ਡੋਗਰੇ ਨੂੰ ਦੇ ਕੇ ਵੱਖਰਾ 'ਮਹਾਰਾਜਾ' ਬਣਾ ਦਿੱਤਾ । ੧੧ ਮਾਰਚ ਨੂੰ ਕੁਝ ਸ਼ਰਤਾਂ ਹੋਰ ਵਧਾਈਆਂ ਗਈਆਂ, ਜਿਨ੍ਹਾਂ ਰਾਹੀਂ ਕੁਝ ਅੰਗੇਰਜ਼ੀ ਫੌਜ ਇਕ ਸਾਲ ਵਾਸਤੇ ਲਾਹੌਰ ਰੱਖੀ ਗਈ।
ਲਾਲ ਸਿੰਘ ਨੂੰ ਦੇਸ ਨਿਕਾਲਾ
ਹੁਣ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ ਸੀ। ਦੇਸ਼ ਨਾਲ ਐਨਾ ਘਾਤ ਕਰਕੇ ਲਾਲ ਸਿੰਘ ਨੇ ਇਸ ਨਾਮ-ਧਰੀਕ ਰਾਜ ਦੀ ਵਜ਼ਾਰਤ ਸੰਭਾਲੀ, ਪਰ ਉਹ ਵੀ ਬਹੁਤ ਚਿਰ ਨਾ ਰੱਖ ਸਕਿਆ। ਗੁਲਾਬ ਸਿੰਘ ਜੰਮੂ ਦੇ ਵਿਰੁੱਧ ਸਾਜ਼ਿਸ਼ ਕਰਨ ਦੇ ਗੁਨਾਹ ਵਿਚ ੩ ਦਸੰਬਰ, ੧੮੪੬ ਈ: ਨੂੰ ਪੰਜਾਬ ਦੀ ਵਜ਼ਾਰਤ ਤੋਂ ਹਟਾ ਕੇ, ਦੋ ਹਜ਼ਾਰ ਮਾਹਵਾਰ ਪੈਨਸ਼ਨ ਦੇ ਕੇ ਲਾਲ ਸਿੰਘ ਨੂੰ ਬਨਾਰਸ ਵਿਚ ਨਜ਼ਰਬੰਦ ਕਰ ਦਿੱਤਾ ਗਿਆ ।
ਭਰੋਵਾਲ ਦੀ ਸੁਲ੍ਹਾ
ਥੋੜ੍ਹੇ ਹੀ ਚਿਰ ਪਿੱਛੋਂ ਲਾਰਡ ਹਾਰਡਿੰਗ ਵਲੋਂ ੧੬ ਦਸੰਬਰ, ੧੮੪੬ ਈ: ਨੂੰ ਭਰੋਵਾਲ ਦਾ ਅਹਿਦਨਾਮਾ ਬਦੋ-ਬਦੀ ਦਲੀਪ ਸਿੰਘ ਦੇ ਸਿਰ ਮੜ੍ਹਿਆ ਗਿਆ । ਇਸ ਅਹਿਦਨਾਮੇ ਦੀਆਂ ੧੧ ਸ਼ਰਤਾਂ ਸਨ, ਜਿਨ੍ਹਾਂ ਵਿਚੋਂ ਕੁਝ ਇਹ ਹਨ : (੨) ਗਵਰਨਰ ਜਨਰਲ ਵਲੋਂ ਥਾਪਿਆ ਹੋਇਆ ਇਕ ਅੰਗਰੇਜ਼ ਅਫਸਰ-ਸਣੇ ਆਪਣੇ ਮਾਤਹਿਤਾਂ ਦੇ-ਲਾਹੌਰ ਰਹੇਗਾ, ਤੇ ਉਸ ਅਫਸਰ ਨੂੰ ਰਾਜ ਦੇ ਹਰ ਮਹਿਕਮੇ ਤੇ ਹਰ ਤਰ੍ਹਾਂ ਦੇ ਕੰਮਾਂ ਵਿਚ ਪੂਰੇ-ਪੂਰੇ ਤੇ ਸਿੱਧੇ ਅਖਤਿਆਰ ਹੋਣਗੇ । (੪) (ਕੌਂਸਲ ਬਣੇਗੀ) ਕੌਂਸਲ ਦੇ ਮੈਂਬਰ ਵੱਡੇ ਵੱਡੇ ਸਰਦਾਰ ਹੋਣਗੇ, ਜੋ ਹਰ ਤਰ੍ਹਾਂ ਅੰਗਰੇਜ਼ੀ ਰੈਜ਼ੀਡੈਂਟ ਦੇ ਮਾਤਹਿਤ ਹੋਣਗੇ । (੫) ਹੇਠ ਲਿਖੇ ਸਰਦਾਰ ਕੌਂਸਲ ਦੇ ਮੈਂਬਰ ਹੋਣਗੇ : ਸ: ਤੇਜ ਸਿੰਘ, ਰਾਜਾ ਸ਼ੇਰ ਸਿੰਘ ਅਟਾਰੀ ਵਾਲਾ, ਦੀਵਾਨ ਦੀਨਾ ਨਾਥ, ਫਕੀਰ ਨੂਰਦੀਨ, ਸ: ਰਣਜੋਧ ਸਿੰਘ ਮਜੀਠਾ, ਭਾਈ ਨਿਧਾਨ ਸਿੰਘ, ਸ: ਅਤਰ ਸਿੰਘ ਕਾਲਿਆਂ ਵਾਲਾ, ਤੇ ਸ: ਸ਼ਮਸ਼ੇਰ ਸਿੰਘ ਸੰਧਾਵਾਲੀਆ । ਗਵਰਨਰ-ਜੈਨਰਲ ਦੇ ਬਣਾਏ ਹੋਏ ਰੈਜ਼ੀਡੈਂਟ ਦੀ ਮਰਜ਼ੀ ਤੋਂ ਬਿਨਾਂ ਇਹਨਾਂ ਥਾਪੇ ਹੋਏ (ਨਾਮਜ਼ਦ) ਮੈਂਬਰਾਂ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। (੭) ਇਕ ਅੰਗਰੇਜ਼ੀ ਫੌਜ, ਜਿੰਨੀ ਗਵਰਨਰ- ਜੈਨਰਲ ਠੀਕ ਸਮਝੇ, ਲਾਹੌਰ ਰਹੇਗੀ। (੧੦) ਮਹਾਰਾਜਾ ਦਲੀਪ ਸਿੰਘ ਦੀ ਮਾਤਾ, ਮਹਾਰਾਣੀ ਜਿੰਦ ਕੌਰ ਨੂੰ ਉਸ ਦੇ ਤੇ ਉਸ ਦੇ ਨੌਕਰਾਂ ਦੇ ਗੁਜ਼ਾਰੇ ਵਾਸਤੇ ਡੂਢ ਲੱਖ ਰੁਪਿਆ ਸਾਲਾਨਾ ਦਿੱਤਾ ਜਾਇਆ ਕਰੇਗਾ । ਇਸ ਰੁਪੈ ਨੂੰ ਖਰਚਣ ਦਾ ਮਹਾਰਾਣੀ ਨੂੰ ਪੂਰਾ ਅਖਤਿਆਰ ਹੋਵੇਗਾ। (੧੧) ੪ ਸਤੰਬਰ, ੧੮੫੪ ਈ: ਨੂੰ ਜਦ ਮਹਾਰਾਜਾ ੧੬ ਸਾਲ ਦਾ ਹੋ ਜਾਵੇਗਾ, ਇਹ ਅਹਿਦਨਾਮਾ ਮੁੱਕ ਜਾਵੇਗਾ।