ਤਾਂਘ ਬੱਧੀ ਟੁਰੀ ਜਾਵਾਂ,
ਤੁਰੀ ਜਾਵਾਂ, ਤੁਰੀ ਜਾਵਾਂ,
ਤੁਰਨ ਨੇਹੁੰ ਲਗਾ ਲਿਆ।
ਜਲੇ ਨਾਹੀਂ ਥਲੇ ਨਾਹੀਂ
ਕਿਤੇ ਮੁੜਕੇ ਮਿਲੇ ਨਾਹੀਂ,
ਪੌਣ ਸਾਰੀ ਫੋਲ ਮਾਰੀ
ਜਗਤ ਸਾਰਾ ਭਾਲਿਆ॥੪॥
ਕਈ ਵਾਰ ਥਲੇ ਆਈ
ਫੇਰ ਜਲ ਗਈ ਧਾਈ,
ਵਾਇ ਮੰਡਲ ਉੱਡ ਫੇਰ
ਗੇੜ ਸਾਰੇ ਲਾ ਲਿਆ ।
ਵਰ੍ਹੇ ਤੇ ਮਹੀਨੇ ਬੀਤੇ
ਸਦੀਆਂ ਨੇ ਰਾਹ ਲੀਤੇ,
ਮੈਂ ਬੀ ਕਈ ਗੇੜ ਕੀਤੇ
ਥਹੁ ਕਿਤੋਂ ਨਾਂਹ ਪਿਆ ।
ਜੋਗੀ ਅਤੇ ਜਤੀ ਆਏ
ਗਿਆਨੀ ਤੇ ਤਪੀ ਆਏ,
ਘਾਲੀਆਂ ਅਨੇਕਾਂ ਦਾ ਹੈ
ਫੇਰਾ ਏਥੇ ਆ ਪਿਆ ।
ਪੁੱਛਿਆਂ ਦਸਾਣ ਸਾਰੇ
ਆਤਮਾਂ ਦਾ ਪਤਾ ਦੇਣ,
ਆਖਣ: 'ਅਰੂਪ ਹੋ ਕੇ
ਜੋਤੀ ਹੈ ਸਮਾ ਗਿਆ ॥੫॥
'ਅਰਸ਼ਾਂ 'ਚ ਨੂਰ ਉਹਦਾ,
'ਕੁਰਸ਼ਾਂ 'ਚ ਜੋਤ ਉਹਦੀ
'ਧਰਤੀ ਪਰ ਚਾਨਣਾ
ਅਰੂਪ ਹੈ ਜਗਾ ਗਿਆ' ।
ਪੈਂਦੀ ਹੋਊ ਜੋਗੀਆਂ ਨੂੰ
ਠੰਢ ਐਦਾਂ ਆਖ ਲੋਕੋ !
ਮੈਨੂੰ ਤਾਂ ਤਸੱਲੀ ਐਉਂ
ਕੋਈ ਨਾ ਬਨ੍ਹਾ ਗਿਆ ।
ਓਹੋ ਹੋਵੇ ਰੂਪ ਪਯਾਰਾ,
ਬਾਂਕੀ ਓ ਨੁਹਾਰ ਹੋਵੇ,
ਤੇਜ ਜਬ੍ਹੇ ਪਯਾਰ ਵਾਲਾ
ਰੂਪ ਜੋ ਦਿਖਾ ਗਿਆ।
ਕਲਗੀ ਪ੍ਰਕਾਸ਼ ਹੋਵੇ
ਤੀਰ ਤੇ ਕਮਾਨ ਸੁਹਵੇ,
ਮੋਹਨ ਹਾਰੀ ਆਨ ਹੋਵੇ
ਬਾਨ ਜੋ ਬਨਾ ਗਿਆ॥੬॥
ਛਾਲਾਂ ਮਾਰ ਤਰੇ ਓਦਾਂ,
ਟੁੱਭੀਆਂ ਲਗਾਇ ਖੇਡੇ,
ਕਦੇ ਜਿਉਂ ਖਿਡਾ ਗਿਆ।
ਰੰਗ ਆ ਜਮਾਵੇ ਓਦਾਂ,
ਕੀਰਤਨ ਸੁਣਾਵੇ ਓਦਾਂ,
ਵੀਣਾਂ ਵੀ ਵਜਾਵੇ ਓਦਾਂ,
ਕਦੇ ਜਿਉਂ ਵਜਾ ਗਿਆ ।
ਸਾਨੂੰ ਠੰਢ ਪਵੇ ਤਾਹੀਓਂ ।
ਸਵਾਦ ਦਿਲ ਰਮੇਂ ਸਹੀਓ !
ਅੰਗ ਅੰਗ ਖਿੜੇ ਸਹੀਓ,
ਆਪ ਜਿਉਂ ਖਿੜਾ ਗਿਆ।
ਐਦਾਂ ਜੇ ਨ ਆਵਣਾ ਸੂ,
ਲੁਕ ਕੇ ਤ੍ਰਸਾਵਣਾ ਸੂ,
ਰੂਪ ਨਾ ਦਿਖਾਵਣਾ ਸੂ,
ਏਹੋ ਸੂ ਜੇ ਭਾ ਗਿਆ॥੭॥
ਤਾਂ ਮੈਂ ਬੀ ਹਾਂ ਰਜ਼ਾ ਰਾਜ਼ੀ
ਸਿਰ ਧੜ ਲੱਗੀ ਬਾਜ਼ੀ,
ਢੂੰਡ ਮੇਰੀ ਸਦਾ ਤਾਜ਼ੀ
ਨੇਮ ਇਹ ਬਣਾ ਲਿਆ।
ਓਸੇ ਰੰਗ ਦਰਸ ਲੈਣੇ
ਓਸੇ ਰੂਪ ਪਰਸਣਾ ਹੈ,
ਓਵੇਂ ਵੇਖ ਸਰਸਣਾ ਹੈ
ਧਰਮ ਇਹ ਧਰਾ ਲਿਆ।
ਜੁਗ ਜੁਗ, ਜਨਮ ਜਨਮ,
ਸਦੀ ਸਦੀ, ਦੌਰ ਦੌਰ,
ਰਹੇ ਜੇ ਉਹ ਉਥੇ ਜਿੱਥੇ
ਡੇਰਾ ਸੂ ਲਗਾ ਲਿਆ ।
ਸੰਭਾਲ ਅਸਾਂ ਛੱਡਣੀ ਨਾਂ
ਭਾਲ ਕਦੇ ਤਯਾਗਣੀ ਨਾਂ,
ਸਿੱਕਣ ਤੇ ਤਰਸਣਾ ਤੇ
ਰੋਵਣਾ ਜੀ ਲਾ ਲਿਆ ॥੮॥
'ਧਯਾਨ' ਰਖਾਂ ਰੂਪ ਪਯਾਰੇ
'ਨਾਮ' ਪਯਾਰਾ ਜਾਪ ਜਾਪਾਂ
'ਖਿੱਚ' ਵਿਚ ਖਿੱਚੀ ਰਹਾਂ
'ਪਯਾਰ' ਜੀ ਵਿਨ੍ਹਾ ਲਿਆ ।
ਜਲੋਂ ਥਲ, ਥਲੋਂ ਜਲ,
ਜਲੋਂ ਪੌਣ, ਪੌਣੋਂ ਥਲ,
ਜੋਗੀ ਕੰਮ ਚਾ ਲਿਆ।
ਜਮਨਾਂ ਨਿਮਾਣੀ ਵਾਲੇ
ਵੈਣ ਸਹੀਓ ਸੁਣੀ ਜਾਣੇਂ
ਰੈਣ ਦਿਨ ਲੱਗੀ ਟੋਲ
ਝਾਕਾ ਇਕ ਪਾ ਲਿਆ ।
'ਜੀਉਂਦਾ' ਦੀਦਾਰ ਸਹੀਓ
ਇਕ ਵੇਰ ਪਾਇਆ ਸਾਜੇ
ਤਦ ਦੀ ਦੀਦਾਰ ਮੋਹੀ
ਆਪਾ ਮੈਂ ਮੁਹਾ ਲਿਆ ॥੯॥
ਦਿਓ ਨੀ ਅਸੀਸ ਕੋਈ,
ਤਰਸ ਆਵੇ 'ਜੀਉਂਦੇ' ਨੂੰ,
ਰੂਪ ਧਾਰ ਫੇਰ ਆਵੇ
ਬਿਰਹੁੰ ਜੋ ਭਛਾ ਗਿਆ।
ਮੈਂ ਹਾਂ ਨਿਮਾਣੀ ਨੀਵੀਂ,
ਰੂਪ ਹੈ ਸਥੂਲ ਮੇਰਾ
ਦੇਸ਼ ਓਹਦੇ ਪਹੁੰਚ ਨਾਹੀਂ
ਨੂਰ ਜੋ ਵਸਾ ਰਿਹਾ ।
ਓਸੇ ਨੂੰ ਤਰਸ ਆਵੇ
ਮਿਹਰ ਧਾਰ ਹੇਠ ਆਵੇ
