ਕਰਨੇ ਦੀ ਖੁਸ਼ਬੂ ਕਰਨੇ ਦੇ ਅਧਖਿੜੇ ਫੁੱਲ ਨੂੰ ਜੋ ਅਜੇ ਬੰਦ ਕਲੀ ਦੀ ਸ਼ਕਲ ਵਿਚ ਹੈ ਮਾਨੋਂ ਅੰਦਰੋਂ ਹੀ ਆਖਦੀ ਹੈ :-
ਖੁਸ਼ਬੋ :-
ਜੱਫੀ ਛੇਤੀ ਖੋਲ੍ਹ ਮਾਏ !
ਬੰਨ੍ਹ ਨਾ ਬਹਾਲ ਸਾਨੂੰ,
ਗੋਦੀ ਤੇਰੀ ਹੋਰ ਸਾਥੋਂ
ਬੈਠਾ ਨਹੀਂ ਜਾਂਵਦਾ ।
ਪਾਲਿਆ ਤੇ ਪੋਸਿਆ
ਸਿਆਣਿਆਂ ਤੂੰ ਕੀਤਾ ਠੀਕ,
ਜੁੱਸਾ ਸਾਡਾ ਤੇਰੀਆਂ
ਕਲਾਈਆਂ ਨਹੀਂ ਮਾਂਵਦਾ ।
ਤੜਪ ਇਕ ਜਾਗੀ ਮੈਂ
ਅੰਦਰੇ ਉਛਾਲੇ ਵਾਲੀ,
ਬੈਠਣ ਨਹੀਂਓਂ ਦੇਂਦੀ
ਹੁਣ ਜੀ ਘਬਰਾਂਵਦਾ ।
ਮੋਕਲੇ ਤੇ ਵੱਡੇ ਵੱਡੇ
ਖੁੱਲ੍ਹੇ ਖੁੱਲ੍ਹੇ ਮੰਡਲਾਂ ਦਾ,
ਸੁਹਣਾ ਸੁਹਣਾ ਸੁਪਨਾ, ਹਾਇ !
ਸਾਨੂੰ ਪਿਆ ਆਂਵਦਾ ।੧।
ਕਲੀ ਦਾ ਆਪਣੇ ਅੰਦਰ ਪੈਦਾ ਹੋਈ ਖੁਸ਼ਬੋ ਨੂੰ ਜੁਵਾਬ :-
ਕਾਹਲੀਏ ਤੇ ਬਾਹਲੀਏ
ਮੁਟਿਆਰ ਹੋਈਏ ਬੱਚੀਏ ਨੀ !
ਬੈਠ ਨੀ ਅਰਾਮ ਨਾਲ
ਗੋਦੀ-ਸੁਖ ਮਾਣ ਲੈ ।
ਮੇਰੀਆਂ ਕਲਾਈਆਂ ਵਿਚ
ਤੇਰੀ ਹੈ ਸਲਾਮਤੀ ਨੀ,
ਗੋਦੀ ਬੈਠ, ਗੋਦੀ ਬੈਠ,
ਗੋਦੀ-ਸੁਖ ਸਯਾਣ ਲੈ ।
ਗੋਦੋਂ ਗਈ, ਗਈ ਗਈ,
ਖਿੰਡ ਖਿੰਡ, ਖਿਲ੍ਰ ਖਿਲ੍ਰ,
ਖਿਲ੍ਰ ਖਿਲ੍ਰ, ਖਿੰਡ ਖਿੰਡ,
ਗੁਆਚ ਜਾਸੇਂ, ਜਾਣ ਲੈ ।
ਖੁੱਲ੍ਹੇ ਖੁੱਲ੍ਹੇ ਮੰਡਲਾਂ ਦੇ
ਸੁਪਨੇ ਜੋ ਆਣ ਤੈਨੂੰ
ਸੁਪਨਾਂ ਕਰ ਲੈਣਗੇ ਓ
ਸਾਚੀ ਏ ਪਛਾਣ ਲੈ ।੨।
ਖੁਸ਼ਬੋ ਦਾ ਕਰਨੇ ਦੀ ਕਲੀ ਨੂੰ ਅੰਦਰੋਂ ਜੁਵਾਬ :-
ਵਰਜ ਕੇ ਬਹਾਲ ਨਾ
ਤੇ ਮੱਤੀਂ ਦੇ ਦੇ ਹੋੜ ਨਾ,
ਛੱਡ ਸਾਡਾ ਪੱਲਾ, ਨਹੀਂ,
ਨੱਸ ਹੁਣ ਜਾਵਾਂਗੇ ।
ਸੁਪਨੇ ਵਿਚ ਸੁਪਨਾ ਇਕ
ਦਰਸ਼ਨ ਇਕ ਹੁੰਦੇ
ਓਸ ਦਰਸ਼ਨ ਸਮਾਵਾਂਗੇ ।
