ਮੇਰੀ ਅੰਮੀ ਦੀ ਅੰਮੀ ਨੂੰ,
"ਰਾਏ ਕੌਰ"
ਨਾਨੀ ਜੀ
ਸ਼ੁਕਰਗੁਜ਼ਾਰੀ
ਇਹ ਕਿਤਾਬ ਨਹੀਂ, ਲੋਕਾਂ ਦੀਆਂ ਹੀ ਗੱਲਾਂ ਹਨ ਜੋ ਮੇਰੇ ਵੱਲੋਂ ਲੋਕਾਂ ਨੂੰ ਹੀ ਮੁਬਾਰਕ ਹਨ। ਇਹ ਕਿਤਾਬ ਨੂੰ ਲਿਖਣ ਲਈ ਪਹਿਲਾਂ ਮੈਨੂੰ ਖਿਆਲ ਆਇਆ, ਫੇਰ ਵਿਚਾਰ ਆਇਆ ਅਤੇ ਵਿਚਾਰਾਂ ਦੀ ਜੰਗ 'ਚ ਉੱਤਰ ਕੇ ਮੈਂ ਇਸ ਕਿਤਾਬ ਵਿੱਚ ਆਪਣੇ ਬਹੁਤ ਸਾਰੇ ਵਿਚਾਰਾਂ ਨਾਲ ਵਿਚਾਰ ਸਾਂਝੇ ਕੀਤੇ ਹਨ ਅਤੇ ਇੱਕ ਵਿਚਾਰ ਸੰਗ੍ਰਹਿ ਤਿਆਰ ਕੀਤਾ ਹੈ। ਇਹ ਕਿਤਾਬ ਇੱਕ ਵਿਚਾਰਧਾਰਾ ਹੈ ਜੋ ਜ਼ਿੰਦਗੀ, ਜ਼ਿੰਦਗੀਆਂ ਦੇ ਅਸਰ ਅਤੇ ਅਮਲ ਤੋਂ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਿਤਾਬ ਜ਼ਿੰਦਗੀ ਨੂੰ ਬਿਹਤਰ ਤੋਂ ਬਿਹਤਰੀਨ ਬਣਾਉਣ ਦਾ ਯਤਨ ਹੈ।
ਜੇ ਮੈਂ ਸ਼ੁਰੂ ਤੋਂ ਸ਼ੁਰੂ ਕਰਾਂ ਤਾਂ ਮੈਨੂੰ ਯਾਦ ਹੈ ਜਦੋਂ ਨਿੱਕੇ ਹੁੰਦੇ ਮੇਰੇ ਸਕੂਲ ਦਾ ਟਾਈਮ ਹੁੰਦਾ ਸੀ ਤਾਂ ਮੈਨੂੰ ਇੱਦਾਂ ਦਾ ਬੁਖ਼ਾਰ ਚੜ੍ਹਦਾ ਹੁੰਦਾ ਸੀ ਜਿਹੜਾ ਦਸ ਵੱਜਦੇ ਨੂੰ ਉੱਤਰ ਜਾਂਦਾ ਸੀ। ਬੁਖ਼ਾਰ ਚੜ੍ਹਨ ਦਾ ਇਹ ਸਿਲਸਿਲਾ ਮੇਰੀ ਦੂਸਰੀ ਤੀਸਰੀ ਸ਼੍ਰੇਣੀ ਤੱਕ ਚੱਲਿਆ। ਮੈਨੂੰ ਬਹੁਤਿਆਂ ਨੇ ਇਹ ਕਿਹਾ ਕਿ ਦੇਖਕੇ ਚੱਲੀਂ ਜ਼ਿੰਦਗੀ ਚਾਰ ਦਿਨਾਂ ਦੀ ਹੈ, ਅੱਗੋਂ ਮੈਂ ਵੀ ਕਹਿਤਾ ਮੈਨੂੰ ਵੀ ਗਿਣਤੀ ਨਹੀਂ ਆਉਂਦੀ। ਅੱਜ ਵੀ ਮੈਨੂੰ ਚੇਤੇ ਹੈ, ਨਿੱਕੇ ਹੁੰਦੇ ਸਕੂਲ ਜਾਂਦੇ ਹੋਏ ਮੇਰੀ ਅੰਮੀ ਦੇ ਆਟੇ ਨਾਲ ਲਿੱਬੜੇ ਹੋਏ ਹੱਥਾਂ ਦਾ ਮੇਰੀ ਗਲ ਤੇ ਲਗਾ ਕੇ ਲਾਡ ਕਰਨਾ, ਫੇਰ ਆਏ ਸ਼ਨੀਵਾਰ, ਸਾਨੂੰ ਦੋਹੇ ਭਰਾਵਾਂ ਨੂੰ ਖਾਣ ਲਈ ਕੁਝ ਖਾਸ ਬਣਾ ਕੇ, ਸਕੂਲ ਭੇਜਣਾ, ਗਾਲ਼ਾਂ ਸੁਣਨਾ, ਝਿੜਕਾਂ ਸੁਣਨਾ ਜਿੰਨਾ ਦਾ ਮੇਰੀ ਜ਼ਿੰਦਗੀ ਵਿੱਚ ਕਾਫ਼ੀ ਯੋਗਦਾਨ ਹੈ ਅਤੇ ਸਾਰੀ ਉਮਰ ਰਹੇਗਾ। ਸਾਡੇ ਕੁਲ ਪਰਿਵਾਰ 'ਚ ਹੋਰ ਕਿਸੇ ਨਾਲ ਮੇਰਾ ਤੇ ਮੇਰੇ ਭਰਾ, ਅਵਤਾਰ ਮਾਨ ਦਾ ਕੋਈ ਏਨਾ ਲਗਾਓ ਨਹੀਂ ਰਿਹਾ, ਜਿੰਨਾ ਮੇਰੀ ਨਾਨੀ ਜੀ ਨਾਲ ਰਿਹਾ। ਮੇਰਾ ਤੇ ਮੇਰੇ ਵੱਡੇ ਭਰਾ ਦਾ ਨਾਨੀ ਨਾਲ ਬਹੁਤ ਪਿਆਰ ਸੀ ਅਤੇ ਸਦਾ ਰਹਿਣਾ ਹੈ। ਨਾਨੀ ਜੀ ਨੇ ਜਦ ਵੀ ਸਾਡੇ ਕੋਲ ਆਉਣਾ ਸੇਵੀਆਂ, ਪਿੰਨੀਆਂ, ਮਿਠਾਈਆਂ ਅਤੇ ਹੋਰ ਢੇਰ ਸਾਰਾ
ਸਮਾਨ ਸਾਡੇ ਲਈ ਲੈ ਕੇ ਆਉਣਾ। ਕਦੇ ਕਦੇ ਮੈਨੂੰ ਇੰਝ ਵੀ ਲੱਗਦਾ ਸੀ ਕਿ ਮੇਰੀ ਨਾਨੀ ਨੇ ਸਾਡੇ ਦੋਵਾਂ ਭਰਾਵਾਂ ਦਾ ਆਪਣੀ ਧੀ ਤੋਂ ਵੀ ਜ਼ਿਆਦਾ ਮਤਲਬ ਸਾਡੀ ਅੰਮੀ ਤੋਂ ਵੀ ਜ਼ਿਆਦਾ ਮੋਹ ਕੀਤਾ ਹੈ। ਮੇਰੀ ਨਾਨੀ ਦਾ ਸੰਘਰਸ਼, ਆਤਮਵਿਸ਼ਵਾਸ ਬਹੁਤ ਬਾ-ਕਮਾਲ ਸੀ। ਅੱਜ ਵੀ ਮੈਂ ਮੇਰੀ ਨਾਨੀ ਨੂੰ ਯਾਦ ਕਰ ਕੇ ਭਾਵੁਕ ਹੋ ਜਾਂਦਾ ਹਾਂ। ਭਾਵੇਂ ਅੱਜ ਮੈਂ ਰੋਟੀ ਕਮਾਉਣ ਜੋਗਾ ਹੋ ਗਿਆ ਹਾਂ ਪਰ ਮੇਰੀ ਨਾਨੀ ਦੇ ਚੁੰਨੀ ਲੜ ਬੰਨੇ ਪੈਸਿਆਂ 'ਚੋਂ ਚੀਜ਼ ਖਾਣ ਦਾ ਮੋਹ ਮੈਨੂੰ ਅੱਜ ਵੀ ਨਹੀਂ ਭੁੱਲਿਆ ਅਤੇ ਨਾ ਹੀ ਕਦੇ ਭੁੱਲਣਾ ਹੈ। ਬੱਸ ਇੱਕੋ ਹੀ ਗ਼ਮ ਹੈ ਕਿ ਜੇ ਅੱਜ ਮੇਰੀ ਨਾਨੀ ਜੀ ਹੁੰਦੇ ਤਾਂ ਸਾਨੂੰ ਕਾਮਯਾਬ ਵੇਖ ਕੇ ਖੁਸ਼ ਹੁੰਦੇ।
ਖ਼ੈਰ, ਦੁੱਖ ਸੁੱਖ, ਸੁੱਖ ਦੁੱਖ ਜ਼ਿੰਦਗੀ ਦਾ ਹਿੱਸਾ ਹਨ ਜੋ ਇਨਸਾਨ ਦੇ ਨਾਲ ਪਰਛਾਵੇਂ ਵਾਂਗ ਚੱਲਦੇ ਰਹਿੰਦੇ ਹਨ। ਜੇ ਮੈਂ ਇਸ ਕਿਤਾਬ ਨੂੰ ਲਿਖਣ ਬਾਰੇ ਗੱਲ ਕਰਾਂ ਤਾਂ ਇਸ ਕਿਤਾਬ ਦਾ ਅੱਧਾ ਹਿੱਸਾ ਇੰਡੀਆ, ਪੰਜਾਬ ਵਿੱਚ ਲਿਖਿਆ ਗਿਆ ਹੈ ਅਤੇ ਅੱਧੇ ਤੋਂ ਵੀ ਅੱਧਾ ਹਿੱਸਾ ਕੈਨੇਡਾ, ਉਨਟੈਰਿਓ ਵਿੱਚ ਲਿਖਿਆ ਗਿਆ ਹੈ। ਸਮਾਂ ਲੱਗਿਆ, ਸਮਾਂ ਲੰਘਿਆ, ਅੱਜ ਇਹ ਕਿਤਾਬ ਹਾਜ਼ਰ ਹੈ ਤੁਹਾਡੀਆਂ ਅੱਖਾਂ ਸਾਹਮਣੇ, ਤੁਹਾਡੇ ਪਵਿੱਤਰ ਹੱਥਾਂ ਵਿੱਚ, ਜਿੰਨਾ ਦਾ ਦੇਣ ਮੈਂ ਧੁਰ ਉਮਰ ਤਕ ਨਹੀਂ ਦੇ ਸਕਦਾ। ਇਹ ਮੇਰੀ ਪਹਿਲੀ ਕਿਤਾਬ ਹੈ, ਤਾਂ ਮੇਰੀ ਇਸ ਕਿਤਾਬ ਨੂੰ ਆਪਣੇ ਪਹਿਲੇ ਪਿਆਰ ਜਿੰਨਾ ਮਾਣ ਬਖਸ਼ਿਓ। ਇਸ ਕਿਤਾਬ ਨੂੰ ਲਿਖਣ ਵਿੱਚ ਜਿੰਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਸ਼ੁਕਰੀਆ ਕਰਨਾ ਚਾਹਾਂਗਾ ਉਨ੍ਹਾਂ ਪੈਂਤੀ ਪੰਜਾਬੀ ਅੱਖਰਾਂ ਦਾ, ਪੰਜਾਬੀ ਮਾਂ ਬੋਲੀ ਦਾ, ਧਰਤੀ ਦਾ, ਜਲਵਾਯੂ ਦਾ, ਤਕਨਾਲੋਜੀ ਦਾ, ਪਾਠਕਾਂ ਦਾ, ਪ੍ਰਕਾਸ਼ਕ ਦਾ, ਆਪਣੇ ਆਪ ਦਾ।
