ਰਾਜ ਹੰਸਾਂ ਨੂੰ
ਨ ਜਾਲੀ ਲਾ, ਨ ਪਿੰਜਰਾ ਲੈ, ਹੁਮਾ ਨੂੰ ਫੜ ਨ ਹੰਸਾਂ ਨੂੰ,
ਨ ਸੋਚੀਂ ਕੈਦ ਪਾਣੇ ਦੀ ਤੂੰ ਪੰਛੀ ਉੱਚ ਅੰਸਾਂ ਨੂੰ।
ਨ ਰੀਝਣ ਚੋਗਿਆਂ ਤੇ ਓ ਕਿਵੇਂ ਉਤਰਨਗੇ ਜਾਲੀ ਤੇ ?
ਫਸਾ ਸਕਦਾ ਨਹੀਂ ਹੈਂ ਤੂੰ ਕਿਸੇ ਬਿਧਿ ਸ੍ਵੱਛ ਵੰਸਾਂ ਨੂੰ।
ਉ ਵਿਚਰਨ ਜਿਸ ਜਗਾ ਖੁੱਲ੍ਹੇ ਤੇ ਕਰਦੇ ਕੇਲ ਫਿਰਦੇ ਹਨ
ਤੂੰ ਜਾ ਉਸ ਥਾਂ ਦਰਸ ਪਰਸਨ ਮਿਟਾ ਦਿਲ ਮੈਲ ਮੰਸਾਂ ਨੂੰ ।
ਅਦਬ ਭੈ ਨਾਲ ਜਾਵੀਂ ਤੂੰ ਸੁਣੀਂ ਸੰਗੀਤ ਉਹਨਾਂ ਦੇ
ਲਈਂ ਸਿਖ ਵੱਲ ਨਿਖੇੜਨ ਦਾ ਅਸਾਰੋਂ ਸਾਰ ਅੰਸਾਂ ਨੂੰ।
ਮੁੜੇਂਗਾ ਫੇਰ ਹੋ ਆਪੇ ਹੁਮਾ ਤੂੰ ਰਾਜ ਹੰਸਾ ਤੂੰ
ਲਏਂ ਛਾਯਾ ਹੁਮਾ ਦੀ ਜਦ ਅਤੇ ਛੁਹ ਰਾਜ ਹੰਸਾਂ ਨੂੰ।
(ਡਿਹਹਾਦੂਨ 12-11-36)
ਹਜ਼ੂਰੀ ਦੀ ਮੰਗ
ਹਜ਼ੂਰੀ ਬਿਨ ਸਤਾਂਦੇ ਹਨ ਏ ਦੋਵੇਂ ਪੁੰਨ ਤੇ ਪਾਪ
ਹਜ਼ੂਰੀ ਦਾਨ ਤੇਰਾ ਹੈ ਪਰ ਜਿ ਦੇਂਵੇਂ ਤ੍ਰਠਕੇ ਆਪ।
ਬਲੇ ਜਿਸ ਥਾਂ ਹਜ਼ੂਰੀ ਭਾਹ ਦਖ਼ਲ ਕੀ ਗ਼ੈਰ ਦਾ ਉਸ ਥਾਂ
ਤੂੰ ਨੂਰੀ ਓਸ ਦੁਨੀਆਂ ਵਿਚ ਮਿਰੇ ਅੱਲਾ! ਪੁਚਾ ਲੈ ਆਪ।
ਖਿਲੀ ਗੁਲਜ਼ਾਰ ਇਕ ਰੰਗੀ ਨਗਨ ਹੋ ਰਹੀ ਹਜ਼ੂਰੀ ਹੈ
ਸੁਗੰਧ ਤੋਂ ਜਾਤ ਦੇ ਰਹੀ ਹੈ ਚਮਨ ਉਹ ਤੂੰ ਦਿਖਾਦੇ ਆਪ।
ਹਜ਼ੂਰੀ ਬਿਨ ਜੋ ਜੀਵਨ ਹੈ ਅਜੀਵਨ ਤੁੱਲ ਓਹ ਜੀਵਨ
ਬੁਚਾ ਲੈ ਇਸ ਅਜੀਵਨ ਤੋਂ ਹਜ਼ੂਰੀ ਜਿੰਦ ਲਾ ਦੇ ਆਪ।
ਨ ਦੂਰੀ ਦੂਰ ਹੁੰਦੀ ਹੈ ਨ ਮਿਟਦੀ ਵਿੱਥ ਕਿਸੇ ਤਰਲੇ
ਹਜ਼ੂਰੀ ਝਾਲ ਝਲਕਾਂਦੇ ਤੇ ਵਿੱਥਾਂ ਸਭ ਮਿਟਾ ਦੋ ਆਪ।
ਲਗਾਤਾਰੀ ਹਜ਼ੂਰੀ ਦਾ ਵਸੇਬਾ ਹੁਣ ਮਿਲੇ ਮੈਨੂੰ,
ਇਹ ਤੇਰੇ ਵੱਸ ਹੈ ਦਾਤਾ! ਮਰਹਮਤ ਕਰ ਦਿਵਾਦੇ ਆਪ।
ਰਹਿਣ ਹਾਜ਼ਰ ਦੀ ਤਾਬ ਅਪਨੀ ਹੈ ਅੱਲੀ ਮੇਰਿਆ ਅੱਲਾ,
ਪਕਾਦੇ ਰਹਿਮ ਕਰਕੇ ਹੁਣ ਮਿਹਰ ਕਰਕੇ ਦ੍ਰਿੜ੍ਹਾ ਦੇ ਆਪ।
(ਡਿਹਰਾਦੂਨ, 29-3-50)
–––––––––––
1. ਕੱਚੀ।