

ਆਇਆ, ਉਸ 'ਤੇ ਮੌਤ ਨੂੰ ਤਰਸ ਆ ਗਿਆ। ਉਸ ਨੇ ਮਹਾਰਾਜੇ ਨੂੰ ਮਾਂ ਵਾਂਗ ਗੋਦ ਵਿਚ ਲੈ ਲਿਆ, ਤੇ ਉਹਦੇ ਦੁੱਖਾਂ ਦਰਦਾਂ ਦਾ ਅੰਤ ਕਰ ਦਿੱਤਾ । ੨੩ ਅਕਤੂਬਰ, ੧੮੯੩ ਈ: ਨੂੰ ਮਹਾਰਾਜੇ ਦੀ ਰੂਹ ਇਸ ਦੇਸ ਨੂੰ ਛੱਡ ਕੇ ਅਗਲੀ ਦੁਨੀਆਂ ਵਿਚ ਰੱਬੀ ਅਦਾਲਤ ਅੰਦਰ ਇਨਸਾਫ ਲਈ ਫਰਯਾਦ ਕਰਨ ਵਾਸਤੇ ਚਲੀ ਗਈ । ੫੫ ਸਾਲ, ੧ ਮਹੀਨਾ ਤੇ ੨੦ ਦਿਨ ਦੀ ਉਮਰ ਭੋਗ ਕੇ ਮਹਾਰਾਜਾ ਦਲੀਪ ਸਿੰਘ ਸੱਚੀ ਦਰਗਾਹ ਵਿਚ ਜਾ ਵੱਸਿਆ।
ਏਥੋਂ ਮਹਾਰਾਜੇ ਦੀ ਅਰਥੀ ਇੰਗਲੈਂਡ ਪੁਚਾਈ ਗਈ । ਮਲਕਾ ਵਿਕਟੋਰੀਆ, ਪ੍ਰਿੰਸ ਆਫ ਵੇਲਜ਼ ( ਜੋ ਪਿਛੋਂ ਬਾਦਸ਼ਾਹ ਐਡਵਰਡ ਸੱਤਵਾਂ ਬਣਿਆ), ਫਰਾਂਸ ਦਾ ਵੱਡਾ ਵਜ਼ੀਰ ਆਦਿ ਵੱਡਿਆਂ-ਵੱਡਿਆਂ ਬੰਦਿਆਂ ਨੇ ਮਹਾਰਾਜੇ ਦੀ ਅਰਥੀ ਸਜਾਉਣ ਵਾਸਤੇ ਮਾਤਮ ਵਜੋਂ ਫੁੱਲਾਂ ਦੀਆਂ ਮਾਲਾਂ ਭੇਜੀਆਂ । ਇਹਨਾਂ 'ਸ਼ਿਬਲੀ' ਦੇ ਫੁੱਲਾਂ ਦੇ ਭਾਰ ਹੇਠ ਮਹਾਰਾਜੇ ਦੀ ਰੂਹ ਸਗੋਂ ਤੜਪ ਉਠੀ । ਅੰਤ ਆਪਣੇ ਪਿਆਰੇ ਘਰ ਐਲਵੇਡਨ ਮਹਿਲ ਦੇ ਨੇੜੇ ਦੇ ਗਿਰਜੇ ਦੇ ਕਬਰਸਤਾਨ ਅੰਦਰ, ੨੯ ਅਕਤੂਬਰ ੧੮੯੩ ਨੂੰ ਮਹਾਰਾਜਾ ਆਪਣੀ ਪ੍ਰਾਣ ਪਿਆਰੀ ਮਹਾਰਾਣੀ ਬੰਬਾ ਮੂਲਰ ਦੇ ਲਾਗੇ ਦਫਨਾ ਦਿੱਤਾ ਗਿਆ।
ਬਰਸੋਂ ਰਹਾ ਜਿਨ ਕੇ ਸਰ ਪਰ ਛਤਰਿ ਜ਼ਰੀਂ
ਤੁਰਬਤ ਪੇ ਨਾ ਉਨ ਕੀ ਸ਼ਾਮਿਆਨਾ ਦੇਖਾ
ਕਾਦੀਵਿੰਡ (ਕਸੂਰ)
੧ ਜਨਵਰੀ, ੧੮੪੬ ਈ:
ਸੋਹਣ ਸਿੰਘ 'ਸੀਤਲ
ਨੋਟ :- ੧੯੭੭ ਈ: ਵਿਚ ਲੇਖਕ ਉਹ ਥਾਂ ਵੇਖ ਕੇ ਆਇਆ ਹੈ। ਗਿਰਜੇ ਦੇ ਕਬਰਸਤਾਨ ਵਿਚ ਆਮ ਕਬਰਾਂ ਵਿਚ ਘਿਰੀਆਂ ਹੋਈਆਂ ਤਿੰਨ ਕਬਰਾਂ ਹਨ, ਜਿਨ੍ਹਾਂ ਵਿਚ ਮ: ਦਲੀਪ ਸਿੰਘ, ਮਾਹਾਰਾਣੀ ਬੰਬਾ ਮੂਲਰ ਤੇ ਉਹਨਾਂ ਦਾ ਗਿਆਰਾਂ ਸਾਲ ਦਾ ਛੋਟਾ ਪੁੱਤਰ ਐਡਵਰਡ ਸੁੱਤੇ ਪਏ ਹਨ ।