ਦੋਹੜੇ
ਆਦਮ ਰੂਪ ਜਿਹਿਆ ਤਨ ਕੀਤਾ
ਆਦਮ ਰੂਪ ਜਿਹਿਆ ਤਨ ਕੀਤਾ, ਕੌਣ ਬਣਦਾ ਆਪ ਦੀਵਾਨਾ ।
ਬਿਰਹੋਂ ਭੂਤ ਸ਼ੌਦਾਈ ਕਰਕੇ, ਅਤੇ ਕਰਦਾ ਖ਼ਲਕ ਬੇਗ਼ਾਨਾ ।
ਰਹਿਆ ਇਸ਼ਕ ਪਹਾੜ ਚਿਰੇਂਦਾ, ਅਤੇ ਸੀ ਫ਼ਰਹਾਦ ਨਿਸ਼ਾਨਾ ।
ਸੋਈ ਸ਼ਖ਼ਸ ਬੋਲੇ ਵਿਚ ਮੇਰੇ, ਇਵੇਂ ਹਾਸ਼ਮ ਨਾਮ ਬਹਾਨਾ ।
ਆਦਰ ਭਾਉ ਜਗਤ ਦਾ ਕਰੀਏ
ਆਦਰ ਭਾਉ ਜਗਤ ਦਾ ਕਰੀਏ, ਅਤੇ ਕਸਬੀ ਕਹਿਣ ਰਸੀਲਾ ।
ਜੇ ਕਰ ਦੂਰ ਹਟਾਏ ਲੋਕਾਂ, ਅਤੇ ਕਹਿਣ ਸਵਾਨ ਕੁਤੀਲਾ ।
ਦੇਸ ਤਿਆਗ ਫ਼ਕੀਰੀ ਫੜੀਏ, ਨਹੀਂ ਛੁਟਦਾ ਖੇਸ਼ ਕਬੀਲਾ ।
ਹਾਸ਼ਮ ਖ਼ਿਆਲ ਛੁਟੇ ਨਹੀਂ ਰਾਹੀਂ, ਕੋਈ ਸੌ ਤਦਬੀਰ ਨ ਹੀਲਾ ।
ਆਸ਼ਕ ਆਖ ਦੇਖਾਂ ਕਿਸ ਖ਼ਾਤਰ
ਆਸ਼ਕ ਆਖ ਦੇਖਾਂ ਕਿਸ ਖ਼ਾਤਰ, ਨਿਤ ਚਰਬੀ ਮਾਸ ਸੁਕਾਵਣ ।
ਚਾਹੁਣ ਹਰਫ਼ ਹਿਜਰ ਦਾ ਲਿਖਿਆ, ਉਹ ਕਾਗਜ਼ ਸਾਫ਼ ਬਣਾਵਣ ।
ਰੁਕ ਰੁਕ ਸੂਤ ਪਏ ਮਿਸਤਰ ਦਾ, ਅਤੇ ਸਾਬਤ ਕਲਮ ਚਲਾਵਣ ।
ਹਾਸ਼ਮ ਆਸ਼ਕ ਏਸ ਕਿਤਾਬੋਂ, ਨਿਤ ਸਮਝਿ ਸਲੂਕ ਕਮਾਵਣ ।
ਆਸ਼ਕ ਜੇਡ ਬੇਅਕਲ ਨਾ ਕੋਈ
ਆਸ਼ਕ ਜੇਡ ਬੇਅਕਲ ਨਾ ਕੋਈ, ਜਿਨ ਜਾਣ ਸਮਝ ਨਿੱਤ ਖਪਣਾ ।
ਬੇਦ ਕੁਰਾਨ ਪੜ੍ਹੇ ਜੱਗ ਸਾਰਾ, ਓਸ ਨਾਮ ਜਾਨੀ ਦਾ ਜਪਣਾ ।
ਆਤਸ਼ ਲੈਣ ਬਿਗਾਨੇ ਘਰ ਦੀ, ਤੇ ਫੂਕ ਦੇਵਣ ਘਰ ਅਪਣਾ ।
ਹਾਸ਼ਮ ਸ਼ਾਹ ਕੀ ਹਾਸਲ ਇਸ਼ਕੋਂ, ਐਵੇਂ ਮੁਫ਼ਤ ਬਿਰਹੋਂ ਦਾ ਖਪਣਾ ।
ਆਤਸ਼ ਹੋਣ ਬਿਰਹੋਂ ਦੀ ਆਤਸ਼
