ਮੁਸਾਫਰਾਂ ਦੇ ਸਫਰ ਨਾਮੇ ਪੜ੍ਹ ਤਾਂ ਉਨ੍ਹਾਂ ਵਿੱਚ ਤਾਂਤ੍ਰਿਕਾਂ ਦਾ ਜਿਕਰ ਨਹੀਂ ਹੈ ਤੇ ਅਮਰ ਕੋਸ਼ (ਜੋ ਈ: ਸੰਨ ਤੋਂ ਕੁਛ ਸਾਲ ਪਹਿਲਾਂ ਯਾ ਸ਼ਾਇਦ ਪੰਜਵੀਂ ਸਦੀ ਈ: ਵਿਚ ਬਣਿਆ ਸੀ) ਵਿਚ ਇਸ ਪਦ ਦਾ ਅਰਥ ਕਿਸੇ 'ਮੱਤ' ਯਾ ਕਿਸੇ 'ਮਤਾਵਲੰਬੀ ਸ਼ਾਸਤ੍ਰ ਦੇ ਅਰਥਾਂ ਵਿਚ ਨਹੀਂ ਆਇਆ*।
ਇਹ ਬੀ ਖਿਆਲ ਕੀਤਾ ਜਾਂਦਾ ਹੈ ਕਿ ਦੇਵੀ ਹਿੰਦੂ ਜਾਤੀ ਵਿਚ ਕੋਈ ਜੋਧਾ ਮਹਾਂਬੀਰ ਹੋਈ ਹੈ, ਜੋ ਸ਼ਾਕਾ ਹਮਲਾਆਵਰਾਂ ਨਾਲ ਲੜਦੀ ਤੇ ਉਨ੍ਹਾਂ ਅਸੁਰਾਂ ਦੇ ਵੱਡੇ ਮਾਰਦੀ ਰਹੀ ਹੈ। ਉਸ ਦੀ ਬੀਰਤਾ ਦੇ ਗੀਤਾਂ ਤੇ ਕਹਾਣੀਆਂ ਨੇ ਉਸਨੂੰ ਦੇਵੀ ਰੂਪਤਾ ਦਿੱਤੀ ਹੈ। 'ਸ਼ਾਕਾ ਜੁੱਧ' ਅਕਸਰ ਉੱਤਰੀ ਹਿੰਦ ਵਿਚ ਹੋਏ ਸਨ ਤੇ ਇੱਥੇ ਹੀ ਇਸਦਾ ਸ਼ੇਰ ਤੇ ਚੜ੍ਹਨਾ, ਬਲਵਾਨ ਹੋਣਾ ਤੇ ਰਾਖਸ਼ਾਂ ਨੂੰ ਮਾਹਨਾ ਵਧੇਰੇ ਪ੍ਰਸਿਧ ਹੈ। ਭਾਈ ਦਿੱਤ ਸਿੰਘ ਜੀ ਨੇ ਸੰਭਾਵਨਾ ਕੀਤੀ ਹੈ ਕਿ ਦੇਵੀਆਂ ਰਾਜਪੂਤਾਨੇ ਦੀਆਂ ਬੀਰ ਰਾਜ ਕੰਨਿਆਂ ਸਨ। ਰਾਖਸ਼ ਮਰਹੱਟੇ ਸਨ ਜੇ ਰਾਜਪੂਤਾਂ ਦੀਆਂ ਸੁੰਦਰ ਕੰਨਿਆਂ ਨੂੰ ਲੈਣ ਆਉਂਦੇ ਸਨ। ਅੱਗੋਂ ਜੋ ਜੋ ਰਾਜਪੂਤ ਕੰਨਿਆਂ ਬੀਰਰਸ ਵਿਚ ਆਕੇ ਇਨ੍ਹਾਂ ਨਾਲ ਲੜੀਆਂ ਤੇ ਫਤਹਯਾਬ ਹੋਈਆਂ ਓਹ ਪ੍ਰਸਿਧ ਤੇ ਪੂਜ ਹੋ ਗਈਆਂ, ਸੋ ਇਹ ਇਤਿਹਾਸਿਕ ਰਾਜ ਕੰਨ੍ਹਾਂ ਹੀ ਦੇਵੀ ਦਾ ਮੂਲ ਹਨ। ਰਾਖਸ਼ਾਂ ਦੇ ਨਾਮ ਸੁੰਭ, ਨਿਸ਼ੁੰਭ, ਚੰਡ, ਆਦਿਕਾਂ ਦਾ ਮਰਹਟੇ ਨਾਮਾਂ : ਸੰਭਾ ਜੀ ਚਾਂਡੂ ਜੀ ਆਦਿਕਾਂ ਨਾਲ ਮਿਲਣਾ ਦੱਸਕੇ ਇਸ ਦੇ ਸਬੂਤ ਵਿੱਚ ਪੇਸ਼ ਕੀਤਾ ਹੈ ਤੇ ਫਿਰ ਦਸਿਆ ਹੈ ਕਿ ਦਸਮ ਗ੍ਰੰਥ ਵਿਚ ਜੋ ਮਾਰਕੰਡੇ ਪੁਰਾਣ ਦੇ ਆਧਾਰ ਤੇ ਚੰਡੀ ਦਾ ਪ੍ਰਸੰਗ ਹੈ ਉਸ ਵਿੱਚ ਦੇਵੀ ਦਾ ਵਰਨਣ ਜੁਆਨ ਸੁੰਦਰ ਇਸਤ੍ਰੀ ਵਤ ਹੀ ਹੈ। ਉਹ ਬੈਠੀ ਹੋਈ ਸੀ ਕਿ ਸੁੰਭ ਦੈਂਤ ਦਾ ਭਰਾ ਆ ਗਿਆ। ਉਸਦਾ ਰੂਪ ਦੇਖਕੇ ਆਪਣੇ ਭਰਾ ਨਾਲ ਵਿਆਹ ਕਰ ਲੈਣ ਲਈ ਉਸ ਨੂੰ ਪ੍ਰੇਰਨ ਲਗਾ। ਇਹ ਵਾਰਤਾ ਬੀ ਐਉਂ ਦੀ ਹੀ ਸਹੀ ਹੁੰਦੀ
–––––––––––––––
* ਸਰ ਚਾਰਲਸ ਏਲੀਅਟ- 'ਹਿੰਦੁਇਜ਼ਮ ਐਂਡ ਬੁੱਧਿਜ਼ਮ ।
ਹੈ, ਜਿਵੇਂ ਦੇਵੀ ਕਿਸੇ ਬੀਰ ਰਾਜ ਕੰਨਿਆ ਦਾ ਆਪਣੇ ਸਤ ਰੱਖਣ ਲਈ ਕਿਸੇ ਜਰਵਾਣੇ ਰਾਜੇ ਨਾਲ ਲੜਕੇ ਫਤਹ ਪਾਉਣ ਦਾ ਕੋਈ ਵਾਕਿਆ ਦੇਵੀ ਦਾ ਮੁੱਢ ਹੈ। ਯਾਨੀ ਗਿਆਨ ਸਿੰਘ ਜੀ ਨੇ ਸੰਭਾਵਨਾ ਕੀਤੀ ਹੈ ਕਿ ਸ: ੬੬੫ ਈ: ਤੋਂ ਪਹਿਲਾਂ ਈਰਾਨ ਦੀ ਰਾਣੀ 'ਸਮੀਰਮਾ' ਉੱਤਰੀ ਹਿੰਦ ਤੇ ਕਾਬਜ਼ ਹੋ ਗਈ ਸੀ, ਉਸੇ ਨਾਲ ਹਿਠਾੜ ਦੇ ਰਾਜੇ ਸੁੰਭ ਨਿਸੁੰਭ ਦੀ ਲੜਾਈ ਹੁੰਦੀ ਰਹੀ। ਕੀ ਜਾਣੀਏ ਕਿ ਉਸੇ 'ਸਮੀਰਮਾ' ਨੂੰ ਦੇਵੀ ਕਹਿਕੇ ਉਸਦੇ ਜੰਗਾਂ ਨੂੰ ਵਰਣਨ ਕਰਕੇ ਪਦਮ ਪੁਰਾਣ ਬਣਾਇਆ ਗਿਆ ਹੋਵੇ ਤੇ ਪਹਾੜਾਂ ਦੀ ਰਾਣੀ ਵਿਸ਼ੇਸ਼ ਕਰਕੇ ਓਹੋ ਪ੍ਰਸਿੱਧ ਹੋਈ ਹੋਵੇ। ਉਪਰਲੇ ਹਾਲ ਤੋਂ ਪਤਾ ਲਗਾ ਕਿ 'ਕਾਲੀ' ਤਾਂ ਹਿੰਦ ਦੇ ਪੁਰਾਣੇ ਅਸਲੀ ਵਸਨੀਕਾਂ ਦੀ ਇਕ ਪੂਜ੍ਯ ਮੂਰਤੀ ਹੈ ਸੀ ਤੇ ਆਰੀਆਂ ਵਿਚ ਕਿਸੇ ਵੀਰ ਵ੍ਯਕਤੀ ਦੇ ਕਰਤਬਾਂ ਤੋਂ ਅਤੇ ਫਿਰ ਦੇਵਤਿਆਂ ਦੀਆਂ ਸ਼ਕਤੀਆਂ ਦੇ ਖਿਆਲ ਤੋਂ ਦੇਵੀ ਦਾ ਇਕ ਖਿਆਲ ਟੁਰ ਪਿਆ।
ਇਹ ਬੀ ਯਾਦ ਰਹੇ ਕਿ ਸ਼ਿਵਜੀ ਦੀ ਵਹੁਟੀ ਦੱਸੀ ਜਾਣ ਵੇਲੇ ਪਾਰਬਤੀ ਕਨਖਲ ਦੇ ਆਰਯ ਰਾਜਾ ਦੱਖ੍ਯ ਪ੍ਰਜਾਪਤਿ ਦੀ ਬੇਟੀ ਦੱਸੀ ਜਾਂਦੀ ਹੈ, ਜਿਸਤੋਂ ਬੀ ਅਨੁਮਾਨ ਹੁੰਦਾ ਹੈ ਕਿ ਮ੍ਰਿਦੁਲ ਦੇਵੀ* ਆਰਯ ਖਿਆਲ ਦੀ ਜਾਈ ਹੈ ਤੇ ਭਿਆਨਕ ਦੇਵੀ ਪੁਰਾਣੇ ਦੱਸਯੂ (ਕਾਲੇ) ਲੋਕਾਂ ਦੀ ਕਾਲੀ ਮਾਈ ਹੈ। ਪਾਰਬਤੀ ਦਾ ਪਿਤਾ ਹਿਮਾਲਯ ਪਹਾੜ ਬੀ ਮੰਨਿਆ ਗਿਆ ਹੈ; ਇਸ ਤੋਂ ਬੀ ਹਿਮਾਲਯ ਦੀ ਜਾਈ ਆਰਯ ਦੇਵੀ ਸਹੀ ਹੋਈ ਤੇ ਵਿੰਧੀਆਚਲ ਪਰਬਤ ਵਾਸਨੀ 'ਕਾਲੀ' ਪੁਰਾਤਨ ਅਸਲੀ ਵਸਨੀਕਾਂ ਦੀ ਦੇਵੀ ਸਹੀ ਹੋਈ।
ਜਦੋਂ ਆਰਯ ਲੋਕ ਅਸਲੀ ਕੌਮਾਂ ਨਾਲ ਖਲਤ ਮਲਤ ਹੋਏ ਤੇ ਉਨ੍ਹਾਂ ਦੇ ਵੇਦਕ ਮਤ ਉਨ੍ਹਾਂ ਲੋਕਾਂ ਨੇ ਗ੍ਰਹਿਣ ਕੀਤੇ, ਤਦ ਉਨ੍ਹਾਂ ਦੀਆਂ ਪੂਜਾ ਬੀ ਇਨ੍ਹਾਂ ਨਾਲ ਖਲਤ ਮਲਤ ਹੋਈਆਂ। ਇਸ ਤਰ੍ਹਾਂ ਹਿਮਾਲਯ ਦੀ
–––––––––––––