ਉੱਚਾ ਉੱਚਾ ਖੜਾ ਖੁੱਲ੍ਹਾ
ਆਖਦੇ 'ਦਿਮਾਗ' ਉਹਨੂੰ,
ਖੁੱਲ੍ਹ ਵਾਲੇ ਮੰਡਲੀਂ
ਦੀਦਾਰ ਉਹਦਾ ਪਾਵਾਂਗੇ ।
ਸਾਡੀ ਓ ਉਡੀਕ ਕਰੇ
ਖੜਾ ਦਿੱਸੇ ਮਾਏ ! ਸਾਨੂੰ,
ਪਹੁੰਚ ਉਹਦੇ ਦੇਸ਼
ਉਹਦੇ ਅੰਕ ਵਿਚ ਮਾਵਾਂਗੇ ।੩।
ਆਖਦੀ ਏ ਉੱਚੀ ਉੱਚੀ ,
ਜ਼ੋਰ ਇਕ ਲਾਇ ਪਯਾਰੀ,
ਵੀਣੀ ਮੋੜ ਮਾਉਂ ਵਾਲੀ
ਬਾਹਰ ਉੱਠ ਧਾਈ ਹੈ ।
ਕੂਕ ਕੋਈ ਸੁਣੀ ਨਾਹੀਂ,
ਮਾਉਂ ਗਲ ਗਉਲੀ ਨਾਹੀਂ,
ਵਾਇ ਮੰਡਲ ਖੇਡਦੀ, ਹੁਣ
ਖੁੱਲ੍ਹੇ ਦੇਸ਼ੀਂ ਆਈ ਹੈ ।
ਨੱਚਦੀ ਤੇ ਟੱਪਦੀ ਤੇ,
ਪੁੱਛਦੀ ਹਰ ਕਿਸੇ, ਮਾਨੋਂ,
'ਪ੍ਰੀਤਮ ਦਿਮਾਗ਼' ਵਾਲੀ,
ਦੱਸ ਕਿਸੇ ਪਾਈ ਹੈ ।
ਲਪਟੀ ਦਿਮਾਗ਼ ਤਾਈਂ,
ਲਪਟ ਏ ਸੁਗੰਧਿ ਵਾਲੀ,
ਲਪਟ ਸਮਾਈ, ਫੇਰ,
ਮੁੜਕੇ ਨਾ ਆਈ ਹੈ ।੪।
(ਕਰਨਾ ਨਿੰਬੂ ਜਾਤੀ ਦੇ ਫੁੱਲਾਂ
ਨੂੰ ਕਹਿੰਦੇ ਹਨ)
ਦਿਉਦਾਰ, ਚੀੜ੍ਹ ਆਦਿ ਦੀ ਭਾਂਤ ਵਿਚ ਇਕ ਰੁੱਖ ਨੂੰ ਕੇਲੋਂ(ਕੈਲ) ਆਖਦੇ ਹਨ । ਇਕ ਵੇਲ ਇਸ ਪਰ ਚੜ੍ਹੀ ਹੋਈ ਸੀ, ਇਕ ਅਯਾਲੀ ਵੇਲ ਤ੍ਰੋੜ ਮ੍ਰੋੜ ਧੂਹ ਧਾਹ ਕੇ ਹੇਠਾਂ ਲਾਹ ਰਿਹਾ ਸੀ ਜੋ ਅਪਣੇ ਅੱਯੜ ਨੂੰ ਪਾਵੇ, ਵੇਲ ਦੀ ਅਯਾਲੀ ਅੱਗੇ ਮਾਨੋਂ ਉਸ ਵੇਲੇ ਦੀ ਪੁਕਾਰ ਇਹ ਹੈ :-
ਹਾਇ ਨ ਧਰੀਕ ਸਾਨੂੰ,
ਹਾਇ ਵੇ ਨ ਮਾਰ ਖਿੱਚਾਂ,
ਹਾਇ ਨ ਵਿਛੋੜ, ਗਲ
ਲੱਗਿਆਂ ਨੂੰ ਪਾਪੀਆ !
ਹਾਇ, ਨ ਤੁਣੁੱਕੇ ਮਾਰੀਂ !
ਖਿੱਚ ਨ ਫਟੱਕੇ ਦੇ ਦੇ,
ਵਰ੍ਹਿਆਂ ਦੀ ਲੱਗੀ ਸਾਡੀ
ਤੋੜ ਨ ਸਰਾਪੀਆ ।
ਹਾਇ ਨ ਵਲੂੰਧਰੀਂ ਵੇ !
ਸੱਟੀਂ ਨ ਉਤਾਰ ਭੁੰਞੇਂ,
ਸਜਣ ਗਲੋਂ ਟੁੱਟਿਆਂ
ਹੋ ਜਾਸਾਂ ਇਕਲਾਪੀਆ !
