

ਚੌਥਾ ਕਾਂਡ
ਦਲੀਪ ਸਿੰਘ ਦਾ ਮੁਕੱਦਮਾ
ਇਸ ਕਾਂਡ ਵਿਚ ਅਸੀਂ ਦਲੀਪ ਸਿੰਘ 'ਤੇ ਗੌਰਮਿੰਟ ਵਿਚ ਕਦੇ ਨਾ ਨਜਿੱਠੇ ਗਏ ਮੁਕੱਦਮੇ ਦਾ ਹਾਲ ਲਿਖਦੇ ਹਾਂ । ਹੋਰ ਸੱਜਣਾਂ ਦੀਆਂ ਰਾਵਾਂ ਜਾਂ ਆਪਣੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਹੋਈਆਂ ਘਟਨਾਵਾਂ ਤੇ ਚਿੱਠੀ ਪੱਤਰ ਦੇਂਦੇ ਹਾਂ ।
ਅਕਤੂਬਰ, ੧੮੫੪ ਵਿਚ ਮਹਾਰਾਜੇ ਨੇ (ਲਾਗਨ ਰਾਹੀਂ) ਸਰਕਾਰ ਨੂੰ ਲਿਖਿਆ ਕਿ ਹਿੰਦੀ ਨਿਯਮ ਅਨੁਸਾਰ ਮੈਂ ਜੁਆਨ ਹੋ ਗਿਆ ਹਾਂ । ਸੋ ਮੇਰੇ ਉਪਰੋਂ (ਰਿਹਾਇਸ਼ ਦੀਆਂ) ਬੰਦਸ਼ਾਂ ਹਟਾਈਆਂ ਜਾਣ ਤੇ ਪੈਨਸ਼ਨ ਦਾ ਹਿਸਾਬ ਮੈਨੂੰ ਦਿਤਾ ਜਾਵੇ, ਪਰ ਸਰਕਾਰ ਹਿੰਦ ਨੇ ਕੋਈ ਤਸੱਲੀ ਬਖਸ਼ ਉਤਰ ਨਾ ਦਿੱਤਾ ।
੯ ਦਸੰਬਰਾਂ, ੧੮੫੬ ਨੂੰ ਮਹਾਰਾਜੇ ਨੇ ਫਿਰ ਕੋਰਟ ਆਫ ਡਾਇਰੈਕਟਰਜ਼ ਨੂੰ ਲਿਖਿਆ, ਕਿ ਮੈਨੂੰ ਪਰਬੰਧ ਕਰਨ ਦੇ ਪੂਰੇ ਅਧਿਕਾਰ ਦਿੱਤੇ ਜਾਣ ਤੇ ਪੈਨਸ਼ਨ ਆਦਿ ਦਾ ਪੂਰਾ ਹਿਸਾਬ ਕਰਕੇ ਮੇਰੇ ਨਾਲ ਪੱਕਾ ਫੈਸਲਾ ਕੀਤਾ ਜਾਵੇ । ਇਸਦਾ ਉੱਤਰ ਗੌਰਮਿੰਟ (੧੯ ਫਰਵਰੀ, ੧੮੫੭ ਦਾ ਲਿਖਿਆ ਹੋਇਆ) ਵੱਲੋਂ ਮਿਲਿਆ, ਕਿ ਬੰਦਸ਼ਾਂ ਹਟਾਈਆਂ ਗਈਆਂ ਹਨ, ਤੇ ਪੈਨਸ਼ਨ ਦੇ ਹਿਸਾਬ ਬਾਰੇ ਸਰਕਾਰ ਹਿੰਦ ਵੱਲੋਂ ਉਤਰ ਆਉਣ 'ਤੇ ਪਤਾ ਦਿੱਤਾ ਜਾਵੇਗਾ ।
ਅਗਸਤ, ੧੮੫੭ ਵਿਚ ਲਾਗਨ ਨੇ ਫਿਰ ਪੁਛਿਆ, ਕਿ ਸਰਕਾਰ ਹਿੰਦ ਵੱਲੋਂ ਕੋਈ ਜਵਾਬ ਆਇਆ ਹੈ, ਜਾਂ ਨਹੀਂ ? ਪਰ ਇਸ ਵੇਲੇ ਤਕ ਕੋਈ ਉੱਤਰ ਨਹੀਂ ਸੀ ਆਇਆ ।
ਅਮਲੀ ਤੌਰ ਉਤੇ ੨੯ ਦਸੰਬਰ ੧੮੫੭, ਨੂੰ ਮਹਾਰਾਜੇ ਤੋਂ ਸਭ ਬੰਦਸ਼ਾਂ ਦੂਰ ਹੋਈਆਂ, ਤੇ ਗੋਰਮਿੰਟ ਨੇ ਉਸਨੂੰ ਬਾਲਗ (ਜੁਆਨ) ਮੰਨਿਆ।
੧੮੫੭ ਵਿਚ ਹਿੰਦੁਸਤਾਨ ਅੰਦਰ ਸਿਪਾਹੀਆਂ ਨੇ ਗਦਰ ਕਰ ਦਿਤਾ । ਇਸ ਵਾਸਤੇ ਮਹਾਰਾਜੇ ਨੇ ਆਪਣਾ ਝਗੜਾ ਕੁਛ ਚਿਰ ਵਾਸਤੇ ਬੰਦ ਕਰ ਦਿੱਤਾ, ਤੇ ੧੮੫੯ ਵਿਚ ਇਹ ਮਾਮਲਾ ਫਿਰ ਸ਼ੁਰੂ ਹੋਇਆ।
੨੦ ਮਈ, ੧੮੫੯ ਨੂੰ ਗੌਰਮਿੰਟ ਨੇ ਮਹਾਰਾਜੇ ਨੂੰ ਲਿਖਿਆ ਕਿ ਹੁਣ ਆਪਨੂੰ ਢਾਈ ਲੱਖ ਰੁਪੈ ਸਲਾਨਾ ਮਿਲਨਗੇ ।
--------------------
੧. ਪੂਰੀ ਚਿੱਠੀ ਪੜ੍ਹੋ ਏਸੇ ਕਿਤਾਬ ਦਾ ਪੰਨਾ ੯੭ ।