* ਉਤਰੀ ਪਹਾੜਾਂ ਵਿੱਚ ਵੈਸ਼ਨੋ ਦੇਵੀ, ਖੀਰ ਭਵਾਨੀ, ਚਿੰਤਪੁਰਨੀ ਆਦਿ ਮ੍ਰਿਦਲ ਮੂਰਤੀਆਂ ਦੇ ਵੱਖਰੇ ਟਿਕਾਣੇ ਅਜੇ ਵੀ ਹਨ।
'ਗਿਰਜਾ' ਤੇ ਬਿੰਧੀਆਚਲ-ਵਾਸਣੀ ਕਾਲੀ ਦੇ ਦੇਵੀਆਂ ਦੇ ਖਿਆਲ ਇਕ ਥਾਵੇਂ ਆ ਜੁੜੇ, ਪਰ ਦੁਹਾਂ ਦੇ ਦੋ ਰੰਗ ਰੂਪ ਅੱਡ ਅੱਡ ਦਿਖਾਏ ਗਏ।
ਹਰ ਹਾਲ ਇਹ ਜਾਪਦਾ ਹੈ ਕਿ ਕਾਲੇ ਪੁਰਾਤਨ ਹਿੰਦ ਵਾਸੀਆਂ ਤੇ ਆਰਯ ਕੁਲ ਦੇ ਸੂਰਬੀਰਾਂ ਦੇ ਜੰਗਾਂ, ਸੁਲਹਾਂ, ਕੱਠੇ ਰਹਿਣ, ਇਕ ਦੂਜੇ ਤੇ ਅਸਰ ਪਾਉਣ ਦੇ ਮਿਲ-ਗੋਭਿਆਂ ਦੇ ਸਮੇਂ ਦੁਇ ਦੇਵੀਆਂ ਦੇ ਖਿਆਲ ਮਿਲਕੇ ਇਕੋ ਦੇਵੀ ਬਣ ਗਈ, ਜਿਸਦੇ ਰੂਪ ਦੋ ਮੰਨੇ ਗਏ, ਇਕ ਮ੍ਰਿਦੁਲ ਤੇ ਇਕ ਭਿਆਨਕ। ਇਸਦੀ ਮ੍ਰਿਦੁਲ ਰੂਪਤਾ ਦੇ ਨਾਮ ਹਨ :- ਉਮਾ(= ਰੋਸ਼ਨ) ਗੋਰੀ(- ਗੋਰੇ ਰੰਗ ਵਾਲੀ), ਪਾਰਬਤੀ (= ਪਰਬਤ ਦੀ ਬੇਟੀ), ਜਗਦੰਬਾ(= ਜਗਤ ਦੀ ਮਾਤਾ) ਤੇ ਭਵਾਨੀ ਆਦਿ"।
ਦੇਵੀ ਨੂੰ ਭਿਆਨਕ ਰੂਪਤਾ ਵਿਚ ਇਸ ਕਿਸਮ ਦੇ ਨਾਮ ਦਿੱਤੇ ਗਏ ਹਨ: ਕਾਲੀ, ਸ਼੍ਯਾਮਾ, ਚੰਡੀ, ਚੰਡਿਕਾ (= ਤੰਦ), ਭੈਰਵੀ(=ਭਿਆਨਕ)। ਇਸ ਦੇ ਇਸ ਸਰੂਪ ਨੂੰ ਬੱਕਰਿਆਂ, ਝੋਟਿਆਂ ਆਦਿਕਾਂ ਦੀਆਂ ਖੂਨੀ ਬਲੀਆਂ ਦਿੱਤੀਆਂ ਜਾਂਦੀਆਂ ਹਨ, ਤੇ ਇਹ ਬੀ ਪਤਾ ਲਗਦਾ ਹੈ ਕਿ ਕਈ ਵੇਰ ਪਿਛਲੇ ਸਮੇਂ ਮਨੁੱਖ ਬਲੀਆਂ ਬੀ ਦਿੱਤੀਆਂ ਗਈਆਂ ਹਨ। ਤਾਂਤ੍ਰਿਕ ਲੋਕ ਜੋ ਕੁਛ ਆਮ ਤੌਰ ਤੇ ਕਰਦੇ ਹਨ ਉਨ੍ਹਾਂ ਦਾ ਸਾਰਾ ਜ਼ਿਕਰ ਕੁਝ ਸੁਖਦਾਈ ਨਹੀਂ, ਇਸ ਕਰਕੇ ਉਨ੍ਹਾਂ ਕਰਨੀਆਂ ਦਾ ਵੇਰਵਾ ਛੋੜਦੇ ਹਾਂ। ਕਾਲੀ ਦੀ ਪੁਸ਼ਾਕ ਕਾਲੀ ਖੱਲ ਹੈ, ਭਿਆਨਕ ਰੂਪ ਹੈ, ਲਹੂ ਚੌਂਦਾ ਹੈ, ਸੱਪ ਤੇ ਖੋਪਰੀਆਂ ਗਲੇ ਲਟਕਦੀਆਂ ਹਨ। ਦੁਰਗਾ(= ਜੋ ਕਠਨਤਾ ਨਾਲ ਮਿਲੇ) ਦਾ ਰੂਪ ਸੋਹਣਾ, ਗੋਰਾ ਦੱਸਦੇ ਹਨ ਤੇ ਸ਼ੇਰ ਤੇ ਸਵਾਰ ਪਰ ਬੜੇ ਤੇਜ ਤੁੰਦ ਪ੍ਰਭਾਉ ਵਾਲੀ!
ਭਵਾਨੀ, ਉਮਾ, ਪਾਰਬਤੀ, ਦੁਰਗਾ, ਚੰਡੀ, ਕਾਲੀ, ਇਨ੍ਹਾਂ ਦੇਵੀ- ਖਿਆਲਾਂ ਦੀ ਜੋ ਬੀ ਅਸਲੀਅਤ ਹੋਵੇ ਹਿੰਦ ਵਿਚ ਇਸ ਨੇ ਹਿੰਦੂਆਂ ਦੇ ਫ਼ਿਲਸਫਾਨਾਂ ਪਿਆਲਾਤ ਦੇ ਵਧਣ ਨਾਲ ਕੀਹ ਸ਼ਕਲ ਇਖਤਿਆਰ ਕੀਤੀ ਜੋ ਉੱਚੇ 'ਤੰਤ੍ਰ ਸ਼ਾਸਤ੍ਰਾਂ' ਦੇ ਕਾਰਕਾਂ ਨੇ ਫ਼ਿਲਸਫ਼ੇ ਦੇ ਰੰਗ ਵਿਚ ਵਰਣਨ
–––––––––––––––
* ਡਊਸਨ।
ਕਰਨ ਦਾ ਜਤਨ ਕੀਤਾ ਹੈ। ਸੋ ਹੁਣ ਵਿਚਾਰਨੇ ਯੋਗ ਹੈ। ਹਿੰਦੂ ਦਿਮਾਗ ਨੇ ਦੇਵੀ ਦੀ ਵ੍ਯਕਤੀ ਤੋਂ ਉਠਕੇ ਇਸ ਖਿਆਲ ਨੂੰ ਇਕ ਦਾਰਸ਼ਨਕ ਰੂਪ ਬੀ ਦਿੱਤਾ ਹੈ ਤੇ ਉਹ ਇਹ ਹੈ ਕਿ 'ਜਨਮ ਤੇ ਮੌਤ' ਦੋਵੇਂ ਜੁੜੇ ਹਨ। ਜਿਸ ਸੁੰਦਰ ਦਿਆਲ ਮੂਰਤੀ ਤੋਂ ਜਨਮ, ਜੀਵਨ ਤੇ ਜੀਵਨ ਰਸ ਮਿਲਦੇ ਹਨ, ਉਸ ਤੋਂ ਹੀ ਮੌਤ ਵਰਗੀ ਭਿਆਨਕ ਸੈ ਮਿਲਦੀ ਹੈ। ਅਤੇ ਇਹ ਕਿ ਉਹ ਬ੍ਰਹਮ ਵਰਗੀ ਹੈਸੀਅਤ ਵਿੱਚ ਨਿਰਗੁਣ ਤੇ ਨਿਰਲੇਪ ਹੈ ਤੇ ਉਸਦੀ ਸ਼ਕਤੀ ਮ੍ਰਿਦੁਲ ਰੂਪ ਧਾਰ ਕੇ ਸਕਤੀ ਹੋ ਕੇ ਜੀਵਨ ਦੇ ਰਹੀ ਹੈ ਤੇ ਭਿਆਨਕ ਰੂਪ ਵਿੱਚ ਲੈ ਕਰ ਰਹੀ ਹੈ"।