ਮੈਂ ਬੜੇ ਨਿੱਘੇ ਮਨ ਨਾਲ ਤੁਹਾਡਾ ਸੁਆਗਤ ਕਰਦਾ ਹਾਂ, ਆਪਣੇ ਵਿਚਾਰਾਂ ਦੇ "ਦਰਬਾਰ" ਵਿੱਚ।
ਧੰਨਵਾਦ ਸਹਿਤ,
5 ਮਾਰਚ, 2023
ਅਮਰਿੰਦਰ ਮਾਨ
ਕੈਨੇਡਾ
-ਟੁੱਟਣ ਤੋਂ ਪਹਿਲਾਂ ਜੁੜਨਾ ਸਿੱਖੋ, ਪਹਿਲਾਂ ਰੁੜ੍ਹਨਾ ਸਿੱਖੋ ਫੇਰ ਤੁਰਨਾ ਸਿੱਖੋ।
-ਤੁਹਾਡੀ ਜ਼ਿੰਦਗੀ ਦੀ ਫ਼ਿਲਮ ਦੇ ਤੁਸੀਂ ਖੁਦ ਆਪ ਹੀ ਨਾਇਕ ਹੋ, ਆਪ ਹੀ ਲੇਖਕ ਹੋ, ਆਪ ਹੀ ਨਿਰਦੇਸ਼ਕ ਹੋ ਅਤੇ ਆਪ ਹੀ ਨਿਰਮਾਤਾ ਹੋ।
-ਦੇਸੀ ਘਿਓ, ਪੈਸਾ ਅਤੇ ਸਫ਼ਲਤਾ ਕਿਸੇ ਕਿਸੇ ਨੂੰ ਹੀ ਪਚਦੀ ਹੁੰਦੀ ਹੈ।
-ਉਮਰ ਵਧਣ ਦੇ ਨਾਲ ਨਾਲ ਕੁਝ ਸਿਆਣੇ ਹੋਰ ਸਿਆਣੇ ਹੋ ਜਾਂਦੇ ਹਨ ਅਤੇ ਕੁਝ ਸਿਆਣੇ ਨਿਆਣੇ ਹੋ ਜਾਂਦੇ ਹਨ।
-ਕੋਈ ਪੀਂਦਾ ਗ਼ਮ ਮਿਟਾਉਣੇ ਨੂੰ, ਕੋਈ ਪੀਂਦਾ ਖੁਸ਼ੀ ਵਧਾਉਣੇ ਨੂੰ, ਕਈਆਂ ਨੇ ਰੱਖੀ ਖੁਰਾਕ "ਦਾਰੂ", ਕੋਈ ਪੀਂਦਾ ਮੂਡ ਬਣਾਉਣੇ ਨੂੰ।
-"ਮਾਂ" ਸ਼ਬਦ ਆਪਣੇ ਆਪ ਵਿੱਚ ਛੋਟਾ ਜਿਹਾ ਜਾਪਦਾ ਹੈ ਪਰ ਇਹ ਸ਼ਬਦ ਆਪਣੇ ਦਰਜੇ ਵਿੱਚ ਬਹੁਤ ਵੱਡਾ ਹੈ।
-ਪਿਆਰ ਦਿਆਂ ਮਾਮਲਿਆਂ ਚ ਕਦੇ ਵੇਖ ਲਿਓ ਕਿਉਂ ਹਰ ਵਾਰੀ ਮੁੰਡੇ ਬਦਨਾਮ ਹੁੰਦੇ ਆ?
-ਕਿਸੇ ਨੂੰ ਚਾਹੁਣ ਅਤੇ ਪਿਆਰ ਕਰਨ ਵਿੱਚ ਬਹੁਤ ਫ਼ਰਕ ਹੁੰਦਾ, ਹੈ ਕਿ ਨਹੀਂ?