ਭੂਮਿਕਾ
ਲਾਲਾ ਧਨੀ ਰਾਮ ਚਾਤ੍ਰਿਕ ਠੇਠ ਪੰਜਾਬੀ ਦੇ ਸ੍ਰੇਸ਼ਟ ਕਵੀ ਸਨ। ਉਨ੍ਹਾਂ ਦੀਆਂ ਕਵਿਤਾਵਾਂ ਵਿਚ ਕਾਵ੍ਯ ਦੇ ਸਾਰੇ ਗੁਣਾਂ ਦੀ ਭੰਮਕ ਹੈ। ਕੁਦਰਤੀ ਸ਼ਿੰਗਾਰਾਂ ਨਾਲ ਭੂਸ਼ਤ ਮੁਹਾਵਰੇਦਾਰ ਬੋਲੀ ਹੋਣ ਕਾਰਨ ਪੜ੍ਹਨ ਵਾਲਿਆਂ ਦੀ ਜ਼ਬਾਨ ਦੀ ਨੋਕ ਉੱਤੇ ਚੜ੍ਹ ਜਾਣ ਦੀ ਸਮਰੱਥਾ ਰੱਖਦੀ ਹੈ। ਚਾਤ੍ਰਿਕ ਜੀ ਕਿੱਸਾ-ਕਾਵਿ ਦੇ ਕਵੀਆਂ ਤੋਂ ਲੈ ਕੇ ਮੱਧ ਕਾਲ ਦੇ ਸ਼ਾਸਤ੍ਰੀ ਗੁਣਾਂ, ਅਲੰਕਾਰਾਂ, ਛੰਦਾਂ ਤੇ ਰੂਪਕਾਂ ਦੇ ਯੁਗ ਵਿਚੋਂ ਦੀ ਹੁੰਦੇ ਹੋਏ ਉੱਚ-ਖਿਆਲੀ ਪ੍ਰਵੀਨ ਕਵੀਆਂ ਦੇ ਹਮ-ਜੋਲੀ ਹੋ ਕੇ ਵਿਚਰੇ। ਚਾਤ੍ਰਿਕ ਜੀ ਵਰਤਮਾਨ ਤੇ ਭਵਿੱਖ ਨੂੰ ਪ੍ਰਭਾਵਤ ਕਰਨ ਵਾਲੇ ਸਾਹਿਤਕਾਰ ਸਨ।
ਪੁਰਾਣੇ ਜ਼ਮਾਨੇ ਦੇ ਸ਼ੌਂਕ ਉਨ੍ਹਾਂ ਹੰਢਾਏ ਅਤੇ ਲੋਕ-ਜੀਵਨ ਵਿੱਚ ਉਹ ਜੰਮੇ, ਪਲੇ: ਕਵਿਤਾ 'ਕੇਸਰ ਕਿਆਰੀ' ਦੀ ਗੰਧ-ਸੁਗੰਧ ਉਨ੍ਹਾਂ ਦੀਆਂ ਹੋਰ ਰਚਨਾਵਾਂ, ਖਾਸ ਕਰ ਵਾਰਤਕ ਵਿਚ ਪੰਜਾਬ ਦਾ ਜੀਵਨ ਸਮੋਇਆ ਹੁੰਦਾ ਹੈ।
ਉਨ੍ਹਾਂ ਨੇ ਪਿੰਡਾਂ ਦੇ ਜੀਵਨ ਦੇ ਚੱਜ-ਅਚਾਰ ਵਰਤ-ਵਰਤਾਉ ਦੇਖੇ ਸਨ, ਸ਼ਹਿਰੀ ਜੀਵਨ ਸ਼ਾਨ ਨਾਲ ਜੀਵਿਆ ਸੀ, ਵੱਡੇ-ਵੱਡੇ ਵਿਦਵਾਨਾਂ ਦੀ ਸੰਗਤ ਮਾਣੀ ਸੀ, ਜਿਸ ਕਾਰਨ ਜੀਵਨ ਦੇ ਕਈ ਪੱਖਾਂ ਤੋਂ ਅਮੀਰ ਸਨ। ਪੰਜਾਬੀ ਦੇ ਪ੍ਰੇਮੀ ਸਨ, ਪੰਜਾਬੀ ਸਾਹਿਤ ਸਿਰਜਿਆ ਤੇ ਪੰਜਾਬੀ ਸਭਾਵਾਂ ਵੀ ਬਣਾਈਆਂ ਤੇ ਚਲਾਈਆਂ ਸਨ। ਉੱਤਮ ਮਨੁੱਖਤਾ ਦੇ ਗੁਣਾਂ ਦੇ ਮਾਲਕ ਸਨ।
ਭਾਈ ਵੀਰ ਸਿੰਘ ਜੀ ਪਾਸ ਉਨ੍ਹਾਂ ਆਰੰਭਕ ਤੌਰ 'ਤੇ ਪ੍ਰੈਸ ਵਿਚ ਕੰਮ ਸ਼ੁਰੂ ਕੀਤਾ। ਅੱਖਰ ਲਿਖਣ ਦਾ ਕੰਮ ਸ਼ੁਰੂ ਕਰਨ ਤੋਂ ਸੋਹਣੇ ਅੱਖਰ ਲਿਖਣ ਦੀ ਕਲਾ ਸਿੱਖੀ। ਵੱਡੇ ਹੋ ਕੇ ਗੁਰਮੁਖੀ ਦੇ ਸੋਹਣੇ ਟਾਈਪ ਬਣਵਾਏ ਜਿਸ ਵਿਚ ਸੁੰਦਰ ਕਿਤਾਬਾਂ ਛਪਣ ਲੱਗੀਆਂ। ਜਿਨ੍ਹਾਂ ਨੂੰ ਦੇਖ ਕੇ ਭਾਈ ਕਾਨ੍ਹ ਸਿੰਘ ਰਚਿਤ 'ਮਹਾਨ ਕੋਸ਼' ਛਾਪਣ ਲਈ ਉਨ੍ਹਾਂ ਦਾ ‘ਸੁਦਰਸ਼ਨ ਪ੍ਰੈਸ' ਚੁਣਿਆ ਗਿਆ। 'ਮਹਾਨ ਕੋਸ਼' ਲਈ ਕੁਝ ਵਿਸ਼ੇਸ਼ ਕਿਸਮ ਦੇ ਅੱਖਰ ਵੀ ਬਣਵਾਏ। 'ਮਹਾਨ ਕੋਸ਼' ਨੂੰ ਪੂਰੀ ਰੀਝ ਨਾਲ ਛਾਪਿਆ। ਸੁੰਦਰ ਛਪਾਈ ਤੇ ਗੈਟ-ਅਪ, ਜਿਹੋ ਜਿਹੀ ਕਿਸੇ ਪ੍ਰਮਾਣਿਕ ਪੁਸਤਕ ਦੀ ਚਾਹੀਦੀ ਸੀ, ਇਸ ਗ੍ਰੰਥ ਦੇ ਰੂਪ ਵਿਚ ਸਾਹਮਣੇ ਆਈ। ਇਸ ਤੋਂ ਪਹਿਲਾਂ ਕਿਸੇ
ਪੰਜਾਬੀ ਗ੍ਰੰਥ ਦੀ ਛਪਾਈ ਅਜਿਹੀ ਹੋਈ ਨਹੀਂ ਮਿਲਦੀ। 'ਮਹਾਨ ਕੋਸ਼' ਨੂੰ ਸੋਧਣ ਵਾਲੇ ਪ੍ਰੋ: ਤੇਜਾ ਸਿੰਘ ਜੀ ਨਾਲ ਆਪ ਦਾ ਮੇਲ-ਮਿਲਾਪ ਵਧਿਆ। ਭਾਈ ਧਰਮਾਨੰਤ ਸਿੰਘ ਜੀ ਦੀ ਵੀ ਨਾਲੋਂ-ਨਾਲ ਸੰਗਤ ਮਾਣਦੇ ਰਹੇ, ਜੋ 'ਮਹਾਨ ਕੋਸ਼' ਦੀ ਛਪਾਈ ਵਿਚ ਪਰੂਵ ਪੜ੍ਹਨ ਵਾਲੇ ਸਹਾਇਕ ਸਨ।
'ਮਹਾਨ ਕੋਸ਼' ਵਿਚ ਜਿੰਨੇ ਵੀ ਵਿਅਕਤੀ ਸਹਾਇਕ ਸਨ ਉਨ੍ਹਾਂ ਦੀ ਸੰਗਤ ਮਾਨਣੀ ਤਾਂ ਸੁਭਾਵਕ ਹੀ ਸੀ, ਹੋਰ ਹਸਤੀਆਂ ਅਤੇ ਵਿਦਵਾਨਾਂ ਨਾਲ ਵੀ ਆਪ ਦੀਆਂ ਸਾਂਝਾਂ ਤੇ ਪ੍ਰੇਮ-ਪਿਆਰ ਰਿਹਾ।
ਪਹਿਲਾਂ 'ਹਰਿ ਧਨੀ' ਕਹਾਉਣ ਵਾਲੇ 'ਧਨਵਾਨ' ਬਣ ਕੇ ਆਪਣੇ ਕਾਰੋਬਾਰ ਨੂੰ ਉੱਨਤ ਕਰਦੇ ਕਰਦੇ ਧਨੀ ਰਾਮ ਜੀ ਸੱਚੀ-ਮੁੱਚੀ ਧਨੀ ਬਣ ਗਏ, ਗੁਣਾਂ ਦੇ ਧਨੀ ਅਤੇ ਉਨ੍ਹਾਂ ਅਰਥਾਂ ਵਿਚ ਵੀ ਧਨੀ ਜਿਨ੍ਹਾਂ ਕਾਰਨ ਕਿਸੇ ਵਿਅਕਤੀ ਨੂੰ ਧਨਵਾਨ ਜਾਣਿਆ ਜਾਂਦਾ ਹੈ।
