ਛੁਹ
ਇਸ ਜਿੰਦ ਹੋਈ ਜਿੰਦਹੀਨ ਨੂੰ
ਹੁਣ ਛੁਹ ਲਾ ਜਿੰਦੜੀ ਪਾਣ,
ਕੁਈ ਬਿਜਲੀ ਹੋਕੇ ਆ ਛੁਹੀਂ
ਕੁਈ ਛੇਤੀ ਥਹਰ ਥਰਰਾਣ।
ਕੁਈ ਤਾਰਾ ਬਲਦਾ ਉੱਡਦਾ
ਹੋ ਉਤਰੀਂ ਛੇਤੀ ਹੇਠ,
ਲਸ ਨੀਲੀ ਨੀਲੀ ਥਰਕਵੀਂ
ਛੁਹ ਦੇ ਕੇ ਭਰ ਦੇ ਤ੍ਰਾਣ।
ਕੁਈ ਤੇਜ ਅਲਾਂਬਾ ਆਪਣਾ
ਲੈ ਸੂਰਜ ਵਾਙੂ ਆਉ,
ਤੇ ਕਿਰਨ-ਤੀਰ ਘੱਲ ਪੋੜਵੇਂ
ਖਿਚ ਅਪਣਾ ਤੀਰ ਕਮਾਣ।
ਯਾ ਮਿਕਨਾਤੀਸੀ ਛੁਹ ਕੋਈ
ਅਵੇ ਤੂੰ ਚੁੰਬਕ ਦੇ ਮੇਰੁ,
ਹੁਣ ਥਰਰ ਕਰੇਂਦੀ ਲਾਇਕੇ
ਇਹ ਜੀਉਂਦੇ ਕਰ ਦੇਹ ਪ੍ਰਾਣ।
ਹਾਂ, ਪਾਰਸ ਠੁਹਕਰ ਨਾਲ ਹੁਣ
ਕੁਈ ਪੱਕਾ ਕਰੀਂ ਵਟਾਉ,
ਜਿੰਦ ਨ ਹੁਇ ਜਿੰਦ ਹੀਣ ਮੁੜ
ਪਵੇ ਨ ਕੋਈ ਕਾਣ।