

ਗੁਆਚਿਆ ਪੂਰਨ ਮਿਲ ਪਵੇ, ਤਾਂ ਮੇਰੀਆਂ ਨੇਤਰਾਂ ਵਿਚ ਵੀ ਇੱਛਰਾਂ ਮਾਂ ਵਾਂਗ ਜੋਤ ਆ ਜਾਵੇ । ਬਹੁਤਾ ਨਹੀਂ, ਮੈਨੂੰ ਦੋ ਦਿਨ ਵਾਸਤੇ ਅੱਖਾਂ ਮੰਗਵੀਆਂ ਮਿਲ ਜਾਣ, ਤਾਂ ਮੈਂ ਲਾਲ ਨੂੰ ਵੇਖਣ ਦੀ ਰੀਝ ਲਾਹ ਲਵਾਂ।"
ਮਾਂ-ਪੁੱਤ ਦਾ ਮਿਲਾਪ
ਏਹੋ ਜਿਹੀਆਂ ਕੇਈ ਗਿਣਤੀਆਂ ਗਿਣਦੀ ਮਹਾਰਾਣੀ ਫਰਵਰੀ, ੧੮੬੧ ਵਿਚ ਕਲਕੱਤੇ ਪੁੱਜੀ । ਚਿਰੀ ਵਿਛੁੰਨੇ ਮਾਂ-ਪੁੱਤ ਮਿਲੇ । ਦੋਹਾਂ ਦਿਆਂ ਨੇਤਰਾਂ ਵਿਚੋਂ ਪਾਣੀ ਵਹਿ ਰਿਹਾ ਸੀ । ਜਿੰਦਾਂ ਘੁੱਟ-ਘੁੱਟ ਕੇ ਕਲੇਜੇ ਦੀ ਅੱਗ ਨੂੰ ਛਾਤੀ ਨਾਲ ਲਾਉਂਦੀ ਸੀ । ਸਹਿਜ ਸਹਿਜ ਬਾਹੀਂ ਢਿੱਲੀਆਂ ਹੋਈਆਂ। ਹੁਣ ਦਲੀਪ ਸਿੰਘ ਮਾਤਾ ਦੇ ਮੋਢੇ ਨਾਲ ਬੱਚਿਆਂ ਵਾਂਗ ਲੱਗਾ ਹੋਇਆ ਸੀ, ਤੇ ਜਿੰਦਾਂ ਪੁੱਤਰ ਦੀ ਕੰਡ 'ਤੇ ਹੌਲੀ-ਹੌਲੀ ਹੱਥ ਫੇਰ ਰਹੀ ਸੀ। ਸਹਿਜ-ਸਹਿਜ ਹੱਥ ਪੁੱਤਰ ਦੇ ਮੋਢੇ ਤੱਕ ਅਪੜਿਆ । ਇਸ ਤੋਂ ਅੱਗੋਂ ਉਹ ਉਸ ਦੇ ਸਿਰ 'ਤੇ ਹੱਥ ਫੇਰ ਕੇ ਕੁਛ ਵੇਖਣਾ ਚਾਹੁੰਦੀ ਸੀ । ਪਰ ਇਸ ਵੇਲੇ ਉਸ ਦੀ ਹਿੱਕ ਏਨੀ ਧੜਕ ਰਹੀ ਸੀ, ਕਿ ਸ਼ਾਇਦ ਸਿਰ 'ਤੇ ਹੱਥ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਦਿਲ ਦੀ ਧੜਕਣ ਬੰਦ ਹੋ ਜਾਵੇ । ਉਹਨੇ ਕਈ ਵਾਰ ਹੱਥ ਉਤਾਂਹ ਚੁੱਕਿਆ, ਤੇ ਫੇਰ ਨੀਵਾਂ ਕਰ ਲਿਆ। ਅੰਤ ਬੜਾ ਕਰੜਾ ਜੇਰਾ ਕਰ ਕੇ ਮਾਂ ਨੇ ਬੱਚੇ ਦੇ ਸਿਰ 'ਤੇ ਹੱਥ ਜਾ ਫੇਰਿਆ। ਰੀਝਾਂ ਤੇ ਮੱਖਣਾਂ ਨਾਲ ਪਾਲੇ ਹੋਏ ਲੰਮੇ-ਲੰਮੇ ਕੇਸਾਂ ਦਾ ਜੂੜਾ ਨਾ ਲੱਭਾ, ਤਾਂ ਦੁਖੀਆ ਦੀਆਂ ਧਾਹਾਂ ਨਿਕਲ ਗਈਆਂ । ਉਹ ਹਟਕੋਰੇ ਲੈਂਦੀ ਬੋਲੀ, "ਹੇ ਬੁਰੀ ਤਕਦੀਰ ! ਤੂੰ ਮੇਰਾ ਸਰਤਾਜ ਖੋਹਿਆ, ਮੇਰਾ ਰਾਜ-ਭਾਗ ਖੋਹਿਆ, ਪਵਿੱਤਰ ਭੂਮੀ ਮੇਰਾ ਪੰਜਾਬ ਖੋਹ ਲਿਆ ਤੇ ਅੰਤ ਪ੍ਰਾਣਾਂ ਤੋਂ ਪਿਆਰੀ ਸਿੱਖੀ ਵੀ ਮੇਰੀ ਜੱਦ ਵਿਚੋਂ ਖੋਹ ਲਈ ? ਤੂੰ ਇਹ ਵੀ ਨਾ ਵੇਖ ਸੁਖਾਈਓ ? ਅੱਜ ਮੇਰੇ ਬੰਸ ਦੀਆਂ ਰਗਾਂ ਵਿਚੋਂ ਕਲਗੀਧਰ ਦੇ ਸ਼ਹੀਦ ਬੱਚਿਆਂ ਦਾ ਲਹੂ ਮੁੱਕ ਗਿਆ।”
ਇਹ ਵਾਕ ਉਹਦਾ ਸੀਨਾ ਪਾੜ ਕੇ ਨਿੱਕਲ ਰਹੇ ਸਨ। ਉਹਦਾ ਸਾਰਾ ਸਰੀਰ ਥਰਥਰਾ ਰਿਹਾ ਸੀ, ਤੇ ਰੋਂਦੀ-ਰੋਂਦੀ ਹਿੱਚਕੀ ਬੱਝ ਗਈ ਸੀ । ਦਲੀਪ ਸਿੰਘ ਤੋਂ ਵੇਖ ਕੇ ਸਹਾਰਿਆ ਨਾ ਗਿਆ। ਉਹ ਮਾਂ ਦੇ ਚਰਨਾਂ 'ਤੇ ਡਿੱਗਾ ਭੁੱਬੀ ਭੁੱਬੀ ਰੋ ਰਿਹਾ ਸੀ। ਮਾਂ ਨੇ ਚੁੱਕ ਕੇ ਫੇਰ ਬੱਚੇ ਨੂੰ ਗਲ ਨਾਲ ਲਾ ਲਿਆ । ਭੜਾਂਦੀ ਵਾਜ ਵਿਚ ਦਲੀਪ ਸਿੰਘ ਬੋਲਿਆ, "ਮਾਂ ! ਮੈਂ ਤੇਰੀ ਉਜੜੀ ਦੁਨੀਆਂ ਫਿਰ ਨਹੀਂ ਵਸਾ ਸਕਦਾ। ਤੇਰਾ ਗੁਆਚਿਆ ਰਾਜ-ਭਾਗ ਫਿਰ ਕਾਇਮ ਨਹੀਂ ਕਰ ਸਕਦਾ, ਪਰ ਤੇਰੀ ਕੁਲ ਵਿਚੋਂ ਗਈ ਸਿੱਖੀ ਫੇਰ ਪਰਤਾ ਲਿਆਵਾਂਗਾ। ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਮੇਰੇ ਇਸ ਪ੍ਰਣ ਨੂੰ ਤੋੜ ਨਿਭਾਉਣ ।”
ਦਲੀਪ ਸਿੰਘ ਦੀ ਇਛਿਆ ਹਿੰਦੁਸਤਾਨ ਦੇ ਪਹਾੜਾਂ 'ਤੇ ਇਹ ਗਰਮੀਆਂ ਕੱਟਣ ਦੀ ਸੀ, ਪਰ ਜਿੰਦਾਂ ਨੂੰ ਪਹਾੜਾਂ 'ਤੇ ਜਾਣ ਦੀ ਆਗਿਆ ਨਾ ਮਿਲੀ, ਤੇ ਉਹ