ਦਿਲ ਦਿਲਗ਼ੀਰ ਹੋਇਆ ਤਕਦੀਰੋਂ
ਦਿਲ ਦਿਲਗ਼ੀਰ ਹੋਇਆ ਤਕਦੀਰੋਂ, ਤੈਨੂੰ ਕੌਣ ਦੇਵੇ ਦਮ ਸੁਖ ਦਾ ।
ਬਹੁਤੇ ਯਾਰ ਬਿਦਰਦ ਲਿਬਾਸੀ, ਕਰ ਗਿਆਨ ਸੁਣਾਵਣ ਮੁਖ ਦਾ ।
ਦਰਦੀ ਦਰਦ ਵੰਡਾਇਆ ਲੋੜਨ, ਹਥੋਂ ਆਣ ਦੁਖਾਵਣ ਦੁਖ ਦਾ ।
ਕਾਮਲ ਯਾਰ ਮਿਲੇ ਕੋਈ ਹਾਸ਼ਮ, ਤਾਂ ਸਰਦ ਹੋਵੇ ਦਮ ਦੁਖ ਦਾ ।
ਦਿਲ ਘਾਇਲ ਦਿਲਬਰ ਨੂੰ ਕਹਿਆ
ਦਿਲ ਘਾਇਲ ਦਿਲਬਰ ਨੂੰ ਕਹਿਆ, ਤੂੰ ਸੁਣ ਜਾਨੀ ਮੇਰਾ ।
ਜੇ ਤੂੰ ਐਬ ਡਿਠਾ ਵਿਚ ਸਾਡੇ, ਅਤੇ ਧਰਿਆ ਪੈਰ ਪਰੇਰਾ ।
ਤੈਂਡੇ ਨਾਲ ਨਹੀਂ ਕੁਝ ਮਤਲਬ, ਸਾਨੂੰ ਸ਼ੌਂਕ ਲੋੜੀਂਦਾ ਤੇਰਾ ।
ਹਾਸ਼ਮ ਰਹਿਗੁ ਕਿਆਮਤ ਤੋੜੀਂ, ਸਾਨੂੰ ਏਹੋ ਦਾਨ ਬਤੇਰਾ ।
ਦਿਲ ਨੂੰ ਬਾਣ ਪਿਆ ਇਕ ਮਾਏ
ਦਿਲ ਨੂੰ ਬਾਣ ਪਿਆ ਇਕ ਮਾਏ ! ਮੈਨੂੰ ਜ਼ਾਹਰ ਮੂਲ ਨ ਹੋਵੇ ।
ਆਪੇ ਬਾਲ ਚਿਖਾ ਵਿਚ ਜਲਦਾ, ਪਰ ਸੇਕ ਲਗੇ ਬਹਿ ਰੋਵੇ ।
ਛਡਦਾ ਬਾਣ ਨ ਜਲਬਲ ਮੁਰਦਾ, ਮੇਰੀ ਜਾਨ ਖਲਾਸੀ ਹੋਵੇ ।
ਹਾਸ਼ਮ ਹਾਲ ਤੱਤੀ ਦਾ ਜਾਣੇ, ਜਿਹੜਾ ਨਾਲ ਲਹੂ ਮੁਖ ਧੋਵੇ ।
ਦਿਲ ਸੋਈ ਜੋ ਸੋਜ਼ ਸੱਜਨ ਦੇ
ਦਿਲ ਸੋਈ ਜੋ ਸੋਜ਼ ਸੱਜਨ ਦੇ, ਨਿਤ ਖ਼ੂਨ ਜਿਗਰ ਦਾ ਪੀਵੇ ।
ਨੈਣ ਸੋਈ ਜੋ ਆਸ ਦਰਸ ਦੀ, ਨਿਤ ਰਹਿਣ ਹਮੇਸ਼ਾ ਖੀਵੇ ।
ਦਿਲ ਬੇਦਰਦ ਬਿਆਧੀਂ ਭਰਿਆ, ਸ਼ਾਲਾ!ਉਹ ਹਰ ਕਿਸੇ ਨ ਥੀਵੇ ।
ਹਾਸ਼ਮ ਸੋ ਦਿਲ ਜਾਣ ਰੰਗੀਲਾ, ਜਿਹੜਾ ਦੇਖ ਦਿਲਾਂ ਵਲ ਜੀਵੇ ।
