

ਹੋਇਆ ਹੈ। ਗਲ ਵਿਚ ਸੁੱਚੇ ਮੋਤੀਆਂ ਦੀ ਦੂਹਰੀ ਮਾਲਾ ਹੈ, ਜੋ ਧੁੰਨੀ ਤਕ ਅੱਪੜੀ ਹੋਈ ਹੈ, ਗਲ ਕੋਲ ਤਿੰਨ ਵੱਡੇ-ਵੱਡੇ ਲਾਲ ਦਿੱਸਦੇ ਹਨ। ਕਈ ਵੱਡੇ-ਵੱਡੇ ਹੀਰੇ ਮੋਤੀ ਉਸ ਦੀ ਪਗੜੀ ਵਿਚ ਤੇ ਡੌਲਿਆਂ 'ਤੇ ਲਟਕ ਰਹੇ ਸਨ । ਹੀਰਿਆਂ ਜੜੀ ਇਕ ਤਲਵਾਰ ਉਸ ਦੇ ਹੱਥ ਵਿਚ ਹੈ, ਤੇ ਇਕ ਹੋਰ ਓਹੇ ਜੇਹੀ ਗਾਤਰੇ ਵਿਚ ਹੈ, ਤੇ ਬੇਗਿਣਤ ਅਜੇਹੇ ਹੋਰ ਜ਼ੇਵਰ । ਲਾਰਡ ਡਲਹੌਜ਼ੀ ਨੇ ਥੋੜ੍ਹੇ ਜੇਹੇ ਗਹਿਣੇ ਮਹਾਰਾਜੇ ਦੇ ਪਹਿਨਣ ਵਾਸਤੇ ਫਤਿਹਗੜ੍ਹ ਲੈ ਜਾਣ ਦੀ ਆਗਿਆ ਦਿੱਤੀ । ਮਹਾਰਾਜੇ ਦੇ ਬਾਕੀ ਦੇ ਹੀਰੇ ਗਵਰਨਰ-ਜੈਨਰਲ ਨੇ ਆਪਣੇ ਕਬਜ਼ੇ ਵਿਚ ਰੱਖੇ । ਇਸ ਗੱਲ 'ਤੇ ਯਕੀਨ ਕੀਤਾ ਜਾਂਦਾ ਹੈ ਕਿ ਉਹ ਸਾਰੇ ਵੇਚ ਦਿੱਤੇ ਗਏ ਸਨ । ਫਿਰ ਉਹਨਾਂ ਦਾ ਕਦੇ ਵੀ ਕੋਈ ਹਿਸਾਬ ਨਹੀਂ ਦਿਤਾ ਗਿਆ।"
ਏਹਾ ਸੱਜਣ ਇਕ ਥਾਂ ਹੋਰ ਲਿਖਦਾ ਹੈ, "ਜੇ ਅਸਲ ਵਿਚ ਅਹਿਦਨਾਮੇ ਪਿੱਛੋਂ ਮਹਾਰਾਜੇ ਤੇ ਉਸ ਦੇ ਆਉਣ ਵਾਲੇ ਹੱਕਦਾਰਾਂ ਨੂੰ ਸਿਰਫ ਸਰਕਾਰ ਅੰਗਰੇਜ਼ੀ ਦੇ ਰਹਿਮ ਉੱਤੇ ਛੱਡ ਦੇਣ ਦਾ ਇਰਾਦਾ ਸੀ, ਜੇ ਗੌਰਮਿੰਟ ਉਸ ਦੀ ਜਾਤੀ ਤੇ ਘਰੋਗੀ ਜਾਇਦਾਦ ਹਜ਼ਮ ਕਰ ਕੇ ਉਹਦੀ ਆਜ਼ਾਦੀ ਖੋਹਣਾ ਚਾਹੁੰਦੀ ਸੀ, ਤਾਂ ਉਸ ਨੂੰ ਅਹਿਦਨਾਮੇ ਉੱਤੇ ਦਸਤਖਤ ਕਰਨ ਵਾਸਤੇ ਕਿਹਾ ਹੀ ਕਿਉਂ ਗਿਆ ? ਮਹਾਰਾਜਾ ਤੇ ਉਹਦਾ ਸਭ ਕੁਛ ਸਰਕਾਰ ਅੰਗਰੇਜ਼ੀ ਦੇ ਕਾਬੂ ਵਿਚ ਸਨ, ਜੋ ਦੋਹਾਂ ਨੂੰ—ਜਿਵੇਂ ਚਾਹੁੰਦੀ—ਬਿਲੇ ਲਾ ਸਕਦੀ ਸੀ ।
"ਅਸੀਂ ਖਿਆਲ ਨਹੀਂ ਕਰ ਸਕਦੇ ਕਿ ਇੰਡੀਆ ਆਫਸ ਨੇ ਉਸ ਅਹਿਦਨਾਮੇ ਦੀ ਬੋਲੀ ਤੇ ਅਰਥਾਂ ਨੂੰ ਠੀਕ ਸਮਝਿਆ ਹੋਵੇ । ਪਰ ਅਸੀਂ ਬਿਨਾਂ ਕਿਸੇ ਡਰ, ਕਹਿ ਸਕਦੇ ਹਾਂ ਕਿ ਜੇ ਅਹਿਦਨਾਮੇ ਦਾ ਠੀਕ ਓਹਾ ਅਰਥ ਹੈ, ਜੋ ਸਰ ਚਾਰਲਸ ਵੁੱਡ Sir Charles Wood ਨੇ ਆਪਣੇ ਬਿਆਨ ਵਿਚ ਪਰਗਟ ਕੀਤਾ ਹੈ, ਤਾਂ ਉਹ ਅਹਿਦਨਾਮਾ ਇਕ ਐਹੋ ਜੇਹੀ ਲਿਖਤ ਹੈ, ਜਿਸ ਤੋਂ ਹਰ ਈਮਾਨਦਾਰ ਆਦਮੀ ਦੇ ਦਿਲ ਵਿਚ ਗੁੱਸਾ ਤੇ ਘਿਰਨਾ ਪੈਦਾ ਹੋਣਾ ਚਾਹੀਏ ।”
ਅੱਗੇ ਚੱਲ ਕੇ ਇਹ ਸੱਜਣ ਬੜੀਆਂ ਖਰੀਆਂ ਖਰੀਆਂ ਤੇ ਸੱਚੀਆਂ ਲਿਖਦਾ ਹੈ । ਉਹ ਅੰਗਰੇਜ਼ਾਂ ਨੂੰ ਸੰਬੋਧਨ ਕਰ ਕੇ ਕਹਿੰਦਾ ਹੈ : "ਸਾਨੂੰ ਪੰਜਾਬ ਦੀ ਲੋੜ ਸੀ, ਕਿਉਂਕਿ ਹਿੰਦੁਸਤਾਨ ਦੀ ਉੱਤਰ ਪੱਛਮੀ ਹੱਦ ਦੀ ਰਾਖੀ ਕਰਨ ਵਾਸਤੇ ਸਾਨੂੰ ਇਸ ਦੀ ਲੋੜ ਸੀ । ਸਾਨੂੰ ਇਸ ਦੇ ਵਾਸੀਆਂ ਦੀ ਲੋੜ ਸੀ, ਕਿਉਂਕਿ ਅਸੀਂ ਉਹਨਾਂ ਨੂੰ ਸਿਪਾਹੀ ਤੇ ਪਰਜਾ ਬਣਾਉਣਾ ਚਾਹੁੰਦੇ ਸਾਂ । ਇਸਦਾ ਮਾਮਲਾ ਵੀ ਸਾਡੇ ਖਜ਼ਾਨੇ ਵਾਸਤੇ ਘੱਟ ਲਾਭਵੰਦਾ ਨਹੀਂ ਸੀ ।
"ਜੋ ਕੁਛ ਸਾਨੂੰ ਚਾਹੀਦਾ ਸੀ, ਸੋ ਮਿਲ ਗਿਆ ਸੀ । (ਪੰਜਾਬ ਦੇ)
---------------------
੧. ਮ. ਦਲੀਪ ਸਿੰਘ ਤੇ ਗੌਰਮਿੰਟ, ਪੰਨੇ ੧੦੫ ਤੋਂ ੧੦੮ ।
੨. ਮ. ਦਲੀਪ ਸਿੰਘ ਤੇ ਗੋਰਮਿੰਟ, ਪੰਨਾ ੧੧੬