ਬੇਲੇ ਮਗਰ ਤਿਨ੍ਹਾਂ ਦੇ ਚੀਰੇ
ਬੇਲੇ ਮਗਰ ਤਿਨ੍ਹਾਂ ਦੇ ਚੀਰੇ, ਜੈਂਦਾ ਨਾਮ ਨਾਹੀ ਪੁੱਤ ਕਿਸ ਦਾ ।
ਖੇੜੇ ਛੋੜ ਮਾਹੀ ਦਰ ਪਈਓ, ਕੋਈ ਸ਼ਾਨ ਲਿਬਾਸ ਨ ਜਿਸ ਦਾ ।
ਮਾਏ ! ਬੈਠ ਅੱਖੀਂ ਵਿਚ ਵੇਖੀਂ, ਮੈਨੂੰ ਚਾਕ ਕਿਹਾ ਕੁਝ ਦਿਸਦਾ ।
ਹਾਸ਼ਮ ਪੀੜ ਤਿਸੇ ਤਨ ਹੋਵੇ, ਕੋਈ ਘਾਵ ਦੁਖਾਵੇ ਜਿਸਦਾ ।
ਬੇਸਾਜ਼ਾਂ ਦਾ ਸਾਜ਼ ਹੈ ਸੋਹਣਿਆਂ
ਬੇਸਾਜ਼ਾਂ ਦਾ ਸਾਜ਼ ਹੈ ਸੋਹਣਿਆਂ, ਜਿਨ੍ਹਾਂ ਤਾਣ ਨ ਤਕੀਆ ਕੋਈ ।
ਤੂੰ ਕਰਤਾ ਤਿਨ੍ਹਾਂ ਨੂੰ ਪਾਲੇਂ, ਜਿਨ੍ਹਾਂ ਕੋਲ ਮਿਲੇ ਨ ਢੋਈ ।
ਸੁਣ ਫ਼ਰਿਆਦ ਆ ਗਏ ਦਰ ਤੇਰੇ, ਅਸੀਂ ਆਜ਼ਿਜ਼ ਸਾਥ ਸਥੋਈ ।
ਹਾਸ਼ਮ ਕੂਕ ਕਹੇ ਦਰ ਕਿਸ ਦੇ, ਜੈਂ ਦਾ ਤੈਂ ਬਿਨ ਹੋਰ ਨ ਕੋਈ ।
ਭਾਂਬੜ ਦਰਦ ਹਦਾਯਤ ਵਾਲਾ
ਭਾਂਬੜ ਦਰਦ ਹਦਾਯਤ ਵਾਲਾ, ਜਿਹੜਾ ਪਲ ਪਲ ਬਲ ਬਲ ਬੁਝਦਾ ।
ਘਾਇਲ ਆਪ ਹੋਇਆ ਦੁਖਿਆਰਾ, ਭਲਾ ਹੋਰ ਬੰਨੇ ਕਦ ਰੁਝਦਾ ।
ਮਜਨੂੰ ਸੋਜ਼ ਲੇਲੀ ਦੇ ਜਲਿਆ, ਉਹਨੂੰ ਖਾਣ ਗੋਸ਼ਤ ਕਦ ਸੁਝਦਾ ।
ਹਾਸ਼ਮ ਇਸ਼ਕ ਕਹੇ ਜਗ ਜਿਸ ਨੂੰ, ਭਲਾ ਕੌਣ ਕਿਸੇ ਕੋਲ ਪੁਜਦਾ ।
ਭੁੱਲਾ ਇਸ਼ਕ ਗਿਆ ਜਿਸ ਵਿਹੜੇ
ਭੁੱਲਾ ਇਸ਼ਕ ਗਿਆ ਜਿਸ ਵਿਹੜੇ, ਉਹਦੀ ਸਭ ਜੜ ਮੂਲ ਗਵਾਵੇ ।
ਜਿਉਂ ਬਾਗ਼ਬਾਨ ਸੁੱਟੇ ਕੱਟ ਬੂਟਾ, ਅਤੇ ਭੀ ਸਿਰ ਵਾਰ ਲਗਾਵੇ ।
ਕਿਸਮਤ ਨਾਲ ਹੋਵੇ ਮੁੜ ਹਰਿਆ, ਨਹੀਂ ਮੂਲ ਸੁੱਕੇ ਜੜ ਜਾਵੇ ।
ਹਾਸ਼ਮ ਰਾਹ ਇਸ਼ਕ ਦਾ ਏਹੋ, ਕੋਈ ਭਾਗ ਭਲੇ ਫਲ ਪਾਵੇ ।
ਬਿਰਹੋਂ ਦੂਰ ਅਜ਼ਾਰੀ ਕੀਤੇ
