

ਸਵੇਰੇ ਤਿੰਨ ਵਜੇ ਅਸੀਂ ਉੱਥੋਂ ਤੁਰ ਪਏ ਕਿਉਂਕਿ ਇਹੋ ਜਿਹੇ ਡਰਪੋਕ ਬੰਦਿਆਂ ਲਈ ਛਾਤੀ ਡਾਹੁਣੀ ਜੁੱਤੀਆਂ ਨੂੰ ਟੈਲੀਫੋਨ ਕਰਨਾ ਸੀ। ਅਸੀਂ 15-20 ਜਣੇ ਜਲਾਲਾਬਾਦ ਤੱਕ ਆ ਗਏ, ਮੇਰੇ ਕੋਲ ਕੁਝ ਪੈਸੇ ਪਏ ਸਨ। ਮੁਕਤਸਰ ਆ ਕੇ ਰੋਡਵੇਜ਼ ਦੇ ਕੰਡਕਟਰ ਨੂੰ ਮੈਂ ਝੂਠ ਬੋਲਿਆ ਕਿ ਮੈਂ ਸੁਖਚੈਨ ਸਿੰਘ (ਮੇਰੇ ਪਿੰਡ ਵਾਲੇ ਬੱਗੀ ਦਾ ਪਿਤਾ ਜੋ ਰੋਡਵੇਜ਼ ਦਾ ਕੈਸ਼ੀਅਰ ਸੀ ਤੇ ਕੁਝ ਸਾਲ ਪਹਿਲਾਂ ਗੰਨਮੈਨ ਨੇ ਕੈਸ਼ ਲੁੱਟਣ ਲਈ ਉਸ ਦੀ ਹੱਤਿਆ ਕਰ ਦਿੱਤੀ ਸੀ) ਦਾ ਲੜਕਾ ਹਾਂ ਤੇ ਅਸੀਂ ਖੇਡ ਕੇ ਆਏ ਹਾਂ। ਅਸੀਂ ਕੱਪੜੇ ਉਤਾਰ ਕੇ ਰੱਖੇ ਸੀ ਤਾਂ ਕਿਸੇ ਨੇ ਸਾਡੇ ਬਟੂਏ ਕੱਢ ਲਏ। ਕੰਡਕਟਰ ਨੇ ਸਾਨੂੰ ਚਾਹ ਪਿਆਈ ਤੇ ਮਲੋਟ ਲਿਆ ਉਤਾਰਿਆ । ਮੈਂ ਗਿੱਦੜਬਾਹਾ ਵਾਲਿਆਂ ਦੀ ਸੇਵਾ-ਟਹਿਲ ਲਈ ਸ਼ੀਸ਼ੀਆਂ ਦਾ ਪ੍ਰਬੰਧ ਕਰਨ ਵਾਸਤੇ ਕਾਕੇ ਨੂੰ ਭੇਜਿਆ ਪਰ ਉਹ ਬਹੁੜਿਆ ਈ ਨਾ। ਮੈਂ ਸ਼ੀਸ਼ੀਆਂ ਦਾ ਪ੍ਰਬੰਧ ਤਾਂ ਕਰ ਲਿਆ ਪਰ ਕਾਕੇ ਨੂੰ ਸਰਕਾਰੀ ਸਕੂਲ ਅੱਗੇ ਜਾ ਢਾਹਿਆ। ਬਹੁਤ ਕੁੱਟਿਆ ਉਸ ਨੂੰ। ਇਸ ਤੋਂ ਬਾਅਦ ਕਈ ਮਹੀਨੇ ਇੰਝ ਹੀ ਲੰਘੇ। ਸਾਰਾ ਦਿਨ ਨਸ਼ਾ ਤੇ ਭਟਕਣ। ਲੜਾਈਆਂ ਵੀ ਚੱਲਦੀਆਂ ਰਹੀਆਂ।