ਉਨ੍ਹਾਂ ਕਈ ਰਚਨਾਵਾਂ ਲਿਖੀਆਂ। 'ਚੰਦਨ ਵਾੜੀ' ਛਪੀ ਤਾਂ ਬੜਾ ਜਸ ਹੋਇਆ। ਹੋਰ ਧਾਰਮਕ, ਸਮਾਜਕ, ਸਾਹਿਤਕ ਕਵਿਤਾਵਾਂ ਵੀ ਲਿਖਦੇ ਰਹੇ। ਅਰੰਭਕ ਕਾਲ ਵਿਚ ਹੀ, ਕਈ ਵਰ੍ਹੇ ਹੋਏ, ਉਨ੍ਹਾਂ ਦੀ ਪੁਸਤਕ ‘ਧਰਮ ਬੀਰ' ਸੋਹਣੀ ਛਪੀ ਹੋਈ ਪ੍ਰਾਪਤ ਹੋਈ। ਕਿਤਾਬ ਵਿਚ ਧਰਮ ਹੇਤ, ਜੀਅ ਦਾਨ ਦੇਣ ਵਾਲੀਆਂ ਕਵਿਤਾਵਾਂ, ਵਾਰਾਂ ਤੇ ਸਰਲ ਛੰਦ ਦੇ ਰੂਪ ਵਿਚ ਪੜ੍ਹਨ ਨੂੰ ਮਿਲੀਆਂ ਤਾਂ ਅਨੁਭਵ ਹੋਇਆ ਧਨੀ ਰਾਮ ਜੀ ਨੇ ਪੰਜਾਬ ਦੇ ਇਤਿਹਾਸ ਦੇ ਸ਼ਹੀਦਾਂ ਦੇ ਪੱਖ ਦਾ ਸਾਹਿਤਕ ਖੱਪਾ ਪ੍ਰੇਮ ਤੇ ਪ੍ਰਸੰਨਤਾ ਨਾਲ ਪੂਰਿਆ ਹੈ।
ਕੁਝ ਚਿਰ ਤੋਂ ਇਹ ਪੁਸਤਕ ਅਲੱਭ ਸੀ ਪਰ ਅਤੀ ਲੋੜੀਂਦੀ ਵੀ ਸੀ, ਸੋ ਹੁਣ ਇਹ ਛਪ ਕੇ ਪਾਠਕਾਂ ਦੇ ਸਾਹਮਣੇ ਆਈ ਹੈ। ਬੇਸ਼ੱਕ ਪਿੱਛੇ ਜਿਹੇ ਭਾਸ਼ਾ ਵਿਭਾਗ ਵਲੋਂ ਲਾਲਾ ਧਨੀ ਰਾਮ ਜੀ ਦੀਆਂ ਛਾਪੀਆਂ ਗਈਆਂ ਸਾਰੀਆਂ ਪੁਸਤਕਾਂ ਦੇ ਛਾਪੇ ਸੰਗ੍ਰਹਿ ਵਿੱਚ ਇਹ ਪੁਸਤਕ ਵੀ ਆ ਗਈ ਹੈ ਪਰੰਤੂ ਅਸੀਂ ਇਸ ਪੁਸਤਕ ਨੂੰ ਅੱਜ ਦੇ ਜ਼ਮਾਨੇ ਵਿੱਚ ਪ੍ਰਾਸੰਗਕ ਬਣਾਉਣ ਲਈ ਉਸ ਦੇ ਪਹਿਲੇ ਰੂਪ ਵਿਚ ਛਾਪਣ ਲਈ ਚੁਣਿਆ ਹੈ ਜਿਸ ਦਾ ਸਾਹਿਤ ਤੇ ਇਤਿਹਾਸ ਦੇ ਰਸੀਏ ਖਾਸ ਕਰ ਗਾਉਣ ਵਾਲੇ ਢਾਡੀ ਵਿਸ਼ੇਸ਼ ਲਾਭ ਉਠਾਉਣਗੇ।
ਪੰਜਾਬ ਦੇ ਮਹਾਨ ਸਿੱਖ ਸ਼ਹੀਦਾਂ ਦੇ ਕਵਿਤਾ ਵਿਚ ਪ੍ਰਸੰਗ ਲਿਖਣ ਵਾਲਾ ਕਵੀ, ਧਨੀ ਰਾਮ ਇੱਕ ਅਜਿਹੀ ਹਸਤੀ ਸੀ ਜਿਸ ਨੇ ਮਹਾਨ ਸ਼ਹੀਦਾਂ ਦੇ ਸਾਕਿਆਂ ਨੂੰ ਵਾਚ ਕੇ ਅੱਗੋਂ ਅਨੇਕਾਂ ਹੋਰਨਾਂ ਦੇ ਗਾਉਣ ਲਈ ਮਹਾਨ ਕੁਰਬਾਨੀਆਂ ਦੇ ਪ੍ਰਸੰਗ ਅੰਕਤ ਕੀਤੇ।
