

-ਕਿਸੇ ਨੇ ਮੈਨੂੰ ਪੁੱਛਿਆ ਕਿ "ਤੁਸੀਂ ਕੀ ਖਾਂਦੇ ਹੋ ਜਨਾਬ ਹਮੇਸ਼ਾ ਖਿੜੇ ਖਿੜੇ ਰਹਿੰਦੇ ਹੋ” ਤਾਂ ਅੱਗੋਂ ਮੈਂ ਜਵਾਬ ਦਿੱਤਾ ਇੱਕ ਤਾਂ ਮੈਂ ਪੂਰਾ ਸ਼ਾਕਾਹਾਰੀ ਹਾਂ, ਦੂਜਾ ਮੈਂ ਝੂਠੀਆਂ ਸੌਹਾਂ ਨਹੀਂ ਖਾਂਦਾ, ਕਿਸੇ ਦੇ ਹੱਕ ਦੀ ਕਮਾਈ ਨਹੀਂ ਖਾਂਦਾ ਅਤੇ ਚੌਥਾ ਮੈਂ ਕਿਸੇ ਦਾ ਦਿਮਾਗ਼ ਵੀ ਨਹੀਂ ਖਾਂਦਾ।
-ਕਹਿੰਦੇ ਸਾਡੇ ਦੇਸ਼ ਦੀਆਂ "ਧੀਆਂ" ਕਮਜ਼ੋਰ ਹਨ, ਮੈਂ ਕਹਿਣਾ ਸਾਡੇ ਦੇਸ਼ ਦੀਆਂ "ਨੀਂਹਾਂ" ਕਮਜ਼ੋਰ ਹਨ।
-ਕੁਝ ਇਨਸਾਨ ਹੁੰਦੇ ਤਾਂ ਅਸੂਲੀ ਹਨ, ਪਰ ਕਈਆਂ ਨੂੰ ਉਹ ਇਨਸਾਨ ਉਨ੍ਹਾਂ ਦੇ ਅਸੂਲਾਂ ਕਰ ਕੇ ਹੰਕਾਰੀ ਲੱਗਦੇ ਹਨ।
-ਕੁਝ ਲੋਕ ਤੁਹਾਡੀ ਨਜ਼ਰ ਉਤਾਰਦੇ ਹਨ ਅਤੇ ਕੁਝ ਲੋਕ ਤੁਹਾਨੂੰ ਨਜ਼ਰ ਤੋਂ ਉਤਾਰਦੇ ਹਨ।
-ਅੱਜ ਕੱਲ੍ਹ ਇੰਨੀ ਗਰਮੀ ਰੁੱਤਾਂ ਵਿੱਚ ਨਹੀਂ ਹੁੰਦੀ, ਜਿੰਨੀ ਇਨਸਾਨਾਂ ਵਿੱਚ ਹੁੰਦੀ ਹੈ।
-ਸਾਡੇ ਦੇਸ਼ ਦੀਆਂ ਸਰਕਾਰਾਂ ਤੱਕ ਪਹੁੰਚਣ ਵਾਲੇ ਕੇਵਲ ਰਾਹ ਪੱਕੇ ਹਨ, ਸਰਕਾਰਾਂ ਦੇ ਇਰਾਦੇ ਨਹੀਂ।
-ਵਪਾਰਕ ਸੋਚ ਦੇ ਹਿਸਾਬ ਨਾਲ ਤੁਸੀਂ ਕਿਸੇ ਇਨਸਾਨ ਦੀ ਮਨੋਬਿਰਤੀ ਨੂੰ ਠੇਸ ਪਹੁੰਚਾ ਕੇ ਉਸ ਨੂੰ ਕੁਝ ਵੀ ਖ਼ਰੀਦਣ ਲਈ ਮਜ਼ਬੂਰ ਕਰ ਸਕਦੇ ਹੋ।