ਦੌਲਤ ਮਾਲ ਜਹਾਨ ਪਿਆਰਾ
ਦੌਲਤ ਮਾਲ ਜਹਾਨ ਪਿਆਰਾ, ਅਸਾਂ ਢੂੰਡ ਲੱਧਾ ਇਕ ਪਿਆਰਾ ।
ਸੋ ਭੀ ਲੋਕ ਨ ਦੇਖਣ ਦੇਂਦੇ, ਜਗ ਸੜਦਾ ਹੈਂਸਿਆਰਾ ।
ਦਿਲ ਵਿਚ ਸ਼ੌਕ ਬਖ਼ੀਲ ਚੁਫੇਰੇ, ਮੇਰਾ ਹੋਗੁ ਕਿਵੇਂ ਛੁਟਕਾਰਾ ।
ਹਾਸ਼ਮ ਆਓ ਮਿਲਾਓ ਰਾਂਝਾ, ਮੇਰਾ ਸੁਖ ਦਿਲ ਦਾ ਦੁਖ ਸਾਰਾ ।
ਦੀਪਕ ਦੇਖ ਜਲੇ ਪਰਵਾਨਾ
ਦੀਪਕ ਦੇਖ ਜਲੇ ਪਰਵਾਨਾ, ਉਨ ਇਹ ਕੀ ਮਜ਼੍ਹਬ ਪਛਾਤਾ ।
ਆਸ਼ਕ ਦੀਨ ਨ ਮਜ਼੍ਹਬ ਰਖੇਂਦੇ, ਉਨ੍ਹਾਂ ਵਿਰਦ ਖ਼ੁਦਾ ਕਰ ਜਾਤਾ ।
ਜਿਨ ਇਹ ਇਲਮ ਭੁਲਾਯਾ ਦਿਲ ਤੋਂ, ਉਨ ਲੱਧਾ ਯਾਰ ਗਵਾਤਾ ।
ਹਾਸ਼ਮ ਤਿਨ੍ਹਾਂ ਰੱਬ ਪਛਾਤਾ, ਜਿਨ੍ਹਾਂ ਆਪਣਾ ਆਪ ਪਛਾਤਾ ।
ਦੇਖਣ ਨੈਣ ਨਿਆਜ਼ ਨੈਣਾਂ ਦੀ
ਦੇਖਣ ਨੈਣ ਨਿਆਜ਼ ਨੈਣਾਂ ਦੀ, ਜਦ ਨੈਣ ਨੈਣਾਂ ਵਿਚ ਅਟਕੇ ।
ਨੈਣ ਬੁਰੇ ਨਿਤ ਮਾਰਨ ਚੋਕਾਂ, ਜਦ ਨੈਣ ਨੈਣਾਂ ਵਿਚ ਪਟਕੇ ।
ਕਾਰੀ ਚੋਟ ਨੈਣਾਂ ਨੂੰ ਲੱਗੀ, ਨੈਣ ਹਰਗਿਜ਼ ਰਹਿਣ ਨ ਅਟਕੇ ।
ਹਾਸ਼ਮ ਦੋਸ਼ ਨੈਣਾਂ ਵਿਚ ਨਾਹੀਂ, ਨੈਣ ਦੇਖਿ ਅਦਾਈਂ ਲਟਕੇ ।
ਦੇਖ ਚਕੋਰ ਕਹਿਆ ਇਕ ਮੁਨਸਫ਼
ਦੇਖ ਚਕੋਰ ਕਹਿਆ ਇਕ ਮੁਨਸਫ਼, ਤੈਨੂੰ ਮੂਰਖ਼ ਕਹਾਂ ਸਿਆਣਾ ?
ਉਹ ਚੰਦ ਪ੍ਰਿਥਵੀਪਤਿ ਰਾਜਾ, ਤੂੰ ਪੰਛੀ ਲੋਕ ਨਿਮਾਣਾ ।
ਕਹਿਆ ਚਕੋਰ, 'ਨਹੀਂ ਤੂੰ ਮਹਿਰਮ, ਏਸ ਰਮਜ਼ੋਂ ਜਾਹ ਅਣਜਾਣਾ !
