

-ਕਈ ਵਾਰ ਕਦਰ ਕੇਵਲ ਅਹੁਦੇ ਦੀ ਹੁੰਦੀ ਹੈ, ਇਨਸਾਨ ਦੀ ਨਹੀਂ ਅਤੇ ਕਈ ਵਾਰ ਕਦਰ ਕੇਵਲ ਇਨਸਾਨ ਦੀ ਹੁੰਦੀ ਹੈ, ਫੇਰ ਚਾਹੇ ਉਹ ਕਿਸੇ ਵੀ ਅਹੁਦੇ ਤੇ ਹੋਵੇ।
-ਅੱਜ ਕੱਲ੍ਹ ਈਰਖਾ ਦਾ ਮਾਰਿਆ ਹਰ ਇਨਸਾਨ ਜੇਬ ਵਿੱਚ ਮਾਚਿਸ ਲੈ ਕੇ ਘੁੰਮਦਾ ਹੈ, ਜਿੱਥੇ ਵੀ ਉਸ ਦਾ ਜੀ ਕਰਦਾ ਹੈ, ਉਹ ਉੱਥੇ ਹੀ ਅੱਗ ਲਗਾ ਦਿੰਦਾ ਹੈ।
-ਧੂੰਏਂ ਦੇ ਖੰਭ ਤਾਂ ਨਹੀਂ ਹੁੰਦੇ ਪਰ ਫੇਰ ਵੀ ਇਹ ਉੱਡ-ਉੱਡ ਕੇ ਕਾਫ਼ੀ ਉੱਪਰ ਤੱਕ ਪੁੱਜ ਜਾਂਦਾ ਹੈ।
-ਉਧਾਰ ਇੱਕ ਅਜਿਹੀ ਦੁਰਘਟਨਾ ਹੈ, ਜਿਸ ਦੇ ਵਾਪਰਨ ਤੋਂ ਬਾਅਦ ਲੋਕ ਕੋਮਾ ਵਿੱਚ ਚਲੇ ਜਾਂਦੇ ਹਨ।
-ਜੋ ਲੋਕ ਹਮੇਸ਼ਾ ਸ਼ਾਂਤ ਰਹਿੰਦੇ ਹਨ, ਉਨ੍ਹਾਂ ਦਾ ਦਿਮਾਗ਼ ਕਦੇ ਸ਼ਾਂਤ ਨਹੀਂ ਰਹਿੰਦਾ।
-ਸਪਸ਼ਟਤਾ ਜਿੰਨੀ ਕੌੜੀ ਹੁੰਦੀ ਹੈ, ਉਨ੍ਹੀ ਹੀ ਸੂਖ਼ਮ ਹੁੰਦੀ ਹੈ।
-ਅੱਜ ਦੇ ਸਮੇਂ ਵਿੱਚ ਸਿਹਤ ਵੀ ਤਾਂ ਹੀ ਤੰਦਰੁਸਤ ਹੈ ਜੇਕਰ ਬਟੂਆ ਤੰਦਰੁਸਤ ਹੈ।
-ਕਾਨੂੰਨ ਦੇ ਇਕੱਲੇ ਹੱਥ ਹੀ ਲੰਬੇ ਨਹੀਂ ਹੁੰਦੇ, ਕਾਨੂੰਨੀ ਕਾਰਵਾਈ ਵਿੱਚ ਲੱਗਣ ਵਾਲੀ ਸਮੇਂ ਦੀ ਮਿਆਦ ਵੀ ਬਹੁਤ ਲੰਬੀ ਹੁੰਦੀ ਹੈ।