ਦੋ ਹਰਫ਼
ਇਹ ਕਿਤਾਬ ਦਾਸਤਾਂ ਹੈ ਉਸ ਰੁੱਖੜੇ ਦੀ ਜੀਹਦੇ ਪਿੰਡੇ 'ਤੇ ਤੱਤੀਆਂ- ਠੰਢੀਆਂ ਹਵਾਵਾਂ ਤੇ ਅਨੇਕਾਂ ਵੇਗ ਵਗੇ। ਕਦੇ ਇਹਦੀਆਂ ਕਰੂੰਬਲਾਂ ਦੀ ਰੱਤ ਚੂਸੀ ਗਈ ਤੇ ਕਦੇ ਇਹਦੇ ਪੱਤੇ ਖ਼ਿਜ਼ਾਵਾਂ ਦਾ ਸ਼ਿਕਾਰ ਹੋ ਕੇ ਮਿੱਟੀ 'ਚ ਮਿੱਟੀ ਹੋ ਗਏ ਪਰ ਇਹ ਰੁੱਖ ਸਮੇਂ ਦੇ ਮੈਦਾਨ 'ਚ ਅੜਿਆ ਰਿਹਾ। ਉਸ ਸ਼ੇਰ ਵਾਂਗ ਜੋ ਸ਼ਿਕਾਰੀਆਂ ਦਾ ਸ਼ਿਕਾਰ ਹੋਣ ਲੱਗਿਆਂ ਵੀ ਸ਼ਿਕਾਰ ਕਰਨ ਦੀ ਜ਼ੁਅੱਰਤ ਰੱਖ ਕੇ ਘਬਰਾਉਂਦਾ ਨਹੀਂ ਅਡੋਲ ਰਹਿੰਦਾ ਹੈ। ਅਨੇਕਾਂ ਕਹਿਰਵਾਨ ਰੁੱਤਾਂ ਦੀ ਛੁਰੀ ਪਿੰਡੇ 'ਤੇ ਝੱਲ ਕੇ ਅੰਤ ਨੂੰ ਇਸ ਰੁੱਖੜੇ ਨੇ ਆਪਣੇ-ਆਪ ਤੋਂ ਖ਼ੁਰਾਕ ਹਾਸਲ ਕਰਕੇ ਬਦਹਾਲੀਆਂ ਨੂੰ ਖੁਸ਼ਹਾਲੀਆਂ 'ਚ ਬਦਲ ਲਿਆ। ਇਹ ਸਫ਼ਰ ਸੀ ਸਿਵੇ ਤੋਂ ਸਿਖ਼ਰ ਤੱਕ ਦਾ ਪਰ ਇਸ ਦਾ ਹਰ ਪੜਾਅ ਸੂਲ ਤੋਂ ਸ਼ੁਰੂ ਹੋ ਸਲੀਬ 'ਤੇ ਮੁੱਕਦਾ ਸੀ। ਮੰਜ਼ਿਲ ਮਿਲੀ ਵੀ ਗੁਆਚੀ ਵੀ, ਹਿੰਮਤ ਬੱਝੀ ਵੀ ਹਿੰਮਤ ਟੁੱਟੀ ਵੀ, ਪਰ ਜਿਵੇਂ ਸਿਆਹ 'ਨੇਰਿਆਂ ਦਾ ਅੰਤ ਸੂਰਜ ਦੀ ਸੋਹਲ ਕਿਰਨ ਕਰ ਦਿੰਦੀ ਹੈ ਓਵੇਂ ਹੀ ਤਾਹ ਮੁਸ਼ਕਲਾਂ-ਅਲਾਮਤਾਂ ਦੀਆਂ ਕਰੋੜਾਂ ਟਨ ਲੱਕੜੀਆਂ ਨੂੰ ਸਿਦਕ ਦੀ ਮਾਚਿਸ ਨਾਲ ਜਗਾਈ ਜਾਗ੍ਰਿਤੀ ਦੀ ਇੱਕ ਚੰਗਿਆੜੀ ਰਾਖ਼ ਕਰ ਗਈ। ਇਮਤਿਹਾਨਾਂ ਦੀ ਭੱਠੀ 'ਚ ਤੱਪ ਕੇ ਇਨਸਾਨ ਕੁੰਦਨ ਨਹੀਂ ਪਾਰਸ ਬਣ ਜਾਂਦਾ ਹੈ ਜੋ ਲੋਹੇ ਨੂੰ ਵੀ ਸੋਨਾ ਬਣ ਦਿੰਦੈ। ਵੈਸੇ ਇਸ ਕਹਾਣੀ ਦਾ ਇੱਕ ਤੱਥਸਾਰ ਇਹ ਵੀ ਹੈ ਕਿ ਸਮਾਂ ਇਮਤਿਹਾਨ ਉਨ੍ਹਾਂ ਦੇ ਹੀ ਲੈਂਦਾ ਹੈ ਜੋ ਇਮਤਿਹਾਨ ਦੇਣ ਦੀ ਕਾਬਲੀਅਤ ਰੱਖਦੇ ਹਨ ਕਮਜ਼ੋਰਾਂ ਨੂੰ ਪਈਆਂ ਮੁਸੀਬਤਾਂ ਦਾ ਹੱਲ ਤਾਂ ਮੌਤ ਲੱਗਦਾ ਹੈ ਪਰ ਜ਼ਿੰਦਾਦਿਲ ਰੂਹਾਂ ਇਮਤਿਹਾਨਾਂ ਦਾ ਸਾਗਰ ਤਰ ਕੇ ਕਿਨਾਰੇ 'ਤੇ ਖੜ੍ਹ ਕੇ ਆਸਮਾਨ ਨੂੰ ਵੰਗਾਰਕੇ ਆਖਦੀਆਂ ਹਨ ਕਿ "ਆਹ! ਵੇਖ ਸਾਡੇ ਹੌਂਸਲੇ ਸਾਹਮਣੇ ਤੇਰੀ ਹਸਤੀ ਬੌਣੀ ਹੈ"। ਇਹੋ ਜਿਹੇ ਜੁਝਾਰੂ ਹੌਂਸਲੇ ਦੀ ਇਹ ਕਹਾਣੀ ਹੈ 'ਡਾਕੂਆਂ ਦਾ ਮੁੰਡਾ' ਜੋ ਸਿਆਹੀ ਨਾਲ ਨਹੀਂ ਲਹੂ ਨਾਲ ਲਿਖੀ ਗਈ ਤੇ ਜਿਸ ਨੂੰ ਲਿਖਣ ਵਾਲੀ ਕਲਮ ਫ਼ੌਲਾਦ ਦੇ ਸਾਂਚੇ ਵਿੱਚ ਢਲੀ ਹੈ।
ਮਕਸਦ
ਇਸ ਸਵੈ-ਜੀਵਨੀ ਦਾ ਮੰਤਵ ਨਾ ਕਮਾਈ ਕਰਨਾ ਹੈ ਨਾ ਮਸ਼ਹੂਰ ਹੋਣਾ ਹੈ ਕਿਉਂਕਿ ਬਦਨਾਮ ਨੂੰ ਮਸ਼ਹੂਰੀ ਦੀ ਅਤੇ ਸਿਦਕ ਨੂੰ ਬਹੁਤੇ ਦੀ ਲੋਚਾ ਨਹੀਂ ਹੁੰਦੀ। ਮੈਨੂੰ ਆਪਣੀ ਜ਼ਿੰਦਗੀ ਨੂੰ ਕਾਗਜ਼ ਦੀ ਹਿੱਕ 'ਤੇ ਝਰੀਟਣ ਦੀ ਲੋੜ ਇਸ ਲਈ ਪਈ ਤਾਂ ਜੋ ਇਸ ਜੀਵਨੀ ਨੂੰ ਚੱਪੂ ਬਣਾ ਕੇ ਨਸ਼ੇ-ਗੁਨਾਹ ਦੇ ਭੰਵਰ 'ਚ ਫਸੇ ਲੋਕ ਬਾਹਰ ਆਉਣ ਦੀ ਕੋਸ਼ਿਸ਼ ਕਰ ਸਕਣ। ਜੇ ਕੋਈ ਇੱਕ ਵੀ ਇਸ ਸੰਤਾਪੀ- ਜੀਵਨੀ ਨੂੰ ਪੜ੍ਹ ਕੇ ਨਸ਼ੇ ਜਾਂ ਜ਼ੁਰਮ ਦੀ ਦੁਨੀਆਂ 'ਚੋਂ ਬਾਹਰ ਆ ਗਿਆ ਤਾਂ ਨਾ ਸਿਰਫ਼ ਕਿਤਾਬ ਦਾ ਮੰਤਵ ਪੂਰਾ ਹੋ ਜਾਏਗਾ ਬਲਕਿ ਮੇਰੇ ਵੱਲੋਂ ਜਾਣੇ-ਅਨਜਾਣੇ 'ਚ ਕੀਤੇ ਹਜ਼ਾਰਾਂ ਗੁਨਾਹਾਂ ਦੇ ਦਾਗ ਧੋਤੇ ਜਾਣਗੇ।