ਮੇਰੇ ਹੱਡ ਤਾਣ ਨਾਹੀਂ,
ਸੱਕਾਂ ਨ ਖੜੋਇ ਪੈਰੀਂ,
ਖੜੀ ਸਜਣ ਆਸਰੇ ਹਾਂ,
ਅਬਲਾ ਮੈਂ ਅਮਾਪੀਆ !
ਪਯਾਰੇ ਨ ਵਿਛੋੜੀਏ ਵੇ
ਮਿਲੇ ਨ ਨਿਖੇੜੀਏ ਵੇ,
ਆਸਰੇ ਨ ਤੋੜੀਏ ਵੇ,
ਅਵੇ ! ਪਾੜੀਏ ਨ ਜੋੜੀਆਂ ।
ਵਸਲ ਵੇਖ ਖੀਝੀਏ ਨਾ,
ਅੱਡ ਕਰ ਰੀਝੀਏ ਨਾ,
ਇਕ ਹੋਈਆਂ ਜਿੰਦੀਆਂ ਦੀਆਂ
ਹੁੰਦੀਆਂ ਨਹੀਓਂ ਕੋੜੀਆਂ ।
ਵਿੱਥ ਵਾਲੇ ਜੱਗ ਵਿਚ
ਵਿੱਥਾਂ ਪਈਆਂ ਚੱਪੇ ਚੱਪੇ,
ਅੱਡ ਅੱਡ ਸਭ ਕੋਈ,
ਜੋੜੀਆਂ ਨੀ ਥੋੜੀਆਂ ।
ਵਿੱਥਾਂ ਮੇਟ ਇੱਕੋ ਹੋਏ
ਉਹਨਾਂ ਵੇਖ ਰੀਝਣਾਂ ਵੇ
ਬਾਹੀਂ ਗਲੇ ਲਿਪਟੀਆਂ
ਨ ਚਾਹੀਏ ਕਦੇ ਤੋੜੀਆਂ ।
ਫੁਲ ਫਲ ਦੇਣੋ ਹੁੱਟ ਗਏ ਇਕ ਸੰਤਰੇ ਦੇ ਬੂਟੇ ਨੂੰ ਬਾਲਣ ਲਈ ਵੱਢ ਕੇ ਲੈ ਜਾ ਰਹੇ ਸਮੇਂ ਦੇ ਦਿਲ ਤਰੰਗ:-
ਸ਼ਾਖਾਂ ਇਕ ਸੰਤਰੇ ਦੀਆ
ਵੱਢ ਕੁਹਾੜੇ ਨਾਲ,
ਜਾਂਦੀਆਂ ਲਦੀਆਂ ਗੱਡ ਤੇ
ਕਹਿੰਦੀਆਂ ਹੋ ਬੇਹਾਲ:-
ਜਦ ਸਾਂ ਖੇੜੇ ਖਿੜਦੀਆਂ
ਰਹਿੰਦੀਆਂ ਮੁਸ਼ਕ ਮਚਾਇ
ਫਲਦੀਆਂ ਜੋਬਨ ਮੱਤੀਆਂ
ਰਸਭਰੀਆਂ ਰੰਗ ਲਾਇ ।
ਆਦਰ ਭਰੀਆਂ ਅੱਖੀਆਂ
ਚੁੰਮਣ ਸਾਡੇ ਪੈਰ,
ਜੀਭਾਂ ਸਿਫਤ ਸਲਾਹ ਦੀਆਂ
ਆ ਆ ਮੰਗਣ ਖੈਰ ।
ਦਿਲ ਝੁਕਦੇ ਆ ਸਾਹਮਣੇ
ਖਿੜਦੇ ਲੈ ਵਿਸਮਾਦ,
ਛੂਤ ਅਸਾਡੇ ਖੇੜਿਓਂ
ਜਗ ਨੂੰ ਕਰਦੀ ਸ਼ਾਦ ।
ਛਡਿਆ ਜਦ ਖਿੜਨਾ ਅਸਾਂ
ਰੰਗ ਰੂਪ ਰਸ ਨਾਲ,
ਫਲਣਾ ਫੁਲਣਾ ਛੱਡਿਆ
'ਹਰੇ ਰਹਿਣ ਦਾ ਮਾਲ,
-ਤਦੋਂ ਕੁਹਾੜਾ ਆ ਗਿਆ,
-ਫਿਰਿਆ ਸ਼ਾਖੋ ਸ਼ਾਖ਼,
ਜੜ੍ਹ ਮੂਲੋਂ ਵੱਢ ਡੇਗਿਆ,
ਢੇਰੀ ਕੀਤਾ ਖ਼ਾਕ ।
ਬਾਲਣ ਬਾਲਣ ਆਖ ਕੇ
ਲੱਦ ਲਿਚੱਲੇ ਹਾਇ,
ਓਹੋ ਹੱਥ ਤੰਦੂਰ ਨੂੰ,
ਵੇਖੋ ਸਹੀਓ ਆਇ !
ਜਿਹੜੇ ਕਰਦੇ ਅਸਾਂ ਦੀ
ਸੇਵਾ ਸਨ ਚਿਤ ਲਾਇ
ਸੁਖਦੇ ਹੁੰਦੇ ਸੁੱਖਣਾਂ
ਸਾਡੀ ਖ਼ੈਰ ਮਨਾਇ ।
ਜਿੰਦ ਜਿ ਢਹਿਦੀ ਖੇੜਿਓਂ
ਢੈ ਪੈਂਦੀ ਦੇਹ ਨਾਲ,
ਜਿੰਦੜੀ ਹੈ ਜਿਉਂ ਆਸਰਾ
ਇਸ ਦੇਹੀ ਦਾ ਲਾਲ !
ਤਿਉਂ 'ਖੇੜਾ' ਹੈ ਆਸਰਾ
ਇਸ ਜਿੰਦੜੀ ਦਾ ਮਾਲ।
ਖੇੜਾ ਜਿੰਦੜੀ ਇਕ ਹਨ
ਇੱਕ ਦੁਹਾਂ ਦੀ ਚਾਲ।
ਸੂਰਤ ਸਦਾ ਖਿੜਦੀ ਰਹੇ
ਕਦੇ ਨ ਮਿਲੇ ਗਿੜਾਇ,
ਖੇੜਾ ਛਡ ਕੇ ਢੱਠਿਆਂ
ਕਿਤੇ ਨ ਮਿਲੇ ਟਿਕਾਇ ।
ਉੱਚੇ ਪਰਬਤਾਂ ਤੇ ਦਿਆਰਾਂ ਯਾ ਕੇਲੋਂ ਦੇ ਬ੍ਰਿੱਛ ਹੁੰਦੇ ਹਨ, ਜਿਨ੍ਹਾਂ ਦੇ ਪੱਤੇ ਸੂਈ ਵਾਂਗੂ ਖੜੇ ਹੁੰਦੇ ਹਨ । ਖਿੜੀ ਚਾਂਦਨੀ ਦੀਆਂ ਰਿਸ਼ਮਾਂ ਦੇ ਇਨ੍ਹਾਂ ਪੱਤਿਆਂ ਤੇ ਪੈਣ ਸਮੇਂ ਦੇ ਦਿਲ ਤਰੰਗ:-
ਸੂਈਆਂ ਨਾਲੋਂ ਨਿੱਕੇ ਨਿੱਕੇ
ਚਾਂਦਨੀ ਦੇ ਪੈਰ ਸਹੀਓ,
ਕੇਲੋਂ ਦੀਆਂ ਸੂਈਆਂ ਉੱਤੇ
ਆਨ ਆਨ ਟਿੱਕਦੇ,
ਏਥੋਂ ਛਾਲਾਂ ਮਾਰ ਟੱਪ
ਪੈਣ ਚਿੱਟੇ ਪੱਥਰਾਂ ਤੇ,
ਓਥੋਂ ਕੱਦ ਹੇਠ ਖੱਡ
ਪਾਣੀ ਉੱਤੇ ਡਿੱਗਦੇ,
ਲਹਿਰਾਂ ਦੇ ਉੱਤੇ ਉੱਤੇ
ਤਿਲ ਮਿਲ ਖੇਡਦੇ ਨੀ,
ਪੋਲੇ ਪੋਲੇ ਰੱਖ ਰੱਖ
ਠੁਮਕ ਠੁਮਕ ਠਿੱਕਦੇ ।
ਨਾਚ ਕਰਨ ਪੂਣੀ ਉੱਤੇ,
ਲਾਸ਼ਾਂ ਮਰਨ ਪੌਣ ਵਿਚ,
ਚਾਂਦਨੀ ਦੇ ਨੈਣ ਉੱਪਰ
ਚੰਦ ਵੱਲ ਤੱਕਦੇ ।
ਚੰਦ ਭਰਿਆ ਪਯਾਰ ਨਾਲ
ਤੱਕੇ ਵਲ ਚਾਂਦਨੀ ਦੇ,
ਤੱਕਦਾ ਏ ਸਾਰਾ ਸਹੀਓ !
ਅੱਖ ਹੀ ਜੇ ਹੋ ਰਿਹਾ ।
ਚਾਨਣ ਚੰਦ ਦੇਂਵਦਾ ਜੇ
ਚਾਨਣਾ ਏ ਆਪ ਸਾਰਾ,
ਚਾਨਣੀ ਦੇ ਚਾਨਣੇ ਨੂੰ
ਵੇਖ ਰੀਝ ਜੇ ਰਿਹਾ ।