ਬਿਰਹੋਂ ਦੂਰ ਅਜ਼ਾਰੀ ਕੀਤੇ, ਅਸੀਂ ਪ੍ਰੇਮ ਚਿਖਾ ਵਿਚ ਪਾ ਕੇ ।
ਅਫ਼ਲਾਤੂਨ ਨ ਸਮਝੇ ਵੇਦਨ, ਜੇ ਨਬਜ਼ ਫੜੇ ਹੱਥ ਆ ਕੇ ।
ਮਜਨੂੰ ਦੇਖ ਹਵਾਲਤ ਮੇਰੀ, ਉਹ ਰੋਵਣ ਬਹਿ ਗਲ ਲਾ ਕੇ ।
ਹਾਸ਼ਮ ਹਾਲ ਸੱਜਣ ਨੂੰ ਸਾਡਾ, ਭਲਾ ਕੌਣ ਕਹੇ ਸਮਝਾ ਕੇ ।
ਬੋਲੇ ਕਾਗ ਸਵੇਰ ਪਛਾਤੀ
ਬੋਲੇ ਕਾਗ ਸਵੇਰ ਪਛਾਤੀ, ਅਤੇ ਸ਼ੋਰ ਕੀਤਾ ਬਣ ਮੋਰਾਂ ।
ਸੂਰਜ ਸ਼ਮ੍ਹਾਂ ਜਗਤ ਦੀ ਹੋਇਆ, ਅਤੇ ਪਿਆ ਅੰਧੇਰ ਚਕੋਰਾਂ ।
ਖ਼ੂਬੀ ਹੁਸਨ ਅਤੇ ਗੁਲ ਨਾਹੀ, ਵੱਸ ਹੋਰ ਦਿਲਾਂ ਦੀਆਂ ਡੋਰਾਂ ।
ਸਾਧਾਂ ਨਾਲ ਨ ਮਤਲਬ ਹਾਸ਼ਮ, ਜਿਨ੍ਹਾਂ ਗ਼ਰਜ਼ ਬਣੀ ਸੰਗ ਚੋਰਾਂ ।
ਬੂਟੇ ਸੇਬ ਅਨਾਰ ਲਗਾਏ
ਬੂਟੇ ਸੇਬ ਅਨਾਰ ਲਗਾਏ, ਕਰ ਮੁਨਸਫ਼ ਲੋਕ ਗਵਾਹੀ ।
ਆਈ ਜਿਦਿਨ ਬਹਾਰ ਫੁਲਾਂ ਦੀ, ਤਾਂ ਫੁਲ ਹੋਏ ਕਾਹੀਂ ।
ਰਾਧੀ ਦਾਖ ਡਿਠੀ ਕੰਡਿਆਰੀ, ਜਿਹਦੀ ਜ਼ਰਾ ਉਮੀਦ ਨ ਆਹੀ ।
ਹਾਸ਼ਮ ਦੇਖ ਖਿਆਲ ਰੱਬਾਨੀ, ਅਤੇ ਉਸ ਦੀ ਬੇਪਰਵਾਹੀ ।
ਬੁਧ ਸੁਧ ਜਿਨ ਸਮਝੀ ਕੁਝ ਥੋੜੀ
ਬੁਧ ਸੁਧ ਜਿਨ ਸਮਝੀ ਕੁਝ ਥੋੜੀ, ਸੋ ਖਾਂਦਾ ਖ਼ੂਨ ਜਿਗਰ ਦਾ ।
ਜਿਸ ਨੇ ਲਈ ਬਹਾਰ ਵਸਲ ਦੀ, ਸੋ ਹੋਯਾ ਅਸੀਰ ਹਿਜਰ ਦਾ ।
ਤੋਤੀ ਹੁਸਨ ਕਲਾਮ ਨ ਸਿਖਦੀ, ਕਿਉਂ ਪੈਂਦਾ ਨਾਮ ਪਿੰਜਰ ਦਾ ।
ਹਾਸ਼ਮਸ਼ਾਹ ਰਸ ਮੂਲ ਦੁਖਾਂ ਦਾ, ਜਿਸ ਰਸ ਬਦਲੇ ਦੁਖਿ ਮਰਦਾ ।
ਚਾਕਾ ਵੇ ! ਮਤ ਚਾਕਾਂ ਵਾਲੀ
ਚਾਕਾ ਵੇ ! ਮਤ ਚਾਕਾਂ ਵਾਲੀ, ਤੇਰੀ ਦੇਖ ਲਈ ਚਤੁਰਾਈ ।
ਏਹੋ ਇਸ਼ਕ ਕਮਾਵਣ ਸਿਖਿਓਂ, ਤੂੰ ਅੰਗ ਬਿਭੂਤ ਲਗਾਈ ?
