ਦਿਉਦਾਰ, ਚੀੜ੍ਹ ਆਦਿ ਦੀ ਭਾਂਤ ਵਿਚ ਇਕ ਰੁੱਖ ਨੂੰ ਕੇਲੋਂ(ਕੈਲ) ਆਖਦੇ ਹਨ । ਇਕ ਵੇਲ ਇਸ ਪਰ ਚੜ੍ਹੀ ਹੋਈ ਸੀ, ਇਕ ਅਯਾਲੀ ਵੇਲ ਤ੍ਰੋੜ ਮ੍ਰੋੜ ਧੂਹ ਧਾਹ ਕੇ ਹੇਠਾਂ ਲਾਹ ਰਿਹਾ ਸੀ ਜੋ ਅਪਣੇ ਅੱਯੜ ਨੂੰ ਪਾਵੇ, ਵੇਲ ਦੀ ਅਯਾਲੀ ਅੱਗੇ ਮਾਨੋਂ ਉਸ ਵੇਲੇ ਦੀ ਪੁਕਾਰ ਇਹ ਹੈ :-
ਹਾਇ ਨ ਧਰੀਕ ਸਾਨੂੰ,
ਹਾਇ ਵੇ ਨ ਮਾਰ ਖਿੱਚਾਂ,
ਹਾਇ ਨ ਵਿਛੋੜ, ਗਲ
ਲੱਗਿਆਂ ਨੂੰ ਪਾਪੀਆ !
ਹਾਇ, ਨ ਤੁਣੁੱਕੇ ਮਾਰੀਂ !
ਖਿੱਚ ਨ ਫਟੱਕੇ ਦੇ ਦੇ,
ਵਰ੍ਹਿਆਂ ਦੀ ਲੱਗੀ ਸਾਡੀ
ਤੋੜ ਨ ਸਰਾਪੀਆ ।
ਹਾਇ ਨ ਵਲੂੰਧਰੀਂ ਵੇ !
ਸੱਟੀਂ ਨ ਉਤਾਰ ਭੁੰਞੇਂ,
ਸਜਣ ਗਲੋਂ ਟੁੱਟਿਆਂ
ਹੋ ਜਾਸਾਂ ਇਕਲਾਪੀਆ !
ਮੇਰੇ ਹੱਡ ਤਾਣ ਨਾਹੀਂ,
ਸੱਕਾਂ ਨ ਖੜੋਇ ਪੈਰੀਂ,
ਖੜੀ ਸਜਣ ਆਸਰੇ ਹਾਂ,
ਅਬਲਾ ਮੈਂ ਅਮਾਪੀਆ !
ਪਯਾਰੇ ਨ ਵਿਛੋੜੀਏ ਵੇ
ਮਿਲੇ ਨ ਨਿਖੇੜੀਏ ਵੇ,
ਆਸਰੇ ਨ ਤੋੜੀਏ ਵੇ,
ਅਵੇ ! ਪਾੜੀਏ ਨ ਜੋੜੀਆਂ ।
ਵਸਲ ਵੇਖ ਖੀਝੀਏ ਨਾ,
ਅੱਡ ਕਰ ਰੀਝੀਏ ਨਾ,
ਇਕ ਹੋਈਆਂ ਜਿੰਦੀਆਂ ਦੀਆਂ
ਹੁੰਦੀਆਂ ਨਹੀਓਂ ਕੋੜੀਆਂ ।
ਵਿੱਥ ਵਾਲੇ ਜੱਗ ਵਿਚ
ਵਿੱਥਾਂ ਪਈਆਂ ਚੱਪੇ ਚੱਪੇ,
ਅੱਡ ਅੱਡ ਸਭ ਕੋਈ,
ਜੋੜੀਆਂ ਨੀ ਥੋੜੀਆਂ ।
ਵਿੱਥਾਂ ਮੇਟ ਇੱਕੋ ਹੋਏ
ਉਹਨਾਂ ਵੇਖ ਰੀਝਣਾਂ ਵੇ
ਬਾਹੀਂ ਗਲੇ ਲਿਪਟੀਆਂ
ਨ ਚਾਹੀਏ ਕਦੇ ਤੋੜੀਆਂ ।
ਫੁਲ ਫਲ ਦੇਣੋ ਹੁੱਟ ਗਏ ਇਕ ਸੰਤਰੇ ਦੇ ਬੂਟੇ ਨੂੰ ਬਾਲਣ ਲਈ ਵੱਢ ਕੇ ਲੈ ਜਾ ਰਹੇ ਸਮੇਂ ਦੇ ਦਿਲ ਤਰੰਗ:-
ਸ਼ਾਖਾਂ ਇਕ ਸੰਤਰੇ ਦੀਆ
ਵੱਢ ਕੁਹਾੜੇ ਨਾਲ,
