

ਮੇਰੀਆਂ ਸਭ ਜਾਗੀਰਾਂ ਵੇਚ ਦਿੱਤੀਆਂ ਜਾਣਗੀਆਂ। ਏਸ ਤਰ੍ਹਾਂ ਇੰਗਲੈਂਡ ਵਿਚਲਾ ਮੇਰਾ ਪਿਆਰਾ ਘਰ ਬਰਬਾਦ ਕਰ ਦਿੱਤਾ ਜਾਵੇਗਾ ਤੇ ਮੇਰੀ ਔਲਾਦ ਸਿਰ ਲੁਕਾਵੇ ਵਾਸਤੇ ਕੋਈ ਹੋਰ ਟਿਕਾਣਾ ਭਾਲਣ 'ਤੇ ਮਜਬੂਰ ਕਰ ਦਿੱਤੀ ਜਾਵੇਗੀ।
“ਇਸ ਬੁਰੀ ਤਕਦੀਰ ਨੇ ਕਿੱਥੋਂ ਤਕ ਮੈਨੂੰ ਤੇ ਮੇਰੀ ਔਲਾਦ ਨੂੰ ਰੋਟੀ ਤੋਂ ਆਤਰ ਕਰ ਦਿਤਾ ਹੈ ?
"ਦੁਨੀਆਂ ਭਰ ਵਿਚੋਂ ਇਹਨਾਂ ਦੋਂਹ ਧੋਖੇਬਾਜ਼ ਸ਼ਹਿਰਾਂ ਵਿਚ ਜੇ ਇਕ ਵੀ ਸੱਚਾ ਆਦਮੀ ਮਿਲਦਾ, ਤਾਂ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਘੱਟ ਤੋਂ ਘੱਟ ਇਕ ਪਤਵੰਤਾ ਨਿਆਂਕਾਰ ਤੇ ਸ਼ਰੀਫ ਅੰਗਰੇਜ਼ ਇਸ ਇਨਸਾਫ ਪਸੰਦ ਈਸਾਈ ਦੁਨੀਆਂ ਵਿਚ ਪੈਦਾ ਹੋਇਆ ਹੈ, ਜੋ ਮੇਰੇ ਨਿਆਂ ਦੀ ਪਾਰਲੀਮੈਂਟ ਵਿਚ ਹਮਾਇਤ ਕਰੇਗਾ । ਨਹੀਂ ਤਾਂ ਮੇਰੇ ਵਾਸਤੇ ਇਨਸਾਫ ਹਾਸਲ ਕਰਨ ਦੀ ਕਿਹੜੀ ਆਸ ਹੈ ? ਜਦ ਕਿ ਮੈਨੂੰ ਲੁੱਟਣ ਵਾਲੇ, ਮੇਰੇ ਰਖਵਾਲੇ, ਮੁਨਸਫ (ਜੱਜ Judge), ਵਕੀਲ, ਪੰਚਾਇਤ, ਸਭ ਅੰਗਰੇਜ਼ ਕੌਮ ਆਪ ਹੀ ਹੈ ।
"ਨੇਕ ਦਿਲ ਈਸਾਈ ਧਰਮ ਨੂੰ ਮੰਨਣ ਵਾਲੇ ਅੰਗਰੇਜ਼ੋ ! ਆਪਣੀ ਕੌਮ ਦੀ ਨੇਕਨਾਮੀ ਦਾ ਸਦਕਾ—ਜਿਸ ਕੌਮ ਦਾ ਕੁਦਰਤੀ ਮੈਂਬਰ ਹੋਣ ਦਾ ਮੈਨੂੰ ਮਾਣ ਹੈ—ਮੇਰੇ ਨਾਲ ਇਨਸਾਫ ਤੇ ਖੁੱਲ੍ਹਦਿਲੀ ਵਾਲਾ ਸਲੂਕ ਕਰੋ, ਕਿਉਂਕਿ ਕਿਸੇ ਕੋਲੋਂ ਕੁਛ ਖੋਹ ਲੈਣ ਨਾਲੋਂ, ਉਸ ਨੂੰ ਕੁਛ ਦੇਣਾ ਰੱਬ ਨੂੰ ਵਧੇਰੇ ਭਾਉਂਦਾ ਹੈ ।
