ਪ੍ਰੋਗਰਾਮ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਉਹ ਅਸਲ ਰੂਪ ਵਿੱਚ ਜਮਾਤੀ-ਸਹਿਯੋਗ ਦੀ ਲਾਈਨ 'ਤੇ ਚਲੇ ਗਏ ਅਤੇ ਇਸ ਅਭਿਆਸ ਦੀ ਲਗਾਤਾਰਤਾ ਨੇ ਸਮਾਂ ਬੀਤਣ ਮਗਰੋਂ ਉਨ੍ਹਾਂ ਦੀ ਵਿਚਾਰਧਾਰਕ ਪੋਜ਼ੀਸ਼ਨ ਵਿੱਚ ਮੌਜੂਦ ਭਟਕਾਵਾਂ ਨੂੰ ਵਧਾਉਣ ਵਿੱਚ ਇੱਕ ਜ਼ਰੂਰੀ ਭੂਮਿਕਾ ਨਿਭਾਈ ਹੈ। ਇੱਕ ਉਦਾਹਰਨ ਨਾਲ ਇਹ ਗੱਲ ਸਾਫ਼ ਹੋ ਜਾਵੇਗੀ। ਭਾਰਤ ਵਿੱਚ ਕ੍ਰਮਵਾਰ ਪ੍ਰਕਿਰਿਆ ਵਿੱਚ ਪੂੰਜੀਵਾਦੀ ਭੂਮੀ-ਸੁਧਾਰ ਦੀਆਂ ਨੀਤੀਆਂ 'ਤੇ ਅਮਲ ਤੋਂ ਬਾਅਦ ਜ਼ਮੀਨ ਦੀ ਮਾਲਕੀ ਦਾ ਸਵਾਲ ਹੁਣ ਹੱਲ ਹੋ ਚੁੱਕਾ ਹੈ ਅਤੇ ਪਿੰਡਾਂ ਵਿੱਚ ਵੀ ਹੁਣ ਪੂੰਜੀ ਅਤੇ ਕਿਰਤ ਦੀ ਵਿਰੋਧਤਾਈ ਪ੍ਰਧਾਨ ਹੋ ਚੁੱਕੀ ਹੈ। ਪਿੰਡਾਂ ਵਿੱਚ ਧਨੀ ਕਿਸਾਨ ਹੁਣ ਮੰਡੀ ਅਤੇ ਮੁਨਾਫ਼ੇ ਲਈ ਪੈਦਾਵਾਰ ਕਰਦੇ ਹਨ ਅਤੇ ਮਜ਼ਦੂਰਾਂ ਤੋਂ ਇਲਾਵਾ ਉਨ੍ਹਾਂ ਛੋਟੇ ਅਤੇ ਨਿਮਨ-ਮੱਧਵਰਗੀ ਕਿਸਾਨਾਂ ਨਾਲ ਵੀ ਉਨ੍ਹਾਂ ਦੀਆਂ ਵਿਰੋਧਤਾਈਆਂ ਦੁਸ਼ਮਣਾਨਾ ਬਣ ਚੁੱਕੀਆਂ ਹਨ : ਜਿਨ੍ਹਾਂ ਦੀ ਖੇਤੀ ਉਹ ਪੂੰਜੀ ਦੀ ਤਾਕਤ ਦੇ ਦਮ 'ਤੇ ਹੜੱਪਦੇ ਰਹਿੰਦੇ ਹਨ। ਪਰ ਜਮਹੂਰੀ ਇਨਕਲਾਬ ਦੇ ਭੂਮੀ-ਪ੍ਰੋਗਰਾਮ ਅਨੁਸਾਰ ਵੱਡੇ ਅਤੇ ਉਚ-ਮੱਧਵਰਗੀ ਮਾਲਕ ਕਿਸਾਨਾਂ ਨੂੰ ਵੀ ਨਾਲ ਲੈਣ ਲਈ, ਭਾਰਤ ਦੀਆਂ ਜ਼ਿਆਦਾਤਰ ਕਮਿਊਨਿਸਟ ਜਥੇਬੰਦੀਆਂ ਖੇਤੀ ਦੀ ਲਾਗਤ ਘਟਾਉਣ ਅਤੇ ਖੇਤੀ-ਉਤਪਾਦਾਂ ਦੇ ਲਾਭਕਾਰੀ ਭਾਵਾਂ ਲਈ ਸੰਘਰਸ਼ ਕਰਦੇ ਹਨ ਜੋ ਮੂਲ ਰੂਪ ਵਿੱਚ ਮੁਨਾਫ਼ਾਖੋਰ ਮਾਲਕ ਕਿਸਾਨਾਂ ਦੀਆਂ ਜਮਾਤੀ ਮੰਗਾਂ ਹਨ ਅਤੇ ਮਜ਼ਦੂਰਾਂ ਦੇ ਜਮਾਤੀ ਹਿੱਤਾਂ ਦੇ ਇਕਦਮ ਵਿਰੁੱਧ ਹਨ। ਇਸੇ ਤਰਾਂ, ਭਾਰਤੀ ਪੂੰਜੀਪਤੀ ਜਮਾਤ ਦਾ ਹਰ ਹਿੱਸਾ ਅੱਜ ਸਾਮਰਾਜਵਾਦ ਦਾ ਜੂਨੀਅਰ ਪਾਰਟਨਰ ਬਣ ਕੇ ਸੰਸਾਰ ਪੂੰਜੀਵਾਦੀ ਤਾਣੇ-ਬਾਣੇ ਵਿੱਚ ਫਿੱਟ ਹੋ ਚੁੱਕਿਆ ਹੈ। ਪਰ ਕੌਮੀ ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਦੇ ਹਿਸਾਬ ਨਾਲ ਪੂੰਜੀਪਤੀ ਜਮਾਤ ਦੇ ਕਿਸੇ ਇੱਕ ਹਿੱਸੇ ਨੂੰ ਰਾਸ਼ਟਰੀ-ਚਰਿੱਤਰ ਵਾਲਾ ਮੰਨਣ ਦੀ ਜ਼ਿੱਦ ਕਈ ਮਾ. ਲੇ. ਜਥੇਬੰਦੀਆਂ ਨੂੰ ਅਸਲ ਰੂਪ ਵਿੱਚ ਜਮਾਤੀ-ਸਹਿਯੋਗਵਾਦੀ ਪੋਜ਼ੀਸ਼ਨ 'ਤੇ ਲਿਜਾ ਕੇ ਖੜਾ ਕਰ ਦਿੰਦੀ ਹੈ। ਪ੍ਰੋਗਰਾਮ ਦੀ ਗਲਤ ਸਮਝ ਅਸਲ ਵਿੱਚ ਜਮਾਤੀ ਸਹਿਯੋਗਵਾਦੀ ਖਾਸੇ ਤੱਕ ਪਹੁੰਚਾ ਦਿੰਦੀ ਹੈ, ਜਿਸਦੀ ਲਗਾਤਾਰਤਾ ਵਿਚਾਰਧਾਰਕ ਭਟਕਾਅ ਨੂੰ ਵਧਾਉਂਦੀ ਹੈ ਯਾਣੀ ਵਿਚਾਰਧਾਰਕ ਕਮਜ਼ੋਰੀ ਇੱਕ ਸਹੀ ਪ੍ਰੋਗਰਾਮ ਤੈਅ ਕਰਨ ਵਿੱਚ ਰੁਕਾਵਟ ਬਣਦੀ ਹੈ ਅਤੇ ਫਿਰ ਇੱਕ ਗ਼ਲਤ ਪ੍ਰੋਗਰਾਮ 'ਤੇ ਅਮਲ ਵਿਚਾਰਧਾਰਕ ਭਟਕਾਵਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਹੋ ਕਾਰਨ ਹੈ ਕਿ ਆਂਧਰਾ ਅਤੇ ਪੰਜਾਬ ਦੇ ਜਿਨ੍ਹਾਂ ਇਨਕਲਾਬੀਆਂ ਨੇ ਚਾਰੂ-ਮਜੂਮਦਾਰ ਦੀ ਦਹਿਸ਼ਤਗਰਦ ਲਾਈਨ ਦਾ ਵਿਰੋਧ ਕੀਤਾ ਸੀ, ਉਹ ਵੀ ਪ੍ਰੋਗਰਾਮ ਦੀ ਗਲਤ ਸਮਝ ਕਾਰਨ ਅੱਜ ਜੜ੍ਹਤਾ ਅਤੇ ਸੱਜੇਪੱਖੀ ਮੌਕਾਪ੍ਰਸਤ ਭਟਕਾਵਾਂ ਦੇ ਸ਼ਿਕਾਰ ਹਨ। ਨਕਸਲਬਾੜੀ ਸੰਘਰਸ਼ ਤੋਂ ਫੁੱਟੀ ਧਾਰਾ ਵਿੱਚ ਨਿਕਲੀਆਂ ਬਸ ਕੁੱਝ ਹੀ ਸ਼ਕਤੀਆਂ ਹਨ ਜੋ ਸਮਾਜਵਾਦੀ ਇਨਕਲਾਬ ਦੇ ਸਹੀ ਪ੍ਰੋਗਰਾਮ ਅਤੇ ਇਨਕਲਾਬੀ ਜਨਤਕ ਲੀਹ ਦੇ ਆਧਾਰ 'ਤੇ ਅੱਗੇ ਵਧਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। ਪਰ ਅੱਜ ਦੀਆਂ ਪ੍ਰਤੀਕੂਲ ਹਾਲਤਾਂ ਵਿੱਚ, ਜ਼ਾਹਿਰ ਹੈ ਕਿ ਉਨ੍ਹਾਂ ਦਾ ਰਸਤਾ ਲੰਮਾ, ਬਹੁਤ ਹੀ ਮੁਸ਼ਕਲ ਅਤੇ ਬੇਹੱਦ ਚੁਣੌਤੀਪੂਰਨ ਹੋਵੇਗਾ।