ਆਵਾਵਰਦ ਨਮਰਦਾਂ ਵਾਲੀ, ਤੈਨੂੰ ਕਿਨ ਇਹ ਚਾਲ ਸਿਖਾਈ ?
ਹਾਸ਼ਮ ਆਖ ਰਾਂਝਣ ਨੂੰ ਮਿਲ ਕੇ, ਮੈਂ ਵਾਰੀ ਘੋਲ ਘੁਮਾਈ ।
ਚਮਕ ਕਰੋੜ ਮਜਨੂੰਆਂ ਵਾਲੀ
ਚਮਕ ਕਰੋੜ ਮਜਨੂੰਆਂ ਵਾਲੀ, ਜੇ ਤੂੰ ਸਮਝਣ ਲਾਇਕ ਹੋਵੇਂ ।
ਜਿਸ ਤੋਂ ਵਾਰ ਸੁਟੇ ਲਖ ਹਾਸੇ, ਤੂੰ ਰੋਣ ਏਹਾ ਬਹਿ ਰੋਵੇਂ ।
ਵਸਲੋਂ ਆਣ ਹਿਜ਼ਰ ਦੇ ਪਿਆਰੇ, ਅਸਾਂ ਵੇਖ ਡਿਠੇ ਰਸ ਦੋਵੇਂ ।
ਹਾਸ਼ਮ ਤੋੜਿ ਜੰਜ਼ੀਰ ਮਜ਼੍ਹਬ ਦੇ, ਅਤੇ ਹੋ ਨਿਰਵੈਰ ਖਲੋਵੇਂ ।
ਚੰਦਾ ! ਚਮਕ ਵਿਖਾਲ ਨਾ ਸਾਨੂੰ
ਚੰਦਾ ! ਚਮਕ ਵਿਖਾਲ ਨਾ ਸਾਨੂੰ, ਅਤੇ ਨਾ ਕਰ ਮਾਣ ਵਧੇਰਾ ।
ਤੈਂ ਜੇਹੇ ਲੱਖ ਚੜ੍ਹਨ ਅਸਾਂ ਨੂੰ, ਪਰ ਸੱਜਣਾ ਬਾਝ ਹਨੇਰਾ ।
ਜਿਸ ਡਿੱਠਿਆਂ ਦਿਲ ਰੋਸ਼ਨ ਹੋਵੇ, ਉਹ ਹੁਸਨ ਨਹੀਂ ਅੱਜ ਤੇਰਾ ।
ਹਾਸ਼ਮ ਬਾਝ ਤੁਸਾਂ ਦੁੱਖ ਪਾਇਆ, ਝੱਬ ਆ ਮਿਲ ਸਾਜਨ ਮੇਰਾ ।
ਚੰਦਾ ਦੇਖ ਚਕੋਰ ਪੁਕਾਰੇ
ਚੰਦਾ ਦੇਖ ਚਕੋਰ ਪੁਕਾਰੇ, ਤੱਕ ਹਾਲਤ ਖੋਲ੍ਹ ਦਿਲਾਂ ਨੂੰ ।
ਤੂੰ ਸਰਦਾਰ ਸਭੀ ਕੁਝ ਤੇਰਾ, ਏਸ ਸੋਭਾ, ਭਾਉ ਅਸਾਨੂੰ ।
ਜੋੜੀ ਜੋੜ ਦਿਤੀ ਰੱਬ ਸਾਹਿਬ, ਅਤੇ ਜੀਵਾਂ ਦੇਖ ਤੁਸਾਨੂੰ ।
ਹਾਸ਼ਮ ਖ਼ਰਚ ਨਹੀਂ ਕੁਛ ਹੋਂਦਾ, ਭੋਰਾ ਕਰ ਕੁਝ ਯਾਦ ਮਿਤਰਾਂ ਨੂੰ ।
ਚੜ੍ਹਿਆ ਚਾ ਪਪੀਹੇ ਸੁਣ ਕੇ
ਚੜ੍ਹਿਆ ਚਾ ਪਪੀਹੇ ਸੁਣ ਕੇ, ਅਤੇ ਸਾਵਣ ਦੀ ਰੁਤ ਆਈ ।
