ਉਤਪਾਦਨ ਦੇ ਸਾਧਨਾਂ 'ਤੇ ਨਿੱਜੀ ਮਾਲਕੀ ਦਾ ਹੀ (ਜੋ ਹੁਣ ਤੱਕ ਦੇ ਸਾਰੇ ਜਮਾਤੀ- ਸਮਾਜਾਂ ਦੀ ਬੁਨਿਆਦ ਰਹੀ ਹੈ) ਖਾਤਮਾ ਕਰਕੇ ਸਾਰੀਆਂ ਜਮਾਤਾਂ, ਜਮਾਤੀ ਲੁੱਟਾਂ ਅਤੇ ਜਮਾਤੀ-ਸੰਸਥਾਂਵਾਂ ਦੇ ਅਲੋਪ ਹੋਣ ਦੀ ਦਿਸ਼ਾ ਵਿੱਚ ਇਤਿਹਾਸ ਨੂੰ ਅੱਗੇ ਲੈ ਜਾਣ ਵਿੱਚ ਸਮਰੱਥ ਹੈ। ਮਜ਼ਦੂਰ ਇਨਕਲਾਬ ਦੇ ਵਿਗਿਆਨ ਨੇ ਇਸੇ ਗੱਲ ਨੂੰ ਵਿਸਤਾਰ ਨਾਲ ਫਲਸਫੇ (ਦਵੰਦਵਾਦੀ ਅਤੇ ਇਤਿਹਾਸਕ ਭੌਤਿਕਵਾਦ), ਰਾਜਨੀਤਿਕ ਅਰਥ-ਸ਼ਾਸਤਰ ਅਤੇ ਸਮਾਜਵਾਦ ਦੀਆਂ ਵਿਲੱਖਣਤਾਵਾਂ ਦੇ ਡੂੰਘੇ ਅਧਿਐਨ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਅਤੇ ਮਜ਼ਦੂਰ ਇਨਕਲਾਬ ਦੀ ਯੁੱਧਨੀਤੀ ਅਤੇ ਆਮ ਦਾਅ-ਪੇਚ ਦਾ ਇੱਕ ਸਿਧਾਂਤ ਪੇਸ਼ ਕੀਤਾ ਜੋ 1871 ਦੇ ਪੈਰਿਸ ਕਮਿਊਨ ਤੋਂ ਲੈ ਕੇ 20ਵੀਂ ਸਦੀ ਦੇ ਸਾਰੇ ਇਨਕਲਾਬਾਂ ਦੌਰਾਨ ਲਗਾਤਾਰ ਵਿਕਾਸ ਕਰਦਾ ਰਿਹਾ ਤੇ ਅੱਗੇ ਵੀ ਕਰਦਾ ਰਹੇਗਾ। ਮਜ਼ਦੂਰ ਇਨਕਲਾਬ ਦੇ ਵਿਗਿਆਨ ਦੀ ਇਹ ਬੁਨਿਆਦੀ ਸਮਝ ਹੈ ਕਿ ਆਮ ਲੋਕ ਆਪਣੇ ਆਪ ਵਿਦਰੋਹਾਂ ਜ਼ਰੀਏ ਇਨਕਲਾਬ ਦੇ ਪੜਾਅ ਤੱਕ ਅੱਗੇ ਨਹੀਂ ਵਧ ਸਕਦੇ। ਮਜ਼ਦੂਰ ਜਮਾਤ ਦੀ ਜਮਾਤੀ ਨਜ਼ਰ ਤੋਂ ਸਮਾਜਿਕ ਇਨਕਲਾਬ ਇੱਕ ਸਚੇਤਨ ਵਿਗਿਆਨਕ ਪ੍ਰਕਿਰਿਆ ਹੈ। ਲੋਕਾਂ ਦੀ ਲੁੱਟ ਦੀ ਪ੍ਰਕਿਰਤੀ, ਲੋਕਾਂ ਦੀਆਂ ਵੱਖੋ-ਵੱਖ ਜਮਾਤਾਂ ਵਿਚਲੀ ਏਕਤਾ ਅਤੇ ਵਿਰੋਧਤਾਈ ਦੇ ਮੂਲ ਕਾਰਨਾਂ, ਪੂੰਜੀਵਾਦੀ ਪੈਦਾਵਾਰੀ-ਸਬੰਧਾਂ, ਸਮਾਜਿਕ ਸਬੰਧਾਂ ਅਤੇ ਰਾਜਨੀਤਿਕ ਢਾਂਚੇ ਨੂੰ ਚੰਗੀ ਤਰ੍ਹਾਂ ਸਮਝੇ ਬਿਨਾਂ ਅਤੇ ਪੂੰਜੀਵਾਦੀ ਵਿਵਸਥਾ ਦੀ ਥਾਂ ਲੈਣ ਵਾਲੀ ਨਵੀਂ ਵਿਵਸਥਾ ਦੀ ਰੂਪ ਰੇਖਾ ਨੂੰ ਸਮਝੇ ਬਿਨਾਂ, ਮਜ਼ਦੂਰ ਇਨਕਲਾਬ ਨੂੰ ਸਫ਼ਲ ਨਹੀਂ ਬਣਾਇਆ ਜਾ ਸਕਦਾ। ਇੱਕ ਇਨਕਲਾਬੀ ਪਾਰਟੀ ਮਜ਼ਦੂਰ ਜਮਾਤ ਦੇ ਹਿਰਾਵਲ ਦਸਤੇ ਦੇ ਰੂਪ ਵਿੱਚ, ਉਸਦੀ ਸਭ ਤੋਂ ਵੱਧ ਜੱਥੇਬੰਦ ਤਾਕਤ ਦੇ ਰੂਪ ਵਿੱਚ, ਉਸਦੀ ਸਰਵ-ਉਚ ਜਥੇਬੰਦੀ ਅਤੇ ਆਗੂ ਜਥੇਬੰਦੀ ਦੇ ਰੂਪ ਵਿੱਚ, ਇਸੇ ਕੰਮ ਨੂੰ ਅੰਜਾਮ ਦਿੰਦੀ ਹੈ।
