Back ArrowLogo
Info
Profile

ਅਸਲ ਹਕੀਕਤ ਕਦੇ ਨ ਮਰਸੀ, ਬਾਹਰੋਂ ਭਾਵੇਂ ਸੁੱਟੋ ਮਾਰ।

ਡੁੱਬਣ ਸੜਨੋਂ ਰਹਿਤ ਆਤਮਾ, ਇਸ ਨੂੰ ਛੁਹ ਨ ਸਕੇ ਤਲਵਾਰ।

ਧਨ ਦੌਲਤ ਇਕ ਤੁੱਛ ਵਸਤੂ ਹੈ, ਇਸ ਨੂੰ ਮੂਰਖ ਕਰਨ ਪਿਆਰ।

ਬੱਦਲ ਛਾਯਾ ਵਾਂਗ ਇਹਦਾ ਹੈ, ਪਲ ਭਰ ਦਾ ਭੀ ਕੀ ਇਤਬਾਰ?

ਦੁਨੀਆਂ ਦੇ ਸੁਖ ਐਸ਼ਾਂ ਭੀ, ਆਤਮ ਸੁਖ ਅੱਗੇ ਤੁਛ ਦਿੱਸਾਣ।

'ਸੁਖ ਦੀ ਖਾਤਰ ਧਰਮ ਤਿਆਗਾਂ,' ਮੈਂ ਐਸਾ ਨਾਹੀਂ ਨਾਦਾਨ।

ਹਾਂ, ਜੇ ਤਰਸ ਪਿਆ ਹੈ ਦਿਲ ਵਿਚ ਦੇਖ ਮੇਰਾ ਰੋਂਦਾ ਪਰਵਾਰ।

ਧਨ ਦਾ ਡੰਡ ਲਗਾਓ ਬੇਸ਼ੱਕ, ਭਰ ਦੇਵਣ ਨੂੰ ਹਾਂ ਤੱਯਾਰ।

ਸਾਂਵੀ ਸੋਨਾ ਤੋਲ ਲਓ ਯਾ ਸਾਂਭ ਲਓ ਸਾਰਾ ਘਰ ਬਾਰ।

ਹਾਜ਼ਰ ਹਾਂ ਇਹ ਡੰਡ ਭਰਨ ਨੂੰ ਧਨ ਤਨ ਤੋਂ ਦੇਈਏ ਵਾਰ।

ਧਰਮ ਗਵਾ ਕੇ ਜੀਉਂਦੇ ਰਹਿਣਾ, ਇਸ ਜੀਵਨ ਪਰ ਸੌ ਫਿਟਕਾਰ।

ਧਰਮ ਹੇਤ ਧਨ ਧਾਮ ਦਿਆਂ ਅਰ ਤਨ ਦੇਣੋਂ ਭੀ ਨਹੀਂ ਇਨਕਾਰ।

ਸੂਬੇ ਨੇ ਸਿਰ ਫੇਰ ਕਿਹਾ ‘ਧਨ ਨਾਲ ਨਹੀਂ ਬਚ ਸਕਦੀ ਜਾਨ'।

ਸ਼ਰ੍ਹਾ ਸ਼ਰੀਫ ਦੇਇ ਜੋ ਫ਼ਤਵਾ 'ਮਰ' 'ਯਾ ਹੋ ਜਾ ਮੁਸਲਮਾਨ'।

 

ਸੂਬੇ ਨੇ ਕਤਲ ਦਾ ਹੁਕਮ ਦੇਣਾ

ਸਮਝਾਵਨ ਦਾ ਅਸਰ ਨ ਹੋਇਆ, ਭਰਮਾਵਨ ਦੀ ਗਲੀ ਨ ਦਾਲ।

ਲੋਭ ਲਹਿਰ ਵਿਚ ਡੋਬ ਨ ਸੱਕੇ, ਧਰਮੀ ਨਾਉਂ ਥਪੇੜਾਂ ਨਾਲ।

ਦੀਨ ਪੱਖ ਦੇ ਸਾਹਵੇਂ ਆ ਕੇ, ਨਯਾਉਂ ਕਰਨ ਦੀ ਚੱਲੇ ਨ ਚਾਲ।

ਸੂਬੇ ਤਦ ਕਤਲ ਕਰਨ ਹਿਤ, ਭਿਜਵਾਯਾ ਜੱਲਾਦਾਂ ਨਾਲ।

ਕੰਬ ਗਿਆ ਦਿਲ ਖਲਕਤ ਦਾ, ਪਰ ਕਾਜ਼ੀ ਮੁੱਲਾਂ ਹੋਏ ਸ਼ੇਰ।

ਕੱਛਾਂ ਮਾਰ ਮਨਾਵਣ ਖੁਸ਼ੀਆਂ, ਕਾਫ਼ਰ ਨੂੰ ਕਰ ਲੀਤਾ ਜੇਰ।

ਕਰ ਸਦਕੇ ਮਾਸੂਮ ਜਿੰਦ ਨੂੰ, ਵਖਤਾਂ ਵਿਚ ਪਾ ਕੇ ਪਰਵਾਰ।

ਸਮਝਣ ਕੰਮ ਸਵਾਬ ਦੀਨ ਦਾ, ਨੇਕੀ ਸਮਝਣ ਖੂਨ ਗੁਜ਼ਾਰ।

 

ਮਾਂ-ਪਿਉ ਦੇ ਹਾੜੇ

ਨਿਕਲੇ ਜਦ ਕਚਹਿਰੀਓਂ ਬਾਹਰ, ਲਿਪਟ ਗਏ ਮਾਈ ਅਰ ਬਾਪ।

ਸਿੱਖਿਆ ਦੇਣ ਲੱਗੇ ਧਰਮੀ ਨੂੰ, ਪੈ ਪੈਰੀਂ ਕਰ-ਕਰ ਵਿਰਲਾਪ।

ਮਾਂ ਆਖੇ ਕਰ ਤਰਸ ਚਾਨਣਾ! ਧੌਲਾ ਝਾਟਾ ਮੇਰਾ ਦੇਖ।

ਕਿਉਂ ਹੱਠ ਕਰਕੇ ਜਾਨ ਗਵਾਏਂ, ਸਾੜ ਨ ਬੱਚਾ ਮੇਰੇ ਲੇਖ।

ਐਸ ਉਮਰ ਵਿਚ ਦਗਾ ਨ ਦੇਵੀਂ, ਪੁੱਤਾ ਠੰਡ ਕਲੇਜੇ ਪਾਇ।

ਮੁਸਲਮਾਨ ਹੋ ਜਿੰਦ ਬਚਾ ਲੈ, ਮਾਂ ਪਾਪਣ 'ਤੇ ਤਰਸ ਕਮਾਇ।

162 / 173
Previous
Next