ਜਾਂਦੀਆਂ ਲਦੀਆਂ ਗੱਡ ਤੇ
ਕਹਿੰਦੀਆਂ ਹੋ ਬੇਹਾਲ:-
ਜਦ ਸਾਂ ਖੇੜੇ ਖਿੜਦੀਆਂ
ਰਹਿੰਦੀਆਂ ਮੁਸ਼ਕ ਮਚਾਇ
ਫਲਦੀਆਂ ਜੋਬਨ ਮੱਤੀਆਂ
ਰਸਭਰੀਆਂ ਰੰਗ ਲਾਇ ।
ਆਦਰ ਭਰੀਆਂ ਅੱਖੀਆਂ
ਚੁੰਮਣ ਸਾਡੇ ਪੈਰ,
ਜੀਭਾਂ ਸਿਫਤ ਸਲਾਹ ਦੀਆਂ
ਆ ਆ ਮੰਗਣ ਖੈਰ ।
ਦਿਲ ਝੁਕਦੇ ਆ ਸਾਹਮਣੇ
ਖਿੜਦੇ ਲੈ ਵਿਸਮਾਦ,
ਛੂਤ ਅਸਾਡੇ ਖੇੜਿਓਂ
ਜਗ ਨੂੰ ਕਰਦੀ ਸ਼ਾਦ ।
ਛਡਿਆ ਜਦ ਖਿੜਨਾ ਅਸਾਂ
ਰੰਗ ਰੂਪ ਰਸ ਨਾਲ,
ਫਲਣਾ ਫੁਲਣਾ ਛੱਡਿਆ
'ਹਰੇ ਰਹਿਣ ਦਾ ਮਾਲ,
-ਤਦੋਂ ਕੁਹਾੜਾ ਆ ਗਿਆ,
-ਫਿਰਿਆ ਸ਼ਾਖੋ ਸ਼ਾਖ਼,
ਜੜ੍ਹ ਮੂਲੋਂ ਵੱਢ ਡੇਗਿਆ,
ਢੇਰੀ ਕੀਤਾ ਖ਼ਾਕ ।
ਬਾਲਣ ਬਾਲਣ ਆਖ ਕੇ
ਲੱਦ ਲਿਚੱਲੇ ਹਾਇ,
ਓਹੋ ਹੱਥ ਤੰਦੂਰ ਨੂੰ,
ਵੇਖੋ ਸਹੀਓ ਆਇ !
ਜਿਹੜੇ ਕਰਦੇ ਅਸਾਂ ਦੀ
ਸੇਵਾ ਸਨ ਚਿਤ ਲਾਇ
ਸੁਖਦੇ ਹੁੰਦੇ ਸੁੱਖਣਾਂ
ਸਾਡੀ ਖ਼ੈਰ ਮਨਾਇ ।
ਜਿੰਦ ਜਿ ਢਹਿਦੀ ਖੇੜਿਓਂ
ਢੈ ਪੈਂਦੀ ਦੇਹ ਨਾਲ,
ਜਿੰਦੜੀ ਹੈ ਜਿਉਂ ਆਸਰਾ
ਇਸ ਦੇਹੀ ਦਾ ਲਾਲ !
ਤਿਉਂ 'ਖੇੜਾ' ਹੈ ਆਸਰਾ
ਇਸ ਜਿੰਦੜੀ ਦਾ ਮਾਲ।
ਖੇੜਾ ਜਿੰਦੜੀ ਇਕ ਹਨ
ਇੱਕ ਦੁਹਾਂ ਦੀ ਚਾਲ।
ਸੂਰਤ ਸਦਾ ਖਿੜਦੀ ਰਹੇ
ਕਦੇ ਨ ਮਿਲੇ ਗਿੜਾਇ,
ਖੇੜਾ ਛਡ ਕੇ ਢੱਠਿਆਂ
ਕਿਤੇ ਨ ਮਿਲੇ ਟਿਕਾਇ ।
ਉੱਚੇ ਪਰਬਤਾਂ ਤੇ ਦਿਆਰਾਂ ਯਾ ਕੇਲੋਂ ਦੇ ਬ੍ਰਿੱਛ ਹੁੰਦੇ ਹਨ, ਜਿਨ੍ਹਾਂ ਦੇ ਪੱਤੇ ਸੂਈ ਵਾਂਗੂ ਖੜੇ ਹੁੰਦੇ ਹਨ । ਖਿੜੀ ਚਾਂਦਨੀ ਦੀਆਂ ਰਿਸ਼ਮਾਂ ਦੇ ਇਨ੍ਹਾਂ ਪੱਤਿਆਂ ਤੇ ਪੈਣ ਸਮੇਂ ਦੇ ਦਿਲ ਤਰੰਗ:-
ਸੂਈਆਂ ਨਾਲੋਂ ਨਿੱਕੇ ਨਿੱਕੇ
