

ਉਸਦੀ ਔਲਾਦ ਤੇ ਬਾਕੀ ਹੱਕਦਾਰਾਂ (ਜਿਨ੍ਹਾਂ ਨੂੰ ਮਹਾਰਾਜੇ ਦੇ ਰਾਜ ਦਾ ਹੱਕ ਪਹੁੰਚਦਾ ਸੀ) ਨੂੰ ਮਿਲਦੀ ਰਹਿੰਦੀ ।
੩. ਸੁਲ੍ਹਾ ਵਿਚ ਦਲੀਪ ਸਿੰਘ ਦੀ ਜਾਤੀ ਤੇ ਘਰੋਗੀ ਜਾਇਦਾਦ ਜ਼ਬਤ ਨਹੀਂ ਸੀ ਕੀਤੀ ਗਈ, ਇਸ ਵਾਸਤੇ ਉਹ ਸਾਰੀ ਜਾਇਦਾਦ ਮਹਾਰਾਜੇ ਦੇ ਬਾਲਗ ਹੋਣ ਉਤੇ ਉਸਦੇ ਹਵਾਲੇ ਕਰ ਦੇਣੀ ਚਾਹੀਦੀ ਸੀ, ਨਾਲ ਹੀ ੧੬ ਦਸੰਬਰ, ੧੮੪੬ ਤੋਂ ਲੈ ਕੇ ਉਸਦੀ ਜਾਇਦਾਦ ਦੀ ਆਮਦਨ ਦਾ ਸਾਰਾ ਹਿਸਾਬ ਮਹਾਰਾਜੇ ਨੂੰ ਮਿਲਣਾ ਚਾਹੀਦਾ ਸੀ । ਕਿਉਂਕਿ ਉਸ ਦਿਨ ਤੋਂ (ਭਰੋਵਾਲ ਦੀ ਸੁਲ੍ਹਾ ਅਨੁਸਾਰ) ਸਰਕਾਰ ਅੰਗਰੇਜ਼ੀ ਮਹਾਰਾਜੇ ਦੀ ਕੁੱਲ ਜਾਇਦਾਦ ਦੀ ਰਖਵਾਲੀ ਤੇ ਮੋਦੀ (Guardian & trustee) ਸੀ । ਲਾਹੌਰ ਦੇ ਕਿਲ੍ਹੇ ਵਿਚੋਂ ਵੇਚਿਆ ਸਾਮਾਨ (ਹੀਰੇ, ਜਵਾਹਰਾਤ, ਬਰਤਨ, ਕੀਮਤੀ ਕੱਪੜੇ ਤੇ ਹੋਰ ਬਹੁਤ ਕੁਝ) ਤੇ ਫਹਿਤਗੜ੍ਹ ਵਿਚ ਲੁਟਿਆ ਗਿਆ ਮਾਲ, ਸਭ ਦਾ ਪੂਰਾ-ਪੂਰਾ ਮੁੱਲ ਮਹਾਰਾਜੇ ਨੂੰ ਮਿਲਣਾ ਚਾਹੀਦਾ ਸੀ, ਕਿਉਂਕਿ ਉਹਦੇ ਹਰ ਤਰ੍ਹਾਂ ਦੇ ਘਾਟੇ ਵਾਧੇ ਦੀ ਜ਼ਿੰਮੇਵਾਰ ਗੌਰਮਿੰਟ ਸੀ ।
ਪਰ ਇਹ ਇਨਸਾਫ ਮਹਾਰਾਜੇ ਨਾਲ ਕਦੇ ਵੀ ਨਹੀਂ ਕੀਤਾ ਗਿਆ। ਉਸ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਗੋਰਮਿੰਟ ਉਸ ਦੀਆਂ ਹੱਕੀ ਤੇ ਵਾਜਬ ਮੰਗਾਂ ਕਦੇ ਵੀ ਪੂਰੀਆਂ ਨਹੀਂ ਕਰੇਗੀ । ਸੋ ਉਸਦਾ ਇਹ ਝਗੜਾ ਕਦੇ ਵੀ ਨਜਿਠਿਆ ਨਾ ਗਿਆ।
ਅੰਤ ਗੌਰਮਿੰਟ ਦੀ ਇਸ ਬੇਇਨਸਾਫੀ ਨੇ ਮਹਾਰਾਜੇ ਦਾ ਦਿਲ ਤੋੜ ਦਿੱਤਾ, ਤੇ ਉਹ ਸਦਾ ਵਾਸਤੇ ਨਿਆਇ ਦੀ ਆਸ ਲਾਹ ਬੈਠਾ ।