ਹਾਸ਼ਮ ਰਾਜ ਨ ਦਿਸਦਾ ਮੈਨੂੰ, ਮੈਂ ਯਾਰ ਜਾਨੀ ਕਰ ਜਾਣਾ' ।
ਦਿਲਬਰ ਦਾਮ ਵਿਛਾ ਜ਼ੁਲਫ਼ ਦੀ
ਦਿਲਬਰ ਦਾਮ ਵਿਛਾ ਜ਼ੁਲਫ਼ ਦੀ, ਵਿਚ ਚੋਗ ਹੁਸਨ ਦੀ ਪਾਈ ।
ਦੇਖ ਖ਼ੁਰਾਕ ਜਨਾਵਰ ਦਿਲ ਦਾ, ਉਹ ਜਾ ਪਇਆ ਵਿਚ ਫਾਹੀ ।
ਹੈ ਕਿਤ ਹਾਲ ਗ਼ਰੀਬ ਬਿਚਾਰਾ, ਮੁੜ ਦਿਲ ਦੀ ਖ਼ਬਰ ਨ ਆਈ ।
ਹਾਸ਼ਮ ਮੁੜਨ ਮੁਹਾਲ ਤਿਨ੍ਹਾਂ ਨੂੰ, ਜਿਨ੍ਹਾਂ ਨਿਵ ਸਿਰ ਬਾਜ਼ੀ ਲਾਈ ।
ਦਿਲਬਰ ਵੇਖ ਰਿਹਾ ਵਿਚ ਸ਼ੀਸ਼ੇ
ਦਿਲਬਰ ਵੇਖ ਰਿਹਾ ਵਿਚ ਸ਼ੀਸ਼ੇ, ਉਹਨੂੰ ਸੂਰਤਿ ਨਜ਼ਰ ਨ ਆਵੇ ।
ਪਾਣੀ ਦੇ ਵਿਚ ਸਹੀ ਨ ਹੋਵੇ, ਜਦ ਆਈਨਾ ਅਕਸ ਮਿਲਾਵੇ ।
ਦੀਪਕ ਕੋਲ ਚਿਖਾ ਦੇ ਧਰਿਆ, ਉਹਦੀ ਚਮਕ ਚਮਕ ਮਿਲ ਜਾਵੇ ।
ਹਾਸ਼ਮ ਆਪ ਹੋਵੇ ਲਖ ਸ਼ੀਸ਼ਾ, ਉਹਨੂੰ ਸ਼ੀਸ਼ਾ ਕੌਣ ਦਿਖਾਵੇ ।
ਦਿਲਬਰ ਯਾਰ ਫ਼ਿਰਾਕ ਦੇ ਮੇਰੇ
ਦਿਲਬਰ ਯਾਰ ਫ਼ਿਰਾਕ ਦੇ ਮੇਰੇ, ਵਗਦੇ ਨੈਣ ਫੁਹਾਰੇ ।
ਦਿਲ ਦਾ ਖ਼ੂਨ ਵਗੇ ਵਿਚ ਰਲਿਆ, ਜਿਹੜੇ ਚਮਕਣ ਸੁਰਖ਼ ਸਤਾਰੇ ।
ਆਤਸ਼ਬਾਜ਼ ਪ੍ਰੇਮ ਬਣਾਏ, ਫੁਲਝੜੀਆਂ ਨੈਣ ਬਿਚਾਰੇ ।
ਹਾਸ਼ਮ ਖ਼ੂਬ ਤਮਾਸ਼ਾ ਬਣਿਆ, ਹੁਣ ਲਾਇਕ ਯਾਰ ਪਿਆਰੇ ।
ਦਿਲਬਰ ਯਾਰ ਕੇਹਾ ਤੁਧ ਕੀਤਾ
ਦਿਲਬਰ ਯਾਰ ਕੇਹਾ ਤੁਧ ਕੀਤਾ, ਮੇਰੀ ਪਕੜੀ ਜਾਨ ਅਜ਼ਾਬਾਂ ।
ਦਾਰੂ ਦਰਦ ਤੇਰੇ ਦਾ ਨਾ ਹੈ, ਅਸਾਂ ਪੜ੍ਹੀਆਂ ਲਾਖ ਕਿਤਾਬਾਂ ।
ਰੋਵਣ ਜੋਸ਼ ਲਗੇ ਨਿਤ ਅੱਖੀਆਂ, ਜਦ ਭੜਕੀ ਭਾਹ ਕਬਾਬਾਂ ।
ਹਾਸ਼ਮ ਬਹੁਤ ਸਹੇ ਦੁਖ ਪਿਆਰੇ, ਕਦੀ ਆ ਮਿਲ ਦੇਖ ਖ਼ਰਾਬਾਂ ।
ਦਿਲਬਰ ਯਾਰ ਕੇਹੀ ਤੁਧ ਕੀਤੀ
ਦਿਲਬਰ ਯਾਰ ਕੇਹੀ ਤੁਧ ਕੀਤੀ, ਮਿਰੇ ਸਾਸ ਲਬਾਂ ਪਰ ਆਏ ।
ਜ਼ਾਹਰ ਕਰਾਂ ਹੋਵੇ ਜਗ ਰੁਸਵਾ, ਤੇ ਹੁਇਆ ਖਾਮੋਸ਼ ਨ ਜਾਏ ।
ਮੈਂ ਕਰ ਸ਼ਰਮ ਡਰਾਂ ਵਿਚ ਵੇਹੜੇ, ਅਤੇ ਬਿਰਹੋਂ ਢੋਲ ਵਜਾਏ ।
ਹਾਸ਼ਮ ਫੀਲ ਵੜੇ ਜਿਸ ਵੇਹੜੇ, ਭਲਾ ਕਿਚਰਕੁ ਕੋਈ ਲੁਕਾਏ ।
ਦਿਲਬਰ ਯਾਰ ਕਿਹੇ ਦਿਨ ਆਹੇ
ਦਿਲਬਰ ਯਾਰ ਕਿਹੇ ਦਿਨ ਆਹੇ, ਜਦ ਹੱਸ ਹੱਸ ਲੈ ਗਲਿ ਮਿਲਦੇ ।
ਜਿਉਂ ਜਿਉਂ ਬੇਪਰਵਾਹੀ ਕਰਦਾ, ਸਾਨੂੰ ਡਾਹ ਲਗਣ ਤਿਲ ਤਿਲ ਦੇ ।
ਤਸਬੀ ਦੇਖ ਨਾਹੀਂ ਹੱਥ ਸਾਡੇ, ਅਸਾਂ ਦਾਗ਼ ਰਖੇ ਗਿਣ ਦਿਲ ਦੇ ।
ਹਾਸ਼ਮ ਧੋਵਣ ਬਹੁਤ ਔਖੇਰਾ, ਪਰ ਦਾਗ਼ ਨ ਦਿਲ ਤੋਂ ਹਿਲਦੇ ।
ਦਿਲਬਰ ਯਾਰ ਮਹੂਰਤ ਕਰ ਲੈ
ਦਿਲਬਰ ਯਾਰ ਮਹੂਰਤ ਕਰ ਲੈ, ਅੱਜ ਨਾਲਿ ਅਸਾਂ ਮੁਖ ਹੱਸਕੇ ।
ਬਿਜਲੀ ਰੋਜ਼ ਨਹੀਂ ਝੜ ਹੋਵੇ, ਅਤੇ ਮੇਘ ਸਮੇਂ ਵਿਚ ਲਸ਼ਕੇ ।
ਜਾਂ ਮੁੜਿ ਫੇਰਿ ਜਵਾਨੀ ਆਵੇ, ਅਤੇ ਜੀਉ ਲਏ ਮਨ ਵਸ ਕੇ ।
ਹਾਸ਼ਮ ਜਾਣ ਗ਼ਨੀਮਤ ਮਿਲਣਾ, ਮਿਲ ਨਾਲ ਅਸਾਂ ਹੱਸ ਰਸ ਕੇ ।
ਦਿਲਬਰ ਯਾਰ ਨਦੀ ਦੀਆਂ ਲਹਿਰੀਂ
ਦਿਲਬਰ ਯਾਰ ਨਦੀ ਦੀਆਂ ਲਹਿਰੀਂ, ਇਹ ਸਦਾ ਨ ਰਹਿਣ ਇਥਾਈਂ ।
ਤੈਂਡਾ ਇਸ਼ਕ ਮੇਰੀ ਦਿਲਗ਼ੀਰੀ, ਕੋਈ ਲਾਖ ਵਰ੍ਹੇ ਤਕ ਨਾਹੀਂ ।
ਦੋ ਦਿਨ ਭੌਰ ਗੁਲਾਂ ਦਾ ਮੇਲਾ, ਅਤੇ ਆਸ ਉਮੀਦ ਸਰਾਈਂ ।
ਹਾਸ਼ਮ ਪਰ ਕੀ ਦੋਸ਼ ਮਿਤ੍ਰ ਵਿਚ, ਲੇਖ ਅਸਾਡੇ ਨਾਹੀਂ ।
