

ਮੈਂਬਰ ਮਹਾਰਾਜੇ ਨੂੰ ਆ ਕੇ ਮਿਲਿਆ, ਤੇ ਬੇਨਤੀ ਕੀਤੀ ਕਿ ਜੇ ਮਹਾਰਾਜਾ ਇਗਲੈਂਡ ਵਿਚ ਹੀ ਰਹੇ, ਤਾਂ ਗੋਰਮਿੰਟ ਵੱਲੋਂ ਉਸ ਨੂੰ ਪੰਜ ਲੱਖ ਰੁਪੈ ਮਿਲਿਆ ਕਰਨਗੇ । ਮਹਾਰਾਜੇ ਨੇ ਇਸ ਗੱਲ ਨੂੰ ਨਾ ਮੰਨਿਆ, ਤੇ ਹਿੰਦੁਸਤਾਨ ਜਾਣ ਦਾ ਇਰਾਦਾ ਕਾਇਮ ਰੱਖਿਆ। ਉਸ ਮੈਂਬਰ ਨੇ ਬੜਾ ਸਮਝਾਇਆ, ਪਰ ਹੁਣ ਸਮਝਣਾ ਤਾਂ ਕਿਤੇ ਰਿਹਾ, ਮਹਾਰਾਜੇ ਨੂੰ ਇਹਨਾਂ ਬਹੁਤੀ ਸਮਝ ਵਾਲਿਆਂ ਤੋਂ ਹੀ ਘ੍ਰਿਣਾ ਹੋ ਗਈ ਸੀ ।
ਦਹਿਸ਼ਤ ਹੈ ਖਿਰਦਮੰਦੋਂ ਕੀ ਸੁਹਬਤ ਸੇ ਮੁਝੇ 'ਮੀਰ'
ਅਬ ਜਾ ਰਹੂੰਗਾ ਵੀ ਕੋਈ ਦੀਵਾਨਾ ਜਹਾਂ ਹੋ ।
ਮਾਰਚ ਦੇ ਅਖੀਰ ਵਿਚ ਮਹਾਰਾਜਾ ਸਣੇ ਪਰਿਵਾਰ ਹਿੰਦੁਸਤਾਨ ਨੂੰ ਤੁਰ ਪਿਆ । ਜਿਸ ਇੰਗਲੈਂਡ ਵਿਚ ਉਹ ਸਾਰੀ ਉਮਰ ਵੱਸਣਾ ਚਾਹੁੰਦਾ ਸੀ, ਉਸਨੂੰ ਸਦਾ ਵਾਸਤੇ ਛੱਡ ਕੇ ਤੁਰ ਪਿਆ। ਆਪਣੇ ਅੰਗਰੇਜ਼ ਮਿੱਤਰਾਂ ਨੂੰ ਸਦਾ ਵਾਸਤੇ ਨਮਸਕਾਰ ਕੀਤੀ, ਤੇ ਅੰਤ ਦੀ ਵਾਰ ਇਹ ਕਹਿੰਦਾ ਹੋਇਆ ਮਹਾਰਾਜਾ ਉਹਨਾਂ ਤੋਂ ਵਿਛੜਿਆ:
ਜਿਸ ਲੀਏ ਆਏ ਥੇ ਸੋ ਹਮ ਕਰ ਚਲੇ
ਤੁਹਮਤੇਂ ਚੰਦ ਅਪਨੇ ਜ਼ਿੰਮੇ ਧਰ ਚਲੇ
ਦੋਸਤੋ ! ਦੇਖਾ ਤਮਾਸ਼ਾ ਯਾਂ ਕਾ ਬਸ
ਤੁਮ ਰਹੋ, ਅਬ ਹਮ ਤੋ ਅਪਨੇ ਘਰ ਚਲੇ
ਸ਼ਮ੍ਹਾਂ ਕੀ ਮਾਨਿੰਦ ਹਮ ਇਸ ਬਜ਼ਮ ਮੇਂ
ਚਸ਼ਮ ਤਰ ਆਏ ਥੇ, ਦਾਮਨ ਤਰ ਚਲੇ
ਪੰਜਾਬੀਆਂ ਦੇ ਨਾਮ ਚਿੱਠੀ
ਜਹਾਜ਼ ਚੜ੍ਹਨ ਤੋਂ ਕੁਛ ਦਿਨ ਪਹਿਲਾਂ ਮਹਾਰਾਜੇ ਨੇ ਪੰਜਾਬੀਆਂ ਦੇ ਨਾਮ ਇਕ ਚਿੱਠੀ ਲਿਖੀ :
"ਲੰਡਨ
੨੫ ਮਾਰਚ ੧੮੮੬,
"ਮੇਰੇ ਪਿਆਰੇ ਦੇਸ ਵਾਸੀਓ।
"ਹਿੰਦ ਵਿਚ ਆ ਕੇ ਵੱਸਣ ਦੀ ਮੇਰੀ ਕਦੇ ਇੱਛਿਆ ਨਹੀਂ ਸੀ, ਪਰ ਸਤਿਗੁਰੂ ਸਭ ਦੇ ਵਿਧਾਤਾ ਹਨ। ਉਹ ਅਸਾਂ ਸਾਰਿਆਂ ਨਾਲੋਂ ਵਧੇਰੇ ਸ਼ਕਤੀ ਵਾਲੇ ਹਨ । ਮੈਂ ਉਹਨਾਂ ਦਾ ਤੁੱਛ ਜੀਵ ਹਾਂ । ਮੇਰੀ ਇੱਛਿਆ ਨਾ ਹੋਣ 'ਤੇ ਵੀ ਉਹਨਾਂ ਦੀ ਇੱਛਿਆ ਨਾਲ ਇੰਗਲੈਂਡ ਛੱਡਕੇ, ਭਾਰਤ ਵਿਚ ਆ ਕੇ ਸਾਧਾਰਣ ਰੂਪ ਵਿਚ ਵੱਸਾਂਗਾ। ਮੈਂ ਸਤਿਗੁਰੂ ਦੀ ਇੱਛਿਆ ਸਾਹਮਣੇ ਸਿਰ ਝੁਕਾਉਂਦਾ ਹਾ । ਜੋ ਇੱਛਿਆ ਹੈ, ਓਹਾ ਹੋਵੇਗਾ ।