ਆਤਸ਼ ਹੋਣ ਬਿਰਹੋਂ ਦੀ ਆਤਸ਼, ਵਿਚ ਤੇਜ਼ੀ ਬਹੁਤ ਪਛਾਤੀ ।
ਸੋਹਣੀ ਰੋਜ਼ ਮਿਲੇ ਤਰ ਨਦੀਆਂ. ਪਰ ਸਰਦ ਨ ਹੋਵੇ ਛਾਤੀ ।
ਓੜਕ ਏਸ ਹਿਜਰ ਦੇ ਸੋਜ਼ੇ, ਉਹ ਬੈਠਿ ਲਹੂ ਵਿਚ ਨ੍ਹਾਤੀ ।
ਹਾਸ਼ਮ ਬਾਝ ਮੁਇਆਂ ਨਹੀਂ ਮਿਲਦਾ, ਅਸਾਂ ਖ਼ੂਬ ਸਹੀ ਕਰ ਜਾਤੀ ।
ਐ ਦਿਲ ! ਦਾਮ ਹਿਰਸ ਦੇ ਫ਼ਸਿਓਂ
ਐ ਦਿਲ ! ਦਾਮ ਹਿਰਸ ਦੇ ਫ਼ਸਿਓਂ, ਤੂੰ ਰਹਿਓਂ ਖ਼ਰਾਬ ਤਦਾਹੀਂ ।
ਆਪਣਾ ਆਪ ਪਛਾਤੋਈ ਹਿਰਸੋਂ, ਤੇ ਯਾਰ ਪਛਾਤੋਈ ਨਾਹੀਂ ।
ਕਾਮਲ ਖ਼ੂਨ ਜਿਗਰ ਦਾ ਖਾ ਹੁਣ, ਅਤੇ ਦਰਦ ਉਨ੍ਹਾਂ ਦਾ ਆਹੀਂ ।
ਹਾਸ਼ਮ ਯਾਰ ਰਹੇ ਜਾਂ ਜਾਏ, ਨਹੀਂ ਇਕ ਘਰ ਲਾਖ ਸਲਾਹੀਂ ।
ਐ ਦਿਲ ! ਦਰਦ ਨਸੀਬ ਤੇਰੇ ਵਿਚ
ਐ ਦਿਲ ! ਦਰਦ ਨਸੀਬ ਤੇਰੇ ਵਿਚ, ਤਾਂ ਮੈਂ ਕੀ ਕਰਾਂ ਬਿਚਾਰਾ ।
ਆਪੇ ਦਰਦ ਸਹੇੜੇਂ ਪਾਈ(ਭਾਈ), ਅਤੇ ਚਾਹੇਂ ਭੀ ਛੁਟਕਾਰਾ ।
ਏਵੇਂ ਹੋਗੁ ਸਆਦਤ ਤੇਰੀ, ਤੂੰ ਕਰ ਦੁਖ ਦਰਦ ਪਿਆਰਾ ।
ਹਾਸ਼ਮ ਪੀੜ ਹਟਾਵੇ ਕਿਧਰੋਂ, ਹੁਣ ਭਾਈ ! ਪਲੀਦ ਨਿਕਾਰਾ ।
ਐ ਦਿਲ ! ਢੂੰਡ ਫਿਰੇ ਜਗ ਪਾਇਆ
ਐ ਦਿਲ ! ਢੂੰਡ ਫਿਰੇ ਜਗ ਪਾਇਆ, ਪਰ ਢੂੰਡਣ ਬਹੁਤ ਔਖੇਰਾ ।
ਬੀਜੇਂ ਦਾਖ ਨ ਹੋਵਣ ਕੰਡੇ, ਤੂੰ ਨਾ ਕਰ ਦੇਖ ਅੰਧੇਰਾ ।
ਕਰ ਕੁਝ ਦਰਦ ਬਿਗਾਨੇ ਦਰਦੋਂ, ਮਤ ਦਰਦ ਕਰੇ ਰੱਬ ਤੇਰਾ ।
ਹਾਸ਼ਮ ਢੂੰਡ ਕਿਵੇਂ ਦਮ ਐਵੇਂ, ਅਜੇ ਹੁਣ ਭੀ ਵਖਤ ਬਤੇਰਾ ।
ਐ ਦਿਲ ! ਤੂੰ ਦਿਲਬਰ ਦੇ ਬਦਲੇ
ਐ ਦਿਲ ! ਤੂੰ ਦਿਲਬਰ ਦੇ ਬਦਲੇ, ਸੌ ਮਿਹਣਾ ਕਰ ਕਰ ਮਾਰੀ ।
ਜਾਂ ਮਨਸੂਰ ਚੜ੍ਹਾਇਆ ਸੂਲੀ, ਇਹ ਗਲ ਲਾਈ ਕਰ ਪਿਆਰੀ ।
ਜੇਹੀ ਸਮਝ ਗਏ ਕਰ ਸੌਦਾ, ਸਭ ਅਪਣੀ ਅਪਣੀ ਵਾਰੀ ।
ਹਾਸ਼ਮ ਹੋਰ ਨਵੇਂ ਗੁਲ ਬੂਟੇ, ਜਦ ਫਿਰੀਆਂ ਹੋਰ ਬਹਾਰੀਂ ।
ਐ ਗੁਲ ! ਮੀਤ ਨ ਜਾਣ ਕਿਸੇ ਨੂੰ
ਐ ਗੁਲ ! ਮੀਤ ਨ ਜਾਣ ਕਿਸੇ ਨੂੰ, ਜਿਹੜਾ ਵੇਖਣ ਆਣ ਖਲੋਵੇ ।
ਅਪਣੀ ਗਰਜ਼ ਸਭੀ ਜਗ ਪਿਆਰੀ, ਸਭ ਤੋੜ ਲਇਆਂ ਖ਼ੁਸ਼ ਹੋਵੇ ।
ਹੈ ਇਕ ਦਰਦ ਤੇਰਾ ਬੁਲਬੁਲ ਨੂੰ, ਜਿਹੜੀ ਹਿਜਰ ਤੇਰੇ ਬਹਿ ਰੋਵੇ ।
ਹਾਸ਼ਮ ਦਰਦ ਹੋਵੇ ਜਿਸ ਤਨ ਨੂੰ, ਸੋਈ ਨਾਲ ਤੇਰੇ ਬਹਿ ਰੋਵੇ ।
ਐਸੇ ਯਾਰ ਮਿਲਣ ਸਬੱਬੀਂ
ਐਸੇ ਯਾਰ ਮਿਲਣ ਸਬੱਬੀਂ, ਜਿਹੜੇ ਕਦੀ ਨ ਮੋੜਨ ਅੱਖੀਂ ।
ਦੇਸ਼ ਬਿਦੇਸ਼ ਨ ਲੱਭਦੇ ਢੂੰਢੇ, ਅਤੇ ਮੁੱਲ ਨ ਆਵਣ ਲੱਖੀਂ ।
ਰੁਲਦੇ ਫਿਰਨ ਜਨੂੰਨ ਲੁਕਾਈ, ਉਹ ਅੱਗ ਛਿਪਾਏ ਕੱਖੀਂ ।
ਪਰ ਉਹ ਭੇਤ ਪਛਾਣਨ ਵਾਲਾ, ਤੂੰ ਹਾਸ਼ਮ ਦਿਲ ਵਿਚ ਰੱਖੀਂ ।
ਅਜ ਇਸ ਰਿਜ਼ਕ ਭਲੇ ਛਬ ਬਾਂਕੀ
ਅਜ ਇਸ ਰਿਜ਼ਕ ਭਲੇ ਛਬ ਬਾਂਕੀ, ਤੈਨੂੰ ਆਖਣ ਲੋਕ ਅਉਤਾਰੀ ।
ਜੇ ਸਿਰ ਦਰਦ ਹੋਵੇ ਜਗ ਸਾਰਾ, ਤੇਰੀ ਆਣ ਕਰੇ ਦਿਲਦਾਰੀ ।
ਐ ਦਿਲ ਜਾਨ ਨਹੀਂ ਬਿਨ ਅਪਣਿਓਂ, ਤੇਰੀ ਤੁਰਸੇ ਕਾਰਗੁਜ਼ਾਰੀ ।
ਹਾਸ਼ਮ ਹੋਗੁ ਖ਼ੁਆਰੀ ਭਲਕੇ, ਤੂੰ ਨ ਕਰ ਹਿਰਸ ਪਿਆਰੀ ।
ਅਪਣੀ ਪੀੜ ਸਭੋ ਜਗ ਫੜਿਆ
