ਦਹਿਸ਼ਤਗਰਦੀ ਬਾਰੇ : ਭਰਮ ਅਤੇ ਯਥਾਰਥ
ਆਲੋਕ ਰੰਜਨ
ਦਹਿਸ਼ਤਗਰਦੀ ਬਾਰੇ: ਭਰਮ ਅਤੇ ਯਥਾਰਥ
ਪੂਰੀ ਦੁਨੀਆਂ ਦੇ ਮੀਡੀਆ ਵਿੱਚ ਅੱਜ ਜੇ ਕੋਈ ਸ਼ਬਦ ਸਭ ਤੋਂ ਵੱਧ ਪੜ੍ਹਨ- ਸੁਨਣ ਨੂੰ ਮਿਲਦਾ ਹੈ ਤਾਂ ਉਹ ਹੈ- ਦਹਿਸ਼ਤਗਰਦੀ ਯਾਣੀ ਟੈਰੇਰਿਜ਼ਮ! ਅਜਿਹਾ ਲਗਦਾ ਹੈ ਕਿ ਸੌਂਦੇ-ਜਾਗਦੇ, ਉਠਦੇ-ਬਹਿੰਦੇ, ਹਰ ਸਮੇਂ ਦੁਨੀਆਂ ਭਰ ਦੇ ਹਾਕਮਾਂ ਨੂੰ ਦਿਹਸ਼ਤਗਰਦੀ ਦਾ ਭੂਤ ਸਤਾਉਂਦਾ ਰਹਿੰਦਾ ਹੈ।
ਸੱਚਾਈ ਇਹ ਹੈ ਕਿ ਦੁਨੀਆ-ਭਰ ਦੇ ਹਾਕਮ ਦਹਿਸ਼ਤਗਰਦੀ ਤੋਂ ਨਹੀਂ ਸਗੋਂ ਲੋਕ-ਇਨਕਲਾਬਾਂ ਦੇ ਭੂਤ ਤੋਂ ਡਰੇ ਰਹਿੰਦੇ ਹਨ। ਉਹ ਲੋਕ-ਇਨਕਲਾਬਾਂ 'ਤੇ ਵੀ ਦਹਿਸ਼ਤਗਰਦੀ ਦਾ ਲੇਬਲ ਚਿਪਕਾ ਦਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ। ਜਿਸ ਚੀਜ਼ ਤੋਂ ਉਨ੍ਹਾਂ ਵਿੱਚ ਡਰ ਪੈਦਾ ਹੁੰਦਾ ਹੈ, ਉਹ ਉਸੇ ਨੂੰ ਹੀ ਦਹਿਸ਼ਤਗਰਦੀ ਐਲਾਨ ਦਿੰਦੇ ਹਨ। ਉਨ੍ਹਾਂ ਦੇ ਸ਼ਬਦ-ਕੋਸ਼ ਵਿੱਚ ਦਹਿਸ਼ਤਗਰਦੀ ਅਤੇ ਲੋਕ-ਇਨਕਲਾਬ ਵਿੱਚ ਕੋਈ ਫਰਕ ਨਹੀਂ ਹੁੰਦਾ। ਹਾਕਮ ਜਮਾਤ ਹਮੇਸ਼ਾਂ ਇਸੇ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਹੈ ਕਿ ਇਤਿਹਾਸ ਅਤੇ ਸਮਾਜਿਕ-ਰਾਜਨੀਤਿਕ ਘਟਨਾਵਾਂ ਦੀ ਸਹੀ ਸਮਝਦਾਰੀ ਲੋਕਾਂ ਵਿੱਚ ਨਾ ਜਾਵੇ ਕਿਉਂਕਿ ਇਸ ਸਹੀ ਸਮਝ ਦੇ ਆਧਾਰ 'ਤੇ ਹੀ ਬੁਨਿਆਦੀ ਸਮਾਜਿਕ- ਬਦਲਾਅ ਦੀ ਸਹੀ ਦਿਸ਼ਾ ਤੈਅ ਹੁੰਦੀ ਹੈ। ਇਸੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਰਾਜਨੀਤਿਕ ਘਟਨਾਵਾਂ ਤੇ ਪ੍ਰਕਿਰਿਆਵਾਂ ਦੀ ਵਿਗਿਆਨਕ ਪਰਿਭਾਸ਼ਾ ਅਤੇ ਇਤਿਹਾਸਕ ਵਿਕਾਸ-ਪ੍ਰਕਿਰਿਆ ਤੋਂ ਚੰਗੀ ਤਰਾਂ ਜਾਣੂ ਹੋਈਏ।