ਆਪਦਾ ਸਦਾ ਆਗਿਆਕਾਰ ਰਹਿਣ ਵਾਲਾ
ਦਾਸ ਦਲੀਪ ਸਿੰਘ"
ਇਸ ਚਿੱਠੀ ਵਿਚ ਕੋਈ ਐਹੋ ਜਿਹੀ ਗੱਲ ਨਹੀਂ ਸੀ, ਜੋ ਦਲੀਪ ਸਿੰਘ ਦੇ ਵਿਰੁੱਧ ਜੁਰਮ ਸਮਝੀ ਜਾਵੇ । ਕੌਮ ਦੇ ਨੇਕ ਦਿਲ ਬੰਦਿਆਂ ਸਾਮ੍ਹਣੇ ਰਹਿਮ ਤੇ ਇਨਸਾਫ ਦੀ ਅਪੀਲ ਸੀ, ਪਰ ਇਸ ਦਾ ਜੋ ਉੱਤਰ ਬੜੇ ਕੌੜੇ ਤੇ ਕੋਰੇ ਸ਼ਬਦਾਂ ਵਿਚ 'ਟਾਈਮਜ਼' ਦੇ ਐਡੀਟਰ ਨੇ ਦਿੱਤਾ, ਉਸ ਨੇ ਮਹਾਰਾਜੇ ਦੇ ਦਿਲ 'ਤੇ ਸੱਟ ਮਾਰੀ। ਐਡੀਟਰ ਨੇ ੩੧ ਅਗਸਤ, ੧੮੮੨ ਦੇ ਪਰਚੇ (ਟਾਈਮਜ਼) ਵਿਚ ਲਿਖਿਆ:
'ਟਾਈਮਜ਼' ਦਾ ਮੁਖ ਲੇਖ
"ਕਿਸੇ ਹੋਰ ਥਾਂ ਅਸੀਂ ਮਹਾਰਾਜਾ ਦਲੀਪ ਸਿੰਘ ਦੀ ਚਿੱਠੀ ਛਾਪ ਰਹੇ ਹਾਂ। ਮਾਲੂਮ ਹੁੰਦਾ ਹੈ, ਕੇਟੀਵਾਓ (Cetewayo) ਦੀ ਬਹਾਲੀ ਵੇਖ ਕੇ ਉਹਨੂੰ ਹੌਂਸਲਾ ਹੋਇਆ ਹੈ ਕਿ ਉਹ ਪੁਰ-ਦਰਦ ਸ਼ਬਦਾਂ ਵਿਚ ਆਪਣੀਆਂ ਮੰਗਾਂ ਸਾਡੇ ਸਾਹਮਣੇ ਰੱਖੇ । ਪਹਿਲੀ ਨਜ਼ਰ ਨਾਲ ਤੱਕਿਆਂ ਉਹਦੀ ਚਿੱਠੀ ਵਿਚ ਇਸ ਤੋਂ ਬਿਨਾਂ ਹੋਰ ਕੋਈ ਮੰਗ ਨਹੀਂ ਕਿ ਉਸਨੂੰ ਦੋਬਾਰਾ ਪੰਜਾਬ ਦੇ ਤਖਤ 'ਤੇ ਬਿਠਾ ਦਿੱਤਾ ਜਾਵੇ । ਪਹਿਲਾਂ ਉਹ ਆਪਣੇ ਹੱਕਾਂ ਨੂੰ ਪਦਵੀ ਅਨੁਸਾਰ ਆਪਣੇ ਸਿੱਧ ਕਰਦਾ ਹੈ, ਤੇ ਫਿਰ ਉਹਨਾਂ ਨੂੰ