ਉੱਚੇ ਪਰਬਤਾਂ ਤੇ ਦਿਆਰਾਂ ਯਾ ਕੇਲੋਂ ਦੇ ਬ੍ਰਿੱਛ ਹੁੰਦੇ ਹਨ, ਜਿਨ੍ਹਾਂ ਦੇ ਪੱਤੇ ਸੂਈ ਵਾਂਗੂ ਖੜੇ ਹੁੰਦੇ ਹਨ । ਖਿੜੀ ਚਾਂਦਨੀ ਦੀਆਂ ਰਿਸ਼ਮਾਂ ਦੇ ਇਨ੍ਹਾਂ ਪੱਤਿਆਂ ਤੇ ਪੈਣ ਸਮੇਂ ਦੇ ਦਿਲ ਤਰੰਗ:-
ਸੂਈਆਂ ਨਾਲੋਂ ਨਿੱਕੇ ਨਿੱਕੇ
ਚਾਂਦਨੀ ਦੇ ਪੈਰ ਸਹੀਓ,
ਕੇਲੋਂ ਦੀਆਂ ਸੂਈਆਂ ਉੱਤੇ
ਆਨ ਆਨ ਟਿੱਕਦੇ,
ਏਥੋਂ ਛਾਲਾਂ ਮਾਰ ਟੱਪ
ਪੈਣ ਚਿੱਟੇ ਪੱਥਰਾਂ ਤੇ,
ਓਥੋਂ ਕੱਦ ਹੇਠ ਖੱਡ
ਪਾਣੀ ਉੱਤੇ ਡਿੱਗਦੇ,
ਲਹਿਰਾਂ ਦੇ ਉੱਤੇ ਉੱਤੇ
ਤਿਲ ਮਿਲ ਖੇਡਦੇ ਨੀ,
ਪੋਲੇ ਪੋਲੇ ਰੱਖ ਰੱਖ
ਠੁਮਕ ਠੁਮਕ ਠਿੱਕਦੇ ।
ਨਾਚ ਕਰਨ ਪੂਣੀ ਉੱਤੇ,
ਲਾਸ਼ਾਂ ਮਰਨ ਪੌਣ ਵਿਚ,
ਚਾਂਦਨੀ ਦੇ ਨੈਣ ਉੱਪਰ
ਚੰਦ ਵੱਲ ਤੱਕਦੇ ।
ਚੰਦ ਭਰਿਆ ਪਯਾਰ ਨਾਲ
ਤੱਕੇ ਵਲ ਚਾਂਦਨੀ ਦੇ,
ਤੱਕਦਾ ਏ ਸਾਰਾ ਸਹੀਓ !
ਅੱਖ ਹੀ ਜੇ ਹੋ ਰਿਹਾ ।
ਚਾਨਣ ਚੰਦ ਦੇਂਵਦਾ ਜੇ
ਚਾਨਣਾ ਏ ਆਪ ਸਾਰਾ,
ਚਾਨਣੀ ਦੇ ਚਾਨਣੇ ਨੂੰ
ਵੇਖ ਰੀਝ ਜੇ ਰਿਹਾ ।
ਭੇਜਦਾ ਏ ਚਾਂਦਨੀ ਨੂੰ;
ਲਗਾਤਾਰ 'ਪਯਾਰ-ਮੀਂਹ'
ਚੰਦ ਹੇਠ ਦੇ ਰਿਹਾ ।
ਚਾਂਦਨੀ ਨ ਲੋਭਦੀ ਹੈ
ਹੇਠਾਂ ਕਿਸੇ ਪਯਾਰ ਹੋਰ,
ਧਿਆਨ ਚੰਦ ਵਿਚ, ਖਿੱਚ
ਉਤਾਹਾਂ ਮਨ ਲੈ ਰਿਹਾ ।
ਖੱਡਾਂ ਨਦੀ ਨਲਿਆਂ ਤੇ
ਖੇਤਾਂ ਬਨਾਂ ਜੰਗਲਾਂ ਤੇ,
ਸ਼ਹਿਰਾਂ ਪਿੰਡਾਂ ਸਭਨਾਂ ਤੇ
ਚਾਂਦਨੀ ਹੈ ਪੈ ਰਹੀ ।
ਰਾਜਿਆਂ ਅਮੀਰਾਂ ਤੇ ਗ਼ਰੀਬਾਂ
