Back ArrowLogo
Info
Profile

ਤੇਰੀ ਕਮਾਲ ਸੈਨਤ

ਸੂਰਜ ਚੜ੍ਹੇ ਚਕੋਰਾ ਚੋਗਾ ਹੈ ਭਾਲਦਾ,

ਉਸਦੇ ਨ ਰੂਪ ਰੰਗ ਵੱਲ ਨੈਣਾਂ ਉਛਾਲਦਾ।

ਘੁੰਮੇ ਵਿਚ ਕੰਕਰਾਂ ਦੇ ਦਾਣੇ ਨੂੰ ਠੁੰਗਦਾ,

ਛਹਿਬਰ ਪ੍ਰਕਾਸ਼ ਸੂਰਜ ਰੱਤੀ ਨ ਖ੍ਯਾਲਦਾ।

ਸ਼ਾਮਾਂ ਨੂੰ ਝੰਡ ਤਾਰੇ ਨਿਕਲਣ ਅਕਾਸ਼ ਤੇ

ਗਮਜੇ ਉਨ੍ਹਾਂ ਦੇ ਦੇਖਣ ਅਖ ਨਾ ਦਿਖਾਲਦਾ।

ਐਪਰ ਜਦੋਂ ਅਕਾਸ਼ ਤੇ ਦਿਸ ਚੰਦ ਆਂਵਦਾ

ਨਜ਼ਰਾਂ ਅਕਾਸ ਗੱਡਦਾ ਖਿਚ ਖਾ ਕਮਾਲ ਦਾ।

ਕੁਹਕਦਾ ਹੋ ਬੇਖ਼ੁਦਾ ਉੱਛਾਲੇ ਖਾਂਵਦਾ,

ਨੈਣਾਂ ਨੂੰ ਨੂਰ ਚੰਦ ਦੇ ਚੋਗੇ ਤੇ ਪਾਲਦਾ।

ਚੜ੍ਹ ਪੀਂਘ ਬੇਖੁਦੀ ਦੀ ਖੁਦੀਆਂ ਤੇ ਝੂਟਦਾ,

ਆਪੇ ਹੀ ਅਪਣਾ ਆਪਾ ਦਿਲਬਰ ਤੇ ਘਾਲਦਾ।

ਕੀ ਖਿੱਚ ਓਸ ਨੂਰ ਦੀ ਉਸ ਅੱਖ ਵਸ ਰਹੀ,

ਸਾਰਾ ਹੀ ਖਿੱਚ ਹੋ ਗਿਆ ਖਿਚਿਆ ਜਮਾਲ ਦਾ।

ਝਲਕੇ ਚਕੋਰ ਨੈਣੀ ਕੀ ਰੰਗ ਚਾੜਿਆਂ,

ਕਦਮਾਂ 'ਚ ਯੁਮਨ ਭਰਿਆ ਮੋਰਾਂ ਦੀ ਚਾਲ ਦਾ।

ਕਲ ਕਹਿ ਰਿਹਾ ਸੀ ਸਾਕੀ ਦਾਖਾਂ ਨਿਚੋੜਦਾ

ਗੈਬੋਂ ਕੁਈ ਹੈ ਖਿੱਚ ਦੇ ਡੇਰੇ ਸਂਮ੍ਹਾਲਦਾ।

ਦਾਤਾ ਓ ਮਸਤ ਮੇਰਾ ਉੱਛਲਕੇ ਉੱਲਰਿਆ,

ਦਰਸ਼ਨ ਕਰਾਇਓ ਸੁ 'ਅਖ-ਡੋਰੇ' ਲਾਲ ਦਾ।

ਖਿਚ ਖਾ ਗਿਆ ਕਲੇਜਾ, ਧੂ ਪੈ ਗਈ ਅਗੰਮੀ,

ਲਾਲੀ ਨੇ ਰੰਗ ਲਾਯਾ ਅਪਨੇ ਗੁਲਾਲ ਦਾ।

ਤੇਰੀ ਕਮਾਲ ਸੈਨਤ ਮਸਤਾਂ ਦੇ ਸਰਵਰਾ ?

ਬੇਹੋਸੀਆਂ ਉਛਾਲੇਂ ਜਿੰਦੀਆਂ ਜਿਵਾਲਦਾ।

(ਬਾਰਾ ਮੂਲਾ 16-9-26)

82 / 121
Previous
Next