ਆਮ ਲੋਕ ਆਪਣੇ ਆਰਥਿਕ ਸੰਘਰਸ਼ਾਂ ਦੌਰਾਨ ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ ਦੀ ਮੁਢਲੀ ਟਰੇਨਿੰਗ ਲੈਂਦੇ ਹਨ ਅਤੇ ਜਥੇਬੰਦੀ ਦੀ ਤਾਕਤ ਤੇ ਮਹੱਤਤਾ ਨੂੰ ਪਛਾਣਦੇ ਹਨ। ਪਰ ਆਰਥਿਕ ਸੰਘਰਸ਼ਾਂ ਦੌਰਾਨ ਰੋਜ਼-ਰੋਜ਼ ਦੀਆਂ ਪਰੇਸ਼ਾਨੀਆਂ ਦੇ ਵਿੱਚ ਜੀਣ ਵਾਲੇ ਕਿਰਤੀ ਫੌਰੀ ਮੰਗਾਂ ਦੀ ਪੂਰਤੀ ਤੋਂ ਮਿਲਣ ਵਾਲੀ ਰਾਹਤ ਦੇ ਪਾਰ ਨਹੀਂ ਵੇਖ ਪਾਉਂਦੇ। ਇਕ ਮਾਲਕ ਨਾਲ ਲੜਦੇ ਹੋਏ ਉਹ ਇਹ ਨਹੀਂ ਸਮਝ ਪਾਉਂਦੇ ਕਿ ਪੂਰੀ ਮਾਲਕ-ਜਮਾਤ ਅਤੇ ਉਸਦੀ ਰਾਜ ਸੱਤ੍ਹਾ ਨਾਲ ਲੜੇ ਬਿਨਾ ਸਮੱਸਿਆ ਦਾ ਬੁਨਿਆਦੀ ਹੱਲ ਸੰਭਵ ਨਹੀਂ। ਉਹ ਆਰਥਿਕ ਸਥਿਤੀ ਨੂੰ ਆਪਣੇ-ਆਪ ਰਾਜਨੀਤੀ ਨਾਲ ਨਹੀਂ ਜੋੜ ਪਾਉਂਦੇ। ਪੂੰਜੀਵਾਦੀ ਸਮਾਜ ਦੀ ਕਿਰਤ-ਵੰਡ ਵਿੱਚ ਮਸ਼ੀਨ ਦੇ ਇੱਕ ਪੁਰਜੇ ਦੀ ਤਰ੍ਹਾਂ ਕੰਮ ਕਰਦੇ ਹੋਏ ਅਲਿਹਦਗੀ (ਏਲੀਅਨੇਸ਼ਨ) ਦੇ ਸ਼ਿਕਾਰ ਮਜ਼ਦੂਰ ਇਤਿਹਾਸ ਅਤੇ ਰਾਜਨੀਤੀ ਦੀ ਬੁਨਿਆਦੀ ਸਿੱਖਿਆ ਤੋਂ ਦੂਰ, ਜਿਉਣ ਦੀਆਂ ਮਾਨਵੀ ਹਾਲਤਾਂ ਤੋਂ ਵੀ ਵਾਂਝੇ ਹੁੰਦੇ ਹਨ। ਅਜਿਹੇ ਹਾਲਾਤ ਵਿੱਚ ਉਹ ਆਪਣੇ-ਆਪ ਇਹ ਨਹੀਂ ਸਮਝ ਪਾਉਂਦੇ ਕਿ ਜਦੋਂ ਤਕ ਉਨ੍ਹਾਂ ਦੀ ਲੁੱਟ ਕਰਨ ਵਾਲਾ ਪੈਦਾਵਾਰੀ ਪ੍ਰਬੰਧ ਬਣਿਆ ਰਹੇਗਾ ਉਦੋਂ ਤਕ ਸਿਰਫ ਕੁੱਝ ਆਰਥਿਕ ਰਿਆਇਤਾਂ-ਰਾਹਤਾਂ ਦੇ ਟੁਕੜੇ ਮਿਲਦੇ ਰਹਿਣ
ਨਾਲ ਕੁੱਝ ਨਹੀਂ ਹੋਵੇਗਾ ਅਤੇ ਪੈਦਾਵਾਰੀ ਪ੍ਰਬੰਧ ਨੂੰ ਬਦਲਣ ਦਾ ਇੱਕੋ ਇੱਕ ਰਸਤਾ ਹੈ ਉਸ ਰਾਜਨੀਤਿਕ ਵਿਵਸਥਾ ਨੂੰ ਬਦਲਣਾ ਜੋ ਪੂਰੇ ਆਰਥਿਕ-ਸਮਾਜਿਕ ਢਾਂਚੇ ਨੂੰ ਬਣਾਈ ਰੱਖਣ ਅਤੇ ਚਲਾਉਣ ਦੀਆਂ ਨੀਤੀਆਂ ਬਣਾਉਂਦੀ ਤੇ ਲਾਗੂ ਕਰਦੀ ਹੈ। ਸਾਰ-ਸੰਖੇਪ ਇਹ ਹੈ ਕਿ ਸਮਾਜਿਕ ਇਨਕਲਾਬ ਦਾ ਸਵਾਲ ਆਪਣੇ ਬੁਨਿਆਦੀ ਅਤੇ ਅੰਤਮ ਰੂਪ ਵਿੱਚ ਰਾਜ-ਸੱਤ੍ਹਾ ਦਾ ਸਵਾਲ ਹੈ । ਲੋਟੂ ਜਮਾਤਾਂ ਦੀ ਰਾਜ ਸੱਤ੍ਹਾ ਦਾ ਨਾਸ਼ ਕਰਕੇ ਅਤੇ ਆਪਣੀ ਰਾਜ ਸੱਤ੍ਹਾ ਸਥਾਪਿਤ ਕਰਕੇ ਹੀ ਕਿਰਤੀ ਲੋਕ ਆਪਣੇ ਹਿਤਾਂ ਦੇ ਅਨੁਸਾਰੀ ਸਮਾਜਿਕ-ਰਾਜਨੀਤਿਕ ਢਾਂਚੇ ਦਾ ਨਿਰਮਾਣ ਅਤੇ ਸੰਚਾਲਨ ਕਰ ਸਕਦੇ ਹਨ। ਇਹ ਵਿਚਾਰ ਆਮ ਲੋਕਾਂ ਦੇ ਆਰਥਿਕ ਸੰਘਰਸ਼ਾਂ ਵਿੱਚੋਂ ਆਪ-ਮੁਹਾਰੇ ਪੈਦਾ ਨਹੀਂ ਹੁੰਦਾ । ਇਸਨੂੰ ਸਚੇਤਨ ਜਥੇਬੰਦਕ ਪ੍ਰਕਿਰਿਆ ਰਾਹੀਂ ਲੋਕਾਂ ਵਿੱਚ ਲੈ ਜਾਣਾ ਹੁੰਦਾ ਹੈ। ਇਨਕਲਾਬ ਦੀਆਂ ਹਰਾਵਲ ਤਾਕਤਾਂ ਇਸੇ ਕੰਮ ਨੂੰ ਅੰਜਾਮ ਦਿੰਦੀਆਂ ਹਨ । ਉਹ ਲੋਕਾਂ ਦੇ ਆਰਥਿਕ ਸੰਘਰਸ਼ਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਰਾਜਨੀਤਿਕ ਮੰਗਾਂ ਨੂੰ ਲੈ ਕੇ ਸਮੁੱਚੀ ਲੋਟੂ-ਹਾਕਮ ਜਮਾਤ ਅਤੇ ਉਸਦੀ ਰਾਜ ਸੱਤ੍ਹਾ ਵਿਰੁੱਧ ਸੰਘਰਸ਼ਾਂ ਨੂੰ ਜੱਥੇਬੰਦ ਕਰਦੀਆਂ ਹਨ ਅਤੇ ਇਸ ਪ੍ਰਕਿਰਿਆ ਵਿੱਚ ਇਨਕਲਾਬੀ ਰਾਜਨੀਤਿਕ ਸਿੱਖਿਆ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਲਗਾਤਾਰ ਇਹ ਚੇਤਨਾ ਦਿੰਦੀਆਂ ਹਨ ਕਿ ਬੁਨਿਆਦੀ ਅਤੇ ਫੈਸਲਾਕੁੰਨ ਸਵਾਲ ਰਾਜ ਸੱਤ੍ਹਾ ਦਾ ਸਵਾਲ ਹੈ ਅਤੇ ਰਾਜਨੀਤਿਕ ਇਨਕਲਾਬ ਤੋਂ ਬਿਨਾਂ ਆਰਥਿਕ ਲੁੱਟ ਤੋਂ ਮੁਕਤੀ ਸੰਭਵ ਹੀ ਨਹੀਂ ਹੈ। ਸਾਫ ਹੈ ਕਿ ਇਨਕਲਾਬ ਦੇ ਵਿਗਿਆਨ ਨੂੰ ਪੂਰੀ ਤਰ੍ਹਾਂ ਆਤਮਸਾਤ ਕਰਨਾ, ਉਸਦੀ ਸਿਧਾਂਤਕ ਸਮਝ ਬਣਾ ਲੈਣਾ ਸਮੁੱਚੇ ਲੋਕਾਂ ਲਈ ਸੰਭਵ ਨਹੀਂ ਹੋ ਸਕਦਾ (ਸਮਾਜਵਾਦੀ ਸੰਕਰਮਣ ਦੌਰਾਨ ਪੂੰਜੀਵਾਦੀ ਕਿਰਤ-ਵੰਡ ਦੇ ਪ੍ਰਭਾਵਾਂ ਦੀ ਸਮਾਪਤੀ ਦੇ ਬਾਅਦ ਹੀ, ਦਿਮਾਗੀ ਕਿਰਤ ਅਤੇ ਸਰੀਰਕ ਕਿਰਤ ਦੇ ਫਰਕ ਦੇ ਕ੍ਰਮਵਾਰ ਖਾਤਮੇ ਤੋਂ ਬਾਅਦ ਹੀ ਇਹ ਸੰਭਵ ਹੋ ਸਕਦਾ ਹੈ)। ਇਹ ਕੰਮ ਇਨਕਲਾਬ ਦੀ ਅਗਵਾਈ ਕਰਨ ਵਾਲੀ ਤਾਕਤ ਕਰਦੀ ਹੈ। ਵਿਸ਼ਾਲ ਲੋਕਾਈ ਵਿਚਾਰਧਾਰਾ ਅਤੇ ਇਨਕਲਾਬੀ ਰਾਜਨੀਤੀ ਦੇ ਅਧਿਕਾਰ ਨੂੰ ਸੰਘਰਸ਼ ਦੇ ਤਜ਼ਰਬਿਆਂ ਦੇ ਅਧਾਰ 'ਤੇ ਅਤੇ ਇਨਕਲਾਬੀ ਪ੍ਰਚਾਰ ਅਤੇ ਸਿੱਖਿਆ ਦੀ ਮਦਦ ਨਾਲ ਪ੍ਰਵਾਨ ਕਰਦੀ ਹੈ। ਯਾਣੀ ਉਹ ਫਲਸਫੇ ਅਤੇ ਅਰਥ-ਸ਼ਾਸਤਰ ਦੀਆਂ ਡੂੰਘਾਈਆਂ ਵਿੱਚ ਤਾਂ ਨਹੀਂ ਉਤਰ ਪਾਉਂਦੀ ਪਰ ਇਹ ਜਾਣ ਲੈਂਦੀ ਹੈ ਕਿ ਇਨਕਲਾਬ ਹੀ ਇੱਕੋ ਇੱਕ ਰਸਤਾ ਹੈ ਅਤੇ ਉਸਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮਾਜ ਦਾ ਢਾਂਚਾ, ਪੈਦਾਵਾਰ ਅਤੇ ਰਾਜ ਕਾਜ ਦਾ ਤਰੀਕਾ ਕਿਹੋ ਜਿਹਾ ਹੋਵੇਗਾ।
