗ ਮਾਰੂ ਹੈ ਜਿਸ ਦੀ ਸਰੀਰਕ ਤੋੜ ਭਾਵੇਂ ਘੱਟ ਹੋਵੇ ਪਰ ਮਾਨਸਿਕ ਕਮਜ਼ੋਰੀ ਇਹ ਦੂਜੇ ਨਸ਼ਿਆਂ ਵਰਗੀ ਹੀ ਹੈ। ਕੋਈ ਵੀ ਨਸ਼ਾ ਹੋਵੇ ਉਹ ਮਾਨਸਿਕ ਬਿਮਾਰੀ ਹੀ ਹੈ। ਮੈਂ ਕਈ ਬੰਦੇ ਵੇਖੇ ਜੋ ਹਰ ਛੇ ਮਹੀਨੇ ਬਾਅਦ ਸਿਗਰਟ ਛੱਡਦੇ ਨੇ ਹਰ ਦੋ ਮਹੀਨਿਆਂ ਬਾਅਦ ਸ਼ਰਾਬ ਦੀ ਸਹੁੰ ਪਾਉਂਦੇ ਹਨ। ਇਹ ਨੌਬਤ ਤਾਂ ਆਉਂਦੀ ਹੈ ਕਿਉਂਕਿ ਮਾਨਸਿਕਤਾ 'ਚ ਇਹ ਚੀਜ਼ਾਂ ਅੜੀਆਂ ਰਹਿ ਜਾਂਦੀਆਂ ਹਨ। ਸ਼ਰਾਬ ਅਤੇ ਸਿਗਰਟ ਸਮੇਤ ਹਰ ਨਸ਼ਾ ਇਕ ਲਤ ਹੈ ਜਿਸ ਨੂੰ ਮਾਨਸਿਕ ਮਜਬੂਤੀ ਨਾਲ ਹੀ ਛੱਡਿਆ ਜਾ ਸਕਦਾ ਹੈ। ਮੈਂ ਜਦੋਂ ਸ਼ਰਾਬ ਦੀ ਲਤ ਛੱਡੀ ਤਾਂ ਇਹ ਫ਼ਾਰਮੂਲਾ ਅਖ਼ਤਿਆਰ ਕੀਤਾ ਕਿ ਮੈਂ ਉਹ ਸਮਾਂ ਵਾਲੀਬਾਲ ਦੇ ਗਰਾਂਉਂਡ 'ਚ ਹੀ ਬਿਤਾ ਆਉਂਦਾ ਸੀ ਜਿਹੜਾ ਗਲਾਸੀ
ਦਾ ਹੋਇਆ ਕਰਦਾ ਸੀ। ਯਾਅਨੀ ਦੇਰ ਠੇਕੇ ਤੋਂ ਬਾਈਪਾਸ ਹੋ ਕੇ ਘਰ ਆ ਕੇ ਸਿੱਧਾ ਰੋਟੀ 'ਤੇ ਬਹਿ ਜਾਂਦਾ। ਸਿਗਰਟ ਵੀ ਮੈਂ ਇਸੇ ਤਰ੍ਹਾਂ ਛੱਡੀ ਸੀ। ਜਦੋਂ ਵੀ ਸਿਗਰਟ ਦੀ ਤਲਬ ਲੱਗਦੀ ਮੈਂ ਮੂੰਹ 'ਚ ਦਾਤਣ ਪਾ ਲੈਂਦਾ ਸੀ।
ਮਿੱਤਰੋ। ਹਰ ਨਸ਼ਾ ਛੱਡਿਆ ਜਾ ਸਕਦਾ ਹੈ। ਮੇਰੇ ਕੋਲ ਤਾਂ ਨਾ ਕੋਈ ਸਹਾਰਾ ਸੀ ਤੇ ਨਾ ਇਲਾਜ ਜੋਗੇ ਪੈਸੇ। ਮੇਰੇ ਕੋਲ ਤਾਂ ਰੋਣ ਲਈ ਕੋਈ ਮੋਢਾ ਨਹੀਂ ਸੀ। ਤੁਹਾਡੇ ਕੋਲ ਸਭ ਕੁਝ ਹੈ। ਜੇ ਕਿਸੇ ਕੋਲ ਨਹੀਂ ਵੀ ਹੈ ਤਾਂ ਉਸ ਕੋਲ ਮੈਂ ਹਾਂ। ਮੈਨੂੰ ਜਦੋਂ ਮਰਜ਼ੀ ਅਵਾਜ਼ ਮਾਰਿਓ ਮੈਂ ਤੁਹਾਨੂੰ ਲੈਣ ਆਵਾਂਗਾ ਇਨ੍ਹਾਂ ਕਾਲੀਆਂ ਗੁਫ਼ਾਵਾਂ 'ਚੋਂ। ਮੇਰੇ ਫੋਨ ਨੰਬਰ, ਈ-ਮੇਲ ਅਤੇ ਘਰ ਦਾ ਪਤਾ ਤੁਹਾਡੀ ਉਡੀਕ ਕਰੇਗਾ। ਮੇਰੀ ਜੀਵਨ ਦੀ ਇਹ ਛੋਟੀ ਜਿਹੀ ਕਹਾਣੀ, ਜਿਸ ਵਿੱਚ ਮੈਂ ਇਕ ਵੀ ਅੱਖ਼ਰ ਵੀ ਕੂੜ ਦੀ ਸਿਆਹੀ ਨਾਲ ਨਹੀਂ ਲਿਖਿਆ, ਜੇਕਰ ਇਹ ਕਿਸੇ ਇੱਕ ਵੀ ਟੁੱਟੇ ਹੌਸਲੇ ਦਾ ਸਹਾਰਾ ਬਣ ਗਈ ਤਾਂ ਮੈਂ ਸਮਝਾਂਗਾ ਮੇਰੇ ਗੁਨਾਹ ਧੋਤੇ ਗਏ, ਮੇਰੇ ਪਾਪ ਮਿਟ ਗਏ। ਇਨਸਾਨ ਦਾ ਕਰਮ ਗਲਤੀਆਂ ਤੋਂ ਸਬਕ ਲੈ ਕੇ ਹਾਲਾਤਾਂ ਨਾਲ ਲੜਨਾ ਹੈ। ਸਮਰਪਣ ਨਾ ਸਾਡੇ ਪੂਰਵਜਾਂ ਕੀਤਾ ਤੇ ਨਾ ਹੀ ਇਹ ਸਾਡੇ ਲਈ ਬਣਿਆ ਹੈ। ਖੜ੍ਹੇ ਪਾਣੀ ਮੁਸ਼ਕ ਜਾਂਦੇ ਨੇ ਜ਼ਿੰਦਗੀ 'ਚ ਰਵਾਨਗੀ ਜ਼ਰੂਰੀ ਹੈ ਤੇ ਇਹ ਰਵਾਨਗੀ ਤਾਂ ਹੀ ਹੋਵੇਗੀ ਜੇ ਨਸ਼ਾ ਰੂਪੀ ਖੜ੍ਹਤ ਨਾ ਹੋਵੇ। ਉਨ੍ਹਾਂ ਨੂੰ ਵੀ ਅਪੀਲ ਹੈ ਜੋ ਉਮੀਦ ਲਾਹ ਬੈਠੇ ਹਨ ਕਿ 'ਇਹਦਾ' ਕੁਝ ਨਹੀਂ ਬਣੇਗਾ, 'ਪੰਜਾਬ' ਦਾ ਕੱਖ ਨਹੀਂ ਹੋਣਾ, ਜੇ ਤੁਸੀਂ ਹਿੰਮਤ ਹਾਰ ਗਏ ਤਾਂ ਫੇਰ ਹਾਰਿਆ ਨੂੰ ਹਿੰਮਤ ਕੌਣ ਦੇਵੇਗਾ? ਹਿੰਮਤ ਨਾ ਹਾਰੋ ਕੋਸ਼ਿਸ਼ ਜਾਰੀ ਰੱਖੋ। ਫਲ ਸਿਦਕ ਤੇ ਸੰਘਰਸ਼ ਨੂੰ ਜ਼ਰੂਰ ਪੈਂਦਾ ਹੈ। ਆਪਣਿਆਂ ਨੂੰ ਮੌਤ ਲਈ ਨਾ ਛੱਡੋ ਬਲਕਿ ਉਨ੍ਹਾਂ ਲਈ ਜ਼ਿੰਦਗੀ ਦੇ ਬੂਹੇ ਖੋਲ੍ਹਣ ਦੀ ਕੋਸ਼ਿਸ਼ ਕਰੋ। ਲੜ ਕੇ ਹਾਰਨ 'ਚ ਕੋਈ ਹਰਜ਼ ਨਹੀਂ ਪਰ ਮੈਦਾਨ ਦੇ ਬਾਹਰ ਹਾਰ ਮੰਨ ਲੈਣਾ ਮਿਹਣਾ ਹੈ। ਜੂਝਣ ਦਾ ਫ਼ਲਸਫ਼ਾ ਨਸ਼ੇੜੀ ਜਾਂ ਗੁਨਾਹਗਾਰ ਹੀ ਨਹੀਂ ਆਮ ਇਨਸਾਨ ਲਈ ਵੀ ਮਹੱਤਵਪੂਰਨ ਹੈ। ਠੋਕਰਾਂ ਨਾਲ ਲੜ ਕੇ ਲੋਹਾ ਹੋਇਆ ਸਿਦਕ ਹੀ ਸਫ਼ਲਤਾ ਦਾ ਮੰਤਰ ਹੈ। ਉੱਠੋ। ਤੇ ਟੁੱਟੇ ਖੰਬਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਪ੍ਰਵਾਜ਼ ਭਰੋ ਮੰਜ਼ਿਲ ਜ਼ਰੂਰ ਮਿਲੇਗੀ। ਕਿੰਨੀ ਛੇਤੀ ਮਿਲਦੀ ਹੈ ਇਹ ਤੁਹਾਡੇ ਸਿਦਕ, ਈਮਾਨ ਤੇ ਤਿਆਗ 'ਤੇ ਨਿਰਭਰ ਕਰਦਾ ਹੈ। ਅਪਮਾਨ ਦੀਆਂ ਸਦੀਆਂ ਜੀਣ ਨਾਲੋਂ ਸਵੈ-ਮਾਨ ਨਾਲ ਜੀਵਿਆ ਇਕ ਲਮਹਾ ਚੰਗਾ ਹੈ।