ਦਿਲਬਰ ਯਾਰ ਨ ਦੋਸ਼ ਤੁਸਾਨੂੰ
ਦਿਲਬਰ ਯਾਰ ਨ ਦੋਸ਼ ਤੁਸਾਨੂੰ, ਕੀ ਕਰੀਏ ਸਿਫ਼ਤ ਤੁਸਾਡੀ ।
ਮਿਲੇ ਤੰਬੀਹ ਗ਼ੁਨਾਹਾਂ ਮੂਜਬ, ਇਹ ਸਭ ਤਕਸੀਰ ਅਸਾਡੀ ।
ਮੁਨਸਫ਼ ਦਰਦਮੰਦਾਂ ਦੇ ਨਾਹੀਂ, ਇਹ ਬਾਣ ਤੁਸਾਂ ਵਿਚ ਡਾਢੀ ।
ਗ਼ੈਰਤ ਤੇਗ਼ ਜਿਨ੍ਹਾਂ ਦੀ ਹਾਸ਼ਮ, ਕਿਉਂ ਢੂੰਡਣ ਤੇਗ਼ ਫ਼ੌਲਾਦੀ ।
ਦਿਲਬਰ ਯਾਰ ਨ ਕਰ ਅਲਗਰਜ਼ੀ
ਦਿਲਬਰ ਯਾਰ ਨ ਕਰ ਅਲਗਰਜ਼ੀ, ਇਨ੍ਹਾਂ ਨਾਲ ਨਿਮਾਣਿਆਂ ਯਾਰਾਂ ।
ਇਕ ਜੰਮਦੇ ਇਕ ਮੈਂ ਤੁਧ ਜੇਹੇ, ਕਈ ਰੁਲ ਗਏ ਖ਼ਾਕ ਹਜ਼ਾਰਾਂ ।
ਕਿਚਰਕੁ ਕੂਕ ਪਪੀਹਾ ਕੂਕੇ, ਅਤੇ ਕਿਚਰਕੁ ਪਵਣ ਪੁਹਾਰਾਂ ।
ਹਾਸ਼ਮ ਹੋਸ਼ ਪਕੜ, ਨਹੀਂ ਬੰਦੇ ! ਕੋਈ ਨਿਤ ਨਿਤ ਚੇਤ ਬਹਾਰਾਂ ।
ਦਿਲਬਰ ਯਾਰ ਸ਼ਿੰਗਾਰ ਰੰਗੀਲਾ
ਦਿਲਬਰ ਯਾਰ ਸ਼ਿੰਗਾਰ ਰੰਗੀਲਾ, ਮਤ ਬਾਹਰ ਦੇਖ ਅਸਾਡੇ ।
ਦਿਲ ਬੰਦ ਹੋਇਆ ਨਿਤ ਮਿਲਣ ਤੰਬੀਹਾਂ, ਅਤੇ ਬ੍ਰਿਹੋਂ ਮਗਰ ਪਿਆਦੇ ।
ਦਰਦ ਫ਼ਿਰਾਕ ਤੁਸਾਡੇ ਵਾਲਾ, ਇਹ ਹੋਇਆ ਨਸੀਬ ਅਸਾਡੇ ।
ਹਾਸ਼ਮ ਦੇਖ ਵਜ਼ੀਫ਼ਾ ਆਹੀਂ, ਪਰ ਖ਼ਾਤਰ ਯਾਰ ਤੁਸਾਡੇ ।
ਦਿਲ ਦੇ ਕੋਲ ਅੱਖੀਂ ਨਹੀਂ ਦਿਸਦੇ
ਦਿਲ ਦੇ ਕੋਲ ਅੱਖੀਂ ਨਹੀਂ ਦਿਸਦੇ, ਦਿਲਬਰ ਮੀਤ ਖੜੇ ਦਿਲ ਜਾਨੀ ।
ਆ ਜਾਨੀ ਪਰਦੇਸੀ ਪਿਆਰੇ ! ਤੇਰੇ ਪਲ ਪਲ ਦੇ ਕੁਰਬਾਨੀ ।
ਤੈਂ ਬਿਨ ਦੇਸ ਉਜਾੜਾ ਦਿਸਦਾ, ਜਿਹੜਾ ਆਹਾ ਨੂਰ ਨੂਰਾਨੀ ।