ਇਤਿਹਾਸ ਵਿੱਚ ਅਜਿਹੇ ਵੀ ਲੋਕ ਹੋਏ ਹਨ ਅਤੇ ਅੱਜ ਵੀ ਹਨ ਜੋ ਇਹ ਮੰਨਦੇ ਰਹੇ ਹਨ ਕਿ ਮਜ਼ਦੂਰਾਂ ਨੂੰ ਸਿਰਫ਼ ਆਰਥਿਕ ਸੰਘਰਸ਼ ਹੀ ਕਰਨਾ ਚਾਹੀਦਾ ਹੈ ਜਾਂ ਆਰਥਿਕ ਸੰਘਰਸ਼ ਹੀ ਅੱਗੇ ਜਾ ਕੇ ਰਾਜਨੀਤਿਕ ਸੰਘਰਸ਼ ਵਿੱਚ ਬਦਲ ਜਾਂਦੇ ਹਨ। ਇਸ ਚਿੰਤਨ ਧਾਰਾ ਨੂੰ ਅਰਥਵਾਦ ਕਿਹਾ ਜਾਂਦਾ ਰਿਹਾ ਹੈ। ਇਸੇ ਚਿੰਤਨ ਤੋਂ ਪ੍ਰੇਰਿਤ ਹੋ ਕੇ ਜੋ ਲੋਕ ਸਿਰਫ਼ ਟਰੇਡ ਯੂਨੀਅਨਾਂ ਜੱਥੇਬੰਦ ਕਰਨ 'ਤੇ ਹੀ ਜ਼ੋਰ ਦਿੰਦੇ ਰਹੇ ਨੇ ਅਤੇ ਵਿਗਿਆਨਕ ਸਮਾਜਵਾਦ ਨੂੰ ਮਾਰਗ-ਦਰਸ਼ਕ ਮੰਨਣ ਵਾਲੀ ਪਾਰਟੀ ਬਣਾਉਣ ਦੀ ਜ਼ਿੰਮੇਦਾਰੀ ਦੀ
ਸਿੱਧੇ ਜਾਂ ਅਸਿੱਧੇ ਰੂਪ ਵਿੱਚ ਅਣਦੇਖੀ ਕਰਦੇ ਰਹੇ ਨੇ, ਉਨ੍ਹਾਂ ਨੂੰ ਟਰੇਡ-ਯੂਨੀਅਨਵਾਦੀ ਕਿਹਾ ਜਾਂਦਾ ਰਿਹਾ ਹੈ। ਜੋ ਲੋਕ ਮਜ਼ਦੂਰਾਂ ਦੇ ਸੰਘਰਸ਼ਾਂ ਦੀ ਆਪ-ਮੁਹਾਰਤਾ ਅਤੇ ਟਰੇਡ- ਯੂਨੀਅਨ 'ਤੇ ਹੀ ਪੂਰਾ ਭਰੋਸਾ ਕਰਕੇ ਸਚੇਤਨ ਰੂਪ ਨਾਲ ਉਨ੍ਹਾਂ ਦੇ ਰਾਜਨੀਤਿਕ ਪਾਰਟੀ ਬਣਾਉਣ ਦੇ ਕੰਮ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਗੈਰਜ਼ਰੂਰੀ ਮੰਨਦੇ ਰਹੇ ਹਨ ਉਨ੍ਹਾਂ ਨੂੰ ਅਰਾਜਕਤਾਵਾਦੀ-ਸੰਘਵਾਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵਿਗਿਆਨਕ ਸਮਾਜਵਾਦ ਨੇ ਪੂਰੇ ਮਨੁੱਖੀ ਇਤਿਹਾਸ ਨੂੰ ਜਮਾਤੀ-ਘੋਲਾਂ ਦਾ ਇਤਿਹਾਸ ਦੱਸਦੇ ਹੋਏ ਇਹ ਸਪੱਸ਼ਟ ਕੀਤਾ ਕਿ ਕੋਈ ਵੀ ਲੋਟੂ ਜਮਾਤ ਲੁੱਟੀ ਜਾ ਰਹੀ ਜਮਾਤ ਦੇ ਹੱਥਾਂ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਸੱਤ੍ਹਾ ਨਹੀਂ ਦਿੰਦੀ। ਰਾਜ ਸੱਤ੍ਹਾ ਕਿਸੇ ਖਾਸ ਜਮਾਤ ਦੇ ਸ਼ਾਸਨ-ਲੁੱਟ ਨੂੰ ਕਾਇਮ ਰੱਖਣ ਦਾ, ਇੱਕ ਖਾਸ ਸਮਾਜਿਕ-ਆਰਥਿਕ ਢਾਂਚੇ ਨੂੰ ਬਣਾਈ ਰੱਖਣ ਦਾ ਕੇਂਦਰੀ ਸੰਦ ਹੈ। ਇਹ ਤਾਕਤ ਦੀ ਵਰਤੋਂ ਕਰਕੇ ਸਥਾਪਿਤ ਅਤੇ ਕਾਇਮ ਰਹਿੰਦੀ ਹੈ ਅਤੇ ਇਸਨੂੰ ਤਾਕਤ ਦੀ ਵਰਤੋਂ ਕਰਕੇ ਹੀ ਨਸ਼ਟ ਕੀਤਾ ਜਾ ਸਕਦਾ ਹੈ ਅਤੇ ਨਵੀਆਂ ਜਮਾਤਾਂ ਦੇ ਹਿੱਤਾਂ ਨੂੰ ਪੂਰਾ ਕਰਨ ਵਾਲੀ ਨਵੀਂ ਰਾਜ ਸੱਤ੍ਹਾ ਕਾਇਮ ਕੀਤੀ ਜਾ ਸਕਦੀ ਹੈ। ਅੱਜ ਅਜਿਹੇ ਖੱਬੇ-ਪੱਖੀ ਦੁਨੀਆਂ ਵਿੱਚ ਬਹੁਤ ਹਨ ਜੋ ਤਾਕਤ ਦੀ ਵਰਤੋਂ ਕਰਕੇ ਰਾਜ ਸੱਤ੍ਹਾ ਨੂੰ ਨਸ਼ਟ ਕਰਕੇ ਨਵੀਂ ਰਾਜ ਸੱਤ੍ਹਾ ਬਣਾਉਣ ਦੇ ਸਿਧਾਂਤ ਦੀ ਥਾਂ, ਯਾਨੀ ਇਨਕਲਾਬੀ ਬਦਲਾਅ ਦੀ ਥਾਂ, ਸ਼ਾਂਤੀਪੂਰਨ ਸੰਕਰਮਣ ਦਾ ਸਿਧਾਂਤ ਪੇਸ਼ ਕਰਦੇ ਹਨ ਅਤੇ ਸੰਸਦ ਵਿੱਚ ਬਹੁਮਤ ਹਾਸਲ ਕਰਕੇ ਸਮਾਜਵਾਦ ਲਿਆਉਣ ਦਾ ਸੁਪਨਾ ਦਿਖਾਉਂਦੇ ਹਨ। ਅਜਿਹੀਆਂ ਸਾਰੀਆਂ ਧਾਰਾਵਾਂ ਅਸਲ ਵਿੱਚ ਮਜ਼ਦੂਰ ਅੰਦੋਲਨ ਵਿੱਚ ਵਿਵਸਥਾ ਦੇ ਘੁਸਪੈਠੀਏ ਦੀ ਅਤੇ ਪੂੰਜੀਵਾਦੀ ਵਿਵਸਥਾ ਦੇ ਸੁਰੱਖਿਆ ਕਵਚ ਦੀ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਨੂੰ ਸੋਧਵਾਦੀ ਜਾਂ ਸੱਜੇਪੱਖੀ-ਮੌਕਾਪ੍ਰਸਤ ਕਿਹਾ ਜਾਂਦਾ ਹੈ। ਆਮ ਬੋਲਚਾਲ ਦੀ ਬੋਲੀ ਵਿੱਚ ਇਨ੍ਹਾਂ ਨੂੰ ਸੰਸਦਮਾਰਗੀ ਖੱਬੇ ਪੱਖੀ ਵੀ ਕਿਹਾ ਜਾਂਦਾ ਹੈ। ਇਨਕਲਾਬੀ ਰਾਜਨੀਤੀ ਵਿੱਚ ਸੱਜੇਪੱਖੀ-ਮੌਕਾਪ੍ਰਸਤੀ ਆਮਤੌਰ 'ਤੇ ਮੱਧਵਰਗੀ ਕਾਇਰਤਾ ਤੋਂ ਪੈਦਾ ਹੁੰਦੀ ਹੈ ਅਤੇ ਫਿਰ ਇਸਦੇ ਨੇਤਾ ਬੁਰਜੂਆ ਰਾਜਨੀਤੀਵਾਨਾਂ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਖੁੱਲ੍ਹੇ ਗੱਦਾਰਾਂ ਦੀ ਭੂਮਿਕਾ ਵਿੱਚ ਆ ਜਾਂਦੇ ਹਨ।
ਮਜ਼ਦੂਰ ਇਨਕਲਾਬ ਹਰ ਹਾਲਤ ਵਿੱਚ ਇਨਕਲਾਬੀ ਜਨਤਕ ਲੀਹ 'ਤੇ ਅਮਲ ਕਰਦਾ ਹੈ। ਇਨਕਲਾਬੀ ਜਨਤਕ ਲੀਹ ਦਾ ਮਤਲਬ ਇਹ ਮੰਨਣਾ ਹੈ ਕਿ ਲੁੱਟ ਜਬਰ ਦੇ ਸ਼ਿਕਾਰ ਲੋਕਾਂ ਨੂੰ ਜਗਾਉਣ, ਲਾਮਬੰਦ ਅਤੇ ਜੱਥੇਬੰਦ ਕੀਤੇ ਬਿਨਾਂ ਕਿਸੇ ਵੀ ਸਮਾਜਿਕ ਇਨਕਲਾਬ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ। ਇਨਕਲਾਬ ਥੋੜੇ ਜਿਹੇ ਇਨਕਲਾਬੀਆਂ ਦੁਆਰਾ ਕੀਤੀ ਜਾਣ ਵਾਲੀ ਸਾਜਿਸ਼ੀ ਕਾਰਵਾਈ ਨਹੀਂ ਹੈ। ਇਸਨੂੰ ਥੋੜ੍ਹੇ ਜਿਹੇ ਲੋਕ ਹਥਿਆਰਬੰਦ ਹੋ ਕੇ ਕੁੱਝ ਲੋਟੂਆਂ ਜਾਂ ਨੇਤਾਵਾਂ ਦੀ ਹੱਤਿਆ ਕਰਕੇ ਜਾਂ ਦਹਿਸ਼ਤ ਪੈਦਾ ਕਰਕੇ ਨਹੀਂ ਕਰ ਸਕਦੇ। ਇਹ ਵੀ ਇਕ ਭੁਲੇਖਾ ਹੈ ਕਿ ਇਨਸਾਫ ਦੇ ਲਈ ਕੁੱਝ ਲੋਕਾਂ ਨੂੰ ਲੜਦੇ-ਮਰਦੇ ਵੇਖ ਕੇ ਜਾਂ ਹਾਕਮ ਜਮਾਤਾਂ ਨੂੰ ਦਹਿਸ਼ਤ ਵਿੱਚ ਆਉਂਦਾ ਵੇਖ ਕੇ ਆਮ ਲੋਕ ਉਠ ਖੜੇ ਹੋਣਗੇ ਅਤੇ ਇਨਕਲਾਬ ਕਰ ਦੇਣਗੇ। ਉਹ ਅਜਿਹੇ ਲੋਕਾਂ ਪ੍ਰਤੀ ਸ਼ਰਧਾ- ਭਾਵ ਰੱਖ ਸਕਦੇ ਹਨ ਪਰ ਇਸਤੋਂ ਆਪ-ਮੁਹਾਰੇ ਉਠ ਕੇ ਕੋਈ ਭੂਮਿਕਾ ਨਹੀਂ ਨਿਭਾ
