ਧਰਮ ਗੁਰੂ
ਸਵਰਾਜਬੀਰ
ਭਾਲਿ ਰਹੈ ਹਮ ਰਹਣੁ ਨ ਪਾਇਆ
ਜੀਵਤਿਆ ਮਰਿ ਰਹੀਐ
-ਗੁਰੂ ਨਾਨਕ
ਅਸ਼ੋਕ ਪਰਾਸ਼ਰ ਲਈ
ਕਥਾ
ਜਦੋਂ ਸਾਧਾਰਣ ਤੋਂ ਪਰ੍ਹੇ ਕੁਝ ਵਾਪਰਦਾ ਹੈ ਤਾਂ ਕਥਾ ਦਾ ਜਨਮ ਹੁੰਦਾ ਹੈ। ਕਹਾਣੀ ਤੁਰਦੀ ਹੈ। ਉਹ ਲੋਕਾਂ ਦੇ ਮਨਾਂ ਵਿਚ ਜਵਾਨ ਹੁੰਦੀ ਹੈ ਤੇ ਮੂੰਹੋਂ ਮੂੰਹੀਂ ਤੁਰਦੀ ਜੀਉਂਦੀ ਰਹਿੰਦੀ ਹੈ। ਲੋਕਾਂ ਦੀ ਸਿਰਜਣਾ ਸ਼ਕਤੀ ਇਸ ਨੂੰ ਕਈ ਤਰ੍ਹਾਂ ਨਾਲ ਸਜਾਉਂਦੀ ਹੈ। ਕੋਈ ਇਸ ਵਿਚ ਨਵੇਂ ਰੰਗ ਭਰਦਾ ਹੈ ਅਤੇ ਕੋਈ ਇਸ ਵਿਚ ਨਵੀਂ ਘਟਨਾ ਜੋੜਦਾ ਹੈ । ਇਸ ਤਰ੍ਹਾਂ ਨਾਲ ਕਥਾ ਬਲਵਾਨ ਹੁੰਦੀ ਹੈ। ਪੁਨਰ-ਸਿਰਜਣਾ ਕਰਦਿਆਂ ਕੋਈ ਇਸ ਵਿਚ ਆਪਣੇ ਅਵਚੇਤਨ ਦੀ ਛੁਹ ਛੱਡ ਜਾਂਦਾ ਹੈ ਅਤੇ ਕੋਈ ਚੇਤ ਅਚੇਤ ਇਸ ਵਿਚ ਆਪਣੇ ਵਰਗ ਜਾਂ ਜਾਤ ਦੀ ਸ਼ਕਤੀ ਅਤੇ ਸਵਾਰਥ ਦੇ ਰੰਗ ਭਰ ਦਿੰਦਾ ਹੈ । ਤੁਰਦਿਆਂ ਤੁਰਦਿਆਂ ਕਈ ਵਾਰ ਕਥਾ ਦਾ ਕੋਈ ਹਿੱਸਾ, ਕੋਈ ਅੰਗ ਟੁੱਟ ਜਾਂਦਾ ਹੈ, ਭੁਰ ਜਾਂਦਾ ਹੈ, ਡਿੱਗ ਪੈਂਦਾ ਹੈ, ਗਵਾਚ ਜਾਂਦਾ ਹੈ । ਇਸ ਲਈ ਕਈ ਵਾਰ ਕਥਾ ਵਿਚ ਚਿੱਬ ਅਤੇ ਖੱਪੇ ਦਿਖਾਈ ਦਿੰਦੇ ਹਨ। ਕੋਈ ਕਥਾਕਾਰ ਇਸ ਨੂੰ ਕਲਪਨਾ ਰਾਹੀਂ ਨਵਾਂ ਬਣਾ ਦਿੰਦਾ ਹੈ ਅਤੇ ਕਈ ਵਾਰ ਇਹ ਅਪੂਰਨ ਰਹਿ ਜਾਂਦੀ ਹੈ ।
ਧਰਮ ਗੁਰੂ ਦੀ ਕਥਾ ਮੈਂ 89-90 ਵਿਚ ਲਿਖਣੀ ਸ਼ੁਰੂ ਕੀਤੀ। 94-95 ਵਿਚ ਮਿੱਤਰ ਲੇਖਕਾਂ ਵਿਚ ਬੈਠ ਇਸਦਾ ਪਹਿਲਾ ਪਾਠ ਕੀਤਾ । ਉਨ੍ਹਾਂ ਦੇ ਸੁਝਾਅ ਸੁਣ ਕੇ ਮੈਂ ਮੁੜ ਮੁੜ ਕਥਾ ਦੇ ਸੋਮਿਆਂ ਵੱਲ ਪਰਤਿਆ ਤੇ ਕੁਝ ਨਵਾਂ ਗ੍ਰਹਿਣ ਕਰਕੇ ਵਾਪਸ ਆਇਆ। ਸ਼ਾਂਤੀ ਦੇਵ ਤੇ ਮੋਹਨਜੀਤ ਹੋਰਾਂ ਨੇ ਇਹਦਾ ਸ਼ਬਦ ਸ਼ਬਦ ਪੜ੍ਹਿਆ, ਵਾਚਿਆ ਅਤੇ ਸੁਝਾਅ ਦਿੱਤੇ। ਕੇਵਲ ਧਾਲੀਵਾਲ ਨੇ ਮੂਲ ਖਰੜੇ ਦਾ ਕਈ ਵਾਰ ਪਾਠ ਕੀਤਾ ਅਤੇ ਰੰਗ ਮੰਚ ਦੀ ਦ੍ਰਿਸ਼ਟੀ ਤੋਂ ਦ੍ਰਿਸ਼ਾਂ ਦੇ ਘਟਾਉਣ ਵਧਾਉਣ ਬਾਰੇ ਰਾਏ ਦਿੱਤੀ। ਇਸ ਗੱਲ ਨੇ ਨਿਰਦੇਸ਼ਕ ਤੇ ਲੇਖਕ ਵਿਚਕਾਰ ਸੰਵਾਦ ਨੂੰ ਜਨਮ ਦਿੱਤਾ, ਜੋ ਨਿਸ਼ਚਿਤ ਰੂਪ ਵਿਚ ਲਾਹੇਵੰਦ ਹੈ। ਭਗਵਾਨ ਜੋਸ਼ ਹੋਰਾਂ ਨੇ ਅੰਤਿਮ ਖਰੜੇ ਨੂੰ ਪੜ੍ਹਿਆ ਤੇ ਦਾਰਸ਼ਨਿਕ ਪੱਖ ਤੋਂ ਮੁੱਲਵਾਨ ਸੁਝਾਅ ਦਿੱਤੇ । ਮੈਂ ਇਹਨਾਂ ਸਭ ਦੋਸਤਾਂ ਦਾ ਸ਼ੁਕਰਗੁਜ਼ਾਰ ਹਾਂ । ਪ੍ਰਮਿੰਦਰਜੀਤ ਹੋਰਾਂ ਦੁਆਰਾ ਮੰਚਨ ਅਤੇ ਕਵਿਤਾ ਭਾਗ ਬਾਰੇ ਦਿੱਤੇ ਸੁਝਾਵਾਂ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ ।
ਸਵਰਾਜਬੀਰ