ਦਾਰਸ਼ਨਿਕ ਖਿਆਲ ਵਿੱਚ ਵਰਣਨ ਕਰਨ ਵਾਲੇ ਕਹਿੰਦੇ ਹਨ 'ਕਾਲੀ' ਪਦ 'ਕਾਲ' ਤੋਂ ਹੈ, ਜੋ ਕੁਛ ਸ਼ਕਤੀ ਕਾਲ (ਸਮੇਂ, Time) ਵਿੱਚ ਪ੍ਰਗਟ ਕਰਦੀ ਹੈ ਉਸੇ ਨੂੰ ਆਪਣੇ ਵਿੱਚ ਖਿੱਚ ਲੈਂਦੀ ਹੈ। ਇਹ ਕਾਲ (ਸਮੇਂ) ਨੂੰ ਬੀ ਖਾ ਜਾਂਦੀ ਹੈ, ਇਸ ਕਰਕੇ ਕਾਲੀ ਹੈ। ਐਉਂ ਕਾਲੀ-ਕਾਲ ਰਹਿਤ ਅਰਥਾਂ ਵਿੱਚ ਮਾਨੋ ਇੱਕ ਬ੍ਰਹਮ ਦਾ ਬੀ ਵਾਚਕ ਹੋ ਗਈ। ਕਾਲੀ ਖੋਪਰੀਆਂ, ਮੁਰਦਿਆਂ, ਮਸਾਣਾਂ ਦੇ ਅਲੰਕਾਰ ਵਿਚ ਇਸ ਕਰਕੇ ਦੱਸੀ ਜਾਂਦੀ ਹੈ ਕਿ ਉਹ ਸਾਰੀ ਰਚਨਾਂ ਨੂੰ ਲਯ ਕਰ ਲੈਣ ਵਾਲੀ ਸ਼ਕਤੀ ਹੈ। ਦੇਵੀ ਨੂੰ ਕਾਲੇ ਰੰਗ ਦੀ ਤਾਂ ਕਹਿੰਦੇ ਹਨ ਕਿ ਉਹ ਸਭ ਦ੍ਰਿਸ਼ਟਮਾਨ ਨੂੰ ਸੁਰ ਵਿੱਚ ਦੇਸ਼ ਕਾਲ ਤੋਂ ਪਰੇ ਲੈ ਜਾਂਦੀ ਹੈ"। ਫਿਰ ਉਹ ਦਿਗੰਬਰ ਹੈ-ਦਿਸ਼ਾ ਦੇ ਕੱਪੜਿਆਂ ਵਾਲੀ-
––––––––––––––––
੧. ਸਰ ਚਾਰਲਸ ਏਲੀਅਟ।
੨. ਵੁਡਰਫ
੩. ਕਿਸੇ ਥਾਵੇਂ ਅੰਤ੍ਰੀਵ ਅਰਥ ਦੱਸਣ ਵਾਲੇ ਤਾਂਤ੍ਰਿਕ ਦਾਨਿਆਂ ਨੇ ਸਿਰਾਂ ਦਾ ਅਰਥ ਦੱਸਿਆ ਹੈ :- ਬਦੀ ਦੇ ਪਹਿਲੂ ਜੇ ਦੇਵੀ ਨੇ ਫਤੇ ਕੀਤੇ ਹਨ। ਫਿਰ ਮੁੰਡਨਮਾਲਾ ਜੋ ੫੧ ਯਾ ੫੨ ਸਿਰਾਂ ਦੀ ਖੇਪਰੀਆਂ ਦੀ ਹੈ ਉਸ ਬਾਬਤ ਕਹਿੰਦੇ ਹਨ ਕਿ ਉਹ ਵਰਣਮਾਲਾ ਦੇ ੫੧ ਯਾ ੫੨ ਅੱਖਰ ਹਨ (ਸੰਸਕ੍ਰਿਤ ਪੈਂਤੀ ਦੇ ਅੱਖਰ ੫੦, ੫੧ ਯਾ ੫੨ ਹਨ)। ਇਹ ਵਰਣਮਾਲਾ 'ਨਾਮ ਰੂਪ' ਵਾਲੇ ਸੰਸਾਰ ਦੀ ਲਖਾਯਕ ਹੈ। ਬਹੈਸੀਅਤ ਰਚਣਹਾਰ ਦੇ ਉਹ ਇਹ ਅੱਖਰਾਂ ਦੀ ਮਾਲਾ ਪਹਿਨ ਰਹੀ ਹੈ, ਬਹੈਸੀਅਤ ਲਯ ਕਰਨਹਾਰ ਉਹ ਇਨ੍ਹਾਂ ਨੂੰ ਬੀ ਲਯ ਕਰ ਜਾਂਦੀ ਹੈ। (ਵੁਡਰਵ)
ਹੁਣ ਵਿਚਾਰ ਜੋਗ ਇਹ ਬਾਤ ਹੈ ਕਿ ਇਕ ਪਾਸੇ ਤਾਂ ਅਸਲੀ ਰੂਪ ਵਿਚ ਮਿਰਜ਼ਾ ਪੁਰ ਦੇ ਲਾਗਲਾ ਵਿੰਦ੍ਯਾ ਦਾ ਮੰਦਰ ਅਤੇ ਕਲਕੱਤੇ ਵਿਚ ਕਾਲੀਬਾੜੀ ਦੇ ਮੰਦਰਾਂ ਦੀ ਭਯਦਾਇਕ ਦਸ਼ਾ ਤੇ ਦੇਵੀ ਦਾ ਬੁੱਤ ਹੈ ਤੇ ਦੇਵੀ ਪੂਜਾ ਦੇ ਨਾਮ ਤੇ ਤਾਂਤ੍ਰਿਕ ਰਸਮਾਂ ਤੇ ਹੋਰ ਜਾਦੂ ਟੂਣੇ ਆਦਿਕ ਵਹਿਮੀ ਕੰਮ ਹਨ, ਦੂਜੇ ਪਾਸੇ ਉਪਰ ਦੱਸੀ ਖਯਾਲੀ ਦੇਵੀ' ਦੀ ਬਾਬਤ ਉਪਰ ਕਥੇ ਖਿਆਲ ਹਨ। ਦੋਵੇਂ ਇਕ ਅਚਰਜ ਵਿਰੋਧੀ ਭਾਵ ਹਨ, ਜਿਨ੍ਹਾਂ ਵਿਚ ਅਮਿਣਵਾਂ ਫਾਸਲਾ ਹੈ। ਸੋਚ ਕਰਨ ਵਾਲਾ ਕੀਹ ਸੋਚ ਕਰੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਵੀਆਂ ਦੇ ਲਿਖੇ ਮੂਜਬ ਕਿਸਦਾ ਆਵਾਹਨ ਕੀਤਾ, ਕਿਉਂਕਿ ਗੁਰਬਿਲਾਸ ਤੇ ਗੁਰ ਪ੍ਰਤਾਪ ਸੂਰਜ ਆਦਿਕਾਂ ਦੇ ਲੇਖਕ ਸਾਰੇ ਖਿਆਲਾਂ ਦੀ ਖਿਚੜੀ ਜੇਹੀ ਪੇਸ਼ ਕਰਦੇ ਹਨ।
