ਕਹੇ ਇਹਨਾਂ ਦੇ ਨਾਂ ਪੀਵੀਂ
ਜੋ ਪੀਂਦੇ ਨਾਂ ਪਿਲਾਵਣ ਜੇ ਕਹੇ ਇਹਨਾਂ ਦੇ ਨਾਂ ਪੀਵੀਂ
ਮਿਲੇ ਸਰਵਰ ਜਿ ਮਸਤਾਂ ਦਾ ਕਹੇ ਉਸ ਪੀਕੇ ਗੁਟ ਥੀਵੀਂ।
'ਸਿਆਣਪ-ਪੈਰ' ਜੋ ਟੁਰਦੇ ਓ 'ਮਨ ਮਸਤੀ' ਦੇ ਖੰਭਾਂ ਨੂੰ
ਨ ਜਾਣਨ ਏ ਵਿਛੋੜਾ ਹਨ ਇ ਲੈ ਉੱਡਣਗੇ ਦਿਨ ਦੀਵੀਂ।
ਫਰਸ ਆਪੇ ਤੋਂ ਲੈ ਉਡਣ ਅਰਸ਼ ਪਰਦੇ ਨੂੰ ਜਾ ਪਾੜਨ,
ਦਿਖਾਵਣ ਹੁਸਨ ਦੀ ਝਾਕੀ ਲੁਕੀ ਬੈਠੀ ਜੁ ਹੋ ਖੀਵੀ
ਕਦਮ ਹੋਸ਼ਾਂ ਦੇ ਸੜ ਜਾਂਦੇ ਜਦੋਂ ਛੁਹਂਦੇ ਨੀ ਏ ਪਰਦਾ
ਫਟੇ ਲੀਰਾਂ ਹੋ ਨੀਲਾ ਏ ਜਦੋਂ ਮਸਤਾਂ ਦੀ ਛੁਹ ਛੀਵੀਂ।
ਜਦੋਂ ਦੀਦਾਰ ਹੁਸਨਾਂ ਦਾ ਤਦੋਂ ਨਜ਼ਰਾਂ ਲਿਪਟ ਜਾਣਾ,
ਲਿਪਟ ਖਾਂਦੇ ਕਿਵੇਂ ਪਰਤਣ ਵਤਨ 'ਹੋਸਾਂ' ਦੇ ਥਾਂ ਨੀਵੀਂ।
ਮੈਂ ਡਿੱਠੇ ਗਗਨ ਤੇ ਸਹੀਓ! ਪਤੰਗੇ ਬਨ ਰਹੇ ਤਾਰੇ
'ਨਜ਼ਾਰੇ ਨੂਰ' ਦੇ ਦੁਆਲੇ ਸਦਕੜੇ ਵਾਰਨੇ ਥੀਵੀ।
'ਨਜ਼ਰ ਨਾਜ਼ਰ ਨਜ਼ਾਰੇ' ਦਾ 'ਮੁਨੱਜ਼ਰ' ਹੈ ਅਜਬ ਸਹੀਓ!
ਮੈਂ ਮੋਈ ਏਸ ਝਲਕੇ ਸਾਂ ਝਲਕ ਏਸੇ ਤੋਂ ਮੁੜ ਜੀਵੀ।
ਚੜ੍ਹਾ ਭੱਠੀ ਤੂੰ ‘ਯਾਦਾਂ' ਦੀ 'ਇਸ਼ਕ' ਦਾ ਰਸ ਚੁਆ ਇਸਤੋਂ
ਲਬਾ ਲਬ ਜਾਮ ਭਰ ਭਰ ਪੀ ਜੁ ਏ ਮਸਤੀ ਨਜ਼ਰ ਢੀਵੀ।
ਮੈਂ ਸੁਣਿਆਂ ਰਾਤ ਨੂੰ ਸਹੀਓ! ਮੈਂ ਡਿੱਠਾ ਅੱਜ ਤੜਕੇ ਹੀ
ਜੁ ਇਸ ਮਸਤੀ ਤੋਂ ਖਾਲੀ ਹੈ ਉਨ੍ਹੇ ਨਹੀਂ ਹੋਸ਼ ਮਦ ਪੀਵੀ।
(ਸ਼੍ਰੀ ਨਗਰ 4-10-27)