ਸਾਜਿਸ਼ ਅਤੇ ਦਹਿਸ਼ਤ ਦੀ ਯੁੱਧਨੀਤੀ ਨੂੰ ਹੀ ਅਮਲ ਵਿੱਚ ਲਿਆਉਂਦਾ ਹੈ। ਇਹ ਪੁਰਾਣੀ ਦਹਿਸ਼ਗਰਦੀ ਜਾਂ ਮਾਅਰਕੇਬਾਜੀ ਦਾ ਹੀ ਇੱਕ ਨਵਾਂ ਰੂਪ ਹੈ ਅਤੇ ਕਿਉਂਕਿ ਇਹ ਕਮਿਊਨਿਸਟ ਹੋਣ ਦਾ ਦਾਅਵਾ ਕਰਦਾ ਹੈ, ਇਸ ਲਈ ਇਸਨੂੰ "ਖੱਬੇਪੱਖੀ" ਮਾਅਰਕੇਬਾਜੀ ਅਤੇ ਅੱਤ-ਖੱਬੇ ਪੱਖ ਦਾ ਨਾਂ ਦਿੱਤਾ ਜਾਂਦਾ ਹੈ। ਉਪਰ ਅਸੀਂ ਖੱਬੇਪੱਖੀ ਲਹਿਰ ਵਿੱਚ ਸੱਜੇਪੱਖੀ ਮੌਕਾਪ੍ਰਸਤ ਭਟਕਾਵਾਂ ਦੀ ਗੱਲ ਕੀਤੀ ਹੈ। "ਖੱਬੇਪੱਖੀ" ਮਾਅਰਕੇਬਾਜੀ ਦੂਜੇ ਸਿਰੇ ਦਾ ਭਟਕਾਅ ਹੈ ; ਇਸੇ ਲਈ ਇਸਨੂੰ "ਖੱਬੇਪੱਖੀ" ਮੌਕਾਪ੍ਰਸਤੀ ਵੀ ਕਿਹਾ ਜਾਂਦਾ ਹੈ। "ਖੱਬੇਪੱਖੀ" ਮੌਕਾਪ੍ਰਸਤੀ ਸੰਘਰਸ਼ ਦੇ ਹੇਠਲੇ ਰੂਪਾਂ ਵੱਲ ਧਿਆਨ ਨਾ ਦੇ ਕੇ ਮਨਮਰਜ਼ੀ ਨਾਲ ਸਿੱਧੇ ਸੰਘਰਸ਼ ਦੇ ਸਭ ਤੋਂ ਉਚੇ ਅਤੇ ਫੈਸਲਾਕੁੰਨ ਰੂਪ - ਹਥਿਆਰਬੰਦ ਸੰਘਰਸ਼ ਨੂੰ ਅਪਨਾਉਣ ਵਿੱਚ ਯਕੀਨ ਰੱਖਦੀ ਹੈ ਅਤੇ ਵਿਆਪਕ ਲੋਕਾਂ ਦੀ ਪਹਿਲ ਕਦਮੀ, ਸ਼ਮੂਲੀਅਤ ਅਤੇ ਸਹਿਮਤੀ ਦੀ ਕਮੀ ਵਿੱਚ ਹਥਿਆਰਬੰਦ ਦਸਤਿਆਂ ਦੀਆਂ ਕਾਰਵਾਈਆਂ ਦੇ ਰੂਪ ਵਿੱਚ ਇਸਨੂੰ ਅੰਜਾਮ ਦਿੰਦੀ ਹੈ। "ਖੱਬੇਪੱਖੀ" ਮਾਅਰਕੇਬਾਜੀ ਆਮਤੌਰ 'ਤੇ ਆਰਥਿਕ ਸੰਘਰਸ਼ ਨੂੰ ਹੀ ਅਰਥਵਾਦ ਅਤੇ ਟਰੇਡ ਯੂਨੀਅਨ ਕਾਰਵਾਈਆਂ ਨੂੰ ਹੀ ਟਰੇਡ-ਯੂਨੀਅਨਵਾਦ ਦੱਸਕੇ ਖਾਰਿਜ ਕਰ ਦਿੰਦੀ ਹੈ। ਆਮ ਲੋਕਾਂ ਨੂੰ ਜੱਥੇਬੰਦ ਕਰਨ ਦੇ ਲਈ ਕੀਤੀਆਂ ਜਾਣ ਵਾਲੀਆਂ ਸਾਰੀਆਂ ਕਾਰਵਾਈਆਂ ਅਤੇ ਸੰਘਰਸ਼ ਦੇ ਹੇਠਲੇ ਰੂਪਾਂ ਨੂੰ ਉਹ ਸੋਧਵਾਦ ਅਤੇ ਸੱਜੇਪੱਖੀ ਦਾ ਲੇਬਲ ਚਿਪਕਾ ਕੇ ਖਾਰਿਜ ਕਰ ਦਿੰਦੀ ਹੈ। ਮਾਰਕਸਵਾਦ ਸੰਸਦ ਦੇ ਰਸਤੇ ਰਾਹੀਂ ਮਜ਼ਦੂਰ ਜਮਾਤ ਦੀ ਸੱਤ੍ਹਾ ਦੀ ਸਥਾਪਨਾ ਦੇ ਸੱਜੇਪੱਖੀ ਵਿਚਾਰ ਨੂੰ ਤਾਂ ਸਿਰੇ ਤੋਂ ਖਾਰਿਜ ਕਰ ਦਿੰਦਾ ਹੈ, ਪਰ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਅਤੇ ਪੂੰਜੀਵਾਦੀ ਵਿਵਸਥਾ ਦੇ ਪਰਦਾ-ਫਾਸ਼ ਲਈ ਕਿਸੇ ਬੁਰਜੂਆ ਜਮਹੂਰੀ ਦੇਸ਼ ਵਿੱਚ ਹਾਲਾਤ ਹੋਣ 'ਤੇ, ਦਾਅ- ਪੇਚ ਦੇ ਰੂਪ ਵਿੱਚ ਬੁਰਜੂਆ ਸੰਸਦੀ ਚੋਣਾਂ ਅਤੇ ਸੰਸਦ ਦੇ ਮੰਚ ਦੇ ਇਸਤੇਮਾਲ ਨੂੰ ਸਹੀ ਦੱਸਦਾ ਹੈ। ਪਰ "ਖੱਬੇਪੱਖੀ" ਮਾਅਰਕੇਬਾਜੀ ਇਸਨੂੰ ਯੁੱਧ-ਨੀਤੀ ਦਾ ਸਵਾਲ ਦੱਸਦੀ ਹੈ ਤੇ ਕਿਸੇ ਵੀ ਹਾਲ ਵਿੱਚ ਸੰਸਦੀ ਚੋਣਾਂ ਵਿੱਚ ਹਿੱਸੇਦਾਰੀ ਨੂੰ ਹੀ ਸੰਸਦਵਾਦ ਜਾਂ ਸੱਜੇਪੱਖੀ ਮੌਕਾਪ੍ਸਤੀ ਐਲਾਨਦੇ ਹੋਏ ਇਸ ਸਵਾਲ 'ਤੇ ਪੂਰੀ ਤਰਾਂ ਬਾਈਕਾਟਵਾਦੀ ਰੁੱਖ ਅਪਣਾਉਂਦੀ ਹੈ। ਨਿਚੋੜ ਦੇ ਤੌਰ 'ਤੇ, "ਖੱਬੇਪੱਖੀ" ਮਾਅਰਕੇਬਾਜੀ ਰਾਜਨੀਤੀ ਦਹਿਸ਼ਤਗਰਦ ਰਾਜਨੀਤੀ ਹੈ। ਇਹ ਮਜ਼ਦੂਰ ਜਮਾਤੀ ਰਾਜਨੀਤੀ ਦੇ ਮਖੌਟੇ ਵਾਲੀ ਮੱਧਵਰਗੀ ਇਨਕਲਾਬਵਾਦ ਦੀ ਰਾਜਨੀਤੀ ਹੈ। ਮਾਓ-ਜ਼ੇ-ਤੁੰਗ ਨੇ "ਖੱਬੇਪੱਖੀ" ਮਾਅਰਕੇਬਾਜੀ ਅਤੇ ਸੱਜੇਪੱਖੀ ਮੌਕਾਪ੍ਰਸਤੀ ਦੇ ਚਰਿੱਤਰ ਦੀਆਂ ਕੁੱਝ ਵਿਸ਼ੇਸ਼ਤਾਈਆਂ ਨੂੰ ਇਨ੍ਹਾਂ ਸ਼ਬਦਾਂ ਵਿੱਚ ਸਾਫ਼ ਪੇਸ਼ ਕੀਤਾ ਹੈ :
"ਜੇਕਰ ਅਸੀਂ ਲੋਕਾਂ ਦੇ ਜਾਗਣ ਤੋਂ ਪਹਿਲਾਂ ਹੀ ਪਹਿਲਕਦਮੀ ਕਰਾਂਗੇ, ਤਾਂ ਇਹ ਮਾਅਰਕੇਬਾਜੀ ਹੋਵੇਗੀ। ਜੇਕਰ ਅਸੀਂ ਲੋਕਾਂ ਦੀ ਮਰਜ਼ੀ ਦੇ ਉਲਟ ਕੋਈ ਕੰਮ ਕਰਨ ਲਈ ਉਸਦੀ ਅਗਵਾਈ ਕਰਨ ਦੀ ਜ਼ਿੱਦ ਕੀਤੀ, ਤਾਂ ਅਸੀਂ ਨਿਸ਼ਚੇ ਹੀ ਹਾਰ ਜਾਵਾਂਗੇ। ਜੇ ਅਸੀਂ ਲੋਕਾਂ ਦੁਆਰਾ ਅੱਗੇ ਵਧਣ ਦੀ ਮੰਗ 'ਤੇ ਵੀ ਅੱਗੇ ਨਹੀਂ ਵਧਾਂਗੇ ਤਾਂ ਇਹ ਸੱਜੀ ਮੌਕਾਪ੍ਰਸਤੀ ਹੋਵੇਗੀ"।
ਪੂਰੀ ਦੁਨੀਆਂ ਦੇ ਲਗਭਗ ਸਾਰੇ ਮਜ਼ਦੂਰ ਇਨਕਲਾਬਾਂ ਵਿੱਚ ਸਮੇਂ-ਸਮੇਂ 'ਤੇ ਸੱਜੇਪੱਖੀ ਮੌਕਾਪ੍ਰਸਤੀ ਅਤੇ "ਖੱਬੇਪੱਖੀ" ਮਾਅਰਕੇਬਾਜੀ ਦੀਆਂ ਪ੍ਰਵਿਰਤੀਆਂ ਵਾਰੀ-
ਵਾਰੀ ਸਿਰ ਚੁੱਕਦੀਆਂ ਰਹੀਆਂ ਹਨ ਅਤੇ ਇਨ੍ਹਾਂ ਨੂੰ ਖੂੰਜੇ ਲਾ ਕੇ ਹੀ ਮਜ਼ਦੂਰ ਇਨਕਲਾਬ ਅੱਗੇ ਵਧ ਸਕਣ ਵਿੱਚ ਸਫਲ ਹੁੰਦੇ ਰਹੇ ਹਨ। ਇਹ ਦੋਵੇਂ ਹੀ ਮੱਧਵਰਗੀ ਪ੍ਰਵਿਰਤੀਆਂ ਹਨ। ਇੱਕ ਮੱਧਵਰਗ ਦੀ ਸੁਧਾਰਵਾਦੀ ਪ੍ਰਵਿਰਤੀ ਹੈ, ਜੋ ਖੱਬੇਪੱਖੀ ਇਨਕਲਾਬੀ ਲਹਿਰ ਨੂੰ ਗੰਧਲਾ ਕਰਕੇ ਬੁਰਜੂਆ ਜਮਾਤ ਦੀ ਸੇਵਾ ਵਿੱਚ ਲਾ ਦੇਣਾ ਚਾਹੁੰਦੀ ਹੈ। ਦੂਜੀ ਮੱਧਵਰਗੀ ਇਨਕਲਾਬੀ ਪ੍ਰਵਿਰਤੀ ਹੈ, ਜੋ ਖੱਬੇਪੱਖੀ ਇਨਕਲਾਬੀ ਲਹਿਰ ਨੂੰ ਟੀਚਾ ਰਹਿਤ ਅਤੇ ਅਸਫਲ ਬਣਾ ਕੇ ਲੋਕਾਂ ਵਿੱਚ ਨਿਰਾਸ਼ਾ ਦਾ ਮਾਹੌਲ ਬਣਾਉਂਦੀ ਹੈ ਅਤੇ ਇਸ ਤਰਾਂ, ਸਾਰੀਆਂ ਇਨਕਲਾਬੀ ਸ਼ੁਭ-ਇਛਾਵਾਂ ਅਤੇ ਕੁਰਬਾਨੀਆਂ ਦੇ ਬਾਵਜੂਦ, ਬਾਹਰਮੁਖੀ ਤੌਰ 'ਤੇ ਹਾਕਮ ਜਮਾਤਾਂ ਦੀ ਟੀਚਾ-ਪੂਰਤੀ ਵਿੱਚ ਹੀ ਮਦਦਗਾਰ ਬਣਦੀ ਹੈ। ਕਿਸੇ ਵੀ ਪੂੰਜੀਵਾਦੀ ਸਮਾਜ ਵਿੱਚ ਸੁਧਾਰ ਅਤੇ ਤਬਦੀਲੀ ਦੀ ਇੱਛਾ ਰੱਖਣ ਵਾਲੀਆਂ ਮੱਧਵਰਗੀ ਜਮਾਤਾਂ ਦੀ ਮੌਜੂਦਗੀ ਅਤੇ ਮਜ਼ਦੂਰ ਇਨਕਲਾਬਾਂ ਦੀ ਇੱਕ ਡਾਵਾਂਡੋਲ ਸਹਾਇਕ ਜਮਾਤ ਦੇ ਰੂਪ ਵਿੱਚ ਮੱਧਵਰਗ ਦੀ ਮੌਜੂਦਗੀ ਦੇ ਕਾਰਨ, ਸੁਭਾਵਿਕ ਤੌਰ 'ਤੇ ਮਜ਼ਦੂਰ ਇਨਕਲਾਬ ਦੀਆਂ ਹਰਾਵਲ ਤਾਕਤਾਂ ਦੀ ਰਾਜਨੀਤੀ ਅਤੇ ਵਿਚਾਰਧਾਰਾ ਵਿੱਚ ਵੀ ਮੱਧਵਰਗ ਦੀ ਰਾਜਨੀਤੀ ਅਤੇ ਵਿਚਾਰਧਾਰਾ ਦੀ ਘੁਸਪੈਠ ਹੁੰਦੀ ਹੈ ਅਤੇ ਇਨ੍ਹਾਂ ਵਿਰੁੱਧ ਲਗਾਤਾਰ ਸੰਘਰਸ਼ ਦੀ ਪ੍ਰਕਿਰਿਆ ਮਜ਼ਦੂਰ ਇਨਕਲਾਬ ਦੀ ਸਫਲਤਾ ਦੀ ਇੱਕ ਬੁਨਿਆਦੀ ਗਰੰਟੀ ਹੁੰਦੀ ਹੈ।
ਅਜਿਹਾ ਵੀ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਰਿਹਾ ਹੈ ਕਿ "ਖੱਬੇਪੱਖੀ" ਮਾਅਰਕੇਬਾਜੀ ਦੀ ਨਿਮਨ-ਪੂੰਜੀਵਾਦੀ ਲਾਈਨ ਹਾਰ ਜਾਣ ਅਤੇ ਪਿਟ ਜਾਣ ਤੋਂ ਬਾਅਦ ਆਪਣੇ ਆਪ ਨੂੰ ਬਦਲ ਕੇ ਸੱਜੇ-ਪੱਖੀ "ਮੌਕਾਪ੍ਰਸਤੀ" ਦੀ ਨਿਮਨ ਪੂੰਜੀਵਾਦੀ ਲਾਈਨ ਬਣ ਜਾਂਦੀ ਹੈ ਅਤੇ ਇਹ ਵੀ ਹੁੰਦਾ ਹੈ ਕਿ ਕਦੀ-ਕਦੀ "ਖੱਬੇਪੱਖੀ" ਮਾਅਰਕੇਬਾਜੀ ਆਪਣੇ ਅਸਲੀ ਚਰਿੱਤਰ 'ਤੇ ਪਰਦਾ ਪਾਉਣ ਲਈ ਰਸਮੀ ਤੌਰ 'ਤੇ ਕੁਝ ਜਨਤਕ ਕਾਰਵਾਈਆਂ ਕਰਦੀ ਹੈ ਅਤੇ ਤਦ "ਖੱਬੇਪੱਖੀ" ਅਤੇ ਸੱਜੇਪੱਖੀ ਮੌਕਾਪ੍ਰਸਤੀ ਦੀ ਅਜੀਬੋ- ਗਰੀਬ ਖਿਚੜੀ ਦਾ ਇੱਕ ਅਦਭੁਤ ਨਮੂਨਾ ਵੇਖਣ ਨੂੰ ਮਿਲਦਾ ਹੈ। ਕਿਉਂਕਿ ਇਨ੍ਹਾਂ ਦੋਹਾਂ ਪ੍ਰਵਿਰਤੀਆਂ ਦਾ ਬੁਨਿਆਦੀ ਜਮਾਤੀ-ਚਰਿੱਤਰ ਇੱਕੋ ਹੀ ਹੁੰਦਾ ਹੈ ਇਸ ਲਈ ਅਜਿਹੇ ਅਜੀਬੋ-ਗਰੀਬ ਸਮਾਗਮ ਵਿੱਚ ਅਸਲ ਵਿੱਚ ਕੁੱਝ ਵੀ ਅਜੀਬ ਜਾਂ ਹੈਰਾਨੀਜਨਕ ਨਹੀਂ ਹੁੰਦਾ। ਅਕਸਰ ਇਹ ਵੀ ਹੁੰਦਾ ਹੈ ਕਿ "ਖੱਬੇਪੱਖੀ" ਮਾਅਰਕੇਬਾਜੀ ਦੀ ਕੋਈ ਇੱਕ ਧਾਰਾ ਖਿੰਡ ਜਾਂਦੀ ਹੈ ਜਾਂ ਸੱਜੇਪੱਖ ਦੀ ਦਿਸ਼ਾ ਵਿੱਚ ਚਲੀ ਜਾਂਦੀ ਹੈ ਅਤੇ ਫਿਰ ਉਸਦੀ ਥਾਂ "ਖੱਬੇਪੱਖੀ" ਮਾਅਰਕੇਬਾਜੀ ਦੀ ਕੋਈ ਦੂਜੀ ਧਾਰਾ ਲੈ ਲੈਂਦੀ ਹੈ।
ਰੂਸੀ ਇਨਕਲਾਬ ਅਤੇ ਚੀਨੀ ਇਨਕਲਾਬ ਦੀ ਪੂਰੀ ਵਿਕਾਸ ਪ੍ਰਕਿਰਿਆ ਵਿੱਚ "ਖੱਬੇਪੱਖੀ" ਅਤੇ ਸੱਜੇਪੱਖੀ ਭਟਕਾਅ ਲਗਾਤਾਰ, ਇੱਕ ਤੋਂ ਬਾਅਦ ਇੱਕ ਸਿਰ ਚੁੱਕਦੇ ਰਹੇ ਅਤੇ ਇਨ੍ਹਾਂ ਨੂੰ ਹਰਾ ਕੇ ਹੀ ਇਨਕਲਾਬ ਅੱਗੇ ਵਧਣ ਵਿੱਚ ਸਫ਼ਲ ਹੋ ਸਕੇ। ਅੰਤਰਰਾਸ਼ਟਰੀ ਕਮਿਊਨਿਸਟ ਲਹਿਰ ਵਿੱਚ ਵੀ ਸਹੀ ਧਾਰਾ ਇਨ੍ਹਾਂ ਪ੍ਰਵਿਰਤੀਆਂ ਵਿਰੁੱਧ ਲਗਾਤਾਰ ਸੰਘਰਸ਼ ਕਰਦੀ ਰਹੀ। ਦੂਜੀ ਇੰਟਰਨੈਸ਼ਨਲ ਵਿੱਚ ਹਾਵੀ ਸੱਜੇ ਪੱਖੀ ਮੌਕਾਪ੍ਰਸਤਾਂ ਖਿਲਾਫ ਲੈਨਿਨ ਨੇ ਬਿਨਾਂ ਕਿਸੇ ਸਮਝੌਤੇ ਦੇ ਸੰਘਰਸ਼ ਚਲਾਇਆ ਅਤੇ ਅਕਤੂਬਰ
ਇਨਕਲਾਬ ਤੋਂ ਬਾਅਦ ਯੂਰਪ ਦੇ ਕੁੱਝ ਦੇਸ਼ਾਂ ਵਿੱਚ ਜਦੋਂ "ਖੱਬੇਪੱਖੀ" ਮਾਅਰਕੇਬਾਜੀ ਦੇ ਭਟਕਾਅ ਨੇ ਸਿਰ ਚੁੱਕਿਆ ਤਾਂ ਉਸਦੇ ਵਿਰੁੱਧ ਸੰਘਰਸ਼ ਵਿੱਚ ਵੀ ਉਨ੍ਹਾਂ ਨੇ ਕੋਈ ਰਿਆਇਤ ਨਹੀਂ ਵਰਤੀ। ਮਾਓ-ਜੇ-ਤੁੰਗ ਦੀ ਅਗਵਾਈ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦਾ ਅਮਲ ਵੀ ਅਜਿਹਾ ਹੀ ਰਿਹਾ।
ਭਾਰਤ ਦੀ ਕਮਿਊਨਿਸਟ ਲਹਿਰ ਦਾ ਇਤਿਹਾਸ ਇਸਤੋਂ ਕੁੱਝ ਵੱਖਰਾ ਰਿਹਾ ਹੈ। ਸ਼ੁਰੂ ਤੋਂ ਹੀ ਇੱਥੋਂ ਦੀ ਕਮਿਊਨਿਸਟ ਪਾਰਟੀ ਦਾ ਵਿਚਾਰਧਾਰਕ ਅਧਾਰ ਕਮਜ਼ੋਰ ਰਿਹਾ ਅਤੇ ਇਹ ਸੱਜੇਪੱਖੀ ਅਤੇ ਮਾਅਰਕੇਬਾਜ ਭਟਕਾਵਾਂ ਵਿੱਚ ਡੋਲਦੀ ਰਹੀ। ਪੀ. ਸੀ. ਜੋਸ਼ੀ ਦੇ ਜਨਰਲ ਸਕੱਤਰ ਹੋਣ ਦੌਰਾਨ ਪਾਰਟੀ ਸੱਜੇਪੱਖੀ ਭਟਕਾਵਾਂ ਦਾ ਸ਼ਿਕਾਰ ਰਹੀ ਅਤੇ ਢੁੱਕਵੇਂ ਇਨਕਲਾਬੀ ਹਾਲਾਤਾਂ ਵਿੱਚ ਪਹਿਲਕਦਮੀ ਅਤੇ ਸਹੀ ਫੈਸਲੇ ਲੈਣ ਤੋਂ ਖੁੰਝਦੀ ਰਹੀ। ਰਾਜਨੀਤਿਕ ਅਜ਼ਾਦੀ ਦੇ ਬਾਅਦ ਦੇ ਸਾਲਾਂ ਵਿੱਚ, ਬੀ. ਟੀ. ਰਣਦੀਵੇ ਦੇ ਜਨਰਲ ਸਕੱਤਰ ਹੋਣ ਦੌਰਾਨ ਪਾਰਟੀ ਨੇ ਕੁੱਝ ਸਮੇਂ ਲਈ ਮਾਅਰਕੇਬਾਜੀ ਦੀ ਲਾਈਨ ਫੜੀ, ਜਿਸਦੀ ਹਾਰ ਦੇ ਬਾਅਦ ਕਮਿਊਨਿਸਟ ਲਹਿਰ ਨੂੰ ਡੂੰਘਾ ਧੱਕਾ ਲੱਗਿਆ। ਤੇਲੰਗਾਨਾ ਕਿਸਾਨ ਸੰਘਰਸ਼ ਦੀ ਹਾਰ ਦੇ ਬਾਅਦ ਪੂਰੀ ਪਾਰਟੀ ਹੀ ਸੋਧਵਾਦੀ ਅਤੇ ਸੰਸਦਮਾਰਗੀ ਹੋ ਗਈ। ਵਿਚਾਰਧਾਰਾ ਤੋਂ ਭਟਕਾਅ ਦੀ ਸਥਿਤੀ ਅਖੀਰ ਵਿੱਚ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਛੱਡ ਦੇਣ ਦੀ ਸਥਿਤੀ ਵਿੱਚ ਬਦਲ ਗਈ ਅਤੇ ਪਾਰਟੀ ਦਾ ਜਮਾਤੀ- ਖਾਸਾ ਹੀ ਬਦਲ ਗਿਆ। ਲੋਕਾਂ ਵਿੱਚ ਕੰਮ ਕਰਨ ਵਾਲੇ ਆਮ ਕਾਰਕੁਨ ਡੂੰਘੀ ਨਿਰਾਸ਼ਾ ਦੇ ਸ਼ਿਕਾਰ ਸਨ ; ਪਰ ਉਨ੍ਹਾਂ ਦੀਆਂ ਇਨਕਲਾਬੀ ਭਾਵਨਾਵਾਂ ਮੌਜੂਦ ਸਨ । ਭਾਕਪਾ ਵਿੱਚ ਜਦੋਂ ਫੁੱਟ ਪਈ ਅਤੇ 1964 ਵਿੱਚ ਭਾਕਪਾ (ਮਾਰਕਸਵਾਦੀ) ਜਾਂ (ਮਾਕਪਾ) ਬਣੀ ਤਾਂ ਕਿਉਂਕਿ ਇਹ ਨਵੀਂ ਪਾਰਟੀ ਭਾਕਪਾ ਨੂੰ ਸੋਧਵਾਦੀ ਦੱਸ ਰਹੀ ਸੀ ਅਤੇ ਕੁੱਝ ਰੈਡੀਕਲ ਤੇਵਰ ਅਪਣਾ ਰਹੀ ਸੀ, ਇਸ ਲਈ ਸਫਾਂ ਵਿੱਚ ਕੁੱਝ ਉਮੀਦਾਂ ਪੈਦਾ ਹੋਈਆਂ। ਪਰ ਛੇਤੀ ਹੀ ਇਹ ਸਾਫ ਹੋ ਗਿਆ ਕਿ ਭਾਕਪਾ (ਮਾਰਕਸਵਾਦੀ) ਦਾ ਰਸਤਾ ਵੀ ਸੱਜੇਪੱਖੀ ਮੌਕਾਪ੍ਰਸਤੀ ਦਾ ਹੀ ਰਸਤਾ ਹੈ ਅਤੇ ਇਨ੍ਹਾਂ ਪਾਰਟੀਆਂ ਦੇ ਮੱਤਭੇਦ ਵਿਚਾਰਧਾਰਾ ਅਤੇ ਜਮਾਤੀ-ਖਾਸੇ ਦੇ ਨਹੀਂ ਸਗੋਂ ਸਿਰਫ ਕੁੱਝ ਨੀਤੀਆਂ ਦੇ ਹੀ ਹਨ।
ਇਹ ਸਮਾਂ ਸੀ ਜਦ ਪੂਰੀ ਦੁਨੀਆਂ ਵਿੱਚ ਖਰੁਸ਼ਚੇਵ ਦੇ ਸੋਧਵਾਦ ਦੇ ਵਿਰੁਧ ਚੀਨੀ ਕਮਿਊਨਿਸਟ ਪਾਰਟੀ ਦੇ ਸੰਘਰਸ਼ ਦਾ ਸ਼ੋਰ ਸੀ ਅਤੇ ਚੀਨ ਵਿੱਚ ਵੀ ਸੱਜੇਪੱਖੀ ਮੌਕਾਪ੍ਰਸਤੀ ਵਿਰੁੱਧ ਸੰਘਰਸ਼ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ (1966-67) ਦੇ ਮਹਾਂਵਿਸਫੋਟ ਦਾ ਰੂਪ ਲੈ ਚੁੱਕਾ ਸੀ। ਭਾਰਤ ਦੇ ਖੱਬੇਪੱਖੀ ਕਾਰਕੁਨਾਂ 'ਤੇ ਵੀ ਇਸਦਾ ਪ੍ਰੇਰਕ ਪ੍ਰਭਾਵ ਪੈ ਰਿਹਾ ਸੀ। ਇਸੇ ਸਮੇਂ, 1967 ਵਿੱਚ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਨਕਸਲਬਾੜੀ ਇਲਾਕੇ ਵਿੱਚ ਇੱਕ ਪ੍ਰਚੰਡ ਕਿਸਾਨ-ਉਭਾਰ ਫੁੱਟ ਪਿਆ। ਨਕਸਲਬਾੜੀ ਕਿਸਾਨ ਸੰਘਰਸ਼ ਮਾਕਪਾ ਦੀ ਦਾਰਜੀਲਿੰਗ ਜ਼ਿਲ੍ਹਾ ਕਮੇਟੀ ਦੇ ਜਥੇਬੰਦਕ ਕਾਨੂ ਸਾਨਿਆਲ, ਜੰਗਲ ਸੰਥਾਲ ਆਦਿ ਦੀ ਅਗਵਾਈ ਵਿੱਚ ਜਥੇਬੰਦ ਹੋਇਆ ਸੀ; ਪਰ ਉਸਨੂੰ ਕੁਚਲਣ ਵਿੱਚ ਬੰਗਾਲ ਦੀ ਮੌਜੂਦਾ ਸਰਕਾਰ ਅਤੇ ਉਸ ਵਿੱਚ ਸ਼ਾਮਲ ਮਾਕਪਾ ਨੇ (ਜੋਤੀ ਬਾਸੂ ਕੋਲ ਹੀ ਗ੍ਰਹਿ ਅਤੇ ਪੁਲਿਸ ਵਿਭਾਗ) ਕੋਈ ਰੂ-ਰਿਆਇਤ ਨਹੀਂ
ਵਰਤੀ। ਮਾਕਪਾ ਲੀਡਰਸ਼ਿਪ ਦਾ ਸੋਧਵਾਦੀ ਖਾਸਾ ਹੁਣ ਇਕਦਮ ਨੰਗਾ ਹੋ ਚੁੱਕਿਆ ਸੀ। ਨਕਸਲਬਾੜੀ ਕਿਸਾਨ-ਉਭਾਰ ਨੇ ਸੋਧਵਾਦ ਤੋਂ ਫੈਸਲਾਕੁੰਨ ਤੋੜ-ਵਿਛੋੜਾ ਕਰਕੇ ਸਫਾਂ ਨੂੰ ਇੱਕ ਨਵੀਂ ਇਨਕਲਾਬੀ ਪਾਰਟੀ ਬਨਾਉਣ ਦੀ ਦਿਸ਼ਾ ਵਿੱਚ ਪ੍ਰੇਰਿਤ ਕੀਤਾ ਅਤੇ ਇਸ ਪੱਖੋਂ ਉਸਦਾ ਇਤਿਹਾਸਕ ਮਹੱਤਵ ਸੀ। ਮਾਕਪਾ ਤੋਂ ਅੱਡ ਹੋ ਕੇ ਇਨਕਲਾਬੀ ਸਫਾਂ ਪੂਰੇ ਦੇਸ਼ ਵਿੱਚ ਗਰੁੱਪਾਂ ਵਿੱਚ ਜਥੇਬੰਦ ਹੋਣ ਲੱਗੀਆਂ, ਜਿਨ੍ਹਾਂ ਨਾਲ ਸੰਪਰਕ ਕਰਕੇ ਕੁੱਲ ਭਾਰਤ ਪੱਧਰ ਦੀ ਇੱਕ ਇਨਕਲਾਬੀ ਕਮਿਊਨਿਸਟ ਪਾਰਟੀ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਇੱਕ ਕੁੱਲ ਭਾਰਤ ਤਾਲਮੇਲ ਕਮੇਟੀ ਬਣਾਈ ਗਈ। ਪਰ ਇਹ ਪ੍ਰਕਿਰਿਆ ਵਿਚਾਲੇ ਹੀ ਰੁਕ ਗਈ। ਸਤਾਰਾਂ ਸਾਲਾਂ ਦੇ ਸੋਧਵਾਦ ਤੋਂ ਬਾਹਰ ਆ ਕੇ ਇੱਕ ਨਵੀਂ ਸ਼ੁਰੂਆਤ ਅਜੇ ਹੋਈ ਹੀ ਸੀ ਕਿ "ਖੱਬੇਪੱਖੀ" ਮਾਅਰਕੇਬਾਜੀ ਨੇ ਪੂਰੀ ਪ੍ਰਕਿਰਿਆ ਨੂੰ ਹੀ ਗਲਤ ਰਾਹ 'ਤੇ ਪਾ ਦਿੱਤਾ। ਨਕਸਲਬਾੜੀ ਕਿਸਾਨ ਘੋਲ ਵਿੱਚ ਜਨਤਕ ਲੀਹ ਲਾਗੂ ਕਰਨ ਵਾਲੇ ਸਥਾਨਕ ਜਥੇਬੰਦਕ ਆਪਣੀ ਵਿਚਾਰਧਾਰਕ ਕਮਜ਼ੋਰੀ ਕਾਰਨ ਉਸਨੂੰ ਅੱਗੇ ਨਹੀਂ ਵਧਾ ਸਕੇ ਅਤੇ ਅਖੀਰ ਉਨ੍ਹਾਂ ਨੇ ਚਾਰੂ-ਮਜੂਮਦਾਰ ਦੀ ਦਹਿਸ਼ਤਗਰਦ ਲਾਈਨ ਦੇ ਅੱਗੇ ਗੋਡੇ ਟੇਕ ਦਿੱਤੇ। (ਚਾਰੂ ਮਜੂਮਦਾਰ ਇਸਤੋਂ ਪਹਿਲਾਂ ਮਾਕਪਾ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਸਕੱਤਰ ਸਨ)। ਆਂਧਰਾ ਦੇ ਕਮਿਊਨਿਸਟ ਇਨਕਲਾਬੀ (ਡੀ. ਵੀ. ਰਾਓ - ਨਾਗਾ ਰੇਡੀ ਗਰੁੱਪ) ਕਿਉਂਕਿ ਇਨਕਲਾਬੀ ਜਨਤਕ ਲੀਹ ਦੇ ਹਾਮੀ ਸਨ, ਇਸ ਲਈ ਨਿਹਾਇਤ ਇਕਤਰਫ਼ਾ ਅਤੇ ਨੌਕਰਸ਼ਾਹਾਨਾ ਢੰਗ ਨਾਲ ਕਮਿਊਨਿਸਟ ਇਨਕਲਾਬੀਆਂ ਦੀ ਤਾਲਮੇਲ ਕਮੇਟੀ ਨੇ ਉਨ੍ਹਾਂ ਨੂੰ ਕੱਢ ਕੇ ਬਾਹਰ ਕਰ ਦਿੱਤਾ।
1970 ਵਿੱਚ ਭਾਕਪਾ (ਮਾ. ਲੇ.) ਬਣੀ, ਪਰ ਇਹ ਨਵੀਂ ਪਾਰਟੀ ਜਨਤਕ ਲੀਹ ਦੀ ਬਜਾਏ ਦਹਿਸ਼ਤਗਰਦੀ ਦੀ ਲਾਈਨ 'ਤੇ ਗਠਿਤ ਹੋਈ । ਚਾਰੂ-ਮਜੂਮਦਾਰ ਦੀ "ਖੱਬੇਪੱਖੀ" ਮਾਅਰਕੇਬਾਜ਼ ਲਾਈਨ ਨਕਸਲਬਾੜੀ ਤੋਂ ਬਾਅਦ ਸ਼੍ਰੀਕਾਕੁਲਮ ਵਿੱਚ ਆਪਣੇ ਪੂਰੇ ਰੰਗ-ਰੂਪ ਵਿੱਚ ਸਾਹਮਣੇ ਆਈ। ਅਸਲ ਵਿੱਚ ਇਸ ਦਸ਼ਿਤਗਰਦੀ ਦਾ ਰੂਪ ਅਤਿਅੰਤ ਭੱਦਾ ਸੀ। ਚਾਰੂ-ਮਜੂਮਦਾਰ ਨੇ ਕਿਸੇ ਵੀ ਤਰ੍ਹਾਂ ਦੀਆਂ ਜਨਤਕ-ਜਥੇਬੰਦੀਆਂ ਬਣਾਉਣ ਜਾਂ ਕਾਨੂੰਨੀ ਦਾਇਰੇ ਵਿੱਚ ਸੰਘਰਸ਼ ਜਾਂ ਲੋਕ ਸੰਘਰਸ਼ ਦੇ ਐਕਸ਼ਨਾਂ ਨੂੰ ਹੀ ਸੋਧਵਾਦ ਐਲਾਨ ਦਿੱਤਾ। ਟਰੇਡ-ਯੂਨੀਅਨ ਮੋਰਚੇ ਨੂੰ ਪੂਰੀ ਤਰਾਂ ਛੱਡ ਕੇ ਇਨਕਲਾਬੀ ਧਾਰਾ ਦੇ ਸਮਰਥਨ ਵਿੱਚ ਖੜੇ ਸੱਨਅਤੀ ਮਜ਼ਦੂਰਾਂ ਦੀ ਵੱਡੀ ਅਬਾਦੀ ਨੂੰ ਸੋਧਵਾਦੀਆਂ-ਟਰੇਡਯੂਨੀਅਨਵਾਦੀਆਂ ਦੇ ਭਰੋਸੇ ਛੱਡ ਦਿੱਤਾ ਗਿਆ। ਚਾਰੂ-ਮਜੂਮਦਾਰ ਨੇ 'ਜਮਾਤੀ-ਦੁਸ਼ਮਣਾਂ ਦੇ ਸਫ਼ਾਏ' ਦੀ ਲਾਈਨ ਨੂੰ ਪੂਰੇ ਜ਼ੋਰ-ਸ਼ੋਰ ਨਾਲ ਲਾਗੂ ਕੀਤਾ। ਪਾਰਟੀ ਸਫਾਂ ਸਾਹਮਣੇ ਇੱਕੋ-ਇੱਕ ਮਹੱਤਵਪੂਰਨ ਕੰਮ ਸੀ, ਛੋਟੇ-ਛੋਟੇ ਹਥਿਆਰਬੰਦ ਦਸਤੇ ਬਣਾ ਕੇ ਭੂ-ਮਾਲਕਾਂ, ਸੂਦਖੋਰਾਂ ਅਤੇ ਭ੍ਰਿਸ਼ਟ ਜ਼ਾਲਮ ਸਰਕਾਰੀ ਅਧਿਕਾਰੀਆਂ ਦੀ ਹੱਤਿਆ ਕਰਨਾ। ਇਹ ਵਿਅਕਤੀਗਤ ਦਹਿਸ਼ਤਗਰਦੀ ਦਾ ਇੱਕ ਅਤਿਅੰਤ ਭੱਦਾ-ਵਿਗੜਿਆ ਰੂਪ ਸੀ। ਪਿੰਡਾਂ ਵਿੱਚ ਜਾਰੀ ਐਕਸ਼ਨਾਂ ਦਾ ਵਿਸਤਾਰ ਜਦੋਂ ਸ਼ਹਿਰੀ ਦਹਿਸ਼ਤਗਰਦੀ ਦੇ ਰੂਪ ਵਿੱਚ ਹੋਇਆ ਤਾਂ ਇਸਦਾ ਦਿਵਾਲੀਆਪਣ ਹੋਰ ਵਧੇਰੇ ਨੰਗਾ ਹੋ ਗਿਆ। ਵਿਆਪਕ ਲੋਕਾਂ ਦੀ ਪਹਿਲਕਦਮੀ 'ਤੇ ਸਮਰਥਨ ਦੀ ਕਮੀ ਵਿੱਚ ਦਹਿਸ਼ਤਗਰਦ ਕਾਰਵਾਈਆਂ ਕਰਨ ਵਾਲੇ ਦਸਤੇ ਨਿੱਖੜਦੇ ਗਏ ਅਤੇ ਰਾਜ ਸੱਤ੍ਹਾ
ਨੂੰ ਬਰਬਰ ਦਮਨ ਦਾ ਚੰਗਾ ਮੌਕਾ ਮਿਲ ਗਿਆ ਜਿਸਦੇ ਕਲਾਵੇ ਵਿੱਚ ਆਮ ਗਰੀਬਾਂ ਦੀ ਵਿਆਪਕ-ਅਬਾਦੀ ਵੀ ਆ ਗਈ। ਦਹਿਸ਼ਤਗਰਦ ਲਾਈਨ ਇੱਕ ਤੋਂ ਬਾਅਦ ਇੱਕ ਕਈ ਖੇਤਰਾਂ ਵਿੱਚ ਲਾਗੂ ਹੋਈ ਅਤੇ ਜ਼ਬਰ-ਦਾਬੇ ਤੋਂ ਬਾਅਦ ਪਿਟਦੀ ਚਲੀ ਗਈ। ਹੁਣ ਪਾਰਟੀ ਦੇ ਵਿੱਚ ਇਸ ਲਾਈਨ ਦੇ ਵਿਰੋਧ ਵਿੱਚ ਆਵਾਜ਼ਾਂ ਉਠਣ ਲੱਗੀਆਂ ਪਰ ਹਰੇਕ ਅਜਿਹੀ ਅਵਾਜ਼ ਨੂੰ ਦਬਾ ਦਿੱਤਾ ਗਿਆ। ਇਸਦੇ ਬਾਵਜੂਦ ਪਾਰਟੀ ਦੀ ਏਕਤਾ ਕਾਇਮ ਨਹੀਂ ਰਹਿ ਸਕੀ। 1972 ਵਿੱਚ ਚਾਰੂ ਮਜੂਮਦਾਰ ਦੀ ਮੌਤ ਤੋਂ ਪਹਿਲਾਂ ਹੀ ਪਾਰਟੀ ਵਿੱਚ ਟੁੱਟ-ਖਿੰਡਾਅ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ। 1975 ਵਿੱਚ ਐਮਰਜੈਂਸੀ ਲਾਗੂ ਹੋਣ ਤੋਂ ਪਹਿਲਾਂ ਹੀ, ਲੋਕਾਂ ਤੋਂ ਨਿੱਖੜੀ ਹੋਈ ਲਹਿਰ ਨੂੰ ਰਾਜਕੀ ਦਹਿਸ਼ਤਗਰਦੀ (ਯਾਣੀ ਸਰਕਾਰੀ ਦਮਨ ਚੱਕਰ) ਨੇ ਝੂਠੇ ਮੁਕਾਬਲਿਆਂ, ਜੇਲਾਂ ਵਿੱਚ ਤਸ਼ੱਦਦ ਅਤੇ ਹੱਤਿਆਵਾਂ, ਫ਼ਰਜੀ ਮੁਕੱਦਮਿਆਂ ਅਤੇ ਬਹੁਤੇ ਆਗੂਆਂ ਅਤੇ ਪ੍ਰਮੁੱਖ ਜਥੇਬੰਦਕਾਂ ਦੀ ਗ੍ਰਿਫ਼ਤਾਰੀ ਦੇ ਜ਼ਰੀਏ ਕਮਜ਼ੋਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਕੋਈ ਵੀ ਇਨਕਲਾਬੀ ਲਹਿਰ ਜੇਕਰ ਲੋਕਾਂ ਵਿੱਚ ਆਪਣੀਆਂ ਡੂੰਘੀਆਂ ਜੜ੍ਹਾਂ ਜਮਾ ਲਵੇ ਤਾਂ ਰਾਜ ਸੱਤ੍ਹਾ ਦਾ ਭਿਆਨਕ ਤੋਂ ਭਿਆਨਕ ਦਮਨ ਚੱਕਰ ਵੀ ਉਸਨੂੰ ਤਬਾਹ ਨਹੀਂ ਕਰ ਸਕਦਾ। ਪਰ ਦਹਿਸ਼ਤਗਰਦ ਲਾਈਨ ਕਿਉਂਕਿ ਜਥੇਬੰਦੀ ਨੂੰ ਲੋਕਾਂ ਤੋਂ ਨਿਖੇੜ ਦਿੰਦੀ ਹੈ, ਇਸੇ ਲਈ ਰਾਜ-ਸੱਤਾ ਦਮਨ ਚੱਕਰ ਦੇ ਹੱਥਕੰਡੇ ਰਾਹੀਂ ਉਸ ਨਾਲ ਨਜਿੱਠ ਲੈਣ ਵਿੱਚ ਕਾਮਯਾਬ ਹੋ ਜਾਂਦੀ ਹੈ।
ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਟੁੱਟ-ਭੱਜ ਅਤੇ ਖਿੰਡਾਅ ਦਾ ਜੋ ਸਿਲਸਿਲਾ ਸੈਂਤੀ ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਉਹ ਕਈ ਮੌਕਾਪ੍ਰਸਤ ਏਕਤਾਵਾਂ ਅਤੇ ਫੁੱਟਾਂ 'ਚੋਂ ਲੰਘਦੇ ਹੋਏ ਅੱਜ ਤੱਕ ਜਾਰੀ ਹੈ। ਇਸਦੀ ਵਿਸਤਾਰਪੂਰਵਕ ਚਰਚਾ ਇਥੇ ਸਾਡਾ ਵਿਸ਼ਾ ਨਹੀਂ ਹੈ। ਪਰ ਮੂਲ ਵਿਸ਼ਾ, ਯਾਣੀ ਦਹਿਸ਼ਤਗਰਦ ਲਾਈਨ ਦੇ ਚਰਿੱਤਰ ਅਤੇ ਇਸਦੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਕਮਿਊਨਿਸਟ ਇਨਕਲਾਬੀ ਲਹਿਰ ਦੀ ਸਥਿਤੀ ਬਾਰੇ ਸੂਤਰ ਵੱਜੋਂ ਕੁੱਝ ਚਰਚਾ ਜ਼ਰੂਰੀ ਹੈ। ਜਿਨ੍ਹਾਂ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਨੇ ਦਹਿਸ਼ਤਗਰਦ ਲਾਈਨ ਨਾਲੋਂ ਹੌਂਸਲੇ ਨਾਲ ਫੈਸਲਾਕੁੰਨ ਤੋੜ ਵਿਛੋੜਾ ਕਰਨ ਦੀ ਬਜਾਏ ਗਲਤੀਆਂ ਨੂੰ ਪਿਛਲੇ ਦਰਵਾਜ਼ੇ ਤੋਂ, ਹੌਲੀ-ਹੌਲੀ ਕਰਕੇ ਠੀਕ ਕਰ ਲੈਣ ਦਾ ਅਤੇ ਟਾਕੀਬਾਜ਼ੀ ਦਾ ਰਸਤਾ ਅਪਣਾਇਆ, ਉਹ ਇੰਚ-ਇੰਚ ਖਿਸਕਦੇ ਹੋਏ ਹੁਣ ਸੱਜੇਪੱਖੀ ਭਟਕਾਵਾਂ ਦੇ ਦੂਜੇ ਸਿਰੇ 'ਤੇ ਜਾ ਪੁੱਜੇ ਹਨ। ਇਨ੍ਹਾਂ ਵਿੱਚ ਕੁੱਝ ਤਾਂ ਭਾਕਪਾ-ਮਾਕਪਾ ਜਿਹੀਆਂ ਸੋਧਵਾਦੀ ਪਾਰਟੀਆਂ ਦੀ ਲਾਈਨ ਵਿੱਚ ਜਾ ਬੈਠੇ ਹਨ ਅਤੇ ਬਾਕੀ ਜ਼ਿਆਦਾਤਰ, ਕੁਝ ਅੱਗੇ-ਪਿੱਛੇ ਕਰਕੇ ਇਸੇ ਲਾਈਨ ਵਿੱਚ ਲੱਗੇ ਹੋਏ ਹਨ। ਚਾਰੂ-ਮਜੂਮਦਾਰ ਦੀ ਦਹਿਸ਼ਤਗਰਦ ਲਾਈਨ ਦੇ ਪਿਟ ਜਾਣ ਤੋਂ ਬਾਅਦ ਭਾਕਪਾ - ਮਾ. ਲੇ. (ਲਿਬਰੇਸ਼ਨ) ਗਰੁੱਪ ਨੇ ਫਿਰ ਜ਼ੋਰ ਸ਼ੋਰ ਨਾਲ ਇਸੇ ਲਾਈਨ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਇਹ ਲਾਈਨ ਪਿਟ ਗਈ। 1980 ਦੇ ਬਾਅਦ ਇਸ ਗਰੁੱਪ ਨੇ ਭਰਪੂਰ ਲੀਪਾਪੋਤੀ ਕਰਦੇ ਹੋਏ ਆਪਣੀ ਵਿਚਾਰਧਾਰਕ ਪੋਜ਼ੀਸ਼ਨ ਵਿੱਚ ਨਾਟਕੀ ਬਦਲਾਅ ਕੀਤੇ ਅਤੇ ਦਹਿਸ਼ਤਗਰਦੀ ਦੇ ਟੋਏ ਤੋਂ ਨਿਕਲ ਕੇ ਸਿੱਧੀ ਸੰਸਦੀ ਰਾਜਨੀਤੀ ਦੀ ਖੱਡ ਵਿੱਚ ਜਾ ਡਿੱਗੀ। ਬਾਕੀ ਜੋ ਜਥੇਬੰਦੀਆਂ ਸੱਜੇਪੱਖੀ ਭਟਕਾਅ ਦੀਆਂ ਸ਼ਿਕਾਰ