ਸਿੱਖ ਇਤਿਹਾਸ ਉੱਤੇ ਇਕ ਸਰਸਰੀ ਝਾਤ ਹੀ ਦੱਸ ਦਿੰਦੀ ਹੈ ਕਿ ਇਸ ਕੌਮ ਵਿੱਚ ਸ਼ਹੀਦੀਆਂ ਦੀ ਪਰੰਪਰਾ ਨੂੰ ਸ਼ਿਰੋਮਣੀ ਸਥਾਨ ਪ੍ਰਾਪਤ ਹੈ। ਹਰ ਰੋਜ਼ ਜਿਥੇ ਸਿੱਖ ਆਪਣੀ ਅਰਦਾਸ ਵਿਚ, ਸਿੱਖ ਧਰਮ ਦੇ ਸੰਚਾਲਕ ਗੁਰੂ ਸਾਹਿਬਾਨ ਦੇ ਨਾਮ ਸਿਮਰਨ ਵਿਚ ਲਿਆਉਂਦੇ ਹਨ, ਉਥੇ ਆਪਣੇ ਸ਼ਹੀਦਾਂ ਨੂੰ ਇਨ੍ਹਾਂ ਸ਼ਬਦਾਂ ਨਾਲ ਯਾਦ ਕੀਤਾ ਜਾਂਦਾ ਹੈ:
"ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ।"
ਸਿੱਖ ਧਰਮ ਦਾ ਇਤਿਹਾਸ ਹੋਰਨਾਂ ਪੁਸਤਕਾਂ ਨਾਲੋਂ ਹਟ ਕੇ ਕੇਸਰ ਦੇ ਛਿੱਟਿਆਂ ਦੀ ਥਾਂ ਧਰਮ ਹੇਤ ਜੀਅ ਦਾਨ ਦੇਣ ਵਾਲੇ ਸ਼ਹੀਦਾਂ ਦੇ ਲਹੂ ਦੀਆਂ ਲੀਕਾਂ ਨਾਲ ਰੰਗਿਆ ਹੋਇਆ ਹੈ। ਭਾਰਤ ਦੀ ਧਰਮ ਪਰੰਪਰਾ ਵਿਚ ਸ਼ਹੀਦੀ ਦਾ ਗਾਡੀ ਰਾਹ ਚਲਾਉਣ ਵਾਲੇ ਪੰਜਵੇਂ ਸਤਿਗੁਰੂ, ਗੁਰੂ ਅਰਜਨ ਦੇਵ ਜੀ ਸਨ। ਉਨ੍ਹਾਂ ਨੇ ਆਪਣੀ ਸ਼ਹੀਦੀ ਰਾਹੀਂ ਪਿਛਲੇ ਪ੍ਰਚਲਿਤ ਕਰਮ-ਫਲ ਦੇ ਸਿਧਾਂਤ ਨੂੰ ਅਸਲੋਂ ਨਿਰਮੂਲ ਸਿੱਧ ਕਰ ਦਿੱਤਾ, ਜਿਵੇਂ ਭਾਰਤੀ ਫਲਸਫੇ ਦੀ ਇੱਕ ਮਨੌਤ ਸੀ ਕਿ ਚੰਗੇ ਕਰਮ ਕਰਨ ਵਾਲੀਆਂ ਹਸਤੀਆਂ ਕਦੇ ਦੁੱਖ ਨਹੀਂ ਸਹਿੰਦੀਆਂ ਜਾਂ ਜੋ ਦੁੱਖ ਸਹਿੰਦੇ ਹਨ, ਉਹ ਆਪਣੇ ਕਰਮਾਂ ਦਾ ਫਲ ਭੋਗਦੇ ਹਨ। ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ,
"ਜਦ ਹਿੰਦ ਵਾਸੀਆਂ ਦੀ ਸਭ ਤੋਂ ਪਿਆਰੀ, ਇੱਜ਼ਤ ਤੇ ਧਰਮ ਨੂੰ ਹੱਥ ਪਾਇਆ ਗਿਆ ਤਾਂ ਲੋਕਾਂ ਦੀ ਗ਼ੈਰਤ ਨੇ ਸਿੱਖੀ ਦਾ ਰੂਪ ਧਾਰਿਆ ਅਤੇ ਨਵੇਂ ਸਿਰਿਓਂ ਅਮਲੀ ਜੀਵਨ ਦੀ ਪੱਧਤੀ ਚਲ ਪਈ। ਲੋਕਾਂ ਨੂੰ ਸਮਝ ਆਉਣ ਲੱਗੀ ਕਿ, ਨੇਕੀ ਤਾਂ ਨਾਂ ਹੀ ਕੁਰਬਾਨੀ ਦਾ ਹੈ।" (ਸਿੱਖ ਸਭਿਆਚਾਰ ਤੇ ਹੋਰ ਧਾਰਮਿਕ ਲੇਖ, ਪੰਨਾ ੧੧੨)
