

ਨੌਕਰ ਹਟਾਏ
੩੧ ਮਾਰਚ, ੧੮੪੯ ਤੱਕ ਦਲੀਪ ਸਿੰਘ ਦੇ ਸਾਰੇ ਨੌਕਰ ਪੈਨਸ਼ਨ ਦੇ ਕੇ ਹਟਾ ਦਿੱਤੇ ਗਏ । ੪੦ ਸਾਲ ਤੋਂ ਉਪਰ ਨੌਕਰੀ ਵਾਲੇ ਨੂੰ ਤਨਖਾਹ ਦਾ ਅੱਧ, ੩੫ ਸਾਲ ਦੇ ਨੌਕਰੀ ਵਾਲੇ ਨੂੰ ਤਨਖਾਹ ਦਾ ਤੀਜਾ ਹਿੱਸਾ, ੨੫ ਸਾਲ ਵਾਲੇ ਨੂੰ ਚੌਥਾ ਹਿੱਸਾ, 20 ਸਾਲ ਵਾਲੇ ਨੂੰ ਪੰਜਵਾਂ ਹਿੱਸਾ ਪੈਨਸ਼ਨ ਮਿਲੀ । (ਇਹ ਪੈਨਸ਼ਨ ਉਹਨਾਂ ਨੂੰ ਮਿਲੀ, ਜਿਨ੍ਹਾਂ ਕੋਲ ਜਾਗੀਰ ਜਾਂ ਮਾਫੀ ਕੋਈ ਨਹੀਂ ਸੀ) ੧੦ ਸਾਲਾ ਨੌਕਰੀ ਵਾਲੇ ਨੂੰ ਇਕੇ ਵਾਰ ੬ ਮਹੀਨੇ ਦੀ ਤਨਖਾਹ, ਪੰਜ ਸਾਲਾ ਨੂੰ 8 ਮਹੀਨੇ ਦੀ ਤਨਖਾਹ, ਤੇ ੧ ਸਾਲਾ ਨੂੰ ਇਕ ਮਹੀਨੇ ਦੀ ਤਨਖਾਹ ਦੇ ਕੇ ਹਟਾ ਦਿੱਤਾ ਗਿਆ ।
ਲਾਗਨ ਤੇ ਦਲੀਪ ਸਿੰਘ
ਡਾ: ਲਾਗਨ (Login) ਜਲੰਧਰ ਤੋਂ ਬੁਲਾ ਕੇ ਮਹਾਰਾਜਾ ਦਲੀਪ ਸਿੰਘ ਦਾ ਰੱਖਿਅਕ (Govenor) ਬਣਾਇਆ ਗਿਆ, ਜਾਂ ਇਉਂ ਸਮਝੋ ਕਿ ਦਲੀਪ ਸਿੰਘ ਨੂੰ ਉਸ ਦੀ ਕੈਦ ਵਿਚ ਦਿੱਤਾ ਗਿਆ । ੬ ਅਪ੍ਰੈਲ, ੧੮੪੯ ਨੂੰ ਲਾਗਨ ਨੇ ਆਪਣਾ ਅਹੁਦਾ ਸੰਭਾਲਿਆ । ਉਸ ਦੀ ਤਨਖਾਹ ੧੨੦੦ ਰੁਪੈ ਮਹੀਨਾ ਨੀਯਤ ਕੀਤੀ ਗਈ।
ਲਾਗਨ ਨੇ ਆਉਂਦਿਆਂ ਹੀ ਪਹਿਲਾਂ ਮਹਾਰਾਜੇ ਦੇ ਤੋਸ਼ੇਖਾਨੇ ਦੀ ਪੜਤਾਲ ਸ਼ੁਰੂ ਕੀਤੀ । ਮਹਾਰਾਜਾ ਰਣਜੀਤ ਸਿੰਘ ਦਾ ਤੋਸ਼ੇਖਾਨਾ-ਖਾਸ ਕਰ ਜਵਾਹਰਾਤ ਘਰ-ਦੁਨੀਆਂ ਵਿਚ ਪ੍ਰਸਿੱਧ ਸੀ। ਉਸ ਵਿਚ ਅਨੇਕਾਂ ਕਿਸਮ ਦੇ ਹੀਰੇ ਜਵਾਹਰਾਤ, ਨੀਲਮ, ਪੁਖਰਾਜ, ਹੀਰਿਆਂ ਜੜੀਆਂ ਤਲਵਾਰਾਂ, ਜੜਾਊ ਗਹਿਣੇ, ਸੋਨੇ ਚਾਂਦੀ ਦੇ ਬਰਤਨ, ਹਾਥੀਆਂ ਦੇ ਸੁਨਹਿਰੀ ਹੋਦੇ, ਕਾਠੀਆਂ, ਕਸ਼ਮੀਰੀ ਦੁਸ਼ਾਲੇ, ਜ਼ਰੀ ਦੀਆਂ ਪੁਸ਼ਾਕਾਂ ਤੇ ਹੋਰ ਕਈ ਕੀਮਤੀ ਚੀਜ਼ਾਂ ਸਨ । ਇਨ੍ਹਾਂ ਵਿਚੋਂ ਬਹੁਤ ਸਾਰੀਆਂ ਚੀਜ਼ਾਂ ਬਾਜ਼ਾਰ ਵਿਚ ਨੀਲਾਮ ਕੀਤੀਆਂ ਗਈਆਂ। ਬਹੁਤ ਸਾਰੇ ਚੰਗੇ-ਚੰਗੇ ਜਵਾਹਰਾਤ ਕੋਹਿਨੂਰ ਹੀਰੇ ਦੇ ਨਾਲ ਵਲਾਇਤ ਭੇਜ ਦਿੱਤੇ ਗਏ। ਤੇ ਬਾਕੀਆਂ ਵਿਚੋਂ ਬਹੁਤ ਸਾਰੇ ਵੇਚੇ ਗਏ, ਜਿੰਨ੍ਹਾਂ ਦੇ ਮੁੱਲ ਵਜੋਂ ੧੫ ਲੱਖ ਰੁਪੈ ਵਸੂਲ ਹੋਏ, ਜੋ ਮਹਾਰਾਜਾ ਦਲੀਪ ਸਿੰਘ ਦੀ ਮਾਲਕੀ ਸੀ ।
---------------------
१. ਮ. ਦਲੀਪ ਸਿੰਘ ਤੇ ਗੌਰਮਿੰਟ,ਪੰਨਾ
੨. ਕੋਹਿਨੂਰ ਲਾਹੌਰ ਤੋਂ ਬੰਬਈ ਤਕ ਡਲਹੌਜੀ ਆਪ ਲੈ ਕੇ ਗਿਆ । ਇਕ ਚੰਮ ਦੀ ਪੇਟੀ ਵਿਚ ਹੀਰਾ ਸਿਉਂ ਕੇ, ਡਲਹੌਜ਼ੀ ਦੇ ਲੱਕ ਨਾਲ ਬੱਧੀ ਹੋਈ ਸੀ, ਤੇ ਉਸ ਨਾਲ ਬੱਧੀ ਇਕ ਜ਼ੰਜੀਰੀ ਉਸ ਨੇ ਗਲੇ ਵਿਚ ਪਾਈ ਹੋਈ ਸੀ। ਰਾਤ ਦਿਨ ਉਹ ਏਸੇ ਤਰ੍ਹਾਂ ਗਿਆ। ਬੰਬਈ ਤੋਂ ਅੱਗੇ ਕਪਤਾਨ ਰੈਮਜ਼ੇ Ramsay ਦੀ ਸੰਭਾਲ ਵਿਚ ਕੋਹਿਨੂਰ ੬ ਅਪ੍ਰੈਲ, ੧੮੫੦ ਨੂੰ ਵਲਾਇਤ ਨੂੰ ਜਹਾਜ਼ ਵਿਚ ਰਵਾਨਾ ਕੀਤਾ ਗਿਆ। ਡਲਹੌਜ਼ੀ ਦੇ ਖਤ, ਪੰਨਾ १२४)
੩. ਮ. ਦਲੀਪ ਸਿੰਘ ਤੇ ਗੌਰਮਿੰਟ, ਪੰਨਾ ੧੨੩।