ਤਰਸਣ ਖਪਣ ਤੇ ਦੁਖ ਪਾਵਣ, ਉਨ ਸਿਕਦਿਆਂ ਉਮਰ ਗਵਾਈ ।
ਨੇੜੇ ਭਾਲ ਪੀਆ ਦਿਲਬਰ ਦੀ, ਉਨੂ ਚਮਕੇ ਚਮਕ ਸਵਾਈ ।
ਹਾਸ਼ਮ ਕੀ ਇਹ ਮਾਣ ਮਿਲਣ ਦਾ, ਜਿਸ ਦਿਸਦੀ ਫੇਰ ਜੁਦਾਈ ।
ਚੋਰ ਚੁਰਾਇ ਲਿਆ ਦਿਲ ਮੇਰਾ
ਚੋਰ ਚੁਰਾਇ ਲਿਆ ਦਿਲ ਮੇਰਾ, ਏਸ ਚੇਟਕ ਚੋਰ ਤੂਫ਼ਾਨੀ ।
ਦਰ ਦਰ ਫਿਰਾਂ ਦੀਵਾਨੀ ਢੂੰਡਾਂ, ਲੋਕ ਆਖਣ 'ਫਿਰੇ ਦੀਵਾਨੀ' ।
ਜਿਸ ਨੂੰ ਜਾ ਪੁਛੀਏ ਸੋਈ ਕਹਿੰਦੀ, ਭੈੜੀ ਫਿਰੇ ਖ਼ਰਾਬ ਦੀਵਾਨੀ ।
ਹਾਸ਼ਮ ਖ਼ੂਬ ਅਸਾਂ ਨਾਲ ਕੀਤੀ, ਤੇਰੇ ਇਸ਼ਕ ਉਤੋਂ ਕੁਰਬਾਨੀ ।
ਚੂਚਕ ਬਾਪ ਉਲਾਂਭਿਓਂ ਡਰ ਕੇ
ਚੂਚਕ ਬਾਪ ਉਲਾਂਭਿਓਂ ਡਰ ਕੇ, ਅਸੀਂ ਸ਼ਹਿਰੋਂ ਮਾਰ ਖਦੇੜੇ ।
ਬੇਇਤਬਾਰ ਹੋਏ ਜਗ ਸਾਰੇ, ਹੁਣ ਕਰਨ ਵਿਆਹ ਨ ਖੇੜੇ ।
ਤਰਸਣ ਨੈਣ ਰਾਂਝਣਾ ! ਤੈਨੂੰ, ਅਸੀਂ ਕਿਉਂ ਤੁਧ ਯਾਰ ਸਹੇੜੇ ।
ਹਾਸ਼ਮ ਕੌਣ ਦਿਲਾਂ ਦੀਆਂ ਜਾਣੇ, ਮੇਰਾ ਸਾਹਿਬ ਨਿਆਂ ਨਿਬੇੜੇ ।
ਦਾਮ ਜ਼ੁਲਫ਼ ਵਿਚ ਬੇਰ ਮੋਤੀ ਜਦ
ਦਾਮ ਜ਼ੁਲਫ਼ ਵਿਚ ਬੇਰ ਮੋਤੀ ਜਦ, ਉਲਟ ਉਲਟ ਵਿਚ ਧਰਦੇ ।
ਹੰਸ ਹਾਥ ਛੁਈਆਂ ਕਰ ਫਸਦੇ, ਅਤੇ ਪਟਕ ਪਟਕ ਸਿਰ ਮਰਦੇ ।
ਖੁੰਨਣ ਜ਼ਖਮ ਘਾਇਲ ਦਿਲ ਦਰਦੀ, ਨਿਤ ਸਹਿਣ ਸੂਲ ਦਿਲਬਰ ਦੇ ।
ਵੇਖੋ ਲੇਖ ਹਾਸ਼ਮ ਮੁਸ਼ਤਾਕਾਂ, ਸੋਹਣੇ ਕਦਰ ਨਹੀਂ ਫਿਰ ਕਰਦੇ ।
ਦੌਲਤ ਮਾਲ ਜਹਾਨ ਪਿਆਰਾ