ਕਾਲੀ ਦਾ ਪੁਰਾਤਨ ਜਾਂਗਲੀ ਲੋਕਾਂ ਦੀ ਪੂਜ੍ਯ ਹੋਣਾ ਤੇ ਕਈ ਵੇਰ ਬੇਗੁਨਾਹਾਂ ਦੇ (ਠੱਗਾਂ ਆਦਿਕਾਂ ਦੇ ਹੱਥੋਂ) ਖੂਨ ਦਾ ਇਸ ਮੂਰਤੀ ਅਗੇ ਅਰਪਨ ਹੋਣਾ ਇਧਰੋਂ ਦੁਰਗਾ ਆਦਿ ਦੇ ਬੀਰ-ਰਸੀ ਕੰਮ, ਉਧਰ ਤਾਂਤ੍ਰਿਕ ਰਸਮਾਂ
ਹੁਣ ਅਸਾਂ ਗੁਰਮਤਿ ਵਿਚ ਦੇਵੀ ਦੀ ਥਾਂ ਲੱਭਣੀ ਹੈ। ਇਸ ਕਰਕੇ ਦੇਵੀ ਦੇ ਇਸ ਉੱਚੇ ਖ਼ਿਆਲ ਨੂੰ, ਜੋ ਹਿੰਦੂ ਫ਼ਿਲਸਫ਼ਾ ਨੇ ‘ਸਰਗੁਣ ਈਸ਼੍ਵਰੱਤ' ਦਾ ਦਿੱਤਾ ਹੈ, ਲੈਕੇ ਟੁਰਦੇ ਹਾਂ :-
੨. ਗੁਰਮਤਿ ਵਿਚ ਦੇਵੀ।
ਗੁਰੂ ਘਰ ਵਿਚ ਅਕਾਲ ਪੁਰਖ ਨੂੰ ਕਾਦਿਰ ਤੇ ਕਰਤਾ ਤੇ ਫੇਰ ਅਲੇਪ ਮੰਨਿਆ ਹੈ। "ਨਿਰਗੁਨੁ ਆਪਿ ਸਰਗੁਨ ਭੀ ਓਹੀ॥ ਕਲਾਧਾਰਿ ਜਿਨਿ ਸਗਲੀ ਮੋਹੀਂ” ਉਸੇ ਨੂੰ ਹੀ ਮੰਨਿਆ ਹੈ :- "ਆਪਨ ਖੇਲੁ ਆਪਿ ਕਰਿ ਦੇਖੈ ॥ਖੇਲੁ ਸੰਕੋਚੈ ਤਉ ਨਾਨਕਏਕੈ ॥"
ਪੁਨਾ-"ਜਹ ਆਪਿ ਰਚਿਓ ਪਰਪੰਚੁ ਅਕਾਰੁ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ॥" ਪੁਨਾ :- "ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ॥ ਆਪਨੈ ਭਾਣੈ ਲਏ ਸਮਾਏ ॥"
–––––––––––––––
੧. ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ'। (ਵਾ: ਆਸਾ ਮ: ੧-੩, ਪੰਨਾ ੪੬੪)
2. : ਗਉ:ਮ:੫.ਸੁਖਮਨੀ ੧੮,੨੧,੨੧ ੨੨