ਦਿਲ ਤਰੰਗ
1. ਕਿੱਕਰ
ਕਿੱਕਰ ਦਾ ਅਟੰਕ ਰਹਿਣੇ ਵਾਲਾ
ਬ੍ਰਿੱਛ ਆਪਣੇ ਦਿਲ ਤਰੰਗ ਮਾਨੋਂ
ਇਉਂ ਕਹਿੰਦਾ ਹੈ :-
ਕੱਢ ਸਿਰੀ ਉੱਪਰ ਨੂੰ ਟੁਰਿਆ
ਵਲ ਅਕਾਸ਼ਾਂ ਜਾਵਾਂ ।
ਉੱਪਰ ਨੂੰ ਤੱਕਾਂ ਰੱਬ ਵੰਨੇ
ਝਾਤਿ ਨ ਹੋਰਥਿ ਪਾਵਾਂ ।
ਸ਼ਹਿਰ ਗਿਰਾਂ ਮਹਿਲ ਨਹੀਂ ਮਾੜੀ
ਕੁੱਲੀ ਢੋਕ ਨ ਭਾਲਾਂ,
ਮੀਂਹ ਹਨੇਰੀ ਗੜੇ ਧੁੱਪ ਵਿੱਚ
ਨੰਗੇ ਸਿਰ ਦਿਨ ਘਾਲਾਂ ।
ਲੋ ਅਰਸ਼ਾਂ ਦੇ ਵਾਲੀ ਵੰਨੇ,
ਹੋਰ ਲਾਲਸਾ ਨਾਹੀਂ ।
ਗਿੱਠ ਥਾਉਂ ਧਰਤੀ ਤੋਂ ਲੀਤੀ,
ਵਧਾਂ, ਟਿਕਾਂ ਇਸ ਮਾਹੀਂ ।
ਫੁੱਲਾਂ, ਫਲਾਂ, ਖਿੜਾਂ, ਰਸ ਚੋਵਾਂ,
ਰਹਿ ਅਛੋਤ ਟੁਰ ਜਾਵਾਂ ।
ਕੁੱਲੀ, ਗੁੱਲੀ, ਜੁੱਲੀ ਦੁਨੀਆਂ !
ਬਿਨ ਮੰਗੇ ਮਰ ਜਾਵਾਂ ।
ਮੀਂਹ ਦਾ ਪੀਵਾਂ ਪਾਣੀ ਦੁਨੀਆਂ !
ਪੌਣ ਭੱਖ ਕੇ ਜੀਵਾਂ ।
ਸਦੀਆਂ ਤੋਂ ਇਸਥਿਤ ਮੈਂ ਜੋਗੀ
ਸਦੀਆਂ ਇਵੇਂ ਟਿਕੀਵਾਂ ।
ਛੇੜਾਂ, ਛੇੜ ਕਰਾਵਾਂ ਨਾਹੀਂ,
ਹਾਂ ਵਿਰਕਤ, ਨਿਰਗੁਨੀਆਂ ।
ਮੇਰੇ ਜੋਗਾ ਬੀ ਤੈਂ ਪੱਲੇ,
ਹਾਇ, ਕੁਹਾੜਾ ਦੁਨੀਆਂ !