ਦਹਿਸ਼ਤਗਰਦੀ ਦੀ ਪਰਿਭਾਸ਼ਾ ਬਾਰੇ, ਲੋਕ ਇਨਕਲਾਬਾਂ ਦੀ ਪਰਿਭਾਸ਼ਾ ਬਾਰੇ, ਜਨਤਕ ਲੀਹ ਬਾਰੇ ਅਤੇ ਸੱਜੇ ਪੱਖੀ ਭਟਕਾਵਾਂ ਬਾਰੇ
ਕਿਸੇ ਵੀ ਢਾਂਚੇ ਨੂੰ ਬਦਲਣ ਦੀ ਚਾਹਤ ਰੱਖਣ ਵਾਲੇ ਲੋਕ ਜਦੋਂ ਮੁੱਖ ਜਾਂ ਇੱਕੋ-ਇੱਕ ਯੁੱਧ-ਨੀਤੀ ਦੇ ਰੂਪ ਵਿੱਚ ਦਹਿਸ਼ਤ ਦਾ ਇਸਤੇਮਾਲ ਕਰਦੇ ਹਨ, ਤਾਂ ਉਸਨੂੰ ਦਹਿਸ਼ਤਗਰਦੀ ਕਿਹਾ ਜਾਂਦਾ ਹੈ। ਦਹਿਸ਼ਤਗਰਦੀ ਲੋਕਾਂ ਦੀ ਤਾਕਤ ਦੀ ਬਜਾਏ ਮੁੱਠੀ- ਭਰ ਇਨਕਲਾਬੀਆਂ ਦੀ ਬਹਾਦਰੀ, ਕੁਰਬਾਨੀ ਦੇ ਜਜ਼ਬੇ ਅਤੇ ਹਥਿਆਰਾਂ ਦੀ ਤਾਕਤ 'ਤੇ ਵੱਧ ਭਰੋਸਾ ਕਰਦੀ ਹੈ। ਉਹ ਵਿਆਪਕ ਵੱਖ-ਵੱਖ ਜਮਾਤਾਂ ਨੂੰ ਉਨ੍ਹਾਂ ਦੀਆਂ ਮੰਗਾਂ- ਸਮੱਸਿਆਵਾਂ ਨੂੰ ਲੈ ਕੇ ਜਗਾਉਣ, ਲਾਮਬੰਦ ਅਤੇ ਜਥੇਬੰਦ ਕਰਨ, ਹਾਕਮ ਲੋਟੂ ਜਮਾਤਾਂ ਤੇ ਉਨ੍ਹਾਂ ਦੀ ਰਾਜ-ਸੱਤ੍ਹਾ ਦੇ ਵਿਰੁੱਧ ਉਨ੍ਹਾਂ (ਯਾਣੀ ਲੋਕਾਂ ਦੀਆਂ ਵੱਖ-ਵੱਖ ਜਮਾਤਾਂ) ਦਾ ਸਾਂਝਾ ਮੋਰਚਾ ਬਣਾਉਣ, ਲੋਕਾਂ ਨੂੰ ਰਾਜ ਸੱਤਾ ਅਤੇ ਇਨਕਲਾਬ ਬਾਰੇ ਰਾਜਨੀਤਿਕ ਰੂਪ ਤੋਂ ਸਿੱਖਿਅਤ ਕਰਨ ਦੀ ਪ੍ਰਕਿਰਿਆ 'ਤੇ ਜ਼ੋਰ ਨਹੀਂ ਦਿੰਦੀ। ਉਹ ਬੰਦੂਕ ਨੂੰ ਰਾਜਨੀਤੀ ਦੇ ਅਧੀਨ ਨਹੀਂ ਸਗੋਂ ਰਾਜਨੀਤੀ ਨੂੰ ਬੰਦੂਕ ਦੇ ਅਧੀਨ ਰੱਖਦੀ ਹੈ। ਉਹ ਲੋਕ-ਸੰਘਰਸ਼
ਨੂੰ, ਅੱਗੇ ਵੱਧਦੀ ਅਤੇ ਪਿੱਛੇ ਹਟਦੀ ਅਤੇ ਫਿਰ ਅੱਗੇ ਵੱਧ ਕੇ ਆਉਂਦੀ ਲਹਿਰਾਂ ਵਰਗੀ ਪ੍ਰਕਿਰਿਆ ਵਿੱਚ, ਹੇਠਲੇ ਧਰਾਤਲ ਤੋਂ ਕ੍ਰਮਵਾਰ ਉਪਰਲੇ ਧਰਾਤਲ 'ਤੇ ਲੈ ਜਾਣ ਵਿੱਚ, ਅਤੇ ਅਖ਼ੀਰ ਵਿੱਚ ਫੈਸਲਾਕੁਨ ਇਨਕਲਾਬੀ ਜਮਾਤੀ ਸੰਘਰਸ਼ ਦੇ ਪੜਾਅ ਤੱਕ ਪਹੁੰਚਾਉਣ ਵਿੱਚ ਵਿਸ਼ਵਾਸ਼ ਨਹੀਂ ਰੱਖਦੀ। ਇਤਿਹਾਸ ਦੀ ਇਹ ਸਿੱਖਿਆ ਹੈ ਕਿ ਜ਼ਿੰਦਗੀ ਦੀ ਹਰ ਚੀਜ਼ ਦੀ ਤਰ੍ਹਾਂ ਇਨਕਲਾਬਾਂ ਦਾ ਵਿਕਾਸ ਕਰਨ ਦਾ ਰਾਹ ਵੀ ਕੁੰਡਲੀਦਾਰ ਹੁੰਦਾ ਹੈ। ਦਹਿਸ਼ਤਗਰਦੀ ਇਨਕਲਾਬ ਦੇ ਵਿਕਾਸ ਦੇ ਰਾਹ ਨੂੰ ਇੱਕ ਸਿੱਧੀ ਰੇਖਾ ਦੇ ਰੂਪ ਵਿੱਚ ਵੇਖਦੀ ਹੈ। ਦਹਿਸ਼ਤਗਰਦੀ ਹਥਿਆਰਬੰਦ ਸੰਘਰਸ਼ ਨੂੰ ਹੀ ਇਨਕਲਾਬੀ ਸੰਘਰਸ਼ ਦੇ ਇੱਕੋ ਇੱਕ ਰੂਪ ਵੱਜੋਂ, ਜਾਂ ਸ਼ੁਰੂਆਤੀ ਪੜਾਅ ਤੋਂ ਹੀ ਪ੍ਰਮੁੱਖ ਰੂਪ ਵਜੋਂ ਵੇਖਦੀ ਹੈ। ਇਸੇ ਲਈ ਉਹ ਰਾਜਨੀਤੀ ਉਤੇ ਬੰਦੂਕ ਨੂੰ ਪ੍ਰਧਾਨਤਾ ਦਿੰਦੀ ਹੈ।
ਇਨਕਲਾਬ ਦੀ ਵਿਗਿਆਨਕ ਭੌਤਿਕਵਾਦੀ ਸਮਝ ਸਾਨੂੰ ਇਹ ਦੱਸਦੀ ਹੈ ਕਿ ਲੁੱਟ ਅਤੇ ਜਬਰ ਦੇ ਸ਼ਿਕਾਰ ਲੋਕ ਆਪਣੀਆਂ ਆਰਥਿਕ ਤੇ ਰਾਜਨੀਤਿਕ ਮੰਗਾਂ ਨੂੰ ਲੈ ਕੇ ਆਪ-ਮੁਹਾਰੇ ਅੰਦੋਲਨ ਅਤੇ ਵਿਦਰੋਹ ਦੀ ਕਾਰਵਾਈ ਕਰਦੇ ਰਹਿੰਦੇ ਹਨ। ਪਰ ਇਹ ਵਿਦਰੋਹ ਆਪਣੇ-ਆਪ ਇਨਕਲਾਬ ਦਾ ਰੂਪ ਨਹੀਂ ਲੈ ਸਕਦੇ। ਇਨਕਲਾਬ ਇੱਕ ਸਚੇਤਨ ਵਿਗਿਆਨਕ ਪ੍ਰਕਿਰਿਆ ਹੈ, ਜਿਸਦੀ ਇੱਕਸਾਰ ਸਮਝ ਲੋਕਾਂ ਦੇ ਥੋੜ੍ਹੇ ਜਿਹੇ ਵਿਕਸਿਤ ਤੱਤ, ਇਤਿਹਾਸ ਦੇ ਅਧਿਐਨ, ਆਪਣੇ ਸਮੇਂ ਵਿੱਚ ਮੌਜੂਦ ਸਮਾਜ ਦੇ ਸਮਾਜਿਕ-ਰਾਜਨੀਤਿਕ ਢਾਂਚੇ ਅਤੇ ਜਮਾਤੀ ਸਰੂਪ ਦੇ ਅਧਿਐਨ, ਸਾਰੇ ਸਮਕਾਲੀ ਜਮਾਤੀ ਸੰਘਰਸ਼ਾਂ ਦੇ ਅਧਿਐਨ ਅਤੇ ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਹੋ ਰਹੇ ਅਤੇ ਹੋ ਚੁੱਕੇ ਇਨਕਲਾਬਾਂ ਦੇ ਅਧਿਐਨ ਦੇ ਸਾਰ-ਸੰਕਲਨ ਤੋਂ ਹਾਸਲ ਕਰਦੇ ਹਨ। ਇਹ ਇੱਕ ਹਮੇਸ਼ਾਂ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੁੰਦੀ ਹੈ ਜੋ ਪੂਰੇ ਇਨਕਲਾਬੀ ਸੰਘਰਸ਼ ਦੇ ਦੌਰਾਨ 'ਅਭਿਆਸ-ਸਿਧਾਂਤ-ਅਭਿਆਸ' ਦੀ ਪ੍ਰਕਿਰਿਆ ਦੇ ਰੂਪ ਵਿੱਚ ਜਾਰੀ ਰਹਿੰਦੀ ਹੈ। ਪੂੰਜੀਵਾਦੀ ਜਮਹੂਰੀ ਇਨਕਲਾਬਾਂ ਦੇ ਯੁੱਗ ਵਿੱਚ ਵੀ (ਮਿਸਾਲ ਦੇ ਤੌਰ 'ਤੇ 1776 ਦੇ ਅਮਰੀਕੀ ਇਨਕਲਾਬ ਜਾਂ 1789 ਦੇ ਫਰਾਂਸੀਸੀ ਇਨਕਲਾਬ ਵਿੱਚ) ਇਹ ਪ੍ਰਕਿਰਿਆ ਅਜਿਹੀ ਹੀ ਹੁੰਦੀ ਸੀ ; ਪਰ ਇਹ ਮੂਲ ਰੂਪ ਵਿੱਚ ਅਤੇ ਮੁੱਖ ਰੂਪ ਵਿੱਚ ਇੱਕ ਸਚੇਤਨ ਪ੍ਰਕਿਰਿਆ ਨਹੀਂ ਸੀ। ਉਨੀਵੀਂ ਸਦੀ ਦੇ ਅੱਧ ਵਿੱਚ ਯੂਰਪ ਵਿੱਚ ਪੂੰਜੀਵਾਦ ਦੇ ਖਿਲਾਫ ਮਜ਼ਦੂਰ ਇਨਕਲਾਬਾਂ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਅਤੇ ਵੀਹਵੀਂ ਸਦੀ ਦੇ ਨਾਲ ਹੀ ਪੂੰਜੀਵਾਦ ਦੇ ਸਰਵ ਉੱਚ ਪੜਾਅ-ਸਾਮਰਾਜਵਾਦ ਅਤੇ ਮਜ਼ਦੂਰ ਇਨਕਲਾਬਾਂ ਦੇ ਯੁੱਗ ਦੀ ਸ਼ੁਰੂਆਤ ਹੋਈ। ਪੂੰਜੀਵਾਦ ਜਮਾਤੀ-ਸਮਾਜ ਦੀ ਇੱਕ ਅਜਿਹੀ ਅਵਸਥਾ ਹੈ; ਜਿਥੋਂ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਹੋਣ ਵਾਲੇ ਸਮਾਜਵਾਦੀ ਇਨਕਲਾਬ (ਬੇਸ਼ਕ ਕਈ ਹਾਰਾਂ-ਜਿੱਤਾਂ ਅਤੇ ਉਤਰਾਵਾਂ-ਚੜਾਵਾਂ 'ਚੋਂ ਲੰਘ ਕੇ) ਜਮਾਤ ਰਹਿਤ ਸਮਾਜ ਦੀ ਦਿਸ਼ਾ ਵਿੱਚ ਇੱਕ ਲਮਕਵੇਂ ਸੰਕਰਮਣ ਦੀ ਸ਼ੁਰੂਆਤ ਕਰਨਗੇ। ਉਤਪਾਦਨ ਦੇ ਸਾਧਨਾਂ ਤੇ ਮਾਲਕੀ ਤੋਂ ਪੂਰੀ ਤਰ੍ਹਾਂ ਵਾਂਝੇ ਅਤੇ ਜੀਵਨ-ਨਿਰਬਾਹ ਦੇ ਲਈ ਆਪਣੀ ਕਿਰਤ-ਸ਼ਕਤੀ ਵੇਚਣ 'ਤੇ ਨਿਰਭਰ, ਪੂੰਜਵਾਦੀ ਸਮਾਜ ਦੀ ਆਧੁਨਿਕ ਮਜ਼ਦੂਰ- ਜਮਾਤ ਜਮਾਤੀ ਸਮਾਜ ਦੇ ਸਭ ਤੋਂ ਉੱਨਤ ਇਨਕਲਾਬ ਦੀ ਵਾਹਕ ਜਮਾਤ ਹੈ ਜੋ