ਮਹਿਬੂਬ ਨਕਸ਼
ਹੈ ਹਿਸਾਬੀ ਆਖਦਾ: "ਮੈਂ ਕਰ ਹਿਸਾਬਾਂ ਸਾਰੀਆਂ,
ਕਿਧਰੇ ਤਿਰੇ ਮਹਿਬੂਬ ਦੇ ਡਿੱਠੇ ਨਕਸ਼ ਨਾ ਧਾਰੀਆਂ"।
ਅਕਲ ਦੇ ਓ ਪਕੜ ਫੀਤੇ ਕਰਦਾ ਫਿਰੇ ਹੈ ਮਿਣਤੀਆਂ
ਖੋਜਦਾ ਤੇ ਭਾਲਦਾ ਦਿਲ ਲਾਕੇ ਟੁੱਭੀ ਤਾਰੀਆਂ।
ਸੌਂ ਰਹੇ ਗਾਫ਼ਲ ਕਈ ਸਿਰ-ਦਰਦੀਆਂ ਸਭ ਛੱਡ ਕੇ,
ਮਾਣ ਮੌਜਾਂ ਕੁਛ ਰਹੇ ਦੁਨੀਆਂ ਨੇ ਹਨ ਜੁ ਖਿਲਾਰੀਆਂ।
ਹਾਇ ਸਾਨੂੰ ਰਮਜ਼ ਕੇਹੀ ਗੈਬ ਤੋਂ ਹੈ ਪੈ ਗਈ,
ਖੁਲ੍ਹ ਪਈਆਂ ਹਨ ਸਾਹਮਣੇ ਸਾਡੇ ਕਿਤਾਬਾਂ ਨਯਾਰੀਆਂ।
ਸੁਹਲ ਵਰਯਾਂ ਵਾਲੜਾ ਦਫ਼ਤਰ ਗੁਲਾਬਾਂ ਖੁਹਲਿਆ
ਨਕਸ ਹਰ ਵਰਕੇ ਪਏ ਤੇ ਖਤ ਤੇ ਪਈਆਂ ਧਾਰੀਆਂ।
ਜਿਉਂਦਾ ਵਰਕ ਹੈ ਲਿੱਖਿਆ ਇਹ ਜੁ ਸੋਸਨ ਪੰਖੜੀ,
ਲਿਖਤ ਹੋਵੇ ਲਿਖੀ ਜਿਉਂਦੀ ਲਿਖੀ ਜੁ ਗ਼ੈਬ ਲਿਖਾਰੀਆਂ।
ਕਮਲ ਦੇ ਰੰਗ ਰੂਪ ਅੰਦਰ ਹੈ ਮਾਰਦਾ ਸੈਨਤ ਪਿਆ
ਉਹ ਜੁ ਲੁਕ ਲੁਕ ਬੈਠਦਾ ਤੇ ਕਰ ਰਿਹਾ ਗੁਲਕਾਰੀਆਂ।
ਓ ਨਕਸ਼ ਹੈ, ਹਾਂ ਰੂਪ ਹੈ, ਹਾਂ, ਜਿੰਦ ਹੈ ਹਾਂ. ਆਪ ਹੈ.
ਖ਼ੁਸ਼ਬੋ ਹੈ ਤੇਰੀ ਓ ਪਿਆਰੇ ਜੁ ਕਰ ਰਹੀ ਦਿਲਦਾਰੀਆਂ।
ਸਮਝ ਕੇ ਇਕ ਵਾਰ ਸੈਨਤ ਫਸ ਗਏ ਇਸ ਨਕਸ਼ ਵਿਚ
ਨੈਣਾਂ ਨੂੰ ਨਕਸ਼ਾਂ ਫੜ ਲਿਆ ਹੈਰਤ ਹੋਸ਼ਾਂ ਸੰਮ੍ਹਾਰੀਆਂ।
(ਮਾਊਂਟ ਆਬੂ 4-10-36)