ਦਿਲ ਤੂੰ ਹੀ ਦਿਲਬਰ ਭੀ ਤੂੰ ਹੀ
ਦਿਲ ਤੂੰ ਹੀ ਦਿਲਬਰ ਭੀ ਤੂੰ ਹੀ, ਅਤੇ ਦੀਦ ਤੂੰ ਹੀ ਦੁਖ ਤੇਰਾ ।
ਨੀਂਦਰ ਭੁੱਖ ਆਰਾਮ ਤੂੰ ਹੀ ਤੂੰ, ਅਤੇ ਤੈਂ ਬਿਨ ਜਗਤ ਅੰਧੇਰਾ ।
ਨੈਣ ਪਰਾਣ ਹਯਾਤੀ ਤੂੰ ਹੀ, ਇਕ ਹਰਫ਼ ਨਹੀਂ ਵਿਚ ਮੇਰਾ ।
ਹਾਸ਼ਮ ਸਾਂਝ ਤੁਸਾਡੇ ਦਮ ਦੀ, ਹੋਰ ਵਸਦਾ ਮੁਲਕ ਬਤੇਰਾ ।
ਦਿਲ ਵਿਚ ਸਬਰ ਹਯਾ ਨ ਮਾਏ
ਦਿਲ ਵਿਚ ਸਬਰ ਹਯਾ ਨ ਮਾਏ ! ਵੰਞ ਖੜਿਆ ਹੋਤਾਂ ਛਲ ਕੇ ।
ਬਾਲਣ ਬਦਨ ਦਲੀਲਾਂ ਆਤਸ਼, ਉਹ ਠਾਂਢ(ਡਾਢ) ਡਿਠੀ ਬਲ ਬਲ ਕੇ ।
ਮਿਤਰਾਂ ਵੇਖ ਕੀਤੀ ਮਿਤ੍ਰਾਈ, ਅਜ ਨਾਲ ਬਲੋਚਾਂ ਰਲ ਕੇ ।
ਹਾਸ਼ਮ ਝਾਗ ਸੱਸੀ ਭੀ ਬਿਪਤਾ, ਜੋ ਮਰਗੁ ਥਲਾਂ ਵਿਚ ਜਲ ਕੇ ।
ਦਿਨ ਵਿਚ ਲਾਖ ਕ੍ਰੋੜ ਚਲਾਵਣ
ਦਿਨ ਵਿਚ ਲਾਖ ਕ੍ਰੋੜ ਚਲਾਵਣ, ਉਨ੍ਹਾਂ ਤਰਕਸ਼ ਤੀਰ ਨ ਮੁਕਦੇ ।
ਖ਼ੂਨੀ ਜ਼ਾਤ ਮਹਿਬੂਬ ਸਿਪਾਹੀ, ਜਿਹੜੇ ਚੋਟੋਂ ਮੂਲ ਨ ਉਕਦੇ ।
ਆਸ਼ਕ ਜਾਨ ਤਲੀ ਪਰ ਧਰ ਕੇ, ਫੇਰ(ਪੈਰ) ਪਿਛਾਂਹ ਨ ਚੁਕਦੇ ।
ਹਾਸ਼ਮ ਫੇਰ ਲਹਿਣ ਪਰ ਆਸ਼ਕ, ਸੁਹਣੇ ਰਹਿਣ ਹਮੇਸ਼ਾਂ ਲੁਕਦੇ ।
ਡਿਠੀ ਕਬਰ ਸਕੰਦਰ ਵਾਲੀ
ਡਿਠੀ ਕਬਰ ਸਕੰਦਰ ਵਾਲੀ, ਉਹ ਖ਼ਾਕ ਪਈ ਚੁਪ ਕੀਤੀ ।
ਅੱਖੀਂ ਮੀਟ ਤਾਂਹੀ ਕੁਝ ਦਿਸਦਾ, ਤੁਧ ਕੌਣ ਸਹੀ ਕਰ ਜਾਤੀ ।
ਹੱਸੇ ਹੋਤ ਨਾ ਆਹੀ ਸੱਸੀ, ਉਹ ਖ਼ੁਆਬ ਆਹੀ ਹੋ ਬੀਤੀ ।
ਹਾਸ਼ਮ ਆਖ ਸੱਜਣ ਕਿਸ ਬਦਲੇ, ਭਲਾ ਬਣ ਬਿਦਰਦ ਅਨੀਤੀ ।