ਚਾਂਦਨੀ ਦੇ ਪੈਰ ਸਹੀਓ,
ਕੇਲੋਂ ਦੀਆਂ ਸੂਈਆਂ ਉੱਤੇ
ਆਨ ਆਨ ਟਿੱਕਦੇ,
ਏਥੋਂ ਛਾਲਾਂ ਮਾਰ ਟੱਪ
ਪੈਣ ਚਿੱਟੇ ਪੱਥਰਾਂ ਤੇ,
ਓਥੋਂ ਕੱਦ ਹੇਠ ਖੱਡ
ਪਾਣੀ ਉੱਤੇ ਡਿੱਗਦੇ,
ਲਹਿਰਾਂ ਦੇ ਉੱਤੇ ਉੱਤੇ
ਤਿਲ ਮਿਲ ਖੇਡਦੇ ਨੀ,
ਪੋਲੇ ਪੋਲੇ ਰੱਖ ਰੱਖ
ਠੁਮਕ ਠੁਮਕ ਠਿੱਕਦੇ ।
ਨਾਚ ਕਰਨ ਪੂਣੀ ਉੱਤੇ,
ਲਾਸ਼ਾਂ ਮਰਨ ਪੌਣ ਵਿਚ,
ਚਾਂਦਨੀ ਦੇ ਨੈਣ ਉੱਪਰ
ਚੰਦ ਵੱਲ ਤੱਕਦੇ ।
ਚੰਦ ਭਰਿਆ ਪਯਾਰ ਨਾਲ
ਤੱਕੇ ਵਲ ਚਾਂਦਨੀ ਦੇ,
ਤੱਕਦਾ ਏ ਸਾਰਾ ਸਹੀਓ !
ਅੱਖ ਹੀ ਜੇ ਹੋ ਰਿਹਾ ।
ਚਾਨਣ ਚੰਦ ਦੇਂਵਦਾ ਜੇ
ਚਾਨਣਾ ਏ ਆਪ ਸਾਰਾ,
ਚਾਨਣੀ ਦੇ ਚਾਨਣੇ ਨੂੰ
ਵੇਖ ਰੀਝ ਜੇ ਰਿਹਾ ।
ਭੇਜਦਾ ਏ ਚਾਂਦਨੀ ਨੂੰ;
ਲਗਾਤਾਰ 'ਪਯਾਰ-ਮੀਂਹ'
ਚੰਦ ਹੇਠ ਦੇ ਰਿਹਾ ।
ਚਾਂਦਨੀ ਨ ਲੋਭਦੀ ਹੈ
ਹੇਠਾਂ ਕਿਸੇ ਪਯਾਰ ਹੋਰ,
ਧਿਆਨ ਚੰਦ ਵਿਚ, ਖਿੱਚ
ਉਤਾਹਾਂ ਮਨ ਲੈ ਰਿਹਾ ।
ਖੱਡਾਂ ਨਦੀ ਨਲਿਆਂ ਤੇ
ਖੇਤਾਂ ਬਨਾਂ ਜੰਗਲਾਂ ਤੇ,
ਸ਼ਹਿਰਾਂ ਪਿੰਡਾਂ ਸਭਨਾਂ ਤੇ
ਚਾਂਦਨੀ ਹੈ ਪੈ ਰਹੀ ।
ਰਾਜਿਆਂ ਅਮੀਰਾਂ ਤੇ ਗ਼ਰੀਬਾਂ
ਪਾਪੀ ਪੁੰਨੀਆਂ ਦੇ,
ਸਾਰਿਆਂ ਦੇ ਦਵਾਰਿਆਂ ਤੇ
ਚਾਨਣਾ ਹੈ ਦੇ ਰਹੀ ।
ਵਯਾਪੀ ਸਾਰੇ ਦਿੱਸਦੀ ਪੈ
ਖਚਿਤ ਕਿਸੇ ਵਿੱਚ ਨਾਂਹਿ,
ਧਯਾਨ ਲਾਇਆਂ ਚੰਦ ਵਿਚ
'ਚੰਦ-ਖਿੱਚ' ਪੈ ਰਹੀ ।
ਚੰਦ ਪਯਾਰੇ ਚਾਂਦਨੀ ਨੂੰ,
ਚਾਂਦਨੀ ਖਿਚੀਵੇ ਚੰਦ,
ਵੱਸ ਮਾਤਲੋਕ ਸਵਾਦ
ਅਰਸ਼ਾਂ ਦਾ ਜੇ ਲੈ ਰਹੀ ।
(ਪਯਾਰੇ=ਪਿਆਰ ਕਰਦਾ ਹੈ।
ਮਾਤਲੋਕ=ਧਰਤੀ ਤੇ)