ਦੌਲਤ ਮਾਲ ਜਹਾਨ ਪਿਆਰਾ, ਅਸਾਂ ਢੂੰਡ ਲੱਧਾ ਇਕ ਪਿਆਰਾ ।
ਸੋ ਭੀ ਲੋਕ ਨ ਦੇਖਣ ਦੇਂਦੇ, ਜਗ ਸੜਦਾ ਹੈਂਸਿਆਰਾ ।
ਦਿਲ ਵਿਚ ਸ਼ੌਕ ਬਖ਼ੀਲ ਚੁਫੇਰੇ, ਮੇਰਾ ਹੋਗੁ ਕਿਵੇਂ ਛੁਟਕਾਰਾ ।
ਹਾਸ਼ਮ ਆਓ ਮਿਲਾਓ ਰਾਂਝਾ, ਮੇਰਾ ਸੁਖ ਦਿਲ ਦਾ ਦੁਖ ਸਾਰਾ ।
ਦੀਪਕ ਦੇਖ ਜਲੇ ਪਰਵਾਨਾ
ਦੀਪਕ ਦੇਖ ਜਲੇ ਪਰਵਾਨਾ, ਉਨ ਇਹ ਕੀ ਮਜ਼੍ਹਬ ਪਛਾਤਾ ।
ਆਸ਼ਕ ਦੀਨ ਨ ਮਜ਼੍ਹਬ ਰਖੇਂਦੇ, ਉਨ੍ਹਾਂ ਵਿਰਦ ਖ਼ੁਦਾ ਕਰ ਜਾਤਾ ।
ਜਿਨ ਇਹ ਇਲਮ ਭੁਲਾਯਾ ਦਿਲ ਤੋਂ, ਉਨ ਲੱਧਾ ਯਾਰ ਗਵਾਤਾ ।
ਹਾਸ਼ਮ ਤਿਨ੍ਹਾਂ ਰੱਬ ਪਛਾਤਾ, ਜਿਨ੍ਹਾਂ ਆਪਣਾ ਆਪ ਪਛਾਤਾ ।
ਦੇਖਣ ਨੈਣ ਨਿਆਜ਼ ਨੈਣਾਂ ਦੀ
ਦੇਖਣ ਨੈਣ ਨਿਆਜ਼ ਨੈਣਾਂ ਦੀ, ਜਦ ਨੈਣ ਨੈਣਾਂ ਵਿਚ ਅਟਕੇ ।
ਨੈਣ ਬੁਰੇ ਨਿਤ ਮਾਰਨ ਚੋਕਾਂ, ਜਦ ਨੈਣ ਨੈਣਾਂ ਵਿਚ ਪਟਕੇ ।
ਕਾਰੀ ਚੋਟ ਨੈਣਾਂ ਨੂੰ ਲੱਗੀ, ਨੈਣ ਹਰਗਿਜ਼ ਰਹਿਣ ਨ ਅਟਕੇ ।
ਹਾਸ਼ਮ ਦੋਸ਼ ਨੈਣਾਂ ਵਿਚ ਨਾਹੀਂ, ਨੈਣ ਦੇਖਿ ਅਦਾਈਂ ਲਟਕੇ ।
ਦੇਖ ਚਕੋਰ ਕਹਿਆ ਇਕ ਮੁਨਸਫ਼
ਦੇਖ ਚਕੋਰ ਕਹਿਆ ਇਕ ਮੁਨਸਫ਼, ਤੈਨੂੰ ਮੂਰਖ਼ ਕਹਾਂ ਸਿਆਣਾ ?
ਉਹ ਚੰਦ ਪ੍ਰਿਥਵੀਪਤਿ ਰਾਜਾ, ਤੂੰ ਪੰਛੀ ਲੋਕ ਨਿਮਾਣਾ ।
ਕਹਿਆ ਚਕੋਰ, 'ਨਹੀਂ ਤੂੰ ਮਹਿਰਮ, ਏਸ ਰਮਜ਼ੋਂ ਜਾਹ ਅਣਜਾਣਾ !
ਹਾਸ਼ਮ ਰਾਜ ਨ ਦਿਸਦਾ ਮੈਨੂੰ, ਮੈਂ ਯਾਰ ਜਾਨੀ ਕਰ ਜਾਣਾ' ।