ਪਾਪੀ ਪੁੰਨੀਆਂ ਦੇ,
ਸਾਰਿਆਂ ਦੇ ਦਵਾਰਿਆਂ ਤੇ
ਚਾਨਣਾ ਹੈ ਦੇ ਰਹੀ ।
ਵਯਾਪੀ ਸਾਰੇ ਦਿੱਸਦੀ ਪੈ
ਖਚਿਤ ਕਿਸੇ ਵਿੱਚ ਨਾਂਹਿ,
ਧਯਾਨ ਲਾਇਆਂ ਚੰਦ ਵਿਚ
'ਚੰਦ-ਖਿੱਚ' ਪੈ ਰਹੀ ।
ਚੰਦ ਪਯਾਰੇ ਚਾਂਦਨੀ ਨੂੰ,
ਚਾਂਦਨੀ ਖਿਚੀਵੇ ਚੰਦ,
ਵੱਸ ਮਾਤਲੋਕ ਸਵਾਦ
ਅਰਸ਼ਾਂ ਦਾ ਜੇ ਲੈ ਰਹੀ ।
(ਪਯਾਰੇ=ਪਿਆਰ ਕਰਦਾ ਹੈ।
ਮਾਤਲੋਕ=ਧਰਤੀ ਤੇ)
ਪਾਉਂਟਾ ਉਹ ਰਮਣੀਕ ਥਾਂ ਹੈ ਜਿੱਥੇ ਜਮਨਾਂ ਪਹਾੜ ਤੇ ਦੂਨ ਨੂੰ ਛੱਡ ਮੈਦਾਨੀਂ ਦਾਖ਼ਲ ਹੋਣ ਲੱਗਦੀ ਹੈ । ਕਲਗੀਆਂ ਵਾਲੇ ਨੇ ਏਥੇ ਡੇਰਾ ਲਾਇਆ, ਕੋਟ ਤੇ ਟਿਕਾਣਾ ਪਾਇਆ ਤੇ ਕੁਛ ਕਾਲ ਬੜੇ ਅਨੰਦ ਵਿਚ ਰਹੇ । ਜਮਨਾਂ ਵਿਚ ਅਠਖੇਲੀਆਂ ਕਰਦੇ, ਕਿਨਾਰੇ ਤੇ ਦੀਵਾਨ ਸਜਾਉਂਦੇ, ਕੀਰਤਨ ਹੁੰਦੇ ਤੇ ਆਪ ਨਾਦ ਕਰਦੇ ਹੁੰਦੇ ਸੇ । ਕਿਤਨੀ ਕਾਵਯ ਰਚਨਾ ਏਥੇ ਹੀ ਹੋਈ । ਜਮਨਾ ਓਦੋਂ ਦੀ ਮਾਨੋਂ ਆਪ ਦੇ ਪਿਆਰ ਵਿਚ ਬਿਰਹੋਂ ਸਿਰ ਚਾਈ ਹੁਣ ਤਕ ਆਪ ਦੀ ਤਲਾਸ਼ ਵਿਚ ਹੈ । ਉਸਦੇ ਪ੍ਰੇਮ ਰਸ ਆਏ ਦਿਲ ਤਰੰਗ ਇਸ ਕਵਿਤਾ ਵਿਚ ਅੰਕਿਤ ਹਨ:-
ਜਮਨਾ:-
ਜੀਉਂਦਾ ਸੀ , ਇਕ ਸਹੀਓ !
ਪਾਉਂਟੇ ਟਿਕਾਣੇ ਮੇਰੇ,
ਸਮਾਂ ਹੋਇਆ ਢੇਰ ਸਾਰਾ
ਆਣ ਏਥੇ ਨ੍ਹਾ ਗਿਆ ।
ਖਿੜਿਆ ਉਹ ਟੁਰਦਾ ਆਵੇ
ਉੱਛਲ ਕੇ ਛਾਲਾਂ ਮਾਰੇ
ਚਾਉ ਭਰ ਮਾਰੇ ਟੁੱਭੀ
ਤਾਰੀਆਂ ਭੀ ਲਾ ਗਿਆ ।
ਖੇਡਦਾ ਖਿਡਾਂਦਾ ਸਹੀਓ !