ਦਿੱਸਦੇ-ਦੀਦਾਰ' ਲਯਾਵੇ
ਦਰਸ ਜੋ ਦਿਖਾ ਗਿਆ।
ਲੱਲ ਏਹੋ ਜੇ ਲਗੀ ਸਾਨੂੰ,
ਮੰਗ ਸਾਡੀ ਸਦਾ ਏਹੋ,
ਹੋਇਗਾ ਦਿਆਲ ਜਿਹੜਾ
ਚਾਟ ਸਾਨੂੰ ਲਾ ਗਿਆ ॥੧੦॥
ਬਿਨਫਸ਼ਾਂ ਦੇ ਡਾਢੇ ਖੁਸ਼ਬੂਦਾਰ ਫੁੱਲ ਪਹਾੜਾਂ ਵਿਚ ਅਸੈ (ਖੁਦਰੌ) ਤੇ ਮੈਦਾਨੀ ਪੰਜਾਬ ਵਿਖੇ ਬਾਗ਼ਾਂ ਵਿਚ ਲਗਾਏ ਹੋਏ ਸਿਆਲੇ ਵਿਚ ਖਿਲਦੇ ਹਨ, ਪਹਾੜਾਂ ਵਿਚ ਏਹ ਨਜ਼ਰ ਨ ਖਿਚਣ ਵਾਲੇ ਢੰਗ ਉੱਗਦੇ ਵੱਧਦੇ ਹਨ, ਫਿਰ ਵੀ ਲੋਕੀਂ ਜਾ ਤੋੜਦੇ ਹਨ, ਇਸਦੇ ਟੁੱਟਣ ਸਮੇਂ ਦੇ ਦਿਲ ਤਰੰਗ ਇਨ੍ਹਾਂ ਸਤਰਾਂ ਵਿਚ ਅੰਕਿਤ ਹਨ :-
ਮਿਰੀ ਛਿਪੀ ਰਹੇ ਗੁਲਜ਼ਾਰ,
ਮੈਂ ਨੀਵਾਂ ਉੱਗਿਆ;
ਕੁਈ ਲਗੇ ਨ ਨਜ਼ਰ ਟਪਾਰ,
ਮੈਂ ਪਰਬਤ ਲੁੱਕਿਆ,
ਮੈਂ ਲਿਆ ਅਕਾਸ਼ੋਂ ਰੰਗ
ਜੁ ਸ਼ੋਖ਼ ਨ ਵੰਨ ਦਾ;
ਹਾਂ, ਧੁਰੋਂ ਗ਼ਰੀਬੀ ਮੰਗ,
ਮੈਂ ਆਯਾ ਜਗਤ ਤੇ ।
ਮੈਂ ਪੀਆਂ ਅਰਸ਼ ਦੀ ਤ੍ਰੇਲ,
ਪਲਾਂ ਮੈਂ ਕਿਰਨ ਖਾ;
ਮੇਰੀ ਨਾਲ ਚਾਂਦਨੀ ਖੇਲ,
ਰਾਤਿ ਰਲ ਖੇਲੀਏ ।
ਮੈਂ ਮਸਤ ਆਪਣੇ ਹਾਲ,
ਮਗਨ ਗੰਧਿ ਆਪਣੀ;
ਹਾਂ, ਦਿਨ ਨੂੰ ਭੌਰੇ ਨਾਲ
ਬਿ ਮਿਲਨੋਂ ਸੰਗਦਾ ।
ਆ ਸ਼ੋਖ਼ੀ ਕਰਕੇ ਪੌਣ
ਜਦੋਂ ਗਲ ਲੱਗਦੀ,
ਮੈਂ ਨਾਹਿੰ ਹਿਲਾਵਾਂ ਧਉਣ
ਵਾਜ ਨ ਕੱਢਦਾ ।
ਹੋ, ਫਿਰ ਬੀ ਟੁੱਟਾਂ, ਹਾਇ !
ਵਿਛੋੜਨ ਵਾਲਿਓ ।
ਮੇਰੀ ਭਿੰਨੀ ਇਹ ਖ਼ੁਸ਼ਬੋਇ
ਕਿਵੇਂ ਨ ਛਿੱਪਦੀ ।
ਮਿਰੀ ਛਿਪੇ ਰਹਿਣ ਦੀ ਚਾਹਿ,
ਤਿ ਛਿਪ ਟੁਰ ਜਾਣ ਦੀ;
ਹਾ, ਪੂਰੀ ਹੁੰਦੀ ਨਾਂਹਿੰ,
ਮੈਂ ਤਰਲੇ ਲੈ ਰਿਹਾ ।