ਅਪਣੀ ਪੀੜ ਸਭੋ ਜਗ ਫੜਿਆ, ਕੌਣ ਜਾਣੇ ਹਾਲ ਬੇਗ਼ਾਨਾ ।
ਡੋਬੂ ਘਾਟ ਸੰਜੋਗੀਂ ਮੇਲਾ, ਜਿਹੜਾ ਦਿਸਦਾ ਸਹਜ ਯਰਾਨਾ ।
ਹਿਜਰੀ ਸੋਜ਼ ਜਨੂੰਨੀ ਕਰਦਾ, ਕੌਣ ਬਚਦਾ ਆਪ ਦੀਵਾਨਾ ।
ਹਾਸ਼ਮ ਖ਼ੂਬ ਸਤੀ ਝੱਬ ਮਿਲਿਆ, ਵਿਚ ਕਰਕੇ ਮੌਤ ਬਹਾਨਾ ।
ਔਖਧ ਪੇਸ਼ ਨ ਜਾਵਗੁ ਲੋਕਾ
ਔਖਧ ਪੇਸ਼ ਨ ਜਾਵਗੁ ਲੋਕਾ ! ਬਚ ਰਹਿਓ ਨੈਣਾਂ ਦਿਉਂ ਡੰਗੋਂ ।
ਬਿਰਹੋਂ ਰੋਗ ਕੇਹਾ ਹਤਿਆਰਾ, ਨਹੀਂ ਹੁੰਦਾ ਲਾਖ ਵਿਦੰਗੋਂ ।
ਮਾਸ ਗਿਆ ਜਿੰਦ ਰਹੀ ਨ ਬਾਕੀ, ਅਜੇ ਨਿਕਲੇ ਆਹ ਕਰੰਗੋਂ ।
ਹਾਸ਼ਮ ਏਸ ਹਕੀਕਤ ਤਾਈਂ, ਜਾ ਪੁਛੀਏ ਭੌਰ ਪਤੰਗੋਂ ।
ਬੇਬੁਨਿਆਦ ਜਹਾਨ ਪਛਾਣੇ
ਬੇਬੁਨਿਆਦ ਜਹਾਨ ਪਛਾਣੇ, ਇਤਾਂ ਜੋਸ਼ ਕਰੇ ਦਿਲ ਮੇਰਾ ।
ਚਾਹੇ ਤਰਕ ਕੀਤੀ ਹਰ ਤਰਫ਼ੋਂ, ਅਤੇ ਕਰੇ ਗਿਆਨ ਬਥੇਰਾ ।
ਪਰ ਇਹ ਹਿਰਸ ਹਵਾਇ ਜਹਾਨੀਂ, ਭੈੜਾ ਤੋੜਨ ਬਹੁਤ ਔਖੇਰਾ ।
ਹਾਸ਼ਮ ਨੀਂਦ ਉਖਾੜ ਸਵੇਰੇ, ਨਹੀਂ ਦਿਸਦਾ ਸੂਲ ਬਿਖੇੜਾ ।
ਬੇਬੁਨਿਆਦ ਕਰੇਂ ਬੁਨਿਆਦਾਂ
ਬੇਬੁਨਿਆਦ ਕਰੇਂ ਬੁਨਿਆਦਾਂ, ਤੂੰ ਖੋਲ੍ਹ ਅਕਲ ਦੀ ਤਾਕੀ ।
ਜਿਸ ਦਿਨ ਖ਼ਰਚ ਲਹੇਂਗਾ ਸਾਰੇ, ਇਹ ਖ਼ਰਚੀ ਰਹਗੁ ਨ ਬਾਕੀ ।
ਸੌ ਸਮਿਆਨ ਕਰੇਂ ਖੜਿ ਫ਼ੌਜ਼ਾਂ, ਅਤੇ ਜ਼ਰਾ ਨ ਰਹਸੇਂ ਆਕੀ ।
ਹਾਸ਼ਮ ਸਮਝ ਬਿਹਬੂਦ ਪਿਆਰੇ, ਤੂੰ ਖ਼ਾਕੀ ਹੈਂ ਬਣ ਖ਼ਾਕੀ ।
ਬੇਲੇ ਮਗਰ ਤਿਨ੍ਹਾਂ ਦੇ ਚੀਰੇ