ਦੋ ਦਿਨ ਕੂਕ ਪਪੀਹਾ ਕੂਕੇ
ਦੋ ਦਿਨ ਕੂਕ ਪਪੀਹਾ ਕੂਕੇ, ਉਹਨੂੰ ਬੂੰਦ ਅਕਾਸ਼ੋਂ ਪੈਂਦੀ ।
ਮੇਰੀ ਉਮਰ ਕੂਕੇਂਦਿਆਂ ਗੁਜ਼ਰੀ, ਅਤੇ ਜਾਨ ਸੂਲੀ ਨਿਤ ਸਹਿੰਦੀ ।
ਫਿਰਕਾ ਹੋਰ ਨ ਫਿਰਿਆ ਕੋਈ, ਰਹੀ ਵਾਉ ਇਹੋ ਨਿਤ ਵਹਿੰਦੀ ।
ਹਾਸ਼ਮ ਸਾਸ ਛੁਟਣ ਸੁਖ ਪਾਏ, ਮੇਰੀ ਆਸ ਇਹੋ ਨਿਤ ਰਹਿੰਦੀ ।
ਦੂਰ ਨਿਕਾਬ ਕੀਤਾ ਦਿਲਬਰ ਨੇ
ਦੂਰ ਨਿਕਾਬ ਕੀਤਾ ਦਿਲਬਰ ਨੇ, ਅਤੇ ਚਮਕੀ ਤੇਗ਼ ਮਿਆਨੋਂ ।
ਯਾ ਉਹ ਬਰਕ ਅਬਰ ਸੋਂ ਨਿਕਲੀ, ਯਾ ਹੂਰ ਡਿਗੀ ਅਸਮਾਨੋਂ ।
ਦੇਖ ਸ਼ਹੀਦ ਹੋਇ ਦਿਲ ਘਾਇਲ, ਅਤੇ ਗੁਜ਼ਰੇ ਏਸ ਜਹਾਨੋਂ ।
ਹਾਸ਼ਮ ਜ਼ਾਹਦਾਂ ਜ਼ੁਹਦ ਭੁਲਾਇਆ, ਅਤੇ ਰਹੀ ਕਲਾਮ ਜ਼ਬਾਨੋਂ ।
ਦੋਜ਼ਖ ਦੇ ਵਲ ਨਾਲ ਯਾਰਾਂ ਦੇ
ਦੋਜ਼ਖ ਦੇ ਵਲ ਨਾਲ ਯਾਰਾਂ ਦੇ, ਖ਼ੁਸ਼ ਹੋ ਕੇ ਪਗ ਧਰੀਏ ।
ਜੁਮਲ ਬਹਿਸ਼ਤ ਮਿਲੇ ਬਿਨ ਯਾਰਾਂ, ਤਾਂ ਜ਼ਰਾ ਕਬੂਲ ਨ ਕਰੀਏ ।
ਜੋ ਦਮ ਦੂਰ ਯਾਰਾਂ ਥੀਂ ਹੋਵੇ, ਉਹ ਦੋਜ਼ਖ ਦੇ ਦਮ ਭਰੀਏ ।
ਹਾਸ਼ਮ ਸਾਥ ਯਾਰਾਂ ਦਾ ਕਰੀਏ, ਖ਼ਵਾਹ ਤਰੀਏ ਖ਼ਵਾਹ ਮਰੀਏ ।
ਏਤ ਸਰਾਇ ਮੁਸਾਫ਼ਰਖ਼ਾਨੇ
ਏਤ ਸਰਾਇ ਮੁਸਾਫ਼ਰਖ਼ਾਨੇ, ਕਈ ਆ ਮੁਸਾਫ਼ਰ ਰਹਿੰਦੇ ।
ਰਾਤ ਰਹੇ ਕੋਈ ਇਕ ਪਲ ਠਹਿਰੇ, ਪਰ ਹੋਸ਼ ਆਈ ਉਠ ਬਹਿੰਦੇ ।
ਆਵਣ ਨਾਲ ਹੁਲਾਸ ਹੁਸਨ ਦੇ, ਅਤੇ ਜਾਂਦੇ ਨੀ ਦਿਲ ਦਹਿੰਦੇ ।
ਹਾਸ਼ਮ ਸਮਝਿ ਵਿਹਾਰ ਕਦੀਮੀ, ਅਸੀਂ ਕਾਸ ਪਿਛੇ ਦੁਖ ਸਹਿੰਦੇ ।
ਗਈ ਬਹਾਰ ਖਿਜ਼ਾਂ ਵੀ ਆਈ
ਗਈ ਬਹਾਰ ਖਿਜ਼ਾਂ ਵੀ ਆਈ, ਝੱਬ ਆਓ ਕਦੀ ਘੱਤ ਫੋਰਾ(ਫੇਰਾ) ।
ਚਿਰੀਂ ਵਿਛੁੰਨਿਆਂ ਦੇ ਗਲ ਮਿਲ ਕੇ, ਪਰ ਜ਼ੋਰ ਲਗਾਇਓ ਥੋੜਾ ।
ਕਰਸੀ ਪੀੜ ਕਲੇਜਾ ਦੁਖਸੀ, ਹੋਇਆ ਦਰਦ ਤਿਰੇ ਵਿਚ ਫੋੜਾ ।
ਹਾਸ਼ਮ ਹੋਣ ਪਿਆਰੇ ਦੁਸ਼ਮਣ, ਜਿਹੜੇ ਘੱਤਣ ਦਰਦ ਵਿਛੋੜਾ ।
ਗਹਿਰੀ ਰਾਤਿ ਹਾਥ ਛਿਪ ਜਾਵੇ
ਗਹਿਰੀ ਰਾਤਿ ਹਾਥ ਛਿਪ ਜਾਵੇ, ਅਤੇ ਪੌਣ ਰੂਪ ਜਮ ਸਰਕੇ ।
ਬਿਜਲੀ ਚਮਕ ਚਮਕ ਡਰ ਪਾਵੇ, ਬਰਫ਼ ਸਾਰ-ਮੁੰਹ ਕਰਕੇ ।
ਖ਼ੂਨੀ ਤੇਗ਼ ਤੇਜ਼ ਜਲ ਨਦੀਆਂ, ਓਥੇ ਸ਼ੀਂਹ ਮਰਨ ਡਰ ਡਰਕੇ ।
ਪ੍ਰੀਤ ਰੀਤਿ ਐਸੀ ਕਰ ਹਾਸ਼ਮ, ਸੋਹਣੀ ਫੇਰ ਜਾਵੇ ਨੈਂ ਤਰਕੇ ।
ਗ਼ੈਰਤ ਪਕੜ ਨਾਹੀਂ ਜੇ ਦੇਖੇਂ
ਗ਼ੈਰਤ ਪਕੜ ਨਾਹੀਂ ਜੇ ਦੇਖੇਂ, ਕੋਈ ਕਰ ਦੱਸੋ ਬੁਰਿਆਈ ।
ਕਿਚਰਕੁ ਰਹਿਗੁ ਗ਼ਰੀਬ ਬੇਚਾਰਾ, ਅਤੇ ਕਿਚਰਕੁ ਕਰੇ ਕਮਾਈ ।
ਜਿਥੇ ਅਕਲ ਗਈ ਕਰ ਸੌਦਾ, ਲੱਖ ਏਸ ਸ਼ਹਿਰ ਵਿਚ ਆਈ ।
ਅਪਣੀ ਖ਼ਬਰ ਨਾਹੀਂ ਕੁਛ ਹਾਸ਼ਮ, ਕੀ ਮਤਲਬ ਨਾਲ ਪਰਾਈ ।
ਘਰ ਵਿਚ ਲੱਖ ਦੁਸ਼ਮਣ ਲੱਖ ਦੋਸਤ
ਘਰ ਵਿਚ ਲੱਖ ਦੁਸ਼ਮਣ ਲੱਖ ਦੋਸਤ, ਤੂੰ ਬਾਹਰ ਫਿਰੇਂ ਢੂੰਡੇਂਦਾ ।
ਦਾਅਵਾ ਹਿਰਸ ਗ਼ਰੂਰ ਜਹਾਨੀਂ, ਨਹੀਂ ਘਰ ਵਿਚ ਹੁਕਮ ਮੰਨੇਂਦਾ ।
ਇਹ ਦੁਸ਼ਮਣ ਘਰ ਦੇ ਲਖ ਸੂਲਾਂ, ਨਹੀਂ ਜਿਸ ਲਗ ਸਾਫ਼ ਕਰੇਂਦਾ ।
ਜੀਵੰਦਿਆਂ ਵਿਚ ਜਾਣ ਨ ਹਾਸ਼ਮ, ਜੈਂਦੇ ਘਰ ਵਿਚ ਸ਼ੇਰ ਬੁਕੇਂਦਾ ।