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿਛੋਂ ਜਿਵੇਂ ਸਿੱਖ ਧਰਮ ਸ਼ਹੀਦੀਆਂ ਦਾ ਇਕ ਪ੍ਰਵਾਹ ਹੀ ਬਣ ਗਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਅਨੰਦਪੁਰ ਦੇ ਅਨੇਕਾਂ ਸ਼ਹੀਦ, ਮੁਕਤਸਰ ਦੇ ਚਾਲੀ ਮੁਕਤੇ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁੱਖਾ ਸਿੰਘ ਜੀ ਤੇ ਮਤਾਬ ਸਿੰਘ ਜੀ,
ਭਾਈ ਸ਼ਬੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ, ਭਾਈ ਤਾਰਾ ਸਿੰਘ ਜੀ (ਵਾਂ) ਵਾਲੇ ਆਦਿਕ ਸ਼ਹੀਦਾਂ ਦੇ ਨਾਂਵਾਂ ਦੀ ਮਾਲਾ ਅਸੀਂ ਨਿਤ ਫੇਰਦੇ ਹਾਂ। ਵਿਸ਼ੇਸ਼ ਕਰਕੇ ਮਾਈਆਂ, ਭੈਣਾਂ, ਸਿੰਘਣੀਆਂ ਜਿਨ੍ਹਾਂ ਨੇ ਚੱਕੀਆਂ ਪੀਸੀਆਂ, ਖੰਨੀ-ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ ਤੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਪਰ ਸਿੱਖੀ ਸਿਦਕ ਨਹੀਂ ਹਾਰਿਆ, ਸਿੱਖ ਇਤਿਹਾਸ ਦੇ ਅਤੀ ਦਰਦਨਾਕ ਕਾਂਡ ਅੱਖਾਂ ਅੱਗੇ ਲਿਆਉਂਦੇ ਹਾਂ।
ਸ਼ਹੀਦ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਆਦਿ ਅਨੇਕ ਅਜਿਹੇ ਕੁਰਬਾਨੀ ਦੇ ਪੁੰਜ ਹੋਏ ਜਿਨ੍ਹਾਂ ਵਿਚੋਂ ਹਰ ਇਕ ਦੀ ਸ਼ਹੀਦੀ ਦਾ ਪ੍ਰਸੰਗ ਸੁੱਤੀ ਕੌਮ ਨੂੰ ਜਗਾਉਣ ਦੀ ਸਮਰੱਥਾ ਰੱਖਦਾ ਹੈ। ਕੌਮ ਉਹ ਹੀ ਜਿਉਂਦੀ ਰਹਿੰਦੀ ਹੈ ਜੋ ਆਪਣੇ ਸ਼ਹੀਦਾਂ, ਯੋਧਿਆਂ, ਗਿਆਨੀਆਂ, ਵਿਦਵਾਨਾਂ, ਗੁਰਮੁਖਾਂ ਅਤੇ ਸੱਚੇ ਸੰਤਾਂ ਨੂੰ ਯੋਗ ਸਤਿਕਾਰ ਦੇ ਕੇ ਉਨ੍ਹਾਂ ਦੀ ਕਰਣੀ ਕਮਾਈ ਤੋਂ ਪ੍ਰੇਰਨਾ ਲੈਂਦੀ ਰਹਿੰਦੀ ਹੈ।