ਸਕਦੇ। ਇਨਕਲਾਬ ਸਿਰਫ਼ ਰਾਜਨੀਤਿਕ ਤਖ਼ਤਾਪਲਟ ਨਹੀਂ ਹੁੰਦਾ। ਕਦੇ-ਕਦੇ ਅਜਿਹਾ ਵੀ ਹੋਇਆ ਹੈ ਕਿ ਕਿਸੇ ਅੱਤ ਦੀ ਤਾਨਾਸ਼ਾਹੀ ਦੇ ਖਿਲਾਫ ਆਮ ਲੋਕਾਂ ਦੇ ਸਮਰਥਨ ਨਾਲ ਕੁੱਝ ਲੋਕਾਂ ਨੇ ਤਖ਼ਤਾਪਲਟ ਕਰ ਦਿੱਤਾ ਪਰ ਕੁੱਝ ਸਮਾਂ ਬੀਤਣ ਬਾਅਦ ਉਹ ਨਵੇਂ ਹਾਕਮ ਇੱਕ ਖਾਸ-ਅਧਿਕਾਰਾਂ ਵਾਲੀ ਲੋਟੂ ਜੁੰਡਲੀ ਵਿੱਚ ਤਬਦੀਲ ਹੋ ਗਏ। ਇਨਕਲਾਬ ਦੀ ਪ੍ਰਕਿਰਿਆ ਜਦ ਵਿਆਪਕ ਲੋਕਾਂ ਦੀ ਸਚੇਤਨ ਪਹਿਲਕਦਮੀ ਅਤੇ ਸਰਗਰਮ ਸ਼ਮੂਲੀਅਤ ਨਾਲ ਅੱਗੇ ਵੱਧਦੀ ਹੈ ; ਤਾਂ ਲੋਕ ਇਸੇ ਦੌਰਾਨ ਫੈਸਲੇ ਲੈਣਾ ਅਤੇ ਰਾਜ-ਕਾਜ ਸੰਭਾਲਣਾ ਵੀ ਸਿੱਖਦੇ ਹਨ ਅਤੇ ਤਾਂ ਹੀ ਜਾ ਕੇ ਇਨਕਲਾਬ ਦੇ ਬਾਅਦ ਸੱਚੇ ਅਰਥਾਂ ਵਿੱਚ ਲੋਕਾਂ ਦੀ ਸੱਤ੍ਹਾ ਕਾਇਮ ਹੋ ਸਕਦੀ ਹੈ, ਲੋਕ ਆਪ ਆਪਣੀ ਕਿਸਮਤ ਦਾ ਫੈਸਲਾ ਕਰਨ ਵਾਲੇ ਬਣ ਸਕਦੇ ਹਨ ਅਤੇ ਨਵੀਂ ਸਮਾਜਿਕ-ਆਰਥਿਕ ਵਿਵਸਥਾ ਦੀ ਸਿਰਜਣਾ ਕਰ ਪਾਉਂਦੇ ਹਨ। ਲੋਕ ਹੀ ਅਸਲੀ ਇਤਿਹਾਸ-ਸਿਰਜਣਕਾਰੀ ਤਾਕਤ ਹਨ - ਇਹ ਮੰਨਣਾ ਹੀ ਇਨਕਲਾਬੀ ਜਨਤਕ ਲੀਹ ਹੈ।
ਦਹਿਸ਼ਤਗਰਦੀ ਜਾਂ ਮਾਰਕੇਬਾਜ਼ੀ ਇਤਿਹਾਸ ਦੇ ਪੰਨਿਆਂ 'ਤੇ ਇੱਕ
ਸਰਸਰੀ ਨਜ਼ਰ-ਕੁੱਝ ਜ਼ਰੂਰੀ ਸਬਕ, ਕੁੱਝ ਕੀਮਤੀ ਨਿਚੋੜ
ਜਿਨ੍ਹਾਂ ਲੋਕਾਂ ਨੂੰ ਵਿਆਪਕ ਕਿਰਤੀ ਲੋਕਾਂ ਦੀ ਸਮੂਹਕ ਇਤਿਹਾਸਕ ਤਾਕਤ ਤੇ ਸਿਰਜਣਸ਼ੀਲਤਾ 'ਤੇ ਭਰੋਸਾ ਨਹੀਂ ਹੁੰਦਾ ਉਹ ਲੋਕਾਂ ਨੂੰ ਇੱਕ ਗੈਰ-ਸਰਗਰਮ ਤਾਕਤ ਸਮਝਦੇ ਹਨ ਜਾਂ ਝੁੰਡ ਸਮਝਦੇ ਹਨ। ਉਨ੍ਹਾਂ ਦੀ ਇਹ ਸਮਝ ਹੁੰਦੀ ਹੈ ਕਿ ਲੋਕ ਆਪਣੀ ਮੁਕਤੀ ਆਪ ਹਾਸਲ ਨਹੀਂ ਕਰਦੇ ਸਗੋਂ ਕੁੱਝ ਥੋੜੇ ਜਿਹੇ ਵੀਰੇ ਇਨਕਲਾਬੀ ਆਪਣੀਆਂ ਕਾਰਵਾਈਆ ਰਾਹੀਂ ਉਨ੍ਹਾਂ ਦੇ ਮੁਕਤੀਦਾਤਾ ਦੀ ਭੂਮਿਕਾ ਨਿਭਾਉਂਦੇ ਹਨ। ਇਤਿਹਾਸ ਵਿੱਚ ਮਜ਼ਦੂਰ ਇਨਕਲਾਬ ਦੀ ਧਾਰਾ ਦੇ ਜਨਮ ਤੋਂ ਪਹਿਲਾਂ ਵੀ ਅਜਿਹੇ ਇਨਕਲਾਬੀ ਮੌਜੂਦ ਸਨ ਜਿਨ੍ਹਾਂ ਦਾ ਭਰੋਸਾ ਲੋਕ-ਇਨਕਲਾਬ ਵਿੱਚ ਨਹੀਂ ਸੀ ਅਤੇ ਜੋ ਮੰਨਦੇ ਸਨ ਕਿ ਥੋੜ੍ਹੇ-ਜਿਹੇ ਇਨਕਲਾਬੀ ਹਥਿਆਰ ਚੁੱਕ ਕੇ ਸਾਜਿਸ਼ ਅਤੇ ਦਹਿਸ਼ਤ ਰਾਹੀਂ ਸੱਤ੍ਹਾ ਬਦਲਣ ਦਾ ਉਦੇਸ਼ ਹਾਸਲ ਕਰ ਸਕਦੇ ਹਨ। ਫਰਾਂਸ ਦੇ 1789 ਦੇ ਪੂੰਜੀਵਾਦੀ ਜਮਹੂਰੀ ਇਨਕਲਾਬ ਤੋਂ ਬਾਅਦ ਜਦੋਂ ਸੱਤ੍ਹਾ 'ਤੇ ਕਾਬਜ ਬੁਰਜੂਆਜ਼ੀ ਇਨਕਲਾਬ ਦੇ ਐਲਾਨੇ ਹੋਏ ਨਿਸ਼ਾਨਿਆਂ ਤੋਂ ਪਿੱਛੇ ਹੱਟ ਕੇ ਪੂੰਜੀਵਾਦੀ ਵਿਵਸਥਾ ਨੂੰ ਮਜ਼ਬੂਤ ਕਰਨ ਲੱਗੀ ਅਤੇ ਲੋਕਾਂ ਨਾਲ ਧੋਖਾ ਕਰਨ ਲੱਗੀ ਤਾਂ ਉਥੇ ਵੀ ਅਜਿਹੀ ਇਕ ਰਾਜਨੀਤਿਕ ਧਾਰਾ ਸਾਹਮਣੇ ਆਈ ਜਿਸਨੇ ਇੱਕ ਜਮਹੂਰੀ ਸਮਤਾਵਾਦੀ ਸਮਾਜ ਦੀ ਸਥਾਪਨਾ ਲਈ, ਲੋਕਾਂ ਨੂੰ ਲਾਮਬੰਦ ਕਰਨ ਦੀ ਬਜਾਏ ਹਥਿਆਰਬੰਦ ਸਾਜਿਸ਼ ਅਤੇ ਇਨਕਲਾਬੀ ਦਹਿਸ਼ਤ ਦਾ ਸਹਾਰਾ ਲਿਆ। 