ਮੇਰੀਆਂ ਸੈਂਕੜੇ ਸਾਹਿਤਕ ਰਚਨਾਵਾਂ ਦੇਸ਼-ਵਿਦੇਸ਼ ਦੇ ਵੱਖ-ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਕਵਿਤਾਵਾਂ, ਕਹਾਣੀਆਂ ਅਤੇ ਗੀਤ ਅਣ-ਛਪੇ ਪਏ ਹਨ। ਜੇ ਮੈਂ ਚਾਹੁੰਦਾ ਤਾਂ ਇਨ੍ਹਾਂ ਨੂੰ ਕਿਤਾਬ ਦਾ ਰੂਪ ਦੇ ਕੇ ਲੇਖਕਾਂ ਦੀ ਕਤਾਰ ਦੀ ਪੂਛ ਆ ਫੜ੍ਹਦਾ ਪਰ ਇੰਝ ਕਰਨਾ ਮੇਰੇ ਲਈ ਹਰਾਮ ਦੇ ਤੁਲ ਸੀ ਕਿਉਂਕਿ ਮੇਰੀਆਂ ਸਾਹਿਤਕ ਰਚਨਾਵਾਂ ਤੇ ਕਾਲਮਾਂ ਨਾਲੋਂ ਪਹਿਲਾਂ ਮੇਰੀ ਜੀਵਨੀ ਉਨ੍ਹਾਂ ਲੋਕਾਂ ਤੱਕ ਅੱਪੜਨੀ ਜ਼ਰੂਰੀ ਸੀ ਜਿੰਨ੍ਹਾਂ ਦੇ ਮਾਪਿਆਂ ਨੇ ਜਿਊਂਦੇ ਪੁੱਤਾਂ ਤੋਂ ਇਹ ਆਸ ਲਾਹ ਲਈ ਹੈ ਕਿ ਉਹ ਉਨ੍ਹਾਂ ਦੀ ਅਰਥੀ ਨੂੰ ਮੋਢਾ ਵੀ ਦੇ ਸਕਣਗੇ। ਇਹ ਜੀਵਨੀ ਉਨ੍ਹਾਂ ਤੱਕ ਜਾਣੀ ਜ਼ਿਆਦਾ ਲਾਜ਼ਮੀ ਹੈ ਜੋ ਨਸ਼ੇ ਅਤੇ ਗੁਨਾਹ ਦੀਆਂ ਕਾਲੀਆਂ ਗਲੀਆਂ 'ਚ ਬਹੁਤ ਅੱਗੇ ਨਿਕਲ ਕੇ ਪਿੱਛੇ ਪਰਤਣ ਦੀ ਗੁੰਜਾਇਸ਼ ਖ਼ਤਮ ਕਰ ਆਏ ਹਨ। ਅਜਿਹੇ ਰਾਹਾਂ ਦੇ ਪਾਂਧੀਆਂ ਲਈ ਇਹ ਜੀਵਨੀ ਹੋਕਾ ਹੈ ਕਿ ਇਨਸਾਨ ਅੰਦਰ ਬਦਲਣ ਦੀ ਸੰਭਾਵਨਾ ਉਸ ਦੇ ਅੰਤਲੇ ਸਾਹ ਤੱਕ ਚੱਲਦੀ ਰਹਿੰਦੀ ਹੈ। ਲੋੜ ਹੈ ਉਸ ਸੰਭਾਵਨਾ ਨੂੰ ਜਾਗ ਲਾ ਕੇ ਖੁਦ ਨੂੰ ਪਹਿਚਾਨਣ ਦੀ। ਜਾਗਣ ਦਾ ਅਰਥ ਸਿਰਫ਼ ਅੱਖਾਂ ਖੋਲ੍ਹਣਾ ਨਹੀਂ ਹੁੰਦਾ ਅਸਲ ਜਾਗਣਾ ਜ਼ਮੀਰ ਦਾ ਜਾਗਣਾ ਹੈ ਪਰ ਅਫ਼ਸੋਸ ਅੱਜ ਬਹੁਤੀ ਪੰਜਾਬੀ ਪੀੜੀ ਸੁੱਤੀ ਹੀ ਜੀਅ ਰਹੀ ਹੈ। ਨਸ਼ੀਲੇ ਪਲੰਘ 'ਤੇ ਸੁੱਤੀ ਇਸ ਫੌਜ਼ ਨੂੰ ਜਗਾਉਂਣਾ ਤੇ ਜਗਾ ਕੇ ਜ਼ਿੰਦਗੀ ਦੇ ਰਣ ਦੇ ਲੜਾਕੇ ਬਨਾਉਣਾ ਇਸ ਜੀਵਨੀ ਦਾ ਮਕਸਦ ਹੈ। ਜੇ ਇਸ ਵਿੱਚ ਮੈਂ ਸਫ਼ਲ ਰਿਹਾ ਤਾਂ ਮੇਰਾ ਜੀਵਨ ਸਫਲ। ਜੇ ਨਾ ਵੀ ਹੋਇਆ ਤਾਂ ਮੈਂ ਹਾਰਾਂਗਾ ਨਹੀਂ ਕਿਉਂਕਿ ਹਾਰਨਾ ਤਾਂ ਮੈਂ ਸਿੱਖਿਆ ਹੀ ਨਹੀਂ। ਮੈਂ ਆਖ਼ਰੀ ਸਾਹ ਤੱਕ ਪੰਜਾਬ 'ਚ ਲੱਗੀ ਅੱਗ 'ਤੇ ਚੁੰਝਾਂ ਭਰ ਕੇ ਪਾਣੀ ਪਾਉਂਦਾ ਰਹਾਂਗਾ ਤਾਂ ਕਿ ਮੇਰਾ ਨਾਂ ਲਾਉਂਣ ਵਾਲਿਆਂ 'ਚੋਂ ਕੱਟ ਕੇ ਬੁਝਾਉਂਣ ਵਾਲਿਆਂ 'ਚ ਲਿਖਿਆ ਜਾ ਸਕੇ। ਇਹ ਜੀਵਨੀ ਉਨ੍ਹਾਂ ਦੀ ਸੋਚ ਨੂੰ ਵੀ ਚੋਟ ਕਰੇਗੀ ਜੋ ਇਹ ਆਖ ਕੇ ਪੈੱਗ ਲਾ ਲੈਂਦੇ ਹਨ ਕਿ ਪੰਜਾਬ ਦਾ ਕੁਝ ਨਹੀਂ ਹੋ ਸਕਦਾ। ਨਤੀਜੇ ਦੀ ਆਸ ਰੱਖ ਕੇ ਨਹੀਂ ਮੈਂ ਫਰਜ਼ਾਂ ਦੀ ਤੱਕ, ਤੱਕ ਕੇ ਇਹ ਜੀਵਨੀ ਲਿਖਣ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਇਸ ਛੋਟੇ ਜਿਹੇ ਇਨਸਾਨ ਦੀ ਛੋਟੀ ਜਿਹੀ ਕਹਾਣੀ ਖੁਦ ਜਾਣ ਕੇ ਕਿਸੇ ਹੋਰ ਨੂੰ ਵੀ ਦੱਸੋਗੇ ਤਾਂ ਜੋ ਉਹ ਕਿਸੇ ਹੋਰ ਨੂੰ ਵੀ ਦੱਸੇ ਤੇ ਅੰਤ ਵਿੱਚ ਇਹ ਕਹਾਣੀ ਕਿਸੇ ਹੋਰ ਦੀ ਵਿਗੜੀ ਕਹਾਣੀ ਸੰਵਾਰ ਦੇਵੇ।
ਕਿਲਕਾਰੀ, ਕੁਨਬਾ ਤੇ ਕੈਦਾ
ਮੇਰਾ ਜਨਮ ਗਿਆਰਾਂ ਸਾਉਣ (26 ਜੁਲਾਈ) ਵੀਰਵਾਰ 1979 ਨੂੰ ਸਵੇਰ ਇੱਕ ਕੱਚੇ ਕੋਠੇ ਵਿਚ ਹੋਇਆ। ਦਰਅਸਲ ਅਸੀਂ ਵੰਡ ਵੇਲੇ ਪਾਕਿਸਤਾਨ 'ਚੋਂ ਉਜੜ ਕੇ ਆਏ ਸਾਂ। ਸਾਡਾ ਪਾਕਿਸਤਾਨ 'ਚ ਪਿੰਡ ਰਾਜਾ ਜੰਗ ਤੇ ਪੱਤੀ ਢੋਲੇ ਕੇ ਸੀ। ਵੰਡ ਤੋਂ ਬਾਅਦ ਸਾਨੂੰ ਫਾਜ਼ਿਲਕਾ ਤਹਿਸੀਲ ਦੇ ਪਿੰਡ ਗੁਰੂਸਰ ਯੋਧਾ ਵਿੱਚ ਜ਼ਮੀਨ ਅਲਾਟ ਹੋਈ ਜੋ ਅੱਜ ਸ੍ਰੀ ਮੁਕਤਸਰ ਸਾਹਿਬ ਦੇ 'ਸ਼ਾਹੀ' ਹਲਕੇ ਲੰਬੀ (ਮੁਕਤਸਰ) ਵਿੱਚ ਪੈਂਦਾ ਹੈ।
ਪਾਕਿਸਤਾਨ ਵਿੱਚ ਸਾਡੇ ਪੜਦਾਦੇ ਭਗਵਾਨ ਸਿੰਘ ਕੋਲ 200 ਘੁਮਾਂ ਪੈਲੀ ਸੀ ਜੋ ਕਾਟ ਲੱਗ ਕੇ ਇੱਧਰ 50 ਏਕੜ ਰਹਿ ਗਈ। ਮੇਰੇ ਦਾਦੇ ਹੋਰੀਂ ਚਾਰ ਭਰਾ ਸੀ। ਸਭ ਤੋਂ ਵੱਡਾ ਮੇਰਾ ਦਾਦਾ ਅਜੀਤ ਸਿੰਘ ਸੀ ਤੇ ਬਾਕੀ ਅਮਰ ਸਿੰਘ, ਹਰਨਾਮ ਸਿੰਘ ਅਤੇ ਗੁਰਨਾਮ ਸਿੰਘ ਕ੍ਰਮਵਾਰ ਛੋਟੇ ਸਨ। ਸਭ ਤੋਂ ਛੋਟੇ ਗੁਰਨਾਮ ਸਿੰਘ ਦੀ ਪਿੰਡ 'ਚ ਹੋਈ ਇੱਕ ਲੜਾਈ ਦੌਰਾਨ ਲੱਤ ਕੱਟੀ ਗਈ ਸੀ ਜਿਸ ਦਾ ਬਾਅਦ ਵਿੱਚ ਵਿਆਹ ਨਾ ਹੋਇਆ। ਬਾਕੀ ਤਿੰਨੋਂ ਵਿਆਹੇ ਹੋਏ ਸਨ। ਜਦਕਿ ਮੇਰਾ ਦਾਦਾ ਅਜੀਤ ਸਿੰਘ, ਜੋ ਦਸ ਨੰਬਰੀਆ ਤੇ ਮਸ਼ਹੂਰ ਬਲੈਕੀਆ ਸੀ, ਦੇ ਦੋ ਵਿਆਹ ਹੋਏ ਸਨ। ਪਹਿਲੇ ਵਿਆਹ 'ਚੋਂ ਮੇਰੇ ਦੋ ਤਾਏ ਅਵਤਾਰ ਸਿੰਘ ਤੇ ਗੁਰਦੇਵ ਸਿੰਘ ਅਤੇ ਭੂਆ ਬਿੰਦਰ ਕੌਰ ਸਨ, ਦੂਜੇ ਵਿਆਹ 'ਚੋਂ ਮੇਰਾ ਬਾਪੂ ਬਲਦੇਵ ਸਿੰਘ ਅਤੇ ਭੂਆ ਰਾਜਵਿੰਦਰ ਕੌਰ ਸਨ। ਮੇਰੀ ਦਾਦੀ ਵੀਰ ਕੌਰ ਨੂੰ ਪਿੰਡ ਵਾਲਾ ਘਰ ਹਿੱਸੇ ਆਇਆ ਸੀ ਤੇ ਵੱਡੀ ਦਾਦੀ ਹਰਦੀਪ ਕੌਰ ਨੂੰ ਖੇਤ ਵਾਲਾ ਘਰ । ਇਹ ਖੇਤ ਵਾਲਾ ਘਰ ਅਸਲ 'ਚ ਮੇਰੇ ਦਾਦੇ ਅਤੇ ਤਾਇਆਂ ਦੀ ਤਸਕਰੀ ਅਤੇ ਮਾਰਧਾੜ ਦਾ ਮਾਲ ਸਾਂਭਣ ਲਈ ਹੀ ਸੀ।
ਮੇਰਾ ਜਨਮ ਖੇਤ ਵਾਲੇ ਘਰ ਹੋਇਆ। ਯਾਅਨੀ ਪਹਿਲੀ ਕਲਕਾਰੀ ਉੱਥੇ ਵੱਜੀ ਜਿੱਥੇ ਘੜੇ ਪਾਣੀ ਨਾਲ ਨਹੀਂ ਅਫੀਮ ਨਾਲ ਭਰੇ ਪਏ ਹੁੰਦੇ ਸੀ। ਇੱਥੇ 1976 'ਚ ਇੱਕ ਪੁਲਸ ਮੁਕਾਬਲਾ ਵੀ ਹੋ ਚੁੱਕਾ ਸੀ ਜਿਸ ਵਿੱਚ ਦਬਿਸ਼ ਦੇਣ ਆਈ ਪੁਲਸ ਦੀ ਪੈਦਲ ਟੀਮ ਨੂੰ ਸਾਡੇ ਟੱਬਰ ਨੇ ਸੱਟਾਂ ਮਾਰ ਦਿੱਤੀਆਂ ਸੀ। ਇਸ ਕੇਸ ਵਿੱਚ ਮੇਰੇ ਬਾਪੂ ਨੂੰ ਪਿੰਡ ਵਾਲਿਆਂ ਬਚਾ ਲਿਆ ਸੀ ਕਿਉਂਕਿ ਉਹ ਕਬੱਡੀ ਦਾ ਧਾਕੜ ਖਿਡਾਰੀ ਸੀ ਤੇ ਜਿਸ ਰਾਤ ਇਹ ਕਾਂਡ ਵਾਪਰਿਆ ਮੇਰਾ ਬਾਪੂ ਪਿੰਡ 'ਚ ਹੀ ਚੱਲ ਰਹੇ ਕਬੱਡੀ ਟੂਰਨਾਮੈਂਟ ਦਾ ਹਿੱਸਾ ਸੀ। ਦੂਜੇ ਜੀਆਂ ਨੂੰ ਧਾਰਾ 307 ਅਧੀਨ ਸੱਤ-ਸੱਤ ਸਾਲ ਕੈਦ ਕੱਟਣੀ ਪਈ ਸੀ।
ਮੇਰੇ ਜਨਮ ਤੋਂ ਦੋ ਸਾਲ ਬਾਅਦ ਮੇਰੇ ਛੋਟੇ ਭਰਾ ਭੁਪਿੰਦਰ ਸਿੰਘ ਦਾ ਜਨਮ ਹੋਇਆ। ਉਸ ਤੋਂ ਬਾਅਦ ਇੱਕ ਭੈਣ ਦਾ ਵੀ ਜਨਮ ਹੋਇਆ ਜਿਸ ਦੀ ਜਨਮ ਦੇ ਕੁਝ ਪਲਾਂ ਬਾਅਦ ਹੀ ਮੌਤ ਹੋ ਗਈ। ਮੇਰੇ ਬਾਪੂ ਨੂੰ ਮੇਰੀ ਦਾਦੀ ਨੇ ਬੜੀ ਰੀਝ ਨਾਲ ਪਾਲਿਆ ਸੀ। ਦੱਸਦੇ ਆ ਕਿ ਸਾਡੇ ਘਰ ਦੀ ਜਾਲ੍ਹੀ (ਸਮਾਨ ਰੱਖਣ ਲਈ ਲੱਕੜ ਦੀ ਅਲਮਾਰੀ) ਖੋਏ ਨਾਲ ਭਰੀ ਰਹਿੰਦੀ ਸੀ ਤੇ ਦਿਨ-ਰਾਤ ਦੁੱਧ ਕਾੜ੍ਹਨੀ ਚੜ੍ਹਿਆ ਰਹਿੰਦਾ। ਜੁਆਨ ਹੋਏ ਤੋਂ ਮੇਰਾ ਬਾਪੂ ਕਬੱਡੀ ਖੇਡਣ ਲੱਗ ਪਿਆ ਤੇ ਜਲਦੀ ਹੀ ਉਸ ਦੀ ਜਾਫ਼ ਦੀ ਧਾਕ ਪੂਰੇ ਇਲਾਕੇ 'ਚ ਬਣ ਗਈ। ਇੱਕ ਪਾਸੇ
ਬਚਪਨ ਵਿਚ ਲੇਖਕ (ਵਿਚਕਾਰ) ਆਪਣੀ ਮਾਤਾ ਜਸਵੀਰ ਕੌਰ ਅਤੇ ਭਰਾ ਭੁਪਿੰਦਰ ਸਿੰਘ ਨਾਲ ।
ਮੇਰਾ ਦਾਦਾ ਅਤੇ ਤਾਏ ਕਿਲੋਆਂ ਨਾਲ ਅਫੀਮ ਵੇਚਦੇ ਤੇ ਦੂਜੇ ਪਾਸੇ ਮੇਰਾ ਬਾਪੂ ਦੁੱਧ-ਮੱਖਣਾ ਨਾਲ ਪਲੇ ਜੁਆਨਾਂ ਨੂੰ ਗੁੱਟੋਂ ਫੜ ਕੇ ਨਿੱਸਲ ਕਰ ਦਿੰਦਾ ਪਰ ਇਹ ਸਿਲਸਿਲਾ ਬਹੁਤੀ ਦੇਰ ਨਾ ਚੱਲਿਆ ਤੇ ਮੇਰੇ ਬਾਪੂ ਦਾ ਨਾਤਾ ਅਫੀਮ ਨਾਲ ਜੁੜ ਗਿਆ। ਕਬੱਡੀ ਕੈਰੀਅਰ ਦੇ ਆਖ਼ਰੀ ਦਿਨਾਂ 'ਚ ਉਸ ਦਾ ਵਿਆਹ ਮੇਰੀ ਮਾਂ ਜਸਬੀਰ ਕੌਰ ਨਾਲ 1977 ਨੂੰ ਪਟਿਆਲਾ ਜ਼ਿਲ੍ਹੇ ਦੀ ਦੁਧਨ ਤਹਿਸੀਲ ਦੇ ਪਿੰਡ ਪਠਾਣ ਮਾਜਰਾ ਵਿਖੇ ਹੋਇਆ।