ਬਹੁਤ ਸਾਰੇ ਪੁਰਾਤਨ ਸਿੱਖ ਵਿਦਵਾਨਾਂ ਨੇ ਵਿਸ਼ੇਸ਼ ਰੂਪ ਵਿਚ ਸ਼ਹੀਦਾਂ ਦੇ ਪ੍ਰਸੰਗ ਨੂੰ ਆਪਣੀ ਰੂਹ ਪਾ ਕੇ ਕਲਮ-ਬੰਦ ਕੀਤਾ ਹੈ। ਇਨ੍ਹਾਂ ਵਿੱਚ 'ਸੂਰਜ ਪ੍ਰਕਾਸ਼' ਦੇ ਕਰਤਾ ਕਵੀ ਭਾਈ ਸੰਤੋਖ ਸਿੰਘ, ‘ਪ੍ਰਾਚੀਨ ਪੰਥ ਪ੍ਰਕਾਸ਼' ਅਤੇ ਗਿਆਨੀ ਗਿਆਨ ਸਿੰਘ ਲਿਖਤ ਵੱਡਾ ਪੰਥ ਪ੍ਰਕਾਸ਼ ਮੁੱਢਲੇ ਗ੍ਰੰਥ ਹਨ। ਗਿਆਨੀ ਦਿੱਤ ਸਿੰਘ ਨੇ ਵੀ ਸ਼ਹੀਦੀਆਂ ਦੇ ਪ੍ਰਸੰਗ ਲਿਖੇ ਹਨ ਜਿਨ੍ਹਾਂ ਵਿੱਚ ਇੱਕ ਸਿੱਖ ਬੱਚੇ ਦੀ ਸ਼ਹੀਦੀ ਖ਼ਾਸ ਤੌਰ 'ਤੇ ਵਰਣਨ ਯੋਗ ਹੈ। ਫਿਰ ਭਾਈ ਵੀਰ ਸਿੰਘ ਜੀ ਨੇ ਸਿੱਖ ਕੌਮ ਨੂੰ ਉਨ੍ਹਾਂ ਦੇ ਸ਼ਹੀਦੀ ਵਿਰਸੇ ਦੀਆਂ ਕਥਾਵਾਂ ਸੁਣਾਈਆਂ। ਕੁਝ ਹੋਰ ਲੇਖਕਾਂ, ਕਵੀਸ਼ਰਾਂ ਨੇ ਪ੍ਰਸੰਗਾਂ ਦੇ ਰੂਪ ਵਿੱਚ ਤੇ ਕੁਝ ਨੇ ਲੋਕ ਕਵਿਤਾਵਾਂ ਅਤੇ ਛੰਦ-ਬੱਧ ਰੂਪ ਵਿੱਚ ਪ੍ਰਸੰਗ ਲਿਖੇ, ਜੋ ਸਿੱਖ ਸੰਗਤਾਂ ਦੇ ਦੀਵਾਨਾਂ ਵਿਚ ਗਾਏ ਤੇ ਸੁਣਾਏ ਜਾਂਦੇ ਰਹੇ ਹਨ। ਧਨੀ ਰਾਮ ਚਾਤ੍ਰਿਕ ਦਾ ਸਿੱਖ ਸ਼ਹੀਦਾਂ ਦੇ ਸਾਕਿਆਂ ਦੇ ਪ੍ਰਸੰਗਾਂ ਦਾ ਸੰਗ੍ਰਹਿ ‘ਧਰਮ ਬੀਰ ਇਸੇ ਵੰਨਗੀ ਦੀ ਅਜਿਹੀ ਉੱਤਮ ਕਿਰਤ ਹੈ ਜਿਸ ਵਿੱਚ ਅੰਕਿਤ ਪ੍ਰਸੰਗਾਂ ਨੂੰ ਬੜੀ ਦੇਰ ਤੱਕ ਪਾਠਕ ਪੜ੍ਹਦੇ ਤੇ ਢਾਡੀ ਗਾਉਂਦੇ ਰਹੇ ਅਤੇ ਕਵੀ ਦੀਆਂ ਇਹ ਰਚਨਾਵਾਂ ਗੁਰੂ ਸੰਗਤਾਂ ਦੀ ਪ੍ਰਸੰਸਾ ਦੀਆਂ ਪਾਤਰ ਬਣੀਆਂ ਰਹੀਆਂ। ਉਨ੍ਹਾਂ ਦੇ ਸਰਲ ਜਿਹੇ ਦਿਲ ਟੁੰਬਣ ਵਾਲੇ ਬੋਲ ਸੁਣਨ-ਪੜ੍ਹਨ ਵਾਲਿਆਂ ਅੰਦਰ ਸੁੱਤੀਆਂ ਕਲਾਂ ਜਗਾਉਂਦੇ ਰਹੇ।
ਲਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ ੧੮ ਅੱਸੂ ਸੰਮਤ ੧੯੩੩ (ਅਕਤੂਬਰ ੧੮੬੭ ਈ.) ਨੂੰ ਪਿੰਡ ਪਸੀਆਂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਇਹ ਪਿੰਡ ਕਿੱਸਾ ਲੇਖਕ ਇਮਾਮ ਬਖਸ਼ ਦੇ ਕਿੱਸਿਆਂ ਕਰਕੇ ਪਹਿਲਾਂ ਹੀ ਬਹੁਤ ਪ੍ਰਸਿੱਧ
ਰਿਹਾ ਹੈ। ਧਨੀ ਰਾਮ ਚਾਤ੍ਰਿਕ ਦੀ ਕਵਿਤਾ ਨੇ ਇਸ ਪਿੰਡ ਦਾ ਨਾਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਹੋਰ ਵੀ ਚਮਕਾ ਦਿੱਤਾ। ਧਨੀ ਰਾਮ ਨੇ ਗੁਰਮੁਖੀ ਅਤੇ ਲੰਡੇ ਤਾਂ ਆਪਣੇ ਪਿਤਾ ਜੀ ਕੋਲੋਂ ਸਿੱਖੇ ਅਤੇ ਉਰਦੂ ਦੀ ਪੜ੍ਹਾਈ ਪਿੰਡ ਲੋਪੋਕੇ ਦੇ ਮਦਰੱਸੇ ਵਿਚ ਕੀਤੀ, ਜਿੱਥੇ ਉਹ ਆਪਣੇ ਮਾਤਾ ਪਿਤਾ ਨਾਲ ਡੇਢ ਸਾਲ ਦੀ ਉਮਰ ਵਿਚ ਹੀ ਆ ਗਿਆ ਸੀ। ਦੇਵਨਾਗਰੀ ਵੀ ਘਰ ਵਿਚ ਪੜ੍ਹ ਲਈ ਅਤੇ ਅੰਗ੍ਰੇਜ਼ੀ ਉਸ ਨੇ ਅੰਮ੍ਰਿਤਸਰ ਆ ਕੇ ਪੜ੍ਹੀ। ਬੱਚੇ ਧਨੀ ਰਾਮ ਨੂੰ ਉਸ ਦਾ ਚਾਚਾ ਮੋਢੇ 'ਤੇ ਚੁੱਕ ਕੇ ਰਾਸਾਂ ਤਮਾਸ਼ਿਆਂ, ਮੇਲਿਆਂ, ਛਿੰਜਾਂ ਅਤੇ ਦੇਵੀ ਦੇ ਜਗਰਾਤਿਆਂ ਵਿਚ ਲਈ ਫਿਰਦਾ ਰਿਹਾ, ਜਿੱਥੋਂ ਉਸ ਦੇ ਬਾਲ ਮਨ ਨੇ ਕਵਿਤਾ ਦੀ ਲਯ ਤੇ ਰਾਗਾਂ ਦੇ ਸਵਰ ਤਾਲ ਦੀ ਸੂਝ ਆਪਣੇ ਅੰਦਰ ਵਸਾ ਲਈ।