19ਵੀਂ ਸਦੀ ਦੇ ਮੱਧ ਤੋਂ ਯੂਰਪ ਦੀ ਮਜ਼ਦੂਰ ਲਹਿਰ ਵਿੱਚ ਮਾਰਕਸ-ਏਂਗਲਜ਼ ਦੁਆਰਾ ਖੋਜੇ ਗਏ ਵਿਗਿਆਨਕ ਸਮਾਜਵਾਦ ਦੇ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਹੋਣ ਲੱਗਾ। ਪਰ ਵਿਗਿਆਨਕ ਸਮਾਜਵਾਦ ਦੇ ਨਾਲ-ਨਾਲ ਦਹਿਸ਼ਤਗਰਦੀ ਜਾਂ ਮਾਅਰਕੇਬਾਜੀ ਦੀ ਧਾਰਾ ਵੀ ਮੌਜੂਦ ਸੀ । ਫਰਾਂਸੀਸੀ ਇਨਕਲਾਬੀ ਅਤੇ ਯੂਟੋਪੀਆਈ ਕਮਿਊਨਿਸਟ ਲਈ ਅਗਸਤ ਬਲਾਂਕੀ ਇਸੇ ਧਾਰਾ ਦੇ ਪ੍ਰਤੀਨਿਧੀ ਸਨ। ਬਲਾਂਕੀ ਅਤੇ ਬਲਾਂਕੀ ਪੰਥੀਆਂ ਦਾ ਇਹ ਮੰਨਣਾ ਸੀ ਕਿ "ਉਜਰਤੀ ਮਜ਼ਦੂਰੀ ਦੀ ਗੁਲਾਮੀ ਤੋਂ ਮਨੁੱਖਜਾਤੀ ਦਾ ਛੁਟਕਾਰਾ
ਮਜ਼ਦੂਰਾਂ ਦੇ ਜਮਾਤੀ-ਸੰਘਰਸ਼ ਰਾਹੀਂ ਨਹੀਂ : ਸਗੋਂ ਬੁੱਧੀਜੀਵੀਆਂ ਦੀ ਛੋਟੀ ਜਿਹੀ ਘੱਟਗਿਣਤੀ ਦੁਆਰਾ ਰਚੀ ਸਾਜਿਸ਼ ਦੇ ਰਾਂਹੀ ਹੋਵੇਗਾ। ਉਨ੍ਹਾਂ ਨੇ ਸਫਲ ਵਿਦਰੋਹ ਦੇ ਲਈ ਠੋਸ ਹਾਲਤਾਂ ਨੂੰ ਧਿਆਨ ਵਿੱਚ ਰੱਖਣ ਅਤੇ ਆਮ ਲੋਕਾਂ ਨਾਲ ਸਬੰਧ ਕਾਇਮ ਕਰਨ ਦੀ ਬਜਾਏ ਥੋੜੇ ਜਿਹੇ ਸਾਜਿਸ਼ ਕਰਨ ਵਾਲਿਆਂ ਦੀਆਂ ਗੁਪਤ ਸਰਗਰਮੀਆਂ ਦਾ ਰਸਤਾ ਅਪਣਾਇਆ। ਇਸ ਰਸਤੇ ਦੀ ਨਾਕਾਮਯਾਬੀ ਸ਼ੱਕ ਰਹਿਤ ਸੀ ਅਤੇ ਅਜਿਹਾ ਹੀ ਹੋਇਆ। ਰੂਸ ਵਿੱਚ 19ਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਨਰੋਦਵਾਦੀ ਲਹਿਰ ਦੀ ਇਕ ਧਾਰਾ ਨੇ ਦਹਿਸ਼ਤਗਰਦੀ ਦਾ ਰਸਤਾ ਚੁਣਿਆ ਸੀ ਅਤੇ ਨਾਕਾਮਯਾਬ ਹੋਈ ਸੀ। ਨਰੋਦਵਾਦ ਰੂਸ ਦੀ ਇਨਕਲਾਬੀ ਜਮਹੂਰੀ ਲਹਿਰ ਵਿੱਚ 1860 ਅਤੇ 1870 ਦੇ ਦਹਾਕਿਆਂ ਵਿੱਚ ਜਨਮੀ ਇੱਕ ਰਾਜਨੀਤਿਕ ਪ੍ਰਵਿਰਤੀ ਸੀ । ਨਰੋਦਵਾਦੀ ਆਪਣੇ ਆਪ ਨੂੰ ਸਮਾਜਵਾਦੀ ਕਹਿੰਦੇ ਸਨ, ਪਰ ਉਨ੍ਹਾਂ ਦਾ ਸਮਾਜਵਾਦ ਯੂਟੋਪੀਆਈ ਸੀ ਜਿਸ ਵਿੱਚ ਸਮਾਜਿਕ ਵਿਕਾਸ ਦੇ ਕ੍ਰਮ ਅਤੇ ਪ੍ਰਕਿਰਿਆ ਦੀ ਕੋਈ ਸਹੀ ਸਮਝ ਨਹੀਂ ਸੀ। ਨਰੋਦਵਾਦੀ ਰੂਸ ਵਿੱਚ ਪੂੰਜੀਵਾਦੀ ਵਿਕਾਸ ਨੂੰ ਅਸੰਭਵ ਮੰਨਦੇ ਸਨ ਅਤੇ ਮਜ਼ਦੂਰਾਂ ਦੀ ਬਜਾਏ ਕਿਸਾਨਾਂ ਨੂੰ ਮੁੱਖ ਇਨਕਲਾਬੀ ਤਾਕਤ ਮੰਨਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਰੂਸੀ ਕਿਸਾਨ ਜ਼ਾਰ ਦੀ ਨਿਰੰਕੁਸ਼ ਸੱਤ੍ਹਾ ਨੂੰ ਉਖਾੜ ਕੇ ਪੁਰਾਣੇ ਪੇਂਡੂ ਭਾਈਚਾਰੇ ਦਾ ਹੀ ਅੱਗੇ ਵਿਕਾਸ ਕਰਕੇ ਸਮਾਜਵਾਦ ਦੀ ਸਿਰਜਣਾ ਕਰਨਗੇ। ਕਿਸਾਨਾਂ ਨੂੰ ਜੱਥੇਬੰਦ ਕਰਨ ਵਿੱਚ ਅਸਫਲ ਹੋਣ ਤੋਂ ਬਾਅਦ ਨਰੋਦਵਾਦ ਦੀ ਮੁੱਖ ਧਾਰਾ ਉਦਾਰਪੰਥੀ ਸੁਧਾਰਵਾਦੀ ਬਣ ਗਈ ਅਤੇ ਇਨਕਲਾਬ ਦੀ ਬਜਾਏ ਸਿਰਫ਼ ਕੁੱਝ ਬੁਰਜੂਆ ਸੁਧਾਰਾਂ ਦੀ ਮੰਗ ਤੱਕ ਸੁੰਗੜ ਕੇ ਰਹਿ ਗਈ। ਪਰ ਇਸੇ ਲਹਿਰ ਦੀ ਇੱਕ ਦੂਜੀ ਧਾਰਾ 1879 ਵਿੱਚ 'ਨਰੋਦਨਾਇਆ ਵੋਲਯਾ' ਦੇ ਰੂਪ ਵਿੱਚ ਸਾਹਮਣੇ ਆਈ। ਇਸ ਧਾਰਾ ਨੇ ਰਾਜਨੀਤਿਕ ਸੰਘਰਸ਼ ਦੀ ਲੋੜ 'ਤੇ ਜ਼ੋਰ ਦਿੱਤਾ। ਪਰ ਆਪਣੇ ਗੈਰਵਿਗਿਆਨਕ, ਨਿਮਨ ਪੂੰਜੀਵਾਦੀ (ਮੱਧਵਰਗੀ) ਨਜ਼ਰੀਏ ਕਾਰਨ ਉਹ ਸਾਜਿਸ਼ ਅਤੇ ਵਿਅਕਤੀਗਤ ਦਹਿਸ਼ਤ ਨੂੰ ਹੀ ਰਾਜਨੀਤਿਕ ਸੰਘਰਸ਼ ਦਾ ਸਮਾਨਅਰਥੀ ਮੰਨ ਬੈਠੀ। ਕਈ ਨਾਕਾਮਯਾਬ ਕੋਸ਼ਿਸ਼ਾਂ ਦੇ ਬਾਅਦ, 1881 ਵਿੱਚ ਜ਼ਾਰ ਅਲੈਕਸਾਂਦਰ ਦੀ ਹੱਤਿਆ ਦੇ ਬਾਅਦ ਕਈ ਲੋਕਾਂ ਨੂੰ ਫਾਂਸੀ ਅਤੇ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਭਿਆਨਕ ਜ਼ਬਰ ਦੇ ਬਾਅਦ 'ਨਰੋਦਨਾਇਆ ਵੋਲਯਾ' ਦੀਆਂ ਸਰਗਰਮੀਆਂ ਦਾ ਅੰਤ ਹੋ ਗਿਆ।
ਵੀਹਵੀਂ ਸਦੀ ਵਿੱਚ ਬਸਤੀਆਂ ਵਿੱਚ ਜਾਰੀ ਕੌਮੀ ਮੁਕਤੀ-ਸੰਘਰਸ਼ਾਂ ਵਿੱਚ ਜ਼ਿਆਦਾਤਰ ਪੂੰਜੀਵਾਦੀ ਜਮਹੂਰੀਅਤ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਵਾਲੀ ਲੋਕ-ਜਮਹੂਰੀਅਤ ਦੀਆਂ ਰਾਜਨੀਤਿਕ ਧਾਰਾਵਾਂ ਕ੍ਰਮਵਾਰ ਬੁਰਜੂਆਜ਼ੀ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ, ਕੌਮੀ ਮੁਕਤੀ-ਸੰਘਰਸ਼ ਤੇ ਆਪਣੇ ਪ੍ਰਭਾਵ ਦੇ ਲਈ ਸੰਘਰਸ਼ ਕਰਦੀਆਂ ਦਿਸਦੀਆਂ ਹਨ। ਪਰ ਇਸਦੇ ਨਾਲ-ਨਾਲ ਬਹੁਤੇ ਦੇਸ਼ਾਂ ਵਿੱਚ ਇੱਕ ਨਿਮਨ-ਪੂੰਜੀਵਾਦੀ (ਪੈਟੀ-ਬੁਰਜੂਆ) ਜਾਂ ਮੱਧਵਰਗੀ ਇਨਕਲਾਬੀ ਧਾਰਾ ਵੀ ਹਰਕਤ ਵਿੱਚ ਦਿਸਦੀ ਹੈ। ਇਹ ਧਾਰਾ ਇਨਕਲਾਬੀ-ਦਹਿਸ਼ਤਗਰਦ ਧਾਰਾ ਸੀ ਜੋ ਕੌਮੀ ਮੁਕਤੀ, ਜਮਹੂਰੀ ਗਣਰਾਜ ਦੀ ਸਥਾਪਨਾ ਅਤੇ ਕਦੀ-ਕਦੀ ਸਮਾਜਵਾਦ ਤੱਕ ਨੂੰ ਵੀ ਆਪਣਾ