Back ArrowLogo
Info
Profile


੩. (ਦਿਲ-ਸ਼ਾਦ)


ਸੰਗਤ ਨੇ ਸਮਝ ਲਿਆ ਕਿ ਗਿਆ ਇਹ ਬੀ। ਅੰਦਰ ਹੁਣ ਕੀ ਵਰਤਿਆ, ਸੀਸ ਭੇਟਾ ਮੰਗਣ ਵਾਲੇ ਨੇ ਪੰਜਾਂ ਨੂੰ ਗਲਵੱਕੜੀ ਪਾ ਪਾ ਪ੍ਯਾਰਿਆ ਤੇ ਏਹ ਵਾਕ ਉਚਾਰੇ:--ਤੁਸੀਂ ਆਪੇ ਤੋਂ ਮਰ ਗਏ ਹੋ, ਹੁਣ ਮਮ ਸਰੂਪ ਤੁਮ ਅਬ ਭਏ, ਹਉਂ ਭਾ ਤ੍ਰਮਹਿ ਸਰੂਪ। ਬ੍ਰਹਮ ਗ੍ਯਾਨ ਦ੍ਰਿਢ ਰਿਦੈ ਹ੍ਵੈ ਪਦ ਅਤਿ ਲੀਨ ਅਨੂਪ।' ਇਹ ਵਰ ਬਖਸ਼ ਕੇ ਬਾਹਰ ਨਿਕਲੇ। ਹਾਂ ਦਿਲਗੀਰ ਜੀ, ਜੋ ਦਿਲਜ਼ੋਰ ਹੋ ਅੰਦਰ ਵੜੇ ਸਨ. ਹੁਣ ਨਿਕਲੇ ਹਨ ਦਿਲਸ਼ਾਦ ਹੋ। ਲਹੂ ਭਰੀ ਤਲਵਾਰ ਹੁਣ ਮਿਆਨ ਵਿਚ ਹੈ, ਪੰਜੇ ਜੀਉਂਦੇ ਜਾਗਦੇ ਸਹੀ ਸਲਾਮਤ ਤਾਰਿਆਂ ਦੇ ਪਰਵਾਰ ਵਾਂਙੂ ਗੁਰੂ ਚੰਦ ਨੂੰ ਆਪਣੇ ਵਿਚ ਪਰਵਾਰਿਤ ਕਰੀ ਆ ਰਹੇ ਹਨ। ਸੰਗਤ ਦੇ ਅਸਚਰਜ ਦਾ ਕੋਈ ਅੰਤ ਨਾ ਰਿਹਾ। ਮਰੇ ਹੋਏ ਜੀਉਂਦੇ ਹਨ। ਕੀਹ ਜਾਣੀਏ ਮਾਰ ਮਾਰ ਕੇ ਗੁਰੂ ਨੇ ਆਪਣੀ ਦੈਵੀ ਸ਼ਕਤਿ ਨਾਲ ਫੇਰ ਜਿਵਾ ਆਂਦੇ ਹਨ; ਖਬਰੇ ਕੋਈ ਹੋਰ ਕੌਤਕ ਹੋਵੇ, ਗੁਰੂ ਕੀ ਗਤਿ ਗੁਰੂ ਜਾਣੇ, ਪਰ ਮਸੰਦ ਗਲਤ ਕਹਿੰਦੇ ਹਨ ਕਿ ਦੇਵੀ ਪੁੱਠੀ ਪਈ ਹੈ। ਗੁਰੂ ਤਾਂ ਗੁਰੂ ਹੀ ਹੈ, ਬਉਰਾਨਿਆ ਨਹੀਂ ਹੈ। ਸੰਗਤ ਦੀ ਇਸ ਹੈਰਾਨੀ ਵਿਚ ਸਤਿਗੁਰੂ ਉੱਚੀ ਗਗਨ ਗੰਭੀਰ ਸੁਰ ਵਿਚ ਬੋਲੇ:-- ਸ੍ਰੀ ਗੁਰੂ ਨਾਨਕ ਦੇਵੇ ਜੀ ਦੀ ਪਰਖਨਾ ਵਿਚ ਸਿੱਖੀ ਦੀ ਆਨ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ, ਅੱਜ ਦੀ ਪਰਖਨਾ ਵਿਚ ਸਿਖੀ ਦੀ ਆਨ ਪੰਜਾਂ ਸਿਖਾਂ ਨੇ ਰੱਖੀ ਹੈ। ਇਨ੍ਹਾਂ ਪੰਜਾਂ ਦੇ ਸਮੁਦਾਇ ਨੂੰ ਹੁਣ ਮੇਰੇ ਤੁੱਲ ਸਮਝੋ, ਮੇਰੇ ਤੇ ਇਨ੍ਹਾਂ ਵਿਚ ਕੋਈ ਭੇਦ ਨਹੀਂ ਜਾਣੋ। ਹੁਣ ਸਿਖ ਸੰਗਤ ਸਮਝੀ ਕਿ ਓਹ ਹੋ ਇਹ ਤਾਂ ਕਸੌਟੀ ਸੀ, ਅਸੀਂ ਕਿਉਂ ਕੱਸੇ ਨਿਕਲੇ। ਫੇਰ ਸ਼ੁਕਰ ਕਰਨ ਕਿ ਸਾਡੇ ਵਿਚੋਂ ਪੰਜ ਨਿੱਤਰੇ, ਸਿੱਖੀ ਦੀ ਲਾਜ ਰਹਿ ਆਈ। ਜੇ ਇਹ ਬੀ ਨਾ ਨਿੱਤਰਦੇ ਤਾਂ ਖ਼ਬਰੇ ਗੁਰੂ ਜੀ ਅਜ ਮਸੰਦਾਂ ਵਾਂਙੂ ਸਿਖੀ ਤੋਂ ਬੀ ਉਦਾਸ ਹੋ ਜਾਂਦੇ। ਧੰਨ ਇਹ ਪੰਜ ਆਪਾ ਵਾਰੂ ਸਿਖ ਜਿਨ੍ਹਾਂ ਸਾਰੀ ਸਿੱਖੀ ਦੀ ਰਖ ਦਿਖਾਈ। ਸਾਰੇ ਉਨ੍ਹਾਂ ਪੰਜਾ ਨੂੰ ਸਤਿਕਾਰ ਨਾਲ ਸੀਸ ਨਿਵਾਉਣ। ਕੁਛ ਸਮਾਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਤੇ ਪੰਜਾਂ ਪਿਆਰਿਆਂ ਨੂੰ ਦਰਸ਼ਨ ਦੇਂਦੇ ਲੰਘਿਆ।

23 / 36
Previous
Next