ਪਾਉਂਟਾ ਉਹ ਰਮਣੀਕ ਥਾਂ ਹੈ ਜਿੱਥੇ ਜਮਨਾਂ ਪਹਾੜ ਤੇ ਦੂਨ ਨੂੰ ਛੱਡ ਮੈਦਾਨੀਂ ਦਾਖ਼ਲ ਹੋਣ ਲੱਗਦੀ ਹੈ । ਕਲਗੀਆਂ ਵਾਲੇ ਨੇ ਏਥੇ ਡੇਰਾ ਲਾਇਆ, ਕੋਟ ਤੇ ਟਿਕਾਣਾ ਪਾਇਆ ਤੇ ਕੁਛ ਕਾਲ ਬੜੇ ਅਨੰਦ ਵਿਚ ਰਹੇ । ਜਮਨਾਂ ਵਿਚ ਅਠਖੇਲੀਆਂ ਕਰਦੇ, ਕਿਨਾਰੇ ਤੇ ਦੀਵਾਨ ਸਜਾਉਂਦੇ, ਕੀਰਤਨ ਹੁੰਦੇ ਤੇ ਆਪ ਨਾਦ ਕਰਦੇ ਹੁੰਦੇ ਸੇ । ਕਿਤਨੀ ਕਾਵਯ ਰਚਨਾ ਏਥੇ ਹੀ ਹੋਈ । ਜਮਨਾ ਓਦੋਂ ਦੀ ਮਾਨੋਂ ਆਪ ਦੇ ਪਿਆਰ ਵਿਚ ਬਿਰਹੋਂ ਸਿਰ ਚਾਈ ਹੁਣ ਤਕ ਆਪ ਦੀ ਤਲਾਸ਼ ਵਿਚ ਹੈ । ਉਸਦੇ ਪ੍ਰੇਮ ਰਸ ਆਏ ਦਿਲ ਤਰੰਗ ਇਸ ਕਵਿਤਾ ਵਿਚ ਅੰਕਿਤ ਹਨ:-
ਜਮਨਾ:-
ਜੀਉਂਦਾ ਸੀ , ਇਕ ਸਹੀਓ !
ਪਾਉਂਟੇ ਟਿਕਾਣੇ ਮੇਰੇ,
ਸਮਾਂ ਹੋਇਆ ਢੇਰ ਸਾਰਾ
ਆਣ ਏਥੇ ਨ੍ਹਾ ਗਿਆ ।
ਖਿੜਿਆ ਉਹ ਟੁਰਦਾ ਆਵੇ
ਉੱਛਲ ਕੇ ਛਾਲਾਂ ਮਾਰੇ
ਚਾਉ ਭਰ ਮਾਰੇ ਟੁੱਭੀ
ਤਾਰੀਆਂ ਭੀ ਲਾ ਗਿਆ ।
ਖੇਡਦਾ ਖਿਡਾਂਦਾ ਸਹੀਓ !
ਪਿੜ ਸੀ ਜਮਾਂਦਾ ਸਹੀਓ!
ਹੱਸਦਾ ਹਸਾਂਦਾ ਸਹੀਓ !
ਰੰਗ ਸੀ ਜਮਾ ਗਿਆ ।
ਮਿੱਠੀ ਮਿੱਠੀ, ਪਯਾਰੀ ਪਯਾਰੀ,
ਕਾਲਜੇ ਨੂੰ ਧੂਣ ਵਾਲੀ,
ਖਿੱਚ ਕੇ ਹਲੂਣ ਵਾਲੀ
ਵੀਣਾ ਸੀ ਵਜਾ ਗਿਆ॥੧॥
ਨੇਹੁੰ ਸੀ ਲਗਾ ਕੇ ਸਹੀਓ!
ਕਾਲਜਾ ਚੁਰਾਕੇ ਸਹੀਓ !
ਖਿੱਚ ਦਾ ਤਣੁੱਕਾ ਲਾ ਕੇ
ਆਪਾ ਨੀ ਛਿਪਾ ਗਿਆ ।
ਢੂੰਡ ਉਹਦੀ ਪਈ ਮੈਨੂੰ,
ਧਾਈ ਧਾਈ ਫਿਰਾਂ ਸਹੀਓ,
ਉਚੇ ਨੀਵੇਂ ਥਾਉਂ ਜਾਇ !
ਸਾਰੇ ਮੈਂ ਪੁਛਾ ਲਿਆ ।
ਭੈਣਾਂ ਤੋਂ ਮੈਂ ਪੁੱਛ ਹਾਰੀ
ਰਲ ਮਿਲ ਟੋਲ ਕੀਤੀ,
ਥਲ ਢੰਡ ਗਈਆਂ ਸਾਗਰ
ਸਮੁੰਦ ਸਾਰਾ ਭਾਲਿਆ ।