ਗੁਲ ਨੇ ਦਰਦ ਦਿਤਾ ਬੁਲਬੁਲ ਨੂੰ
ਗੁਲ ਨੇ ਦਰਦ ਦਿਤਾ ਬੁਲਬੁਲ ਨੂੰ, ਉਹਦੀ ਆਣ ਕੀਤੀ ਦਿਲਦਾਰੀ ।
ਤੂੰ ਮਹਿਬੂਬ ਕਹਿਆ ਬੁਲਬੁਲ ਨੇ, ਕਿਉਂ ਕਰਨਾ ਹੈਂ ਇੰਤਜ਼ਾਰੀ ।
ਮਾਲੀ ਤੋੜ ਲਵਗੁ ਗੁਲ ਕਹਿਆ, ਅਸਾਂ ਜਦ ਇਹ ਰਾਤ ਗੁਜ਼ਾਰੀ ।
ਹਾਸ਼ਮ ਯਾਦ ਕਰੇਸੀ ਬੁਲਬੁਲ, ਇਹ ਉਲਫ਼ਤ ਬਾਤ ਹਮਾਰੀ ।
ਗੁਲ ਤੇ ਖ਼ਾਰ ਪੈਦਾਇਸ਼ ਇਕਸੇ
ਗੁਲ ਤੇ ਖ਼ਾਰ ਪੈਦਾਇਸ਼ ਇਕਸੇ, ਇਸ ਬਾਗ਼ ਚਮਨ ਦੇ ਦੋਵੀਂ ।
ਇਕ ਸ਼ਬ ਉਮਰ ਗੁਲਾਂ ਦੀ ਓੜਕ, ਅਤੇ ਖ਼ਾਰ ਰਹੇ ਨਿਤ ਓਵੀਂ ।
ਥੋੜਾ ਰਹਿਣ ਕਬੂਲ ਪਿਆਰੇ, ਪਰ ਤੂੰ ਖ਼ਾਰ ਨ ਹੋਵੀਂ ।
ਹਾਸ਼ਮ ਆਣ ਮਿਲੀਂ ਗੁਲ ਹੱਸਕੇ, ਭਾਵੇਂ ਇਕ ਪਲ ਪਾਸ ਖਲੋਵੀਂ ।
ਹਾਕਮ ਹੁਕਮ ਨਸੀਬੋਂ ਕਰਦਾ
ਹਾਕਮ ਹੁਕਮ ਨਸੀਬੋਂ ਕਰਦਾ, ਪਰ ਲਸ਼ਕਰ ਪਾਸ ਖੜੋਵੇ ।
ਘਾਇਲ ਇਸ਼ਕ ਦਿਲਾਂ ਨੂੰ ਕਰਦਾ, ਪਰ ਨੈਣ ਵਸੀਲਾ ਹੋਵੇ ।
ਹੈ ਤਕਦੀਰ ਵੱਲੋਂ ਸਭ ਲਿਖਿਆ, ਪਰ ਬਿਨ ਅਸਬਾਬ ਨ ਹੋਵੇ ।
ਹਾਸ਼ਮ ਬਾਝ ਤੁਲਹਾ ਨਹੀਂ ਬੇੜੀ, ਅਤੇ ਪਾਸ ਨਦੀ ਬਹਿ ਰੋਵੇ ।
ਹਰ ਹਰ ਪੋਸਤ ਦੇ ਵਿਚ ਦੋਸਤ
ਹਰ ਹਰ ਪੋਸਤ ਦੇ ਵਿਚ ਦੋਸਤ, ਉਹ ਦੋਸਤ ਰੂਪ ਵਟਾਵੇ ।
ਦੋਸਤ ਤੀਕ ਨਾ ਪਹੁੰਚੇ ਕੋਈ, ਇਹ ਪੋਸਤ ਚਾਇ ਭੁਲਾਵੇ ।
ਦੋਸਤ ਖ਼ਾਸ ਪਛਾਣੇ ਤਾਂਹੀ, ਜਦ ਪੋਸਤ ਖ਼ਾਕ ਰੁਲਾਵੇ ।
ਹਾਸ਼ਮ ਸ਼ਾਹ ਜਦ ਦੋਸਤ ਪਾਵੇ, ਤਦ ਪੋਸਤ ਵਲ ਕਦ ਜਾਵੇ ।