੧੫ ਕੁ ਸਾਲ ਦੀ ਉਮਰ ਵਿਚ ਵਸੀਕਾ (ਅਰਜ਼ੀ) ਨਵੀਸੀ ਦਾ ਕੰਮ ਵੀ ਸ਼ੁਰੂ ਕੀਤਾ। ਫੇਰ ਛੇਤੀ ਹੀ ਅੰਮ੍ਰਿਤਸਰ ਆ ਕੇ ਭਾਈ ਵੀਰ ਸਿੰਘ ਦੀ ਦੇਖ-ਰੇਖ ਹੇਠ ਕੰਮ ਅਰੰਭਿਆ। ਪੰਜ-ਛੇ ਮਹੀਨੇ ਉਥੇ ਪੰਜਾਬੀ ਪੁਸਤਕਾਂ ਦੀ ਕਾਪੀ ਨਵੀਸੀ ਸਿੱਖੀ। ਉਸ ਸਮੇਂ ਕਿਤਾਬਾਂ ਪੱਥਰ ਦੇ ਛਾਪੇ ਰਾਹੀਂ ਤਿਆਰ ਕੀਤੀਆਂ ਜਾਂਦੀਆਂ ਸਨ। ਉਸ ਲਈ ਕਾਪੀ ਲਿਖਣ ਵਾਲੇ ਕਾਪੀ ਨਵੀਸਾਂ ਦੀ ਲੋੜ ਹੁੰਦੀ ਸੀ। ਗੁਰਮੁਖੀ ਟਾਈਪ ਬਣਨ ਤੋਂ ਪਹਿਲਾਂ ਪੁਸਤਕਾਂ ਇਸੇ ਢੰਗ ਨਾਲ ਛਾਪੀਆਂ ਜਾਂਦੀਆਂ। ਧਨੀ ਰਾਮ ਵਜ਼ੀਰ ਹਿੰਦ ਪ੍ਰੈਸ ਵਿਚ ਕਾਪੀ ਲਿਖਣ ਦਾ ਕੰਮ ਕਰਦਾ ਰਿਹਾ। ਪਹਿਲੀਆਂ ਪੁਸਤਕਾਂ, ੧੮੯੮ ਵਿੱਚ, ਨਾਭਾ ਜੀ ਦੀ ਭਗਤ ਮਾਲਾ ਅਤੇ ਭਾਈ ਵੀਰ ਸਿੰਘ ਜੀ ਦੀ ਲਿਖਤ ਸੁੰਦ੍ਰੀ, ਬਿਜੈ ਸਿੰਘ, ਸਤਵੰਤ ਕੌਰ ਛਪੀਆਂ।
੧੮੯੯ ਵਿਚ ਜਦੋਂ ਖ਼ਾਲਸਾ ਸਮਾਚਾਰ ਪੱਤਰ ਨਿਕਲਣਾ ਅਰੰਭ ਹੋਇਆ ਤਾਂ ਧਨੀ ਰਾਮ ‘ਹਰਿ ਧਨੀ' ਦੇ ਨਾਂ ਹੇਠ ਇਸ ਪੱਤਰ ਲਈ ਨੀਤੀ ਬਚਨ ਤੇ ਹੋਰ ਲਿਖਤਾਂ ਲਿਖਦਾ ਰਿਹਾ। ੧੯੦੫ ਤੇ ੧੯੦੬ ਵਿਚ 'ਭਰਥਰੀ ਹਰੀ' ਤੇ 'ਨਲ ਦਮਯੰਤੀ' ਕਿੱਸੇ ਲਿਖੇ ਜੋ ਚੰਗੇ ਮਕਬੂਲ ਹੋਏ। ਇਹ ਕਿੱਸੇ ਅਤੇ ਕੁਝ ਹੋਰ ਪੁਸਤਕਾਂ ਸ੍ਰ: ਅਮਰ ਸਿੰਘ, 'ਵਾਸੂ' ਦੇ ਮਾਡਲ ਪ੍ਰੈਸ ਲਾਹੌਰ ਤੋਂ ਛਾਪੀਆਂ ਜਿਨ੍ਹਾਂ ਵਿੱਚ ਇੱਕ ਇਹ 'ਧਰਮ ਬੀਰ' ਪੁਸਤਕ ਸੀ।
ਗੁਰਪੁਰਬਾਂ ਸਮੇਂ ਅਖਬਾਰਾਂ ਤੇ ਮਾਸਿਕ ਪੱਤਰਾਂ ਲਈ ਚਾਤ੍ਰਿਕ ਜੀ ਕਵਿਤਾਵਾਂ ਲਿਖਦੇ ਰਹੇ, ਜੋ ਲੋਕਾਂ ਨੇ ਬਹੁਤ ਹੀ ਪਸੰਦ ਕੀਤੀਆਂ।
'ਧਰਮ ਬੀਰ' ਨਾਂ ਦਾ ਸੰਗ੍ਰਹਿ ੧੯੧੨ ਵਿਚ ਛਪਿਆ। ਕਵੀ ਜੀ ਨੇ ਇਹ ਇਤਿਹਾਸਕ ਪ੍ਰਸੰਗ ਨਿਸ਼ਕਾਮਤਾ ਨਾਲ ਲਿਖੇ ਸਨ, ਨਾਮ ਦੀ ਮਸ਼ਹੂਰੀ ਨੂੰ ਸਾਹਮਣੇ ਰੱਖ ਕੇ ਨਹੀਂ। ਇਸ ਲਈ ਉਨ੍ਹਾਂ ਇਸ ਪੁਸਤਕ ਉੱਤੇ ਆਪਣਾ ਅਤਾ-ਪਤਾ ਵੀ