ਹਾਸ਼ਮ ਆਖ ਸੱਜਣ ਨੂੰ ਮਿਲ ਕੇ, ਮੈਂ ਤੁਧ ਦੇ ਬਾਝ ਦੀਵਾਨੀ ।
ਦਿਲ ਦਿਲਗ਼ੀਰ ਹੋਇਆ ਤਕਦੀਰੋਂ
ਦਿਲ ਦਿਲਗ਼ੀਰ ਹੋਇਆ ਤਕਦੀਰੋਂ, ਤੈਨੂੰ ਕੌਣ ਦੇਵੇ ਦਮ ਸੁਖ ਦਾ ।
ਬਹੁਤੇ ਯਾਰ ਬਿਦਰਦ ਲਿਬਾਸੀ, ਕਰ ਗਿਆਨ ਸੁਣਾਵਣ ਮੁਖ ਦਾ ।
ਦਰਦੀ ਦਰਦ ਵੰਡਾਇਆ ਲੋੜਨ, ਹਥੋਂ ਆਣ ਦੁਖਾਵਣ ਦੁਖ ਦਾ ।
ਕਾਮਲ ਯਾਰ ਮਿਲੇ ਕੋਈ ਹਾਸ਼ਮ, ਤਾਂ ਸਰਦ ਹੋਵੇ ਦਮ ਦੁਖ ਦਾ ।
ਦਿਲ ਘਾਇਲ ਦਿਲਬਰ ਨੂੰ ਕਹਿਆ
ਦਿਲ ਘਾਇਲ ਦਿਲਬਰ ਨੂੰ ਕਹਿਆ, ਤੂੰ ਸੁਣ ਜਾਨੀ ਮੇਰਾ ।
ਜੇ ਤੂੰ ਐਬ ਡਿਠਾ ਵਿਚ ਸਾਡੇ, ਅਤੇ ਧਰਿਆ ਪੈਰ ਪਰੇਰਾ ।
ਤੈਂਡੇ ਨਾਲ ਨਹੀਂ ਕੁਝ ਮਤਲਬ, ਸਾਨੂੰ ਸ਼ੌਂਕ ਲੋੜੀਂਦਾ ਤੇਰਾ ।
ਹਾਸ਼ਮ ਰਹਿਗੁ ਕਿਆਮਤ ਤੋੜੀਂ, ਸਾਨੂੰ ਏਹੋ ਦਾਨ ਬਤੇਰਾ ।
ਦਿਲ ਨੂੰ ਬਾਣ ਪਿਆ ਇਕ ਮਾਏ
ਦਿਲ ਨੂੰ ਬਾਣ ਪਿਆ ਇਕ ਮਾਏ ! ਮੈਨੂੰ ਜ਼ਾਹਰ ਮੂਲ ਨ ਹੋਵੇ ।
ਆਪੇ ਬਾਲ ਚਿਖਾ ਵਿਚ ਜਲਦਾ, ਪਰ ਸੇਕ ਲਗੇ ਬਹਿ ਰੋਵੇ ।
ਛਡਦਾ ਬਾਣ ਨ ਜਲਬਲ ਮੁਰਦਾ, ਮੇਰੀ ਜਾਨ ਖਲਾਸੀ ਹੋਵੇ ।
ਹਾਸ਼ਮ ਹਾਲ ਤੱਤੀ ਦਾ ਜਾਣੇ, ਜਿਹੜਾ ਨਾਲ ਲਹੂ ਮੁਖ ਧੋਵੇ ।
ਦਿਲ ਸੋਈ ਜੋ ਸੋਜ਼ ਸੱਜਨ ਦੇ
ਦਿਲ ਸੋਈ ਜੋ ਸੋਜ਼ ਸੱਜਨ ਦੇ, ਨਿਤ ਖ਼ੂਨ ਜਿਗਰ ਦਾ ਪੀਵੇ ।
ਨੈਣ ਸੋਈ ਜੋ ਆਸ ਦਰਸ ਦੀ, ਨਿਤ ਰਹਿਣ ਹਮੇਸ਼ਾ ਖੀਵੇ ।
ਦਿਲ ਬੇਦਰਦ ਬਿਆਧੀਂ ਭਰਿਆ, ਸ਼ਾਲਾ!ਉਹ ਹਰ ਕਿਸੇ ਨ ਥੀਵੇ ।
ਹਾਸ਼ਮ ਸੋ ਦਿਲ ਜਾਣ ਰੰਗੀਲਾ, ਜਿਹੜਾ ਦੇਖ ਦਿਲਾਂ ਵਲ ਜੀਵੇ ।