ਮੇਰੇ ਜਨਮ ਤੋਂ ਕੁਝ ਸਾਲਾਂ ਬਾਅਦ ਮੇਰੇ ਬਾਪੂ ਨੇ ਮੇਰੀਆਂ ਅੱਖਾਂ ਸਾਹਮਣੇ ਮੇਰੀ ਮਤਰੇਈ ਭੂਆ ਦਾ ਕਤਲ ਮੇਰੇ ਤਾਏ ਗੁਰਦੇਵ ਸਿੰਘ ਨਾਲ ਰਲ ਕੇ ਕਰ ਦਿੱਤਾ। ਦੋਵਾਂ ਨੂੰ ਭੂਆ ਦੇ ਦੁਸ਼ਮਣ ਪਰਿਵਾਰ ਨਾਲ ਵਰਤ-ਵਰਤਾਅ ਤੋਂ ਇਤਰਾਜ਼ ਸੀ ਜੋ ਵਿਆਹੀ ਤਾਂ ਰਾਜਸਥਾਨ ਸੀ ਪਰ ਜ਼ਮੀਨ ਵਿਕਣ ਤੋਂ ਬਾਅਦ ਪਰਿਵਾਰ ਸਮੇਤ ਸਾਡੇ ਪਿੰਡ ਹੀ ਆ ਕੇ ਰਹਿ ਰਹੀ ਸੀ। ਮੇਰੇ ਬਾਪੂ ਦੇ ਅੰਦਰ ਚਲੇ ਜਾਣ ਤੋਂ ਬਾਅਦ ਮੇਰੀ ਮਾਂ ਨੇ ਕਰੜਾ ਇਮਤਿਹਾਨ ਦਿੱਤਾ। ਉਸ ਨੇ ਆਪਣੀ ਪੱਤ ਵੀ ਬਚਾਈ ਤੇ ਸਾਨੂੰ ਵੀ ਪਾਲਿਆ। ਲੋਕਾਂ ਦਾ ਨਰਮਾ ਚੁਗਣ ਤੋਂ ਇਲਾਵਾ ਮਾਂ ਦੋ-ਦੋ ਮੀਲ ਤੋਂ ਪੱਠੇ ਲੈ ਕੇ ਆਉਂਦੀ ਤੇ ਨਾਲ ਹੀ ਮੇਰੇ ਬਾਪੂ ਦੇ ਕੇਸ ਦੀ ਪੈਰਵੀ ਵੀ ਕਰਦੀ ਰਹੀ। ਆਖ਼ਰ ਦੋ ਸਾਲ ਬਾਅਦ ਮੇਰਾ ਬਾਪੂ ਅਤੇ ਤਾਇਆ ਬਰੀ ਹੋ ਗਏ। ਉਦੋਂ ਤੱਕ ਅਸੀਂ ਵੀ ਸੁਰਤ ਸੰਭਾਲ ਚੁੱਕੇ ਸੀ। ਖਾਸ ਤੌਰ 'ਤੇ ਮੈਂ ਪੰਜ ਸਾਲ ਦੀ ਉਮਰ 'ਚ ਦੇਖੇ ਕਤਲ ਦੇ ਸਦਮੇ ਤੋਂ ਜ਼ਿਆਦਾ ਨਹੀਂ ਤਾਂ ਥੋੜ੍ਹਾ ਬਾਹਰ ਆ ਚੁੱਕਾ ਸੀ। ਬਾਪੂ ਦੀ ਬੁੱਕਲ ਮੁੜ ਹਾਸਲ ਕਰਕੇ ਮੈਂ ਬਾਪੂ ਵੱਲੋਂ ਕਤਲ ਵੇਲੇ ਕੀਤੇ ਗੰਡਾਸਿਆਂ ਦੇ ਵਾਰ ਥੋੜ੍ਹੇ-ਬਹੁਤ ਵਿਸਾਰ ਗਿਆ ਪਰ ਥਾਣਾ ਮੈਂ ਵੀ 9-10 ਸਾਲ ਦੀ ਉਮਰ 'ਚ ਹੀ ਵੇਖ ਲਿਆ।