ਕੋਇਲ ਕੁਕੇਂਦੀ ਆ ਗਈ,
ਬੋਲੀ ਪਿਆਰੀ ਪਾ ਗਈ,
ਜੀ ਵੜਦਿਆਂ ਜੀ ਭਾ ਗਈ,
ਉੱਚੜ-ਓ-ਚਿੱਤੀ ਲਾ ਗਈ,
ਹੁਣ ਜੀ ਨ ਲਗਦਾ ਆਲ੍ਹਣੇ
ਰੋਂਦੇ ਨੀ ਮਾਪੇ ਪਾਲਣੇ ।੧।
ਬੱਚੇ ਉਡਾਰੀ ਮਾਰਦੇ,
ਖਾ ਖਾ ਤਣੁੱਕੇ ਪਯਾਰ ਦੇ,
ਮਗਰੇ ਅਵਾਜ਼ ਸਿਧਾਰਦੇ,
ਪਰ ਕਾਉਂ ਫੜ ਫੜ ਮਾਰਦੇ,
ਬੰਨ੍ਹ ਬੰਨ੍ਹ ਕੇ ਰਖਦੇ ਆਲ੍ਹਣੇ,
ਕਰਦੇ ਅਨੇਕਾਂ ਟਾਲਣੇ ।੨।
ਖਿੱਚ ਆ ਅਗੰਮੋਂ ਪੈ ਗਈ,
ਜੋ ਜੀ ਚੁਰਾ ਕੇ ਲੈ ਗਈ,
ਉੱਡਣ ਹੀ ਉੱਡਣ ਦੈ ਗਈ,
ਘਰ-ਵੱਸਣਾਂ ਕਰ ਛੈ ਗਈ,
ਵਾਹ ਲਾਣ ਚੋਗ ਖੁਆਲਣੇ,
ਬੱਚੇ ਨ ਠਹਿਰਨ ਆਲ੍ਹਣੇ ।੩।
ਕਾਂ ਸੋਚਦੇ ਬਹਿ ਰੁੱਖ ਤੇ,
ਬੱਚੇ ਅਸਾਡੀ ਕੁੱਖ ਦੇ,
ਸਾਂਝੀ ਜੁ ਸੇ ਦੁੱਖ ਸੁੱਖ ਦੇ,
ਨੇੜੇ ਨਹੀਂ ਹੁਣ ਢੁੱਕਦੇ,
ਕੰਡੇ ਕੀ ਉਗ ਪਏ ਆਲ੍ਹਣੇ ?
ਨਿਹੁੰ ਮਾਪਿਆਂ ਜਿਨ ਘਾਲਣੇ ।੪।
ਜਾਦੂ ਕਟਕ ਦੇ ਫੂਕਦੀ,
ਹੈ ਨੈਂ ਇਸ਼ਕ ਦੀ ਸ਼ੂਕਦੀ,
ਚਾਬਕ ਬਿਰਹੁੰ ਦੀ ਘੂਕਦੀ,
ਸੁੰਞੇਂ ਕਰੂ ਏ ਆਲ੍ਹਣੇ,
ਰੋ ਰੋ ਕੇ ਜਿਗਰੇ ਗਾਲਣੇ ।੫।
ਕਾਂਵਾਂ ਬੀ ਸੱਦ ਪਛਾਣਿਆਂ,
ਕੋਇਲ ਨੂੰ ਕਾਰਨ ਜਾਣਿਆਂ,
ਮਾਰਨ ਇਨ੍ਹ ਜੀ ਠਾਣਿਆਂ,
ਲਗ ਪਏ ਦਾਉ ਤਕਾਣਿਆਂ,
ਫਟਕਣ ਨ ਦਿਣ(ਦੇਣ) ਲਾਗ ਆਲ੍ਹਣੇ,
ਲੜਦੇ ਨੀ ਮਾਪੇ ਪਾਲਣੇ ।੬।
ਦੂਰੋਂ ਓ ਲੁਕ ਲੁਕ ਬੋਲਦੀ,
ਦਫਤਰ ਇਸ਼ਕ ਦੇ ਖੋਲ੍ਹਦੀ,
ਕਿੱਸੇ ਪੁਰਾਣੇ ਫੋਲਦੀ,
ਬੱਚਿਆਂ ਦੇ ਜੀ ਝੰਝੋਲਦੀ,
ਓ ਤੜਫਦੇ ਵਿਚ ਆਲ੍ਹਣੇ,
ਆ ਪਏ ਜੱਫਰ ਜਾਲਣੇ ।੭।
ਕਾਂ ਰਹੇ ਵਾਹਾਂ ਲਾਂਵਦੇ,
ਓੜਕ ਉਹ ਉੱਠ ਸਿਧਾਂਵਦੇ,
ਮਾਪੇ ਵਤਨ ਭੁਲਾਂਵਦੇ,
ਖਿੱਚੀ ਦੇ ਮਗਰੇ ਧਾਂਵਦੇ,
ਰਹਿ ਗਏ ਸੁੰਞੇਂ ਆਲ੍ਹਣੇ,
ਰੋਂਦੇ ਨੀ ਮਾਪੇ ਪਾਲਣੇ ।੮।