ਪਿੜ ਸੀ ਜਮਾਂਦਾ ਸਹੀਓ!
ਹੱਸਦਾ ਹਸਾਂਦਾ ਸਹੀਓ !
ਰੰਗ ਸੀ ਜਮਾ ਗਿਆ ।
ਮਿੱਠੀ ਮਿੱਠੀ, ਪਯਾਰੀ ਪਯਾਰੀ,
ਕਾਲਜੇ ਨੂੰ ਧੂਣ ਵਾਲੀ,
ਖਿੱਚ ਕੇ ਹਲੂਣ ਵਾਲੀ
ਵੀਣਾ ਸੀ ਵਜਾ ਗਿਆ॥੧॥
ਨੇਹੁੰ ਸੀ ਲਗਾ ਕੇ ਸਹੀਓ!
ਕਾਲਜਾ ਚੁਰਾਕੇ ਸਹੀਓ !
ਖਿੱਚ ਦਾ ਤਣੁੱਕਾ ਲਾ ਕੇ
ਆਪਾ ਨੀ ਛਿਪਾ ਗਿਆ ।
ਢੂੰਡ ਉਹਦੀ ਪਈ ਮੈਨੂੰ,
ਧਾਈ ਧਾਈ ਫਿਰਾਂ ਸਹੀਓ,
ਉਚੇ ਨੀਵੇਂ ਥਾਉਂ ਜਾਇ !
ਸਾਰੇ ਮੈਂ ਪੁਛਾ ਲਿਆ ।
ਭੈਣਾਂ ਤੋਂ ਮੈਂ ਪੁੱਛ ਹਾਰੀ
ਰਲ ਮਿਲ ਟੋਲ ਕੀਤੀ,
ਥਲ ਢੰਡ ਗਈਆਂ ਸਾਗਰ
ਸਮੁੰਦ ਸਾਰਾ ਭਾਲਿਆ ।
ਧਰਤੀ ਤੇ ਮਿਲੇ ਨਾਹੀਂ,
ਪੌਣ ਮੋਢੇ ਚੜ੍ਹੀ ਫੇਰ
ਢੂੰਡਣ ਸਿਰ ਚਾ ਲਿਆ॥੨॥
ਦੇਸ਼ ਦੇਸ਼, ਦੁਆਰ ਦੁਆਰ,
ਖੰਡ ਖੰਡ, ਗਲੀ, ਕੂਚੇ,
ਉੱਚੀ ਉੱਚੀ ਉੱਡ ਉੱਡ
ਨੀਝ ਲਾ ਤਕਾ ਲਿਆ ।
ਹੰਢ ਹੰਢ, ਉੱਡ ਉੱਡ,
ਲੱਭ ਲੱਭ ਸਾਰੇ ਥਾਉਂ,
ਨਿਖੁੱਟੀ ਨੇ ਹਿਮਾਲੇ ਦਾ
ਆ ਆਸਰਾ ਤਕਾ ਲਿਆ।
ਪੌਣ ਦਾ ਸਰੂਪ ਛੱਡ
ਪਾਣੀ ਵਾਲੇ ਰੂਪ ਆਈ,
ਫੇਰ ਉਸੇ ਜੱਗ ਵਿਚ
ਢੂੰਡਣ ਸਿਰ ਚਾ ਲਿਆ ।
ਉਹਨੀਂ ਉਹਨੀਂ ਰਾਹੀਂ ਆਈ,
ਠੰਢੀ ਠਾਰ ਨਵੀਂ ਨਵੀਂ,
ਨਵਾਂ ਓਹੋ ਰੂਪ ਧਾਰ
ਨਵੇਂ ਸਿਰੇ ਭਾਲਿਆ ॥੩॥
ਭਾਲਦੀ ਪਹਾੜ ਘਾਟੀ
"ਪਾਉਂਟੇ" ਮੈਂ ਫੇਰ ਆਈ,
ਤੱਕ ਸਾਰੀ ਲਾਂਭ
ਸੁਹਣੇ ਨੂੰ ਸੰਭਾਲਿਆ !
ਉਤਾਵਲੀ ਸੰਭਾਲਦੀ ਮੈਂ
ਭਾਲਦੀ ਤੇ ਪੁੱਛਦੀ ਨੂੰ
ਮਿਲੇ ਨਹੀਂ ਕਿਸੇ ਥਾਉਂ
ਰੂਪ ਨਾ ਦਿਖਾਲਿਆ।
ਤਾਂਘ ਬੱਧੀ ਟੁਰੀ ਜਾਵਾਂ,
ਤੁਰੀ ਜਾਵਾਂ, ਤੁਰੀ ਜਾਵਾਂ,
ਤੁਰਨ ਨੇਹੁੰ ਲਗਾ ਲਿਆ।
ਜਲੇ ਨਾਹੀਂ ਥਲੇ ਨਾਹੀਂ
ਕਿਤੇ ਮੁੜਕੇ ਮਿਲੇ ਨਾਹੀਂ,
ਪੌਣ ਸਾਰੀ ਫੋਲ ਮਾਰੀ
ਜਗਤ ਸਾਰਾ ਭਾਲਿਆ॥੪॥
ਕਈ ਵਾਰ ਥਲੇ ਆਈ
ਫੇਰ ਜਲ ਗਈ ਧਾਈ,
ਵਾਇ ਮੰਡਲ ਉੱਡ ਫੇਰ
ਗੇੜ ਸਾਰੇ ਲਾ ਲਿਆ ।
ਵਰ੍ਹੇ ਤੇ ਮਹੀਨੇ ਬੀਤੇ
ਸਦੀਆਂ ਨੇ ਰਾਹ ਲੀਤੇ,
ਮੈਂ ਬੀ ਕਈ ਗੇੜ ਕੀਤੇ
ਥਹੁ ਕਿਤੋਂ ਨਾਂਹ ਪਿਆ ।
ਜੋਗੀ ਅਤੇ ਜਤੀ ਆਏ
ਗਿਆਨੀ ਤੇ ਤਪੀ ਆਏ,
ਘਾਲੀਆਂ ਅਨੇਕਾਂ ਦਾ ਹੈ
ਫੇਰਾ ਏਥੇ ਆ ਪਿਆ ।
ਪੁੱਛਿਆਂ ਦਸਾਣ ਸਾਰੇ
ਆਤਮਾਂ ਦਾ ਪਤਾ ਦੇਣ,
ਆਖਣ: 'ਅਰੂਪ ਹੋ ਕੇ
ਜੋਤੀ ਹੈ ਸਮਾ ਗਿਆ ॥੫॥
'ਅਰਸ਼ਾਂ 'ਚ ਨੂਰ ਉਹਦਾ,
'ਕੁਰਸ਼ਾਂ 'ਚ ਜੋਤ ਉਹਦੀ
'ਧਰਤੀ ਪਰ ਚਾਨਣਾ
ਅਰੂਪ ਹੈ ਜਗਾ ਗਿਆ' ।
ਪੈਂਦੀ ਹੋਊ ਜੋਗੀਆਂ ਨੂੰ
ਠੰਢ ਐਦਾਂ ਆਖ ਲੋਕੋ !
ਮੈਨੂੰ ਤਾਂ ਤਸੱਲੀ ਐਉਂ
ਕੋਈ ਨਾ ਬਨ੍ਹਾ ਗਿਆ ।
ਓਹੋ ਹੋਵੇ ਰੂਪ ਪਯਾਰਾ,
ਬਾਂਕੀ ਓ ਨੁਹਾਰ ਹੋਵੇ,
ਤੇਜ ਜਬ੍ਹੇ ਪਯਾਰ ਵਾਲਾ
ਰੂਪ ਜੋ ਦਿਖਾ ਗਿਆ।
ਕਲਗੀ ਪ੍ਰਕਾਸ਼ ਹੋਵੇ
ਤੀਰ ਤੇ ਕਮਾਨ ਸੁਹਵੇ,
ਮੋਹਨ ਹਾਰੀ ਆਨ ਹੋਵੇ
ਬਾਨ ਜੋ ਬਨਾ ਗਿਆ॥੬॥