ਪਾਪੀ ਨਵਾਬ ਵਜ਼ੀਦ ਖਾਨ ਦੀ ਚਾਲ
ਸੱਪਾਂ ਦੇ ਪੁੱਤਰ ਜੰਮਦਿਆਂ ਹੀ ਹਨ ਜ਼ਹਿਰੀਲੇ।
ਹੁਣ ਹੀ ਕਰ ਦੇਵੋ ਨਾਸ ਜਾਣਗੇ ਫੇਰ ਨ ਕੀਲੇ।
ਮੁਫਤੀ ਕਾਜ਼ੀ ਦੇ ਨਾਲ ਬੈਠ ਕੇ ਫ਼ਤਵਾ ਲਾਯਾ।
ਅਰ ਮਾਸੂਮਾਂ ਦੀ ਜਾਨ ਲੈਣ ਦਾ ਮਤਾ ਮਤਾਯਾ।
ਯਾ ਹੋਵਨ ਮੁਸਲਮਾਨ ਨਹੀਂ ਤਾਂ ਮਾਰੇ ਜਾਵਣ।
ਗੁਰੂ ਗੋਬਿੰਦ ਸਿੰਘ ਦੇ ਪੁੱਤ ਮਾਰ ਮਨ ਠਾਰੇ ਜਾਵਣ।
ਨੇੜੇ ਆਪਣੇ ਸਦਵਾਇ ਦਿਲਾਸਾ ਦਮ ਦਿਖਲਾ ਕੇ।
ਖੰਜਰ ਪਰ ਖੰਡ ਚੜ੍ਹਾਇ ਉੱਪਰੋਂ ਪਯਾਰ ਜਤਾ ਕੇ।
ਕਹਿੰਦਾ, 'ਹੇ ਸੁੰਦਰ ਲਾਲ ! ਕੱਲ੍ਹ ਦਾ ਪਿਤਾ ਤੁਹਾਡਾ।
ਘੇਰੇ ਸਾਡੇ ਵਿਚ ਆਇ, ਹੋ ਚੁੱਕਾ ਕੈਦੀ ਸਾਡਾ।
ਹੁਣ ਉਸ ਤਾਂ ਮੁਸਲਮਾਨ ਸ਼ੀਘਰ ਹੀ ਬਣ ਜਾਣਾ ਹੈ।
ਅਰ ਬਲ ਬਹਾਦ੍ਰੀ ਧਰਮ ਭਾਵ ਸਭ ਛਣ ਜਾਣਾ ਹੈ।
ਜੇ ਤੁਸੀਂ ਭਿ ਚਾਹੋ ਅਰਾਮ ਤਾਂ ਦੀਨ ਕਬੂਲ ਲਵੋ ਹੁਣ।
ਸਾਡੇ ਹਜ਼ਰਤ ਦੀ ਸ਼ਰਣ ਆਣ ਕੇ ਤੁਰਤ ਪਵੋ ਹੁਣ।
ਨਹਿਂ ਤਾਂ ਤਲਵਾਰਾਂ ਨਾਲ ਸੀਸ ਕਟਵਾਇ ਜਾਣਗੇ।
ਬਿਨ ਡਿੱਠੇ ਜਗਤ ਬਹਾਰ, ਫੁੱਲ ਕੁਮਲਾਇ ਜਾਣਗੇ'।
ਸਾਹਿਬਜ਼ਾਦੇ ਦਾ ਸਾਹਸ ਭਰਿਆ ਉੱਤਰ
ਦੋਹਿਰਾ॥
ਡਰ ਅਰ ਪਯਾਰ ਨਵਾਬ ਦਾ ਦੇਖ ਗੁਰੂ ਦੇ ਲਾਲ।
ਆਪੋ ਵਿਚਦੀ ਹੱਸ ਕੇ ਬੋਲੇ ਧੀਰਜ ਨਾਲ।
ਜ਼ੋਰਾਵਰ ਸਿੰਘ ਵਡ ਬੀਰ ਬੋਲਿਆ, “ਸੁਣੋ ਖਾਨ ਜੀ!
ਜਨਮੇ ਹਾਂ ਕੇਵਲ ਅਸੀਂ ਤਾਂ ਖਾਤਰ ਸੱਤ ਬਚਾਣ ਦੀ।
ਦੀਨਾਂ ਦੀ ਰੱਖਯਾ ਕਰਨ ਅਤੇ ਸਤ ਧਰਮ ਬਚਾਵਨ।
ਅਰ ਪਾਪ ਰਾਜ ਦੀ ਭਾਰਤ ਵਿੱਚੋਂ ਮੁਸ਼ਕ ਉਡਾਵਨ।
ਉਸ ਪਿਤਾ ਗੁਰੂ ਦੇ ਪੁਤ੍ਰ ਅਸੀਂ ਹਾਂ ਬਾਲ ਅੰਞਾਣੇ।
ਜਿਸ ਅੱਗੇ ਭੇਡਾਂ ਵਾਂਗ ਨੱਸਦੇ ਤੁਸੀਂ ਮੁਤਾਣੇ।
ਕੀ ਹੋਯਾ ਜੇ ਅੱਜ ਅਸੀਂ ਆ ਗਏ ਕਾਬੂ ਤੇਰੇ?
ਕਦ ਘਬਰਾਂਦੇ ਹਨ ਸ਼ੇਰ ਆਣ ਗਿੱਦੜ ਦੇ ਘੇਰੇ।