ਬੇਲੇ ਮਗਰ ਤਿਨ੍ਹਾਂ ਦੇ ਚੀਰੇ, ਜੈਂਦਾ ਨਾਮ ਨਾਹੀ ਪੁੱਤ ਕਿਸ ਦਾ ।
ਖੇੜੇ ਛੋੜ ਮਾਹੀ ਦਰ ਪਈਓ, ਕੋਈ ਸ਼ਾਨ ਲਿਬਾਸ ਨ ਜਿਸ ਦਾ ।
ਮਾਏ ! ਬੈਠ ਅੱਖੀਂ ਵਿਚ ਵੇਖੀਂ, ਮੈਨੂੰ ਚਾਕ ਕਿਹਾ ਕੁਝ ਦਿਸਦਾ ।
ਹਾਸ਼ਮ ਪੀੜ ਤਿਸੇ ਤਨ ਹੋਵੇ, ਕੋਈ ਘਾਵ ਦੁਖਾਵੇ ਜਿਸਦਾ ।
ਬੇਸਾਜ਼ਾਂ ਦਾ ਸਾਜ਼ ਹੈ ਸੋਹਣਿਆਂ
ਬੇਸਾਜ਼ਾਂ ਦਾ ਸਾਜ਼ ਹੈ ਸੋਹਣਿਆਂ, ਜਿਨ੍ਹਾਂ ਤਾਣ ਨ ਤਕੀਆ ਕੋਈ ।
ਤੂੰ ਕਰਤਾ ਤਿਨ੍ਹਾਂ ਨੂੰ ਪਾਲੇਂ, ਜਿਨ੍ਹਾਂ ਕੋਲ ਮਿਲੇ ਨ ਢੋਈ ।
ਸੁਣ ਫ਼ਰਿਆਦ ਆ ਗਏ ਦਰ ਤੇਰੇ, ਅਸੀਂ ਆਜ਼ਿਜ਼ ਸਾਥ ਸਥੋਈ ।
ਹਾਸ਼ਮ ਕੂਕ ਕਹੇ ਦਰ ਕਿਸ ਦੇ, ਜੈਂ ਦਾ ਤੈਂ ਬਿਨ ਹੋਰ ਨ ਕੋਈ ।
ਭਾਂਬੜ ਦਰਦ ਹਦਾਯਤ ਵਾਲਾ
ਭਾਂਬੜ ਦਰਦ ਹਦਾਯਤ ਵਾਲਾ, ਜਿਹੜਾ ਪਲ ਪਲ ਬਲ ਬਲ ਬੁਝਦਾ ।
ਘਾਇਲ ਆਪ ਹੋਇਆ ਦੁਖਿਆਰਾ, ਭਲਾ ਹੋਰ ਬੰਨੇ ਕਦ ਰੁਝਦਾ ।
ਮਜਨੂੰ ਸੋਜ਼ ਲੇਲੀ ਦੇ ਜਲਿਆ, ਉਹਨੂੰ ਖਾਣ ਗੋਸ਼ਤ ਕਦ ਸੁਝਦਾ ।
ਹਾਸ਼ਮ ਇਸ਼ਕ ਕਹੇ ਜਗ ਜਿਸ ਨੂੰ, ਭਲਾ ਕੌਣ ਕਿਸੇ ਕੋਲ ਪੁਜਦਾ ।
ਭੁੱਲਾ ਇਸ਼ਕ ਗਿਆ ਜਿਸ ਵਿਹੜੇ
ਭੁੱਲਾ ਇਸ਼ਕ ਗਿਆ ਜਿਸ ਵਿਹੜੇ, ਉਹਦੀ ਸਭ ਜੜ ਮੂਲ ਗਵਾਵੇ ।
ਜਿਉਂ ਬਾਗ਼ਬਾਨ ਸੁੱਟੇ ਕੱਟ ਬੂਟਾ, ਅਤੇ ਭੀ ਸਿਰ ਵਾਰ ਲਗਾਵੇ ।
ਕਿਸਮਤ ਨਾਲ ਹੋਵੇ ਮੁੜ ਹਰਿਆ, ਨਹੀਂ ਮੂਲ ਸੁੱਕੇ ਜੜ ਜਾਵੇ ।
ਹਾਸ਼ਮ ਰਾਹ ਇਸ਼ਕ ਦਾ ਏਹੋ, ਕੋਈ ਭਾਗ ਭਲੇ ਫਲ ਪਾਵੇ ।