

ਸਾਰੀਆਂ ਸੱਧਰਾਂ ਪੂਰੀਆਂ ਨਹੀਂ ਕਰ ਸਕੇਂਗਾ, ਪਰ ਇਕ ਅਰਦਾਸ ਜ਼ਰੂਰ ਮੰਨ ਲਈ। ਮੇਰੀ ਅਰਥੀ—ਇਹ ਪੰਜ ਸੇਰ ਮਿੱਟੀ-ਪੰਜਾਬ ਦੀ ਅਮਾਨਤ ਹੈ, ਇਸ ਨੂੰ ਓਪਰੀ ਮਿੱਟੀ ਵਿਚ ਨਾ ਮਿਲਣ ਦੇਈਂ । .. ਜਦ ਮੇਰੇ ਸਵਾਸ ਪੂਰੇ ਹੋ ਜਾਣ, ਮੇਰੀ ਲੋਥ ਨੂੰ ਏਥੋਂ ਚੁਕ ਲਈ, ਪੰਜਾਬ-ਖਾਸ ਕਰ ਲਾਹੌਰ-ਵਿਚ ਪਹੁੰਚ ਜਾਈਂ ਤੇ ਮੇਰਾ ਸਿਰ ਮੇਰੇ ਸਿਰਤਾਜ ਦੇ ਚਰਨਾਂ 'ਤੇ ਧਰ ਦੇਵੀਂ । ਉਸ ਵੇਲੇ ਮੇਰੀ ਰੂਹ ਬੱਦਲ ਬਣ ਕੇ ਅਸਮਾਨ 'ਤੇ ਛਾ ਰਹੀ ਹੋਵੇਗੀ, ਤੇ ਮੇਰੀਆਂ ਰੀਝਾਂ ਹੰਝੂ ਬਣ ਕੇ ਆਪਣੇ ਸ਼ੇਰੇ-ਪੰਜਾਬ ਦੀ ਸਮਾਧ 'ਤੇ ਵੱਸ ਰਹੀਆਂ ਹੋਣਗੀਆਂ। ...ਇਕ ਗੱਲ ਹੋਰ ਚੇਤੇ ਰਖੀਂ । ਮੈਂ ਵੇਖਿਆ ਹੈ ਕਿ ਮਰਨ ਤੋਂ ਪਿਛੋਂ ਮ੍ਰਿਤਕ ਦੀਆਂ ਅੱਖਾਂ ਬੰਦ ਕਰ ਦੇਂਦੇ ਹਨ, ਤੇ ਨੈਣਾਂ ਵਿਚ ਆਏ ਦੋ ਹੰਝੂ-ਜੀਵਨ ਦੀ ਆਖਰੀ ਨਿਸ਼ਾਨੀ—ਧਰਤੀ 'ਤੇ
----------------------
ਸਤਲੁਜ ਦੇ ਕੰਢੇ ਬੇੜੀ ਡੋਬੀ ਗੱਦਾਰਾਂ ਨੇ
ਤੁਰੀਆਂ ਜਗ ਤੇਰੀ ਉਜੜੀ ਸ਼ਾਹੀ ਦੀਆਂ ਵਾਰਾਂ ਨੇ
ਕੀਰਨੇ ਪਾਉਂਦੇ ਅੱਜ ਤਕ ਸਤਲੁਜ ਬਿਆਸ ਜੀ
ਲੈ ਜੀ ਤੂੰ ਮੈਨੂੰ ਮੇਰੇ ਸੁਆਮੀ ਦੇ ਪਾਸ ਜੀ
ਲੈ ਜੀ ਦੇਹ ਮੇਰੀ ਲਾਲ ਜੀ !
ਅੱਖਾਂ ਵਿਚ ਫਿਰਦਾ ਨਕਸ਼ਾ ਉਜੜੇ ਪੰਜਾਬ ਦਾ
ਲੋਥਾਂ ਨਾਲ ਭਰਿਆ ਦਿਸਦਾ ਕੰਢਾ ਚਨਾਬ ਦਾ
ਹੋ ਗਿਆ ਦਿਲ ਮੇਰਾ ਸੜ ਸੜ ਟੁਕੜਾ ਕਬਾਬ ਦਾ
'ਸੀਤਲ' ਕਈ ਜਨਮਾਂ ਤੀਕਰ ਬੂਝਣੀ ਨਹੀਂ ਪਿਆਸ ਜੀ
ਲੈ ਜੀ ਤੂੰ ਮੈਨੂੰ ਮੇਰੇ ਸੁਆਮੀ ਦੇ ਪਾਸ ਜੀ
ਲੈ ਜੀ ਤੂੰ ਦੇਹ ਮੇਰੀ ਲਾਲ ਜੀ!"
(ਏਥੇ ਏਹ ਕਵਿਤਾ ਵੀ ਪੜ੍ਹੀ ਜਾ ਸਕਦੀ ਹੈ)
ਕੀਤੀ ਤਿਆਰੀ ਅੰਤ ਦੀ ਜਦ ਜਿੰਦਾਂ ਰਾਣੀ
ਛਾਤੀ ਘੁੱਟ ਕੇ ਪੁੱਤ ਨੂੰ ਉਹ ਇਉਂ ਕੁਰਲਾਣੀ
ਮੁਕ ਗਿਆ ਹੁਣ ਬਚੜਿਆ ਮੇਰਾ ਅੰਨ ਪਾਣੀ
ਮੰਨ ਲਈ ਮੇਰੀ ਆਖਰੀ ਕਹੇ ਮਾਂ ਨਿਮਾਣੀ
ਰੁਲਦੀ ਰਹੇ ਪਰਦੇਸ ਨਾ ਦੇਹ ਕਰਮਾਂ ਖਾਣੀ
ਮਿੱਟੀ ਲੈ ਜੀ ਓਸ ਥਾਂ ਜਿੱਥੇ ਜ਼ਿੰਦਗੀ ਮਾਣੀ
ਛਿੜਕੀ ਮੇਰੇ ਸਿਵੇ 'ਤੇ ਰਾਵੀ ਦਾ ਪਾਣੀ
ਸੜਦੀ ਠੰਢੀ ਹੋ ਜਾਏ ਭਲਾ ਰੂਹ ਨਿਮਾਣੀ
ਦੱਸੀ ਜਾ ਰਣਜੀਤ ਨੂੰ ਮੇਰੀ ਦਰਦ ਕਹਾਣੀ
ਕੀ ਮੇਰੇ ਨਾਲ ਬੀਤੀਆਂ ਕਿਵੇਂ ਉਮਰ ਵਿਹਾਣੀ
ਲੁੱਟ ਲਈ ਘਰ ਦੇ ਭੇਤੀਆਂ ਮੈਂ' ਸੁਘੜ ਸਿਆਣੀ
ਕੱਖੋਂ ਹੌਲੀ ਹੋ ਗਈ ਮਹਿਲਾਂ ਦੀ ਰਾਣੀ
ਹੀਰਾ ਮਿੱਟੀ ਰੁਲ ਗਿਆ ਕਿਸੇ ਕਦਰ ਨਾ ਜਾਣੀ
'ਸੀਤਲ' ਬਾਜ਼ੀ ਹਾਰ ਕੇ ਜਿੰਦਾਂ ਪਛਤਾਣੀ