ਢੱਠਾ ਦੇਉਦਾਰ
ਪਾਣੀ ਨੂੰ:-
ਜਦੋਂ ਮੈਂ ਆਪਣੇ ਪੈਰੀਂ ਖੜਾ ਸਾਂ, ਤਿ ਸਾਵਾ ਲਹਿਲਹਾ ਲੰਮਾ ਬੜਾ ਸਾਂ,
ਤਦੋਂ ਤੂੰ ਪੈਰ, ਪਾਣੀ! ਚੁੰਮਦਾ ਸੈਂ, ਦੁਆਲੇ ਲੇਟਦਾ ਤੇ ਘੁੰਮਦਾ ਸੈਂ,
ਵੜੋਂ ਅੰਦਰ ਤੂੰ ਘਾਲਾਂ ਘਾਲਦਾ ਮੈਂ ਰਗੇ ਰੇਸ਼ੇ ਮਿਰੇ ਤੂੰ ਪਾਲਦਾ ਮੈਂ
ਬਣੇਂਦੋਂ ਜਿੰਦ ਦੀ ਤੂੰ ਜਿੰਦ ਮੇਰੀ ਪਲੇਂਦੇਂ ਜਿੰਦ ਨੂੰ ਜਿਉਂ ਜਿੰਦ ਤੇਰੀ,
ਮਰੇਂਦਾ ਠੋਕਰਾਂ ਹੁਣ ਕਿਉਂ ਤੂੰ ਆਵੇਂ ਓਹੋ ਤੂੰ ਰਾਗ ਪਰ ਹੋਰੋਂਹਿ ਗਾਵੇਂ।
ਧਸੇਂ ਅੰਦਰ ਤਿ ਗਾਲੇਂ ਜਾਨ ਮੇਰੀ ਕਰੇ ਭੁੱਗਾ ਦਿਨੋ ਦਿਨ ਸ਼ਾਨ ਤੇਰੀ।
ਸੂਰਜ ਨੂੰ:-
ਉਹੋ ਸੂਰਜ ਚੜ੍ਹੇ ਆਕਾਸ਼ ਆਯਾ ਤੁਹੋਂ ਸੂਰਜ ਜਿਨ੍ਹੇ ਸੀ ਪ੍ਯਾਰ ਪਾਯਾ,
ਤਿਰੀ ਗਰਮੀ ਤਦੋਂ ਸੀ ਪਾਲਦੀ ਮੈਂ ਤਿਰੀ ਸੀ ਰੌਸ਼ਨੀ ਜਿੰਦ ਮੌਲਦੀ ਮੈਂ।
ਉਸੇ ਗਰਮੀ ਦੇ ਮਾਰੇਂ ਬਾਣ ਤਿੱਖੇ ਉਸੇ ਚਾਨਣ ਤੂੰ ਉਲਟੇ ਲੇਖ ਲਿਖੇ,
ਕਰੇਂ ਭੁੱਗਾ ਤੇ ਸਾੜੋਂ ਰੋਜ਼ ਮੈਨੂੰ ਜ਼ਰਾ ਆਵੇ ਨ ਹਾਇ ਰਹਿਮ ਤੈਨੂੰ।
ਪੌਣ ਨੂੰ:-
ਅਨੀ ਤੂੰ ਪੌਣ ਓਹੋ ਅਜ ਆਈ ਕਦੇ ਪਾ ਜੱਫੀਆਂ ਲੈਂਦੀ ਬਲਾਈਂ।
ਤਦੋਂ ਤੂੰ ਜਿੰਦ ਵਿਚ ਸੈ ਜਿੰਦ ਪਾਂਦੀ ਪੰਘੂੜੇ ਚਾੜਕੇ ਮਾਨੋਂ ਖਿਡਾਂਦੀ।
ਉਡਾਵੇਂ ਆਣ ਹੁਣ ਮਿੱਟੀ ਤੂੰ ਮੇਰੀ ਕਰੇਂ ਖੇਰੂ ਰੁਲਾਵੇਂ ਖਾਕ ਢੇਰੀ।
ਧਰਤੀ ਨੂੰ:-
ਅਹੇ ਧਰਤੀ ਤੂੰ ਗੋਦੀ ਵਿਚ ਖਿਡਾਯਾ, ਜੜਾਂ ਸੀਨੇ ਗਡਾਕੇ ਦੁਧ ਪਿਆਯਾ।
ਤੂੰ ਬੀ ਹੁਣ ਖਾਰਦੀ ਹੈ ਹੱਡ ਮੇਰੇ ਹੁਈ ਵੈਰਨ ਕਦੇ ਸਨ ਪ੍ਯਾਰ ਤੇਰੇ।
ਸੁਣੀ ਫਰਿਯਾਦ ਜਦ ਢੱਠੇ ਦੀ ਸਭਨੇ ਕਿਹਾ ਤਦ ਪੌਣ ਨੂੰ: 'ਕਰ ਗਲ ਪਵਨੇ,
ਪਵਨ ਤਦ ਆਪਣੀ ਸ਼ਾਂ ਸ਼ਾਂ ਸੰਭਾਲੀ ਤਿ ਬੋਲੀ ਬੋਲ ਓ ਕਰਕੇ ਸੁਖਾਲੀ।