ਮੇਰੇ ਬਾਪੂ ਦੀ ਭੂਆ ਦਾ ਮੁੰਡਾ ਬੱਗੀ ਟਰੱਕ ਕਲੀਨਰ ਸੀ ਤੇ ਉਨ੍ਹਾਂ ਦੇ ਟਰੱਕ 'ਚ ਕਿਤੇ ਰਸਤੇ 'ਚੋਂ ਅੱਤਵਾਦੀ ਚੜ੍ਹੇ ਸਨ। ਉਹ ਸਾਡੇ ਕੋਲ ਹੀ ਰਹਿੰਦਾ ਸੀ। ਜਿਵੇਂ ਹੀ ਪੁਲਸ ਦੇ ਕੰਨਾਂ ਤੱਕ ਗੱਲ ਪਹੁੰਚੀ ਪੁਲਸ ਨੇ ਸਾਡੇ ਘਰ ਨੂੰ ਘੇਰ ਲਿਆ। ਥਾਣੇਦਾਰ ਕਹਿੰਦਾ ਜਾਂ ਤਾਂ ਕੋਈ ਬੰਦਾ ਦਿਉ ਜਾਂ ਮੈਂ ਜਨਾਨੀਆਂ ਲੈ ਕੇ ਜਾਂਦਾ ਹਾਂ। ਮੈਂ ਥਾਣੇਦਾਰ ਨੂੰ ਆਪ ਈ ਕਹਿ ਦਿੱਤਾ ਕਿ ਮੈਂ ਚੱਲਦਾ ਹਾਂ ਤੁਹਾਡੇ ਨਾਲ। ਮੈਂ ਤਿੰਨ ਦਿਨ ਮਲੋਟ ਦੇ ਸਦਰ ਥਾਣੇ ਰਿਹਾ। ਉਸ ਵੇਲੇ ਥਾਣੇਦਾਰ ਸਵਰਨ ਸਿੰਘ ਸੀ ਜਿਸ ਨੇ ਬੜੇ ਪਿਆਰ ਨਾਲ ਵਿਹਾਰ ਕੀਤਾ। ਤਿੰਨ ਦਿਨ ਬਾਅਦ ਮੇਰੇ ਪਿੰਡ ਵਾਲਾ ਸੁੱਖਾ ਸੁਨਿਆਰਾ ਸਾਰਾ ਮਸਲਾ ਨਿਬੇੜ ਕੇ ਮੈਨੂੰ ਲੈ ਆਇਆ।
ਮੇਰੀ ਪੂਰੀ ਤਰ੍ਹਾਂ ਸੁਰਤ ਸੰਭਲਦਿਆਂ ਤੱਕ ਮੇਰਾ ਬਾਪੂ ਜੋ ਕੱਲ੍ਹ ਤੱਕ ਭਲਵਾਨ ਸੀ ਅੱਜ ਪੱਕਾ ਅਮਲੀ ਬਣ ਚੁੱਕਾ ਸੀ। ਉਹ ਆਵਦੇ ਹਿੱਸੇ 'ਚ ਆਈ ਜ਼ਮੀਨ ਤੋਂ ਇਲਾਵਾ ਮੇਰੇ ਦਾਦੇ ਦੇ ਛੋਟੇ ਭਰਾ ਗੁਰਨਾਮ ਸਿੰਘ ਜਿਸ ਦੀ ਲੱਤ ਕੱਟੀ ਹੋਈ ਸੀ ਦਾ ਵੀ ਹਿੱਸਾ ਵਾਹੁੰਦਾ ਸੀ ਪਰ 10 ਕਿੱਲ੍ਹਿਆਂ ਦੀ ਖੇਤੀ ਕਰਨ ਤੋਂ ਇਲਾਵਾ ਉਹ ਵੀ ਮੇਰੇ ਦਾਦੇ ਅਤੇ ਤਾਏ ਹੋਰਾਂ ਦੀ ਪੈੜ ਤੁਰ ਪਿਆ। ਉਸ ਨੇ ਵੀ ਅਫੀਮ ਅਤੇ ਭੁੱਕੀ ਦੀ ਤਸਕਰੀ ਸ਼ੁਰੂ ਕਰ ਦਿੱਤੀ। ਵੈਸੇ ਉਨ੍ਹਾਂ ਦਿਨਾਂ 'ਚ ਸਾਡੇ ਪਿੰਡ ਦੇ ਬਹੁਤੇ ਘਰ ਤਸਕਰੀ ਹੀ ਕਰਦੇ ਸਨ ਕਿਉਂਕਿ ਫਸਲਾਂ ਨਹੀਂ ਸਨ ਹੁੰਦੀਆਂ। ਇਹ ਗੱਲ ਵੱਖਰੀ ਸੀ ਕਿ ਉਨ੍ਹਾਂ ਦੀ ਤਸਕਰੀ ਦੇਸੀ ਸ਼ਰਾਬ ਤੱਕ ਹੁੰਦੀ ਸੀ ਜਦਕਿ ਮੇਰਾ