

ਨੂੰ ਮਿਲਿਆ । ਇਸ ਵੇਲੇ ਉਹ ਇੰਡੀਆ ਆਫਸ ਨਾਲ ਨਾਰਾਜ਼ ਸੀ । ਉਸ ਨੇ ਲੇਡੀ ਨੂੰ ਕਿਹਾ, "ਇਹ ਕਿੰਨੀ ਸ਼ਰਮ ਵਾਲੀ ਗੱਲ ਹੈ, ਕਿ ਮੇਰੇ ਮਰਨ ਪਿੱਛੋਂ ਮੇਰੇ ਵੱਡੇ ਪੁੱਤਰ ਨੂੰ ਸਿਰਫ ੩੦ ਹਜ਼ਾਰ ਰੁਪੈ ਸਾਲਾਨਾ ਮਿਲਣਗੇ । ਮੈਂ ਦਸੰਬਰ ਵਿਚ ਹਿੰਦੁਸਤਾਨ ਨੂੰ ਤੁਰ ਪਵਾਂਗਾ ।” ਸਦਾ ਵਾਸਤੇ ਘਰ ਨੂੰ ਛੱਡ ਕੇ ਜਾਣਾ ਸੌਖਾ ਨਹੀਂ ਹੁੰਦਾ । ਮਹਾਰਾਜੇ ਨੂੰ ਤਿਆਰੀ ਕਰਦਿਆਂ ਕੁਛ ਹੋਰ ਸਮਾਂ ਲੱਗ ਗਿਆ । ਅੰਤ ਦੀ ਵਾਰੀ ਲੇਡੀ ਲਾਗਨ ਰਾਹੀਂ ਮਲਕਾ ਕੋਲ ਬੇਨਤੀ ਕੀਤੀ, ਪਰ ਕੋਈ ਲਾਭ ਨਾ ਹੋਇਆ । ਪੰਜ ਜੁਲਾਈ, ੧੮੮੪ ਨੂੰ ਮਹਾਰਾਜੇ ਨੇ ਫਿਰ ਲੇਡੀ ਲਾਗਨ ਨੂੰ ਲਿਖਿਆ ਕਿ ਹੁਣ ਮੈਂ ਜਾਣ ਵਾਸਤੇ ਬਿਲਕੁਲ ਤਿਆਰ ਹੋ ਗਿਆ ਹਾਂ ।
ਮਹਾਰਾਜੇ ਨੇ ਆਪਣੀ ਮਾਤਾ ਨਾਲ ਸਿੱਖ ਧਰਮ ਧਾਰਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ । ਉਹਦਾ ਇਹ ਇਰਾਦਾ ਸੀ ਕਿ ਉਹ ਦੇਸ ਜਾ ਕੇ (ਸ਼ਾਇਦ ਅੰਮ੍ਰਿਤਸਰ ?) ਹੀ ਅੰਮ੍ਰਿਤ ਛਕੇ । ਇਸ ਵੇਲੇ ਉਹਦਾ ਮਨ ਬੜਾ ਡੋਲਿਆ ਹੋਇਆ ਸੀ। ਇਸ ਸਮੇਂ ਉਸ ਨੂੰ ਸ: ਸੰਤ ਸਿੰਘ (ਪਿੰਡ ਐਮਾ, ਜ਼ਿਲ੍ਹਾ ਅੰਮ੍ਰਿਤਸਰ) ਦੀ ਚਿੱਠੀ ਮਿਲੀ। ਇਹ ਸਰਦਾਰ ਸਾਹਿਬ ਮਹਾਰਾਜੇ ਦੀ ਮਾਤਾ ਜਿੰਦ ਕੌਰ ਦੀ ਭੂਆ ਦੇ ਪੁੱਤਰ ਸਨ । ਮਹਾਰਾਜੇ ਨੇ ਇਸ ਚਿੱਠੀ ਦੇ ਉੱਤਰ ਵਿਚ ਲਿਖਿਆ।
ਦਲੀਪ ਸਿੰਘ ਦੀਆਂ ਚਿੱਠੀਆਂ ਸੰਤ ਸਿੰਘ ਨੂੰ
"ਐਲਵੇਡਨ ਹਾਲ,
"ਥੈਟਫੋਰਡ, ਸੱਫੋਕ
ਮੇਰੇ ਪਿਆਰ ਸ: ਸੰਤ ਸਿੰਘ !
ਆਪ ਦੀ ਚਿੱਠੀ ਪੁੱਜਣ 'ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ । ਮੈਂ ਆਪ ਦਾ ਧੰਨਵਾਦੀ ਹਾਂ ਕਿ ਆਪ ਨੇ ਆਪਣੀ ਕ੍ਰਿਪਾਲਤਾ ਭਰੀ ਸੇਵਾ ਪੇਸ਼ ਕੀਤੀ ਹੈ, ਪਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ । ਕਿਉਂਕਿ ਸਰਕਾਰ ਅੰਗਰੇਜ਼ੀ ਮੇਰੇ ਨਾਲ ਇਨਸਾਫ ਕਰਨੋਂ ਨਾਂਹ ਕਰਦੀ ਹੈ। ਇਸ ਲਈ ਮੈਂ ਆਉਣ ਵਾਲੀ ਇਕ ਦਸੰਬਰ ਨੂੰ ਇੰਗਲੈਂਡ ਤੋਂ ਤੁਰ ਪਵਾਂਗਾ, ਤੇ ਚੁੱਪ ਚਾਪ ਦਿੱਲੀ ਰਹਾਂਗਾ, ਕਿਉਂਕਿ ਮੈਂ ਹੁਣ ਗਰੀਬ ਹਾਂ ।
"ਮੈਂ ਆਪ ਜੀ ਨੂੰ ਆਪਣੀ ਪਿਆਰੀ ਸੁਰਗਵਾਸੀ ਮਾਤਾ ਜੀ ਦਾ ਰਿਸ਼ਤੇਦਾਰ ਜਾਣ ਕੇ ਬਹੁਤ ਪ੍ਰਸੰਨ ਹੋਇਆ ਹਾਂ ।
ਮੈਂ ਹਾਂ ਤੁਹਾਡਾ ਪਿਆਰਾ ਸੰਬੰਧੀ
ਦਲੀਪ ਸਿੰਘ"
੭ ਅਕਤੂਬਰ, ੧੮੮੫,
-------------------
੧. ਡਾ. ਗੰਡਾ ਸਿੰਘ, ਸਿੱਖ ਇਤਿਹਾਸ ਬਾਰੇ, ਪੰਨਾ ੧੬੯।